ਖਰਿਆਈ ਰੱਖ ਕੇ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰੋ
“ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”—ਕਹਾ. 27:11.
1, 2. (ੳ) ਅੱਯੂਬ ਦੀ ਕਿਤਾਬ ਵਿਚ ਸ਼ਤਾਨ ਦੇ ਦੋਸ਼ ਬਾਰੇ ਕੀ ਦੱਸਿਆ ਗਿਆ ਹੈ? (ਅ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਅੱਯੂਬ ਦੇ ਦਿਨਾਂ ਤੋਂ ਬਾਅਦ ਵੀ ਯਹੋਵਾਹ ਨੂੰ ਮਿਹਣਾ ਮਾਰ ਰਿਹਾ ਹੈ?
ਯਹੋਵਾਹ ਨੇ ਸ਼ਤਾਨ ਨੂੰ ਇਜਾਜ਼ਤ ਦਿੱਤੀ ਸੀ ਕਿ ਉਹ ਉਸ ਦੇ ਵਫ਼ਾਦਾਰ ਭਗਤ ਅੱਯੂਬ ਉੱਤੇ ਅਜ਼ਮਾਇਸ਼ਾਂ ਲਿਆਵੇ। ਨਤੀਜੇ ਵਜੋਂ, ਅੱਯੂਬ ਦਾ ਮਾਲ-ਧਨ ਤਬਾਹ ਹੋ ਗਿਆ, ਉਸ ਦੇ ਬੱਚੇ ਮਾਰੇ ਗਏ ਅਤੇ ਉਸ ਨੂੰ ਗੰਭੀਰ ਬੀਮਾਰੀ ਲੱਗ ਗਈ। ਪਰ ਅੱਯੂਬ ʼਤੇ ਦੋਸ਼ ਲਾਉਣ ਵੇਲੇ ਸ਼ਤਾਨ ਦੇ ਮਨ ਵਿਚ ਪਰਮੇਸ਼ੁਰ ਦੇ ਹੋਰ ਵੀ ਭਗਤ ਸਨ। ਸ਼ਤਾਨ ਨੇ ਕਿਹਾ ਸੀ: “ਖੱਲ ਦੇ ਬਦਲੇ ਖੱਲ ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” ਸ਼ਤਾਨ ਨੇ ਇੱਦਾਂ ਕਹਿ ਕੇ ਇਕ ਮਸਲਾ ਖੜ੍ਹਾ ਕੀਤਾ ਜਿਸ ਦਾ ਸੰਬੰਧ ਅੱਯੂਬ ਦੀ ਮੌਤ ਤੋਂ ਬਾਅਦ ਦੇ ਲੋਕਾਂ ਨਾਲ ਵੀ ਸੀ।—ਅੱਯੂ. 2:4.
2 ਅੱਯੂਬ ਉੱਤੇ ਅਜ਼ਮਾਇਸ਼ਾਂ ਆਉਣ ਤੋਂ ਤਕਰੀਬਨ 600 ਸਾਲਾਂ ਬਾਅਦ ਪਰਮੇਸ਼ੁਰ ਨੇ ਸੁਲੇਮਾਨ ਤੋਂ ਲਿਖਵਾਇਆ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾ. 27:11) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੁਲੇਮਾਨ ਦੇ ਸਮੇਂ ਵਿਚ ਵੀ ਸ਼ਤਾਨ ਯਹੋਵਾਹ ਨੂੰ ਮਿਹਣਾ ਮਾਰਨ ਤੋਂ ਹਟਿਆ ਨਹੀਂ। ਇਸ ਤੋਂ ਇਲਾਵਾ, ਯੂਹੰਨਾ ਰਸੂਲ ਨੇ ਵੀ ਦਰਸ਼ਣ ਵਿਚ ਦੇਖਿਆ ਸੀ ਕਿ 1914 ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਣ ਤੋਂ ਬਾਅਦ ਸ਼ਤਾਨ ਨੂੰ ਸਵਰਗੋਂ ਕੱਢਿਆ ਗਿਆ। ਫਿਰ ਵੀ ਉਹ ਪਰਮੇਸ਼ੁਰ ਦੇ ਭਗਤਾਂ ਉੱਤੇ ਤੁਹਮਤਾਂ ਲਾਉਣ ਤੋਂ ਨਹੀਂ ਹਟਿਆ। ਅੱਜ ਵੀ ਇਸ ਦੁਸ਼ਟ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਸ਼ਤਾਨ ਪਰਮੇਸ਼ੁਰ ਦੇ ਭਗਤਾਂ ਦੀ ਖਰਿਆਈ ਪਰਖ ਰਿਹਾ ਹੈ।—ਪਰ. 12:10.
3. ਅੱਯੂਬ ਦੀ ਕਿਤਾਬ ਤੋਂ ਅਸੀਂ ਕਿਹੜੀਆਂ ਅਹਿਮ ਗੱਲਾਂ ਸਿੱਖ ਸਕਦੇ ਹਾਂ?
3 ਆਓ ਦੇਖੀਏ ਕਿ ਅੱਯੂਬ ਦੀ ਕਿਤਾਬ ਤੋਂ ਅਸੀਂ ਕਿਹੜੀਆਂ ਤਿੰਨ ਅਹਿਮ ਗੱਲਾਂ ਸਿੱਖ ਸਕਦੇ ਹਾਂ। ਪਹਿਲੀ, ਅੱਯੂਬ ਦੀਆਂ ਅਜ਼ਮਾਇਸ਼ਾਂ ਇਨਸਾਨਾਂ ਦੇ ਅਸਲੀ ਦੁਸ਼ਮਣ ਨੂੰ ਬੇਨਕਾਬ ਕਰਦੀਆਂ ਹਨ। ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ʼਤੇ ਆਉਂਦੀਆਂ ਸਤਾਹਟਾਂ ਦੇ ਪਿੱਛੇ ਕਿਸ ਦਾ ਹੱਥ ਹੈ। ਇਹ ਦੁਸ਼ਮਣ ਅਤੇ ਸਤਾਉਣ ਵਾਲਾ ਹੋਰ ਕੋਈ ਨਹੀਂ ਬਲਕਿ ਸ਼ਤਾਨ ਹੈ। ਦੂਜੀ, ਜੇ ਯਹੋਵਾਹ ਨਾਲ ਸਾਡਾ ਨਾਤਾ ਗੂੜ੍ਹਾ ਹੈ, ਤਾਂ ਅਸੀਂ ਕੋਈ ਵੀ ਅਜ਼ਮਾਇਸ਼ ਆਉਣ ʼਤੇ ਖਰਿਆਈ ਬਣਾਈ ਰੱਖ ਸਕਾਂਗੇ। ਤੀਜੀ, ਯਹੋਵਾਹ ਸਾਨੂੰ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਦਿੰਦਾ ਹੈ ਜਿਵੇਂ ਉਸ ਨੇ ਅੱਯੂਬ ਨੂੰ ਦਿੱਤੀ ਸੀ। ਅੱਜ ਯਹੋਵਾਹ ਆਪਣੇ ਬਚਨ, ਆਪਣੀ ਸੰਸਥਾ ਅਤੇ ਪਵਿੱਤਰ ਸ਼ਕਤੀ ਦੇ ਰਾਹੀਂ ਸਾਨੂੰ ਤਾਕਤ ਦਿੰਦਾ ਹੈ।
ਅਸਲੀ ਦੁਸ਼ਮਣ ਨੂੰ ਨਾ ਭੁੱਲੋ!
4. ਅੱਜ ਦੁਨੀਆਂ ਦੇ ਵਿਗੜਦੇ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈ?
4 ਕਈ ਤਾਂ ਮੰਨਦੇ ਹੀ ਨਹੀਂ ਕਿ ਸ਼ਤਾਨ ਹੈ। ਭਾਵੇਂ ਲੋਕਾਂ ਨੂੰ ਫ਼ਿਕਰ ਤਾਂ ਹੈ ਕਿ ਦੁਨੀਆਂ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਦੇ ਪਿੱਛੇ ਸ਼ਤਾਨ ਦਾ ਹੱਥ ਹੈ। ਇਹ ਸੱਚ ਹੈ ਕਿ ਜ਼ਿਆਦਾਤਰ ਦੁੱਖਾਂ ਦੇ ਜ਼ਿੰਮੇਵਾਰ ਇਨਸਾਨ ਆਪ ਹੀ ਹਨ। ਮਿਸਾਲ ਲਈ, ਸਾਡੇ ਪਹਿਲੇ ਮਾਂ-ਬਾਪ ਆਦਮ ਤੇ ਹੱਵਾਹ ਨੇ ਆਪਣੇ ਸਿਰਜਣਹਾਰ ਤੋਂ ਮੂੰਹ ਮੋੜ ਲਿਆ ਕਿਉਂਕਿ ਉਹ ਆਪਣੀ ਮਰਜ਼ੀ ਕਰਨੀ ਚਾਹੁੰਦੇ ਸਨ। ਉਦੋਂ ਤੋਂ ਹੀ ਲੋਕ ਆਪਣੀ ਬੇਅਕਲੀ ਦੇ ਕਾਰਨ ਦੁੱਖਾਂ ਵਿੱਚੋਂ ਗੁਜ਼ਰ ਰਹੇ ਹਨ। ਪਰ ਇਹ ਵੀ ਸਭ ਇਸ ਕਰਕੇ ਹੋਇਆ ਕਿਉਂਕਿ ਸ਼ਤਾਨ ਨੇ ਹੀ ਹੱਵਾਹ ਨੂੰ ਪਰਮੇਸ਼ੁਰ ਦੇ ਉਲਟ ਜਾਣ ਲਈ ਭਰਮਾਇਆ ਸੀ। ਉਸ ਨੇ ਇਨਸਾਨਾਂ ਉੱਤੇ ਆਪਣੀ ਹਕੂਮਤ ਚਲਾ ਕੇ ਉਨ੍ਹਾਂ ਨੂੰ ਆਪਣੀ ਮੁੱਠੀ ਵਿਚ ਕੀਤਾ ਹੋਇਆ ਹੈ। ਇਸ ਕਰਕੇ ਅੱਜ ਇਨਸਾਨਾਂ ਦੀ ਹਾਲਤ ਬਹੁਤ ਵਿਗੜ ਚੁੱਕੀ ਹੈ। ਲੋਕ “ਇਸ ਜੁੱਗ ਦੇ ਈਸ਼ੁਰ” ਸ਼ਤਾਨ ਵਰਗੇ ਔਗੁਣ ਜ਼ਾਹਰ ਕਰਦੇ ਹਨ ਜਿਵੇਂ ਹੰਕਾਰ, ਝਗੜਾਲੂਪੁਣਾ, ਈਰਖਾ, ਲਾਲਚ, ਧੋਖੇਬਾਜ਼ੀ ਅਤੇ ਬਗਾਵਤ ਕਰਨੀ। (2 ਕੁਰਿੰ. 4:4; 1 ਤਿਮੋ. 2:14; 3:6; ਯਾਕੂਬ 3:14, 15 ਪੜ੍ਹੋ।) ਅਜਿਹੇ ਔਗੁਣਾਂ ਕਰਕੇ ਸਿਆਸੀ ਅਤੇ ਧਾਰਮਿਕ ਲੜਾਈ-ਝਗੜੇ ਹੁੰਦੇ ਹਨ, ਨਫ਼ਰਤ ਤੇ ਭ੍ਰਿਸ਼ਟਾਚਾਰ ਫੈਲਦਾ ਹੈ ਅਤੇ ਖਲਬਲੀ ਮਚਦੀ ਹੈ ਜਿਸ ਕਰਕੇ ਉਨ੍ਹਾਂ ਦੇ ਦੁੱਖਾਂ ਵਿਚ ਹੋਰ ਵੀ ਵਾਧਾ ਹੁੰਦਾ ਹੈ।
5. ਸਾਡੇ ਕੋਲ ਜੋ ਅਨਮੋਲ ਗਿਆਨ ਹੈ, ਉਸ ਦਾ ਅਸੀਂ ਕੀ ਕਰਾਂਗੇ?
5 ਯਹੋਵਾਹ ਦੇ ਭਗਤ ਹੋਣ ਦੇ ਨਾਤੇ ਸਾਡੇ ਕੋਲ ਉਸ ਦਾ ਅਨਮੋਲ ਗਿਆਨ ਹੈ। ਅਸੀਂ ਜਾਣਦੇ ਹਾਂ ਕਿ ਅੱਜ ਦੁਨੀਆਂ ਦੇ ਵਿਗੜ ਰਹੇ ਹਾਲਾਤਾਂ ਲਈ ਸ਼ਤਾਨ ਕਸੂਰਵਾਰ ਹੈ। ਤਾਂ ਫਿਰ ਕੀ ਸਾਨੂੰ ਪ੍ਰਚਾਰ ਕਰ ਕੇ ਲੋਕਾਂ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਅਸਲੀ ਦੁਸ਼ਮਣ ਕੌਣ ਹੈ? ਨਾਲੇ ਕੀ ਅਸੀਂ ਖ਼ੁਸ਼ ਨਹੀਂ ਹਾਂ ਕਿ ਅਸੀਂ ਯਹੋਵਾਹ ਦਾ ਪੱਖ ਲੈ ਸਕਦੇ ਹਾਂ ਅਤੇ ਦੂਸਰਿਆਂ ਨੂੰ ਦੱਸ ਸਕਦੇ ਹਾਂ ਕਿ ਸ਼ਤਾਨ ਅਤੇ ਇਨਸਾਨਾਂ ਦੇ ਦੁੱਖਾਂ ਨੂੰ ਖ਼ਤਮ ਕੀਤਾ ਜਾਵੇਗਾ?
6, 7. (ੳ) ਪਰਮੇਸ਼ੁਰ ਦੇ ਭਗਤਾਂ ʼਤੇ ਆਉਂਦੀਆਂ ਬਿਪਤਾਵਾਂ ਦੇ ਪਿੱਛੇ ਕਿਸ ਦਾ ਹੱਥ ਹੈ? (ਅ) ਅਸੀਂ ਅਲੀਹੂ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ?
6 ਸ਼ਤਾਨ ਨਾ ਸਿਰਫ਼ ਦੁਨੀਆਂ ਦੇ ਦੁੱਖਾਂ ਲਈ ਜ਼ਿੰਮੇਵਾਰ ਹੈ, ਸਗੋਂ ਪਰਮੇਸ਼ੁਰ ਦੇ ਲੋਕਾਂ ʼਤੇ ਸਤਾਹਟਾਂ ਵੀ ਉਸੇ ਦੇ ਕਾਰਨ ਆਉਂਦੀਆਂ ਹਨ। ਉਸ ਨੇ ਲੱਕ ਬੱਧਾ ਹੋਇਆ ਹੈ ਕਿ ਉਹ ਸਾਡੀ ਪਰੀਖਿਆ ਲਵੇਗਾ। ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਿਹਾ: “ਹੇ ਸ਼ਮਊਨ, ਸ਼ਮਊਨ! ਵੇਖ, ਸ਼ਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰਾਂ ਤੁਹਾਨੂੰ ਫਟਕੇ।” (ਲੂਕਾ 22:31) ਇਸ ਦਾ ਮਤਲਬ ਹੈ ਕਿ ਯਿਸੂ ਦੀ ਪੈੜ ʼਤੇ ਚੱਲਣ ਵਾਲਿਆਂ ਨੂੰ ਕਿਸੇ-ਨ-ਕਿਸੇ ਤਰ੍ਹਾਂ ਅਜ਼ਮਾਇਸ਼ਾਂ ਸਹਿਣੀਆਂ ਹੀ ਪੈਣਗੀਆਂ। ਪਤਰਸ ਨੇ ਸ਼ਤਾਨ ਬਾਰੇ ਕਿਹਾ ਕਿ ਉਹ “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” ਨਾਲੇ ਪੌਲੁਸ ਨੇ ਕਿਹਾ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।”—1 ਪਤ. 5:8; 2 ਤਿਮੋ. 3:12.
7 ਜਦੋਂ ਸਾਡੇ ਕਿਸੇ ਭੈਣ-ਭਰਾ ʼਤੇ ਕੋਈ ਬਿਪਤਾ ਆਉਂਦੀ ਹੈ, ਤਾਂ ਉਸ ਵੇਲੇ ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਬਿਪਤਾ ਦੇ ਪਿੱਛੇ ਅਸਲੀ ਦੁਸ਼ਮਣ ਸ਼ਤਾਨ ਹੈ? ਅਸੀਂ ਆਪਣੇ ਭੈਣ ਜਾਂ ਭਰਾ ਤੋਂ ਦੂਰ-ਦੂਰ ਨਹੀਂ ਰਹਾਂਗੇ, ਸਗੋਂ ਸੱਚੇ ਮਿੱਤਰ ਦੀ ਤਰ੍ਹਾਂ ਉਸ ਨਾਲ ਬੋਲਾਂਗੇ ਜਿਵੇਂ ਅਲੀਹੂ ਅੱਯੂਬ ਨਾਲ ਬੋਲਿਆ ਸੀ। ਅਸੀਂ ਬਿਪਤਾ ਵੇਲੇ ਆਪਣੇ ਵੈਰੀ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਉਸ ਭਰਾ ਜਾਂ ਭੈਣ ਦਾ ਸਾਥ ਦੇਵਾਂਗੇ। (ਕਹਾ. 3:27; 1 ਥੱਸ. 5:25) ਭਾਵੇਂ ਕੋਈ ਵੀ ਅਜ਼ਮਾਇਸ਼ ਆ ਜਾਵੇ, ਅਸੀਂ ਉਸ ਹਰ ਅਜ਼ਮਾਇਸ਼ ਵਿਚ ਉਸ ਦੀ ਮਦਦ ਕਰਾਂਗੇ ਤਾਂਕਿ ਉਹ ਖਰਿਆਈ ਬਣਾਈ ਰੱਖ ਸਕੇ ਅਤੇ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰ ਸਕੇ।
8. ਸ਼ਤਾਨ ਕਿਉਂ ਅੱਯੂਬ ਨੂੰ ਯਹੋਵਾਹ ਦੀ ਵਡਿਆਈ ਕਰਨ ਤੋਂ ਨਹੀਂ ਰੋਕ ਸਕਿਆ?
8 ਸ਼ਤਾਨ ਨੇ ਅੱਯੂਬ ਦਾ ਸਾਰਾ ਮਾਲ-ਧਨ ਖੋਹ ਲਿਆ ਸੀ। ਪਸ਼ੂ ਅੱਯੂਬ ਦੀ ਆਮਦਨ ਦਾ ਸਾਧਨ ਸਨ ਅਤੇ ਉਹ ਇਨ੍ਹਾਂ ਨੂੰ ਭਗਤੀ ਲਈ ਵੀ ਵਰਤਦਾ ਸੀ। ਆਪਣੇ ਬੱਚਿਆਂ ਨੂੰ ਪਵਿੱਤਰ ਕਰਨ ਤੋਂ ਬਾਅਦ ਉਹ “ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਹੁੰਦਾ ਸੀ ਕਿਉਂ ਜੋ ਅੱਯੂਬ ਆਖਦਾ ਸੀ ਭਈ ਕਿਤੇ ਮੇਰੇ ਪੁੱਤ੍ਰਾਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ। ਅੱਯੂਬ ਆਪਣੇ ਸਾਰੇ ਦਿਨ ਇਉਂ ਹੀ ਕਰਦਾ ਹੁੰਦਾ ਸੀ।” (ਅੱਯੂ. 1:4, 5) ਅੱਯੂਬ ਬਾਕਾਇਦਾ ਪਸ਼ੂਆਂ ਦੀਆਂ ਬਲੀਆਂ ਚੜ੍ਹਾਉਂਦਾ ਸੀ। ਪਰ ਜਦੋਂ ਅਜ਼ਮਾਇਸ਼ਾਂ ਦਾ ਦੌਰ ਸ਼ੁਰੂ ਹੋਇਆ, ਤਾਂ ਅੱਯੂਬ ਲਈ ਬਲੀਆਂ ਚੜ੍ਹਾਉਣੀਆਂ ਨਾਮੁਮਕਿਨ ਸਨ ਕਿਉਂਕਿ ਸਾਰੇ ਜਾਨਵਰ ਜਾਂ ਤਾਂ ਭਸਮ ਹੋ ਗਏ ਜਾਂ ਲੁੱਟ ਲਏ ਗਏ। ਅੱਯੂਬ ਕੋਲ ਹੁਣ ਕੋਈ “ਮਾਲ” ਨਹੀਂ ਸੀ ਰਿਹਾ ਜਿਸ ਨਾਲ ਉਹ ਯਹੋਵਾਹ ਦੀ ਵਡਿਆਈ ਕਰ ਸਕਦਾ। (ਕਹਾ. 3:9) ਫਿਰ ਵੀ ਅੱਯੂਬ ਇਕ ਚੀਜ਼ ਨਾਲ ਯਹੋਵਾਹ ਦੀ ਵਡਿਆਈ ਕਰ ਸਕਦਾ ਸੀ। ਉਹ ਕਿਵੇਂ? ਆਪਣੇ ਬੁੱਲ੍ਹਾਂ ਨਾਲ!
ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰੋ
9. ਸਾਡੇ ਲਈ ਕਿਹੜੀ ਚੀਜ਼ ਬੇਸ਼ਕੀਮਤੀ ਹੈ?
9 ਭਾਵੇਂ ਅਸੀਂ ਅਮੀਰ ਹਾਂ ਜਾਂ ਗ਼ਰੀਬ, ਨੌਜਵਾਨ ਜਾਂ ਬਿਰਧ, ਸਾਡੀ ਸਿਹਤ ਚੰਗੀ ਹੈ ਜਾਂ ਮਾੜੀ, ਫਿਰ ਵੀ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਕੋਈ ਵੀ ਅਜ਼ਮਾਇਸ਼ ਆਉਣ ʼਤੇ ਖਰਿਆਈ ਰੱਖ ਸਕਦੇ ਹਾਂ ਅਤੇ ਯਹੋਵਾਹ ਦੇ ਜੀ ਨੂੰ ਖ਼ੁਸ਼ ਕਰ ਸਕਦੇ ਹਾਂ। ਉਹ ਲੋਕ ਵੀ ਹਿੰਮਤ ਨਾਲ ਯਹੋਵਾਹ ਦਾ ਪੱਖ ਲੈ ਕੇ ਖਰਿਆਈ ਬਣਾਈ ਰੱਖ ਸਕੇ ਹਨ ਜਿਨ੍ਹਾਂ ਨੂੰ ਸੱਚਾਈ ਬਾਰੇ ਮਾੜਾ-ਮੋਟਾ ਹੀ ਪਤਾ ਸੀ।
10, 11. (ੳ) ਖਰਿਆਈ ਪਰਖੀ ਜਾਣ ʼਤੇ ਇਕ ਭੈਣ ਨੇ ਕੀ ਕੀਤਾ? (ਅ) ਇਸ ਭੈਣ ਨੇ ਸ਼ਤਾਨ ਨੂੰ ਕਿਵੇਂ ਮੂੰਹ-ਤੋੜ ਜਵਾਬ ਦਿੱਤਾ?
10 ਵਲਨਟੀਨਾ ਗਰਨੋਫਸਕਿਆ ਦੀ ਮਿਸਾਲ ʼਤੇ ਗੌਰ ਕਰੋ। ਉਹ ਰੂਸ ਦੇ ਉਨ੍ਹਾਂ ਗਵਾਹਾਂ ਵਿੱਚੋਂ ਇਕ ਸੀ ਜੋ ਸਖ਼ਤ ਅਜ਼ਮਾਇਸ਼ਾਂ ਦੇ ਬਾਵਜੂਦ ਅੱਯੂਬ ਦੀ ਤਰ੍ਹਾਂ ਖਰਿਆਈ ਬਣਾਈ ਰੱਖ ਸਕੇ। 1945 ਵਿਚ ਜਦੋਂ ਉਹ ਵੀਹ ਸਾਲਾਂ ਦੀ ਸੀ, ਉਦੋਂ ਇਕ ਭਰਾ ਉਸ ਨੂੰ ਸੱਚਾਈ ਬਾਰੇ ਦੱਸਣ ਆਇਆ। ਉਸ ਤੋਂ ਬਾਅਦ ਉਸ ਨੇ ਦੋ ਵਾਰ ਫਿਰ ਆ ਕੇ ਉਸ ਨਾਲ ਬਾਈਬਲ ਬਾਰੇ ਗੱਲ ਕੀਤੀ। ਪਰ ਉਸ ਤੋਂ ਬਾਅਦ ਉਹ ਭਰਾ ਵਲਨਟੀਨਾ ਨੂੰ ਕਦੇ ਮਿਲਣ ਨਹੀਂ ਆਇਆ। ਇਸ ਦੇ ਬਾਵਜੂਦ ਵਲਨਟੀਨਾ ਆਪਣੇ ਗੁਆਂਢੀਆਂ ਨੂੰ ਪ੍ਰਚਾਰ ਕਰਨ ਲੱਗ ਪਈ। ਨਤੀਜੇ ਵਜੋਂ, ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਕੈਂਪ ਵਿਚ ਅੱਠ ਸਾਲ ਦੀ ਸਜ਼ਾ ਦਿੱਤੀ ਗਈ। 1953 ਵਿਚ ਉਸ ਨੂੰ ਰਿਹਾ ਕਰ ਦਿੱਤਾ ਗਿਆ। ਰਿਹਾ ਹੁੰਦਿਆਂ ਹੀ ਉਸ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਪਰ ਉਸ ਨੂੰ ਫਿਰ ਗਿਰਫ਼ਤਾਰ ਕਰ ਲਿਆ ਗਿਆ ਤੇ ਉਸ ਨੂੰ ਦਸ ਸਾਲ ਕੈਦ ਦੀ ਸਜ਼ਾ ਦਿੱਤੀ ਗਈ। ਉਸ ਨੇ ਕਈ ਸਾਲ ਇਕ ਕੈਂਪ ਵਿਚ ਗੁਜ਼ਾਰੇ ਅਤੇ ਫਿਰ ਉਸ ਨੂੰ ਇਕ ਹੋਰ ਕੈਂਪ ਵਿਚ ਭੇਜ ਦਿੱਤਾ ਗਿਆ। ਉਸ ਕੈਂਪ ਵਿਚ ਕੁਝ ਭੈਣਾਂ ਸਨ ਜਿਨ੍ਹਾਂ ਕੋਲ ਬਾਈਬਲ ਸੀ। ਇਕ ਦਿਨ ਇਕ ਭੈਣ ਨੇ ਵਲਨਟੀਨਾ ਨੂੰ ਬਾਈਬਲ ਦਿਖਾਈ। ਵਲਨਟੀਨਾ ਨੂੰ ਬਾਈਬਲ ਦੇਖ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ, ਇਸ ਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ! ਇਹ ਦੂਜੀ ਵਾਰ ਸੀ ਜਦੋਂ ਵਲਨਟੀਨਾ ਨੇ ਬਾਈਬਲ ਦੇਖੀ। ਪਹਿਲੀ ਵਾਰ ਉਸ ਨੇ 1945 ਵਿਚ ਬਾਈਬਲ ਦੇਖੀ ਸੀ ਜਦੋਂ ਉਸ ਭਰਾ ਨੇ ਵਲਨਟੀਨਾ ਨੂੰ ਸੱਚਾਈ ਬਾਰੇ ਦੱਸਿਆ ਸੀ।
11 ਵਲਨਟੀਨਾ ਨੂੰ 1967 ਵਿਚ ਰਿਹਾ ਕਰ ਦਿੱਤਾ ਗਿਆ ਤੇ ਉਸ ਨੇ ਬਪਤਿਸਮਾ ਲੈ ਕੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਸੌਂਪ ਦਿੱਤੀ। ਆਪਣੀ ਆਜ਼ਾਦੀ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਉਹ ਜੋਸ਼ ਨਾਲ 1969 ਤਕ ਪ੍ਰਚਾਰ ਕਰਦੀ ਰਹੀ। ਅਫ਼ਸੋਸ, ਉਸੇ ਸਾਲ ਉਸ ਨੂੰ ਦੁਬਾਰਾ ਗਿਰਫ਼ਤਾਰ ਕਰ ਲਿਆ ਗਿਆ। ਇਸ ਵਾਰ ਉਸ ਨੂੰ ਜੇਲ੍ਹ ਵਿਚ ਤਿੰਨ ਸਾਲ ਸਜ਼ਾ ਕੱਟਣੀ ਪਈ। ਫਿਰ ਵੀ ਉਹ ਪ੍ਰਚਾਰ ਕਰਨ ਵਿਚ ਲੱਗੀ ਰਹੀ। 2001 ਵਿਚ ਮਰਨ ਤੋਂ ਪਹਿਲਾਂ, ਉਸ ਨੇ ਸੱਚਾਈ ਸਿੱਖਣ ਵਿਚ 44 ਲੋਕਾਂ ਦੀ ਮਦਦ ਕੀਤੀ। ਕੁੱਲ ਮਿਲਾ ਕੇ ਉਸ ਨੇ 21 ਸਾਲ ਜੇਲ੍ਹਾਂ ਅਤੇ ਕੈਂਪਾਂ ਵਿਚ ਗੁਜ਼ਾਰੇ। ਖਰਿਆਈ ਰੱਖਣ ਲਈ ਉਹ ਆਪਣੀ ਆਜ਼ਾਦੀ ਸਮੇਤ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿਚ ਉਸ ਨੇ ਕਿਹਾ: “ਮੇਰਾ ਆਪਣਾ ਕੋਈ ਥਾਂ-ਟਿਕਾਣਾ ਨਹੀਂ ਸੀ। ਮੇਰੇ ਕੋਲ ਜੋ ਕੁਝ ਵੀ ਸੀ, ਉਹ ਸਾਰਾ ਕੁਝ ਇੱਕੋ ਅਟੈਚੀ ਵਿਚ ਸੀ। ਫਿਰ ਵੀ ਮੈਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਤੇ ਸੰਤੁਸ਼ਟ ਸੀ।” ਵਲਨਟੀਨਾ ਨੇ ਸ਼ਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ ਜਿਸ ਨੇ ਦਾਅਵਾ ਕੀਤਾ ਸੀ ਕਿ ਇਨਸਾਨ ਅਜ਼ਮਾਇਸ਼ਾਂ ਆਉਣ ʼਤੇ ਵਫ਼ਾਦਾਰ ਨਹੀਂ ਰਹਿਣਗੇ! (ਅੱਯੂ. 1:9-11) ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਵਲਨਟੀਨਾ ਨੇ ਯਹੋਵਾਹ ਨੂੰ ਖ਼ੁਸ਼ ਕੀਤਾ। ਯਹੋਵਾਹ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਉਹ ਵਲਨਟੀਨਾ ਅਤੇ ਹੋਰ ਵਫ਼ਾਦਾਰ ਭਗਤਾਂ ਨੂੰ ਦੁਬਾਰਾ ਜੀਉਂਦਾ ਕਰੇਗਾ।—ਅੱਯੂ. 14:15.
12. ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਰੱਖਣ ਵਿਚ ਪਿਆਰ ਦੀ ਕੀ ਭੂਮਿਕਾ ਹੈ?
12 ਅਸੀਂ ਯਹੋਵਾਹ ਦੇ ਦੋਸਤ ਤਾਂ ਹੀ ਬਣ ਸਕਦੇ ਹਾਂ ਜੇ ਅਸੀਂ ਉਸ ਨੂੰ ਪਿਆਰ ਕਰੀਏ। ਸਾਨੂੰ ਪਰਮੇਸ਼ੁਰ ਦੇ ਗੁਣ ਚੰਗੇ ਲੱਗਦੇ ਹਨ ਅਤੇ ਅਸੀਂ ਉਸ ਦੀ ਇੱਛਾ ਮੁਤਾਬਕ ਜੀਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਾਂ। ਅਸੀਂ ਇਸ ਸ਼ਰਤ ʼਤੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ ਕਿ ਉਹ ਸਾਨੂੰ ਕੁਝ ਦੇਵੇ, ਬਲਕਿ ਪਿਆਰ ਦੀ ਖ਼ਾਤਰ ਉਸ ਦੀ ਭਗਤੀ ਕਰਦੇ ਹਾਂ। ਅਜ਼ਮਾਇਸ਼ਾਂ ਆਉਣ ʼਤੇ ਇਹ ਪਿਆਰ ਸਾਨੂੰ ਖਰਿਆਈ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਨਾਲੇ ਸਾਨੂੰ ਭਰੋਸਾ ਹੈ ਕਿ ਯਹੋਵਾਹ ਵੀ ‘ਆਪਣੇ ਭਗਤਾਂ ਦੇ ਪ੍ਰਾਣਾਂ ਦੀ ਸੰਭਾਲ ਕਰੇਗਾ।’—ਕਹਾ. 2:8; ਜ਼ਬੂ. 97:10, CL.
13. ਅਸੀਂ ਯਹੋਵਾਹ ਲਈ ਜੋ ਵੀ ਕਰਦੇ ਹਾਂ, ਉਸ ਨੂੰ ਉਹ ਕਿਵੇਂ ਵਿਚਾਰਦਾ ਹੈ?
13 ਪਿਆਰ ਦੇ ਕਾਰਨ ਅਸੀਂ ਯਹੋਵਾਹ ਦਾ ਨਾਂ ਰੌਸ਼ਨ ਕਰਦੇ ਹਾਂ ਭਾਵੇਂ ਅਸੀਂ ਉਸ ਦੀ ਸੇਵਾ ਵਿਚ ਜ਼ਿਆਦਾ ਕੁਝ ਨਹੀਂ ਕਰ ਸਕਦੇ। ਉਹ ਦੇਖਦਾ ਹੈ ਕਿ ਅਸੀਂ ਕਿਸ ਉਦੇਸ਼ ਨਾਲ ਉਸ ਦੀ ਭਗਤੀ ਕਰਦੇ ਹਾਂ। ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ, ਉੱਨਾ ਜੇ ਅਸੀਂ ਨਹੀਂ ਵੀ ਕਰ ਪਾਉਂਦੇ, ਤਾਂ ਉਹ ਸਾਡੇ ਨਾਲ ਨਾਰਾਜ਼ ਨਹੀਂ ਹੁੰਦਾ। ਯਹੋਵਾਹ ਲਈ ਸਿਰਫ਼ ਇਹ ਗੱਲ ਅਹਿਮੀਅਤ ਨਹੀਂ ਰੱਖਦੀ ਕਿ ਅਸੀਂ ਉਸ ਦੀ ਸੇਵਾ ਵਿਚ ਕੀ ਕੁਝ ਕਰਦੇ ਹਾਂ, ਬਲਕਿ ਇਹ ਗੱਲ ਵੀ ਅਹਿਮੀਅਤ ਰੱਖਦੀ ਹੈ ਕਿ ਅਸੀਂ ਕਿਉਂ ਕਰਦੇ ਹਾਂ। ਭਾਵੇਂ ਕਿ ਅੱਯੂਬ ਦੁੱਖਾਂ ਦਾ ਮਾਰਿਆ ਹੋਇਆ ਸੀ, ਫਿਰ ਵੀ ਉਸ ਨੇ ਆਪਣੇ ਤਿੰਨ ਸਾਥੀਆਂ ਨੂੰ ਦੱਸਿਆ ਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਹੈ ਕਿਉਂਕਿ ਯਹੋਵਾਹ ਨੇ ਉਸ ਲਈ ਬਹੁਤ ਕੁਝ ਕੀਤਾ ਸੀ। (ਅੱਯੂਬ 10:12; 28:28 ਪੜ੍ਹੋ।) ਅੱਯੂਬ ਦੀ ਕਿਤਾਬ ਦੇ ਆਖ਼ਰੀ ਅਧਿਆਇ ਵਿਚ ਦੱਸਿਆ ਹੈ ਕਿ ਯਹੋਵਾਹ ਦਾ ਗੁੱਸਾ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ʼਤੇ ਭੜਕਿਆ ਕਿਉਂਕਿ ਉਹ ਅੱਯੂਬ ਨਾਲ ਸੱਚ ਨਹੀਂ ਬੋਲੇ। ਪਰ ਉਸ ਵੇਲੇ ਯਹੋਵਾਹ ਨੇ ਕਿਹਾ ਕਿ ਉਹ ਅੱਯੂਬ ਤੋਂ ਖ਼ੁਸ਼ ਸੀ ਅਤੇ ਉਸ ਨੂੰ ਚਾਰ ਵਾਰੀ “ਮੇਰਾ ਦਾਸ” ਕਿਹਾ। ਉਸ ਨੇ ਅੱਯੂਬ ਨੂੰ ਕਿਹਾ ਕਿ ਉਹ ਆਪਣੇ ਦੋਸ਼ੀ ਸਾਥੀਆਂ ਬਦਲੇ ਦੁਆ ਕਰੇ। (ਅੱਯੂ. 42:7-9) ਆਓ ਆਪਾਂ ਵੀ ਇਸ ਢੰਗ ਨਾਲ ਪੇਸ਼ ਆਈਏ ਕਿ ਯਹੋਵਾਹ ਸਾਡੇ ਤੋਂ ਵੀ ਖ਼ੁਸ਼ ਹੋ ਕੇ ਆਖੇ ਕਿ ਦੇਖੋ, ‘ਮੇਰਾ ਦਾਸ!’
ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦਾ ਸਾਥ ਦਿੰਦਾ ਹੈ
14. ਯਹੋਵਾਹ ਨੇ ਅੱਯੂਬ ਦੀ ਸੋਚ ਨੂੰ ਕਿਵੇਂ ਸੁਧਾਰਿਆ?
14 ਨਾਮੁਕੰਮਲ ਹੋਣ ਦੇ ਬਾਵਜੂਦ ਅੱਯੂਬ ਨੇ ਖਰਿਆਈ ਬਣਾਈ ਰੱਖੀ। ਕਈ ਵਾਰ ਜਦ ਉਹ ਬਹੁਤ ਜ਼ਿਆਦਾ ਦਬਾਅ ਥੱਲੇ ਹੁੰਦਾ ਸੀ, ਤਾਂ ਉਸ ਦਾ ਨਜ਼ਰੀਆ ਗ਼ਲਤ ਹੋ ਜਾਂਦਾ ਸੀ। ਉਦਾਹਰਣ ਲਈ, ਉਸ ਨੇ ਯਹੋਵਾਹ ਨੂੰ ਕਿਹਾ: “ਮੈਂ ਤੇਰੀ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ . . . ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈਂ!” ਇਸ ਤੋਂ ਇਲਾਵਾ, ਅੱਯੂਬ ਨੇ ਆਪਣੀ ਸਫ਼ਾਈ ਦੇਣ ਲਈ ਕਿਹਾ: “ਮੈਂ ਦੋਸ਼ੀ ਨਹੀਂ” ਅਤੇ “ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ, ਅਤੇ ਮੇਰੀ ਪ੍ਰਾਰਥਨਾ ਪਾਕ ਹੈ।” (ਅੱਯੂ. 10:7; 16:17; 30:20, 21) ਤਾਂ ਵੀ ਯਹੋਵਾਹ ਨੇ ਅੱਯੂਬ ਨੂੰ ਪਿਆਰ ਨਾਲ ਸਮਝਾਉਣ ਲਈ ਉਸ ਨੂੰ ਕਈ ਸਵਾਲ ਪੁੱਛੇ ਤਾਂਕਿ ਅੱਯੂਬ ਆਪਣਾ ਧਿਆਨ ਖ਼ੁਦ ਤੋਂ ਹਟਾ ਕੇ ਦੇਖ ਸਕੇ ਕਿ ਯਹੋਵਾਹ ਹੀ ਸਰਬ ਮਹਾਨ ਪਰਮੇਸ਼ੁਰ ਹੈ ਅਤੇ ਇਨਸਾਨ ਉਸ ਦੀ ਬਰਾਬਰੀ ਨਹੀਂ ਕਰ ਸਕਦੇ। ਅੱਯੂਬ ਨੇ ਯਹੋਵਾਹ ਦੀ ਗੱਲ ਮੰਨੀ ਅਤੇ ਆਪਣੀ ਸੋਚ ਨੂੰ ਸੁਧਾਰਿਆ।—ਅੱਯੂਬ 40:8; 42:2, 6 ਪੜ੍ਹੋ।
15, 16. ਅੱਜ ਯਹੋਵਾਹ ਆਪਣੇ ਭਗਤਾਂ ਦੀ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰਦਾ ਹੈ?
15 ਅੱਜ ਯਹੋਵਾਹ ਆਪਣੇ ਭਗਤਾਂ ਨੂੰ ਨਾ ਸਿਰਫ਼ ਪਿਆਰ ਨਾਲ ਸਮਝਾਉਂਦਾ ਹੈ, ਸਗੋਂ ਉਨ੍ਹਾਂ ਨੂੰ ਤਾੜਨਾ ਵੀ ਦਿੰਦਾ ਹੈ। ਇਸ ਤੋਂ ਇਲਾਵਾ, ਸਾਨੂੰ ਕਈ ਫ਼ਾਇਦੇ ਹੁੰਦੇ ਹਨ। ਮਿਸਾਲ ਲਈ, ਯਿਸੂ ਮਸੀਹ ਨੇ ਸਾਡੇ ਲਈ ਆਪਣੀ ਕੁਰਬਾਨੀ ਦਿੱਤੀ ਤਾਂਕਿ ਸਾਨੂੰ ਸਾਡੇ ਪਾਪਾਂ ਦੀ ਮਾਫ਼ੀ ਮਿਲ ਸਕੇ। ਭਾਵੇਂ ਅਸੀਂ ਨਾਮੁਕੰਮਲ ਹਾਂ, ਪਰ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਦੇ ਹਾਂ। (ਯਾਕੂ. 4:8; 1 ਯੂਹੰ. 2:1) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਵੇਲੇ ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਹਾਂ ਤਾਂਕਿ ਸਾਨੂੰ ਉਸ ਤੋਂ ਤਾਕਤ ਮਿਲੇ। ਸਾਡੇ ਕੋਲ ਬਾਈਬਲ ਵੀ ਹੈ। ਜੇ ਅਸੀਂ ਇਸ ਨੂੰ ਪੜ੍ਹੀਏ ਅਤੇ ਇਸ ਦੀਆਂ ਗੱਲਾਂ ਉੱਤੇ ਮਨਨ ਕਰੀਏ, ਤਾਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੁੰਦੇ ਹਾਂ। ਬਾਈਬਲ ਦਾ ਡੂੰਘਾਈ ਨਾਲ ਅਧਿਐਨ ਕਰ ਕੇ ਪਤਾ ਲੱਗਦਾ ਹੈ ਕਿ ਯਹੋਵਾਹ ਹੀ ਸਾਰੇ ਜਹਾਨ ਉੱਤੇ ਰਾਜ ਕਰਨ ਦਾ ਹੱਕ ਰੱਖਦਾ ਹੈ ਅਤੇ ਸਾਨੂੰ ਖਰਿਆਈ ਕਿਉਂ ਰੱਖਣ ਦੀ ਲੋੜ ਹੈ।
16 ਇਸ ਦੇ ਨਾਲ-ਨਾਲ ਵੱਡੇ ਭਾਈਚਾਰੇ ਦਾ ਹਿੱਸਾ ਹੋਣ ਕਰਕੇ ਸਾਨੂੰ ਬਹੁਤ ਫ਼ਾਇਦਾ ਹੁੰਦਾ ਹੈ ਕਿਉਂਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਯਹੋਵਾਹ ਇਸ ਭਾਈਚਾਰੇ ਨੂੰ ਆਪਣਾ ਗਿਆਨ ਦਿੰਦਾ ਹੈ। (ਮੱਤੀ 24:45-47) ਯਹੋਵਾਹ ਦੇ ਗਵਾਹਾਂ ਦੀਆਂ ਲਗਭਗ 1,00,000 ਕਲੀਸਿਯਾਵਾਂ ਹਨ। ਇਨ੍ਹਾਂ ਵਿਚ ਹੁੰਦੀਆਂ ਮੀਟਿੰਗਾਂ ਤੋਂ ਸਾਨੂੰ ਸਿਖਲਾਈ ਅਤੇ ਤਾਕਤ ਮਿਲਦੀ ਹੈ ਜਿਸ ਦੀ ਮਦਦ ਨਾਲ ਅਸੀਂ ਨਿਹਚਾ ਨੂੰ ਪਰਖਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਇਹ ਗੱਲ ਅਸੀਂ ਜਰਮਨੀ ਵਿਚ ਰਹਿੰਦੀ ਅੱਲ੍ਹੜ ਉਮਰ ਦੀ ਗਵਾਹ ਸ਼ੀਲਾ ਦੇ ਤਜਰਬੇ ਤੋਂ ਦੇਖ ਸਕਦੇ ਹਾਂ।
17. ਇਕ ਕੁੜੀ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਹਮੇਸ਼ਾ ਮੀਟਿੰਗਾਂ ਵਿਚ ਜਾਣਾ ਅਕਲਮੰਦੀ ਦੀ ਗੱਲ ਹੈ?
17 ਇਕ ਦਿਨ ਸ਼ੀਲਾ ਦੀ ਕਲਾਸ ਦਾ ਅਧਿਆਪਕ ਥੋੜ੍ਹੀ ਦੇਰ ਲਈ ਬਾਹਰ ਚਲਾ ਗਿਆ। ਉਸ ਦੀ ਕਲਾਸ ਦੇ ਮੁੰਡੇ-ਕੁੜੀਆਂ ਵੀਜਾ ਬੋਰਡ (ਭਵਿੱਖਬਾਣੀ ਪਤਾ ਲਗਾਉਣ ਦਾ ਫੱਟਾ) ਖੇਡਣ ਲੱਗ ਪਏ। ਸ਼ੀਲਾ ਫ਼ੌਰਨ ਕਲਾਸ ਵਿੱਚੋਂ ਨਿਕਲ ਆਈ। ਬਾਅਦ ਵਿਚ ਜੋ ਕੁਝ ਹੋਇਆ, ਉਸ ਬਾਰੇ ਸੁਣ ਕੇ ਉਹ ਖ਼ੁਸ਼ ਸੀ ਕਿ ਉਸ ਨੇ ਕਲਾਸ ਵਿੱਚੋਂ ਬਾਹਰ ਆ ਕੇ ਚੰਗਾ ਕੀਤਾ। ਵੀਜਾ ਬੋਰਡ ਖੇਡਣ ਵਾਲਿਆਂ ਨੂੰ ਭੂਤਾਂ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਤੇ ਉਹ ਡਰਦੇ ਮਾਰੇ ਕਲਾਸ ਵਿੱਚੋਂ ਭੱਜ ਗਏ। ਪਰ ਸ਼ੀਲਾ ਨੇ ਕਲਾਸ ਵਿੱਚੋਂ ਫ਼ੌਰਨ ਚਲੇ ਜਾਣ ਦਾ ਫ਼ੈਸਲਾ ਕਿਉਂ ਕੀਤਾ? ਸ਼ੀਲਾ ਕਹਿੰਦੀ ਹੈ: “ਇਸ ਘਟਨਾ ਤੋਂ ਕੁਝ ਚਿਰ ਪਹਿਲਾਂ ਅਸੀਂ ਕਿੰਗਡਮ ਹਾਲ ਵਿਚ ਵੀਜਾ ਬੋਰਡ ਦੇ ਖ਼ਤਰਿਆਂ ਬਾਰੇ ਚਰਚਾ ਸੁਣੀ ਸੀ। ਸੋ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਸੀ। ਮੈਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੀ ਸੀ ਜਿਵੇਂ ਕਹਾਉਤਾਂ 27:11 ਵਿਚ ਲਿਖਿਆ ਹੈ।” ਸ਼ੀਲਾ ਲਈ ਕਿੰਨੀ ਚੰਗੀ ਗੱਲ ਸੀ ਕਿ ਉਹ ਮੀਟਿੰਗ ʼਤੇ ਗਈ ਅਤੇ ਪ੍ਰੋਗ੍ਰਾਮ ਨੂੰ ਧਿਆਨ ਨਾਲ ਸੁਣਿਆ!
18. ਤੁਸੀਂ ਖ਼ੁਦ ਕੀ ਕਰਨ ਦਾ ਇਰਾਦਾ ਕੀਤਾ ਹੈ?
18 ਆਓ ਆਪਾਂ ਸਾਰੇ ਯਹੋਵਾਹ ਦੇ ਸੰਗਠਨ ਵੱਲੋਂ ਮਿਲਦੀ ਸਲਾਹ ਉੱਤੇ ਚੱਲਣ ਦਾ ਪੱਕਾ ਇਰਾਦਾ ਕਰੀਏ। ਬਾਕਾਇਦਾ ਮੀਟਿੰਗਾਂ ਵਿਚ ਜਾ ਕੇ, ਬਾਈਬਲ ਪੜ੍ਹ ਕੇ, ਬਾਈਬਲ-ਆਧਾਰਿਤ ਸਾਹਿੱਤ ਦੀ ਸਟੱਡੀ ਕਰ ਕੇ, ਪ੍ਰਾਰਥਨਾ ਕਰ ਕੇ ਅਤੇ ਨਿਹਚਾ ਵਿਚ ਤਕੜੇ ਭੈਣਾਂ-ਭਰਾਵਾਂ ਦੀ ਸੰਗਤ ਕਰ ਕੇ ਸਾਨੂੰ ਲੋੜੀਂਦੀ ਸੇਧ ਤੇ ਤਾਕਤ ਮਿਲਦੀ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਅਜ਼ਮਾਇਸ਼ਾਂ ਉੱਤੇ ਜਿੱਤ ਹਾਸਲ ਕਰੀਏ ਅਤੇ ਉਸ ਨੂੰ ਭਰੋਸਾ ਹੈ ਕਿ ਅਸੀਂ ਉਸ ਪ੍ਰਤਿ ਵਫ਼ਾਦਾਰ ਰਹਾਂਗੇ। ਤਾਂ ਫਿਰ ਸਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਯਹੋਵਾਹ ਦੇ ਨਾਂ ਨੂੰ ਉੱਚਾ ਕਰੀਏ, ਖਰਿਆਈ ਬਣਾਈ ਰੱਖੀਏ ਅਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰੀਏ!
ਕੀ ਤੁਹਾਨੂੰ ਯਾਦ ਹੈ?
• ਸ਼ਤਾਨ ਕਿਨ੍ਹਾਂ ਹਾਲਾਤਾਂ ਅਤੇ ਅਜ਼ਮਾਇਸ਼ਾਂ ਲਈ ਜ਼ਿੰਮੇਵਾਰ ਹੈ?
• ਸਾਡੇ ਲਈ ਕਿਹੜੀ ਚੀਜ਼ ਬੇਸ਼ਕੀਮਤੀ ਹੈ?
• ਅਸੀਂ ਕਿਸ ਆਧਾਰ ʼਤੇ ਯਹੋਵਾਹ ਨਾਲ ਦੋਸਤੀ ਕਰ ਸਕਦੇ ਹਾਂ?
• ਅੱਜ ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ?
[ਸਫ਼ਾ 8 ਉੱਤੇ ਤਸਵੀਰ]
ਕੀ ਤੁਸੀਂ ਹੋਰਨਾਂ ਨੂੰ ਅਨਮੋਲ ਗਿਆਨ ਦਿੰਦੇ ਹੋ?
[ਸਫ਼ਾ 9 ਉੱਤੇ ਤਸਵੀਰ]
ਖਰਿਆਈ ਕਾਇਮ ਰੱਖਣ ਵਿਚ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ
[ਸਫ਼ਾ 10 ਉੱਤੇ ਤਸਵੀਰ]
ਵਲਨਟੀਨਾ ਖਰਿਆਈ ਰੱਖਣ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸੀ