ਕੀ ਰੱਬ ਤੁਹਾਨੂੰ ਅਮੀਰ ਬਣਾਵੇਗਾ?
‘ਰੱਬ ਇਹੀ ਚਾਹੁੰਦਾ ਹੈ ਕਿ ਤੁਸੀਂ ਅਮੀਰ ਹੋਵੋ। ਵੱਡੀਆਂ-ਵੱਡੀਆਂ ਗੱਡੀਆਂ, ਵਧੀਆ ਬਿਜ਼ਨਿਸ। ਬੱਸ ਉਸ ਉੱਤੇ ਵਿਸ਼ਵਾਸ ਰੱਖੋ, ਬਟੂਆ ਖੋਲ੍ਹੋ ਅਤੇ ਦਿਲ ਖੋਲ੍ਹ ਕੇ ਦਿਓ।’
ਬ੍ਰਾ ਜ਼ੀਲ ਦੇ ਇਕ ਅਖ਼ਬਾਰ ਮੁਤਾਬਕ ਉੱਥੇ ਦੇ ਕਈ ਧਰਮ ਇਹੀ ਸੁਨੇਹਾ ਦੇ ਰਹੇ ਹਨ। ਬਹੁਤ ਸਾਰੇ ਲੋਕੀ ਇਸ ਨੂੰ ਸੱਚ ਮੰਨਦੇ ਹਨ। ਅਮਰੀਕਾ ਵਿਚ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਦੇ ਇਕ ਸਰਵੇਖਣ ਮੁਤਾਬਕ ਟਾਈਮ ਮੈਗਜ਼ੀਨ ਨੇ ਰਿਪੋਰਟ ਕੀਤਾ: ‘61 ਫੀ ਸਦੀ ਲੋਕ ਵਿਸ਼ਵਾਸ ਰੱਖਦੇ ਹਨ ਕਿ ਰੱਬ ਚਾਹੁੰਦਾ ਹੈ ਕਿ ਲੋਕ ਅਮੀਰ ਹੋਣ। ਨਾਲੇ 31 ਫੀ ਸਦੀ ਲੋਕ ਮੰਨਦੇ ਹਨ ਕਿ ਜੇ ਤੁਸੀਂ ਰੱਬ ਨੂੰ ਆਪਣਾ ਪੈਸਾ ਦਿਓ, ਤਾਂ ਉਹ ਤੁਹਾਡੀ ਝੋਲੀ ਪੈਸਿਆਂ ਨਾਲ ਭਰ ਦੇਵੇਗਾ।’
ਅਜਿਹੀ ਸੋਚਣੀ ਕਿ ਰੱਬ ਸਾਨੂੰ ਅਮੀਰ ਬਣਾ ਦੇਵੇਗਾ ਖ਼ਾਸਕਰ ਬ੍ਰਾਜ਼ੀਲ ਵਰਗੇ ਲਾਤੀਨੀ-ਅਮਰੀਕੀ ਦੇਸ਼ਾਂ ਵਿਚ ਆਮ ਹੈ। ਲੋਕ ਉਨ੍ਹਾਂ ਚਰਚਾਂ ਨੂੰ ਭੱਜਦੇ ਹਨ ਜੋ ਵਾਅਦਾ ਕਰਦੇ ਹਨ ਕਿ ਰੱਬ ਉਨ੍ਹਾਂ ਨੂੰ ਧਨੀ ਬਣਾਵੇਗਾ। ਪਰ ਕੀ ਰੱਬ ਉਸ ਦੀ ਭਗਤੀ ਕਰਨ ਵਾਲਿਆਂ ਨੂੰ ਸੱਚ-ਮੁੱਚ ਮਾਲਦਾਰ ਬਣਾਉਂਦਾ ਹੈ? ਕੀ ਪੁਰਾਣੇ ਜ਼ਮਾਨੇ ਵਿਚ ਰੱਬ ਦੇ ਸਾਰੇ ਸੇਵਕ ਅਮੀਰ ਸਨ?
ਇਹ ਸੱਚ ਹੈ ਕਿ ਬਾਈਬਲ ਦੇ ਪੁਰਾਣੇ ਨੇਮ ਵਿਚ ਅਸੀਂ ਕਈ ਵਾਰ ਪੜ੍ਹਦੇ ਹਾਂ ਕਿ ਜਿਨ੍ਹਾਂ ਨੂੰ ਰੱਬ ਬਰਕਤ ਦਿੰਦਾ ਸੀ ਉਹ ਅਕਸਰ ਦੌਲਤਮੰਦ ਵੀ ਹੁੰਦੇ ਸਨ। ਮਿਸਾਲ ਲਈ, ਬਿਵਸਥਾ ਸਾਰ 8:18 ਵਿਚ ਲਿਖਿਆ ਹੈ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਰੱਖੋ ਕਿਉਂ ਜੋ ਉਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ।” ਰੱਬ ਇਸਰਾਏਲੀਆਂ ਨੂੰ ਭਰੋਸਾ ਦਿਵਾ ਰਿਹਾ ਸੀ ਕਿ ਜੇ ਉਹ ਉਸ ਦਾ ਕਹਿਣਾ ਮੰਨਣ, ਤਾਂ ਇਕ ਕੌਮ ਵਜੋਂ ਉਹ ਅਮੀਰ ਹੋਣਗੇ।
ਰੱਬ ਦੇ ਇਕੱਲੇ-ਇਕੱਲੇ ਸੇਵਕਾਂ ਬਾਰੇ ਕੀ? ਰੱਬ ਦਾ ਵਫ਼ਾਦਾਰ ਸੇਵਕ ਅੱਯੂਬ ਬਹੁਤ ਦੌਲਤਮੰਦ ਸੀ, ਪਰ ਜਦ ਸ਼ਤਾਨ ਨੇ ਉਸ ਨੂੰ ਕੰਗਾਲ ਬਣਾਇਆ, ਤਾਂ ਯਹੋਵਾਹ ਪਰਮੇਸ਼ੁਰ ਨੇ ਉਸ ਦਾ ਮਾਲ “ਦੁਗਣਾ ਕਰ ਦਿੱਤਾ।” (ਅੱਯੂਬ 1:3; 42:10) ਅਬਰਾਹਾਮ ਵੀ ਬਹੁਤ ਅਮੀਰ ਸੀ। ਉਤਪਤ 13:2 ਵਿਚ ਦੱਸਿਆ ਗਿਆ ਹੈ ਕਿ ਉਹ “ਡੰਗਰਾਂ ਅਰ ਸੋਨੇ ਚਾਂਦੀ ਵਿੱਚ ਵੱਡਾ ਧਨ ਮਾਲ ਵਾਲਾ ਸੀ।” ਜਦ ਚਾਰ ਪੂਰਬੀ ਰਾਜਿਆਂ ਦੀਆਂ ਫ਼ੌਜਾਂ ਅਬਰਾਹਾਮ ਦੇ ਭਤੀਜੇ ਲੂਤ ਨੂੰ ਫੜ ਕੇ ਲੈ ਗਈਆਂ ਸਨ, ਤਾਂ ਅਬਰਾਹਾਮ ਨੇ “ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਘਰਜੰਮਾਂ ਨੂੰ ਲੈਕੇ” ਉਨ੍ਹਾਂ ਦਾ ਪਿੱਛਾ ਕੀਤਾ। (ਉਤਪਤ 14:14) ਜੇ ਉਸ ਦੇ ਘਰ ਵਿਚ 318 “ਸਿਖਾਏ ਹੋਏ” ਬੰਦੇ ਸਨ ਜੋ ਹਥਿਆਰ ਚੁੱਕਣ ਦੇ ਕਾਬਲ ਸਨ, ਤਾਂ ਜ਼ਰਾ ਸੋਚੋ ਕਿ ਅਬਰਾਹਾਮ ਦਾ ਘਰਾਣਾ ਕਿੰਨਾ ਵੱਡਾ ਹੋਵੇਗਾ! ਜੇ ਉਹ ਇੰਨੇ ਵੱਡੇ ਪਰਿਵਾਰ ਦੀ ਦੇਖ-ਭਾਲ ਕਰ ਸਕਦਾ ਸੀ, ਤਾਂ ਇਸ ਦਾ ਮਤਲਬ ਹੈ ਕਿ ਉਹ ਬਹੁਤ ਹੀ ਅਮੀਰ ਸੀ ਅਤੇ ਉਸ ਕੋਲ ਕਈ ਇੱਜੜ ਵੀ ਸਨ।
ਅਬਰਾਹਾਮ, ਇਸਹਾਕ, ਯਾਕੂਬ, ਦਾਊਦ ਅਤੇ ਸੁਲੇਮਾਨ ਵਰਗੇ ਰੱਬ ਦੇ ਵਫ਼ਾਦਾਰ ਸੇਵਕ ਬਹੁਤ ਹੀ ਧਨੀ ਸਨ। ਪਰ ਕੀ ਇਸ ਦਾ ਮਤਲਬ ਹੈ ਕਿ ਰੱਬ ਆਪਣੇ ਸਾਰੇ ਸੇਵਕਾਂ ਨੂੰ ਅਮੀਰ ਬਣਾ ਦੇਵੇਗਾ? ਦੂਜੇ ਪਾਸੇ, ਕੀ ਕਿਸੇ ਦਾ ਗ਼ਰੀਬ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਉਸ ਉੱਤੇ ਰੱਬ ਦੀ ਮਿਹਰ ਨਹੀਂ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। (w09 9/1)