ਕੀ ਤਾਰਿਆਂ ਦਾ ਤੁਹਾਡੀ ਜ਼ਿੰਦਗੀ ਨਾਲ ਕੋਈ ਸੰਬੰਧ ਹੈ?
ਰਾਤ ਨੂੰ ਬਿਜਲੀ ਦੀਆਂ ਲਾਈਟਾਂ ਤੋਂ ਬਿਨਾਂ ਸ਼ਹਿਰੋਂ ਬਾਹਰਲੇ ਇਲਾਕੇ ਵਿਚ ਅੰਬਰ ਵੱਲ ਧਿਆਨ ਲਾ ਕੇ ਦੇਖੋ। ਸਾਡਾ ਕਾਲਾ ਮਖਮਲੀ ਅੰਬਰ ਲੱਖਾਂ ਹੀ ਤਾਰਿਆਂ ਨਾਲ ਟਿਮਟਿਮਾਉਂਦਾ ਹੈ। ਪਿਛਲੇ ਸਾਢੇ ਤਿੰਨ ਸੌ ਸਾਲਾਂ ਤੋਂ ਹੀ ਇਨਸਾਨ ਸਮਝਣ ਲੱਗੇ ਹਨ ਕਿ ਤਾਰੇ ਕਿੰਨੇ ਵੱਡੇ ਹਨ ਅਤੇ ਇਹ ਧਰਤੀ ਤੋਂ ਕਿੰਨੀ ਦੂਰ ਹਨ। ਹਾਲ ਹੀ ਦੇ ਸਮੇਂ ਵਿਚ ਅਸੀਂ ਕੁਝ ਹੀ ਹੱਦ ਤਕ ਆਪਣੇ ਬ੍ਰਹਿਮੰਡ ਵਿਚ ਮਹਾਨ ਸ਼ਕਤੀਆਂ ਨੂੰ ਸਮਝਣ ਲੱਗੇ ਹਾਂ।
ਪੁਰਾਤਨ ਤੋਂ ਹੀ ਇਨਸਾਨ ਰਾਤ ਨੂੰ ਆਕਾਸ਼ੀ ਪਿੰਡਾਂ ਦੀਆਂ ਤਰਤੀਬਵਾਰ ਗਤੀਆਂ ਅਤੇ ਰੁੱਤਾਂ ਅਨੁਸਾਰ ਉਨ੍ਹਾਂ ਦੇ ਟਿਕਾਣਿਆਂ ਵੱਲ ਗਹੁ ਨਾਲ ਤੱਕਦੇ ਆਏ ਹਨ। (ਉਤਪਤ 1:14) ਕਈਆਂ ਲੋਕਾਂ ਨੇ ਇਸਰਾਏਲ ਦੇ ਰਾਜਾ ਦਾਊਦ ਦੀ ਤਰ੍ਹਾਂ ਮਹਿਸੂਸ ਕੀਤਾ ਹੈ ਜਿਸ ਨੇ 3,000 ਸਾਲ ਪਹਿਲਾਂ ਲਿਖਿਆ ਸੀ ਕਿ “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ?”—ਜ਼ਬੂਰਾਂ ਦੀ ਪੋਥੀ 8:3, 4.
ਸਾਨੂੰ ਭਾਵੇਂ ਇਹ ਅਹਿਸਾਸ ਹੈ ਜਾਂ ਨਹੀਂ, ਪਰ ਆਕਾਸ਼ੀ ਪਿੰਡ ਅਤੇ ਉਨ੍ਹਾਂ ਦੀਆਂ ਗਤੀਆਂ ਸਾਡੀ ਜ਼ਿੰਦਗੀ ਉੱਤੇ ਵੱਡਾ ਅਸਰ ਪਾਉਂਦੀਆਂ ਹਨ। ਸਾਡੀ ਧਰਤੀ ਸੂਰਜ ਦੁਆਲੇ ਚੱਕਰ ਕੱਢਦੀ ਹੈ ਜਿਸ ਕਰਕੇ ਸਾਡੇ ਦਿਨਾਂ ਅਤੇ ਸਾਡੇ ਸਾਲਾਂ ਦੀ ਲੰਬਾਈ ਸਥਾਪਿਤ ਹੁੰਦੀ ਹੈ। ਬਾਈਬਲ ਕਹਿੰਦੀ ਹੈ ਕਿ ਚੰਦ “ਮਹੀਨਿਆਂ ਦੀ ਗਿਣਤੀ ਲਈ ਬਣਾਇਆ” ਜਾਂ ਰੁੱਤਾਂ ਦੱਸਣ ਲਈ ਠਹਿਰਾਇਆ ਗਿਆ ਹੈ। (ਭਜਨ 104:19, CL) ਤਾਰਿਆਂ ਬਦੌਲਤ ਜਹਾਜ਼ਾਂ ਦੇ ਚਾਲਕ ਆਪਣਾ ਟਿਕਾਣਾ ਨਿਸ਼ਚਿਤ ਕਰ ਸਕਦੇ ਹਨ, ਇੱਥੋਂ ਤਕ ਕਿ ਪੁਲਾੜ-ਯਾਤਰੀ ਵੀ ਆਪਣੇ ਸਪੇਸ-ਕ੍ਰਾਫਟ ਦੀ ਦਿਸ਼ਾ ਨਿਸ਼ਚਿਤ ਕਰ ਸਕਦੇ ਹਨ। ਇਸ ਕਰਕੇ ਕਈ ਸੋਚਦੇ ਹਨ ਕਿ ਸ਼ਾਇਦ ਤਾਰੇ ਸਾਨੂੰ ਸਮੇਂ ਤੇ ਰੁੱਤਾਂ ਬਾਰੇ ਦੱਸਣ ਅਤੇ ਪਰਮੇਸ਼ੁਰ ਦੀ ਰਚਨਾ ਲਈ ਸਾਡੀ ਕਦਰਦਾਨੀ ਵਧਾਉਣ ਨਾਲੋਂ ਵਧ ਦੱਸ ਸਕਦੇ ਹਨ। ਕੀ ਉਹ ਸਾਡਾ ਭਵਿੱਖ ਵੀ ਦੱਸ ਸਕਦੇ ਹਨ ਜਾਂ ਕੀ ਉਹ ਸਾਨੂੰ ਆਉਣ ਵਾਲੀਆਂ ਬਿਪਤਾਵਾਂ ਤੋਂ ਵੀ ਖ਼ਬਰਦਾਰ ਕਰ ਸਕਦੇ ਹਨ?
ਜੋਤਸ਼-ਵਿੱਦਿਆ ਦਾ ਜਨਮ ਅਤੇ ਮਕਸਦ
ਜ਼ਿੰਦਗੀ ਨੂੰ ਸੇਧ ਦੇਣ ਲਈ ਆਸਮਾਨ ਵੱਲ ਤੱਕ ਕੇ ਮਹੂਰਤ ਕੱਢਣ ਦਾ ਅਭਿਆਸ ਮਸੋਪੋਤਾਮੀਆ ਵਿਚ ਕੁਝ ਚਾਰ-ਪੰਜ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਪ੍ਰਾਚੀਨ ਜੋਤਸ਼ੀ ਆਸਮਾਨ ਵੱਲ ਬੜੇ ਗਹੁ ਨਾਲ ਦੇਖਦੇ ਸਨ। ਉਨ੍ਹਾਂ ਨੇ ਆਕਾਸ਼ੀ ਗ੍ਰਹਿਆਂ ਦੀਆਂ ਗਤੀਆਂ ਦੇ ਨਕਸ਼ੇ ਬਣਾਏ, ਉਨ੍ਹਾਂ ਦੇ ਟਿਕਾਣਿਆਂ ਬਾਰੇ ਸੂਚੀਆਂ ਲਿਖੀਆਂ, ਕਲੰਡਰ ਤਿਆਰ ਕੀਤੇ ਅਤੇ ਗ੍ਰਹਿਆਂ ਦੇ ਗ੍ਰਹਿਣ ਬਾਰੇ ਪੂਰਵ-ਅੰਦਾਜ਼ੇ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸ ਤਰ੍ਹਾਂ ਤਾਰਿਆਂ ਦਾ ਵਿਗਿਆਨ ਸ਼ੁਰੂ ਹੋਇਆ। ਪਰ ਜੋਤਸ਼-ਵਿੱਦਿਆ ਵਿਚ ਸਾਡੇ ਵਾਤਾਵਰਣ ਉੱਤੇ ਚੰਦ ਅਤੇ ਸੂਰਜ ਦੇ ਕੁਦਰਤੀ ਅਸਰਾਂ ਦਾ ਅਧਿਐਨ ਹੀ ਨਹੀਂ ਕੀਤਾ ਜਾਂਦਾ। ਜੋਤਸ਼-ਵਿੱਦਿਆ ਦਾਅਵਾ ਕਰਦੀ ਹੈ ਕਿ ਚੰਦ, ਸੂਰਜ, ਗ੍ਰਹਿਆਂ, ਤਾਰਿਆਂ ਅਤੇ ਉਨ੍ਹਾਂ ਦੇ ਝੁੰਡਾਂ ਦੇ ਟਿਕਾਣੇ ਅਤੇ ਉਨ੍ਹਾਂ ਦਾ ਆਪਸੀ ਸੰਬੰਧ ਸਿਰਫ਼ ਧਰਤੀ ʼਤੇ ਹੋਣ ਵਾਲੀਆਂ ਘਟਨਾਵਾਂ ʼਤੇ ਹੀ ਪ੍ਰਭਾਵ ਨਹੀਂ ਪਾਉਂਦੇ, ਸਗੋਂ ਉਹ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਵੀ ਕੰਟ੍ਰੋਲ ਕਰਦੇ ਹਨ। ਉਹ ਕਿਸ ਤਰ੍ਹਾਂ?
ਕੁਝ ਜੋਤਸ਼ੀ ਜੋਤਸ਼-ਵਿੱਦਿਆ ਦੇ ਜ਼ਰੀਏ ਆਕਾਸ਼ੀ ਪਿੰਡਾਂ ਤੋਂ ਮਹੂਰਤਾਂ ਅਤੇ ਭਵਿੱਖ ਬਾਰੇ ਚੇਤਾਵਨੀਆਂ ਭਾਲਦੇ ਹਨ ਤੇ ਫਿਰ ਗਿਆਨੀ-ਧਿਆਨੀ ਇਸ ਜਾਣਕਾਰੀ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਵਰਤ ਕੇ ਉਸ ਦਾ ਲਾਭ ਉਠਾ ਸਕਦੇ ਹਨ। ਹੋਰਨਾਂ ਦਾ ਮੰਨਣਾ ਹੈ ਕਿ ਜੋਤਸ਼-ਵਿੱਦਿਆ ਅਸਲ ਵਿਚ ਸਾਡੀ ਕਿਸਮਤ ਦੱਸਦੀ ਹੈ ਜਾਂ ਇਹ ਸਾਨੂੰ ਖ਼ਾਸ ਕਾਰ-ਵਿਹਾਰ ਸ਼ੁਰੂ ਕਰਨ ਦਾ ਸ਼ੁਭ ਸਮਾਂ ਦੱਸ ਸਕਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਗਿਆਨ ਮੁੱਖ ਗ੍ਰਹਿਆਂ ਦੀ ਸਥਿਤੀ ਦੇਖ ਕੇ ਨਾਲੇ ਗ੍ਰਹਿਆਂ ਦਾ ਆਪਸ ਵਿਚ ਅਤੇ ਧਰਤੀ ਨਾਲ ਸੰਬੰਧ ਦਾ ਹਿਸਾਬ ਕੱਢ ਕੇ ਪ੍ਰਾਪਤ ਹੁੰਦਾ ਹੈ। ਮੰਨਿਆ ਜਾਂਦਾ ਹੈ ਇਕ ਖ਼ਾਸ ਵਿਅਕਤੀ ਉੱਤੇ ਉਨ੍ਹਾਂ ਦਾ ਪ੍ਰਭਾਵ ਇਸ ਉੱਤੇ ਨਿਰਭਰ ਕਰਦਾ ਹੈ ਕਿ ਉਸ ਦੇ ਜਨਮ ਦੇ ਸਮੇਂ ਗ੍ਰਹਿਆਂ ਦੀ ਕੀ ਸਥਿਤੀ ਸੀ।
ਮੁਢਲੇ ਜੋਤਸ਼ੀ ਮੰਨਦੇ ਸਨ ਕਿ ਧਰਤੀ ਹੀ ਬ੍ਰਹਿਮੰਡ ਦਾ ਕੇਂਦਰ ਸੀ ਅਤੇ ਬਾਕੀ ਦੇ ਗ੍ਰਹਿ ਅਤੇ ਤਾਰੇ ਹੋਰਨਾਂ ਵੱਡੇ ਘੇਰਿਆਂ ਵਿਚ ਬੱਝੇ ਹੋਏ ਉਸ ਦੇ ਆਲੇ-ਦੁਆਲੇ ਚੱਕਰ ਕੱਢਦੇ ਸਨ। ਉਹ ਇਹ ਵੀ ਮੰਨਦੇ ਸਨ ਕਿ ਸੂਰਜ ਆਕਾਸ਼ ਵਿਚ ਤਾਰਿਆਂ ਅਤੇ ਉਨ੍ਹਾਂ ਦੇ ਮੰਡਲਾਂ ਵਿਚਕਾਰ ਇਕ ਖ਼ਾਸ ਗ੍ਰਹਿ-ਪਥ ਤੇ ਸਾਲਾਨਾ ਯਾਤਰਾ ਕਰਦਾ ਸੀ। ਉਨ੍ਹਾਂ ਨੇ ਇਸ ਪਥ ਨੂੰ ਸੂਰਜੀ ਗ੍ਰਹਿ-ਪਥ ਕਿਹਾ ਤੇ ਉਸ ਨੂੰ 12 ਭਾਗਾਂ ਵਿਚ ਵੰਡਿਆ। ਹਰ ਭਾਗ ਨੂੰ ਉਸ ਨਾਲ ਸੰਬੰਧਿਤ ਤਾਰਾ-ਮੰਡਲ ਦਾ ਨਾਂ ਦਿੱਤਾ ਗਿਆ ਜਿਸ ਵਿੱਚੋਂ ਸੂਰਜ ਲੰਘਦਾ ਸੀ। ਇਸ ਤਰ੍ਹਾਂ ਰਾਸ਼ੀ-ਮੰਡਲ ਦੀਆਂ 12 ਰਾਸ਼ੀਆਂ ਪੈਦਾ ਹੋਈਆਂ। ਮੰਨਿਆ ਜਾਂਦਾ ਸੀ ਕਿ ਹਰ ਭਾਗ ਵਿਚ ਖ਼ਾਸ ਦੇਵੀ-ਦੇਵਤੇ ਰਹਿੰਦੇ ਸਨ। ਪਰ ਬਾਅਦ ਵਿਚ ਵਿਗਿਆਨੀਆਂ ਨੂੰ ਪਤਾ ਚੱਲਿਆ ਕਿ ਸੂਰਜ ਧਰਤੀ ਦੇ ਦੁਆਲੇ ਚੱਕਰ ਨਹੀਂ ਕੱਢਦਾ, ਸਗੋਂ ਧਰਤੀ ਉਸ ਦੇ ਦੁਆਲੇ ਚੱਕਰ ਕੱਢਦੀ ਹੈ। ਇਸ ਖੋਜ ਨੇ ਸਾਬਤ ਕੀਤਾ ਕਿ ਜੋਤਸ਼-ਵਿੱਦਿਆ ਦਾ ਵਿਗਿਆਨ ਬੇਕਾਰ ਹੈ।
ਮਸੋਪੋਤਾਮੀਆ ਤੋਂ ਸ਼ੁਰੂ ਹੋ ਕੇ ਜੋਤਸ਼-ਵਿੱਦਿਆ ਤਕਰੀਬਨ ਸਾਰੇ ਸੰਸਾਰ ਵਿਚ ਫੈਲ ਗਈ ਅਤੇ ਮਨੁੱਖਜਾਤੀ ਦੀਆਂ ਸਾਰੀਆਂ ਮੁੱਖ ਸਭਿਅਤਾਵਾਂ ਦਾ ਹਿੱਸਾ ਬਣ ਗਈ। ਬੈਬੀਲੋਨ ਉੱਤੇ ਫ਼ਾਰਸ ਦੀ ਜਿੱਤ ਤੋਂ ਬਾਅਦ ਜੋਤਸ਼-ਵਿੱਦਿਆ ਮਿਸਰ, ਯੂਨਾਨ ਅਤੇ ਭਾਰਤ ਵਿਚ ਫੈਲ ਗਈ। ਭਾਰਤ ਤੋਂ ਬੋਧੀ ਮਿਸ਼ਨਰੀ ਇਹ ਗਿਆਨ ਕੇਂਦਰੀ ਏਸ਼ੀਆ, ਚੀਨ, ਤਿੱਬਤ, ਜਪਾਨ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਆਪਣੇ ਨਾਲ ਲੈ ਗਏ। ਇਹ ਨਹੀਂ ਪਤਾ ਕਿ ਇਹ ਵਿੱਦਿਆ ਮਾਇਆ ਜਾਤੀ ਦੀ ਸਭਿਅਤਾ ਤਕ ਅਸਲ ਵਿਚ ਕਿੱਦਾਂ ਪਹੁੰਚੀ, ਪਰ ਉਹ ਲੋਕ ਵੀ ਬੈਬੀਲੋਨ ਦੇ ਲੋਕਾਂ ਦੀ ਤਰ੍ਹਾਂ ਸੂਰਜ ਅਤੇ ਚੰਦ ਆਦਿ ਗ੍ਰਹਿਆਂ ਤੋਂ ਕਾਫ਼ੀ ਹੱਦ ਤਕ ਪ੍ਰਭਾਵਿਤ ਸਨ। ਜਾਪਦਾ ਹੈ ਕਿ “ਆਧੁਨਿਕ” ਪ੍ਰਕਾਰ ਦੀ ਜੋਤਸ਼-ਵਿੱਦਿਆ ਯੂਨਾਨੀਆਂ ਤੋਂ ਪ੍ਰਭਾਵਿਤ ਮਿਸਰ ਦੇਸ਼ ਵਿਚ ਵਿਕਸਿਤ ਹੋਈ ਅਤੇ ਯਹੂਦੀ, ਇਸਲਾਮ ਅਤੇ ਈਸਾਈ ਮਤ ਉੱਤੇ ਵੀ ਇਸ ਦਾ ਕਾਫ਼ੀ ਅਸਰ ਪਿਆ।
ਅੱਜ ਤੋਂ ਲਗਭਗ 2,600 ਸਾਲ ਪਹਿਲਾਂ ਇਸਰਾਏਲ ਦੀ ਕੌਮ ਬੈਬੀਲੋਨ ਵਿਚ ਕੈਦੀਆਂ ਦੇ ਤੌਰ ਤੇ ਲਿਜਾਈ ਗਈ ਸੀ। ਪਰ ਉਹ ਉੱਥੇ ਜਾਣ ਤੋਂ ਪਹਿਲਾਂ ਹੀ ਜੋਤਸ਼-ਵਿੱਦਿਆ ਦੇ ਪ੍ਰਭਾਵ ਹੇਠ ਆ ਚੁੱਕੇ ਸਨ। ਅਸੀਂ ਬਾਈਬਲ ਵਿਚ ਵਫ਼ਾਦਾਰ ਰਾਜਾ ਯੋਸੀਯਾਹ ਬਾਰੇ ਪੜ੍ਹ ਸਕਦੇ ਹਾਂ ਜਿਸ ਨੇ ਆਪਣੇ ਲੋਕਾਂ ਨੂੰ ‘ਸੂਰਜ, ਚੰਦ, ਘੁੰਮਣ ਵਾਲੇ ਤਾਰੇ ਅਤੇ ਅਕਾਸ਼ ਦੇ ਸਾਰੇ ਲਸ਼ਕਰਾਂ ਲਈ ਧੂਪ ਧੁਖਾਉਂਣ’ ਤੋਂ ਹਟਾਇਆ।—2 ਰਾਜਿਆਂ 23:5.
ਜੋਤਸ਼-ਵਿੱਦਿਆ ਦੀ ਜੜ੍ਹ
ਜੋਤਸ਼-ਵਿੱਦਿਆ ਬ੍ਰਹਿਮੰਡ ਦੇ ਬਣਤਰ ਅਤੇ ਗਤੀਵਿਧੀ ਬਾਰੇ ਗ਼ਲਤ ਧਾਰਣਾਵਾਂ ʼਤੇ ਆਧਾਰਿਤ ਹੈ। ਇਸ ਕਰਕੇ ਇਹ ਪਰਮੇਸ਼ੁਰ ਤੋਂ ਨਹੀਂ ਹੋ ਸਕਦਾ। ਕਿਉਂਕਿ ਉਸ ਦੇ ਮੂਲ ਆਧਾਰ ਝੂਠੇ ਹਨ ਇਸ ਕਰਕੇ ਜੋਤਸ਼-ਵਿੱਦਿਆ ਭਵਿੱਖ ਬਾਰੇ ਸਹੀ-ਸਹੀ ਜਾਣਕਾਰੀ ਨਹੀਂ ਦੇ ਸਕਦਾ। ਦੋ ਦਿਲਚਸਪ ਇਤਿਹਾਸਕ ਘਟਨਾਵਾਂ ਤੋਂ ਜੋਤਸ਼-ਵਿੱਦਿਆ ਦੀ ਅਸਫ਼ਲਤਾ ਚੰਗੀ ਤਰ੍ਹਾਂ ਦੇਖੀ ਜਾ ਸਕਦੀ ਹੈ।
ਬੈਬੀਲੋਨ ਦੇ ਰਾਜਾ ਨਬੂਕਦਨੱਸਰ ਨੂੰ ਇਕ ਸੁਪਨਾ ਆਇਆ ਸੀ ਤੇ ਉਸ ਨੇ ਆਪਣੇ ਗਿਆਨੀਆਂ ਅਤੇ ਜਾਦੂਗਰਾਂ ਨੂੰ ਇਸ ਦਾ ਅਰਥ ਪੁੱਛਿਆ, ਪਰ ਉਹ ਨਾ ਦੱਸ ਸਕੇ। ਸੱਚੇ ਪਰਮੇਸ਼ੁਰ ਯਹੋਵਾਹ ਦੇ ਇਕ ਨਬੀ ਦਾਨੀਏਲ ਨੇ ਇਸ ਮਸਲੇ ਦਾ ਕਾਰਨ ਦੱਸਿਆ: “ਉਹ ਭੇਤ ਜੋ ਮਹਾਰਾਜ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤ੍ਰੀ ਨਾ ਅਗੰਮ ਜਾਣੀ ਮਹਾਰਾਜ ਨੂੰ ਦੱਸ ਸੱਕਦੇ ਹਨ। ਪਰ ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਹ ਨੇ ਮਹਾਰਾਜ ਨਬੂਕਦਨੱਸਰ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ।” (ਦਾਨੀਏਲ 2:27, 28) ਜੀ ਹਾਂ, ਦਾਨੀਏਲ ਨੇ ਸੂਰਜ, ਚੰਦ ਜਾਂ ਤਾਰਿਆਂ ਤੋਂ ਸੁਪਨੇ ਦਾ ਅਰਥ ਭਾਲਣ ਦੀ ਬਜਾਇ “ਭੇਤਾਂ ਦੀਆਂ ਗੱਲਾਂ ਪਰਗਟ” ਕਰਨ ਵਾਲੇ ਯਹੋਵਾਹ ਪਰਮੇਸ਼ੁਰ ਤੋਂ ਇਸ ਦਾ ਅਰਥ ਭਾਲ ਕੇ ਰਾਜੇ ਨੂੰ ਸਾਰੇ ਭੇਤ ਚੰਗੀ ਤਰ੍ਹਾਂ ਸਮਝਾਏ।—ਦਾਨੀਏਲ 2:36-45.
ਮਾਇਆ ਲੋਕਾਂ ਨੇ ਆਪਣੇ ਵੱਲੋਂ ਗ੍ਰਹਿਆਂ ਸੰਬੰਧੀ ਹਿਸਾਬ-ਕਿਤਾਬ ਠੀਕ-ਠੀਕ ਕੀਤਾ, ਪਰ ਇਹ ਉਨ੍ਹਾਂ ਦੀ ਸਭਿਅਤਾ ਨੂੰ ਨੌਵੀਂ ਸਦੀ ਵਿਚ ਖ਼ਤਮ ਹੋਣ ਤੋਂ ਨਹੀਂ ਬਚਾ ਸਕਿਆ। ਇਹ ਅਸਫ਼ਲਤਾਵਾਂ ਦਿਖਾਉਂਦੀਆਂ ਹਨ ਕਿ ਜੋਤਸ਼-ਵਿੱਦਿਆ ਇਕ ਧੋਖਾ ਹੈ ਅਤੇ ਇਹ ਸਾਡੇ ਭਵਿੱਖ ਬਾਰੇ ਦੱਸਣ ਵਿਚ ਕਾਬਲ ਨਹੀਂ ਹੈ। ਸਿਰਫ਼ ਇਹ ਨਹੀਂ, ਪਰ ਇਹ ਅਸਫ਼ਲਤਾਵਾਂ ਜੋਤਸ਼-ਵਿੱਦਿਆ ਦਾ ਅਸਲੀ ਮਕਸਦ ਵੀ ਜ਼ਾਹਰ ਕਰਦੀਆਂ ਹਨ ਯਾਨੀ ਇਹ ਲੋਕਾਂ ਨੂੰ ਪਰਮੇਸ਼ੁਰ ਤੋਂ ਭਵਿੱਖ ਬਾਰੇ ਸਹੀ ਗਿਆਨ ਲੈਣ ਤੋਂ ਰੋਕਦੀਆਂ ਹਨ।
ਅਸਲੀਅਤ ਇਹ ਹੈ ਕਿ ਜੋਤਸ਼-ਗਿਆਨ ਝੂਠ ʼਤੇ ਆਧਾਰਿਤ ਹੈ, ਪਰ ਇਸ ਦਾ ਕਰਤਾ ਕੌਣ ਹੈ? ਸ਼ਤਾਨ। ਯਿਸੂ ਨੇ ਸ਼ਤਾਨ ਬਾਰੇ ਕਿਹਾ ਕਿ ਉਹ “ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” (ਯੂਹੰਨਾ 8:44) ਸ਼ਤਾਨ ‘ਚਾਨਣ ਦਾ ਦੂਤ’ ਹੋਣ ਦਾ ਢੌਂਗ ਕਰਦਾ ਹੈ ਤੇ ਉਸ ਦੇ ਭੈੜੇ ਦੂਤ “ਧਰਮ ਦੇ ਸੇਵਕਾਂ” ਦੇ ਰੂਪ ਵਿਚ ਪੇਸ਼ ਆਉਣ ਦਾ ਬਹਾਨਾ ਲਾਉਂਦੇ ਹਨ। ਅਸਲ ਵਿਚ ਉਹ ਲੋਕਾਂ ਨੂੰ ਧੋਖਾ ਦੇ ਕੇ ਫ਼ਰੇਬ ਦੇ ਜਾਲ ਵਿਚ ਫਸਾਉਣ ʼਤੇ ਤੁਲੇ ਹੋਏ ਹਨ। (2 ਕੁਰਿੰਥੀਆਂ 11:14, 15) ਬਾਈਬਲ ਦਿਖਾਉਂਦੀ ਹੈ ਕਿ “ਸ਼ੈਤਾਨ ਦੀ ਸ਼ਕਤੀ ਨਾਲ . . . ਝੂਠੇ ਕਰਿਸ਼ਮੇ, ਨਿਸ਼ਾਨ ਅਤੇ ਅਚੰਭੇ” ਹੋਣਗੇ।—2 ਥੱਸਲੁਨੀਕੀਆਂ 2:9, ERV.
ਤੁਹਾਨੂੰ ਜੋਤਸ਼-ਵਿੱਦਿਆ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ
ਜੋਤਸ਼-ਵਿੱਦਿਆ ਝੂਠ ਉੱਤੇ ਆਧਾਰਿਤ ਹੈ ਤੇ ਇਸ ਕਰਕੇ ਸੱਚਾਈ ਦਾ ਪਰਮੇਸ਼ੁਰ ਯਹੋਵਾਹ ਇਸ ਤੋਂ ਘਿਣ ਕਰਦਾ ਹੈ। (ਜ਼ਬੂਰਾਂ ਦੀ ਪੋਥੀ 31:5) ਇਸ ਕਰਕੇ ਬਾਈਬਲ ਸਾਫ਼-ਸਾਫ਼ ਇਸ ਨੂੰ ਨਿੰਦਦੀ ਹੈ ਤੇ ਸਾਨੂੰ ਇਸ ਨਾਲ ਸੰਬੰਧ ਰੱਖਣ ਤੋਂ ਵਰਜਦੀ ਹੈ। ਬਿਵਸਥਾ ਸਾਰ 18:10-12 ਵਿਚ ਪਰਮੇਸ਼ੁਰ ਨੇ ਸਾਫ਼-ਸਾਫ਼ ਕਿਹਾ ਹੈ ਕਿ ‘ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਮਹੂਰਤ ਵੇਖਦਾ ਹੈ, ਮੰਤਰੀ ਯਾ ਜਾਦੂਗਰ, ਜਿੰਨਾਂ ਤੋਂ ਪੁੱਛਾਂ ਲੈਂਦਾ ਹੈ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ ਹੈ। ਕਿਉਂ ਜੋ ਜਿਹੜਾ ਏਹ ਕੰਮ ਕਰਦਾ ਹੈ ਉਹ ਯਹੋਵਾਹ ਅੱਗੇ ਘਿਣਾਉਣਾ ਹੈ।’
ਇਹ ਦੇਖਦਿਆਂ ਕਿ ਜੋਤਸ਼-ਵਿੱਦਿਆ ਦੇ ਪਿੱਛੇ ਸ਼ਤਾਨ ਅਤੇ ਉਸ ਤੇ ਭੈੜੇ ਦੂਤਾਂ ਦਾ ਹੱਥ ਹੈ, ਇਸ ਵਿਚ ਹਿੱਸਾ ਲੈਣਾ ਸਾਨੂੰ ਉਨ੍ਹਾਂ ਦੇ ਪ੍ਰਭਾਵ ਹੇਠ ਲਿਆ ਸਕਦਾ ਹੈ। ਜਿਸ ਤਰ੍ਹਾਂ ਡ੍ਰੱਗਜ਼ ਦੀ ਵਰਤੋਂ ਸਾਨੂੰ ਡ੍ਰੱਗਜ਼ ਵੇਚਣ ਵਾਲਿਆਂ ਦੀ ਮੁੱਠੀ ਵਿਚ ਫਸਾ ਸਕਦੀ ਹੈ, ਉਸੇ ਤਰ੍ਹਾਂ ਜੋਤਸ਼-ਵਿੱਦਿਆ ਵਿਚ ਹਿੱਸਾ ਲੈਣ ਵਾਲੇ ਲੋਕ ਮਹਾਂ ਧੋਖੇਬਾਜ਼ ਸ਼ਤਾਨ ਦੀ ਮੁੱਠੀ ਵਿਚ ਆ ਸਕਦੇ ਹਨ। ਇਸ ਕਰਕੇ ਪਰਮੇਸ਼ੁਰ ਅਤੇ ਸੱਚਾਈ ਦੇ ਪ੍ਰੇਮੀਆਂ ਨੂੰ ਜੋਤਸ਼-ਵਿੱਦਿਆ ਨੂੰ ਬਿਲਕੁਲ ਰੱਦ ਕਰਨਾ ਚਾਹੀਦਾ ਹੈ ਅਤੇ ਉਸ ਦੀ ਬਜਾਇ ਬਾਈਬਲ ਦੀ ਸਲਾਹ ਤੇ ਚੱਲਣਾ ਚਾਹੀਦਾ ਹੈ: “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ।”—ਆਮੋਸ 5:15.
ਜੋਤਸ਼-ਵਿੱਦਿਆ ਇਸ ਗੱਲ ਦਾ ਫ਼ਾਇਦਾ ਉਠਾਉਂਦਾ ਹੈ ਕਿ ਲੋਕ ਭਵਿੱਖ ਬਾਰੇ ਜਾਣਨ ਲਈ ਤਰਸਦੇ ਹਨ। ਕੀ ਭਵਿੱਖ ਬਾਰੇ ਜਾਣਨਾ ਮੁਮਕਿਨ ਹੈ? ਜੇ ਹੈ, ਤਾਂ ਕਿੱਦਾਂ? ਬਾਈਬਲ ਕਹਿੰਦੀ ਹੈ ਕਿ ਅਸੀਂ ਇਹ ਨਹੀਂ ਜਾਣ ਸਕਦੇ ਕਿ ਸਾਡੇ ਨਾਲ ਨਿੱਜੀ ਤੌਰ ਤੇ ਕੱਲ੍ਹ ਨੂੰ ਜਾਂ ਅਗਲੇ ਮਹੀਨੇ ਜਾਂ ਅਗਲੇ ਸਾਲ ਕੀ ਹੋਵੇਗਾ। (ਯਾਕੂਬ 4:14) ਪਰ ਬਾਈਬਲ ਸਾਨੂੰ ਮਨੁੱਖਜਾਤੀ ਦੇ ਆਉਣ ਵਾਲੇ ਭਵਿੱਖ ਬਾਰੇ ਜ਼ਰੂਰ ਕਈ ਗੱਲਾਂ ਦੱਸਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਹੁਣ ਜਲਦੀ ਹੀ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਆਵੇਗਾ ਜਿਸ ਲਈ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨ ਲਈ ਸਿੱਖਿਆ ਦਿੱਤੀ ਸੀ। (ਦਾਨੀਏਲ 2:44; ਮੱਤੀ 6:9, 10) ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਜਲਦੀ ਹੀ ਸਾਡੇ ਦੁੱਖ ਮਿਟਾਏ ਜਾਣਗੇ ਅਤੇ ਅਸੀਂ ਮੁੜ ਕੇ ਕਦੇ ਦੁਖੀ ਨਹੀਂ ਹੋਵਾਂਗੇ। (ਯਸਾਯਾਹ 65:17; ਪਰਕਾਸ਼ ਦੀ ਪੋਥੀ 21:4) ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਸਾਡੀ ਕਿਸਮਤ ਲਿਖ ਦਿੰਦਾ ਹੈ, ਪਰ ਇਹ ਗੱਲ ਸੱਚ ਨਹੀਂ। ਅਸਲ ਵਿਚ ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਉਸ ਬਾਰੇ ਗਿਆਨ ਲੈਣ ਦਾ ਸੱਦਾ ਦਿੰਦਾ ਹੈ ਤੇ ਦੱਸਦਾ ਹੈ ਕਿ ਉਹ ਸਾਡੇ ਭਲੇ ਲਈ ਕੀ-ਕੀ ਕਰੇਗਾ। ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ? ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਇਹ ਪਰਮੇਸ਼ੁਰ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”—1 ਤਿਮੋਥਿਉਸ 2:4.
ਆਕਾਸ਼ ਵਿਚ ਸ਼ਾਨਦਾਰ ਗ੍ਰਹਿ ਤੇ ਤਾਰੇ ਸਾਡੀਆਂ ਜ਼ਿੰਦਗੀਆਂ ਨੂੰ ਕੰਟ੍ਰੋਲ ਕਰਨ ਲਈ ਨਹੀਂ ਰਚੇ ਗਏ। ਇਸ ਦੀ ਬਜਾਇ ਇਹ ਸਾਬਤ ਕਰਦੇ ਹਨ ਕਿ ਯਹੋਵਾਹ ਸੱਚਾ ਪਰਮੇਸ਼ੁਰ ਅਤੇ ਸਰਬਸ਼ਕਤੀਮਾਨ ਹੈ। (ਰੋਮੀਆਂ 1:20) ਪਰਮੇਸ਼ੁਰ ਦੀ ਰਚਨਾ ਸਾਨੂੰ ਪ੍ਰੇਰ ਸਕਦੀ ਹੈ ਕਿ ਅਸੀਂ ਝੂਠ ਨੂੰ ਠੁਕਰਾ ਦੇਈਏ ਅਤੇ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਹਾਸਲ ਕਰਨ ਲਈ ਪਰਮੇਸ਼ੁਰ ਅਤੇ ਉਸ ਦੇ ਬਚਨ, ਬਾਈਬਲ, ਤੋਂ ਭਰੋਸੇਯੋਗ ਸੇਧ ਲਈਏ। ਬਾਈਬਲ ਕਹਿੰਦੀ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6. (w10-E 06/01)
[ਸਫ਼ਾ 23 ਉੱਤੇ ਸੁਰਖੀ]
ਮਾਇਆ ਜਾਤੀ ਦੇ ਲੋਕ ਜੋਤਸ਼-ਵਿੱਦਿਆ ਅਤੇ ਗ੍ਰਹਿਆਂ ਤੋਂ ਕਾਫ਼ੀ ਹੱਦ ਤਕ ਪ੍ਰਭਾਵਿਤ ਸਨ
[ਸਫ਼ਾ 24 ਉੱਤੇ ਸੁਰਖੀ]
“ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਹ ਨੇ . . . ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ”
[ਸਫ਼ਾ 24 ਉੱਤੇ ਸੁਰਖੀ]
ਮਾਇਆ ਲੋਕਾਂ ਨੇ ਆਪਣੇ ਵੱਲੋਂ ਗ੍ਰਹਿਆਂ ਸੰਬੰਧੀ ਹਿਸਾਬ-ਕਿਤਾਬ ਠੀਕ-ਠੀਕ ਕੀਤਾ, ਪਰ ਇਹ ਉਨ੍ਹਾਂ ਦੀ ਸਭਿਅਤਾ ਨੂੰ ਨਹੀਂ ਬਚਾ ਸਕਿਆ
[ਸਫ਼ਾ 23 ਉੱਤੇ ਤਸਵੀਰ]
ਐੱਲ ਕੈਰਾਕੋਲ ਆਬਜ਼ਰਵੇਟਰੀ, ਚਿਚਨ ਇਟਜ਼ਾ, ਯੂਕਾਟਾਨ, ਮੈਕਸੀਕੋ, 750-900 ਈ.
[ਸਫ਼ਾ 23 ਉੱਤੇ ਤਸਵੀਰਾਂ ਦੀਆਂ ਕ੍ਰੈਡਿਟ ਲਾਈਨਾਂ]
Pages 22 and 23, left to right: Stars: NASA, ESA, and A. Nota (STScI); Mayan calendar: © Lynx/Iconotec com/age fotostock; Mayan astronomer: © Albert J. Copley/age fotostock; Mayan observatory: El Caracol (The Great Conch) (photo), Mayan/Chichen Itza, Yucatan, Mexico/Giraudon/The Bridgeman Art Library