ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w10 10/1 ਸਫ਼ੇ 25-27
  • ਗਿਲਆਦ ਦਾ ਬਲਸਾਨ ਆਰਾਮ ਦੇਣ ਵਾਲੀ ਮਲ੍ਹਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗਿਲਆਦ ਦਾ ਬਲਸਾਨ ਆਰਾਮ ਦੇਣ ਵਾਲੀ ਮਲ੍ਹਮ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਦੇ ਜ਼ਮਾਨਿਆਂ ਵਿਚ ਬਲਸਾਨ
  • ਇਕ ਬੀਮਾਰ ਕੌਮ ਲਈ ਬਲਸਾਨ
  • ਤੰਦਰੁਸਤ ਕਰਨ ਵਾਲੀ ਖ਼ੁਸ਼ ਖ਼ਬਰੀ
  • ਤੰਦਰੁਸਤੀ ਅਜੇ ਆਵੇਗੀ
  • ਕੀ ਤੁਹਾਨੂੰ ਯਾਦ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
w10 10/1 ਸਫ਼ੇ 25-27

ਗਿਲਆਦ ਦਾ ਬਲਸਾਨ ਆਰਾਮ ਦੇਣ ਵਾਲੀ ਮਲ੍ਹਮ

ਬਾਈਬਲ ਦੀ ਉਤਪਤ ਨਾਂ ਦੀ ਕਿਤਾਬ ਵਿਚ ਯੂਸੁਫ਼ ਦੀ ਕਹਾਣੀ ਹੈ ਜਿਸ ਵਿਚ ਉਸ ਦੇ ਭਰਾਵਾਂ ਨੇ ਉਸ ਨੂੰ ਮਿਸਰ ਨੂੰ ਜਾ ਰਹੇ ਕੁਝ ਇਸਮਾਏਲੀ ਵਪਾਰੀਆਂ ਨੂੰ ਵੇਚ ਦਿੱਤਾ ਸੀ। ਵਪਾਰੀਆਂ ਦਾ ਕਾਫਲਾ ਗਿਲਆਦ ਤੋਂ ਆ ਰਿਹਾ ਸੀ ਤੇ ਉਹ ਆਪਣੇ ਊਠਾਂ ਉੱਤੇ ਬਲਸਾਨ ਅਤੇ ਹੋਰ ਮਾਲ-ਮਤਾ ਲੱਦ ਕੇ ਮਿਸਰ ਨੂੰ ਜਾ ਰਹੇ ਸਨ। (ਉਤਪਤ 37:25) ਇਸ ਛੋਟੇ ਬਿਰਤਾਂਤ ਤੋਂ ਪਤਾ ਚੱਲਦਾ ਹੈ ਕਿ ਪ੍ਰਾਚੀਨ ਮੱਧ ਪੂਰਬ ਵਿਚ ਗਿਲਆਦ ਤੋਂ ਪ੍ਰਾਪਤ ਹੋਏ ਬਲਸਾਨ ਨੂੰ ਬਹੁਤ ਅਨਮੋਲ ਸਮਝਿਆ ਜਾਂਦਾ ਸੀ ਕਿਉਂਕਿ ਉਸ ਵਿਚ ਤੰਦਰੁਸਤ ਕਰਨ ਦੇ ਖ਼ਾਸ ਗੁਣ ਸਨ।

ਅੱਜ ਤੋਂ ਕੁਝ 2,600 ਸਾਲ ਪਹਿਲਾਂ ਯਿਰਮਿਯਾਹ ਨਬੀ ਨੇ ਉਦਾਸ ਹੋ ਕੇ ਕਿਹਾ: “ਕੀ ਗਿਲਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ?” (ਯਿਰਮਿਯਾਹ 8:22) ਯਿਰਮਿਯਾਹ ਨੇ ਇਹ ਸਵਾਲ ਕਿਉਂ ਪੁੱਛਿਆ ਸੀ? ਬਲਸਾਨ ਹੈ ਕੀ ਚੀਜ਼? ਕੀ ਅੱਜ ਵੀ ਅਜਿਹਾ ਕੋਈ ਬਲਸਾਨ ਹੈ ਜਿਸ ਨਾਲ ਅਸੀਂ ਤੰਦਰੁਸਤ ਹੋ ਸਕਦੇ ਹਾਂ?

ਬਾਈਬਲ ਦੇ ਜ਼ਮਾਨਿਆਂ ਵਿਚ ਬਲਸਾਨ

ਬਲਸਾਨ ਇਕ ਸੁਗੰਧੀ, ਤੇਲਦਾਰ ਰਾਲ ਹੈ ਜੋ ਕੁਝ ਪੇੜ-ਪੌਦਿਆਂ ਤੋਂ ਕੱਢਿਆ ਜਾਂਦਾ ਹੈ। ਬਲਸਾਨ ਦਾ ਤੇਲ ਪ੍ਰਾਚੀਨ ਪੂਰਬੀ ਦੇਸ਼ਾਂ ਵਿਚ ਇਕ ਬਹੁਤ ਵਧੀਆ ਚੀਜ਼ ਮੰਨੀ ਜਾਂਦੀ ਸੀ ਤੇ ਇਸ ਨੂੰ ਧੂਪ ਅਤੇ ਸੁਗੰਧ ਵਿਚ ਵਰਤਿਆ ਜਾਂਦਾ ਸੀ। ਮਿਸਰ ਦੇਸ਼ ਤੋਂ ਆਜ਼ਾਦ ਹੋਣ ਤੋਂ ਬਾਅਦ ਇਸਰਾਏਲੀ ਬਲਸਾਨ ਦੇ ਤੇਲ ਨੂੰ ਭਗਤੀ ਦੇ ਡੇਰੇ ਵਿਚ ਵਰਤਦੇ ਸਨ। ਇਸ ਨੂੰ ਮਸਹ ਕਰਨ ਵਾਲੇ ਤੇਲ ਅਤੇ ਸੁਗੰਧੀ ਧੂਪ ਦੀ ਸਾਮੱਗਰੀ ਵਿਚ ਰਲਾਇਆ ਜਾਂਦਾ ਸੀ। (ਕੂਚ 25:6; 35:8) ਜਦ ਸ਼ਬਾ ਦੀ ਰਾਣੀ ਨੇ ਰਾਜਾ ਸੁਲੇਮਾਨ ਨੂੰ ਭੇਟ ਦਿੱਤੀ ਉਸ ਵਿਚ ਬਲਸਾਨ (ਮਸਾਲਾ) ਵੀ ਸ਼ਾਮਲ ਸੀ। (1 ਰਾਜਿਆਂ 10:2, 10) ਫ਼ਾਰਸ ਦੇ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਮ੍ਹਣੇ ਪੇਸ਼ ਕੀਤੇ ਜਾਣ ਤੋਂ ਪਹਿਲਾਂ ਅਸਤਰ ਦੀ ‘ਛੇ ਮਹੀਨਿਆਂ’ ਤਕ ਬਲਸਾਨ ਦੇ “ਅਤਰ” ਨਾਲ ਮਾਲਸ਼ ਕੀਤੀ ਗਈ ਸੀ।—ਅਸਤਰ 1:1; 2:12.

ਬਲਸਾਨ ਦਾ ਤੇਲ ਮੱਧ ਪੂਰਬ ਦੇ ਅਨੇਕ ਹਿੱਸਿਆਂ ਵਿਚ ਪਾਇਆ ਜਾਂਦਾ ਸੀ, ਪਰ ਗਿਲਆਦ ਦਾ ਬਲਸਾਨ ਯਰਦਨ ਨਦੀ ਦੇ ਪੂਰਬ ਵੱਲ ਵਾਅਦਾ ਕੀਤੇ ਹੋਏ ਦੇਸ਼ ਦੇ ਇਲਾਕੇ ਦਾ ਦੇਸੀ ਤੇਲ ਸੀ। ਯਾਕੂਬ ਬਲਸਾਨ ਨੂੰ “ਸਭ ਤੋਂ ਉੱਤਮ ਪੈਦਾਵਾਰ” ਮੰਨਦਾ ਸੀ ਤੇ ਉਸ ਨੇ ਇਕ ਸੁਗਾਤ ਵਜੋਂ ਇਹ ਪੈਦਾਵਾਰ ਮਿਸਰ ਵੀ ਭੇਜੀ ਸੀ। (ਉਤਪਤ 43:11) ਹਿਜ਼ਕੀਏਲ ਨਬੀ ਨੇ ਯਹੂਦਾਹ ਅਤੇ ਇਸਰਾਏਲ ਵੱਲੋਂ ਸੂਰ ਦੇਸ਼ ਨੂੰ ਭੇਜੇ ਗਏ ਮਾਲ ਵਿਚ ਬਲਸਾਨ ਦਾ ਵੀ ਜ਼ਿਕਰ ਕੀਤਾ ਸੀ। (ਹਿਜ਼ਕੀਏਲ 27:17) ਬਲਸਾਨ ਦਵਾਈ-ਦਾਰੂ ਦੇ ਤੌਰ ਤੇ ਮਸ਼ਹੂਰ ਸੀ। ਪ੍ਰਾਚੀਨ ਸਾਹਿੱਤ ਵਿਚ ਇਸ ਮਲ੍ਹਮ ਦੀ ਤੰਦਰੁਸਤ ਕਰਨ, ਖ਼ਾਸ ਤੌਰ ਤੇ ਜ਼ਖ਼ਮ ਭਰਨ ਦੀ ਸ਼ਕਤੀ ਦੇ ਗੁਣ ਗਾਏ ਜਾਂਦੇ ਹਨ।

ਇਕ ਬੀਮਾਰ ਕੌਮ ਲਈ ਬਲਸਾਨ

ਫਿਰ ਯਿਰਮਿਯਾਹ ਨੇ ਇਹ ਸਵਾਲ ਕਿਉਂ ਪੁੱਛਿਆ ਸੀ ਕਿ “ਕੀ ਗਿਲਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ?” ਇਹ ਗੱਲ ਸਮਝਣ ਲਈ ਸਾਨੂੰ ਇਸਰਾਏਲ ਦੀ ਕੌਮ ਵੱਲ ਨਜ਼ਰ ਮਾਰਨੀ ਪਵੇਗੀ। ਕੁਝ ਸਮਾਂ ਪਹਿਲਾਂ ਯਸਾਯਾਹ ਨਬੀ ਨੇ ਦੱਸਿਆ ਸੀ ਕਿ ਪਰਮੇਸ਼ੁਰ ਦੀ ਨਜ਼ਰ ਵਿਚ ਉਨ੍ਹਾਂ ਦਾ ਬੁਰਾ ਹਾਲ ਸੀ: “ਪੈਰ ਦੀ ਤਲੀ ਤੋਂ ਸਿਰ ਤਾਈਂ ਉਸ ਵਿੱਚ ਤੰਦਰੁਸਤੀ ਨਹੀਂ, ਸੱਟ, ਚੋਟ ਅਤੇ ਕੱਚੇ ਘਾਉ, ਓਹ ਨਾ ਨਪਿੱਤੇ ਗਏ, ਨਾ ਬੰਨ੍ਹੇ ਗਏ।” (ਯਸਾਯਾਹ 1:6) ਆਪਣੇ ਤਰਸਯੋਗ ਹਾਲਾਤ ਸਵੀਕਾਰ ਕਰ ਕੇ ਇਲਾਜ ਭਾਲਣ ਦੀ ਬਜਾਇ ਉਹ ਕੌਮ ਯਹੋਵਾਹ ਦੇ ਖ਼ਿਲਾਫ਼ ਚੱਲਦੀ ਰਹੀ। ਉਸ ਸਮੇਂ ਯਿਰਮਿਯਾਹ ਨੇ ਅਫ਼ਸੋਸ ਕਰ ਕੇ ਕਿਹਾ: “ਓਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ,—ਓਹਨਾਂ ਦੀ ਏਹ ਕੀ ਬੁੱਧ ਹੋਈ?” ਕਾਸ਼ ਉਹ ਯਹੋਵਾਹ ਨੂੰ ਫਿਰ ਤੋਂ ਭਾਲਣ ਲੱਗ ਪੈਂਦੇ, ਤਾਂ ਉਹ ਉਨ੍ਹਾਂ ਨੂੰ ਤੰਦਰੁਸਤ ਕਰ ਦਿੰਦਾ। “ਕੀ ਗਿਲਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ?” ਕਿੰਨਾ ਵਧੀਆ ਸਵਾਲ!—ਯਿਰਮਿਯਾਹ 8:9.

ਸੋਚਿਆ ਜਾਵੇ ਤਾਂ ਅੱਜ-ਕੱਲ੍ਹ ਸੰਸਾਰ ਵਿਚ ਹਰ ਪਾਸੇ “ਸੱਟ, ਚੋਟ ਅਤੇ ਕੱਚੇ ਘਾਉ” ਦੇਖੇ ਜਾਂਦੇ ਹਨ। ਲੋਕ ਗ਼ਰੀਬੀ, ਬੇਇਨਸਾਫ਼ੀ, ਸੁਆਰਥ ਅਤੇ ਕਠੋਰਤਾ ਦੀ ਵਜ੍ਹਾ ਦੁਖੀ ਹਨ ਕਿਉਂਕਿ ਲੋਕਾਂ ਦੇ ਦਿਲਾਂ ਵਿਚ ਨਾ ਪਰਮੇਸ਼ੁਰ ਲਈ ਤੇ ਨਾ ਹੀ ਆਪਣੇ ਗੁਆਂਢੀਆਂ ਲਈ ਪਿਆਰ ਹੈ। (ਮੱਤੀ 24:12; 2 ਤਿਮੋਥਿਉਸ 3:1-5) ਕਈ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਜਾਤ ਜਾਂ ਉਮਰ ਕਰਕੇ ਉਨ੍ਹਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਾਲ, ਬੀਮਾਰੀ, ਯੁੱਧ ਅਤੇ ਮੌਤ ਕਰਕੇ ਉਨ੍ਹਾਂ ਦੀ ਪੀੜ ਹੋਰ ਵੀ ਵਧਦੀ ਹੈ। ਯਿਰਮਿਯਾਹ ਦੀ ਤਰ੍ਹਾਂ ਦਿਲੋਂ ਰੱਬ ਦੀ ਭਗਤੀ ਕਰਨ ਵਾਲੇ ਕਈ ਲੋਕ ਸਵਾਲ ਕਰਦੇ ਹਨ ਕਿ ਕੀ “ਗਿਲਆਦ ਵਿੱਚ ਬਲਸਾਨ” ਹੈ ਜਾਂ ਨਹੀਂ ਜਿਸ ਨਾਲ ਦੁਖੀਆਂ ਦੇ ਟੁੱਟੇ ਦਿਲਾਂ ਅਤੇ ਮਨਾਂ ʼਤੇ ਪੱਟੀ ਬੰਨ੍ਹੀ ਜਾ ਸਕੇ।

ਤੰਦਰੁਸਤ ਕਰਨ ਵਾਲੀ ਖ਼ੁਸ਼ ਖ਼ਬਰੀ

ਯਿਸੂ ਦੇ ਜ਼ਮਾਨੇ ਵਿਚ ਹਲੀਮ ਲੋਕਾਂ ਦੇ ਮਨਾਂ ਵਿਚ ਇਹੀ ਸਵਾਲ ਸੀ ਅਤੇ ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਮਿਲਿਆ। ਯਿਸੂ ਨੇ 30 ਈਸਵੀ ਦੇ ਸ਼ੁਰੂ ਵਿਚ ਨਾਸਰਤ ਦੇ ਯਹੂਦੀ ਸਭਾ-ਘਰ ਵਿਚ ਪ੍ਰਚਾਰ ਕਰਦਿਆਂ ਲੋਕਾਂ ਨੂੰ ਯਸਾਯਾਹ ਦੀ ਪੋਥੀ ਤੋਂ ਇਹ ਪੜ੍ਹ ਕੇ ਸੁਣਾਇਆ: “ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ।” (ਯਸਾਯਾਹ 61:1) ਯਿਸੂ ਨੇ ਇਹ ਵਾਕ ਆਪਣੇ ʼਤੇ ਲਾਗੂ ਕਰ ਕੇ ਆਪਣੇ ਆਪ ਨੂੰ ਮਸੀਹਾ ਵਜੋਂ ਪੇਸ਼ ਕੀਤਾ ਜਿਸ ਕੋਲ ਦੁਖੀਆਂ ਲਈ ਸੁੱਖ ਦਾ ਸੰਦੇਸ਼ ਸੀ।—ਲੂਕਾ 4:16-21.

ਯਿਸੂ ਨੇ ਆਪਣੀ ਪੂਰੀ ਸੇਵਕਾਈ ਦੌਰਾਨ ਪਰਮੇਸ਼ੁਰ ਦੇ ਰਾਜ ਬਾਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ। (ਮੱਤੀ 4:17) ਪਹਾੜੀ ਉਪਦੇਸ਼ ਵਿਚ ਉਸ ਨੇ ਦੁਖੀਆਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੇ ਹਾਲਾਤ ਬਦਲ ਜਾਣਗੇ: “ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ ਹੱਸੋਗੇ।” (ਲੂਕਾ 6:21) ਯਿਸੂ ਨੇ ਪਰਮੇਸ਼ੁਰ ਦੇ ਆ ਰਹੇ ਰਾਜ ਦੀ ਘੋਸ਼ਣਾ ਕਰ ਕੇ ਲੋਕਾਂ ਨੂੰ ਉਮੀਦ ਦਿੱਤੀ ਤੇ ‘ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹੀ।’

ਅੱਜ-ਕੱਲ੍ਹ ਵੀ ਸਾਨੂੰ “ਰਾਜ ਦੀ ਖ਼ੁਸ਼ ਖ਼ਬਰੀ” ਤੋਂ ਉੱਨਾ ਹੀ ਹੌਸਲਾ ਮਿਲਦਾ ਹੈ। (ਮੱਤੀ 6:10; 9:35) ਰੌਜਰ ਅਤੇ ਲਿਲੀਅਨ ਦੀ ਮਿਸਾਲ ਲਓ। ਉਨ੍ਹਾਂ ਨੇ ਜਨਵਰੀ 1961 ਵਿਚ ਪਹਿਲੀ ਵਾਰ ਹਮੇਸ਼ਾ ਦੀ ਜ਼ਿੰਦਗੀ ਬਾਰੇ ਪਰਮੇਸ਼ੁਰ ਦੇ ਵਾਅਦੇ ਨੂੰ ਸੁਣਿਆ ਤੇ ਇਹ ਉਨ੍ਹਾਂ ਲਈ ਮਲ੍ਹਮ ਵਾਂਗ ਸਾਬਤ ਹੋਇਆ। ਲਿਲੀਅਨ ਨੇ ਕਿਹਾ: “ਮੈਂ ਇੰਨੀ ਖ਼ੁਸ਼ ਹੋਈ ਕਿ ਮੈਂ ਸਿੱਖੀਆਂ ਗੱਲਾਂ ਬਾਰੇ ਸੋਚ ਕੇ ਰਸੋਈ ਵਿਚ ਨੱਚਣ-ਟੱਪਣ ਲੱਗੀ!” ਉਸ ਸਮੇਂ, ਰੌਜਰ ਨੂੰ ਦਸ ਸਾਲਾਂ ਤੋਂ ਅਧਰੰਗ ਸੀ ਤੇ ਉਸ ਨੇ ਕਿਹਾ: “ਮੈਨੂੰ ਇਹ ਸੁਣ ਕੇ ਬੇਹੱਦ ਖ਼ੁਸ਼ੀ ਹੋਈ ਕਿ ਮੁਰਦਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਦੁੱਖ-ਦਰਦ ਅਤੇ ਬੀਮਾਰੀਆਂ ਖ਼ਤਮ ਕੀਤੀਆਂ ਜਾਣਗੀਆਂ। ਮੇਰੀ ਜ਼ਿੰਦਗੀ ਹੁਣ ਖ਼ੁਸ਼ੀ ਨਾਲ ਭਰ ਗਈ।”—ਪਰਕਾਸ਼ ਦੀ ਪੋਥੀ 21:4.

1970 ਵਿਚ ਉਨ੍ਹਾਂ ਦਾ 11 ਸਾਲਾਂ ਦਾ ਮੁੰਡਾ ਮੌਤ ਦੇ ਘਾਟ ਉਤਰ ਗਿਆ। ਪਰ ਉਹ ਨਿਰਾਸ਼ਾ ਵਿਚ ਨਹੀਂ ਡੁੱਬੇ। ਉਨ੍ਹਾਂ ਨੇ ਨਿੱਜੀ ਤੌਰ ਤੇ ਮਹਿਸੂਸ ਕੀਤਾ ਕਿ ਯਹੋਵਾਹ “ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।” (ਜ਼ਬੂਰਾਂ ਦੀ ਪੋਥੀ 147:3) ਉਨ੍ਹਾਂ ਨੂੰ ਪਰਮੇਸ਼ੁਰ ਦੇ ਵਾਅਦਿਆਂ ਤੋਂ ਉਮੀਦ ਅਤੇ ਦਿਲਾਸਾ ਮਿਲਿਆ। ਪਰਮੇਸ਼ੁਰ ਦੇ ਆ ਰਹੇ ਰਾਜ ਦੀ ਖ਼ੁਸ਼ ਖ਼ਬਰੀ ਨੇ ਤਕਰੀਬਨ 50 ਸਾਲਾਂ ਤੋਂ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਦਿੱਤੀ ਹੈ।

ਤੰਦਰੁਸਤੀ ਅਜੇ ਆਵੇਗੀ

ਸੋ ਕੀ ਅੱਜ “ਗਿਲਆਦ ਵਿੱਚ ਬਲਸਾਨ” ਹੈ? ਵਾਕਈ, ਅੱਜ ਵੀ ਬਲਸਾਨ ਵਰਗੀ ਕੋਈ ਚੀਜ਼ ਹੈ। ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਿਲਾਸਾ ਤੇ ਉਮੀਦ ਦਿੰਦੀ ਹੈ ਜੋ ਟੁੱਟੇ ਦਿਲਾਂ ਉੱਤੇ ਮਲ੍ਹਮ ਲਗਾਉਂਦੀ ਹੈ। ਕੀ ਤੁਸੀਂ ਇਸ ਤਰ੍ਹਾਂ ਦੀ ਤੰਦਰੁਸਤੀ ਚਾਹੁੰਦੇ ਹੋ? ਤਾਂ ਫਿਰ ਖੁੱਲ੍ਹੇ ਦਿਲ ਨਾਲ ਬਾਈਬਲ ਦੇ ਸੰਦੇਸ਼ ਨੂੰ ਸਵੀਕਾਰ ਕਰੋ ਤੇ ਉਸ ਨੂੰ ਆਪਣੀ ਜ਼ਿੰਦਗੀ ʼਤੇ ਪੂਰਾ ਪ੍ਰਭਾਵ ਪਾਉਣ ਦਿਓ। ਲੱਖਾਂ ਹੀ ਲੋਕਾਂ ਨੇ ਇਸ ਤਰ੍ਹਾਂ ਕੀਤਾ ਹੈ।

ਬਲਸਾਨ ਦੀ ਤੰਦਰੁਸਤ ਕਰਨ ਦੀ ਇਹ ਸ਼ਕਤੀ ਸਾਨੂੰ ਦਿਖਾਉਂਦੀ ਹੈ ਕਿ ਅਗਾਹਾਂ ਨੂੰ ਅਸੀਂ ਹੋਰ ਵੀ ਤੰਦਰੁਸਤ ਕੀਤੇ ਜਾਵਾਂਗੇ। ਉਹ ਸਮਾਂ ਜਲਦੀ ਹੀ ਆ ਰਿਹਾ ਹੈ ਜਦੋਂ ਯਹੋਵਾਹ ਪਰਮੇਸ਼ੁਰ ‘ਕੌਮਾਂ ਦਾ ਇਲਾਜ’ ਕਰ ਕੇ ਲੋਕਾਂ ਨੂੰ ਸਦਾ ਦੀ ਜ਼ਿੰਦਗੀ ਦੇਵੇਗਾ। ਉਸ ਸਮੇਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਜੀ ਹਾਂ, ਹਾਲੇ ਵੀ “ਗਿਲਆਦ ਵਿੱਚ ਬਲਸਾਨ” ਹੈ!—ਪਰਕਾਸ਼ ਦੀ ਪੋਥੀ 22:2; ਯਸਾਯਾਹ 33:24. (w10-E 06/01)

[ਸਫ਼ਾ 27 ਉੱਤੇ ਤਸਵੀਰ]

ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਲੋਕਾਂ ਨੂੰ ਤੰਦਰੁਸਤ ਕਰਦੀ ਹੈ ਅਤੇ ਟੁੱਟੇ ਦਿਲਾਂ ਉੱਤੇ ਮਲ੍ਹਮ ਵਾਂਗ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ