ਅਦਨ ਦਾ ਬਾਗ਼ ਤੁਹਾਡੇ ਲਈ ਕਿਉਂ ਮਾਅਨੇ ਰੱਖਦਾ ਹੈ?
ਹੈਰਾਨੀ ਦੀ ਗੱਲ ਹੈ ਕਿ ਕੁਝ ਵਿਦਵਾਨ ਕਹਿੰਦੇ ਹਨ ਕਿ ਬਾਕੀ ਬਾਈਬਲ ਵਿਚ ਕਿਤੇ ਵੀ ਅਦਨ ਦੇ ਬਾਗ਼ ਬਾਰੇ ਗੱਲ ਨਹੀਂ ਕੀਤੀ ਗਈ। ਮਿਸਾਲ ਲਈ, ਧਰਮਾਂ ਦਾ ਅਧਿਐਨ ਕਰਨ ਵਾਲਾ ਪ੍ਰੋਫ਼ੈਸਰ ਪੌਲ ਮੌਰਿਸ ਲਿਖਦਾ ਹੈ: “ਬਾਈਬਲ ਵਿਚ ਕਿਤੇ ਵੀ ਅਦਨ ਦੇ ਬਾਗ਼ ਦੀ ਕਹਾਣੀ ਦਾ ਸਿੱਧੇ ਤੌਰ ਤੇ ਜ਼ਿਕਰ ਨਹੀਂ ਕੀਤਾ ਗਿਆ।” ਸ਼ਾਇਦ ਬਹੁਤ ਸਾਰੇ “ਵਿਦਵਾਨ” ਉਸ ਦੀ ਗੱਲ ਦੀ ਹਾਮੀ ਭਰਨ, ਪਰ ਇਸ ਵਿਚ ਕੋਈ ਸੱਚਾਈ ਨਹੀਂ ਹੈ।
ਅਸਲ ਵਿਚ, ਬਾਈਬਲ ਕਈ ਵਾਰ ਅਦਨ ਦੇ ਬਾਗ਼, ਆਦਮ, ਹੱਵਾਹ ਅਤੇ ਸੱਪ ਬਾਰੇ ਗੱਲ ਕਰਦੀ ਹੈ।a ਪਰ ਕੁਝ ਵਿਦਵਾਨਾਂ ਦੀ ਗ਼ਲਤੀ ਉੱਨੀ ਵੱਡੀ ਨਹੀਂ ਹੈ ਜਿੰਨੀ ਵੱਡੀ ਗ਼ਲਤੀ ਦੂਸਰੇ ਕਰਦੇ ਹਨ। ਧਾਰਮਿਕ ਆਗੂ ਅਤੇ ਬਾਈਬਲ ਦੇ ਆਲੋਚਕ ਉਤਪਤ ਦੀ ਕਿਤਾਬ ਵਿਚ ਅਦਨ ਦੇ ਬਾਗ਼ ਦੇ ਬਿਰਤਾਂਤ ʼਤੇ ਸ਼ੱਕ ਕਰ ਕੇ ਅਸਲ ਵਿਚ ਬਾਈਬਲ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਵੇਂ?
ਬਾਕੀ ਬਾਈਬਲ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਅਦਨ ਵਿਚ ਕੀ ਹੋਇਆ ਸੀ। ਮਿਸਾਲ ਲਈ, ਪਰਮੇਸ਼ੁਰ ਦਾ ਬਚਨ ਉਨ੍ਹਾਂ ਜ਼ਰੂਰੀ ਸਵਾਲਾਂ ਦੇ ਜਵਾਬ ਲੱਭਣ ਵਿਚ ਸਾਡੀ ਮਦਦ ਕਰਦਾ ਹੈ ਜੋ ਇਨਸਾਨਾਂ ਦੇ ਮਨ ਵਿਚ ਆਉਂਦੇ ਹਨ। ਬਾਈਬਲ ਵਾਰ-ਵਾਰ ਇਨ੍ਹਾਂ ਸਵਾਲਾਂ ਦੇ ਜਵਾਬ ਉਨ੍ਹਾਂ ਘਟਨਾਵਾਂ ਨਾਲ ਜੋੜਦੀ ਹੈ ਜੋ ਅਦਨ ਦੇ ਬਾਗ਼ ਵਿਚ ਹੋਈਆਂ ਸਨ। ਇਸ ਸੰਬੰਧ ਵਿਚ ਆਓ ਕੁਝ ਉਦਾਹਰਣਾਂ ʼਤੇ ਗੌਰ ਕਰੀਏ।
● ਅਸੀਂ ਕਿਉਂ ਬੁੱਢੇ ਹੁੰਦੇ ਅਤੇ ਮਰਦੇ ਹਾਂ? ਜੇ ਆਦਮ ਤੇ ਹੱਵਾਹ ਯਹੋਵਾਹ ਦੇ ਅਧੀਨ ਰਹਿੰਦੇ, ਤਾਂ ਉਨ੍ਹਾਂ ਨੇ ਹਮੇਸ਼ਾ ਜੀਉਂਦੇ ਰਹਿਣਾ ਸੀ। ਪਰ ਜੇ ਉਹ ਉਸ ਦਾ ਹੁਕਮ ਨਾ ਮੰਨਦੇ, ਤਾਂ ਉਨ੍ਹਾਂ ਨੇ ਮਰ ਜਾਣਾ ਸੀ। ਇਸ ਲਈ ਜਿਸ ਦਿਨ ਉਨ੍ਹਾਂ ਨੇ ਹੁਕਮ ਤੋੜਿਆ, ਉਸ ਦਿਨ ਤੋਂ ਹੀ ਉਨ੍ਹਾਂ ਦੇ ਕਦਮ ਮੌਤ ਵੱਲ ਵਧਣ ਲੱਗੇ। (ਉਤਪਤ 2:16, 17; 3:19) ਉਹ ਨਾਮੁਕੰਮਲ ਹੋ ਗਏ ਅਤੇ ਆਪਣੇ ਬੱਚਿਆਂ ਨੂੰ ਦੇਣ ਲਈ ਉਨ੍ਹਾਂ ਕੋਲ ਪਾਪ ਅਤੇ ਨਾਮੁਕੰਮਲਤਾ ਤੋਂ ਇਲਾਵਾ ਕੁਝ ਨਹੀਂ ਬਚਿਆ। ਇਸ ਲਈ ਬਾਈਬਲ ਕਹਿੰਦੀ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।”—ਰੋਮੀਆਂ 5:12.
● ਰੱਬ ਬੁਰਾਈ ਕਿਉਂ ਹੋਣ ਦਿੰਦਾ ਹੈ? ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਦੋਸ਼ ਲਾਇਆ ਕਿ ਰੱਬ ਝੂਠਾ ਹੈ ਅਤੇ ਆਦਮ ਤੇ ਹੱਵਾਹ ਨੂੰ ਕਿਸੇ ਵਧੀਆ ਚੀਜ਼ ਤੋਂ ਵਾਂਝਾ ਰੱਖ ਰਿਹਾ ਹੈ। (ਉਤਪਤ 3:3-5) ਇਸ ਤਰ੍ਹਾਂ ਉਸ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ʼਤੇ ਸਵਾਲ ਖੜ੍ਹਾ ਕੀਤਾ। ਆਦਮ ਅਤੇ ਹੱਵਾਹ ਨੇ ਸ਼ੈਤਾਨ ਦੀ ਗੱਲ ਸੁਣੀ ਅਤੇ ਉਸ ਵਾਂਗ ਯਹੋਵਾਹ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਦਿਖਾਇਆ ਕਿ ਇਨਸਾਨ ਖ਼ੁਦ ਫ਼ੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਲਈ ਕੀ ਸਹੀ ਹੈ ਤੇ ਕੀ ਗ਼ਲਤ। ਪਰਮੇਸ਼ੁਰ ਬੁੱਧੀਮਾਨ ਹੈ ਤੇ ਹਮੇਸ਼ਾ ਸਹੀ ਨਿਆਂ ਕਰਦਾ ਹੈ। ਇਸ ਕਰਕੇ ਉਹ ਜਾਣਦਾ ਸੀ ਕਿ ਇਸ ਮਸਲੇ ਨੂੰ ਹੱਲ ਕਰਨ ਦਾ ਇੱਕੋ ਤਰੀਕਾ ਹੈ ਕਿ ਇਨਸਾਨਾਂ ਨੂੰ ਆਪਣੀ ਮਰਜ਼ੀ ਨਾਲ ਰਾਜ ਕਰਨ ਲਈ ਕੁਝ ਸਮਾਂ ਦਿੱਤਾ ਜਾਵੇ। ਇਸ ਕਰਕੇ ਅੱਜ ਦੁਨੀਆਂ ਵਿਚ ਇੰਨੀ ਬੁਰਾਈ ਹੈ ਜੋ ਸ਼ੈਤਾਨ ਦੇ ਪ੍ਰਭਾਵ ਦਾ ਨਤੀਜਾ ਹੈ। ਇਸ ਤੋਂ ਇਹ ਸੱਚਾਈ ਸਾਬਤ ਹੋ ਗਈ ਹੈ: ਇਨਸਾਨ ਰੱਬ ਤੋਂ ਬਿਨਾਂ ਸਹੀ ਤਰੀਕੇ ਨਾਲ ਰਾਜ ਨਹੀਂ ਕਰ ਸਕਦਾ।—ਯਿਰਮਿਯਾਹ 10:23.
● ਧਰਤੀ ਲਈ ਰੱਬ ਦਾ ਕੀ ਮਕਸਦ ਹੈ? ਅਦਨ ਦੇ ਬਾਗ਼ ਨੂੰ ਸੋਹਣਾ ਬਣਾ ਕੇ ਯਹੋਵਾਹ ਨੇ ਮਿਆਰ ਕਾਇਮ ਕੀਤਾ ਕਿ ਸਾਰੀ ਧਰਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਉਸ ਨੇ ਆਦਮ ਅਤੇ ਹੱਵਾਹ ਨੂੰ ਕੰਮ ਦਿੱਤਾ ਕਿ ਉਹ ਪੂਰੀ ਧਰਤੀ ਨੂੰ ਆਪਣੇ ਬੱਚਿਆਂ ਨਾਲ ਭਰ ਦੇਣ ਅਤੇ ‘ਇਸ ʼਤੇ ਅਧਿਕਾਰ ਰੱਖਣ’ ਤਾਂਕਿ ਸਾਰੀ ਧਰਤੀ ਅਦਨ ਦੇ ਬਾਗ਼ ਵਰਗੀ ਬਣ ਜਾਵੇ ਤੇ ਸਾਰੇ ਜਣੇ ਸ਼ਾਂਤੀ ਨਾਲ ਰਹਿਣ। (ਉਤਪਤ 1:28) ਇਸ ਲਈ ਰੱਬ ਦਾ ਮਕਸਦ ਹੈ ਕਿ ਧਰਤੀ ਸੋਹਣੇ ਬਾਗ਼ ਵਰਗੀ ਬਣ ਜਾਵੇ ਜਿੱਥੇ ਆਦਮ ਤੇ ਹੱਵਾਹ ਦੇ ਬੱਚੇ ਮੁਕੰਮਲ ਹੋਣ ਤੋਂ ਬਾਅਦ ਰਲ਼-ਮਿਲ ਕੇ ਵੱਸਣ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ।
● ਯਿਸੂ ਮਸੀਹ ਧਰਤੀ ʼਤੇ ਕਿਉਂ ਆਇਆ? ਅਦਨ ਦੇ ਬਾਗ਼ ਵਿਚ ਬਗਾਵਤ ਕਰਨ ਕਰਕੇ ਆਦਮ, ਹੱਵਾਹ ਅਤੇ ਉਨ੍ਹਾਂ ਦੀ ਔਲਾਦ ਨੂੰ ਮੌਤ ਦੀ ਸਜ਼ਾ ਮਿਲੀ। ਪਰ ਉਨ੍ਹਾਂ ਨਾਲ ਪਿਆਰ ਹੋਣ ਕਰਕੇ ਪਰਮੇਸ਼ੁਰ ਨੇ ਇਕ ਉਮੀਦ ਦਿੱਤੀ। ਉਸ ਨੇ ਆਪਣੇ ਪੁੱਤਰ ਨੂੰ ਧਰਤੀ ʼਤੇ ਭੇਜਿਆ ਤਾਂਕਿ ਉਹ “ਰਿਹਾਈ ਦੀ ਕੀਮਤ” ਦੇ ਤੌਰ ਤੇ ਆਪਣੀ ਜਾਨ ਦੀ ਕੁਰਬਾਨੀ ਦੇਵੇ। (ਮੱਤੀ 20:28) ਇਸ ਦਾ ਕੀ ਮਤਲਬ ਹੈ? ਯਿਸੂ “ਆਖ਼ਰੀ ਆਦਮ” ਸੀ। ਉਸ ਨੇ ਉਹ ਕੰਮ ਕਰ ਕੇ ਦਿਖਾਇਆ ਜੋ ਆਦਮ ਨੇ ਨਹੀਂ ਕੀਤਾ। ਯਿਸੂ ਨੇ ਯਹੋਵਾਹ ਦਾ ਕਹਿਣਾ ਮੰਨਿਆ ਜਿਸ ਕਰਕੇ ਉਹ ਇਨਸਾਨ ਦੇ ਤੌਰ ਤੇ ਮੁਕੰਮਲ ਰਿਹਾ। ਫਿਰ ਉਸ ਨੇ ਰਿਹਾਈ ਦੀ ਕੀਮਤ ਵਜੋਂ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਕੁਰਬਾਨ ਕਰ ਦਿੱਤੀ ਤਾਂਕਿ ਸਾਰੇ ਵਫ਼ਾਦਾਰ ਇਨਸਾਨਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕੇ ਅਤੇ ਉਨ੍ਹਾਂ ਨੂੰ ਉਹ ਜ਼ਿੰਦਗੀ ਮਿਲ ਸਕੇ ਜੋ ਪਾਪ ਕਰਨ ਤੋਂ ਪਹਿਲਾਂ ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਨੂੰ ਮਿਲੀ ਸੀ। (1 ਕੁਰਿੰਥੀਆਂ 15:22, 45; ਯੂਹੰਨਾ 3:16) ਇਸ ਤਰ੍ਹਾਂ ਯਿਸੂ ਨੇ ਗਾਰੰਟੀ ਦਿੱਤੀ ਕਿ ਧਰਤੀ ਨੂੰ ਅਦਨ ਦੇ ਬਾਗ਼ ਵਰਗਾ ਬਣਾਉਣ ਦਾ ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ।b
ਪਰਮੇਸ਼ੁਰ ਦਾ ਮਕਸਦ ਸਾਡੀ ਸਮਝ ਤੋਂ ਬਾਹਰ ਨਹੀਂ ਹੈ ਤੇ ਨਾ ਹੀ ਇਹ ਕੋਈ ਮਨਘੜਤ ਧਾਰਮਿਕ ਵਿਸ਼ਵਾਸ ਹੈ। ਇਹ ਅਸਲੀਅਤ ਹੈ। ਜਿਸ ਤਰ੍ਹਾਂ ਇਸ ਧਰਤੀ ʼਤੇ ਅਦਨ ਦਾ ਬਾਗ਼ ਸੱਚ-ਮੁੱਚ ਮੌਜੂਦ ਸੀ ਅਤੇ ਇਸ ਵਿਚ ਰਹਿਣ ਵਾਲੇ ਜਾਨਵਰ ਤੇ ਲੋਕ ਅਸਲੀ ਸਨ, ਉਸੇ ਤਰ੍ਹਾਂ ਭਵਿੱਖ ਲਈ ਰੱਬ ਦਾ ਵਾਅਦਾ ਵੀ ਜ਼ਰੂਰ ਪੂਰਾ ਹੋ ਕੇ ਰਹੇਗਾ। ਪਰ ਕੀ ਤੁਹਾਡਾ ਭਵਿੱਖ ਵੀ ਸ਼ਾਨਦਾਰ ਹੋਵੇਗਾ? ਇਹ ਤੁਹਾਡੇ ʼਤੇ ਹੈ। ਰੱਬ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਭਵਿੱਖ ਵਿਚ ਵਧੀਆ ਜ਼ਿੰਦਗੀ ਮਿਲੇ, ਉਨ੍ਹਾਂ ਨੂੰ ਵੀ ਜਿਨ੍ਹਾਂ ਕੋਲੋਂ ਜ਼ਿੰਦਗੀ ਵਿਚ ਗ਼ਲਤੀਆਂ ਹੋਈਆਂ ਹਨ।—1 ਤਿਮੋਥਿਉਸ 2:3, 4.
ਜਦੋਂ ਯਿਸੂ ਸੂਲ਼ੀ ʼਤੇ ਮਰਨ ਵਾਲਾ ਸੀ, ਤਾਂ ਉਸ ਨੇ ਇਕ ਅਪਰਾਧੀ ਨਾਲ ਗੱਲ ਕੀਤੀ ਸੀ। ਉਹ ਆਦਮੀ ਜਾਣਦਾ ਸੀ ਕਿ ਉਹ ਮੌਤ ਦੀ ਸਜ਼ਾ ਦੇ ਲਾਇਕ ਸੀ। ਪਰ ਉਸ ਨੇ ਯਿਸੂ ਤੋਂ ਦਿਲਾਸਾ ਤੇ ਉਮੀਦ ਪਾਉਣ ਲਈ ਉਸ ਨਾਲ ਗੱਲ ਕੀਤੀ। ਯਿਸੂ ਨੇ ਕੀ ਕਿਹਾ? “ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।” (ਲੂਕਾ 23:43) ਜੀ ਹਾਂ, ਯਿਸੂ ਉਸ ਅਪਰਾਧੀ ਨੂੰ ਅਦਨ ਦੇ ਬਾਗ਼ ਵਰਗੀ ਸੋਹਣੀ ਧਰਤੀ ʼਤੇ ਦੁਬਾਰਾ ਜੀਉਂਦੇ ਹੋਏ ਨੂੰ ਦੇਖਣਾ ਚਾਹੁੰਦਾ ਹੈ ਜਿੱਥੇ ਉਸ ਨੂੰ ਹਮੇਸ਼ਾ ਲਈ ਰਹਿਣ ਦਾ ਮੌਕਾ ਮਿਲੇਗਾ। ਤਾਂ ਫਿਰ, ਕੀ ਉਹ ਤੁਹਾਡੇ ਲਈ ਵੀ ਇਹੀ ਨਹੀਂ ਚਾਹੁੰਦਾ? ਉਹ ਚਾਹੁੰਦਾ ਹੈ! ਉਸ ਦਾ ਪਿਤਾ ਵੀ ਚਾਹੁੰਦਾ ਹੈ! ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਭਵਿੱਖ ਸ਼ਾਨਦਾਰ ਹੋਵੇ, ਤਾਂ ਉਸ ਪਰਮੇਸ਼ੁਰ ਬਾਰੇ ਜਾਣਨ ਦੀ ਪੂਰੀ ਕੋਸ਼ਿਸ਼ ਕਰੋ ਜਿਸ ਨੇ ਅਦਨ ਦਾ ਬਾਗ਼ ਬਣਾਇਆ ਸੀ।
[ਫੁਟਨੋਟ]
a ਮਿਸਾਲ ਲਈ, ਉਤਪਤ 13:10; ਬਿਵਸਥਾ ਸਾਰ 32:8; 2 ਸਮੂਏਲ 7:14; 1 ਇਤਿਹਾਸ 1:1; ਯਸਾਯਾਹ 51:3; ਹਿਜ਼ਕੀਏਲ 28:13; 31:8, 9; ਲੂਕਾ 3:38; ਰੋਮੀਆਂ 5:12-14; 1 ਕੁਰਿੰਥੀਆਂ 15:22, 45; 2 ਕੁਰਿੰਥੀਆਂ 11:3; 1 ਤਿਮੋਥਿਉਸ 2:13, 14; ਯਹੂਦਾਹ 14 ਅਤੇ ਪ੍ਰਕਾਸ਼ ਦੀ ਕਿਤਾਬ 12:9 ਦੇਖੋ।
b ਮਸੀਹ ਵੱਲੋਂ ਦਿੱਤੀ ਰਿਹਾਈ ਦੀ ਕੀਮਤ ਬਾਰੇ ਹੋਰ ਜਾਣਨ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਅਧਿਆਇ 5 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਡੱਬੀ]
ਇਕ ਭਵਿੱਖਬਾਣੀ ਜੋ ਬਾਈਬਲ ਦੀਆਂ ਬਾਕੀ ਗੱਲਾਂ ਨੂੰ ਸਮਝਣ ਵਿਚ ਮਦਦ ਕਰਦੀ ਹੈ
“ਮੈਂ ਤੇਰੇ [ਸੱਪ] ਅਤੇ ਔਰਤ ਵਿਚ ਅਤੇ ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਵਿਚ ਦੁਸ਼ਮਣੀ ਪੈਦਾ ਕਰਾਂਗਾ। ਉਹ ਤੇਰੇ ਸਿਰ ਨੂੰ ਕੁਚਲੇਗਾ ਅਤੇ ਤੂੰ ਉਸ ਦੀ ਅੱਡੀ ਨੂੰ ਜ਼ਖ਼ਮੀ ਕਰੇਂਗਾ।”—ਉਤਪਤ 3:15.
ਇਹ ਬਾਈਬਲ ਦੀ ਪਹਿਲੀ ਭਵਿੱਖਬਾਣੀ ਹੈ ਜੋ ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ ਕੀਤੀ ਸੀ। ਇਸ ਵਿਚ ਦੱਸੇ ਚਾਰ ਜਣੇ ਕੌਣ ਹਨ: ਔਰਤ, ਔਰਤ ਦੀ ਸੰਤਾਨ, ਸੱਪ ਅਤੇ ਸੱਪ ਦੀ ਸੰਤਾਨ? ਇਨ੍ਹਾਂ ਵਿਚ “ਦੁਸ਼ਮਣੀ” ਕਿਵੇਂ ਪੈਦਾ ਹੋਵੇਗੀ?
ਸੱਪ
ਸ਼ੈਤਾਨ।—ਪ੍ਰਕਾਸ਼ ਦੀ ਕਿਤਾਬ 12:9.
ਔਰਤ
ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ ਜਿਸ ਵਿਚ ਦੂਤ ਹਨ। (ਗਲਾਤੀਆਂ 4:26, 27) ਯਸਾਯਾਹ ਨੇ ਭਵਿੱਖਬਾਣੀ ਕੀਤੀ ਕਿ ਉਹ “ਤੀਵੀਂ” ਜਾਂ ਔਰਤ ਭਵਿੱਖ ਵਿਚ ਇਕ ਕੌਮ ਨੂੰ ਜਨਮ ਦੇਵੇਗੀ।—ਯਸਾਯਾਹ 54:1; 66:8.
ਸੱਪ ਦੀ ਸੰਤਾਨ
ਜਿਨ੍ਹਾਂ ਨੇ ਸ਼ੈਤਾਨ ਦੀ ਮਰਜ਼ੀ ਪੂਰੀ ਕਰਨ ਦਾ ਫ਼ੈਸਲਾ ਕੀਤਾ ਹੈ।—ਯੂਹੰਨਾ 8:44.
ਔਰਤ ਦੀ ਸੰਤਾਨ
ਮੁੱਖ ਤੌਰ ਤੇ ਯਿਸੂ ਮਸੀਹ ਜੋ ਯਹੋਵਾਹ ਦੇ ਸੰਗਠਨ ਦੇ ਸਵਰਗੀ ਹਿੱਸੇ ਵਿੱਚੋਂ ਆਇਆ ਸੀ। ਇਸ “ਸੰਤਾਨ” ਵਿਚ ਮਸੀਹ ਦੇ ਭਰਾ ਵੀ ਸ਼ਾਮਲ ਹਨ ਜੋ ਸਵਰਗ ਵਿਚ ਉਸ ਨਾਲ ਰਾਜ ਕਰਨਗੇ। ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਇਹ ਮਸੀਹੀ ਇਕ ਕੌਮ ਯਾਨੀ ‘ਪਰਮੇਸ਼ੁਰ ਦਾ ਇਜ਼ਰਾਈਲ’ ਹਨ।—ਗਲਾਤੀਆਂ 3:16, 29; 6:16; ਉਤਪਤ 22:18.
ਅੱਡੀ ਦਾ ਜ਼ਖ਼ਮ
ਮਸੀਹ ਦੀ ਦਰਦਨਾਕ ਮੌਤ ਜਿਸ ਦੇ ਸ਼ਿਕੰਜੇ ਵਿਚ ਉਹ ਹਮੇਸ਼ਾ ਲਈ ਨਹੀਂ ਰਿਹਾ। ਸ਼ੈਤਾਨ ਧਰਤੀ ʼਤੇ ਯਿਸੂ ਨੂੰ ਮਰਵਾਉਣ ਵਿਚ ਕਾਮਯਾਬ ਹੋ ਗਿਆ। ਪਰ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ ਗਿਆ।
ਸਿਰ ਨੂੰ ਕੁਚਲਣਾ
ਸ਼ੈਤਾਨ ਦਾ ਪੂਰੀ ਤਰ੍ਹਾਂ ਨਾਸ਼। ਯਿਸੂ ਹਮੇਸ਼ਾ ਲਈ ਸ਼ੈਤਾਨ ਦੀ ਹੋਂਦ ਮਿਟਾ ਦੇਵੇਗਾ। ਇਸ ਤੋਂ ਵੀ ਪਹਿਲਾਂ ਯਿਸੂ ਸਾਰੀ ਬੁਰਾਈ ਦਾ ਖ਼ਾਤਮਾ ਕਰੇਗਾ ਜੋ ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਸ਼ੁਰੂ ਕੀਤੀ ਸੀ।—1 ਯੂਹੰਨਾ 3:8; ਪ੍ਰਕਾਸ਼ ਦੀ ਕਿਤਾਬ 20:10.
ਥੋੜ੍ਹੇ ਸ਼ਬਦਾਂ ਵਿਚ ਬਾਈਬਲ ਦਾ ਮੁੱਖ ਵਿਸ਼ਾ ਜਾਣਨ ਲਈ ਪਵਿੱਤਰ ਬਾਈਬਲ—ਤੁਹਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਬਰੋਸ਼ਰ ਦੇਖੋ। ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।
[ਤਸਵੀਰ]
ਆਦਮ ਅਤੇ ਹੱਵਾਹ ਨੇ ਪਾਪ ਦੇ ਭਿਆਨਕ ਨਤੀਜੇ ਭੁਗਤੇ