ਕੀ ਰੱਬ ਜਾਣਦਾ ਸੀ ਕਿ ਆਦਮ ਅਤੇ ਹੱਵਾਹ ਪਾਪ ਕਰਨਗੇ?
ਬਾਈਬਲ ਦੱਸਦੀ ਹੈ ਕਿ ਧਰਤੀ ਉੱਤੇ ਆਦਮ ਅਤੇ ਹੱਵਾਹ ਪਹਿਲਾ ਇਨਸਾਨੀ ਜੋੜਾ ਸੀ ਜਿਸ ਨੂੰ ਰੱਬ ਨੇ ਬਣਾਇਆ ਸੀ। ਬਾਅਦ ਵਿਚ ਉਨ੍ਹਾਂ ਨੇ ਪਾਪ ਕੀਤਾ। ਪਰ ਕਈ ਲੋਕ ਸੋਚਦੇ ਹਨ ਕਿ ਰੱਬ ਤਾਂ ਜਾਣੀ-ਜਾਣ ਹੈ, ਸੋ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਪਾਪ ਕਰਨਗੇ।
ਜੇ ਰੱਬ ਨੂੰ ਸੱਚ-ਮੁੱਚ ਪਹਿਲਾਂ ਹੀ ਪਤਾ ਹੁੰਦਾ ਕਿ ਇਹ ਮੁਕੰਮਲ ਜੋੜਾ ਪਾਪ ਕਰੇਗਾ, ਤਾਂ ਇਸ ਦਾ ਮਤਲਬ ਕੀ ਹੋਣਾ ਸੀ? ਇਹ ਕਿ ਰੱਬ ਚੰਗਾ ਨਹੀਂ, ਉਹ ਸਾਨੂੰ ਪਿਆਰ ਨਹੀਂ ਕਰਦਾ, ਉਹ ਬੇਈਮਾਨ ਅਤੇ ਝੂਠਾ ਹੈ। ਇਸ ਦਾ ਮਤਲਬ ਇਹ ਹੋਣਾ ਸੀ ਕਿ ਦੁਨੀਆਂ ਵਿਚ ਫੈਲੀ ਸਾਰੀ ਬੁਰਾਈ ਅਤੇ ਦੁੱਖਾਂ ਲਈ ਰੱਬ ਹੀ ਜ਼ਿੰਮੇਵਾਰ ਹੈ। ਕੁਝ ਲੋਕਾਂ ਨੇ ਸ਼ਾਇਦ ਕਹਿਣਾ ਸੀ ਕਿ ਰੱਬ ਤਾਂ ਬੇਰਹਿਮ ਹੈ ਜਿਸ ਨੇ ਇੰਨਾ ਕੁਝ ਜਾਣ-ਬੁੱਝ ਕੇ ਹੋਣ ਦਿੱਤਾ। ਕਈਆਂ ਨੂੰ ਲੱਗਣਾ ਸੀ ਕਿ ਰੱਬ ਆਪਣੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰਨਾ ਨਹੀਂ ਜਾਣਦਾ।
ਬਾਈਬਲ ਮੁਤਾਬਕ ਕੀ ਯਹੋਵਾਹ ਪਰਮੇਸ਼ੁਰ ਸੱਚ-ਮੁੱਚ ਇਸ ਤਰ੍ਹਾਂ ਦਾ ਹੈ? ਇਸ ਦੇ ਜਵਾਬ ਵਿਚ ਆਓ ਆਪਾਂ ਦੇਖੀਏ ਕਿ ਬਾਈਬਲ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਅਤੇ ਉਸ ਦੇ ਗੁਣਾਂ ਬਾਰੇ ਕੀ ਕਹਿੰਦੀ ਹੈ।
“ਉਹ ਬਹੁਤ ਹੀ ਚੰਗਾ ਸੀ”
ਰੱਬ ਦੀਆਂ ਬਣਾਈਆਂ ਚੀਜ਼ਾਂ ਵਿਚ ਧਰਤੀ ਉੱਤੇ ਇਹ ਪਹਿਲਾ ਜੋੜਾ ਵੀ ਸ਼ਾਮਲ ਸੀ। ਰੱਬ ਦੀ ਇਸ ਸਾਰੀ ਰਚਨਾ ਬਾਰੇ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤਪਤ 1:31) ਆਦਮ ਅਤੇ ਹੱਵਾਹ ਵਿਚ ਕੋਈ ਕਮੀ ਨਹੀਂ ਸੀ ਅਤੇ ਧਰਤੀ ਉੱਤੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ ਜਾ ਸਕਦੀ ਸੀ। ਉਨ੍ਹਾਂ ਨੂੰ “ਬਹੁਤ ਹੀ ਚੰਗਾ” ਬਣਾਇਆ ਗਿਆ ਸੀ ਜਿਸ ਕਰਕੇ ਉਨ੍ਹਾਂ ਲਈ ਰੱਬ ਦੇ ਹੁਕਮਾਂ ʼਤੇ ਚੱਲਣਾ ਔਖਾ ਨਹੀਂ ਸੀ। ਉਨ੍ਹਾਂ ਨੂੰ “ਪਰਮੇਸ਼ੁਰ ਦੇ ਸਰੂਪ ਉੱਤੇ” ਬਣਾਇਆ ਗਿਆ ਸੀ। (ਉਤਪਤ 1:27) ਕਹਿਣ ਦਾ ਭਾਵ ਹੈ ਕਿ ਉਹ ਵੀ ਕੁਝ ਹੱਦ ਤਕ ਰੱਬ ਦੇ ਗੁਣ ਦਿਖਾ ਸਕਦੇ ਸਨ ਜਿਵੇਂ ਬੁੱਧ, ਪਿਆਰ, ਇਨਸਾਫ਼ ਅਤੇ ਨੇਕੀ। ਅਜਿਹੇ ਗੁਣ ਦਿਖਾ ਕੇ ਉਹ ਆਪਣੇ ਭਲੇ ਵਾਸਤੇ ਸਹੀ ਫ਼ੈਸਲੇ ਕਰ ਸਕਦੇ ਸਨ ਅਤੇ ਆਪਣੇ ਬਣਾਉਣ ਵਾਲੇ ਨੂੰ ਵੀ ਖ਼ੁਸ਼ ਕਰ ਸਕਦੇ ਸਨ।
ਯਹੋਵਾਹ ਨੇ ਇਸ ਸਮਝਦਾਰ ਜੋੜੇ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਸੀ। ਉਨ੍ਹਾਂ ਨੂੰ ਕਿਸੇ ਰੋਬੋਟ ਵਾਂਗ ਨਹੀਂ ਬਣਾਇਆ ਗਿਆ ਸੀ ਜੋ ਸਿਰਫ਼ ਪਰਮੇਸ਼ੁਰ ਨੂੰ ਖ਼ੁਸ਼ ਕਰਦੇ। ਜ਼ਰਾ ਸੋਚੋ ਕਿ ਤੁਹਾਨੂੰ ਕਿਹੜਾ ਤੋਹਫ਼ਾ ਪਸੰਦ ਆਵੇਗਾ—ਜਿਹੜਾ ਮਜਬੂਰੀ ਨਾਲ ਦਿੱਤਾ ਜਾਵੇ ਜਾਂ ਦਿਲੋਂ? ਵਾਕਈ ਉਹ ਤੋਹਫ਼ਾ ਜੋ ਦਿਲੋਂ ਦਿੱਤਾ ਜਾਵੇ। ਇਸੇ ਤਰ੍ਹਾਂ ਜੇ ਆਦਮ ਅਤੇ ਹੱਵਾਹ ਨੇ ਰੱਬ ਦਾ ਕਹਿਣਾ ਦਿਲੋਂ ਮੰਨਿਆ ਹੁੰਦਾ, ਤਾਂ ਰੱਬ ਨੇ ਉਨ੍ਹਾਂ ਤੋਂ ਕਿੰਨਾ ਜ਼ਿਆਦਾ ਖ਼ੁਸ਼ ਹੋਣਾ ਸੀ। ਯਹੋਵਾਹ ਦਾ ਕਹਿਣਾ ਮੰਨ ਕੇ ਉਹ ਦਿਖਾ ਸਕਦੇ ਸਨ ਕਿ ਉਹ ਉਸ ਨੂੰ ਦਿਲੋਂ ਪਿਆਰ ਕਰਦੇ ਸਨ।—ਬਿਵਸਥਾ ਸਾਰ 30:19, 20.
ਧਰਮੀ ਅਤੇ ਸੱਚਾ
ਬਾਈਬਲ ਵਿਚ ਯਹੋਵਾਹ ਦੇ ਗੁਣਾਂ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਗੁਣਾਂ ਕਰਕੇ ਉਹ ਕਦੀ ਗ਼ਲਤ ਕੰਮ ਨਹੀਂ ਕਰ ਸਕਦਾ। ਜ਼ਬੂਰ 33:5 ਕਹਿੰਦਾ ਹੈ ਕਿ ਯਹੋਵਾਹ “ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਦਾ ਹੈ।” ਇਸ ਲਈ ਯਾਕੂਬ 1:13 ਦੱਸਦਾ ਹੈ: “ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” ਯਹੋਵਾਹ ਨੇ ਆਦਮ ਨੂੰ ਪਿਆਰ ਨਾਲ ਖ਼ਬਰਦਾਰ ਕੀਤਾ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਇਹ ਪਹਿਲਾ ਜੋੜਾ ਮੌਤ ਅਤੇ ਹਮੇਸ਼ਾ ਦੀ ਜ਼ਿੰਦਗੀ ਵਿੱਚੋਂ ਇਕ ਚੀਜ਼ ਨੂੰ ਚੁਣ ਸਕਦਾ ਸੀ। ਜੇ ਰੱਬ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਉਨ੍ਹਾਂ ਨੇ ਮੌਤ ਨੂੰ ਚੁਣਨਾ ਸੀ, ਤਾਂ ਫਿਰ ਉਸ ਨੂੰ ਉਨ੍ਹਾਂ ਨੂੰ ਖ਼ਬਰਦਾਰ ਕਰਨ ਦੀ ਕੀ ਲੋੜ ਸੀ? ਕੀ ਇਹ ਗ਼ਲਤ ਨਾ ਹੁੰਦਾ? ਪਰ ਯਹੋਵਾਹ ਗ਼ਲਤੀ ਨਹੀਂ ਕਰ ਸਕਦਾ ਕਿਉਂਕਿ ਉਹ “ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਦਾ ਹੈ।”
ਯਹੋਵਾਹ ਬਹੁਤ ਹੀ ਭਲਾ ਹੈ। (ਜ਼ਬੂਰਾਂ ਦੀ ਪੋਥੀ 31:19) ਰੱਬ ਦੀ ਭਲਾਈ ਬਾਰੇ ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤ੍ਰ ਉਸ ਤੋਂ ਰੋਟੀ ਮੰਗੇ ਤਾਂ ਉਹ ਨੂੰ ਪੱਥਰ ਦੇਵੇ? ਅਤੇ ਜੇ ਮੱਛੀ ਮੰਗੇ ਤਾਂ ਉਹ ਨੂੰ ਸੱਪ ਦੇਵੇ? ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੀਕ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ!” (ਮੱਤੀ 7:9-11) ਰੱਬ ਆਪਣੇ ਲੋਕਾਂ ਨੂੰ ਹਮੇਸ਼ਾ “ਚੰਗੀਆਂ ਵਸਤਾਂ” ਦਿੰਦਾ ਹੈ। ਇਨਸਾਨ ਜਿਸ ਤਰ੍ਹਾਂ ਬਣਾਏ ਗਏ ਹਨ ਅਤੇ ਧਰਤੀ ਉਨ੍ਹਾਂ ਲਈ ਜਿਸ ਤਰ੍ਹਾਂ ਤਿਆਰ ਕੀਤੀ ਗਈ ਹੈ, ਇਸ ਤੋਂ ਸਾਨੂੰ ਰੱਬ ਦੀ ਭਲਾਈ ਦਾ ਸਬੂਤ ਮਿਲਦਾ ਹੈ। ਕੀ ਰੱਬ ਇੰਨਾ ਬੇਰਹਿਮ ਹੈ ਕਿ ਉਹ ਆਦਮ ਅਤੇ ਹੱਵਾਹ ਨੂੰ ਸੋਹਣੀ ਧਰਤੀ ʼਤੇ ਰੱਖਣ ਤੋਂ ਬਾਅਦ ਉਨ੍ਹਾਂ ਤੋਂ ਸਭ ਕੁਝ ਖੋਹ ਲੈਂਦਾ? ਬਿਲਕੁਲ ਨਹੀਂ। ਸਾਡਾ ਬਣਾਉਣ ਵਾਲਾ ਇੰਨਾ ਚੰਗਾ ਹੈ ਕਿ ਉਸ ਨੂੰ ਇਨਸਾਨਾਂ ਦੀ ਗ਼ਲਤੀ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਉਹ “ਬੁੱਧੀਵਾਨ” ਹੈ
ਬਾਈਬਲ ਇਹ ਵੀ ਦੱਸਦੀ ਹੈ ਕਿ ਯਹੋਵਾਹ “ਅਦੁਤੀ ਬੁੱਧੀਵਾਨ” ਹੈ। (ਰੋਮੀਆਂ 16:27) ਰੱਬ ਦੇ ਫ਼ਰਿਸ਼ਤਿਆਂ ਨੇ ਇਸ ਬੁੱਧ ਦੇ ਕਈ ਕੰਮਾਂ ਨੂੰ ਆਪਣੀ ਅੱਖੀਂ ਦੇਖਿਆ ਸੀ। ਜਦੋਂ ਯਹੋਵਾਹ ਨੇ ਧਰਤੀ ਬਣਾਈ, ਤਾਂ ਇਨ੍ਹਾਂ ਨੇ ਉਸ ਦੀ ਤਾਰੀਫ਼ ਵਿਚ “ਨਾਰੇ” ਮਾਰੇ। (ਅੱਯੂਬ 38:4-7) ਕੋਈ ਸ਼ੱਕ ਨਹੀਂ ਕਿ ਇਨ੍ਹਾਂ ਫ਼ਰਿਸ਼ਤਿਆਂ ਨੇ ਅਦਨ ਦੇ ਬਾਗ਼ ਵਿਚ ਵਾਪਰੀਆਂ ਘਟਨਾਵਾਂ ਨੂੰ ਬੜੇ ਧਿਆਨ ਨਾਲ ਦੇਖਿਆ ਸੀ। ਜਿਨ੍ਹਾਂ ਫ਼ਰਿਸ਼ਤਿਆਂ ਨੇ ਸੋਹਣੇ ਬ੍ਰਹਿਮੰਡ ਨੂੰ ਅਤੇ ਧਰਤੀ ਦੀਆਂ ਵੱਖ-ਵੱਖ ਸੋਹਣੀਆਂ ਚੀਜ਼ਾਂ ਨੂੰ ਬਣਦੇ ਦੇਖਿਆ ਸੀ, ਕੀ ਹੁਣ ਉਨ੍ਹਾਂ ਹੀ ਫ਼ਰਿਸ਼ਤਿਆਂ ਦੇ ਸਾਮ੍ਹਣੇ ਇਕ ਬੁੱਧੀਮਾਨ ਪਰਮੇਸ਼ੁਰ ਜਾਣ-ਬੁੱਝ ਕੇ ਅਜਿਹੇ ਦੋ ਇਨਸਾਨਾਂ ਨੂੰ ਬਣਾਉਂਦਾ ਜਿਨ੍ਹਾਂ ਨੇ ਸਭ ਕੁਝ ਬਰਬਾਦ ਕਰ ਦੇਣਾ ਸੀ? ਬਿਲਕੁਲ ਨਹੀਂ, ਇਸ ਗੱਲ ਦੀ ਕੋਈ ਤੁਕ ਨਹੀਂ ਬਣਦੀ।
ਪਰ ਸ਼ਾਇਦ ਕੋਈ ਕਹੇ, ‘ਇਹ ਕਿੱਦਾਂ ਹੋ ਸਕਦਾ ਹੈ ਕਿ ਇਕ ਬੁੱਧੀਮਾਨ ਪਰਮੇਸ਼ੁਰ ਨੂੰ ਪਹਿਲਾਂ ਹੀ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਸੀ?’ ਇਹ ਸੱਚ ਹੈ ਕਿ ਯਹੋਵਾਹ ਦੀ ਬੁੱਧ ਇੰਨੀ ਹੈ ਕਿ ਉਹ “ਆਦ ਤੋਂ ਅੰਤ” ਨੂੰ ਜਾਣ ਸਕਦਾ ਹੈ। (ਯਸਾਯਾਹ 46:9, 10) ਪਰ ਜ਼ਰੂਰੀ ਨਹੀਂ ਕਿ ਉਹ ਹਮੇਸ਼ਾ ਆਪਣੀ ਇਸ ਕਾਬਲੀਅਤ ਨੂੰ ਵਰਤੇ ਜਿਸ ਤਰ੍ਹਾਂ ਉਸ ਨੂੰ ਹਮੇਸ਼ਾ ਆਪਣੀ ਸਾਰੀ ਤਾਕਤ ਨਹੀਂ ਵਰਤਣੀ ਪੈਂਦੀ। ਜਦੋਂ ਯਹੋਵਾਹ ਨੂੰ ਹਾਲਾਤਾਂ ਦੇ ਮੁਤਾਬਕ ਸਹੀ ਲੱਗਦਾ ਹੈ, ਤਾਂ ਉਹ ਉਦੋਂ ਹੀ ਆਪਣੀ ਇਸ ਕਾਬਲੀਅਤ ਨੂੰ ਵਰਤਦਾ ਹੈ।
ਇਸ ਗੱਲ ਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ: ਮੰਨ ਲਓ ਕਿ ਕਿਸੇ ਕੋਲ ਰਿਕਾਰਡ ਕੀਤੇ ਹੋਏ ਕ੍ਰਿਕਟ ਮੈਚ ਦੀ ਸੀ.ਡੀ. ਹੈ। ਜੇ ਉਹ ਚਾਹੇ, ਤਾਂ ਉਹ ਮੈਚ ਦੇ ਅਖ਼ੀਰਲੇ ਕੁਝ ਮਿੰਟ ਦੇਖ ਕੇ ਇਹ ਪਤਾ ਕਰ ਸਕਦਾ ਹੈ ਕਿ ਕੌਣ ਜਿੱਤਿਆ। ਪਰ ਇਹ ਜ਼ਰੂਰੀ ਨਹੀਂ ਕਿ ਉਹ ਇਸ ਤਰ੍ਹਾਂ ਕਰੇ। ਕੀ ਕੋਈ ਉਸ ਵਿਚ ਨੁਕਸ ਕੱਢੇਗਾ ਜੇ ਉਹ ਮੈਚ ਨੂੰ ਸ਼ੁਰੂ ਤੋਂ ਦੇਖਦਾ ਹੈ? ਇਸੇ ਤਰ੍ਹਾਂ ਰੱਬ ਨੇ ਪਹਿਲਾਂ ਤੋਂ ਹੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਖ਼ੀਰ ਵਿਚ ਕੀ ਹੋਵੇਗਾ। ਇਸ ਦੀ ਬਜਾਇ ਉਸ ਨੇ ਇੰਤਜ਼ਾਰ ਕੀਤਾ ਤਾਂਕਿ ਸਮੇਂ ਦੇ ਬੀਤਣ ਨਾਲ ਇਹ ਪਤਾ ਲੱਗ ਸਕੇ ਕਿ ਆਦਮ ਅਤੇ ਹੱਵਾਹ ਕੀ ਕਰਨਗੇ।
ਯਾਦ ਕਰੋ ਕਿ ਬੁੱਧੀਮਾਨ ਯਹੋਵਾਹ ਪਰਮੇਸ਼ੁਰ ਨੇ ਉਸ ਜੋੜੇ ਨੂੰ ਰੋਬੋਟ ਵਾਂਗ ਨਹੀਂ ਬਣਾਇਆ ਸੀ, ਸਗੋਂ ਉਸ ਨੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਸੀ। ਸਹੀ ਫ਼ੈਸਲਾ ਕਰ ਕੇ ਉਹ ਦਿਖਾ ਸਕਦੇ ਸਨ ਕਿ ਉਹ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਸਨ ਅਤੇ ਇਹ ਕਿ ਉਹ ਉਸ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੇ ਕਹਿਣੇ ਵਿਚ ਰਹਿਣਾ ਚਾਹੁੰਦੇ ਸਨ। ਇਸ ਨਾਲ ਉਹ ਆਪ ਵੀ ਖ਼ੁਸ਼ ਹੁੰਦੇ ਅਤੇ ਯਹੋਵਾਹ ਪਰਮੇਸ਼ੁਰ ਨੂੰ ਵੀ ਖ਼ੁਸ਼ ਕਰ ਸਕਦੇ ਸਨ।—ਕਹਾਉਤਾਂ 27:11; ਯਸਾਯਾਹ 48:18.
ਬਾਈਬਲ ਅਜਿਹੇ ਕਈ ਮੌਕਿਆਂ ਬਾਰੇ ਦੱਸਦੀ ਹੈ ਜਦ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਵਿੱਖ ਵਿਚ ਕੀ ਹੋਵੇਗਾ। ਮਿਸਾਲ ਲਈ, ਜਦੋਂ ਅਬਰਾਹਾਮ ਆਪਣੇ ਬੇਟੇ ਦੀ ਕੁਰਬਾਨੀ ਦੇਣ ਹੀ ਵਾਲਾ ਸੀ, ਤਾਂ ਯਹੋਵਾਹ ਨੇ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂਜੋ ਤੈਂ ਆਪਣੇ ਪੁੱਤ੍ਰ, ਹਾਂ, ਆਪਣੇ ਇਕਲੌਤੇ ਪੁੱਤ੍ਰ ਦਾ ਵੀ ਮੈਥੋਂ ਸਰਫਾ ਨਹੀਂ ਕੀਤਾ।” (ਉਤਪਤ 22:12) ਦੂਜੇ ਪਾਸੇ, ਅਜਿਹੇ ਮੌਕੇ ਵੀ ਸਨ ਜਦੋਂ ਲੋਕਾਂ ਦੇ ਬੁਰੇ ਕੰਮਾਂ ਨੇ ਰੱਬ ਨੂੰ “ਉਦਾਸ ਕੀਤਾ।” ਕੀ ਉਹ ਉਦਾਸ ਹੁੰਦਾ ਜੇ ਉਸ ਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਕਿ ਉਹ ਕੀ ਕਰਨਗੇ?—ਜ਼ਬੂਰਾਂ ਦੀ ਪੋਥੀ 78:40, 41; 1 ਰਾਜਿਆਂ 11:9, 10.
ਤਾਂ ਅਸੀਂ ਦੇਖ ਸਕਦੇ ਹਾਂ ਕਿ ਬੁੱਧੀਮਾਨ ਪਰਮੇਸ਼ੁਰ ਯਹੋਵਾਹ ਪਹਿਲਾਂ ਤੋਂ ਹੀ ਨਹੀਂ ਜਾਣਦਾ ਸੀ ਕਿ ਆਦਮ ਅਤੇ ਹੱਵਾਹ ਪਾਪ ਕਰਨਗੇ। ਰੱਬ ਇੰਨਾ ਵੀ ਬੇਸਮਝ ਨਹੀਂ ਸੀ ਕਿ ਉਹ ਪਹਿਲਾਂ ਤੋਂ ਹੀ ਆਦਮ ਅਤੇ ਹੱਵਾਹ ਦੇ ਫ਼ੈਸਲੇ ਦੇ ਬੁਰੇ ਅੰਜਾਮ ਨੂੰ ਜਾਣ ਲੈਂਦਾ ਤੇ ਫਿਰ ਇਸ ਤਰ੍ਹਾਂ ਹੀ ਹੋਣ ਦਿੰਦਾ।
“ਪਰਮੇਸ਼ੁਰ ਪ੍ਰੇਮ ਹੈ”
ਰੱਬ ਦੇ ਵੈਰੀ ਸ਼ਤਾਨ ਨੇ ਹੀ ਅਦਨ ਦੇ ਬਾਗ਼ ਵਿਚ ਆਦਮ ਅਤੇ ਹੱਵਾਹ ਤੋਂ ਗ਼ਲਤੀ ਕਰਵਾਈ ਸੀ ਜਿਸ ਤੋਂ ਪਾਪ ਅਤੇ ਮੌਤ ਵਰਗੇ ਬੁਰੇ ਨਤੀਜੇ ਨਿਕਲੇ। ਸ਼ਤਾਨ “ਘਾਤਕ” ਸਾਬਤ ਹੋਇਆ। ‘ਉਹ ਝੂਠਾ ਅਤੇ ਝੂਠ ਦਾ ਪਤੰਦਰ’ ਵੀ ਸਾਬਤ ਹੋਇਆ। (ਯੂਹੰਨਾ 8:44) ਉਹ ਆਪ ਤਾਂ ਬੁਰਾ ਹੈ ਹੀ, ਪਰ ਉਹ ਰੱਬ ਨੂੰ ਵੀ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਇਨਸਾਨ ਦੇ ਪਾਪ ਲਈ ਯਹੋਵਾਹ ਨੂੰ ਕਸੂਰਵਾਰ ਠਹਿਰਾਉਣਾ ਚਾਹੁੰਦਾ ਹੈ।
ਪਿਆਰ ਦੀ ਵਜ੍ਹਾ ਕਰਕੇ ਹੀ ਯਹੋਵਾਹ ਨੇ ਇਹ ਠਾਣਿਆ ਕਿ ਉਹ ਪਹਿਲਾਂ ਤੋਂ ਹੀ ਨਹੀਂ ਜਾਣੇਗਾ ਕਿ ਆਦਮ ਅਤੇ ਹੱਵਾਹ ਪਾਪ ਕਰਨਗੇ। ਪਿਆਰ ਹੀ ਯਹੋਵਾਹ ਦਾ ਮੁੱਖ ਗੁਣ ਹੈ। ਪਹਿਲਾ ਯੂਹੰਨਾ 4:8 ਕਹਿੰਦਾ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” ਪਿਆਰ ਹਮੇਸ਼ਾ ਦੂਜਿਆਂ ਬਾਰੇ ਚੰਗਾ ਹੀ ਸੋਚਦਾ ਹੈ। ਜੀ ਹਾਂ, ਪਿਆਰ ਦੀ ਖ਼ਾਤਰ ਹੀ ਯਹੋਵਾਹ ਪਰਮੇਸ਼ੁਰ ਆਦਮ ਅਤੇ ਹੱਵਾਹ ਦਾ ਭਲਾ ਚਾਹੁੰਦਾ ਸੀ।
ਭਾਵੇਂ ਕਿ ਆਦਮ ਅਤੇ ਹੱਵਾਹ ਆਪਣੀ ਮਰਜ਼ੀ ਨਾਲ ਕੋਈ ਵੀ ਫ਼ੈਸਲਾ ਕਰ ਸਕਦੇ ਸਨ, ਫਿਰ ਵੀ ਰੱਬ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਦਾ ਸੀ। ਉਸ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ ਸੀ ਅਤੇ ਪਹਿਲਾਂ ਤੋਂ ਹੀ ਹਰ ਚੀਜ਼ ਬਾਰੇ ਦੱਸਿਆ ਸੀ। ਇਸ ਕਰਕੇ ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਪੂਰੇ ਦਿਲ ਨਾਲ ਉਸ ਦਾ ਕਹਿਣਾ ਮੰਨਣ। ਉਹ ਜਾਣਦਾ ਸੀ ਕਿ ਆਦਮ ਅਤੇ ਹੱਵਾਹ ਉਸ ਦੇ ਵਫ਼ਾਦਾਰ ਰਹਿ ਸਕਦੇ ਸਨ ਕਿਉਂਕਿ ਬਾਅਦ ਵਿਚ ਅਬਰਾਹਾਮ, ਅੱਯੂਬ ਤੇ ਦਾਨੀਏਲ ਵਰਗੇ ਨਾਮੁਕੰਮਲ ਇਨਸਾਨ ਵੀ ਉਸ ਦੇ ਵਫ਼ਾਦਾਰ ਰਹੇ ਸਨ।
ਯਿਸੂ ਨੇ ਕਿਹਾ: “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।” (ਮੱਤੀ 19:26) ਸਾਨੂੰ ਪੱਕਾ ਯਕੀਨ ਹੈ ਕਿ ਇਕ ਦਿਨ ਯਹੋਵਾਹ ਪਾਪ ਅਤੇ ਮੌਤ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ। ਯਹੋਵਾਹ ਦੇ ਗੁਣ ਜਿਵੇਂ ਕਿ ਪਿਆਰ, ਇਨਸਾਫ਼, ਬੁੱਧ ਅਤੇ ਤਾਕਤ ਇਸ ਗੱਲ ਦੀ ਗਾਰੰਟੀ ਦਿੰਦੇ ਹਨ। ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ।—ਪਰਕਾਸ਼ ਦੀ ਪੋਥੀ 21:3-5.
ਸੋ ਅਸੀਂ ਦੇਖਿਆ ਹੈ ਕਿ ਯਹੋਵਾਹ ਪਹਿਲਾਂ ਤੋਂ ਹੀ ਨਹੀਂ ਜਾਣਦਾ ਸੀ ਕਿ ਆਦਮ ਅਤੇ ਹੱਵਾਹ ਪਾਪ ਕਰਨਗੇ। ਭਾਵੇਂ ਉਨ੍ਹਾਂ ਦੇ ਗ਼ਲਤ ਫ਼ੈਸਲੇ ਅਤੇ ਇਨਸਾਨਾਂ ਵਿਚ ਫੈਲੇ ਦੁੱਖਾਂ ਕਰਕੇ ਰੱਬ ਨੂੰ ਬੜੀ ਠੇਸ ਪਹੁੰਚੀ, ਪਰ ਉਹ ਜਾਣਦਾ ਸੀ ਕਿ ਇਹ ਹਾਲਾਤ ਥੋੜ੍ਹੀ ਹੀ ਦੇਰ ਲਈ ਰਹਿਣਗੇ ਤੇ ਇਕ ਦਿਨ ਇਨਸਾਨਾਂ ਅਤੇ ਧਰਤੀ ਲਈ ਉਸ ਦਾ ਮਕਸਦ ਪੂਰਾ ਹੋ ਕੇ ਰਹੇਗਾ। ਕਿਉਂ ਨਾ ਪਰਮੇਸ਼ੁਰ ਦੇ ਇਸ ਮਕਸਦ ਬਾਰੇ ਹੋਰ ਸਿੱਖੋ ਅਤੇ ਜਾਣੋ ਕਿ ਤੁਹਾਨੂੰ ਇਸ ਤੋਂ ਕੀ ਫ਼ਾਇਦਾ ਹੋ ਸਕਦਾ ਹੈ?a (w11-E 01/01)
[ਫੁਟਨੋਟ]
a ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਹੋਰ ਜਾਣਕਾਰੀ ਲੈਣ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਤੀਸਰਾ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 12 ਉੱਤੇ ਸੁਰਖੀ]
ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਕਿਸੇ ਰੋਬੋਟ ਵਾਂਗ ਨਹੀਂ ਬਣਾਇਆ ਸੀ
[ਸਫ਼ਾ 13 ਉੱਤੇ ਸੁਰਖੀ]
ਰੱਬ ਨੂੰ ਪਤਾ ਸੀ ਕਿ ਆਦਮ ਅਤੇ ਹੱਵਾਹ ਉਸ ਦੇ ਵਫ਼ਾਦਾਰ ਰਹਿ ਸਕਦੇ ਸਨ