ਤਿਆਰ ਰਹੋ!
“ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।”—ਮੱਤੀ 24:44.
1, 2. (ੳ) ਬਾਈਬਲ ਦੀ ਭਵਿੱਖਬਾਣੀ ਵਿਚ ਦੱਸੀਆਂ ਕਿਹੜੀਆਂ ਘਟਨਾਵਾਂ ਦੀ ਤੁਲਨਾ ਟਾਈਗਰ ਦੇ ਹਮਲੇ ਨਾਲ ਕੀਤੀ ਜਾ ਸਕਦੀ ਹੈ? (ਅ) ਭਵਿੱਖ ਵਿਚ ਹੋਣ ਵਾਲੇ ਹਮਲੇ ਦਾ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?
ਇਕ ਪ੍ਰਸਿੱਧ ਅਦਾਕਾਰ ਨੇ ਆਪਣੇ ਸਿਖਾਏ ਬੰਗਾਲੀ ਟਾਈਗਰਾਂ ਨਾਲ ਸਾਲਾਂ ਤਾਈਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਕਿਉਂਕਿ ਉਹ ਟਾਈਗਰਾਂ ਨੂੰ ਜੋ ਕਹਿੰਦਾ ਸੀ ਉਹ ਕਰਦੇ ਸਨ। ਉਸ ਨੇ ਕਿਹਾ: “ਤੁਸੀਂ ਜਾਨਵਰ ਉੱਤੇ ਭਰੋਸਾ ਕਰਨ ਲੱਗ ਪੈਂਦੇ ਹੋ ਜੇ ਉਹ ਤੁਹਾਨੂੰ ਕਦੇ ਕੁਝ ਨਹੀਂ ਕਹਿੰਦਾ। ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ਤੁਹਾਨੂੰ ਦੁਨੀਆਂ ਵਿਚ ਸਭ ਤੋਂ ਖੂਬਸੂਰਤ ਤੋਹਫ਼ਾ ਮਿਲਿਆ ਹੈ।” ਪਰ 3 ਅਕਤੂਬਰ 2003 ਵਿਚ ਉਸ ਦਾ ਇਹ ਭਰੋਸਾ ਟੁੱਟ ਗਿਆ। ਬਿਨਾਂ ਕਿਸੇ ਕਾਰਨ 172 ਕਿਲੋਗ੍ਰਾਮ ਭਾਰੇ ਉਸ ਦੇ ਇਕ ਚਿੱਟੇ ਟਾਈਗਰ ਨੇ ਉਸ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਬਾਰੇ ਉਸ ਟ੍ਰੇਨਰ ਨੇ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ, ਇਸ ਲਈ ਉਹ ਇਸ ਵਾਸਤੇ ਤਿਆਰ ਨਹੀਂ ਸੀ।
2 ਧਿਆਨ ਦੇਣ ਵਾਲੀ ਗੱਲ ਹੈ ਕਿ ਬਾਈਬਲ ਇਕ ‘ਦਰਿੰਦੇ’ ਦੇ ਹਮਲੇ ਬਾਰੇ ਭਵਿੱਖਬਾਣੀ ਕਰਦੀ ਹੈ ਜਿਸ ਵਾਸਤੇ ਸਾਨੂੰ ਤਿਆਰ ਰਹਿਣ ਦੀ ਲੋੜ ਹੈ। (ਪਰਕਾਸ਼ ਦੀ ਪੋਥੀ 17:15-18 ਪੜ੍ਹੋ।) ਇਹ ਦਰਿੰਦਾ ਕੌਣ ਹੈ ਅਤੇ ਇਹ ਕਿਸ ਉੱਤੇ ਹਮਲਾ ਕਰੇਗਾ? ਕਿਰਮਚੀ ਰੰਗ ਦਾ ਇਹ ਦਰਿੰਦਾ ਸੰਯੁਕਤ ਰਾਸ਼ਟਰ ਸੰਘ ਨੂੰ ਦਰਸਾਉਂਦਾ ਹੈ ਅਤੇ “ਦਸ ਸਿੰਙ” ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦੇ ਹਨ। ਇਹ ਕੰਜਰੀ ਵਰਗੇ ਵੱਡੀ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਉੱਤੇ ਹਮਲਾ ਕਰਨਗੇ ਅਤੇ ਉਸ ਨੂੰ ਬੁਰੀ ਤਰ੍ਹਾਂ ਤਬਾਹ ਕਰਨਗੇ। ਇਹ ਦੇਖ ਕੇ ਲੋਕਾਂ ਦੇ ਮੂੰਹ ਅੱਡੇ ਹੀ ਰਹਿ ਜਾਣਗੇ ਕਿਉਂਕਿ ਦਰਿੰਦਾ ਅਤੇ ਵੱਡੀ ਬਾਬਲ ਦੋਸਤਾਂ ਵਾਂਗ ਹਨ। ਇਹ ਸਾਰੇ ਸ਼ਤਾਨ ਦੀ ਦੁਨੀਆਂ ਦਾ ਹਿੱਸਾ ਹਨ। ਇਹ ਘਟਨਾ ਕਦੋਂ ਹੋਵੇਗੀ? ਅਸੀਂ ਨਹੀਂ ਜਾਣਦੇ ਕਿ ਇਹ ਕਿਹੜੇ ਦਿਨ ਅਤੇ ਕਿਹੜੀ ਘੜੀ ਹੋਵੇਗੀ। (ਮੱਤੀ 24:36) ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਇਹ ਘੜੀ ਅਚਾਨਕ ਆਵੇਗੀ ਜਦੋਂ ਸਾਨੂੰ ਇਸ ਦੀ ਆਸ ਵੀ ਨਹੀਂ ਹੋਵੇਗੀ ਅਤੇ ਇਹ ਹਮਲਾ ਹੋਣ ਤੋਂ ਪਹਿਲਾਂ ਰਹਿੰਦਾ ਸਮਾਂ ਘਟਾਇਆ ਗਿਆ ਹੈ। (ਮੱਤੀ 24:44; 1 ਕੁਰਿੰ. 7:29) ਤਾਂ ਫਿਰ ਇਹ ਜ਼ਰੂਰੀ ਹੈ ਕਿ ਅਸੀਂ ਤਿਆਰ ਰਹੀਏ ਤਾਂਕਿ ਜਦ ਇਹ ਹਮਲਾ ਹੋਵੇਗਾ ਅਤੇ ਮਸੀਹ ਸਜ਼ਾ ਦੇਣ ਆਵੇਗਾ, ਤਾਂ ਉਹ ਸਾਨੂੰ ਬਚਾਵੇ! (ਲੂਕਾ 21:28) ਇਹ ਤਿਆਰੀ ਕਰਨ ਵਾਸਤੇ ਅਸੀਂ ਪਰਮੇਸ਼ੁਰ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਤੋਂ ਕੁਝ ਸਿੱਖ ਸਕਦੇ ਹਾਂ ਜੋ ਤਿਆਰ ਰਹੇ ਅਤੇ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਦੇ ਚਸ਼ਮਦੀਦ ਗਵਾਹ ਬਣੇ। ਕੀ ਅਸੀਂ ਇਨ੍ਹਾਂ ਮਿਸਾਲਾਂ ਉੱਤੇ ਚੱਲਾਂਗੇ?
ਨੂਹ ਦੀ ਤਰ੍ਹਾਂ ਤਿਆਰ ਰਹੋ
3. ਕਿਹੜੇ ਹਾਲਾਤਾਂ ਕਾਰਨ ਨੂਹ ਲਈ ਪਰਮੇਸ਼ੁਰ ਦੀ ਸੇਵਾ ਵਫ਼ਾਦਾਰੀ ਨਾਲ ਕਰਨੀ ਇਕ ਚੁਣੌਤੀ ਸੀ?
3 ਨੂਹ ਦੀ ਜ਼ਿੰਦਗੀ ਦੇ ਦਿਨਾਂ ਦੌਰਾਨ ਧਰਤੀ ਉੱਤੇ ਹਾਲਾਤ ਬਹੁਤ ਖ਼ਰਾਬ ਸਨ, ਫਿਰ ਵੀ ਉਹ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਦੇਖਣ ਲਈ ਤਿਆਰ ਰਿਹਾ। ਜ਼ਰਾ ਸੋਚੋ ਕਿ ਨੂਹ ਨੂੰ ਕਿੰਨੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ ਹੋਣਾ ਜਦੋਂ ਬਗਾਵਤੀ ਦੂਤਾਂ ਨੇ ਮਨੁੱਖਾਂ ਦਾ ਰੂਪ ਧਾਰਿਆ ਅਤੇ ਸੋਹਣੀਆਂ ਤੀਵੀਆਂ ਨਾਲ ਵਸਣ ਲੱਗੇ! ਇਨ੍ਹਾਂ ਗ਼ੈਰ-ਕੁਦਰਤੀ ਸੰਬੰਧਾਂ ਕਾਰਨ ਅਸਾਧਾਰਣ ਔਲਾਦ ਯਾਨੀ “ਸੂਰਬੀਰ” ਪੈਦਾ ਹੋਏ ਜੋ ਆਪਣੀ ਤਾਕਤ ਦਾ ਇਸਤੇਮਾਲ ਕਰ ਕੇ ਦੂਜਿਆਂ ਨਾਲ ਧੱਕੇਸ਼ਾਹੀ ਕਰਦੇ ਸਨ। (ਉਤ. 6:4) ਸੋਚੋ ਕਿ ਕਿੰਨੀ ਹਿੰਸਾ ਫੈਲੀ ਹੋਣੀ ਜਦੋਂ ਇਨ੍ਹਾਂ ਦੈਂਤਾਂ ਨੇ ਥਾਂ-ਥਾਂ ਜਾ ਕੇ ਹੁੜਦੰਗ ਮਚਾਇਆ ਹੋਣਾ। ਨਤੀਜੇ ਵਜੋਂ ਹਰ ਪਾਸੇ ਬੁਰਾਈ ਦਾ ਬੋਲਬਾਲਾ ਸੀ ਅਤੇ ਇਨਸਾਨਾਂ ਦੀ ਸੋਚ ਅਤੇ ਰਵੱਈਆ ਪੂਰੀ ਤਰ੍ਹਾਂ ਵਿਗੜ ਗਿਆ। ਫਿਰ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਇਕ ਸਮੇਂ ਦਾ ਐਲਾਨ ਕੀਤਾ ਜਦੋਂ ਉਸ ਨੇ ਬੁਰੇ ਲੋਕਾਂ ਦਾ ਨਾਸ਼ ਕਰਨਾ ਸੀ।—ਉਤਪਤ 6:3, 5, 11, 12 ਪੜ੍ਹੋ।a
4, 5. ਕਿਨ੍ਹਾਂ ਤਰੀਕਿਆਂ ਨਾਲ ਸਾਡੇ ਦਿਨਾਂ ਦੇ ਹਾਲਾਤ ਨੂਹ ਦੇ ਜ਼ਮਾਨੇ ਵਰਗੇ ਹਨ?
4 ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਡੇ ਜ਼ਮਾਨੇ ਦੇ ਹਾਲਾਤ ਨੂਹ ਦੇ ਦਿਨਾਂ ਵਰਗੇ ਹੋਣਗੇ। (ਮੱਤੀ 24:37) ਮਿਸਾਲ ਲਈ ਅਸੀਂ ਵੀ ਅੱਜ ਦੁਸ਼ਟ ਦੂਤਾਂ ਦਾ ਅਸਰ ਦੇਖਦੇ ਹਾਂ। (ਪਰ. 12:7-9, 12) ਇਨ੍ਹਾਂ ਦੁਸ਼ਟ ਦੂਤਾਂ ਨੇ ਨੂਹ ਦੇ ਦਿਨਾਂ ਵਿਚ ਮਨੁੱਖੀ ਰੂਪ ਧਾਰੇ ਸਨ। ਭਾਵੇਂ ਕਿ ਉਹ ਹੁਣ ਮਨੁੱਖੀ ਰੂਪ ਨਹੀਂ ਧਾਰ ਸਕਦੇ, ਫਿਰ ਵੀ ਉਹ ਵੱਡਿਆਂ ਤੋਂ ਲੈ ਕੇ ਛੋਟਿਆਂ ਤਾਈਂ ਹਰ ਕਿਸੇ ਨੂੰ ਆਪਣੇ ਵੱਸ ਵਿਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਲੋਕੀ ਇਨ੍ਹਾਂ ਦੁਸ਼ਟ ਦੂਤਾਂ ਤੋਂ ਬੇਖ਼ਬਰ ਹਨ। ਇਨ੍ਹਾਂ ਨੂੰ ਬੁਰਾਈ ਅਤੇ ਉਨ੍ਹਾਂ ਲੋਕਾਂ ਦੇ ਭੈੜੇ ਕੰਮ ਦੇਖ ਕੇ ਮਜ਼ਾ ਆਉਂਦਾ ਹੈ ਜਿਨ੍ਹਾਂ ਨੂੰ ਇਹ ਵਿਗਾੜ ਸਕਦੇ ਹਨ।—ਅਫ਼. 6:11, 12.
5 ਪਰਮੇਸ਼ੁਰ ਦੇ ਬਚਨ ਵਿਚ ਕਿਹਾ ਗਿਆ ਹੈ ਕਿ ਸ਼ਤਾਨ “ਮਨੁੱਖ ਘਾਤਕ” ਹੈ ਅਤੇ ਉਸ ਦੇ “ਵੱਸ ਵਿੱਚ ਮੌਤ ਹੈ।” (ਯੂਹੰ. 8:44; ਇਬ. 2:14) ਪਰ ਉਸ ਵਿਚ ਇੰਨੀ ਤਾਕਤ ਨਹੀਂ ਹੈ ਕਿ ਉਹ ਸਿੱਧੇ ਤੌਰ ਤੇ ਜਿਸ ਕਿਸੇ ਨੂੰ ਵੀ ਮਾਰਨਾ ਚਾਹੇ ਮਾਰ ਸਕਦਾ ਹੈ। ਫਿਰ ਵੀ ਇਹ ਵਹਿਸ਼ੀ ਦੂਤ ਲੋਕਾਂ ਨੂੰ ਉਹ ਕੰਮ ਕਰਨ ਲਈ ਲੁਭਾਉਂਦਾ ਹੈ ਜਿਨ੍ਹਾਂ ਕਾਰਨ ਲੋਕ ਆਪ ਹੀ ਦੁਖੀ ਹੁੰਦੇ ਹਨ ਅਤੇ ਮਰਦੇ ਹਨ। ਉਹ ਲੋਕਾਂ ਦੇ ਦਿਲਾਂ-ਦਿਮਾਗਾਂ ਵਿਚ ਇਹ ਵੀ ਪਾਉਂਦਾ ਹੈ ਕਿ ਉਹ ਦੂਜਿਆਂ ਦਾ ਕਤਲ ਕਰਨ। ਮਿਸਾਲ ਲਈ ਅਮਰੀਕਾ ਵਿਚ ਪੈਦਾ ਹੁੰਦੇ 142 ਬੱਚਿਆਂ ਵਿੱਚੋਂ ਇਕ ਦਾ ਕਤਲ ਜ਼ਰੂਰ ਹੋਵੇਗਾ। ਬਿਨਾਂ ਮਤਲਬ ਦੇ ਫੈਲੀ ਇੰਨੀ ਹਿੰਸਾ ਵੱਲ ਤੁਹਾਡੇ ਖ਼ਿਆਲ ਨਾਲ ਕੀ ਯਹੋਵਾਹ ਨੂਹ ਦੇ ਜ਼ਮਾਨੇ ਨਾਲੋਂ ਘੱਟ ਧਿਆਨ ਦੇਵੇਗਾ? ਕੀ ਉਹ ਕੁਝ ਨਹੀਂ ਕਰੇਗਾ?
6, 7. ਨੂਹ ਅਤੇ ਉਸ ਦੇ ਪਰਿਵਾਰ ਨੇ ਪਰਮੇਸ਼ੁਰ ਉੱਤੇ ਨਿਹਚਾ ਅਤੇ ਉਸ ਦਾ ਭੈ ਕਿਵੇਂ ਦਿਖਾਇਆ?
6 ਸਮਾਂ ਆਉਣ ਤੇ ਨੂਹ ਨੂੰ ਪਰਮੇਸ਼ੁਰ ਦਾ ਫ਼ੈਸਲਾ ਸੁਣਾਇਆ ਗਿਆ ਕਿ ਉਹ ਧਰਤੀ ਉੱਤੇ ਜਲ-ਪਰਲੋ ਲਿਆਵੇਗਾ ਅਤੇ ਸਾਰੇ ਸਰੀਰਾਂ ਦਾ ਨਾਸ਼ ਕਰ ਦੇਵੇਗਾ। (ਉਤ. 6:13, 17) ਯਹੋਵਾਹ ਨੇ ਨੂਹ ਨੂੰ ਵੱਡੇ ਸਾਰੇ ਸੰਦੂਕ ਵਰਗੀ ਇਕ ਕਿਸ਼ਤੀ ਬਣਾਉਣ ਲਈ ਕਿਹਾ। ਨੂਹ ਅਤੇ ਉਸ ਦਾ ਪਰਿਵਾਰ ਕਿਸ਼ਤੀ ਬਣਾਉਣ ਲੱਗ ਪਿਆ। ਕਿਸ ਗੱਲ ਦੀ ਮਦਦ ਸਦਕਾ ਉਹ ਆਗਿਆਕਾਰ ਅਤੇ ਤਿਆਰ ਰਹੇ ਜਦੋਂ ਪਰਮੇਸ਼ੁਰ ਨੇ ਲੋਕਾਂ ਨੂੰ ਸਜ਼ਾ ਦਿੱਤੀ?
7 ਪਰਮੇਸ਼ੁਰ ਉੱਤੇ ਪੱਕੀ ਨਿਹਚਾ ਅਤੇ ਉਸ ਦਾ ਭੈ ਰੱਖਣ ਕਾਰਨ ਨੂਹ ਅਤੇ ਉਸ ਦੇ ਪਰਿਵਾਰ ਨੇ ਉਵੇਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। (ਉਤ. 6:22; ਇਬ. 11:7) ਪਰਿਵਾਰ ਦੇ ਮੁਖੀ ਵਜੋਂ ਨੂਹ ਪਰਮੇਸ਼ੁਰ ਦੇ ਕਰੀਬ ਰਿਹਾ ਅਤੇ ਉਨ੍ਹਾਂ ਬੁਰੇ ਕੰਮਾਂ ਵਿਚ ਨਹੀਂ ਪਿਆ ਜੋ ਉਸ ਦੇ ਆਲੇ-ਦੁਆਲੇ ਦੇ ਲੋਕ ਕਰਦੇ ਸਨ। (ਉਤ. 6:9) ਉਹ ਜਾਣਦਾ ਸੀ ਕਿ ਉਸ ਦੇ ਪਰਿਵਾਰ ਨੂੰ ਲੜਾਈ-ਝਗੜੇ ਅਤੇ ਲੋਕਾਂ ਦੇ ਅੜਬ ਰਵੱਈਏ ਨੂੰ ਅਪਣਾਉਣ ਤੋਂ ਦੂਰ ਰਹਿਣ ਦੀ ਲੋੜ ਸੀ। ਉਨ੍ਹਾਂ ਵਾਸਤੇ ਜ਼ਰੂਰੀ ਸੀ ਕਿ ਉਹ ਜ਼ਿੰਦਗੀ ਦੇ ਰੋਜ਼ਮੱਰਾ ਦੇ ਕੰਮਾਂ ਵਿਚ ਨਾ ਰੁੱਝੇ ਰਹਿਣ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕੰਮ ਕਰਨ ਨੂੰ ਦਿੱਤਾ ਸੀ ਅਤੇ ਸਾਰੇ ਪਰਿਵਾਰ ਲਈ ਇਸ ਕੰਮ ਨੂੰ ਪਹਿਲ ਦੇਣੀ ਜ਼ਰੂਰੀ ਸੀ।—ਉਤਪਤ 6:14, 18 ਪੜ੍ਹੋ।
ਨੂਹ ਅਤੇ ਉਸ ਦਾ ਪਰਿਵਾਰ ਤਿਆਰ ਰਹੇ
8. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਨੂਹ ਦੇ ਪਰਿਵਾਰ ਦੇ ਮੈਂਬਰ ਪਰਮੇਸ਼ੁਰ ਦੀ ਭਗਤੀ ਕਰਦੇ ਸਨ?
8 ਬਾਈਬਲ ਦਾ ਬਿਰਤਾਂਤ ਪਰਿਵਾਰ ਦੇ ਮੁਖੀ ਨੂਹ ਉੱਤੇ ਜ਼ਿਆਦਾ ਧਿਆਨ ਦਿੰਦਾ ਹੈ, ਪਰ ਨੂਹ ਦੀ ਪਤਨੀ, ਉਸ ਦੇ ਪੁੱਤਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਯਹੋਵਾਹ ਦੀ ਭਗਤੀ ਕਰਦੀਆਂ ਸਨ। ਇਸ ਗੱਲ ਦਾ ਸਬੂਤ ਨਬੀ ਹਿਜ਼ਕੀਏਲ ਨੇ ਦਿੱਤਾ। ਉਸ ਨੇ ਕਿਹਾ ਕਿ ਜੇ ਨੂਹ ਹਿਜ਼ਕੀਏਲ ਦੇ ਜ਼ਮਾਨੇ ਵਿਚ ਜੀਉਂਦਾ ਹੁੰਦਾ, ਤਾਂ ਉਸ ਦੇ ਬੱਚੇ ਆਪਣੇ ਪਿਤਾ ਦੀ ਧਾਰਮਿਕਤਾ ਦੇ ਆਧਾਰ ਉੱਤੇ ਬਚਣ ਦੀ ਉਮੀਦ ਨਹੀਂ ਰੱਖ ਸਕਦੇ ਸਨ। ਉਨ੍ਹਾਂ ਦੀ ਇੰਨੀ ਉਮਰ ਤਾਂ ਜ਼ਰੂਰ ਸੀ ਕਿ ਉਹ ਆਗਿਆਕਾਰ ਰਹਿਣ ਜਾਂ ਨਾ ਰਹਿਣ ਦਾ ਫ਼ੈਸਲਾ ਕਰ ਸਕਦੇ ਸਨ। ਇਸ ਲਈ ਉਨ੍ਹਾਂ ਨੇ ਖ਼ੁਦ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਪਰਮੇਸ਼ੁਰ ਅਤੇ ਉਸ ਦੇ ਰਾਹਾਂ ਨੂੰ ਪਿਆਰ ਕਰਦੇ ਸਨ। (ਹਿਜ਼. 14:19, 20) ਨੂਹ ਦੇ ਪਰਿਵਾਰ ਨੇ ਉਸ ਦੀਆਂ ਹਿਦਾਇਤਾਂ ਨੂੰ ਮੰਨਿਆ, ਉਸ ਵਾਂਗ ਨਿਹਚਾ ਕੀਤੀ ਅਤੇ ਦੂਜਿਆਂ ਦੇ ਪ੍ਰਭਾਵ ਥੱਲੇ ਆ ਕੇ ਪਰਮੇਸ਼ੁਰ ਦਾ ਕੰਮ ਕਰਨਾ ਨਹੀਂ ਛੱਡਿਆ।
9. ਅੱਜ ਅਸੀਂ ਨੂਹ ਵਰਗੀ ਨਿਹਚਾ ਦੀਆਂ ਕਿਹੜੀਆਂ ਮਿਸਾਲਾਂ ਦੇਖ ਸਕਦੇ ਹਾਂ?
9 ਇਹ ਦੇਖ ਕੇ ਕਿੰਨਾ ਉਤਸ਼ਾਹ ਮਿਲਦਾ ਹੈ ਕਿ ਵਿਸ਼ਵ-ਵਿਆਪੀ ਭਾਈਚਾਰੇ ਵਿਚ ਪਰਿਵਾਰਾਂ ਦੇ ਮੁਖੀ ਨੂਹ ਦੀ ਰੀਸ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ! ਉਹ ਜਾਣਦੇ ਹਨ ਕਿ ਆਪਣੇ ਪਰਿਵਾਰਾਂ ਨੂੰ ਸਿਰਫ਼ ਰੋਟੀ, ਕੱਪੜਾ, ਮਕਾਨ ਦੇਣਾ ਅਤੇ ਪੜ੍ਹਾਉਣਾ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਵੀ ਦੇਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਉਹ ਦਿਖਾਉਂਦੇ ਹਨ ਕਿ ਉਹ ਯਹੋਵਾਹ ਦੇ ਦਿਨ ਲਈ ਤਿਆਰ ਹਨ ਜੋ ਜਲਦੀ ਹੀ ਆਉਣ ਵਾਲਾ ਹੈ।
10, 11. (ੳ) ਕਿਸ਼ਤੀ ਅੰਦਰ ਹੁੰਦਿਆਂ ਨੂਹ ਅਤੇ ਉਸ ਦੇ ਪਰਿਵਾਰ ਨੇ ਬਿਨਾਂ ਸ਼ੱਕ ਕਿਵੇਂ ਮਹਿਸੂਸ ਕੀਤਾ? (ਅ) ਸਾਡੇ ਲਈ ਆਪਣੇ ਤੋਂ ਕਿਹੜਾ ਸਵਾਲ ਪੁੱਛਣਾ ਚੰਗਾ ਹੋਵੇਗਾ?
10 ਨੂਹ, ਉਸ ਦੀ ਪਤਨੀ, ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਕਿਸ਼ਤੀ ਬਣਾਉਣ ਵਿਚ ਤਕਰੀਬਨ 50 ਸਾਲ ਲੱਗੇ। ਕਿਸ਼ਤੀ ਬਣਾਉਂਦੇ ਸਮੇਂ ਉਹ ਕਿੰਨੀ ਹੀ ਵਾਰ ਇਸ ਦੇ ਅੰਦਰ-ਬਾਹਰ ਗਏ ਹੋਣੇ। ਉਨ੍ਹਾਂ ਨੇ ਇਸ ਨੂੰ ਲਿੱਪਿਆ ਤਾਂਕਿ ਪਾਣੀ ਅੰਦਰ ਨਾ ਜਾ ਸਕੇ, ਇਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਰੱਖੀਆਂ ਅਤੇ ਜਾਨਵਰਾਂ ਨੂੰ ਅੰਦਰ ਲਿਆਂਦਾ। ਹੁਣ ਜ਼ਰਾ ਇਸ ਸੀਨ ਦੀ ਕਲਪਨਾ ਕਰੋ। 2370 ਈਸਵੀ ਪੂਰਵ ਸਾਲ ਦੇ ਦੂਜੇ ਮਹੀਨੇ ਦੇ 17ਵੇਂ ਦਿਨ ਅਖ਼ੀਰ ਜਲ-ਪਰਲੋ ਆ ਗਈ। ਉਹ ਸਾਰੇ ਕਿਸ਼ਤੀ ਵਿਚ ਚਲੇ ਗਏ। ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇਹ ਕੋਈ ਆਮ ਭਾਰੀ ਵਰਖਾ ਨਹੀਂ ਸੀ। ਮੋਹਲੇਧਾਰ ਵਰਖਾ ਇੰਜ ਹੋ ਰਹੀ ਸੀ ਜਿਵੇਂ ਸਮੁੰਦਰ ਆਕਾਸ਼ ਤੋਂ ਡਿੱਗ ਪਿਆ ਹੋਵੇ। ਪਾਣੀ ਤਾੜ-ਤਾੜ ਕਿਸ਼ਤੀ ਉੱਪਰ ਡਿੱਗ ਰਿਹਾ ਸੀ। (ਉਤ. 7:11, 16) ਕਿਸ਼ਤੀ ਦੇ ਬਾਹਰ ਲੋਕ ਮਰ ਰਹੇ ਸਨ ਜਦਕਿ ਕਿਸ਼ਤੀ ਦੇ ਅੰਦਰਲੇ ਲੋਕ ਬਚਾਏ ਗਏ ਸਨ। ਨੂਹ ਦੇ ਪਰਿਵਾਰ ਨੇ ਕਿਵੇਂ ਮਹਿਸੂਸ ਕੀਤਾ ਹੋਵੇਗਾ? ਉਨ੍ਹਾਂ ਨੇ ਪਰਮੇਸ਼ੁਰ ਦਾ ਲੱਖ-ਲੱਖ ਸ਼ੁਕਰ ਕੀਤਾ ਹੋਵੇਗਾ। ਪਰ ਬਿਨਾਂ ਸ਼ੱਕ ਉਨ੍ਹਾਂ ਨੇ ਇਹ ਵੀ ਸੋਚਿਆ, ‘ਸਾਨੂੰ ਇਸ ਗੱਲ ਦੀ ਕਿੰਨੀ ਖ਼ੁਸ਼ੀ ਹੈ ਕਿ ਅਸੀਂ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲੇ ਅਤੇ ਤਿਆਰ ਰਹੇ!’ (ਉਤ. 6:9) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਆਰਮਾਗੇਡਨ ਦੇ ਦੂਜੇ ਪਾਸੇ ਹੋ ਅਤੇ ਤੁਹਾਡੇ ਦਿਲ ਇਹੋ ਜਿਹੀ ਸ਼ੁਕਰਗੁਜ਼ਾਰੀ ਨਾਲ ਭਰੇ ਹੋਏ ਹਨ?
11 ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਇਸ ਸ਼ਤਾਨੀ ਦੁਨੀਆਂ ਦਾ ਅੰਤ ਕਰਨ ਬਾਰੇ ਕੀਤੇ ਵਾਅਦੇ ਨੂੰ ਪੂਰਾ ਕਰਨ ਤੋਂ ਕੁਝ ਵੀ ਨਹੀਂ ਰੋਕ ਸਕਦਾ। ਇਸ ਲਈ ਆਪਣੇ ਤੋਂ ਪੁੱਛੋ, ‘ਕੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਦੇ ਵਾਅਦਿਆਂ ਦੀ ਨਿੱਕੀ-ਨਿੱਕੀ ਗੱਲ ਵੀ ਪੂਰੀ ਹੋਵੇਗੀ ਅਤੇ ਇਹ ਸਾਰੇ ਵਾਅਦੇ ਉਸ ਦੇ ਨਿਰਧਾਰਿਤ ਸਮੇਂ ਤੇ ਪੂਰੇ ਹੋਣਗੇ?’ ਜੇ ਹਾਂ, ਤਾਂ ਤੇਜ਼ੀ ਨਾਲ ਆ ਰਹੇ “ਪਰਮੇਸ਼ੁਰ ਦੇ ਉਸ ਦਿਨ” ਨੂੰ ਧਿਆਨ ਵਿਚ ਰੱਖਣ ਦੁਆਰਾ ਤਿਆਰ ਰਹੋ।—2 ਪਤ. 3:12.
ਮੂਸਾ ਸੁਚੇਤ ਰਿਹਾ
12. ਕਿਹੜੀਆਂ ਚੀਜ਼ਾਂ ਮੂਸਾ ਦਾ ਧਿਆਨ ਭਟਕਾ ਸਕਦੀਆਂ ਸਨ?
12 ਆਓ ਆਪਾਂ ਇਕ ਹੋਰ ਮਿਸਾਲ ਉੱਤੇ ਗੌਰ ਕਰੀਏ। ਇਨਸਾਨੀ ਨਜ਼ਰੀਏ ਤੋਂ ਲੱਗਦਾ ਹੈ ਕਿ ਮੂਸਾ ਕੋਲ ਮਿਸਰ ਵਿਚ ਬਹੁਤ ਹੀ ਉੱਚੀ ਪਦਵੀ ਸੀ। ਫ਼ਿਰਊਨ ਦੀ ਧੀ ਦੇ ਗੋਦ ਲਏ ਹੋਏ ਪੁੱਤਰ ਵਜੋਂ ਉਸ ਦਾ ਬਹੁਤ ਹੀ ਆਦਰ-ਮਾਣ ਕੀਤਾ ਜਾਂਦਾ ਸੀ, ਉਹ ਸ਼ਾਹੀ ਖਾਣੇ ਖਾਂਦਾ ਸੀ, ਵਧੀਆ ਤੋਂ ਵਧੀਆ ਕੱਪੜੇ ਪਾਉਂਦਾ ਸੀ ਤੇ ਮਹਿਲ ਵਿਚ ਰਹਿੰਦਾ ਸੀ। ਉਸ ਨੇ ਉੱਚ ਵਿੱਦਿਆ ਹਾਸਲ ਕੀਤੀ ਸੀ। (ਰਸੂਲਾਂ ਦੇ ਕਰਤੱਬ 7:20-22 ਪੜ੍ਹੋ।) ਉਸ ਨੂੰ ਬਹੁਤ ਵੱਡੀ ਵਿਰਾਸਤ ਮਿਲ ਸਕਦੀ ਸੀ।
13. ਮੂਸਾ ਨੇ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਧਿਆਨ ਕਿਵੇਂ ਲਾਈ ਰੱਖਿਆ?
13 ਲੱਗਦਾ ਹੈ ਕਿ ਬਚਪਨ ਵਿਚ ਆਪਣੇ ਮਾਪਿਆਂ ਤੋਂ ਮਿਲੀ ਸਿੱਖਿਆ ਦੀ ਮਦਦ ਨਾਲ ਮੂਸਾ ਸਮਝ ਸਕਿਆ ਕਿ ਮਿਸਰ ਵਿਚ ਕੀਤੀ ਜਾ ਰਹੀ ਮੂਰਤੀ ਪੂਜਾ ਮੂਰਖਤਾ ਸੀ। (ਕੂਚ 32:8) ਮਿਸਰ ਦੀ ਉੱਚ ਸਿੱਖਿਆ ਅਤੇ ਸ਼ਾਹੀ ਘਰਾਣੇ ਦੀ ਠਾਠ-ਬਾਠ ਉਸ ਨੂੰ ਸੱਚੀ ਭਗਤੀ ਕਰਨ ਤੋਂ ਨਹੀਂ ਰੋਕ ਸਕੀ। ਉਸ ਨੇ ਆਪਣੇ ਦਾਦੇ-ਪੜਦਾਦਿਆਂ ਨਾਲ ਕੀਤੇ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਡੂੰਘਾਈ ਨਾਲ ਮਨਨ ਕੀਤਾ ਹੋਵੇਗਾ ਅਤੇ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਸਤੇ ਦਿਲੋਂ ਤਿਆਰ ਸੀ। ਇਸ ਲਈ ਮੂਸਾ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਯਹੋਵਾਹ . . . ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।”—ਕੂਚ 3:15-17 ਪੜ੍ਹੋ।
14. ਮੂਸਾ ਦੀ ਨਿਹਚਾ ਅਤੇ ਦਲੇਰੀ ਦੀ ਕਿਵੇਂ ਪਰੀਖਿਆ ਹੋਈ?
14 ਮਿਸਰ ਦੇ ਬੇਜਾਨ ਦੇਵੀ-ਦੇਵਤਿਆਂ ਦੀਆਂ ਸਾਰੀਆਂ ਮੂਰਤਾਂ ਦੇ ਉਲਟ ਸੱਚਾ ਪਰਮੇਸ਼ੁਰ ਯਹੋਵਾਹ ਮੂਸਾ ਲਈ ਅਸਲੀ ਸੀ। ਉਹ ਇਸ ਢੰਗ ਨਾਲ ਜ਼ਿੰਦਗੀ ਜੀਉਂਦਾ ਸੀ ਜਿਵੇਂ ਕਿ ਉਹ ‘ਅਣਦੇਖੇ ਪਰਮੇਸ਼ੁਰ’ ਨੂੰ ਦੇਖ ਸਕਦਾ ਹੋਵੇ। (ਇਬ. 11:27, CL) ਮੂਸਾ ਨੂੰ ਵਿਸ਼ਵਾਸ ਸੀ ਕਿ ਪਰਮੇਸ਼ੁਰ ਦੇ ਲੋਕ ਆਜ਼ਾਦ ਕਰਵਾਏ ਜਾਣਗੇ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਕਦੋਂ। (ਇਬ. 11:24, 25) ਇਕ ਵਾਰ ਜਦੋਂ ਇਸਰਾਏਲੀ ਗ਼ੁਲਾਮ ਨੂੰ ਮਾਰਿਆ-ਕੁੱਟਿਆ ਜਾ ਰਿਹਾ ਸੀ, ਤਾਂ ਉਸ ਨੇ ਉਸ ਨੂੰ ਬਚਾਉਣ ਦੁਆਰਾ ਦਿਖਾਇਆ ਕਿ ਉਹ ਇਬਰਾਨੀਆਂ ਨੂੰ ਆਜ਼ਾਦ ਦੇਖਣ ਦੀ ਕਿੰਨੀ ਗਹਿਰੀ ਇੱਛਾ ਰੱਖਦਾ ਸੀ। (ਕੂਚ 2:11, 12) ਪਰ ਇਹ ਯਹੋਵਾਹ ਦੇ ਅਨੁਸਾਰ ਸਹੀ ਸਮਾਂ ਨਹੀਂ ਸੀ, ਇਸ ਲਈ ਮੂਸਾ ਨੂੰ ਦੂਰ ਕਿਸੇ ਦੇਸ਼ ਭੱਜ ਕੇ ਰਹਿਣਾ ਪਿਆ। ਬਿਨਾਂ ਸ਼ੱਕ ਮਿਸਰ ਵਿਚ ਮਹਿਲਾਂ ਦੀ ਆਰਾਮਦਾਇਕ ਜ਼ਿੰਦਗੀ ਛੱਡ ਕੇ ਉਜਾੜ ਵਿਚ ਰਹਿਣਾ ਉਸ ਲਈ ਔਖਾ ਸੀ। ਫਿਰ ਵੀ ਮੂਸਾ ਯਹੋਵਾਹ ਤੋਂ ਮਿਲਦੀ ਹਰ ਹਿਦਾਇਤ ਨੂੰ ਮੰਨਣ ਦੁਆਰਾ ਤਿਆਰ ਰਿਹਾ। ਇਸ ਲਈ ਮਿਦਯਾਨ ਵਿਚ 40 ਸਾਲ ਗੁਜ਼ਾਰਨ ਤੋਂ ਬਾਅਦ ਉਸ ਦੇ ਭਰਾਵਾਂ ਨੂੰ ਛੁਟਕਾਰਾ ਦਿਵਾਉਣ ਲਈ ਯਹੋਵਾਹ ਨੇ ਉਸ ਨੂੰ ਵਰਤਿਆ। ਪਰਮੇਸ਼ੁਰ ਦਾ ਨਿਰਦੇਸ਼ਨ ਮਿਲਣ ਤੇ ਮੂਸਾ ਵਾਪਸ ਮਿਸਰ ਨੂੰ ਚਲਾ ਗਿਆ। ਹੁਣ ਮੂਸਾ ਲਈ ਉਹ ਸਮਾਂ ਆ ਗਿਆ ਸੀ ਜਦੋਂ ਉਸ ਨੇ ਪਰਮੇਸ਼ੁਰ ਦਾ ਕੰਮ ਉਸੇ ਤਰ੍ਹਾਂ ਕਰਨਾ ਸੀ ਜਿਵੇਂ ਪਰਮੇਸ਼ੁਰ ਚਾਹੁੰਦਾ ਸੀ। (ਕੂਚ 3:2, 7, 8, 10) ਮਿਸਰ ਜਾ ਕੇ “ਸਾਰਿਆਂ ਆਦਮੀਆਂ ਨਾਲੋਂ ਬਹੁਤ ਅਧੀਨ” ਯਾਨੀ ਨਿਮਰ ਮੂਸਾ ਨੂੰ ਫ਼ਿਰਊਨ ਅੱਗੇ ਪੇਸ਼ ਹੋਣ ਲਈ ਨਿਹਚਾ ਅਤੇ ਦਲੇਰੀ ਦੀ ਲੋੜ ਸੀ। (ਗਿਣ. 12:3) ਉਹ ਫ਼ਿਰਊਨ ਅੱਗੇ ਸਿਰਫ਼ ਇਕ ਵਾਰ ਪੇਸ਼ ਨਹੀਂ ਸੀ ਹੋਇਆ, ਸਗੋਂ ਵਾਰ-ਵਾਰ ਹੋਇਆ ਜਿਉਂ-ਜਿਉਂ ਇਕ ਤੋਂ ਬਾਅਦ ਇਕ ਬਿਪਤਾ ਆਈ। ਉਸ ਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਬਿਪਤਾਵਾਂ ਦੌਰਾਨ ਕਿੰਨੀ ਵਾਰੀ ਉਸ ਨੂੰ ਫ਼ਿਰਊਨ ਅੱਗੇ ਪੇਸ਼ ਹੋਣ ਦੀ ਲੋੜ ਪੈਣੀ ਸੀ।
15. ਨਿਰਾਸ਼ਾ ਦੇ ਬਾਵਜੂਦ ਕਿਹੜੀ ਗੱਲ ਨੇ ਮੂਸਾ ਨੂੰ ਆਪਣੇ ਸਵਰਗੀ ਪਿਤਾ ਦੀ ਮਹਿਮਾ ਕਰਨ ਦੇ ਮੌਕਿਆਂ ਦੀ ਤਾਕ ਵਿਚ ਰਹਿਣ ਲਈ ਪ੍ਰੇਰਿਆ?
15 ਅਗਲੇ 40 ਸਾਲਾਂ ਤਾਈਂ ਯਾਨੀ 1513-1473 ਈਸਵੀ ਪੂਰਵ ਤਕ ਮੂਸਾ ਨੂੰ ਕਈ ਵਾਰ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਿਆ। ਫਿਰ ਵੀ ਉਹ ਯਹੋਵਾਹ ਦੀ ਮਹਿਮਾ ਕਰਨ ਦੇ ਮੌਕਿਆਂ ਦੀ ਤਾਕ ਵਿਚ ਰਹਿੰਦਾ ਸੀ ਅਤੇ ਉਸ ਨੇ ਆਪਣੇ ਨਾਲ ਦੇ ਇਸਰਾਏਲੀਆਂ ਨੂੰ ਵੀ ਇਸ ਤਰ੍ਹਾਂ ਕਰਨ ਦਾ ਦਿਲੋਂ ਉਤਸ਼ਾਹ ਦਿੱਤਾ। (ਬਿਵ. 31:1-8) ਕਿਉਂ? ਕਿਉਂਕਿ ਉਸ ਨੂੰ ਆਪਣੇ ਨਾਂ ਨਾਲੋਂ ਜ਼ਿਆਦਾ ਯਹੋਵਾਹ ਦੇ ਨਾਮ ਅਤੇ ਉਸ ਦੀ ਹਕੂਮਤ ਨਾਲ ਪਿਆਰ ਸੀ। (ਕੂਚ 32:10-13; ਗਿਣ. 14:11-16) ਸਾਨੂੰ ਵੀ ਨਿਰਾਸ਼ਾ ਦੇ ਬਾਵਜੂਦ ਪਰਮੇਸ਼ੁਰ ਦੀ ਹਕੂਮਤ ਦੀ ਹਿਮਾਇਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਨੂੰ ਯਕੀਨ ਹੈ ਕਿ ਉਸ ਦਾ ਕੰਮ ਕਰਨ ਦਾ ਤਰੀਕਾ ਜ਼ਿਆਦਾ ਅਕਲਮੰਦੀ ਵਾਲਾ, ਜ਼ਿਆਦਾ ਧਰਮੀ ਅਤੇ ਹੋਰ ਕਿਸੇ ਵੀ ਤਰੀਕੇ ਨਾਲੋਂ ਬਿਹਤਰ ਹੈ। (ਯਸਾ. 55:8-11; ਯਿਰ. 10:23) ਕੀ ਤੁਸੀਂ ਇਸ ਤਰ੍ਹਾਂ ਸੋਚਦੇ ਹੋ?
ਜਾਗਦੇ ਰਹੋ!
16, 17. ਮਰਕੁਸ 13:35-37 ਤੁਹਾਡੇ ਲਈ ਕਿਉਂ ਬਹੁਤ ਮਾਅਨੇ ਰੱਖਦਾ ਹੈ?
16 ‘ਖ਼ਬਰਦਾਰ, ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ।’ (ਮਰ. 13:33) ਯਿਸੂ ਨੇ ਇਹ ਚੇਤਾਵਨੀ ਉਦੋਂ ਦਿੱਤੀ ਸੀ ਜਦੋਂ ਉਹ ਇਸ ਦੁਨੀਆਂ ਦੇ ਅੰਤ ਦੇ ਲੱਛਣ ਦੀ ਗੱਲ ਕਰ ਰਿਹਾ ਸੀ। ਮਰਕੁਸ ਵੱਲੋਂ ਦਰਜ ਕੀਤੀ ਯਿਸੂ ਦੀ ਮਹਾਨ ਭਵਿੱਖਬਾਣੀ ਦੇ ਅਖ਼ੀਰਲੇ ਸ਼ਬਦਾਂ ਵੱਲ ਧਿਆਨ ਦਿਓ: “ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਭਈ ਘਰ ਦਾ ਮਾਲਕ ਕਦ ਆਵੇਗਾ, ਸੰਝ ਨੂੰ ਯਾ ਅੱਧੀ ਰਾਤ ਨੂੰ ਯਾ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਯਾ ਤੜਕੇ ਨੂੰ। ਤਾਂ ਅਜਿਹਾ ਨਾ ਹੋਵੇ ਜੋ ਅਚਾਣਕ ਆਣ ਕੇ ਤੁਹਾਨੂੰ ਸੁੱਤੇ ਵੇਖੇ। ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ!”—ਮਰ. 13:35-37.
17 ਯਿਸੂ ਦੀ ਦਿੱਤੀ ਇਸ ਹੱਲਾਸ਼ੇਰੀ ਬਾਰੇ ਸਾਨੂੰ ਧਿਆਨ ਨਾਲ ਸੋਚਣ ਦੀ ਲੋੜ ਹੈ। ਉਸ ਨੇ ਰਾਤ ਦੇ ਚਾਰ ਵੱਖੋ-ਵੱਖ ਪਹਿਰਾਂ ਦਾ ਜ਼ਿਕਰ ਕੀਤਾ। ਆਖ਼ਰੀ ਪਹਿਰ ਦੌਰਾਨ ਜਾਗਦੇ ਰਹਿਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਇਹ ਤੜਕੇ ਤਿੰਨ ਵਜੇ ਤੋਂ ਲੈ ਕੇ ਸੂਰਜ ਚੜ੍ਹਨ ਤਕ ਦਾ ਸਮਾਂ ਹੁੰਦਾ ਹੈ। ਜੰਗਬਾਜ਼ ਇਸ ਸਮੇਂ ਨੂੰ ਦੁਸ਼ਮਣ ਉੱਤੇ ਹਮਲਾ ਕਰਨ ਲਈ ਬਹੁਤ ਵਧੀਆ ਸਮਾਂ ਮੰਨਦੇ ਹਨ ਕਿਉਂਕਿ ਇਹ ਸਮਾਂ ਦੁਸ਼ਮਣਾਂ ਨੂੰ “ਸੁੱਤੇ ਹੋਏ” ਫੜਨ ਦਾ ਸਭ ਤੋਂ ਵਧੀਆ ਮੌਕਾ ਹੁੰਦਾ ਹੈ। ਇਸੇ ਤਰ੍ਹਾਂ ਹੁਣ ਸਾਨੂੰ ਜਾਗਦੇ ਰਹਿਣ ਲਈ ਸਭ ਤੋਂ ਵੱਡਾ ਸੰਘਰਸ਼ ਕਰਨਾ ਪੈ ਸਕਦਾ ਹੈ ਜਦੋਂ ਦੁਨੀਆਂ ਡੂੰਘੀ ਨੀਂਦੇ ਸੁੱਤੀ ਪਈ ਹੈ ਕਿਉਂਕਿ ਇਹ ਰਾਜ ਦਾ ਸੰਦੇਸ਼ ਨਹੀਂ ਸੁਣਦੀ। ਕੀ ਸਾਨੂੰ ਕੋਈ ਸ਼ੱਕ ਹੈ ਕਿ ਆਉਣ ਵਾਲੇ ਅੰਤ ਅਤੇ ਆਪਣੇ ਬਚਾਅ ਲਈ ਸਾਨੂੰ ‘ਜਾਗਦੇ ਰਹਿਣ’ ਅਤੇ ‘ਖ਼ਬਰਦਾਰ’ ਰਹਿਣ ਦੀ ਲੋੜ ਹੈ?
18. ਯਹੋਵਾਹ ਦੇ ਗਵਾਹਾਂ ਵਜੋਂ ਸਾਡੇ ਕੋਲ ਕਿਹੜਾ ਬਹੁਮੁੱਲਾ ਸਨਮਾਨ ਹੈ?
18 ਸ਼ੁਰੂ ਵਿਚ ਜ਼ਿਕਰ ਕੀਤਾ ਜਾਨਵਰਾਂ ਦਾ ਟ੍ਰੇਨਰ ਬੰਗਾਲੀ ਟਾਈਗਰ ਦੇ ਹਮਲੇ ਤੋਂ ਬਚ ਗਿਆ ਸੀ। ਪਰ ਬਾਈਬਲ ਦੀ ਭਵਿੱਖਬਾਣੀ ਸਾਫ਼-ਸਾਫ਼ ਦੱਸਦੀ ਹੈ ਕਿ ਆਉਣ ਵਾਲੇ ਅੰਤ ਵਿੱਚੋਂ ਨਾ ਤਾਂ ਝੂਠਾ ਧਰਮ ਅਤੇ ਨਾ ਹੀ ਬਾਕੀ ਦੀ ਇਹ ਦੁਸ਼ਟ ਦੁਨੀਆਂ ਬਚ ਸਕੇਗੀ। (ਪਰ. 18:4-8) ਸੋ ਪਰਮੇਸ਼ੁਰ ਦੇ ਵੱਡੇ ਅਤੇ ਛੋਟੇ ਸੇਵਕੋ, ਆਓ ਆਪਾਂ ਸਾਰੇ ਨੂਹ ਅਤੇ ਉਸ ਦੇ ਪਰਿਵਾਰ ਵਾਂਗ ਯਹੋਵਾਹ ਦੇ ਦਿਨ ਲਈ ਤਿਆਰ ਹੋਣ ਵਾਸਤੇ ਗੰਭੀਰਤਾ ਨਾਲ ਉਹ ਕੁਝ ਕਰੀਏ ਜੋ ਕੁਝ ਅਸੀਂ ਕਰ ਸਕਦੇ ਹਾਂ। ਅਸੀਂ ਪਰਮੇਸ਼ੁਰ ਦਾ ਨਿਰਾਦਰ ਕਰਨ ਵਾਲੀ ਦੁਨੀਆਂ ਵਿਚ ਰਹਿੰਦੇ ਹਾਂ ਜਿਸ ਵਿਚ ਝੂਠੇ ਧਰਮ ਦੇ ਸਿੱਖਿਅਕ, ਸੰਦੇਹਵਾਦੀ ਅਤੇ ਨਾਸਤਿਕਵਾਦੀ ਆਪਣੀ ਬੋਲ-ਬਾਣੀ ਨਾਲ ਸਿਰਜਣਹਾਰ ਦਾ ਮਖੌਲ ਉਡਾਉਂਦੇ ਹਨ। ਪਰ ਅਸੀਂ ਉਨ੍ਹਾਂ ਦੇ ਅਸਰ ਹੇਠ ਆਉਣ ਦੇ ਖ਼ਤਰੇ ਵਿਚ ਨਹੀਂ ਪੈਣਾ ਚਾਹੁੰਦੇ। ਆਓ ਆਪਾਂ ਉੱਪਰ ਜ਼ਿਕਰ ਕੀਤੀਆਂ ਮਿਸਾਲਾਂ ਦੀ ਰੀਸ ਕਰੀਏ ਅਤੇ ਯਹੋਵਾਹ ਬਾਰੇ ਗੱਲ ਕਰਨ ਤੇ ਉਸ ਦੀ ਮਹਿਮਾ ਕਰਨ ਦੇ ਮੌਕਿਆਂ ਦੀ ਤਾਕ ਵਿਚ ਰਹੀਏ ਜੋ “ਪਰਮੇਸ਼ੁਰਾਂ ਦਾ ਪਰਮੇਸ਼ੁਰ” ਅਤੇ “ਮਹਾਨ ਸ਼ਕਤੀਮਾਨ ਅਤੇ ਭੈ ਦਾਇਕ ਪਰਮੇਸ਼ੁਰ” ਹੈ।—ਬਿਵ. 10:17.
[ਫੁਟਨੋਟ]
a ਉਤਪਤ 6:3 ਵਿਚ ਜ਼ਿਕਰ ਕੀਤੇ “ਇੱਕ ਸੌ ਵੀਹ ਵਰਿਹਾਂ” ਸੰਬੰਧੀ 15 ਦਸੰਬਰ 2010 ਦੇ ਪਹਿਰਾਬੁਰਜ ਦਾ ਸਫ਼ਾ 30 ਦੇਖੋ।
ਕੀ ਤੁਹਾਨੂੰ ਯਾਦ ਹੈ?
• ਨੂਹ ਨੂੰ ਕਿਉਂ ਲੋੜ ਸੀ ਕਿ ਉਹ ਆਪਣੇ ਪਰਿਵਾਰ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣ ਨੂੰ ਪਹਿਲ ਦੇਵੇ?
• ਸਾਡਾ ਜ਼ਮਾਨਾ ਨੂਹ ਦੇ ਜ਼ਮਾਨੇ ਵਰਗਾ ਕਿਵੇਂ ਹੈ?
• ਕਈ ਵਾਰ ਨਿਰਾਸ਼ ਹੋਣ ਦੇ ਬਾਵਜੂਦ ਮੂਸਾ ਨੇ ਆਪਣੀਆਂ ਨਜ਼ਰਾਂ ਯਹੋਵਾਹ ਦੇ ਵਾਅਦਿਆਂ ਉੱਤੇ ਕਿਉਂ ਟਿਕਾਈ ਰੱਖੀਆਂ?
• ਬਾਈਬਲ ਦੀਆਂ ਕਿਹੜੀਆਂ ਭਵਿੱਖਬਾਣੀਆਂ ਤੁਹਾਨੂੰ ਜਾਗਦੇ ਰਹਿਣ ਲਈ ਪ੍ਰੇਰਦੀਆਂ ਹਨ?
[ਸਫ਼ਾ 25 ਉੱਤੇ ਤਸਵੀਰ]
ਨੂਹ ਅਤੇ ਉਸ ਦੇ ਪਰਿਵਾਰ ਨੇ ਯਹੋਵਾਹ ਦਾ ਕੰਮ ਕਰਨ ਉੱਤੇ ਧਿਆਨ ਲਾਈ ਰੱਖਿਆ
[ਸਫ਼ਾ 26 ਉੱਤੇ ਤਸਵੀਰ]
ਪਰਮੇਸ਼ੁਰ ਦੇ ਪੱਕੇ ਵਾਅਦਿਆਂ ਦੀ ਮਦਦ ਨਾਲ ਮੂਸਾ ਜਾਗਦਾ ਰਿਹਾ