ਪਰਮੇਸ਼ੁਰ ਨੂੰ ਜਾਣੋ
ਜਦ ਬਜ਼ੁਰਗ ਫਿਰ ਤੋਂ ਜਵਾਨ ਹੋ ਜਾਣਗੇ
ਸਾਡੇ ਵਿੱਚੋਂ ਕੌਣ ਬਜ਼ੁਰਗ ਹੋਣਾ ਚਾਹੁੰਦਾ ਹੈ ਜਦ ਚਮੜੀ ਤੇ ਝੁਰੜੀਆਂ ਪੈਣ ਲੱਗਦੀਆਂ ਹਨ, ਨਿਗਾਹ ਕਮਜ਼ੋਰ ਹੋ ਜਾਂਦੀ ਹੈ, ਉੱਚੀ ਸੁਣਾਈ ਦਿੰਦਾ ਹੈ ਤੇ ਲੱਤਾਂ ਕਮਜ਼ੋਰ ਹੋ ਜਾਂਦੀਆਂ ਹਨ? ਤੁਸੀਂ ਸ਼ਾਇਦ ਸੋਚੋ: ‘ਰੱਬ ਨੇ ਸਾਨੂੰ ਜਵਾਨੀ ਦਾ ਮਜ਼ਾ ਲੈਣ ਦੀ ਕਾਬਲੀਅਤ ਨਾਲ ਕਿਉਂ ਬਣਾਇਆ ਜੇ ਅਸੀਂ ਬਾਅਦ ਵਿਚ ਬੁਢਾਪੇ ਦੇ ਬੁਰੇ ਨਤੀਜਿਆਂ ਨੂੰ ਹੀ ਭੁਗਤਣਾ ਸੀ?’ ਪਰ ਸੱਚ ਤਾਂ ਇਹ ਹੈ ਕਿ ਇਹ ਸਾਡੇ ਲਈ ਪਰਮੇਸ਼ੁਰ ਦਾ ਇਰਾਦਾ ਨਹੀਂ ਸੀ। ਉਸ ਨੇ ਸਾਨੂੰ ਬੁਢਾਪੇ ਤੋਂ ਛੁਟਕਾਰਾ ਦੇਣ ਦਾ ਵੀ ਪ੍ਰਬੰਧ ਕੀਤਾ ਹੈ। ਆਓ ਦੇਖੀਏ ਕਿ ਅੱਯੂਬ 33:24, 25 ਵਿਚ ਕੀ ਕਿਹਾ ਗਿਆ ਹੈ।
ਅੱਯੂਬ ਯਹੋਵਾਹ ਪਰਮੇਸ਼ੁਰ ਦਾ ਪਿਆਰਾ ਅਤੇ ਵਫ਼ਾਦਾਰ ਭਗਤ ਸੀ। ਸ਼ਤਾਨ ਨੇ ਅੱਯੂਬ ਦੀ ਵਫ਼ਾਦਾਰੀ ਉੱਤੇ ਸਵਾਲ ਖੜ੍ਹਾ ਕੀਤਾ, ਪਰ ਅੱਯੂਬ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਸ਼ਤਾਨ ਨੇ ਕਿਹਾ ਕਿ ਉਹ ਆਪਣੇ ਮਤਲਬ ਲਈ ਰੱਬ ਦੀ ਭਗਤੀ ਕਰ ਰਿਹਾ ਹੈ। ਯਹੋਵਾਹ ਨੂੰ ਅੱਯੂਬ ਉੱਤੇ ਪੂਰਾ ਯਕੀਨ ਸੀ ਨਾਲੇ ਉਹ ਜਾਣਦਾ ਸੀ ਕਿ ਉਹ ਕਿਸੇ ਵੀ ਨੁਕਸਾਨ ਦੀ ਭਰਪਾਈ ਕਰ ਸਕਦਾ ਹੈ। ਇਸ ਲਈ ਉਸ ਨੇ ਸ਼ਤਾਨ ਨੂੰ ਅੱਯੂਬ ਨੂੰ ਪਰਖਣ ਦੀ ਇਜਾਜ਼ਤ ਦਿੱਤੀ। ਸ਼ਤਾਨ ਨੇ “ਅੱਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪਰੀ ਤੀਕ ਬੁਰਿਆਂ ਫੋੜਿਆਂ ਨਾਲ ਮਾਰਿਆ।” (ਅੱਯੂਬ 2:7) ਅੱਯੂਬ ਦਾ ਸਰੀਰ ਕੀੜਿਆਂ ਨਾਲ ਭਰ ਗਿਆ, ਉਸ ਦੀ ਚਮੜੀ ʼਤੇ ਖਰਿੰਡ ਆ ਗਏ ਜੋ ਕਾਲੇ ਹੋ ਕੇ ਡਿੱਗ ਪਏ। (ਅੱਯੂਬ 7:5; 30:17, 30) ਕੀ ਤੁਸੀਂ ਉਸ ਦੀ ਤੜਫ਼ਨ ਦਾ ਅੰਦਾਜ਼ਾ ਲਾ ਸਕਦੇ ਹੋ? ਇਸ ਦੇ ਬਾਵਜੂਦ ਅੱਯੂਬ ਵਫ਼ਾਦਾਰ ਰਿਹਾ ਤੇ ਉਸ ਨੇ ਕਿਹਾ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”—ਅੱਯੂਬ 27:5.
ਪਰ ਅੱਯੂਬ ਨੇ ਇਕ ਵੱਡੀ ਗ਼ਲਤੀ ਕੀਤੀ। ਜਦ ਉਸ ਨੂੰ ਲੱਗਾ ਕਿ ਉਹ ਮੌਤ ਦੇ ਕਰੀਬ ਆ ਰਿਹਾ ਹੈ, ਤਾਂ ਉਸ ਨੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਤੇ “ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ।” (ਅੱਯੂਬ 32:2) ਰੱਬ ਦੇ ਭਗਤ ਅਲੀਹੂ ਨੇ ਅੱਯੂਬ ਦੀ ਸੋਚਣੀ ਨੂੰ ਸੁਧਾਰਿਆ। ਪਰ ਅਲੀਹੂ ਨੇ ਰੱਬ ਵੱਲੋਂ ਅੱਯੂਬ ਨੂੰ ਇਕ ਵਧੀਆ ਖ਼ਬਰ ਵੀ ਦਿੱਤੀ: “[ਅੱਯੂਬ] ਨੂੰ ਟੋਏ [ਯਾਨੀ ਕਬਰ] ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਪ੍ਰਾਸਚਿਤ ਮਿਲ ਗਿਆ ਹੈ। ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।” (ਅੱਯੂਬ 33:24, 25) ਇਨ੍ਹਾਂ ਸ਼ਬਦਾਂ ਨੇ ਅੱਯੂਬ ਨੂੰ ਉਮੀਦ ਦਿੱਤੀ ਹੋਵੇਗੀ। ਉਸ ਨੂੰ ਤੜਫ਼-ਤੜਫ਼ ਕੇ ਮਰਨਾ ਨਹੀਂ ਪੈਣਾ ਸੀ। ਜੇ ਅੱਯੂਬ ਤੋਬਾ ਕਰੇ, ਤਾਂ ਰੱਬ ਉਸ ਦਾ ਪ੍ਰਾਸਚਿਤ ਕਬੂਲ ਕਰ ਕੇ ਉਸ ਨੂੰ ਉਸ ਦੇ ਦੁੱਖਾਂ ਤੋਂ ਬਚਾਉਣ ਲਈ ਤਿਆਰ ਸੀ।a
ਅੱਯੂਬ ਨੇ ਨਿਮਰਤਾ ਨਾਲ ਤਾੜਨਾ ਕਬੂਲ ਕਰ ਕੇ ਤੋਬਾ ਕੀਤੀ। (ਅੱਯੂਬ 42:6) ਯਹੋਵਾਹ ਨੇ ਅੱਯੂਬ ਦੇ ਬਦਲੇ ਪ੍ਰਾਸਚਿਤ ਕਬੂਲ ਕੀਤਾ ਅਤੇ ਉਸ ਦੇ ਪਾਪ ਮਾਫ਼ ਕੀਤੇ ਤਾਂਕਿ ਉਹ ਉਸ ਨਾਲ ਦੁਬਾਰਾ ਆਪਣਾ ਰਿਸ਼ਤਾ ਮਜ਼ਬੂਤ ਕਰ ਸਕੇ ਅਤੇ ਉਸ ਨੂੰ ਬਰਕਤ ਦੇਵੇ। “ਯਹੋਵਾਹ ਨੇ ਅੱਯੂਬ ਦੀ ਆਖ਼ਰੀ ਅਵਸਥਾ ਨੂੰ ਉਹ ਦੀ ਪਹਿਲੀ ਅਵਸਥਾ ਤੋਂ ਵੱਧ ਬਰਕਤ ਦਿੱਤੀ।” (ਅੱਯੂਬ 42:12-17) ਜ਼ਰਾ ਸੋਚੋ ਕਿ ਅੱਯੂਬ ਨੂੰ ਕਿੰਨੀ ਰਾਹਤ ਮਿਲੀ ਹੋਵੇਗੀ ਜਦ ਉਸ ਦਾ ਮਾਸ “ਬਾਲਕ ਨਾਲੋਂ ਵਧੀਕ ਹਰਿਆ ਭਰਿਆ” ਹੋ ਗਿਆ। ਇਹ ਕਿੱਡੀ ਵੱਡੀ ਬਰਕਤ ਸੀ!
ਪਰਮੇਸ਼ੁਰ ਨੇ ਅੱਯੂਬ ਦੇ ਬਦਲੇ ਜੋ ਪ੍ਰਾਸਚਿਤ ਕਬੂਲ ਕੀਤਾ ਉਸ ਦਾ ਲਾਭ ਥੋੜ੍ਹੇ ਸਮੇਂ ਲਈ ਹੋਇਆ ਕਿਉਂਕਿ ਅੱਯੂਬ ਅਜੇ ਵੀ ਪਾਪੀ ਸੀ ਜਿਸ ਕਰਕੇ ਉਸ ਨੂੰ ਮੌਤ ਦਾ ਸਾਮ੍ਹਣਾ ਕਰਨਾ ਪਿਆ। ਸਾਡੇ ਬਦਲੇ ਇਕ ਬਹੁਤ ਵਧੀਆ ਪ੍ਰਾਸਚਿਤ ਦਿੱਤਾ ਗਿਆ ਹੈ। ਯਹੋਵਾਹ ਨੇ ਪਿਆਰ ਨਾਲ ਸਾਡੇ ਲਈ ਆਪਣੇ ਪੁੱਤਰ ਯਿਸੂ ਦੀ ਕੁਰਬਾਨੀ ਦਿੱਤੀ। (ਮੱਤੀ 20:28; ਯੂਹੰਨਾ 3:16) ਜੋ ਉਸ ਦੀ ਕੁਰਬਾਨੀ ʼਤੇ ਵਿਸ਼ਵਾਸ ਕਰਦੇ ਹਨ ਉਹ ਸੋਹਣੀ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ। ਉਸ ਆਉਣ ਵਾਲੇ ਵਧੀਆ ਸਮੇਂ ਵਿਚ ਪਰਮੇਸ਼ੁਰ ਵਫ਼ਾਦਾਰ ਇਨਸਾਨਾਂ ਨੂੰ ਬੁਢਾਪੇ ਤੋਂ ਛੁਟਕਾਰਾ ਦੇਵੇਗਾ। ਕੀ ਤੁਸੀਂ ਉਸ ਸਮੇਂ ਵਿਚ ਰਹਿਣਾ ਚਾਹੁੰਦੇ ਹੋ ਜਦ ਇਨਸਾਨ ਦਾ “ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ”? ਤਾਂ ਫਿਰ ਕਿਉਂ ਨਾ ਬਾਈਬਲ ਵਿੱਚੋਂ ਇਸ ਬਾਰੇ ਹੋਰ ਸਿੱਖੋ? (w11-E 04/01)
[ਫੁਟਨੋਟ]
a ਇਬਰਾਨੀ ਵਿਚ ਇੱਥੇ “ਪ੍ਰਾਸਚਿਤ” ਦਾ ਮਤਲਬ ਹੈ “ਢੱਕਣਾ।” ਅੱਯੂਬ ਦੇ ਮਾਮਲੇ ਵਿਚ ਪਰਮੇਸ਼ੁਰ ਸ਼ਾਇਦ ਕਿਸੇ ਜਾਨਵਰ ਦੀ ਬਲੀ ਕਬੂਲ ਕਰਨ ਲਈ ਤਿਆਰ ਸੀ ਜੋ ਉਸ ਦੇ ਪਾਪ ਨੂੰ ਢੱਕ ਸਕਦੀ ਸੀ।—ਅੱਯੂਬ 1:5.