ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 1/1 ਸਫ਼ੇ 4-6
  • ਗ਼ਰੀਬੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗ਼ਰੀਬੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਰਿਆਂ ਲਈ ਖ਼ੁਸ਼ਹਾਲੀ ਦੀਆਂ ਥਿਊਰੀਆਂ
  • ਮਾਰਸ਼ਲ ਪਲੈਨ—ਗ਼ਰੀਬੀ ਖ਼ਤਮ ਕਰਨ ਦਾ ਤਰੀਕਾ?
  • ਬਾਹਰੋਂ ਆਈ ਮਦਦ ਦਾ ਕਿਉਂ ਫ਼ਾਇਦਾ ਨਹੀਂ ਹੁੰਦਾ
  • ਗ਼ਰੀਬੀ ਦਾ ਕਾਰਨ
  • ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਗ਼ਰੀਬਾਂ ਲਈ ਖ਼ੁਸ਼ ਖ਼ਬਰੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਗ਼ਰੀਬੀ ਦਾ ਹੱਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਜਲਦੀ ਹੀ ਦੁਨੀਆਂ ਵਿੱਚੋਂ ਗ਼ਰੀਬੀ ਦਾ ਖ਼ਾਤਮਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 1/1 ਸਫ਼ੇ 4-6

ਗ਼ਰੀਬੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ

ਅਮੀਰਾਂ ਨੇ ਆਪਣੇ ਲਈ ਗ਼ਰੀਬੀ ਖ਼ਤਮ ਕਰ ਲਈ ਹੈ। ਪਰ ਸਾਰੇ ਲੋਕਾਂ ਨੂੰ ਗ਼ਰੀਬੀ ਤੋਂ ਛੁਡਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਕਿਉਂ? ਕਿਉਂਕਿ ਅਮੀਰ ਲੋਕ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੀ ਦੌਲਤ ਜਾਂ ਸ਼ੌਹਰਤ ਖੋਹ ਲਵੇ। ਬਾਈਬਲ ਦੇ ਲਿਖਾਰੀ ਅਤੇ ਪ੍ਰਾਚੀਨ ਇਜ਼ਰਾਈਲ ਦੇ ਰਾਜੇ ਸੁਲੇਮਾਨ ਨੇ ਲਿਖਿਆ: “ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ।”—ਉਪਦੇਸ਼ਕ ਦੀ ਪੋਥੀ 4:1.

ਕੀ ਉਹ ਲੋਕ ਦੁਨੀਆਂ ਤੋਂ ਗ਼ਰੀਬੀ ਨੂੰ ਖ਼ਤਮ ਕਰ ਸਕਦੇ ਹਨ ਜਿਨ੍ਹਾਂ ਕੋਲ ਉੱਚੀ ਪਦਵੀ ਤੇ ਤਾਕਤ ਹੈ? ਸੁਲੇਮਾਨ ਨੇ ਲਿਖਿਆ: “ਵੇਖੋ, ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸਨ! ਜੋ ਵਿੰਗਾ ਹੈ ਸੋ ਸਿੱਧਾ ਨਹੀਂ ਬਣ ਸੱਕਦਾ।” (ਉਪਦੇਸ਼ਕ ਦੀ ਪੋਥੀ 1:14, 15) ਆਓ ਆਪਾਂ ਕੁਝ ਮਿਸਾਲਾਂ ʼਤੇ ਗੌਰ ਕਰੀਏ ਜਿਸ ਤੋਂ ਪਤਾ ਲੱਗਦਾ ਹੈ ਕਿ ਗ਼ਰੀਬੀ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।

ਸਾਰਿਆਂ ਲਈ ਖ਼ੁਸ਼ਹਾਲੀ ਦੀਆਂ ਥਿਊਰੀਆਂ

19ਵੀਂ ਸਦੀ ਵਿਚ ਕੁਝ ਕੌਮਾਂ ਨੇ ਵਪਾਰ ਤੇ ਇੰਡਸਟਰੀ ਰਾਹੀਂ ਇੰਨੀ ਧਨ-ਦੌਲਤ ਇਕੱਠੀ ਕੀਤੀ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ। ਇਸ ਕਰਕੇ ਕੁਝ ਮੰਨੇ-ਪ੍ਰਮੰਨੇ ਲੋਕਾਂ ਨੇ ਗ਼ਰੀਬੀ ਘਟਾਉਣ ਬਾਰੇ ਸੋਚਿਆ। ਕੀ ਇਹ ਹੋ ਸਕਦਾ ਸੀ ਕਿ ਇਹ ਧਨ-ਦੌਲਤ ਸਾਰਿਆਂ ਵਿਚ ਇੱਕੋ ਜਿਹੀ ਵੰਡੀ ਜਾਂਦੀ?

ਕੁਝ ਲੋਕਾਂ ਨੇ ਸੋਚਿਆ ਕਿ ਸਮਾਜਵਾਦ ਜਾਂ ਸਾਮਵਾਦ ਰਾਹੀਂ ਪੂਰੀ ਦੁਨੀਆਂ ਦੇ ਲੋਕਾਂ ਵਿਚ ਧਨ-ਦੌਲਤ ਇੱਕੋ ਜਿਹੀ ਵੰਡੀ ਜਾ ਸਕਦੀ ਸੀ ਜਿਸ ਨਾਲ ਨਾ ਕਿਸੇ ਨੇ ਅਮੀਰ ਹੋਣਾ ਸੀ ਤੇ ਨਾ ਹੀ ਗ਼ਰੀਬ। ਅਮੀਰ ਲੋਕਾਂ ਨੂੰ ਇਹ ਗੱਲ ਜ਼ਰਾ ਵੀ ਪਸੰਦ ਨਹੀਂ ਸੀ। ਪਰ ਕਈਆਂ ਨੂੰ ਇਹ ਗੱਲ ਚੰਗੀ ਲੱਗੀ ਕਿ ਜਿਨ੍ਹਾਂ ਕੋਲ ਜ਼ਿਆਦਾ ਹੈ ਉਹ ਦੂਜਿਆਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਵੰਡ ਦੇਣ। ਕਈ ਲੋਕ ਚਾਹੁੰਦੇ ਸਨ ਕਿ ਸਾਰੀਆਂ ਕੌਮਾਂ ਸਮਾਜਵਾਦ ਨੂੰ ਅਪਣਾ ਲੈਣ ਤਾਂਕਿ ਦੁਨੀਆਂ ਵਿੱਚੋਂ ਅਮੀਰੀ-ਗ਼ਰੀਬੀ ਖ਼ਤਮ ਹੋ ਜਾਵੇ ਤੇ ਸਾਰੇ ਖ਼ੁਸ਼ੀ ਨਾਲ ਰਹਿਣ। ਕੁਝ ਅਮੀਰ ਦੇਸ਼ਾਂ ਨੇ ਸਮਾਜਵਾਦ ਦੀਆਂ ਗੱਲਾਂ ਨੂੰ ਕੁਝ ਹੱਦ ਤਕ ਅਪਣਾਇਆ ਸੀ ਤੇ ਉਨ੍ਹਾਂ ਦੀ ਸਰਕਾਰ ਨੇ ਵਾਅਦਾ ਕੀਤਾ ਕਿ ਉਹ “ਜਨਮ ਤੋਂ ਮੌਤ ਤਕ” ਆਪਣੇ ਲੋਕਾਂ ਦੀ ਦੇਖ-ਭਾਲ ਕਰੇਗੀ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅੱਤ ਦੀ ਗ਼ਰੀਬੀ ਨੂੰ ਖ਼ਤਮ ਕਰ ਦਿੱਤਾ ਹੈ।

ਸਮਾਜਵਾਦ ਨਾਲ ਕੁਝ ਫ਼ਾਇਦਾ ਹੋਇਆ, ਪਰ ਫਿਰ ਵੀ ਇਹ ਖ਼ੁਦਗਰਜ਼ੀ ਨੂੰ ਖ਼ਤਮ ਨਹੀਂ ਕਰ ਸਕਿਆ। ਸਮਾਜਵਾਦ ਦੀ ਇਹ ਪਾਲਸੀ ਕਿ ਸਾਰੇ ਲੋਕ ਇਕ-ਦੂਜੇ ਦੇ ਫ਼ਾਇਦੇ ਲਈ ਕੰਮ ਕਰਨ, ਪੂਰੀ ਨਹੀਂ ਹੋਈ। ਕਿਉਂ? ਕਿਉਂਕਿ ਕਈ ਲੋਕਾਂ ਨੂੰ ਬੁਰਾ ਲੱਗਾ ਕਿ ਉਹ ਗ਼ਰੀਬ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੰਮ ਕਰ ਰਹੇ ਸਨ ਤੇ ਗ਼ਰੀਬ ਲੋਕ ਆਪ ਕੰਮ ਕਰਨ ਤੋਂ ਨੱਕ ਵੱਟਦੇ ਸਨ। ਬਾਈਬਲ ਦੇ ਇਹ ਸ਼ਬਦ ਸੱਚ ਸਾਬਤ ਹੋਏ: “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ। . . . ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।”—ਉਪਦੇਸ਼ਕ ਦੀ ਪੋਥੀ 7:20, 29.

ਗ਼ਰੀਬੀ ਖ਼ਤਮ ਕਰਨ ਲਈ ਇਕ ਹੋਰ ਥਿਊਰੀ ਇਹ ਹੈ ਕਿ ਕੋਈ ਵੀ ਦਿਨ-ਰਾਤ ਮਿਹਨਤ ਕਰ ਕੇ ਅਮੀਰ ਬਣ ਸਕਦਾ ਹੈ। ਅਮਰੀਕਾ ਵਿਚ ਲੋਕਾਂ ਨੂੰ ਇਸੇ ਥਿਊਰੀ ਨੇ ਅਮੀਰ ਬਣਾਇਆ ਕਿਉਂਕਿ ਉੱਥੇ ਲੋਕਰਾਜ ਸੀ ਤੇ ਆਸਾਨੀ ਨਾਲ ਬਿਜ਼ਨਿਸ ਚਲਾਇਆ ਜਾ ਸਕਦਾ ਸੀ। ਪਰ ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਅਮਰੀਕਾ ਇਸ ਲਈ ਵੀ ਅਮੀਰ ਬਣਿਆ ਕਿਉਂਕਿ ਉੱਥੇ ਬਹੁਤ ਸਾਰੇ ਕੁਦਰਤੀ ਭੰਡਾਰ ਸਨ ਤੇ ਉੱਥੋਂ ਦੀ ਹੋਰਨਾਂ ਦੇਸ਼ਾਂ ਤੋਂ ਕਈ ਲੋਕ ਵਪਾਰ ਕਰਨ ਲਈ ਆਉਂਦੇ-ਜਾਂਦੇ ਸਨ। ਦੁਨੀਆਂ ਦੇ ਹੋਰਨਾਂ ਦੇਸ਼ਾਂ ਨੇ ਵੀ ਅਮਰੀਕਾ ਦੀਆਂ ਪਾਲਸੀਆਂ ਨੂੰ ਅਪਣਾਇਆ, ਪਰ ਉਨ੍ਹਾਂ ਦੇਸ਼ਾਂ ਵਿਚ ਇਹ ਪਾਲਸੀਆਂ ਨਹੀਂ ਚੱਲੀਆਂ। ਦੁਨੀਆਂ ਦੀ ਆਰਥਿਕ ਹਾਲਤ ਅਜਿਹੀ ਹੈ ਕਿ ਜਦ ਇਕ ਪਾਸੇ ਕਈ ਲੋਕ ਨਫ਼ਾ ਕਮਾਉਂਦੇ ਹਨ, ਤਾਂ ਦੂਜੇ ਪਾਸੇ ਕਈਆਂ ਨੂੰ ਨੁਕਸਾਨ ਵੀ ਝੱਲਣਾ ਪੈਂਦਾ ਹੈ। ਕੀ ਅਮੀਰ ਦੇਸ਼ਾਂ ਨੂੰ ਗ਼ਰੀਬ ਦੇਸ਼ਾਂ ਦੀ ਮਦਦ ਕਰਨ ਲਈ ਕਿਹਾ ਜਾ ਸਕਦਾ ਹੈ?

ਮਾਰਸ਼ਲ ਪਲੈਨ—ਗ਼ਰੀਬੀ ਖ਼ਤਮ ਕਰਨ ਦਾ ਤਰੀਕਾ?

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦਾ ਕਾਫ਼ੀ ਨੁਕਸਾਨ ਹੋਇਆ ਤੇ ਕਈ ਲੋਕ ਭੁੱਖੇ ਮਰਨ ਤੋਂ ਵੀ ਡਰਦੇ ਸਨ। ਅਮਰੀਕੀ ਸਰਕਾਰ ਨੂੰ ਇਹ ਚਿੰਤਾ ਸੀ ਕਿ ਯੂਰਪ ਵਿਚ ਸਮਾਜਵਾਦ ਕਿੰਨਾ ਫੈਲ ਰਿਹਾ ਸੀ। ਇਸ ਲਈ ਚਾਰ ਸਾਲਾਂ ਤਕ ਇਸ ਨੇ ਉਨ੍ਹਾਂ ਦੇਸ਼ਾਂ ਦੀ ਇੰਡਸਟਰੀ ਦੁਬਾਰਾ ਲਗਾਉਣ ਤੇ ਖੇਤੀਬਾੜੀ ਦੁਬਾਰਾ ਚਲਾਉਣ ਲਈ ਮਾਲੀ ਸਹਾਇਤਾ ਕੀਤੀ ਜਿਨ੍ਹਾਂ ਨੇ ਉਨ੍ਹਾਂ ਦੀਆਂ ਪਾਲਸੀਆਂ ਨੂੰ ਅਪਣਾਇਆ। ਯੂਰਪ ਦੀ ਮਦਦ ਕਰਨ ਦੇ ਇਸ ਪ੍ਰੋਗ੍ਰਾਮ ਨੂੰ ਮਾਰਸ਼ਲ ਪਲੈਨ ਕਿਹਾ ਗਿਆ ਤੇ ਇਹ ਸਫ਼ਲ ਰਿਹਾ। ਪੱਛਮੀ ਯੂਰਪ ਵਿਚ ਅਮਰੀਕਾ ਦਾ ਪ੍ਰਭਾਵ ਵਧਦਾ ਗਿਆ ਤੇ ਅੱਤ ਦੀ ਗ਼ਰੀਬੀ ਘੱਟਦੀ ਗਈ। ਕੀ ਇਸ ਤਰੀਕੇ ਨਾਲ ਪੂਰੀ ਦੁਨੀਆਂ ਵਿੱਚੋਂ ਗ਼ਰੀਬੀ ਖ਼ਤਮ ਕੀਤੀ ਜਾ ਸਕਦੀ ਸੀ?

ਮਾਰਸ਼ਲ ਪਲੈਨ ਦੀ ਸਫ਼ਲਤਾ ਕਰਕੇ ਅਮਰੀਕਾ ਨੇ ਹੋਰ ਗ਼ਰੀਬ ਦੇਸ਼ਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਉਨ੍ਹਾਂ ਦੀ ਖੇਤੀਬਾੜੀ, ਸਿਹਤ, ਪੜ੍ਹਾਈ ਅਤੇ ਆਵਾਜਾਈ ਦੇ ਸਾਧਨਾਂ ਨੂੰ ਵਧਾਉਣ ਵਿਚ ਮਦਦ ਕੀਤੀ। ਅਮਰੀਕਾ ਨੇ ਮੰਨਿਆ ਕਿ ਉਸ ਨੇ ਇਹ ਆਪਣੇ ਫ਼ਾਇਦੇ ਲਈ ਹੀ ਕੀਤਾ ਸੀ। ਹੋਰਨਾਂ ਦੇਸ਼ਾਂ ਨੇ ਵੀ ਦੂਸਰੇ ਦੇਸ਼ਾਂ ਨੂੰ ਸਹਾਇਤਾ ਦੇ ਕੇ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕੀਤੀ। ਪਰ 60 ਸਾਲਾਂ ਬਾਅਦ ਅਸੀਂ ਕੀ ਦੇਖਦੇ ਹਾਂ? ਭਾਵੇਂ ਕਿ ਉਨ੍ਹਾਂ ਨੇ ਮਾਰਸ਼ਲ ਪਲੈਨ ਉੱਤੇ ਪਹਿਲਾਂ ਨਾਲੋਂ ਕਿਤੇ ਵੱਧ ਪੈਸੇ ਖ਼ਰਚੇ, ਪਰ ਇਸ ਵਾਰ ਇਹ ਪਲੈਨ ਸਫ਼ਲ ਨਹੀਂ ਹੋਇਆ। ਇਹ ਸੱਚ ਹੈ ਕਿ ਕੁਝ ਗ਼ਰੀਬ ਦੇਸ਼ ਅਮੀਰ ਬਣੇ ਜਿਵੇਂ ਕਿ ਪੂਰਬੀ ਏਸ਼ੀਆ ਵਿਚ। ਪਰ ਦੂਸਰੇ ਦੇਸ਼ਾਂ ਵਿਚ ਭਾਵੇਂ ਘੱਟ ਬੱਚੇ ਭੁੱਖੇ ਮਰਦੇ ਸਨ ਅਤੇ ਬਹੁਤ ਸਾਰੇ ਬੱਚੇ ਸਕੂਲ ਜਾਣ ਲੱਗ ਪਏ, ਫਿਰ ਵੀ ਇਹ ਦੇਸ਼ ਅੱਤ ਦੀ ਗ਼ਰੀਬੀ ਵਿਚ ਰਹੇ।

ਬਾਹਰੋਂ ਆਈ ਮਦਦ ਦਾ ਕਿਉਂ ਫ਼ਾਇਦਾ ਨਹੀਂ ਹੁੰਦਾ

ਗ਼ਰੀਬ ਦੇਸ਼ਾਂ ਵਿੱਚੋਂ ਗ਼ਰੀਬੀ ਹਟਾਉਣ ਨਾਲੋਂ ਉਨ੍ਹਾਂ ਅਮੀਰ ਦੇਸ਼ਾਂ ਦੀ ਮਦਦ ਕਰਨੀ ਸੌਖੀ ਸੀ ਜੋ ਯੁੱਧ ਨਾਲ ਬਰਬਾਦ ਹੋਏ ਸਨ। ਯੂਰਪ ਦੀ ਆਰਥਿਕ ਹਾਲਤ ਵਿਚ ਹੀ ਸੁਧਾਰ ਕਰਨ ਦੀ ਲੋੜ ਸੀ ਕਿਉਂਕਿ ਉੱਥੇ ਪਹਿਲਾਂ ਹੀ ਇੰਡਸਟਰੀ, ਵਪਾਰ ਅਤੇ ਆਵਾਜਾਈ ਦੇ ਸਾਧਨ ਸਨ। ਭਾਵੇਂ ਕਿ ਗ਼ਰੀਬ ਦੇਸ਼ਾਂ ਵਿਚ ਬਾਹਰੋਂ ਆਈ ਮਦਦ ਨਾਲ ਸੜਕਾਂ ਬਣਾਈਆਂ ਜਾਂਦੀਆਂ ਹਨ ਅਤੇ ਸਕੂਲ ਤੇ ਕਲੀਨਿਕ ਖੋਲ੍ਹੇ ਜਾਂਦੇ ਹਨ, ਫਿਰ ਵੀ ਉਹ ਅੱਤ ਗ਼ਰੀਬੀ ਵਿਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇਸ਼ਾਂ ਵਿਚ ਬਿਜ਼ਨਿਸ ਤੇ ਕੁਦਰਤੀ ਭੰਡਾਰਾਂ ਦੀ ਘਾਟ ਹੈ ਅਤੇ ਹੋਰਨਾਂ ਦੇਸ਼ਾਂ ਤੋਂ ਲੋਕ ਘੱਟ ਹੀ ਵਪਾਰ ਕਰਨ ਲਈ ਆਉਂਦੇ-ਜਾਂਦੇ ਹਨ।

ਗ਼ਰੀਬੀ ਦਾ ਹੱਲ ਲੱਭਣਾ ਸੌਖਾ ਨਹੀਂ ਹੈ। ਗ਼ਰੀਬੀ ਬੀਮਾਰੀ ਨੂੰ ਜਨਮ ਦਿੰਦੀ ਹੈ ਤੇ ਬੀਮਾਰੀ ਗ਼ਰੀਬੀ ਨੂੰ। ਜਿਨ੍ਹਾਂ ਬੱਚਿਆਂ ਨੂੰ ਵਧੀਆ ਖ਼ੁਰਾਕ ਨਹੀਂ ਮਿਲਦੀ ਉਹ ਸਰੀਰਕ ਤੇ ਮਾਨਸਿਕ ਤੌਰ ʼਤੇ ਇੰਨੇ ਕਮਜ਼ੋਰ ਹੋ ਜਾਂਦੇ ਹਨ ਕਿ ਵੱਡੇ ਹੋ ਕੇ ਆਪਣੇ ਬੱਚਿਆਂ ਦੀ ਦੇਖ-ਭਾਲ ਨਹੀਂ ਕਰ ਪਾਉਂਦੇ। ਜਦ ਅਮੀਰ ਦੇਸ਼ ਵਾਧੂ ਖਾਣਾ ਸਹਾਇਤਾ ਵਜੋਂ ਗ਼ਰੀਬ ਦੇਸ਼ਾਂ ਨੂੰ ਦੇ ਦਿੰਦੇ ਹਨ, ਤਾਂ ਉੱਥੇ ਦੇ ਕਿਸਾਨਾਂ ਤੇ ਦੁਕਾਨਦਾਰਾਂ ਨੂੰ ਘਾਟਾ ਪੈਂਦਾ ਹੈ ਤੇ ਉਹ ਹੋਰ ਗ਼ਰੀਬ ਹੋ ਜਾਂਦੇ ਹਨ। ਗ਼ਰੀਬ ਦੇਸ਼ਾਂ ਦੀਆਂ ਸਰਕਾਰਾਂ ਨੂੰ ਪੈਸਾ ਭੇਜਣ ਨਾਲ ਹੋਰ ਪੰਗਾ ਪੈ ਸਕਦਾ ਹੈ। ਇਸ ਨੂੰ ਚੋਰੀ ਕਰਨਾ ਆਸਾਨ ਹੁੰਦਾ ਹੈ ਜਿਸ ਨਾਲ ਭ੍ਰਿਸ਼ਟਾਚਾਰ ਫੈਲਦਾ ਹੈ ਤੇ ਭ੍ਰਿਸ਼ਟਾਚਾਰ ਕਰਕੇ ਹੋਰ ਜ਼ਿਆਦਾ ਗ਼ਰੀਬੀ ਵਧਦੀ ਹੈ। ਬਾਹਰੋਂ ਆਈ ਮਦਦ ਇਸ ਲਈ ਸਫ਼ਲ ਨਹੀਂ ਹੁੰਦੀ ਕਿਉਂਕਿ ਇਹ ਗ਼ਰੀਬੀ ਨੂੰ ਜੜ੍ਹੋਂ ਨਹੀਂ ਪੁੱਟ ਸਕਦੀ।

ਗ਼ਰੀਬੀ ਦਾ ਕਾਰਨ

ਅੱਤ ਗ਼ਰੀਬੀ ਉਦੋਂ ਹੁੰਦੀ ਹੈ ਜਦੋਂ ਦੇਸ਼, ਸਰਕਾਰਾਂ ਤੇ ਇਨਸਾਨ ਸਿਰਫ਼ ਆਪਣੇ ਫ਼ਾਇਦੇ ਬਾਰੇ ਹੀ ਸੋਚਦੇ ਹਨ। ਮਿਸਾਲ ਲਈ, ਅਮੀਰ ਦੇਸ਼ਾਂ ਦੀਆਂ ਸਰਕਾਰਾਂ ਅੱਤ ਗ਼ਰੀਬੀ ਨੂੰ ਖ਼ਤਮ ਕਰਨਾ ਇੰਨਾ ਜ਼ਰੂਰੀ ਨਹੀਂ ਸਮਝਦੀਆਂ ਕਿਉਂਕਿ ਉਨ੍ਹਾਂ ਦੇ ਦੇਸ਼ ਵਿਚ ਲੋਕਤੰਤਰ ਹੈ ਤੇ ਉਹ ਆਪਣੇ ਵੋਟ ਪਾਉਣ ਵਾਲਿਆਂ ਨੂੰ ਖ਼ੁਸ਼ ਰੱਖਣਾ ਚਾਹੁੰਦੇ ਹਨ। ਇਸ ਲਈ ਉਹ ਗ਼ਰੀਬ ਦੇਸ਼ਾਂ ਦੇ ਕਿਸਾਨਾਂ ਨੂੰ ਅਮੀਰ ਦੇਸ਼ਾਂ ਵਿਚ ਵਪਾਰ ਨਹੀਂ ਕਰਨ ਦਿੰਦੇ ਤਾਂਕਿ ਅਮੀਰ ਦੇਸ਼ ਦੇ ਕਿਸਾਨਾਂ ਨੂੰ ਘਾਟਾ ਨਾ ਪਵੇ। ਅਮੀਰ ਦੇਸ਼ਾਂ ਦੇ ਨੇਤਾ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਹਾਇਤਾ ਦਿੰਦੇ ਹਨ ਤਾਂਕਿ ਉਹ ਆਪਣਾ ਮਾਲ ਵੇਚ ਸਕਣ ਜਦ ਕਿ ਗ਼ਰੀਬ ਦੇਸ਼ਾਂ ਦੇ ਕਿਸਾਨ ਆਪਣਾ ਮਾਲ ਨਹੀਂ ਵੇਚ ਸਕਦੇ।

ਇਹ ਗੱਲ ਸਾਫ਼ ਹੈ ਕਿ ਗ਼ਰੀਬੀ ਦੇ ਪਿੱਛੇ ਇਨਸਾਨਾਂ ਦਾ ਹੱਥ ਹੈ ਕਿਉਂਕਿ ਇਨਸਾਨ ਤੇ ਸਰਕਾਰਾਂ ਆਪਣਾ ਹੀ ਫ਼ਾਇਦਾ ਦੇਖਦੀਆਂ ਹਨ। ਸੁਲੇਮਾਨ ਨੇ ਕਿਹਾ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”—ਉਪਦੇਸ਼ਕ ਦੀ ਪੋਥੀ 8:9.

ਤਾਂ ਫਿਰ ਕੀ ਗ਼ਰੀਬੀ ਖ਼ਤਮ ਕਰਨ ਦੀ ਕੋਈ ਆਸ ਹੈ? ਕੀ ਕੋਈ ਸਰਕਾਰ ਇਨਸਾਨਾਂ ਦੇ ਸੁਭਾਅ ਨੂੰ ਬਦਲ ਸਕਦੀ ਹੈ? (w11-E 06/01)

[ਸਫ਼ਾ 6 ਉੱਤੇ ਡੱਬੀ]

ਗ਼ਰੀਬੀ ਨੂੰ ਖ਼ਤਮ ਕਰਨ ਲਈ ਕਾਨੂੰਨ

ਪੁਰਾਣੇ ਜ਼ਮਾਨੇ ਵਿਚ ਯਹੋਵਾਹ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਕਾਨੂੰਨ ਦਿੱਤੇ ਜਿਨ੍ਹਾਂ ਦੀ ਪਾਲਣਾ ਕਰ ਕੇ ਉਹ ਗ਼ਰੀਬੀ ਤੋਂ ਬਚ ਸਕਦੇ ਸਨ। ਇਕ ਕਾਨੂੰਨ ਮੁਤਾਬਕ ਲੇਵੀ ਦੇ ਗੋਤ ਤੋਂ ਬਿਨਾਂ ਹਰ ਪਰਿਵਾਰ ਨੂੰ ਜ਼ਮੀਨ ਦਿੱਤੀ ਜਾਂਦੀ ਸੀ। ਇਹ ਜ਼ਮੀਨ ਹਮੇਸ਼ਾ ਲਈ ਵੇਚੀ ਨਹੀਂ ਜਾ ਸਕਦੀ ਸੀ। ਜੇ ਕਦੇ ਇਹ ਜ਼ਮੀਨ ਬੀਮਾਰੀ, ਪੈਸਿਆਂ ਦੀ ਤੰਗੀ ਜਾਂ ਆਲਸਪੁਣੇ ਕਰਕੇ ਵੇਚਣੀ ਵੀ ਪੈਂਦੀ ਸੀ, ਤਾਂ ਪੰਜਾਹਵੇਂ ਸਾਲ ਇਹ ਜ਼ਮੀਨ ਮੁੜ ਉਸੇ ਪਰਿਵਾਰ ਨੂੰ ਮਿਲ ਜਾਂਦੀ ਸੀ। (ਲੇਵੀਆਂ 25:10, 23) ਪੰਜਾਹਵਾਂ ਸਾਲ ਆਨੰਦ ਦਾ ਸਾਲ ਹੁੰਦਾ ਸੀ ਤੇ ਇਸ ਸਾਲ ਵਿਚ ਸਾਰਿਆਂ ਦੀ ਜ਼ਮੀਨ ਮੁੜ ਕੇ ਉਨ੍ਹਾਂ ਦੀ ਜਾਇਦਾਦ ਬਣ ਜਾਂਦੀ ਸੀ। ਇਸ ਤਰ੍ਹਾਂ ਕੋਈ ਵੀ ਪਰਿਵਾਰ ਪੀੜ੍ਹੀਆਂ ਤਕ ਗ਼ਰੀਬੀ ਦਾ ਸਾਮ੍ਹਣਾ ਨਹੀਂ ਕਰਦਾ ਸੀ।

ਪਰਮੇਸ਼ੁਰ ਦੇ ਇਕ ਹੋਰ ਕਾਨੂੰਨ ਮੁਤਾਬਕ ਬਿਪਤਾ ਵਿਚ ਕੋਈ ਇਨਸਾਨ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚ ਸਕਦਾ ਸੀ। ਜਿਸ ਦਾ ਉਹ ਗ਼ੁਲਾਮ ਬਣਦਾ ਸੀ ਉਸ ਤੋਂ ਉਹ ਪੈਸੇ ਲੈ ਕੇ ਆਪਣੇ ਕਰਜ਼ੇ ਉਤਾਰ ਸਕਦਾ ਸੀ। ਪਰ ਜੇ ਉਹ ਸੱਤਾਂ ਸਾਲਾਂ ਦੇ ਵਿਚ-ਵਿਚ ਆਪਣੇ ਮਾਲਕ ਦੇ ਪੈਸੇ ਨਹੀਂ ਮੋੜ ਪਾਉਂਦਾ ਸੀ, ਤਾਂ ਸੱਤਵੇਂ ਸਾਲ ਉਸ ਦਾ ਮਾਲਕ ਉਸ ਨੂੰ ਗ਼ੁਲਾਮੀ ਤੋਂ ਆਜ਼ਾਦ ਕਰ ਦਿੰਦਾ ਸੀ। ਇਸ ਦੇ ਨਾਲ-ਨਾਲ ਉਸ ਨੂੰ ਬੀਜਣ ਲਈ ਬੀ ਤੇ ਜਾਨਵਰ ਦਿੱਤੇ ਜਾਂਦੇ ਸਨ ਤਾਂਕਿ ਉਹ ਖੇਤੀਬਾੜੀ ਕਰ ਸਕੇ। ਜੇ ਕਿਸੇ ਗ਼ਰੀਬ ਇਨਸਾਨ ਨੂੰ ਪੈਸੇ ਉਧਾਰ ਲੈਣੇ ਪੈਂਦੇ ਸਨ, ਤਾਂ ਕਾਨੂੰਨ ਇਜ਼ਰਾਈਲੀਆਂ ਨੂੰ ਆਪਣੇ ਭਰਾ ਤੋਂ ਵਿਆਜ ਲੈਣ ਤੋਂ ਮਨ੍ਹਾ ਕਰਦਾ ਸੀ। ਕਾਨੂੰਨ ਇਹ ਵੀ ਮੰਗ ਕਰਦਾ ਸੀ ਕਿ ਵਾਢੀ ਕਰਦੇ ਵੇਲੇ ਉਹ ਪੈਲੀ ਦੀਆਂ ਨੁੱਕਰਾਂ ਨਾ ਵੱਢਣ ਤਾਂਕਿ ਗ਼ਰੀਬ ਇਨ੍ਹਾਂ ਨੂੰ ਆ ਕੇ ਵੱਢ ਸਕਣ। ਇਸ ਤਰ੍ਹਾਂ ਕਿਸੇ ਵੀ ਇਜ਼ਰਾਈਲੀ ਨੂੰ ਭੀਖ ਨਹੀਂ ਮੰਗਣੀ ਪੈਂਦੀ ਸੀ।—ਬਿਵਸਥਾ ਸਾਰ 15:1-14; ਲੇਵੀਆਂ 23:22.

ਪਰ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਕੁਝ ਇਜ਼ਰਾਈਲੀਆਂ ਨੇ ਗ਼ਰੀਬੀ ਦਾ ਸਾਮ੍ਹਣਾ ਕੀਤਾ। ਇਸ ਤਰ੍ਹਾਂ ਕਿਉਂ ਹੋਇਆ? ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ। ਇਸ ਕਰਕੇ ਕੁਝ ਲੋਕ ਜ਼ਮੀਂਦਾਰ ਬਣ ਗਏ ਤੇ ਕਈ ਲੋਕ ਗ਼ਰੀਬ। ਗ਼ਰੀਬੀ ਦਾ ਕਾਰਨ ਇਹ ਸੀ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣ ਦੀ ਬਜਾਇ ਆਪਣਾ ਫ਼ਾਇਦਾ ਦੇਖਿਆ।—ਮੱਤੀ 22:37-40.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ