ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਇਕ ਜਵਾਨ ਕੁੜੀ ਨੇ ਬਚਪਨ ਬਹੁਤ ਕੁਝ ਸਹਿਆ। ਪਰ ਉਸ ਨੂੰ ਜ਼ਿੰਦਗੀ ਦਾ ਮਕਸਦ ਕਿਵੇਂ ਮਿਲਿਆ? ਇਕ ਹਿੰਸਕ ਆਦਮੀ, ਜੋ ਆਪਣੇ ਦੇਸ਼ ਦੀ ਸਰਕਾਰ ਬਦਲਣੀ ਚਾਹੁੰਦਾ ਸੀ, ਕਿਹੜੀ ਗੱਲ ਕਰਕੇ ਸ਼ਾਂਤੀ-ਪਸੰਦ ਇਨਸਾਨ ਬਣ ਗਿਆ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲੱਗ ਪਿਆ? ਆਓ ਉਨ੍ਹਾਂ ਦੀ ਕਹਾਣੀ ਉਨ੍ਹਾਂ ਦੀ ਜ਼ਬਾਨੀ ਸੁਣੀਏ।
“ਮੈਂ ਪਿਆਰ ਲਈ ਤਰਸਦੀ ਸੀ।”—ਈਨਾ ਲੈਜ਼ਨੀਨਾ
ਜਨਮ: 1981
ਦੇਸ਼: ਰੂਸ
ਅਤੀਤ: ਬਚਪਨ ਵਿਚ ਬਹੁਤ ਦੁੱਖ ਸਹੇ
ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਜਨਮ ਤੋਂ ਬੋਲ਼ੀ ਸੀ ਤੇ ਮੇਰੇ ਮਾਪੇ ਵੀ ਬੋਲ਼ੇ ਸਨ। ਮੇਰੀ ਜ਼ਿੰਦਗੀ ਦੇ ਪਹਿਲੇ ਛੇ ਸਾਲ ਬਹੁਤ ਹੀ ਖ਼ੁਸ਼ੀਆਂ ਭਰੇ ਸਨ। ਫਿਰ ਮੇਰੇ ਮਾਪਿਆਂ ਦਾ ਤਲਾਕ ਹੋ ਗਿਆ। ਭਾਵੇਂ ਮੈਂ ਬਹੁਤ ਛੋਟੀ ਸੀ, ਪਰ ਫਿਰ ਵੀ ਮੈਨੂੰ ਪਤਾ ਸੀ ਕਿ ਤਲਾਕ ਕੀ ਹੁੰਦਾ ਹੈ ਅਤੇ ਇਸ ਨਾਲ ਮੇਰੇ ਦਿਲ ʼਤੇ ਗਹਿਰੀ ਸੱਟ ਵੱਜੀ। ਤਲਾਕ ਤੋਂ ਬਾਅਦ ਮੇਰੇ ਡੈਡੀ ਤੇ ਮੇਰਾ ਵੱਡਾ ਭਰਾ ਟਰੋਇਟਸਕ ਸ਼ਹਿਰ ਵਿਚ ਹੀ ਰਹਿਣ ਲੱਗੇ, ਪਰ ਮੇਰੀ ਮੰਮੀ ਮੈਨੂੰ ਆਪਣੇ ਨਾਲ ਚੈਲਯਾਬਿੰਸਕ ਸ਼ਹਿਰ ਲੈ ਗਈ। ਬਾਅਦ ਵਿਚ ਮੰਮੀ ਨੇ ਦੁਬਾਰਾ ਵਿਆਹ ਕਰਾ ਲਿਆ। ਮੇਰਾ ਮਤਰੇਆ ਡੈਡੀ ਸ਼ਰਾਬੀ ਸੀ ਅਤੇ ਅਕਸਰ ਮੈਨੂੰ ਤੇ ਮੇਰੀ ਮੰਮੀ ਨੂੰ ਕੁੱਟਦਾ-ਮਾਰਦਾ ਸੀ।
1993 ਵਿਚ ਮੇਰੇ ਪਿਆਰੇ ਵੱਡੇ ਭਰਾ ਦੀ ਡੁੱਬਣ ਕਰਕੇ ਮੌਤ ਹੋ ਗਈ। ਇਸ ਹਾਦਸੇ ਕਰਕੇ ਸਾਡੇ ਪਰਿਵਾਰ ਨੂੰ ਵੱਡਾ ਧੱਕਾ ਲੱਗਾ। ਇਸ ਗਮ ਨੂੰ ਭੁਲਾਉਣ ਲਈ ਮੇਰੀ ਮੰਮੀ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਉਹ ਵੀ ਮੇਰੇ ਮਤਰੇਏ ਡੈਡੀ ਵਾਂਗ ਮੈਨੂੰ ਕੁੱਟਣ-ਮਾਰਨ ਲੱਗ ਪਈ। ਮੈਂ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਚਾਹੁੰਦੀ ਸੀ। ਮੈਂ ਪਿਆਰ ਲਈ ਤਰਸਦੀ ਸੀ। ਮੈਂ ਦਿਲਾਸਾ ਪਾਉਣ ਲਈ ਅਲੱਗ-ਅਲੱਗ ਚਰਚਾਂ ਵਿਚ ਜਾਣ ਲੱਗੀ, ਪਰ ਮੈਨੂੰ ਕਿਤੇ ਵੀ ਰਾਹਤ ਨਹੀਂ ਮਿਲੀ।
ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਜਦੋਂ ਮੈਂ 13 ਸਾਲਾਂ ਦੀ ਸੀ, ਤਾਂ ਮੇਰੀ ਕਲਾਸ ਦੀ ਇਕ ਕੁੜੀ ਜੋ ਯਹੋਵਾਹ ਦੀ ਗਵਾਹ ਸੀ, ਮੈਨੂੰ ਬਾਈਬਲ ਵਿੱਚੋਂ ਕੁਝ ਕਹਾਣੀਆਂ ਸੁਣਾਉਂਦੀ ਹੁੰਦੀ ਸੀ। ਬਾਈਬਲ ਵਿੱਚੋਂ ਨੂਹ ਤੇ ਅੱਯੂਬ ਵਰਗੇ ਹੋਰ ਕਈ ਵਫ਼ਾਦਾਰ ਸੇਵਕਾਂ ਬਾਰੇ ਜਾਣ ਕੇ ਮੈਨੂੰ ਬਹੁਤ ਵਧੀਆ ਲੱਗਾ ਜੋ ਔਖੀਆਂ ਘੜੀਆਂ ਵਿਚ ਵੀ ਪਰਮੇਸ਼ੁਰ ਦੀ ਸੇਵਾ ਕਰਦੇ ਰਹੇ। ਜਲਦੀ ਹੀ ਮੈਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ।
ਬਾਈਬਲ ਦੀ ਸਟੱਡੀ ਕਰ ਕੇ ਮੈਨੂੰ ਬਹੁਤ ਸਾਰੀਆਂ ਸੱਚਾਈਆਂ ਪਤਾ ਲੱਗੀਆਂ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਕਿ ਰੱਬ ਦਾ ਇਕ ਨਾਂ ਹੈ। (ਜ਼ਬੂਰ 83:18) ਮੈਂ ਇਹ ਜਾਣ ਕੇ ਬਹੁਤ ਹੈਰਾਨ ਹੋਈ ਕਿ ਬਾਈਬਲ ਵਿਚ ‘ਆਖ਼ਰੀ ਦਿਨਾਂ’ ਬਾਰੇ ਦੱਸੀਆਂ ਗੱਲਾਂ ਕਿੰਨੀਆਂ ਸੱਚੀਆਂ ਹਨ। (2 ਤਿਮੋਥਿਉਸ 3:1-5) ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ਬਾਰੇ ਜਾਣ ਕੇ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜ਼ਰਾ ਸੋਚੋ, ਮੈਂ ਆਪਣੇ ਭਰਾ ਨੂੰ ਦੁਬਾਰਾ ਦੇਖਾਂਗੀ!—ਯੂਹੰਨਾ 5:28, 29.
ਪਰ ਜਿਨ੍ਹਾਂ ਸੱਚਾਈਆਂ ਬਾਰੇ ਜਾਣ ਕੇ ਮੈਂ ਖ਼ੁਸ਼ ਸੀ, ਉਨ੍ਹਾਂ ਤੋਂ ਮੇਰੇ ਮੰਮੀ ਤੇ ਮਤਰੇਆ ਡੈਡੀ ਖ਼ੁਸ਼ ਨਹੀਂ ਸਨ। ਉਹ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਮੇਰੇ ʼਤੇ ਜ਼ੋਰ ਪਾਇਆ ਕਿ ਮੈਂ ਬਾਈਬਲ ਦੀ ਸਟੱਡੀ ਕਰਨੀ ਬੰਦ ਕਰ ਦੇਵਾਂ। ਪਰ ਮੈਂ ਜੋ ਸਿੱਖਦੀ ਸੀ, ਉਹ ਮੈਨੂੰ ਬਹੁਤ ਪਸੰਦ ਸੀ। ਇਸ ਲਈ ਮੈਂ ਠਾਣ ਲਿਆ ਕਿ ਮੈਂ ਸਟੱਡੀ ਕਰਦੀ ਰਹਾਂਗੀ।
ਮੇਰੇ ਲਈ ਪਰਿਵਾਰ ਦੇ ਵਿਰੋਧ ਨੂੰ ਝੱਲਣਾ ਸੌਖਾ ਨਹੀਂ ਸੀ। ਇਕ ਹੋਰ ਝਟਕਾ ਸਾਨੂੰ ਉਦੋਂ ਲੱਗਾ ਜਦੋਂ ਮੇਰੇ ਛੋਟੇ ਭਰਾ ਦੀ ਵੀ ਡੁੱਬਣ ਕਰਕੇ ਮੌਤ ਹੋ ਗਈ। ਉਹ ਮੇਰੇ ਨਾਲ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ʼਤੇ ਜਾਂਦਾ ਹੁੰਦਾ ਸੀ। ਇਨ੍ਹਾਂ ਮੁਸ਼ਕਲਾਂ ਦੌਰਾਨ ਗਵਾਹਾਂ ਨੇ ਮੇਰਾ ਬੜਾ ਸਾਥ ਦਿੱਤਾ। ਉਨ੍ਹਾਂ ਕੋਲੋਂ ਮੈਨੂੰ ਉਹ ਪਿਆਰ ਮਿਲਿਆ ਜਿਸ ਲਈ ਮੈਂ ਸਾਰੀ ਜ਼ਿੰਦਗੀ ਤਰਸਦੀ ਸੀ। ਮੈਂ ਜਾਣ ਗਈ ਸੀ ਕਿ ਇਹੀ ਸੱਚਾ ਧਰਮ ਹੈ। 1996 ਵਿਚ ਬਪਤਿਸਮਾ ਲੈ ਕੇ ਮੈਂ ਯਹੋਵਾਹ ਦੀ ਗਵਾਹ ਬਣ ਗਈ।
ਅੱਜ ਮੇਰੀ ਜ਼ਿੰਦਗੀ: ਮੇਰੇ ਵਿਆਹ ਨੂੰ ਛੇ ਸਾਲ ਹੋ ਗਏ ਹਨ। ਮੇਰੇ ਪਤੀ ਡਮਿਟਰੀ ਬਹੁਤ ਹੀ ਚੰਗੇ ਇਨਸਾਨ ਹਨ। ਹੁਣ ਅਸੀਂ ਦੋਵੇਂ ਸੇਂਟ ਪੀਟਰਸਬਰਗ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਹਾਂ। ਸਮੇਂ ਦੇ ਬੀਤਣ ਨਾਲ ਮੇਰੇ ਮਾਪਿਆਂ ਦਾ ਰਵੱਈਆ ਬਦਲ ਗਿਆ ਹੈ ਅਤੇ ਹੁਣ ਉਹ ਮੇਰੇ ਵਿਸ਼ਵਾਸਾਂ ਦਾ ਆਦਰ ਕਰਦੇ ਹਨ।
ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਉਸ ਬਾਰੇ ਜਾਣ ਸਕੀ! ਉਸ ਦੀ ਸੇਵਾ ਕਰ ਕੇ ਮੈਨੂੰ ਜ਼ਿੰਦਗੀ ਦਾ ਅਸਲੀ ਮਕਸਦ ਪਤਾ ਲੱਗਾ ਹੈ।
“ਮੈਂ ਕਈ ਸਵਾਲਾਂ ਨੂੰ ਲੈ ਕੇ ਪਰੇਸ਼ਾਨ ਸੀ।”—ਰਾਊਦੇਲ ਰੋਦਰੀਗੇਸ ਰੋਦਰੀਗੇਸ
ਜਨਮ: 1959
ਦੇਸ਼: ਕਿਊਬਾ
ਅਤੀਤ: ਸਰਕਾਰ ਦਾ ਵਿਰੋਧੀ
ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਕਿਊਬਾ ਦੇ ਸ਼ਹਿਰ ਹਵਾਨਾ ਵਿਚ ਪੈਦਾ ਹੋਇਆ ਸੀ। ਅਸੀਂ ਇਕ ਗ਼ਰੀਬ ਇਲਾਕੇ ਵਿਚ ਰਹਿੰਦੇ ਸੀ ਜਿੱਥੇ ਲੜਾਈ-ਝਗੜੇ ਬਹੁਤ ਆਮ ਸਨ। ਜਿੱਦਾਂ-ਜਿੱਦਾਂ ਮੈਂ ਵੱਡਾ ਹੁੰਦਾ ਗਿਆ, ਮੈਂ ਜੂਡੋ ਅਤੇ ਹੋਰ ਮਾਰ-ਧਾੜ ਵਾਲੀਆਂ ਖੇਡਾਂ ਵਿਚ ਦਿਲਚਸਪੀ ਲੈਣ ਲੱਗਾ।
ਮੈਂ ਪੜ੍ਹਾਈ ਵਿਚ ਹੁਸ਼ਿਆਰ ਸੀ। ਇਸ ਲਈ ਮੇਰੇ ਮਾਪੇ ਮੈਨੂੰ ਯੂਨੀਵਰਸਿਟੀ ਜਾਣ ਦੀ ਹੱਲਾਸ਼ੇਰੀ ਦਿੰਦੇ ਸਨ। ਉੱਥੇ ਮੈਨੂੰ ਲੱਗਣ ਲੱਗਾ ਕਿ ਸਾਡੇ ਦੇਸ਼ ਦਾ ਰਾਜਨੀਤਿਕ ਢਾਂਚਾ ਬਦਲਣ ਦੀ ਲੋੜ ਹੈ। ਮੈਂ ਸਰਕਾਰ ਦਾ ਵਿਰੋਧ ਕਰਨ ਦੀ ਠਾਣ ਲਈ। ਮੈਂ ਤੇ ਮੇਰੀ ਕਲਾਸ ਦੇ ਇਕ ਮੁੰਡੇ ਨੇ ਇਕ ਪੁਲਸ ਵਾਲੇ ʼਤੇ ਹਮਲਾ ਕਰ ਦਿੱਤਾ ਕਿਉਂਕਿ ਸਾਨੂੰ ਉਸ ਦੀ ਬੰਦੂਕ ਚਾਹੀਦੀ ਸੀ। ਇਸ ਹੱਥੋਪਾਈ ਵਿਚ ਪੁਲਸ ਵਾਲੇ ਦੇ ਸਿਰ ʼਤੇ ਗੰਭੀਰ ਸੱਟਾਂ ਲੱਗ ਗਈਆਂ। ਇਸ ਲਈ ਮੈਨੂੰ ਤੇ ਮੇਰੀ ਕਲਾਸ ਦੇ ਮੁੰਡੇ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਅਤੇ ਸਾਨੂੰ ਮੌਤ ਦੀ ਸਜ਼ਾ ਸੁਣਾਈ ਗਈ। ਉਸ ਵੇਲੇ ਮੈਂ ਸਿਰਫ਼ 20 ਸਾਲਾਂ ਦਾ ਸੀ ਤੇ ਮੇਰੀ ਜ਼ਿੰਦਗੀ ਇੰਨੀ ਜਲਦੀ ਖ਼ਤਮ ਹੋਣ ਵਾਲੀ ਸੀ!
ਮੈਂ ਨਹੀਂ ਸੀ ਚਾਹੁੰਦਾ ਕਿ ਜਦੋਂ ਮੈਨੂੰ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾਵੇ, ਉਦੋਂ ਮੇਰੇ ਚਿਹਰੇ ʼਤੇ ਡਰ ਨਜ਼ਰ ਆਵੇ। ਇਸ ਲਈ ਜੇਲ੍ਹ ਵਿਚ ਇਕੱਲੇ ਹੁੰਦਿਆਂ ਮੈਂ ਪ੍ਰੈਕਟਿਸ ਕੀਤੀ ਕਿ ਗੋਲੀ ਮਾਰਨ ਵਾਲਿਆਂ ਸਾਮ੍ਹਣੇ ਮੈਂ ਕਿੱਦਾਂ ਪੇਸ਼ ਆਵਾਂਗਾ। ਪਰ ਇਸ ਦੇ ਨਾਲ-ਨਾਲ ਮੈਂ ਕਈ ਸਵਾਲਾਂ ਨੂੰ ਲੈ ਕੇ ਪਰੇਸ਼ਾਨ ਸੀ। ਮੈਂ ਸੋਚਿਆ: ‘ਦੁਨੀਆਂ ਵਿਚ ਇੰਨੀ ਬੇਇਨਸਾਫ਼ੀ ਕਿਉਂ ਹੈ? ਜ਼ਿੰਦਗੀ ਵਿਚ ਬੱਸ ਇਹੀ ਕੁਝ ਹੈ?’
ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਸਾਡੀ ਮੌਤ ਦੀ ਸਜ਼ਾ ਨੂੰ 30 ਸਾਲ ਦੀ ਜੇਲ੍ਹ ਦੀ ਸਜ਼ਾ ਵਿਚ ਬਦਲ ਦਿੱਤਾ ਗਿਆ। ਉਦੋਂ ਮੈਂ ਕੁਝ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਜੋ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਜੇਲ੍ਹ ਵਿਚ ਸਨ। ਮੈਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਗਵਾਹ ਦਲੇਰ ਸਨ, ਪਰ ਉਹ ਸ਼ਾਂਤੀ ਨਾਲ ਪੇਸ਼ ਆਉਂਦੇ ਸਨ। ਭਾਵੇਂ ਉਨ੍ਹਾਂ ਨੂੰ ਬਿਨਾਂ ਕਿਸੇ ਜੁਰਮ ਦੇ ਕੈਦ ਕੀਤਾ ਗਿਆ ਸੀ, ਫਿਰ ਵੀ ਉਨ੍ਹਾਂ ਦੇ ਦਿਲ ਵਿਚ ਗੁੱਸਾ ਜਾਂ ਕੁੜੱਤਣ ਨਹੀਂ ਸੀ।
ਗਵਾਹਾਂ ਨੇ ਮੈਨੂੰ ਸਿਖਾਇਆ ਕਿ ਰੱਬ ਇਨਸਾਨਾਂ ਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਦੇਣੀ ਚਾਹੁੰਦਾ ਹੈ। ਉਨ੍ਹਾਂ ਨੇ ਮੈਨੂੰ ਬਾਈਬਲ ਤੋਂ ਦਿਖਾਇਆ ਕਿ ਉਹ ਇਸ ਧਰਤੀ ਨੂੰ ਬਾਗ਼ ਵਰਗੀ ਬਣਾ ਦੇਵੇਗਾ ਜਿੱਥੇ ਅਪਰਾਧ ਅਤੇ ਬੇਇਨਸਾਫ਼ੀ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਧਰਤੀ ਚੰਗੇ ਲੋਕਾਂ ਨਾਲ ਭਰੀ ਹੋਵੇਗੀ ਤੇ ਉਨ੍ਹਾਂ ਕੋਲ ਵਧੀਆ ਹਾਲਾਤਾਂ ਵਿਚ ਹਮੇਸ਼ਾ ਲਈ ਜੀਉਣ ਦਾ ਮੌਕਾ ਹੋਵੇਗਾ।—ਜ਼ਬੂਰ 37:29.
ਮੈਂ ਯਹੋਵਾਹ ਦੇ ਗਵਾਹਾਂ ਤੋਂ ਜੋ ਗੱਲਾਂ ਸਿੱਖਦਾ ਸੀ, ਉਹ ਮੈਨੂੰ ਵਧੀਆ ਲੱਗਦੀਆਂ ਸਨ। ਪਰ ਮੇਰੇ ਰਵੱਈਏ ਅਤੇ ਉਨ੍ਹਾਂ ਦੇ ਰਵੱਈਏ ਵਿਚ ਬਹੁਤ ਫ਼ਰਕ ਸੀ। ਮੈਂ ਸੋਚਿਆ ਕਿ ਰਾਜਨੀਤਿਕ ਤੌਰ ਤੇ ਨਿਰਪੱਖ ਰਹਿਣਾ ਜਾਂ ਇਕ ਗੱਲ੍ਹ ʼਤੇ ਚਪੇੜ ਖਾਣ ਤੋਂ ਬਾਅਦ ਦੂਜੀ ਗੱਲ੍ਹ ਵੀ ਅੱਗੇ ਕਰਨੀ ਮੇਰੇ ਲਈ ਨਾਮੁਮਕਿਨ ਹੈ। ਇਸ ਲਈ ਮੈਂ ਆਪਣੇ ਆਪ ਹੀ ਬਾਈਬਲ ਪੜ੍ਹਨ ਦਾ ਫ਼ੈਸਲਾ ਕੀਤਾ। ਜਦੋਂ ਮੈਂ ਸਾਰੀ ਬਾਈਬਲ ਪੜ੍ਹ ਲਈ, ਤਾਂ ਮੈਨੂੰ ਅਹਿਸਾਸ ਹੋਇਆ ਕਿ ਸਿਰਫ਼ ਯਹੋਵਾਹ ਦੇ ਗਵਾਹ ਹੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਪੇਸ਼ ਆਉਂਦੇ ਹਨ।
ਬਾਈਬਲ ਦੀ ਸਟੱਡੀ ਕਰ ਕੇ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਕੁਝ ਵੱਡੇ ਬਦਲਾਅ ਕਰਨ ਦੀ ਲੋੜ ਸੀ। ਮਿਸਾਲ ਲਈ, ਮੈਨੂੰ ਆਪਣੀ ਬੋਲੀ ਸੁਧਾਰਨ ਦੀ ਲੋੜ ਸੀ ਕਿਉਂਕਿ ਮੈਨੂੰ ਗਾਲ਼ਾਂ ਕੱਢਣ ਦੀ ਆਦਤ ਸੀ। ਮੈਨੂੰ ਸਿਗਰਟ ਵੀ ਛੱਡਣੀ ਪੈਣੀ ਸੀ। ਨਾਲੇ ਮੈਨੂੰ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣ ਦੀ ਲੋੜ ਸੀ। ਇਹ ਬਦਲਾਅ ਕਰਨੇ ਮੇਰੇ ਲਈ ਸੌਖੇ ਨਹੀਂ ਸਨ, ਪਰ ਯਹੋਵਾਹ ਦੀ ਮਦਦ ਨਾਲ ਮੈਂ ਹੌਲੀ-ਹੌਲੀ ਇਹ ਬਦਲਾਅ ਕਰ ਸਕਿਆ।
ਮੇਰੇ ਲਈ ਆਪਣੇ ਗੁੱਸੇ ਨੂੰ ਕਾਬੂ ਕਰਨਾ ਸਭ ਤੋਂ ਔਖਾ ਸੀ। ਇਸ ਤਰ੍ਹਾਂ ਕਰਨ ਲਈ ਮੈਂ ਅਜੇ ਵੀ ਪ੍ਰਾਰਥਨਾ ਕਰਦਾ ਹਾਂ। ਬਾਈਬਲ ਦੀਆਂ ਕਈ ਆਇਤਾਂ ਨੇ ਮੇਰੀ ਬਹੁਤ ਮਦਦ ਕੀਤੀ, ਜਿਵੇਂ ਕਹਾਉਤਾਂ 16:32 ਜਿੱਥੇ ਲਿਖਿਆ ਹੈ: “ਜਿਹੜਾ ਕ੍ਰੋਧ ਕਰਨ ਵਿਚ ਧੀਮਾ ਹੈ, ਉਹ ਸੂਰਬੀਰ ਨਾਲੋਂ ਅਤੇ ਆਪਣੇ ਗੁੱਸੇ ʼਤੇ ਕਾਬੂ ਰੱਖਣ ਵਾਲਾ ਕਿਸੇ ਸ਼ਹਿਰ ਨੂੰ ਜਿੱਤਣ ਵਾਲੇ ਨਾਲੋਂ ਚੰਗਾ ਹੈ।”
1991 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ। ਮੈਨੂੰ ਜੇਲ੍ਹ ਵਿਚ ਇਕ ਪਾਣੀ ਦੇ ਡਰੰਮ ਵਿਚ ਬਪਤਿਸਮਾ ਦਿੱਤਾ ਗਿਆ। ਅਗਲੇ ਸਾਲ ਸਾਨੂੰ ਕੁਝ ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਸਪੇਨ ਵਿਚ ਸਾਡੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਗਿਆ। ਸਪੇਨ ਪਹੁੰਚਦੇ ਸਾਰ ਮੈਂ ਛੇਤੀ ਹੀ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣ ਲੱਗ ਪਿਆ। ਉੱਥੋਂ ਦੇ ਗਵਾਹਾਂ ਨੇ ਮੇਰਾ ਇੱਦਾਂ ਸੁਆਗਤ ਕੀਤਾ ਜਿੱਦਾਂ ਮੈਂ ਉਨ੍ਹਾਂ ਨੂੰ ਕਈ ਸਾਲਾਂ ਤੋਂ ਜਾਣਦਾ ਹੋਵਾਂ ਅਤੇ ਉਨ੍ਹਾਂ ਨੇ ਸਪੇਨ ਵਿਚ ਜ਼ਿੰਦਗੀ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਵਿਚ ਮੇਰੀ ਮਦਦ ਕੀਤੀ।
ਅੱਜ ਮੇਰੀ ਜ਼ਿੰਦਗੀ: ਹੁਣ ਮੈਂ ਬਹੁਤ ਖ਼ੁਸ਼ ਹਾਂ ਅਤੇ ਮੈਂ ਆਪਣੀ ਪਤਨੀ ਤੇ ਦੋ ਕੁੜੀਆਂ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹਾਂ। ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਆਪਣਾ ਜ਼ਿਆਦਾਤਰ ਸਮਾਂ ਬਾਈਬਲ ਬਾਰੇ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਨ ਵਿਚ ਲਾ ਰਿਹਾ ਹਾਂ। ਕਦੀ-ਕਦੀ ਮੈਂ ਉਸ ਸਮੇਂ ਬਾਰੇ ਸੋਚਦਾ ਹਾਂ ਜਦੋਂ ਮੈਂ ਭਰੀ ਜਵਾਨੀ ਵਿਚ ਮਰਨ ਵਾਲਾ ਸੀ। ਮੈਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਉਦੋਂ ਤੋਂ ਲੈ ਕੇ ਹੁਣ ਤਕ ਮੈਂ ਕਿੰਨਾ ਕੁਝ ਸਿੱਖਿਆ ਹੈ। ਮੈਂ ਹੁਣ ਨਾ ਸਿਰਫ਼ ਜੀਉਂਦਾ ਹਾਂ, ਸਗੋਂ ਮੈਨੂੰ ਇਕ ਚੰਗੇ ਭਵਿੱਖ ਦੀ ਉਮੀਦ ਵੀ ਹੈ। ਮੈਂ ਨਵੀਂ ਦੁਨੀਆਂ ਦੀ ਉਡੀਕ ਕਰ ਰਿਹਾ ਹਾਂ ਜਦੋਂ ਹਰ ਪਾਸੇ ਇਨਸਾਫ਼ ਹੋਵੇਗਾ ਅਤੇ “ਮੌਤ ਨਹੀਂ ਰਹੇਗੀ।”—ਪ੍ਰਕਾਸ਼ ਦੀ ਕਿਤਾਬ 21:3, 4.
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
“ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਕਿ ਰੱਬ ਦਾ ਇਕ ਨਾਂ ਹੈ”
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
ਮੈਂ ਤੇ ਮੇਰਾ ਪਤੀ ਬੋਲ਼ੇ ਲੋਕਾਂ ਨੂੰ ਸੈਨਤ ਭਾਸ਼ਾ ਦੇ ਪ੍ਰਕਾਸ਼ਨਾਂ ਰਾਹੀਂ ਪ੍ਰਚਾਰ ਕਰਦੇ ਹੋਏ