ਆਰਮਾਗੇਡਨ ਬਾਰੇ ਸੱਚਾਈ
‘ਦੁਸ਼ਟ ਦੂਤ ਜਾ ਕੇ ਸਾਰੀ ਧਰਤੀ ਦੇ ਰਾਜਿਆਂ ਨੂੰ ਉਸ ਜਗ੍ਹਾ ਇਕੱਠਾ ਕਰਦੇ ਹਨ ਜਿਸ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ।’—ਪ੍ਰਕਾਸ਼ ਦੀ ਕਿਤਾਬ 16:14, 16.
ਆਰਮਾਗੇਡਨ ਇਕ ਜਗ੍ਹਾ ਦਾ ਨਾਂ ਹੈ, ਪਰ ਇਹ ਧਰਤੀ ਉੱਤੇ ਕੋਈ ਅਸਲੀ ਜਗ੍ਹਾ ਨਹੀਂ ਹੈ।
ਤਾਂ ਫਿਰ “ਆਰਮਾਗੇਡਨ” ਸ਼ਬਦ ਦਾ ਅਸਲੀ ਮਤਲਬ ਕੀ ਹੈ? ਇਸ ਦਾ ਸੰਬੰਧ ਅਕਸਰ ਯੁੱਧ ਵਰਗੀ ਕਿਸੇ ਘਟਨਾ ਨਾਲ ਕਿਉਂ ਜੋੜਿਆ ਜਾਂਦਾ ਹੈ?
ਆਰਮਾਗੇਡਨ ਨਾਂ ਦੀ ਜਗ੍ਹਾ ʼਤੇ ਇਕੱਠੇ ਹੋਏ
ਇਬਰਾਨੀ ਵਿਚ ਆਰਮਾਗੇਡਨ ਦਾ ਮਤਲਬ ਹੈ “ਮਗਿੱਦੋ ਪਹਾੜ।” ਭਾਵੇਂ ਕਿ ਇਸ ਨਾਂ ਦਾ ਕੋਈ ਅਸਲੀ ਪਹਾੜ ਨਹੀਂ ਹੈ, ਪਰ ਮਗਿੱਦੋ ਨਾਂ ਦੀ ਜਗ੍ਹਾ ਹੈ। ਇਹ ਜਗ੍ਹਾ ਉਸ ਇਲਾਕੇ ਦੇ ਉੱਤਰ-ਪੱਛਮ ਵਿਚ ਪੈਂਦੇ ਇਕ ਚੁਰਾਹੇ ʼਤੇ ਸਥਿਤ ਹੈ ਜਿਸ ਇਲਾਕੇ ਵਿਚ ਪ੍ਰਾਚੀਨ ਇਜ਼ਰਾਈਲੀ ਵੱਸਦੇ ਸਨ। ਉਸ ਜਗ੍ਹਾ ਦੇ ਨੇੜੇ ਬਹੁਤ ਸਾਰੇ ਯੁੱਧ ਲੜੇ ਗਏ ਸਨ ਜਿਨ੍ਹਾਂ ਵਿਚ ਹਮੇਸ਼ਾ ਇਕ ਧਿਰ ਦੀ ਜਿੱਤ ਹੁੰਦੀ ਸੀ। ਇਸੇ ਕਰਕੇ ਮਗਿੱਦੋ ਦਾ ਨਾਂ ਯੁੱਧ ਨਾਲ ਜੋੜਿਆ ਜਾਣ ਲੱਗਾ।a
ਮਗਿੱਦੋ ਜਗ੍ਹਾ ਇਸ ਲਈ ਅਹਿਮ ਨਹੀਂ ਹੈ ਕਿ ਉੱਥੇ ਕਿਹੜੀਆਂ ਲੜਾਈਆਂ ਲੜੀਆਂ ਗਈਆਂ ਸਨ, ਪਰ ਇਸ ਲਈ ਹੈ ਕਿ ਉਹ ਲੜਾਈਆਂ ਕਿਉਂ ਲੜੀਆਂ ਗਈਆਂ ਸਨ। ਮਗਿੱਦੋ ਵਾਅਦਾ ਕੀਤੇ ਗਏ ਦੇਸ਼ ਦਾ ਹਿੱਸਾ ਸੀ ਜਿਹੜਾ ਦੇਸ਼ ਯਹੋਵਾਹ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਦਿੱਤਾ ਸੀ। (ਕੂਚ 33:1; ਯਹੋਸ਼ੁਆ 12:7, 21) ਯਹੋਵਾਹ ਨੇ ਸੌਂਹ ਖਾਂਦੀ ਸੀ ਕਿ ਉਹ ਇਜ਼ਰਾਈਲੀਆਂ ਨੂੰ ਹਮਲਾਵਰਾਂ ਤੋਂ ਬਚਾਵੇਗਾ ਤੇ ਉਸ ਨੇ ਇਸੇ ਤਰ੍ਹਾਂ ਕੀਤਾ। (ਬਿਵਸਥਾ ਸਾਰ 6:18, 19) ਮਿਸਾਲ ਲਈ, ਮਗਿੱਦੋ ਵਿਚ ਹੀ ਯਹੋਵਾਹ ਨੇ ਚਮਤਕਾਰੀ ਤਰੀਕੇ ਨਾਲ ਇਜ਼ਰਾਈਲੀਆਂ ਨੂੰ ਕਨਾਨੀ ਰਾਜੇ ਯਾਬੀਨ ਅਤੇ ਸੈਨਾਪਤੀ ਸੀਸਰਾ ਦੀਆਂ ਫ਼ੌਜਾਂ ਦੇ ਹੱਥੋਂ ਬਚਾਇਆ ਸੀ।—ਨਿਆਈਆਂ 4:14-16.
ਇਸ ਲਈ “ਆਰਮਾਗੇਡਨ” ਸ਼ਬਦ ਬਹੁਤ ਮਹੱਤਤਾ ਰੱਖਦਾ ਹੈ। ਇਸ ਦਾ ਸੰਬੰਧ ਲੜਾਈ ਨਾਲ ਹੈ ਜਿਸ ਵਿਚ ਦੋ ਸ਼ਕਤੀਸ਼ਾਲੀ ਤਾਕਤਾਂ ਦਾ ਟਾਕਰਾ ਹੁੰਦਾ ਹੈ।
ਪ੍ਰਕਾਸ਼ ਦੀ ਕਿਤਾਬ ਦੀ ਭਵਿੱਖਬਾਣੀ ਵਿਚ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਦੋਂ ਜਲਦੀ ਹੀ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਦੁਨੀਆਂ ਦੀਆਂ ਸਰਕਾਰਾਂ ਨੂੰ ਆਪਣੀਆਂ ਫ਼ੌਜਾਂ ਇਕੱਠੀਆਂ ਕਰਨ ਲਈ ਪ੍ਰੇਰਿਤ ਕਰਨਗੇ। ਇਸ ਤਰ੍ਹਾਂ ਕਰਨ ਨਾਲ ਉਹ ਪਰਮੇਸ਼ੁਰ ਦੇ ਲੋਕਾਂ ਅਤੇ ਉਨ੍ਹਾਂ ਦੇ ਕੰਮ ਦੇ ਖ਼ਿਲਾਫ਼ ਕਦਮ ਚੁੱਕਣ ਦੀ ਜੁਰਅਤ ਕਰਨਗੇ। ਉਸ ਵੇਲੇ ਪਰਮੇਸ਼ੁਰ ਇਨ੍ਹਾਂ ਹਮਲਾ ਕਰਨ ਵਾਲਿਆਂ ਨੂੰ ਹਰਾ ਦੇਵੇਗਾ ਅਤੇ ਨਤੀਜੇ ਵਜੋਂ ਲੱਖਾਂ ਲੋਕਾਂ ਦੀਆਂ ਜਾਨਾਂ ਜਾਣਗੀਆਂ।—ਪ੍ਰਕਾਸ਼ ਦੀ ਕਿਤਾਬ 19:11-18.
ਜਿਸ ਪਰਮੇਸ਼ੁਰ ਨੂੰ ਬਾਈਬਲ ਵਿਚ ‘ਕਿਰਪਾਲੂ, ਕਹਿਰ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ’ ਕਿਹਾ ਗਿਆ ਹੈ, ਉਹ ਪਰਮੇਸ਼ੁਰ ਇੰਨੇ ਸਾਰੇ ਲੋਕਾਂ ਦੀਆਂ ਜਾਨਾਂ ਕਿੱਦਾਂ ਲੈ ਸਕਦਾ ਹੈ? (ਨਹਮਯਾਹ 9:17) ਪਰਮੇਸ਼ੁਰ ਜੋ ਕਰਦਾ ਹੈ, ਉਸ ਨੂੰ ਸਮਝਣ ਲਈ ਸਾਨੂੰ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ: (1) ਲੜਾਈ ਕੌਣ ਸ਼ੁਰੂ ਕਰਦਾ ਹੈ? (2) ਇਸ ਲੜਾਈ ਵਿਚ ਪਰਮੇਸ਼ੁਰ ਕਿਉਂ ਸ਼ਾਮਲ ਹੁੰਦਾ ਹੈ? ਅਤੇ (3) ਇਸ ਲੜਾਈ ਦਾ ਧਰਤੀ ਅਤੇ ਉਸ ਦੇ ਵਾਸੀਆਂ ʼਤੇ ਕੀ ਅਸਰ ਪਵੇਗਾ?
1. ਲੜਾਈ ਕੌਣ ਸ਼ੁਰੂ ਕਰਦਾ ਹੈ?
ਆਰਮਾਗੇਡਨ ਦੀ ਲੜਾਈ ਪਰਮੇਸ਼ੁਰ ਦੇ ਕ੍ਰੋਧ ਦਾ ਪ੍ਰਗਟਾਵਾ ਨਹੀਂ ਹੋਵੇਗਾ। ਇਸ ਦੀ ਬਜਾਇ, ਪਰਮੇਸ਼ੁਰ ਚੰਗੇ ਲੋਕਾਂ ਨੂੰ ਉਨ੍ਹਾਂ ਦੇ ਹੱਥੋਂ ਬਚਾਵੇਗਾ ਜੋ ਉਨ੍ਹਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਨਗੇ। ਇਸ ਲੜਾਈ ਵਿਚ ਹਮਲਾ ਕਰਨ ਵਾਲੇ ‘ਸਾਰੀ ਧਰਤੀ ਦੇ ਰਾਜੇ’ ਯਾਨੀ ਦੁਨੀਆਂ ਦੇ ਆਗੂ ਹੋਣਗੇ। ਉਹ ਹਮਲਾ ਕਿਉਂ ਕਰਨਗੇ? ਅਸਲ ਵਿਚ ਸ਼ੈਤਾਨ ਸਰਕਾਰੀ ਅਤੇ ਫ਼ੌਜੀ ਸੰਸਥਾਵਾਂ ਨੂੰ ਕਠਪੁਤਲੀਆਂ ਵਾਂਗ ਨਚਾਵੇਗਾ। ਉਹ ਆਪਣੀ ਪੂਰੀ ਵਾਹ ਲਾ ਕੇ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਦੇ ਭਗਤਾਂ ਉੱਤੇ ਹਮਲਾ ਕਰਨ ਲਈ ਉਕਸਾਵੇਗਾ।—ਪ੍ਰਕਾਸ਼ ਦੀ ਕਿਤਾਬ 16:13, 14; 19:17, 18.
ਕੁਝ ਦੇਸ਼ਾਂ ਵਿਚ ਅੱਜ ਇਸ ਗੱਲ ʼਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਬੋਲਣ ਅਤੇ ਭਗਤੀ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇਸ ਕਾਰਨ ਲੋਕ ਸਮਝਦੇ ਹਨ ਕਿ ਕਿਸੇ ਧਰਮ ʼਤੇ ਪਾਬੰਦੀ ਲਾਉਣੀ ਜਾਂ ਉਸ ਦਾ ਨਾਮੋ-ਨਿਸ਼ਾਨ ਮਿਟਾਉਣਾ ਨਾਮੁਮਕਿਨ ਹੈ। ਪਰ ਇਸ ਤਰ੍ਹਾਂ ਦੇ ਹਮਲੇ 20ਵੀਂ ਸਦੀ ਦੌਰਾਨ ਹੋਏ ਸਨ ਅਤੇ ਹੁਣ ਵੀ ਹੋ ਰਹੇ ਹਨ।b ਫਿਰ ਵੀ ਇਨ੍ਹਾਂ ਹਮਲਿਆਂ ਅਤੇ ਆਰਮਾਗੇਡਨ ਦੇ ਹਮਲੇ ਵਿਚ ਘੱਟੋ-ਘੱਟ ਦੋ ਵੱਡੇ ਫ਼ਰਕ ਹਨ। ਪਹਿਲਾ, ਆਰਮਾਗੇਡਨ ਦਾ ਹਮਲਾ ਸਾਰੀ ਦੁਨੀਆਂ ʼਤੇ ਹੋਵੇਗਾ। ਦੂਜਾ, ਇਸ ਹਮਲੇ ਦੌਰਾਨ ਯਹੋਵਾਹ ਪਰਮੇਸ਼ੁਰ ਜਿੰਨਾ ਵੱਡਾ ਕਦਮ ਉਠਾਵੇਗਾ, ਉੱਨਾ ਵੱਡਾ ਕਦਮ ਉਸ ਨੇ ਪਹਿਲਾਂ ਕਦੇ ਨਹੀਂ ਉਠਾਇਆ। (ਯਿਰਮਿਯਾਹ 25:32, 33) ਬਾਈਬਲ ਇਸ ਨੂੰ ਉਹ ਲੜਾਈ ਕਹਿੰਦੀ ਹੈ ਜੋ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਲੜੀ ਜਾਵੇਗੀ।”
2. ਇਸ ਲੜਾਈ ਵਿਚ ਪਰਮੇਸ਼ੁਰ ਕਿਉਂ ਸ਼ਾਮਲ ਹੁੰਦਾ ਹੈ?
ਯਹੋਵਾਹ ਆਪਣੇ ਭਗਤਾਂ ਨੂੰ ਸਿਖਾਉਂਦਾ ਹੈ ਕਿ ਉਹ ਸ਼ਾਂਤੀ ਨਾਲ ਰਹਿਣ ਅਤੇ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਨ। (ਮੀਕਾਹ 4:1-3; ਮੱਤੀ 5:43, 44; 26:52) ਇਸ ਲਈ ਜਦੋਂ ਇਹ ਵਹਿਸ਼ੀ ਹਮਲਾ ਹੋਵੇਗਾ, ਤਾਂ ਉਹ ਆਪਣਾ ਬਚਾਅ ਕਰਨ ਲਈ ਹਥਿਆਰ ਨਹੀਂ ਚੁੱਕਣਗੇ। ਜੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਦਖ਼ਲ ਨਾ ਦਿੱਤਾ, ਤਾਂ ਉਸ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਇਸ ਲਈ ਇਹ ਯਹੋਵਾਹ ਪਰਮੇਸ਼ੁਰ ਦੀ ਨੇਕਨਾਮੀ ਦਾ ਸਵਾਲ ਹੈ। ਜੇ ਹਮਲਾ ਕਰਨ ਵਾਲੇ ਉਸ ਦੇ ਲੋਕਾਂ ਨੂੰ ਖ਼ਤਮ ਕਰਨ ਵਿਚ ਕਾਮਯਾਬ ਹੋ ਗਏ, ਤਾਂ ਇਸ ਤੋਂ ਇਹ ਸਾਬਤ ਹੋਵੇਗਾ ਕਿ ਯਹੋਵਾਹ ਨਿਰਮੋਹਾ, ਅਨਿਆਈ ਜਾਂ ਲਾਚਾਰ ਹੈ। ਪਰ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ!—ਜ਼ਬੂਰਾਂ ਦੀ ਪੋਥੀ 37:28, 29.
ਪਰਮੇਸ਼ੁਰ ਕਿਸੇ ਦਾ ਨਾਸ਼ ਨਹੀਂ ਕਰਨਾ ਚਾਹੁੰਦਾ, ਇਸ ਲਈ ਉਹ ਕੁਝ ਵੀ ਕਰਨ ਤੋਂ ਪਹਿਲਾਂ ਚੇਤਾਵਨੀ ਦਿੰਦਾ ਹੈ। (2 ਪਤਰਸ 3:9) ਬਾਈਬਲ ਵਿਚਲੇ ਬਿਰਤਾਂਤਾਂ ਜ਼ਰੀਏ, ਯਹੋਵਾਹ ਸਾਰਿਆਂ ਨੂੰ ਯਾਦ ਦਿਲਾਉਂਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਜਦੋਂ ਉਸ ਦੇ ਲੋਕਾਂ ਉੱਤੇ ਹਮਲੇ ਹੋਏ ਸਨ, ਤਾਂ ਉਸ ਨੇ ਹਮਲੇ ਕਰਨ ਵਾਲਿਆਂ ਤੋਂ ਬਦਲਾ ਲਿਆ ਸੀ। (2 ਰਾਜਿਆਂ 19:35) ਬਾਈਬਲ ਇਹ ਵੀ ਚੇਤਾਵਨੀ ਦਿੰਦੀ ਹੈ ਕਿ ਭਵਿੱਖ ਵਿਚ ਜਦੋਂ ਸ਼ੈਤਾਨ ਅਤੇ ਉਹ ਲੋਕ ਜਿਨ੍ਹਾਂ ਨੂੰ ਉਹ ਕਠਪੁਤਲੀਆਂ ਵਾਂਗ ਨਚਾ ਰਿਹਾ ਹੈ, ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਗੇ, ਤਾਂ ਯਹੋਵਾਹ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ। ਦਰਅਸਲ ਪਰਮੇਸ਼ੁਰ ਦੇ ਬਚਨ ਵਿਚ ਬਹੁਤ ਚਿਰ ਪਹਿਲਾਂ ਦੱਸਿਆ ਗਿਆ ਸੀ ਕਿ ਯਹੋਵਾਹ ਦੁਸ਼ਟ ਲੋਕਾਂ ਦਾ ਨਾਸ਼ ਕਰੇਗਾ। (ਕਹਾਉਤਾਂ 2:21, 22; 2 ਥੱਸਲੁਨੀਕੀਆਂ 1:6-9) ਉਸ ਵੇਲੇ ਹਮਲਾ ਕਰਨ ਵਾਲਿਆਂ ਦੇ ਮਨਾਂ ਵਿਚ ਕੋਈ ਸ਼ੱਕ ਨਹੀਂ ਰਹੇਗਾ ਕਿ ਉਨ੍ਹਾਂ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਲੜਾਈ ਮੁੱਲ ਲਈ ਹੈ।—ਹਿਜ਼ਕੀਏਲ 38:21-23.
3. ਇਸ ਲੜਾਈ ਦਾ ਧਰਤੀ ਅਤੇ ਉਸ ਦੇ ਵਾਸੀਆਂ ʼਤੇ ਕੀ ਅਸਰ ਪਵੇਗਾ?
ਆਰਮਾਗੇਡਨ ਦੀ ਲੜਾਈ ਦੇ ਨਤੀਜੇ ਵਜੋਂ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਬਚਣਗੀਆਂ। ਇਸ ਲੜਾਈ ਤੋਂ ਬਾਅਦ ਧਰਤੀ ਉੱਤੇ ਸ਼ਾਂਤੀ ਦਾ ਬੋਲਬਾਲਾ ਹੋਵੇਗਾ।—ਪ੍ਰਕਾਸ਼ ਦੀ ਕਿਤਾਬ 21:3, 4.
ਪ੍ਰਕਾਸ਼ ਦੀ ਕਿਤਾਬ ਵਿਚ ਕਿਹਾ ਗਿਆ ਹੈ ਕਿ ਇਸ ਲੜਾਈ ਵਿੱਚੋਂ ਇਕ “ਵੱਡੀ ਭੀੜ” ਬਚੇਗੀ ਜਿਸ ਨੂੰ ਕੋਈ ਨਹੀਂ ਗਿਣ ਸਕੇਗਾ। (ਪ੍ਰਕਾਸ਼ ਦੀ ਕਿਤਾਬ 7:9, 14) ਪਰਮੇਸ਼ੁਰ ਦੀ ਅਗਵਾਈ ਅਧੀਨ ਇਹ ਲੋਕ ਧਰਤੀ ਨੂੰ ਫਿਰ ਤੋਂ ਬਾਗ਼ ਵਾਂਗ ਸੋਹਣੀ ਬਣਾਉਣ ਵਿਚ ਮਦਦ ਕਰਨਗੇ। ਫਿਰ ਧਰਤੀ ਉੱਤੇ ਉਹੀ ਹਾਲਾਤ ਹੋਣਗੇ ਜੋ ਯਹੋਵਾਹ ਸ਼ੁਰੂ ਵਿਚ ਚਾਹੁੰਦਾ ਸੀ।
ਕੀ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਉੱਤੇ ਇਹ ਹਮਲਾ ਕਦੋਂ ਹੋਵੇਗਾ? (w12-E 02/01)
[ਫੁਟਨੋਟ]
a ਕਿਸੇ ਜਗ੍ਹਾ ਦਾ ਨਾਂ ਯੁੱਧ ਨਾਲ ਜੋੜਿਆ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਮਿਸਾਲ ਲਈ, ਐਟਮ ਬੰਬ ਨਾਲ ਭਸਮ ਹੋਏ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਦਾ ਨਾਂ ਸੁਣ ਕੇ ਹੀ ਲੋਕਾਂ ਦੇ ਮਨਾਂ ਵਿਚ ਇਹ ਖ਼ਿਆਲ ਆਉਂਦਾ ਹੈ ਕਿ ਭਵਿੱਖ ਵਿਚ ਨਿਊਕਲੀਅਰ ਲੜਾਈ ਦੁਆਰਾ ਧਰਤੀ ਭਸਮ ਹੋ ਜਾਵੇਗੀ।
b ਮਿਸਾਲ ਲਈ, ਨਾਜ਼ੀਆਂ ਦੁਆਰਾ ਧਾਰਮਿਕ ਅਤੇ ਨਸਲੀ ਸਮੂਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਨਾਲੇ 1917-1991 ਦੌਰਾਨ ਸਾਬਕਾ ਰੂਸੀ ਸਰਕਾਰ ਅਧੀਨ, ਧਾਰਮਿਕ ਸਮੂਹਾਂ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਗਈਆਂ ਸਨ।
[ਸਫ਼ਾ 6 ਉੱਤੇ ਤਸਵੀਰ]
ਯਹੋਵਾਹ ਪਰਮੇਸ਼ੁਰ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਲੋਕਾਂ ਨੂੰ ਬਚਾਇਆ ਸੀ
[ਸਫ਼ਾ 7 ਉੱਤੇ ਤਸਵੀਰ]
ਯਹੋਵਾਹ ਆਰਮਾਗੇਡਨ ਦੀ ਲੜਾਈ ਦੌਰਾਨ ਵੀ ਆਪਣੇ ਲੋਕਾਂ ਨੂੰ ਬਚਾਵੇਗਾ