ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 2/15 ਸਫ਼ੇ 10-14
  • “ਤਕੜਾ ਹੋ ਅਤੇ ਵੱਡਾ ਹੌਸਲਾ ਰੱਖ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਤਕੜਾ ਹੋ ਅਤੇ ਵੱਡਾ ਹੌਸਲਾ ਰੱਖ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੁਸ਼ਟ ਦੁਨੀਆਂ ਵਿਚ ਦਲੇਰ ਗਵਾਹ
  • ਨਿਹਚਾ ਅਤੇ ਦਲੇਰੀ ਦਾ ਸਬੂਤ ਦੇਣ ਵਾਲੇ ਲੋਕ
  • ਬਹਾਦਰੀ ਦਿਖਾਉਣ ਵਾਲੀਆਂ ਤੀਵੀਆਂ
  • ਸਾਡੀਆਂ ਗੱਲਾਂ ਦੂਸਰਿਆਂ ਨੂੰ ਦਲੇਰ ਬਣਾ ਸਕਦੀਆਂ ਹਨ
  • ਦਲੇਰ ਰਾਣੀ ਅਸਤਰ
  • “ਹੌਸਲਾ ਰੱਖੋ”
  • ‘ਤਕੜੇ ਹੋਵੋ, ਅਤੇ ਕੰਮ ਕਰੋ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਦਲੇਰ ਬਣਨਾ ਇੰਨਾ ਔਖਾ ਨਹੀਂ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ‘ਤਕੜੇ ਹੋਵੇ ਤੇ ਹੌਸਲਾ ਰੱਖੋ!’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 2/15 ਸਫ਼ੇ 10-14

“ਤਕੜਾ ਹੋ ਅਤੇ ਵੱਡਾ ਹੌਸਲਾ ਰੱਖ”

‘ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ। ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਸੰਗ ਹੈ।’—ਯਹੋ. 1:7-9.

ਤੁਸੀਂ ਕੀ ਜਵਾਬ ਦਿਓਗੇ?

ਹਨੋਕ ਅਤੇ ਨੂਹ ਨੇ ਦਲੇਰੀ ਕਿਵੇਂ ਦਿਖਾਈ?

ਕੁਝ ਤੀਵੀਆਂ ਨੇ ਨਿਹਚਾ ਅਤੇ ਦਲੇਰੀ ਦਿਖਾਉਣ ਵਿਚ ਮਿਸਾਲ ਕਿਵੇਂ ਕਾਇਮ ਕੀਤੀ?

ਤੁਸੀਂ ਕਿਹੜੇ ਨੌਜਵਾਨਾਂ ਦੀਆਂ ਮਿਸਾਲਾਂ ਤੋਂ ਪ੍ਰਭਾਵਿਤ ਹੋਏ?

1, 2. (ੳ) ਕਈ ਵਾਰ ਜ਼ਿੰਦਗੀ ਵਿਚ ਸਹੀ ਕੰਮ ਕਰਦੇ ਰਹਿਣ ਲਈ ਕਿਸ ਚੀਜ਼ ਦੀ ਲੋੜ ਪੈਂਦੀ ਹੈ? (ਅ) ਅਸੀਂ ਕਿਸ ਗੱਲ ਉੱਤੇ ਚਰਚਾ ਕਰਾਂਗੇ?

ਦਲੇਰ ਇਨਸਾਨ ਡਰਪੋਕ ਨਹੀਂ ਹੁੰਦਾ। ਅਸੀਂ ਸ਼ਾਇਦ ਸੋਚੀਏ ਕਿ ਤਕੜਾ ਤੇ ਬਹਾਦਰ ਇਨਸਾਨ ਹੀ ਦਲੇਰ ਹੁੰਦਾ ਹੈ। ਪਰ ਕਈ ਵਾਰ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿਚ ਸਹੀ ਕੰਮ ਕਰਦੇ ਰਹਿਣ ਲਈ ਦਲੇਰ ਬਣਨ ਦੀ ਲੋੜ ਪੈਂਦੀ ਹੈ।

2 ਬਾਈਬਲ ਵਿਚ ਕੁਝ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਵਿਚ ਦਲੇਰੀ ਦਿਖਾਈ। ਕਈਆਂ ਨੇ ਆਮ ਹਾਲਾਤਾਂ ਵਿਚ ਵੀ ਦਲੇਰੀ ਦਿਖਾਈ ਜਿਨ੍ਹਾਂ ਦਾ ਸਾਮ੍ਹਣਾ ਯਹੋਵਾਹ ਦੇ ਸਾਰੇ ਸੇਵਕ ਕਰਦੇ ਹਨ। ਅਸੀਂ ਦਲੇਰੀ ਦਿਖਾਉਣ ਬਾਰੇ ਇਨ੍ਹਾਂ ਲੋਕਾਂ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਦਲੇਰ ਕਿਵੇਂ ਬਣ ਸਕਦੇ ਹਾਂ?

ਦੁਸ਼ਟ ਦੁਨੀਆਂ ਵਿਚ ਦਲੇਰ ਗਵਾਹ

3. ਦੁਸ਼ਟ ਲੋਕਾਂ ਦੇ ਖ਼ਿਲਾਫ਼ ਹਨੋਕ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ?

3 ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਤੋਂ ਪਹਿਲਾਂ ਦੀ ਦੁਸ਼ਟ ਦੁਨੀਆਂ ਵਿਚ ਯਹੋਵਾਹ ਬਾਰੇ ਗਵਾਹੀ ਦੇਣ ਲਈ ਦਲੇਰੀ ਦੀ ਲੋੜ ਸੀ। ਫਿਰ ਵੀ ਹਨੋਕ ਨੇ, “ਜਿਹੜਾ ਆਦਮ ਤੋਂ ਸੱਤਵੀਂ ਪੀੜ੍ਹੀ ਸੀ,” ਭਵਿੱਖਬਾਣੀ ਕਰਦੇ ਹੋਏ ਲੋਕਾਂ ਨੂੰ ਇਹ ਸੰਦੇਸ਼ ਸੁਣਾਇਆ: “ਦੇਖੋ! ਯਹੋਵਾਹ ਆਪਣੇ ਲੱਖਾਂ ਦੂਤਾਂ ਨਾਲ ਆਇਆ ਤਾਂਕਿ ਸਾਰਿਆਂ ਨੂੰ ਸਜ਼ਾ ਦੇਵੇ, ਅਤੇ ਸਾਰੇ ਦੁਸ਼ਟ ਲੋਕਾਂ ਨੂੰ ਦੋਸ਼ੀ ਠਹਿਰਾਵੇ ਜਿਨ੍ਹਾਂ ਨੇ ਦੁਸ਼ਟ ਤਰੀਕੇ ਨਾਲ ਦੁਸ਼ਟ ਕੰਮ ਕੀਤੇ ਹਨ ਅਤੇ ਉਨ੍ਹਾਂ ਦੁਸ਼ਟ ਪਾਪੀਆਂ ਨੂੰ ਵੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਘਟੀਆ ਗੱਲਾਂ ਕਹੀਆਂ ਹਨ।” (ਯਹੂ. 14, 15) ਹਨੋਕ ਨੇ ਇਹ ਭਵਿੱਖਬਾਣੀ ਇਸ ਤਰ੍ਹਾਂ ਕੀਤੀ ਜਿਵੇਂ ਇਹ ਪੂਰੀ ਹੋ ਚੁੱਕੀ ਹੋਵੇ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਣੀ ਸੀ। ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਜਲ-ਪਰਲੋ ਵਿਚ ਸਾਰੇ ਦੁਸ਼ਟ ਲੋਕ ਨਾਸ਼ ਹੋਏ।

4. ਕਿਹੋ ਜਿਹੇ ਮਾਹੌਲ ਵਿਚ ਨੂਹ ‘ਪਰਮੇਸ਼ੁਰ ਦੇ ਨਾਲ ਨਾਲ ਚੱਲਿਆ’?

4 ਹਨੋਕ ਦੁਆਰਾ ਭਵਿੱਖਬਾਣੀ ਕਰਨ ਤੋਂ 650 ਸਾਲ ਬਾਅਦ 2370 ਈ. ਪੂ. ਵਿਚ ਇਹ ਜਲ-ਪਰਲੋ ਆਈ ਸੀ। ਇਨ੍ਹਾਂ ਸਾਲਾਂ ਦੌਰਾਨ ਨੂਹ ਦਾ ਜਨਮ ਹੋਇਆ, ਵਿਆਹ ਹੋਇਆ, ਮੁੰਡੇ ਹੋਏ ਅਤੇ ਮੁੰਡਿਆਂ ਨੇ ਕਿਸ਼ਤੀ ਬਣਾਉਣ ਵਿਚ ਉਸ ਦੀ ਮਦਦ ਕੀਤੀ। ਨਾਲੇ ਦੁਸ਼ਟ ਦੂਤ ਇਨਸਾਨ ਦਾ ਰੂਪ ਧਾਰ ਕੇ ਧਰਤੀ ਉੱਤੇ ਆਏ, ਉਨ੍ਹਾਂ ਨੇ ਸੋਹਣੀਆਂ-ਸੋਹਣੀਆਂ ਤੀਵੀਆਂ ਨਾਲ ਵਿਆਹ ਕਰਾਏ ਤੇ ਬੱਚੇ ਪੈਦਾ ਕੀਤੇ ਜਿਨ੍ਹਾਂ ਨੂੰ ਬਾਈਬਲ ਵਿਚ ਦੈਂਤ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਨਸਾਨ ਹੱਦ ਦਰਜੇ ਤਕ ਬੁਰਾ ਬਣ ਗਿਆ ਸੀ ਅਤੇ ਪੂਰੀ ਦੁਨੀਆਂ ਹਿੰਸਾ ਨਾਲ ਭਰ ਗਈ ਸੀ। (ਉਤ. 6:1-5, 9, 11) ਇਸ ਬੁਰੇ ਮਾਹੌਲ ਦੇ ਬਾਵਜੂਦ ਵੀ ਨੂਹ ‘ਪਰਮੇਸ਼ੁਰ ਦੇ ਨਾਲ ਨਾਲ ਚਲਿਆ’ ਅਤੇ ਉਸ ਨੇ “ਧਾਰਮਿਕਤਾ ਦੇ ਪ੍ਰਚਾਰਕ” ਦੇ ਤੌਰ ਤੇ ਦਲੇਰੀ ਨਾਲ ਗਵਾਹੀ ਦਿੱਤੀ। (2 ਪਤਰਸ 2:4, 5 ਪੜ੍ਹੋ।) ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਨੂੰ ਵੀ ਦਲੇਰ ਬਣਨ ਦੀ ਲੋੜ ਹੈ।

ਨਿਹਚਾ ਅਤੇ ਦਲੇਰੀ ਦਾ ਸਬੂਤ ਦੇਣ ਵਾਲੇ ਲੋਕ

5. ਮੂਸਾ ਨੇ ਨਿਹਚਾ ਅਤੇ ਦਲੇਰੀ ਕਿਵੇਂ ਦਿਖਾਈ?

5 ਮੂਸਾ ਨੇ ਨਿਹਚਾ ਅਤੇ ਦਲੇਰੀ ਦਿਖਾਉਣ ਵਿਚ ਮਿਸਾਲ ਕਾਇਮ ਕੀਤੀ। (ਇਬ. 11:24-27) ਸੰਨ 1513 ਈ. ਪੂ. ਤੋਂ 1473 ਈ. ਪੂ. ਤਕ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣ ਅਤੇ ਉਜਾੜ ਵਿਚ ਉਨ੍ਹਾਂ ਦੀ ਅਗਵਾਈ ਕਰਨ ਲਈ ਮੂਸਾ ਨੂੰ ਇਸਤੇਮਾਲ ਕੀਤਾ। ਮੂਸਾ ਨੂੰ ਲੱਗਦਾ ਸੀ ਕਿ ਉਹ ਇਹ ਜ਼ਿੰਮੇਵਾਰੀ ਚੁੱਕਣ ਦੇ ਕਾਬਲ ਨਹੀਂ ਸੀ, ਫਿਰ ਵੀ ਉਸ ਨੇ ਇਹ ਜ਼ਿੰਮੇਵਾਰੀ ਲਈ। (ਕੂਚ 6:12) ਉਸ ਨੇ ਅਤੇ ਉਸ ਦੇ ਭਰਾ ਹਾਰੂਨ ਨੇ ਵਾਰ-ਵਾਰ ਮਿਸਰ ਦੇ ਜ਼ਾਲਮ ਰਾਜੇ ਫ਼ਿਰਊਨ ਦੇ ਸਾਮ੍ਹਣੇ ਪੇਸ਼ ਹੋ ਕੇ ਦਲੇਰੀ ਨਾਲ ਦਸ ਆਫ਼ਤਾਂ ਦਾ ਐਲਾਨ ਕੀਤਾ ਜਿਨ੍ਹਾਂ ਰਾਹੀਂ ਯਹੋਵਾਹ ਨੇ ਮਿਸਰ ਦੇ ਦੇਵੀ-ਦੇਵਤਿਆਂ ਨੂੰ ਨੀਵਾਂ ਦਿਖਾਇਆ ਅਤੇ ਆਪਣੇ ਲੋਕਾਂ ਨੂੰ ਛੁਡਾਇਆ। (ਕੂਚ ਅਧਿ. 7-12) ਮੂਸਾ ਨੇ ਨਿਹਚਾ ਅਤੇ ਦਲੇਰੀ ਦਿਖਾਈ ਕਿਉਂਕਿ ਉਸ ਨੂੰ ਪਰਮੇਸ਼ੁਰ ਦੀ ਮਦਦ ਉੱਤੇ ਪੂਰਾ ਭਰੋਸਾ ਸੀ। ਅਸੀਂ ਵੀ ਪਰਮੇਸ਼ੁਰ ਦੀ ਮਦਦ ਉੱਤੇ ਪੂਰਾ ਭਰੋਸਾ ਰੱਖਦੇ ਹਾਂ।—ਜ਼ਬੂ. 46:11.

6. ਜੇ ਸਰਕਾਰੀ ਅਧਿਕਾਰੀ ਸਾਡੇ ਤੋਂ ਪੁੱਛ-ਗਿੱਛ ਕਰਦੇ ਹਨ, ਤਾਂ ਉਨ੍ਹਾਂ ਨੂੰ ਦਲੇਰੀ ਨਾਲ ਗਵਾਹੀ ਦੇਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?

6 ਸਾਨੂੰ ਵੀ ਮੂਸਾ ਵਾਂਗ ਦਲੇਰ ਬਣਨ ਦੀ ਲੋੜ ਹੈ ਕਿਉਂਕਿ ਯਿਸੂ ਨੇ ਕਿਹਾ ਸੀ: ‘ਲੋਕ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਸਰਕਾਰੀ ਅਧਿਕਾਰੀਆਂ ਅਤੇ ਰਾਜਿਆਂ ਸਾਮ੍ਹਣੇ ਪੇਸ਼ ਕਰਨਗੇ, ਜਿੱਥੇ ਤੁਹਾਨੂੰ ਉਨ੍ਹਾਂ ਨੂੰ ਅਤੇ ਕੌਮਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ। ਪਰ ਜਦ ਉਹ ਤੁਹਾਨੂੰ ਫੜਵਾਉਣ, ਤਾਂ ਚਿੰਤਾ ਨਾ ਕਰਿਓ ਕਿ ਤੁਸੀਂ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ; ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ। ਕਿਉਂਕਿ ਸਿਰਫ਼ ਤੁਸੀਂ ਨਹੀਂ ਬੋਲੋਗੇ, ਸਗੋਂ ਤੁਹਾਡੇ ਸਵਰਗੀ ਪਿਤਾ ਦੀ ਸ਼ਕਤੀ ਤੁਹਾਡੇ ਰਾਹੀਂ ਬੋਲੇਗੀ।’ (ਮੱਤੀ 10:18-20) ਜੇ ਸਰਕਾਰੀ ਅਧਿਕਾਰੀ ਸਾਡੇ ਤੋਂ ਪੁੱਛ-ਗਿੱਛ ਕਰਦੇ ਹਨ, ਤਾਂ ਉਨ੍ਹਾਂ ਨੂੰ ਨਿਹਚਾ, ਦਲੇਰੀ ਤੇ ਆਦਰ ਨਾਲ ਗਵਾਹੀ ਦੇਣ ਵਿਚ ਯਹੋਵਾਹ ਦੀ ਸ਼ਕਤੀ ਸਾਡੀ ਮਦਦ ਕਰੇਗੀ।—ਲੂਕਾ 12:11, 12 ਪੜ੍ਹੋ।

7. ਯਹੋਸ਼ੁਆ ਦਲੇਰ ਕਿਵੇਂ ਬਣਿਆ ਅਤੇ ਉਹ ਆਪਣੇ ਹਰ ਕੰਮ ਵਿਚ ਕਾਮਯਾਬ ਕਿਵੇਂ ਹੋਇਆ?

7 ਮੂਸਾ ਤੋਂ ਬਾਅਦ ਯਹੋਸ਼ੁਆ ਇਜ਼ਰਾਈਲੀਆਂ ਦਾ ਆਗੂ ਬਣਿਆ। ਪਰਮੇਸ਼ੁਰ ਦੇ ਕਾਨੂੰਨ ਦਾ ਵਾਰ-ਵਾਰ ਅਧਿਐਨ ਕਰਨ ਨਾਲ ਯਹੋਸ਼ੁਆ ਦੀ ਨਿਹਚਾ ਮਜ਼ਬੂਤ ਹੋਈ ਅਤੇ ਉਹ ਦਲੇਰ ਬਣਿਆ। ਸੰਨ 1473 ਈ. ਪੂ. ਵਿਚ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਵਾਲੇ ਸਨ। ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ: “ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ।” ਪਰਮੇਸ਼ੁਰ ਦੇ ਕਾਨੂੰਨ ਉੱਤੇ ਚੱਲਣ ਨਾਲ ਉਹ ਸਮਝਦਾਰ ਬਣ ਸਕਦਾ ਸੀ ਅਤੇ ਆਪਣੇ ਹਰ ਕੰਮ ਵਿਚ ਕਾਮਯਾਬ ਹੋ ਸਕਦਾ ਸੀ। ਪਰਮੇਸ਼ੁਰ ਨੇ ਯਹੋਸ਼ੁਆ ਨੂੰ ਕਿਹਾ: “ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।” (ਯਹੋ. 1:7-9) ਯਹੋਸ਼ੁਆ ਨੂੰ ਇਨ੍ਹਾਂ ਸ਼ਬਦਾਂ ਤੋਂ ਕਿੰਨਾ ਹੌਸਲਾ ਮਿਲਿਆ ਹੋਣਾ! ਪਰਮੇਸ਼ੁਰ ਹਮੇਸ਼ਾ ਉਸ ਦੇ ਨਾਲ ਰਿਹਾ, ਇਸੇ ਕਰਕੇ ਉਸ ਦੀ ਅਗਵਾਈ ਵਿਚ ਇਜ਼ਰਾਈਲੀਆਂ ਨੇ ਛੇ ਸਾਲਾਂ ਦੇ ਅੰਦਰ-ਅੰਦਰ ਵਾਅਦਾ ਕੀਤੇ ਹੋਏ ਦੇਸ਼ ਦੇ ਜ਼ਿਆਦਾਤਰ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ।

ਬਹਾਦਰੀ ਦਿਖਾਉਣ ਵਾਲੀਆਂ ਤੀਵੀਆਂ

8. ਰਾਹਾਬ ਨੇ ਨਿਹਚਾ ਅਤੇ ਦਲੇਰੀ ਦਿਖਾਉਣ ਵਿਚ ਮਿਸਾਲ ਕਿਵੇਂ ਕਾਇਮ ਕੀਤੀ?

8 ਸਦੀਆਂ ਦੌਰਾਨ ਕਈ ਬਹਾਦਰ ਤੀਵੀਆਂ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਦਲੇਰੀ ਦਿਖਾਈ। ਮਿਸਾਲ ਲਈ, ਯਰੀਹੋ ਵਿਚ ਰਾਹਾਬ ਵੇਸਵਾ ਨੇ ਯਹੋਵਾਹ ਉੱਤੇ ਨਿਹਚਾ ਕੀਤੀ ਅਤੇ ਯਹੋਸ਼ੁਆ ਦੇ ਦੋ ਜਾਸੂਸਾਂ ਨੂੰ ਲੁਕਾਇਆ ਅਤੇ ਫਿਰ ਉਸ ਸ਼ਹਿਰ ਦੇ ਰਾਜੇ ਦੇ ਆਦਮੀਆਂ ਨੂੰ ਗ਼ਲਤ ਰਾਹੇ ਪਾਇਆ। ਜਦੋਂ ਇਜ਼ਰਾਈਲੀਆਂ ਨੇ ਯਰੀਹੋ ਉੱਤੇ ਕਬਜ਼ਾ ਕੀਤਾ, ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਨਹੀਂ ਮਾਰਿਆ ਗਿਆ। ਰਾਹਾਬ ਆਪਣਾ ਗ਼ਲਤ ਧੰਦਾ ਛੱਡ ਕੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਈ ਅਤੇ ਉਸ ਦੀ ਪੀੜ੍ਹੀ ਵਿੱਚੋਂ ਹੀ ਮਸੀਹ ਦਾ ਜਨਮ ਹੋਇਆ। (ਯਹੋ. 2:1-6; 6:22, 23; ਮੱਤੀ 1:1, 5) ਨਿਹਚਾ ਅਤੇ ਦਲੇਰੀ ਦਿਖਾਉਣ ਕਰਕੇ ਉਸ ਨੂੰ ਕਿੰਨੀਆਂ ਬਰਕਤਾਂ ਮਿਲੀਆਂ!

9. ਦਬੋਰਾਹ, ਬਾਰਾਕ ਤੇ ਯਾਏਲ ਨੇ ਦਲੇਰੀ ਕਿਵੇਂ ਦਿਖਾਈ?

9 ਸੰਨ 1450 ਈ. ਪੂ. ਵਿਚ ਯਹੋਸ਼ੁਆ ਦੇ ਮਰਨ ਤੋਂ ਬਾਅਦ ਨਿਆਂਕਾਰ ਇਜ਼ਰਾਈਲੀਆਂ ਦਾ ਨਿਆਂ ਕਰਦੇ ਹੁੰਦੇ ਸਨ। ਕਨਾਨੀ ਰਾਜੇ ਯਾਬੀਨ ਨੇ 20 ਸਾਲ ਇਜ਼ਰਾਈਲੀਆਂ ਉੱਤੇ ਅਤਿਆਚਾਰ ਕੀਤੇ। ਉਸ ਵੇਲੇ ਦਬੋਰਾਹ ਨਬੀਆਂ ਵਾਂਗ ਭਵਿੱਖਬਾਣੀਆਂ ਕਰਦੀ ਹੁੰਦੀ ਸੀ। ਪਰਮੇਸ਼ੁਰ ਨੇ ਉਸ ਰਾਹੀਂ ਨਿਆਂਕਾਰ ਬਾਰਾਕ ਨੂੰ ਪ੍ਰੇਰਿਆ ਕਿ ਉਹ ਕਨਾਨੀਆਂ ਦੇ ਨਾਲ ਲੜੇ। ਬਾਰਾਕ ਆਪਣੇ ਨਾਲ 10,000 ਫ਼ੌਜੀ ਇਕੱਠੇ ਕਰ ਕੇ ਤਾਬੋਰ ਪਹਾੜ ਉੱਤੇ ਚਲਾ ਗਿਆ। ਯਾਬੀਨ ਦੀ ਫ਼ੌਜ ਦਾ ਕਪਤਾਨ ਸੀਸਰਾ ਕੀਸ਼ੋਨ ਘਾਟੀ ਵਿਚ ਆਪਣੀ ਫ਼ੌਜ ਅਤੇ 900 ਰਥ ਲੈ ਕੇ ਆਇਆ। ਜਦੋਂ ਇਜ਼ਰਾਈਲੀ ਪਹਾੜੋਂ ਉੱਤਰ ਕੇ ਘਾਟੀ ਵਿਚ ਆਉਣ ਲੱਗੇ, ਤਾਂ ਪਰਮੇਸ਼ੁਰ ਇਕਦਮ ਬਹੁਤ ਤੇਜ਼ ਹੜ੍ਹ ਲੈ ਕੇ ਆਇਆ। ਹੜ੍ਹ ਨਾਲ ਜੰਗ ਦੇ ਮੈਦਾਨ ਵਿਚ ਚਿੱਕੜ ਹੀ ਚਿੱਕੜ ਹੋ ਗਿਆ ਅਤੇ ਕਨਾਨੀਆਂ ਦੇ ਰਥ ਚਿੱਕੜ ਵਿਚ ਖੁੱਭ ਗਏ। ਬਾਰਾਕ ਦੀ ਫ਼ੌਜ ਜਿੱਤ ਗਈ ਅਤੇ ਉਸ ਦੀ ਫ਼ੌਜ ਨੇ “ਸੀਸਰਾ ਦੀ ਸਾਰੀ ਫੌਜ ਤਲਵਾਰ ਨਾਲ ਐਉਂ ਵੱਢੀ ਕਿ ਇੱਕ ਭੀ ਨਾ ਬਚਿਆ।” ਸੀਸਰਾ ਭੱਜ ਕੇ ਯਾਏਲ ਦੇ ਤੰਬੂ ਵਿਚ ਲੁੱਕ ਗਿਆ। ਜਦੋਂ ਉਹ ਸੁੱਤਾ ਪਿਆ ਸੀ, ਤਾਂ ਯਾਏਲ ਨੇ ਉਸ ਨੂੰ ਜਾਨੋਂ ਮਾਰ ਦਿੱਤਾ। ਦਬੋਰਾਹ ਨੇ ਭਵਿੱਖਬਾਣੀ ਕਰਦੇ ਹੋਏ ਬਾਰਾਕ ਨੂੰ ਜੋ ਕਿਹਾ ਸੀ, ਉਸ ਅਨੁਸਾਰ ਇਸ ਜਿੱਤ ਕਰਕੇ ਯਾਏਲ ਦਾ “ਆਦਰ ਭਾਉ” ਹੋਇਆ। ਦਬੋਰਾਹ, ਬਾਰਾਕ ਤੇ ਯਾਏਲ ਦੀ ਦਲੇਰੀ ਕਰਕੇ ਇਜ਼ਰਾਈਲੀਆਂ ਨੂੰ “ਚਾਲੀ ਵਰਹੇ ਸੁਖ ਰਿਹਾ।” (ਨਿਆ. 4:1-9, 14-22; 5:20, 21, 31) ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਹੋਰ ਬਹੁਤ ਸਾਰੇ ਆਦਮੀਆਂ ਤੇ ਤੀਵੀਆਂ ਨੇ ਇਸੇ ਤਰ੍ਹਾਂ ਨਿਹਚਾ ਅਤੇ ਦਲੇਰੀ ਦਿਖਾਈ ਹੈ।

ਸਾਡੀਆਂ ਗੱਲਾਂ ਦੂਸਰਿਆਂ ਨੂੰ ਦਲੇਰ ਬਣਾ ਸਕਦੀਆਂ ਹਨ

10. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡੀਆਂ ਗੱਲਾਂ ਤੋਂ ਦੂਜਿਆਂ ਨੂੰ ਦਲੇਰ ਬਣਨ ਦੀ ਪ੍ਰੇਰਣਾ ਮਿਲ ਸਕਦੀ ਹੈ?

10 ਅਸੀਂ ਜੋ ਕਹਿੰਦੇ ਹਾਂ, ਉਸ ਤੋਂ ਯਹੋਵਾਹ ਦੇ ਸੇਵਕਾਂ ਨੂੰ ਦਲੇਰ ਬਣਨ ਦੀ ਪ੍ਰੇਰਣਾ ਮਿਲ ਸਕਦੀ ਹੈ। ਲਗਭਗ 1000 ਈ. ਪੂ. ਵਿਚ ਰਾਜਾ ਦਾਊਦ ਨੇ ਆਪਣੇ ਮੁੰਡੇ ਸੁਲੇਮਾਨ ਨੂੰ ਕਿਹਾ: “ਤਕੜਾ ਅਤੇ ਸੂਰਮਾ ਹੋ, ਅਤੇ ਕੰਮ ਕਰ, ਡਰੀਂ ਨਾਂ, ਅਰ ਘਾਬਰ ਨਹੀਂ, ਕਿਉਂ ਜੋ ਯਹੋਵਾਹ ਪਰਮੇਸ਼ੁਰ, ਅਰਥਾਤ ਮੇਰਾ ਪਰਮੇਸ਼ੁਰ ਤੇਰੇ ਅੰਗ ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਨਾ ਤੈਨੂੰ ਤਿਆਗੇਗਾ ਜਦ ਤੋੜੀ ਕਿ ਯਹੋਵਾਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ!” (1 ਇਤ. 28:20) ਸੁਲੇਮਾਨ ਨੇ ਦਲੇਰੀ ਦਿਖਾਉਂਦੇ ਹੋਏ ਯਰੂਸ਼ਲਮ ਵਿਚ ਯਹੋਵਾਹ ਲਈ ਸ਼ਾਨਦਾਰ ਮੰਦਰ ਬਣਾਇਆ।

11. ਇਕ ਇਜ਼ਰਾਈਲੀ ਕੁੜੀ ਨੇ ਦਲੇਰੀ ਨਾਲ ਜੋ ਕਿਹਾ, ਉਸ ਦਾ ਇਕ ਆਦਮੀ ਦੀ ਜ਼ਿੰਦਗੀ ਉੱਤੇ ਕੀ ਅਸਰ ਪਿਆ?

11 ਲਗਭਗ 900 ਈ. ਪੂ. ਵਿਚ ਇਕ ਇਜ਼ਰਾਈਲੀ ਕੁੜੀ ਨੇ ਦਲੇਰੀ ਦਿਖਾਉਂਦੇ ਹੋਏ ਗੱਲ ਕੀਤੀ ਜਿਸ ਕਰਕੇ ਇਕ ਕੋੜ੍ਹੀ ਆਪਣੇ ਕੋੜ੍ਹ ਤੋਂ ਚੰਗਾ ਹੋ ਗਿਆ। ਉਸ ਕੁੜੀ ਨੂੰ ਲੁਟੇਰੇ ਚੁੱਕ ਲਿਆਏ ਸਨ ਅਤੇ ਉਹ ਅਰਾਮ ਦੀ ਫ਼ੌਜ ਦੇ ਮੁਖੀ ਨਾਮਾਨ ਦੇ ਘਰ ਨੌਕਰਾਣੀ ਬਣ ਗਈ। ਨਾਮਾਨ ਨੂੰ ਕੋੜ੍ਹ ਹੋਇਆ ਸੀ। ਉਸ ਕੁੜੀ ਨੇ ਸੁਣਿਆ ਸੀ ਕਿ ਅਲੀਸ਼ਾ ਦੇ ਜ਼ਰੀਏ ਯਹੋਵਾਹ ਨੇ ਕਈ ਚਮਤਕਾਰ ਕੀਤੇ ਸਨ। ਇਸ ਲਈ ਉਸ ਨੇ ਨਾਮਾਨ ਦੀ ਪਤਨੀ ਨੂੰ ਦੱਸਿਆ ਕਿ ਜੇ ਉਸ ਦਾ ਪਤੀ ਇਜ਼ਰਾਈਲ ਜਾਵੇ, ਤਾਂ ਪਰਮੇਸ਼ੁਰ ਦਾ ਨਬੀ ਉਸ ਨੂੰ ਚੰਗਾ ਕਰ ਸਕਦਾ। ਉਸ ਦੀ ਗੱਲ ਸੁਣ ਕੇ ਨਾਮਾਨ ਇਜ਼ਰਾਈਲ ਨੂੰ ਗਿਆ ਅਤੇ ਉੱਥੇ ਉਸ ਦਾ ਕੋੜ੍ਹ ਚਮਤਕਾਰੀ ਢੰਗ ਨਾਲ ਠੀਕ ਹੋ ਗਿਆ ਅਤੇ ਉਹ ਯਹੋਵਾਹ ਦਾ ਭਗਤ ਬਣ ਗਿਆ। (2 ਰਾਜ. 5:1-3, 10-17) ਨੌਜਵਾਨੋ, ਜੇ ਤੁਸੀਂ ਇਸ ਕੁੜੀ ਵਾਂਗ ਯਹੋਵਾਹ ਨੂੰ ਪਿਆਰ ਕਰਦੇ ਹੋ, ਤਾਂ ਉਹ ਤੁਹਾਨੂੰ ਹਿੰਮਤ ਦੇ ਸਕਦਾ ਹੈ ਤਾਂਕਿ ਤੁਸੀਂ ਆਪਣੇ ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਗਵਾਹੀ ਦੇ ਸਕੋ।

12. ਰਾਜਾ ਹਿਜ਼ਕੀਯਾਹ ਦੀ ਗੱਲ ਦਾ ਲੋਕਾਂ ਉੱਤੇ ਕੀ ਅਸਰ ਪਿਆ?

12 ਮੁਸ਼ਕਲਾਂ ਵਿਚ ਸੋਚ-ਸਮਝ ਕੇ ਕਹੀਆਂ ਗੱਲਾਂ ਹੌਸਲਾ ਦੇ ਸਕਦੀਆਂ ਹਨ। ਜਦੋਂ ਲਗਭਗ 700 ਈ. ਪੂ. ਵਿਚ ਅੱਸ਼ੂਰੀ ਫ਼ੌਜ ਯਰੂਸ਼ਲਮ ਉੱਤੇ ਹਮਲਾ ਕਰਨ ਆਈ, ਤਾਂ ਰਾਜਾ ਹਿਜ਼ਕੀਯਾਹ ਨੇ ਆਪਣੇ ਲੋਕਾਂ ਨੂੰ ਕਿਹਾ: ‘ਤੁਸੀਂ ਤਕੜੇ ਹੋਵੋ ਅਤੇ ਦਲੇਰ ਬਣੋ ਅਤੇ ਅੱਸੂਰੀ ਰਾਜਾ ਤੇ ਉਸ ਦੀ ਵੱਡੀ ਸੈਨਾ ਤੋਂ ਨਾ ਡਰੋ, ਕਿਉਂਕਿ ਸਾਡੇ ਨਾਲ ਉਹਨਾਂ ਨਾਲੋਂ ਵੀ ਇਕ ਵੱਡੀ ਸ਼ਕਤੀ ਹੈ। ਉਸ ਕੋਲ ਮਨੁੱਖੀ ਸ਼ਕਤੀ ਹੈ, ਪਰ ਸਾਡੇ ਕੋਲ ਪ੍ਰਭੂ ਸਾਡਾ ਪਰਮੇਸ਼ੁਰ ਹੈ, ਜੋ ਸਾਡੇ ਵੱਲੋਂ ਲੜੇਗਾ।’ ਇਸ ਗੱਲ ਦਾ ਲੋਕਾਂ ਉੱਤੇ ਕੀ ਅਸਰ ਪਿਆ? ‘ਲੋਕਾਂ ਨੂੰ ਰਾਜੇ ਦੇ ਇਹ ਸ਼ਬਦ ਸੁਣ ਕੇ ਬਹੁਤ ਉਤਸ਼ਾਹ ਮਿਲਿਆ।’ (2 ਇਤਿ. 32:7, 8, CL) ਅਜਿਹੀਆਂ ਗੱਲਾਂ ਤੋਂ ਸਾਨੂੰ ਅਤੇ ਹੋਰ ਮਸੀਹੀਆਂ ਨੂੰ ਹੌਸਲਾ ਮਿਲ ਸਕਦਾ ਹੈ ਜਦੋਂ ਲੋਕ ਸਾਡੇ ਉੱਤੇ ਅਤਿਆਚਾਰ ਕਰਦੇ ਹਨ।

13. ਰਾਜਾ ਅਹਾਬ ਦੇ ਮੁਖਤਿਆਰ ਓਬਦਿਆਹ ਨੇ ਦਲੇਰੀ ਕਿਵੇਂ ਦਿਖਾਈ?

13 ਕਈ ਵਾਰ ਅਸੀਂ ਚੁੱਪ ਰਹਿ ਕੇ ਦਲੇਰੀ ਦਿਖਾਉਂਦੇ ਹਾਂ। ਲਗਭਗ 900 ਈ. ਪੂ. ਵਿਚ ਰਾਜਾ ਅਹਾਬ ਦੇ ਮੁਖਤਿਆਰ ਓਬਦਿਆਹ ਨੇ ਹਿੰਮਤ ਕਰ ਕੇ ਯਹੋਵਾਹ ਦੇ ਸੌ ਨਬੀਆਂ ਨੂੰ ‘ਪੰਜਾਹ ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾਇਆ’ ਸੀ ਤਾਂਕਿ ਉਹ ਰਾਣੀ ਈਜ਼ਬਲ ਦੇ ਹੱਥੋਂ ਮਾਰੇ ਨਾ ਜਾਣ। (1 ਰਾਜ. 18:4) ਪਰਮੇਸ਼ੁਰ ਤੋਂ ਡਰਨ ਵਾਲੇ ਸੇਵਕ ਓਬਦਿਆਹ ਵਾਂਗ ਅੱਜ ਵੀ ਯਹੋਵਾਹ ਦੇ ਵਫ਼ਾਦਾਰ ਸੇਵਕ ਦਲੇਰੀ ਦਿਖਾਉਂਦੇ ਹੋਏ ਆਪਣੇ ਭੈਣਾਂ-ਭਰਾਵਾਂ ਦੀਆਂ ਜਾਨਾਂ ਬਚਾਉਂਦੇ ਹਨ। ਉਹ ਅਤਿਆਚਾਰ ਕਰਨ ਵਾਲਿਆਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਦਿੰਦੇ।

ਦਲੇਰ ਰਾਣੀ ਅਸਤਰ

14, 15. ਰਾਣੀ ਅਸਤਰ ਨੇ ਕਿਵੇਂ ਨਿਹਚਾ ਅਤੇ ਦਲੇਰੀ ਦਿਖਾਈ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

14 ਰਾਣੀ ਅਸਤਰ ਨੇ ਵੀ ਨਿਹਚਾ ਅਤੇ ਦਲੇਰੀ ਦਾ ਸਬੂਤ ਦਿੱਤਾ ਜਦੋਂ ਲਗਭਗ 500 ਈ. ਪੂ. ਵਿਚ ਦੁਸ਼ਟ ਹਾਮਾਨ ਨੇ ਪੂਰੇ ਫ਼ਾਰਸ ਰਾਜ ਵਿੱਚੋਂ ਇਜ਼ਰਾਈਲੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਸਾਜ਼ਸ਼ ਘੜੀ ਸੀ। ਇਸ ਕਰਕੇ ਲੋਕ ਰੋਏ-ਪਿੱਟੇ ਅਤੇ ਉਨ੍ਹਾਂ ਨੇ ਵਰਤ ਰੱਖੇ ਅਤੇ ਪੂਰੇ ਦਿਲੋਂ ਪਰਮੇਸ਼ੁਰ ਨੂੰ ਬੇਨਤੀਆਂ ਕੀਤੀਆਂ! (ਅਸ. 4:1-3) ਰਾਣੀ ਅਸਤਰ ਵੀ ਬਹੁਤ ਦੁਖੀ ਹੋਈ। ਉਸ ਦੇ ਭਰਾ ਮਾਰਦਕਈ ਨੇ ਉਸ ਨੂੰ ਇਜ਼ਰਾਈਲੀਆਂ ਨੂੰ ਮਾਰੇ ਜਾਣ ਦੇ ਹੁਕਮ ਦੀ ਨਕਲ ਘੱਲੀ ਅਤੇ ਉਸ ਨੂੰ ਕਿਹਾ ਕਿ ਉਹ ਆਪਣੀ ਕੌਮ ਨੂੰ ਬਚਾਉਣ ਲਈ ਰਾਜੇ ਸਾਮ੍ਹਣੇ ਪੇਸ਼ ਹੋ ਕੇ ਮਿੰਨਤਾਂ ਕਰੇ। ਪਰ ਜਿਹੜਾ ਵੀ ਰਾਜੇ ਸਾਮ੍ਹਣੇ ਬਿਨ ਬੁਲਾਏ ਜਾਂਦਾ ਸੀ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।—ਅਸ. 4:4-11.

15 ਪਰ ਮਾਰਦਕਈ ਨੇ ਅਸਤਰ ਨੂੰ ਕਿਹਾ: ‘ਜੇ ਤੂੰ ਇਸ ਵੇਲੇ ਚੁੱਪ ਸਾਧ ਲਈ ਤਾਂ ਯਹੂਦੀਆਂ ਲਈ ਰਿਹਾਈ ਅਰ ਛੁਟਕਾਰਾ ਕਿਸੇ ਹੋਰ ਥਾਂ ਤੋਂ ਆਵੇਗਾ। ਕੀ ਜਾਣੀਏ ਕਿ ਤੂੰ ਅਜੇਹੇ ਵੇਲੇ ਲਈ ਪਾਤਸ਼ਾਹੀ ਤੀਕ ਪੁੱਜੀ ਹੈਂ।’ ਅਸਤਰ ਨੇ ਮਾਰਦਕਈ ਨੂੰ ਕਿਹਾ ਕਿ ਉਹ ਇਜ਼ਰਾਈਲੀਆਂ ਨੂੰ ਸ਼ੂਸ਼ਨ ਵਿਚ ਇਕੱਠਾ ਕਰੇ ਅਤੇ ਸਾਰੇ ਉਸ ਲਈ ਵਰਤ ਰੱਖਣ। ਉਸ ਨੇ ਕਿਹਾ: ‘ਮੈਂ ਵੀ ਏਵੇਂ ਹੀ ਵਰਤ ਰੱਖਾਂਗੀ ਅਤੇ ਇਉਂ ਹੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ ਜਿਹੜਾ ਕਨੂਨ ਦੇ ਅਨੁਸਾਰ ਨਹੀਂ। ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ।’ (ਅਸ. 4:12-17) ਅਸਤਰ ਨੇ ਉਸ ਵੇਲੇ ਦਲੇਰੀ ਤੋਂ ਕੰਮ ਲਿਆ ਅਤੇ ਬਾਈਬਲ ਵਿਚ ਅਸਤਰ ਨਾਂ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਉਸ ਵੇਲੇ ਆਪਣੇ ਲੋਕਾਂ ਨੂੰ ਬਚਾਇਆ। ਸਾਡੇ ਦਿਨਾਂ ਵਿਚ ਚੁਣੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਵੀ ਅਜ਼ਮਾਇਸ਼ਾਂ ਦੌਰਾਨ ਦਲੇਰੀ ਦਿਖਾਉਂਦੇ ਹਨ ਅਤੇ ਯਹੋਵਾਹ, ਜਿਹੜਾ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ, ਹਮੇਸ਼ਾ ਉਨ੍ਹਾਂ ਨੇ ਨਾਲ-ਨਾਲ ਰਹਿੰਦਾ ਹੈ।—ਜ਼ਬੂਰਾਂ ਦੀ ਪੋਥੀ 65:2; 118:6 ਪੜ੍ਹੋ।

“ਹੌਸਲਾ ਰੱਖੋ”

16. ਯਿਸੂ ਨੇ ਬੱਚਿਆਂ ਤੇ ਨੌਜਵਾਨਾਂ ਲਈ ਕਿਹੜੀ ਮਿਸਾਲ ਕਾਇਮ ਕੀਤੀ?

16 ਪਹਿਲੀ ਸਦੀ ਵਿਚ 12 ਸਾਲਾਂ ਦਾ ਯਿਸੂ ਇਕ ਵਾਰ ਮੰਦਰ ਵਿਚ “ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ।” ਨਾਲੇ “ਸਾਰੇ ਲੋਕਾਂ ਨੂੰ ਉਸ ਦੇ ਜਵਾਬ ਸੁਣ ਕੇ ਅਤੇ ਉਸ ਦੀ ਸਮਝ ਦੇਖ ਕੇ ਅਚੰਭਾ ਹੋ ਰਿਹਾ ਸੀ।” (ਲੂਕਾ 2:41-50) ਭਾਵੇਂ ਯਿਸੂ ਉਸ ਵੇਲੇ ਛੋਟਾ ਸੀ, ਫਿਰ ਵੀ ਉਸ ਨੇ ਪੂਰੀ ਨਿਹਚਾ ਅਤੇ ਦਲੇਰੀ ਨਾਲ ਮੰਦਰ ਵਿਚ ਧਰਮ-ਗੁਰੂਆਂ ਤੋਂ ਸਵਾਲ ਪੁੱਛੇ। ਮੰਡਲੀ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਯਿਸੂ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ ਤਾਂਕਿ ਜਦੋਂ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਵਾਲ ਪੁੱਛੇ ਜਾਣ, ਤਾਂ ਉਹ ਸਾਰਿਆਂ ਨੂੰ ‘ਜਵਾਬ ਦੇਣ ਲਈ ਤਿਆਰ ਰਹਿਣ।’—1 ਪਤ. 3:15.

17. ਯਿਸੂ ਨੇ ਆਪਣੇ ਚੇਲਿਆਂ ਨੂੰ ‘ਹੌਸਲਾ ਰੱਖਣ’ ਲਈ ਕਿਉਂ ਕਿਹਾ ਸੀ ਅਤੇ ਸਾਨੂੰ ਹੌਸਲਾ ਰੱਖਣ ਦੀ ਕਿਉਂ ਲੋੜ ਹੈ?

17 ਯਿਸੂ ਨੇ ਦੂਸਰਿਆਂ ਨੂੰ ‘ਹੌਸਲਾ ਰੱਖਣ’ ਲਈ ਕਿਹਾ ਸੀ। (ਮੱਤੀ 9:2, 22) ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਦੇਖੋ! ਉਹ ਸਮਾਂ ਆ ਰਿਹਾ ਹੈ, ਸਗੋਂ ਆ ਗਿਆ ਹੈ, ਜਦੋਂ ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਭੱਜ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ; ਪਰ ਮੈਂ ਇਕੱਲਾ ਨਹੀਂ ਹਾਂ ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ। ਮੈਂ ਤੁਹਾਨੂੰ ਇਹ ਗੱਲਾਂ ਦੱਸੀਆਂ ਹਨ ਤਾਂਕਿ ਮੇਰੇ ਰਾਹੀਂ ਤੁਹਾਨੂੰ ਸ਼ਾਂਤੀ ਮਿਲੇ। ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪੈਂਦਾ ਹੈ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।” (ਯੂਹੰ. 16:32, 33) ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਵਾਂਗ ਅਸੀਂ ਵੀ ਦੁਨੀਆਂ ਦੀ ਨਫ਼ਰਤ ਦੇ ਸ਼ਿਕਾਰ ਹੁੰਦੇ ਹਾਂ, ਪਰ ਆਓ ਆਪਾਂ ਦੁਨੀਆਂ ਦੇ ਲੋਕਾਂ ਵਰਗੇ ਨਾ ਬਣੀਏ। ਪਰਮੇਸ਼ੁਰ ਦੇ ਪੁੱਤਰ ਦੀ ਦਲੇਰੀ ਉੱਤੇ ਵਿਚਾਰ ਕਰਨ ਨਾਲ ਸਾਨੂੰ ਵੀ ਦੁਨੀਆਂ ਦੀ ਗੰਦਗੀ ਤੋਂ ਦੂਰ ਰਹਿਣ ਦੀ ਹਿੰਮਤ ਮਿਲੇਗੀ। ਉਸ ਨੇ ਦੁਨੀਆਂ ਨੂੰ ਜਿੱਤਿਆ ਅਤੇ ਅਸੀਂ ਵੀ ਜਿੱਤ ਸਕਦੇ ਹਾਂ।—ਯੂਹੰ. 17:16; ਯਾਕੂ. 1:27.

18, 19. ਪੌਲੁਸ ਰਸੂਲ ਨੇ ਨਿਹਚਾ ਅਤੇ ਦਲੇਰੀ ਦਾ ਸਬੂਤ ਕਿਵੇਂ ਦਿੱਤਾ?

18 ਪੌਲੁਸ ਰਸੂਲ ਨੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ। ਇਕ ਵਾਰ ਯਰੂਸ਼ਲਮ ਵਿਚ ਯਹੂਦੀਆਂ ਨੇ ਉਸ ਦੇ ਟੋਟੇ-ਟੋਟੇ ਕਰ ਦੇਣੇ ਸਨ ਜੇ ਰੋਮੀ ਫ਼ੌਜੀ ਆ ਕੇ ਉਸ ਨੂੰ ਨਾ ਬਚਾਉਂਦੇ। ਉਸ ਰਾਤ “ਪ੍ਰਭੂ ਨੇ ਉਸ ਕੋਲ ਆ ਕੇ ਕਿਹਾ: ‘ਹੌਸਲਾ ਰੱਖ! ਜਿਵੇਂ ਤੂੰ ਯਰੂਸ਼ਲਮ ਵਿਚ ਮੇਰੇ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੂੰ ਰੋਮ ਵਿਚ ਵੀ ਗਵਾਹੀ ਦੇਣੀ ਹੈ।’” (ਰਸੂ. 23:11) ਅਤੇ ਪੌਲੁਸ ਨੇ ਇਸੇ ਤਰ੍ਹਾਂ ਕੀਤਾ।

19 ਪੌਲੁਸ ਨੇ ਨਿਡਰ ਹੋ ਕੇ “ਮਹਾਂ ਰਸੂਲਾਂ” ਨੂੰ ਵੀ ਫਿਟਕਾਰਿਆ ਜਿਹੜੇ ਕੁਰਿੰਥੁਸ ਦੀ ਮੰਡਲੀ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। (2 ਕੁਰਿੰ. 11:5; 12:11) ਇਹ ਆਦਮੀ ਰਸੂਲ ਹੋਣ ਦਾ ਕੋਈ ਸਬੂਤ ਨਹੀਂ ਦੇ ਸਕਦੇ ਸਨ, ਜਦ ਕਿ ਪੌਲੁਸ ਨੇ ਕਈ ਸਬੂਤ ਦਿੱਤੇ, ਜਿਵੇਂ ਕੈਦ, ਕੁੱਟ-ਮਾਰ, ਖ਼ਤਰਨਾਕ ਸਫ਼ਰ, ਹੋਰ ਖ਼ਤਰੇ, ਭੁੱਖ, ਪਿਆਸ, ਰਾਤਾਂ ਨੂੰ ਉਣੀਂਦੇ ਰਹਿਣਾ ਤੇ ਭੈਣਾਂ-ਭਰਾਵਾਂ ਦੀ ਚਿੰਤਾ। (2 ਕੁਰਿੰਥੀਆਂ 11:23-28 ਪੜ੍ਹੋ।) ਪੌਲੁਸ ਨੇ ਨਿਹਚਾ ਅਤੇ ਦਲੇਰੀ ਦੀ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ। ਅਤੇ ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਤਾਕਤ ਬਖ਼ਸ਼ੀ ਸੀ।

20, 21. (ੳ) ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਦੀ ਲੋੜ ਹੈ। (ਅ) ਸਾਨੂੰ ਕਦੋਂ-ਕਦੋਂ ਦਲੇਰੀ ਦਿਖਾਉਣ ਦੀ ਲੋੜ ਹੈ ਅਤੇ ਸਾਨੂੰ ਕਿਸ ਗੱਲ ਦਾ ਪੂਰਾ ਭਰੋਸਾ ਹੈ?

20 ਭਾਵੇਂ ਸਾਰੇ ਮਸੀਹੀਆਂ ਨੂੰ ਪੌਲੁਸ ਵਾਂਗ ਜ਼ੁਲਮ ਨਹੀਂ ਸਹਿਣੇ ਪੈਣਗੇ, ਪਰ ਸਾਰਿਆਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਦੀ ਲੋੜ ਹੈ। ਮਿਸਾਲ ਲਈ: ਬ੍ਰਾਜ਼ੀਲ ਵਿਚ ਇਕ ਨੌਜਵਾਨ ਇਕ ਗੈਂਗ ਦਾ ਮੈਂਬਰ ਹੁੰਦਾ ਸੀ। ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ ਉਸ ਨੇ ਦੇਖਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਬਦਲਣੀ ਪਵੇਗੀ। ਪਰ ਜਿਹੜਾ ਵੀ ਗੈਂਗ ਛੱਡਦਾ ਸੀ, ਉਸ ਨੂੰ ਮਾਰ ਦਿੱਤਾ ਜਾਂਦਾ ਸੀ। ਉਸ ਨੇ ਪ੍ਰਾਰਥਨਾ ਕੀਤੀ ਅਤੇ ਬਾਈਬਲ ਦੀਆਂ ਆਇਤਾਂ ਦੀ ਮਦਦ ਨਾਲ ਆਪਣੇ ਲੀਡਰ ਨੂੰ ਸਮਝਾਇਆ ਕਿ ਉਹ ਗੈਂਗ ਵਿਚ ਕਿਉਂ ਨਹੀਂ ਰਹਿਣਾ ਚਾਹੁੰਦਾ। ਉਸ ਨੌਜਵਾਨ ਨੂੰ ਗੈਂਗ ਛੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਉਹ ਪ੍ਰਚਾਰਕ ਬਣ ਕੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲੱਗ ਪਿਆ।

21 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਵੀ ਦਲੇਰੀ ਦੀ ਲੋੜ ਹੈ। ਸਕੂਲਾਂ ਵਿਚ ਪੜ੍ਹਨ ਵਾਲੇ ਮਸੀਹੀਆਂ ਨੂੰ ਸਕੂਲ ਵਿਚ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲਣ ਲਈ ਦਲੇਰ ਬਣਨਾ ਪਵੇਗਾ। ਕੰਮ ਕਰਨ ਵਾਲੇ ਮਸੀਹੀਆਂ ਨੂੰ ਤਿੰਨੇ ਦਿਨ ਜ਼ਿਲ੍ਹਾ ਸੰਮੇਲਨ ਵਿਚ ਆਉਣ ਲਈ ਛੁੱਟੀ ਮੰਗਣ ਵਾਸਤੇ ਦਲੇਰੀ ਦੀ ਲੋੜ ਹੈ। ਸਾਨੂੰ ਹੋਰ ਵੀ ਕਈ ਹਾਲਤਾਂ ਵਿਚ ਦਲੇਰੀ ਦੀ ਲੋੜ ਪੈਂਦੀ ਹੈ। ਪਰ ਅਸੀਂ ਭਾਵੇਂ ਜਿਹੜੀ ਮਰਜ਼ੀ ਅਜ਼ਮਾਇਸ਼ ਦਾ ਸਾਮ੍ਹਣਾ ਕਰਦੇ ਹੋਈਏ, ਯਹੋਵਾਹ “ਨਿਹਚਾ ਨਾਲ ਕੀਤੀਆਂ ਪ੍ਰਾਰਥਨਾਵਾਂ” ਨੂੰ ਜ਼ਰੂਰ ਸੁਣਦਾ ਹੈ। (ਯਾਕੂ. 5:15) ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਵੀ ਦੇ ਸਕਦਾ ਹੈ ਤਾਂਕਿ ਅਸੀਂ ‘ਤਕੜੇ ਹੋਈਏ ਅਤੇ ਵੱਡਾ ਹੌਸਲਾ ਰੱਖੀਏ।’

[ਸਫ਼ਾ 11 ਉੱਤੇ ਤਸਵੀਰ]

ਹਨੋਕ ਨੇ ਦੁਸ਼ਟ ਦੁਨੀਆਂ ਵਿਚ ਦਲੇਰੀ ਨਾਲ ਪ੍ਰਚਾਰ ਕੀਤਾ

[ਸਫ਼ਾ 12 ਉੱਤੇ ਤਸਵੀਰ]

ਯਾਏਲ ਦਲੇਰ ਅਤੇ ਹਿੰਮਤ ਵਾਲੀ ਔਰਤ ਸੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ