ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 4/15 ਸਫ਼ੇ 13-17
  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦਿਲ ਜਾਂ ਮਨ ਕੀ ਹੈ?
  • ਆਪਣੇ ਦਿਲ ਦੀ ਰਾਖੀ ਕਿਉਂ ਕਰੀਏ
  • ਆਪਣੇ ਦਿਲ ਨੂੰ ਪਰਖਣ ਦਾ ਇਕ ਤਰੀਕਾ
  • ਕੀ ਅਸੀਂ “ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ” ਰੱਖਿਆ ਹੈ?
  • ਸਾਵਧਾਨ ਰਹੋ!
  • ਪ੍ਰਾਰਥਨਾ ਕਰਨੀ ਜ਼ਰੂਰੀ
  • ਯਹੋਵਾਹ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਆਪਣੇ ਦਿਲ ਦੀ ਰਾਖੀ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਅਧਿਆਤਮਿਕ ਦਿਲ ਦੇ ਦੌਰੇ ਤੋਂ ਤੁਸੀਂ ਬਚ ਸਕਦੇ ਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 4/15 ਸਫ਼ੇ 13-17

ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ

“ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ . . . ਉਸ ਦੀ ਟਹਿਲ ਸੇਵਾ ਕਰ।”—1 ਇਤ. 28:9.

ਇਨ੍ਹਾਂ ਸਵਾਲਾਂ ਦੇ ਜਵਾਬ ਲੱਭੋ:

ਬਾਈਬਲ ਵਿਚ “ਮਨ” ਜਾਂ “ਦਿਲ” ਦਾ ਕੀ ਮਤਲਬ ਹੈ?

ਅਸੀਂ ਆਪਣੇ ਦਿਲ ਨੂੰ ਕਿਵੇਂ ਪਰਖ ਸਕਦੇ ਹਾਂ?

ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਿਵੇਂ ਕਰ ਸਕਦੇ ਹਾਂ?

1, 2. (ੳ) ਬਾਈਬਲ ਵਿਚ ਕਿਸ ਅੰਗ ਨੂੰ ਜ਼ਿਆਦਾ ਕਰਕੇ ਉਦਾਹਰਣ ਵਜੋਂ ਵਰਤਿਆ ਜਾਂਦਾ ਹੈ? (ਅ) ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਬਾਈਬਲ ਵਿਚ ਦਿਲ ਜਾਂ ਮਨ ਦੇ ਅਰਥ ਨੂੰ ਸਮਝੀਏ?

ਬਾਈਬਲ ਵਿਚ ਕਈ ਵਾਰ ਸਰੀਰ ਦੇ ਅੰਗਾਂ ਨੂੰ ਉਦਾਹਰਣ ਵਜੋਂ ਵਰਤਿਆ ਜਾਂਦਾ ਹੈ। ਮਿਸਾਲ ਲਈ, ਅੱਯੂਬ ਨੇ ਕਿਹਾ: “ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ।” ਰਾਜਾ ਸੁਲੇਮਾਨ ਨੇ ਕਿਹਾ: “ਚੰਗੀ ਖਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ।” ਯਹੋਵਾਹ ਨੇ ਹਿਜ਼ਕੀਏਲ ਨੂੰ ਭਰੋਸਾ ਦਿਵਾਇਆ: “ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗਰ ਚਕਮਕ ਤੋਂ ਵੀ ਵਧੀਕ ਕਰੜਾ ਕਰ ਦਿੱਤਾ ਹੈ।”—ਅੱਯੂ. 16:17; ਕਹਾ. 15:30; ਹਿਜ਼. 3:9.

2 ਪਰ ਬਾਈਬਲ ਵਿਚ ਹੋਰ ਕਿਸੇ ਵੀ ਅੰਗ ਨਾਲੋਂ ਜ਼ਿਆਦਾ ਦਿਲ ਦੀ ਗੱਲ ਕੀਤੀ ਗਈ ਹੈ। ਪੰਜਾਬੀ ਬਾਈਬਲ ਵਿਚ “ਦਿਲ” ਲਈ ਜ਼ਿਆਦਾ ਕਰ ਕੇ “ਮਨ” ਸ਼ਬਦ ਇਸਤੇਮਾਲ ਕੀਤਾ ਗਿਆ ਹੈ। ਮਿਸਾਲ ਲਈ, ਪ੍ਰਾਰਥਨਾ ਕਰਦੇ ਹੋਏ ਹੰਨਾਹ ਨੇ ਕਿਹਾ: “ਮੇਰਾ ਮਨ ਯਹੋਵਾਹ ਤੋਂ ਅਨੰਦ ਹੈ।” (1 ਸਮੂ. 2:1) ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਦਿਲ ਜਾਂ ਮਨ ਦਾ ਮਤਲਬ ਸਮਝੀਏ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਸਾਨੂੰ ਆਪਣੇ “ਮਨ” ਦੀ ਰਾਖੀ ਕਰਨੀ ਚਾਹੀਦੀ ਹੈ।—ਕਹਾਉਤਾਂ 4:23 ਪੜ੍ਹੋ।

ਦਿਲ ਜਾਂ ਮਨ ਕੀ ਹੈ?

3. ਅਸੀਂ ਬਾਈਬਲ ਵਿਚ ਦਿਲ ਜਾਂ ਮਨ ਸ਼ਬਦ ਦਾ ਅਰਥ ਪੂਰੀ ਤਰ੍ਹਾਂ ਕਿਵੇਂ ਸਮਝ ਸਕਦੇ ਹਾਂ? ਉਦਾਹਰਣ ਦਿਓ।

3 ਭਾਵੇਂ ਬਾਈਬਲ ਵਿਚ ਸਾਨੂੰ “ਦਿਲ” ਸ਼ਬਦ ਦਾ ਮਤਲਬ ਨਹੀਂ ਦੱਸਿਆ ਗਿਆ, ਪਰ ਇਸ ਵਿੱਚੋਂ ਅਸੀਂ ਇਸ ਦਾ ਮਤਲਬ ਸਮਝ ਸਕਦੇ ਹਾਂ। ਕਿਵੇਂ? ਜ਼ਰਾ ਕੰਧ ਉੱਤੇ ਲੱਗੀ ਇਕ ਵੱਡੀ ਸਾਰੀ ਤਸਵੀਰ ਦੀ ਕਲਪਨਾ ਕਰੋ। ਜੇ ਅਸੀਂ ਇਸ ਤਸਵੀਰ ਨੂੰ ਬਹੁਤ ਨੇੜਿਓਂ ਦੇਖੀਏ, ਤਾਂ ਸਾਨੂੰ ਇਸ ਦਾ ਛੋਟਾ ਜਿਹਾ ਹਿੱਸਾ ਹੀ ਦਿਖਾਈ ਦੇਵੇਗਾ। ਪਰ ਜੇ ਅਸੀਂ ਥੋੜ੍ਹਾ ਪਿੱਛੇ ਹਟ ਕੇ ਇਸ ਨੂੰ ਦੇਖੀਏ, ਤਾਂ ਅਸੀਂ ਪੂਰੀ ਤਸਵੀਰ ਚੰਗੀ ਤਰ੍ਹਾਂ ਦੇਖ ਸਕਾਂਗੇ। ਇਸੇ ਤਰ੍ਹਾਂ ਜੇ ਅਸੀਂ ਦੇਖੀਏ ਕਿ ਬਾਈਬਲ ਦੀਆਂ ਵੱਖੋ-ਵੱਖਰੀਆਂ ਆਇਤਾਂ ਵਿਚ ਦਿਲ ਜਾਂ ਮਨ ਸ਼ਬਦ ਕਿਵੇਂ ਵਰਤਿਆ ਗਿਆ ਹੈ, ਤਾਂ ਅਸੀਂ ਇਸ ਦੇ ਅਰਥ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ।

4. (ੳ) ਬਾਈਬਲ ਵਿਚ “ਦਿਲ” ਜਾਂ “ਮਨ” ਦਾ ਕੀ ਮਤਲਬ ਹੈ? (ਅ) ਮੱਤੀ 22:37 ਵਿਚ ਯਿਸੂ ਦੇ ਸ਼ਬਦਾਂ ਦਾ ਕੀ ਮਤਲਬ ਹੈ?

4 ਬਾਈਬਲ ਦੇ ਲੇਖਕਾਂ ਨੇ ਜਿੱਥੇ “ਦਿਲ” ਜਾਂ “ਮਨ” ਸ਼ਬਦ ਇਸਤੇਮਾਲ ਕੀਤਾ ਸੀ, ਉੱਥੇ ਉਸ ਦਾ ਮਤਲਬ ਹੈ ਕਿ ਇਨਸਾਨ ਦੀਆਂ ਇੱਛਾਵਾਂ, ਸੋਚਾਂ, ਸੁਭਾਅ, ਰਵੱਈਆ, ਯੋਗਤਾਵਾਂ, ਇਰਾਦੇ ਤੇ ਟੀਚੇ। (ਬਿਵਸਥਾ ਸਾਰ 15:7; ਕਹਾਉਤਾਂ 16:9; ਰਸੂਲਾਂ ਦੇ ਕੰਮ 2:26 ਪੜ੍ਹੋ।) ਇਕ ਕਿਤਾਬ ਵਿਚ ਸਮਝਾਇਆ ਗਿਆ ਹੈ ਕਿ ਦਿਲ “ਅੰਦਰਲੇ ਇਨਸਾਨ” ਨੂੰ ਦਰਸਾਉਂਦਾ ਹੈ, ਪਰ ਕਦੀ-ਕਦੀ ਇਸ ਦੇ ਮਤਲਬ ਵਿਚ ਇਹ ਸਾਰੀਆਂ ਗੱਲਾਂ ਸ਼ਾਮਲ ਨਹੀਂ ਹੁੰਦੀਆਂ। ਮਿਸਾਲ ਲਈ, ਯਿਸੂ ਨੇ ਕਿਹਾ ਸੀ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।” (ਮੱਤੀ 22:37) ਇੱਥੇ ਯਿਸੂ ਨੇ ਤਿੰਨ ਤਰੀਕਿਆਂ ਰਾਹੀਂ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਨ ਉੱਤੇ ਜ਼ੋਰ ਦਿੱਤਾ ਸੀ। ਸਾਨੂੰ ਆਪਣੇ ਦਿਲ ਯਾਨੀ ਆਪਣੀਆਂ ਭਾਵਨਾਵਾਂ ਤੇ ਇੱਛਾਵਾਂ ਰਾਹੀਂ, ਜਾਨ ਯਾਨੀ ਆਪਣੀ ਜ਼ਿੰਦਗੀ ਰਾਹੀਂ ਤੇ ਸਮਝ ਯਾਨੀ ਆਪਣੀ ਸੋਚਣ-ਸਮਝਣ ਦੀ ਸ਼ਕਤੀ ਵਰਤ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੀਦਾ ਹੈ। (ਯੂਹੰ. 17:3; ਅਫ਼. 6:6) ਪਰ ਜਿੱਥੇ ਸਿਰਫ਼ “ਦਿਲ” ਜਾਂ “ਮਨ” ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਇਸ ਦਾ ਮਤਲਬ ਹੁੰਦਾ ਹੈ ਅੰਦਰਲਾ ਇਨਸਾਨ।

ਆਪਣੇ ਦਿਲ ਦੀ ਰਾਖੀ ਕਿਉਂ ਕਰੀਏ

5. ਸਾਨੂੰ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਿਉਂ ਕਰਨੀ ਚਾਹੀਦੀ ਹੈ?

5 ਮਨ ਬਾਰੇ ਗੱਲ ਕਰਦੇ ਹੋਏ ਰਾਜਾ ਦਾਊਦ ਨੇ ਸੁਲੇਮਾਨ ਨੂੰ ਯਾਦ ਕਰਾਇਆ: “ਮੇਰੇ ਪੁੱਤ੍ਰ ਸੁਲੇਮਾਨ, ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ, ਕਿਉਂ ਜੋ ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ।” (1 ਇਤ. 28:9) ਯਹੋਵਾਹ ਸਾਰੇ ਦਿਲਾਂ ਦਾ ਪਰਖਣ ਵਾਲਾ ਹੈ ਤੇ ਉਹ ਸਾਡੇ ਦਿਲ ਨੂੰ ਵੀ ਪਰਖਦਾ ਹੈ। (ਕਹਾ. 17:3; 24:12) ਉਹ ਦੇਖਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਸਾਡੇ ਦਿਲ ਵਿਚ ਜੋ ਵੀ ਹੈ ਉਸ ਦਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ʼਤੇ ਅਤੇ ਸਾਡੇ ਭਵਿੱਖ ʼਤੇ ਅਸਰ ਪੈਂਦਾ ਹੈ। ਇਸ ਲਈ ਸਾਨੂੰ ਦਾਊਦ ਦੀ ਸਲਾਹ ਮੰਨ ਕੇ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

6. ਯਹੋਵਾਹ ਦੀ ਸੇਵਾ ਕਰਨ ਦੇ ਸਾਡੇ ਇਰਾਦਾ ਨੂੰ ਕੀ ਹੋ ਸਕਦਾ ਹੈ?

6 ਯਹੋਵਾਹ ਦੇ ਕੰਮ ਜੋਸ਼ ਨਾਲ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੀ ਸੇਵਾ ਪੂਰੇ ਦਿਲ ਨਾਲ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ। ਪਰ ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਪਾਪੀ ਹਾਂ ਤੇ ਸ਼ੈਤਾਨ ਦੀ ਦੁਨੀਆਂ ਵਿਚ ਰਹਿੰਦੇ ਹਾਂ ਤੇ ਇਹ ਦੋਵੇਂ ਚੀਜ਼ਾਂ ਸਾਡੇ ਪੱਕੇ ਇਰਾਦੇ ਨੂੰ ਕਮਜ਼ੋਰ ਕਰ ਸਕਦੀਆਂ ਹਨ। (ਯਿਰ. 17:9; ਅਫ਼. 2:2) ਸਾਨੂੰ ਆਪਣੇ ਮਨ ਜਾਂ ਦਿਲ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਤਾਂਕਿ ਯਹੋਵਾਹ ਦੀ ਸੇਵਾ ਕਰਨ ਦਾ ਸਾਡਾ ਇਰਾਦਾ ਕਮਜ਼ੋਰ ਨਾ ਪਵੇ ਤੇ ਅਸੀਂ ਲਾਪਰਵਾਹ ਨਾ ਹੋਈਏ। ਅਸੀਂ ਆਪਣੇ ਦਿਲ ਦੀ ਜਾਂਚ ਕਿਵੇਂ ਕਰ ਸਕਦੇ ਹਾਂ?

7. ਇਹ ਕਿਵੇਂ ਪਤਾ ਲੱਗ ਸਕਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ?

7 ਜਿਵੇਂ ਕੋਈ ਦੇਖ ਨਹੀਂ ਸਕਦਾ ਕਿ ਕਿਸੇ ਦਰਖ਼ਤ ਦੇ ਤਣੇ ਦੀ ਅੰਦਰੋਂ ਹਾਲਤ ਕਿਹੋ ਜਿਹੀ ਹੈ, ਉਸੇ ਤਰ੍ਹਾਂ ਕੋਈ ਵੀ ਦੇਖ ਨਹੀਂ ਸਕਦਾ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਫਿਰ ਵੀ ਯਿਸੂ ਨੇ ਸਿੱਖਿਆ ਦਿੰਦੇ ਵੇਲੇ ਕਿਹਾ ਸੀ ਕਿ ਜਿਵੇਂ ਇਕ ਦਰਖ਼ਤ ਦੀ ਹਾਲਤ ਉਸ ਦੇ ਫਲਾਂ ਤੋਂ ਪਤਾ ਲੱਗਦੀ ਹੈ, ਉਵੇਂ ਸਾਡੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। (ਮੱਤੀ 7:17-20) ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ।

ਆਪਣੇ ਦਿਲ ਨੂੰ ਪਰਖਣ ਦਾ ਇਕ ਤਰੀਕਾ

8. ਮੱਤੀ 6:33 ਵਿਚ ਯਿਸੂ ਦੇ ਸ਼ਬਦ ਆਪਣੇ ਦਿਲ ਨੂੰ ਪਰਖਣ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ?

8 ਯਿਸੂ ਨੇ ਸਿੱਖਿਆ ਦਿੰਦੇ ਹੋਏ ਇਕ ਖ਼ਾਸ ਤਰੀਕਾ ਦੱਸਿਆ ਜਿਸ ਤੋਂ ਪਤਾ ਲੱਗ ਸਕਦਾ ਹੈ ਕਿ ਸਾਡੇ ਦਿਲ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਕਿੰਨੀ ਕੁ ਇੱਛਾ ਹੈ। ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ, ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।” (ਮੱਤੀ 6:33) ਅਸੀਂ ਆਪਣੀ ਜ਼ਿੰਦਗੀ ਵਿਚ ਜਿਸ ਚੀਜ਼ ਨੂੰ ਪਹਿਲ ਦਿੰਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਕੀ ਸੋਚਦੇ ਤੇ ਕੀ ਕਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਜ਼ਾਹਰ ਹੁੰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਕਰ ਰਹੇ ਹਾਂ ਜਾਂ ਨਹੀਂ।

9. ਯਿਸੂ ਨੇ ਕੁਝ ਆਦਮੀਆਂ ਨੂੰ ਕਿਹੜਾ ਸੱਦਾ ਦਿੱਤਾ ਸੀ ਤੇ ਉਨ੍ਹਾਂ ਦੇ ਜਵਾਬਾਂ ਤੋਂ ਕੀ ਪਤਾ ਲੱਗਦਾ ਹੈ?

9 ‘ਪਰਮੇਸ਼ੁਰ ਦੇ ਰਾਜ ਨੂੰ ਹਮੇਸ਼ਾ ਪਹਿਲ ਦੇਣ’ ਦੀ ਗੱਲ ਕਹਿਣ ਤੋਂ ਕੁਝ ਸਮੇਂ ਬਾਅਦ ਯਿਸੂ ਯਰੂਸ਼ਲਮ ਨੂੰ ਗਿਆ। ਰਾਹ ਵਿਚ ਜੋ ਹੋਇਆ ਉਸ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਦੇ ਕੰਮ ਵਾਕਈ ਦਿਖਾਉਂਦੇ ਹਨ ਕਿ ਉਸ ਦੇ ਦਿਲ ਵਿਚ ਕੀ ਹੈ। ਲੂਕਾ ਨੇ ਕਿਹਾ ਕਿ ਯਿਸੂ ਨੇ “ਯਰੂਸ਼ਲਮ ਨੂੰ ਜਾਣ ਦੀ ਠਾਣ ਲਈ ਸੀ,” ਭਾਵੇਂ ਉਸ ਨੂੰ ਪਤਾ ਸੀ ਕਿ ਉੱਥੇ ਉਸ ਨਾਲ ਕੀ ਹੋਵੇਗਾ। ਜਦ ਉਹ ਤੇ ਉਸ ਦੇ ਰਸੂਲ “ਰਾਹ ਵਿਚ ਜਾ ਰਹੇ ਸਨ,” ਤਾਂ ਯਿਸੂ ਨੂੰ ਕੁਝ ਆਦਮੀ ਮਿਲੇ ਤੇ ਹਰ ਆਦਮੀ ਨੂੰ ਉਸ ਨੇ ਕਿਹਾ: “ਮੇਰਾ ਚੇਲਾ ਬਣ ਜਾ।” ਉਹ ਆਦਮੀ ਯਿਸੂ ਦੇ ਚੇਲੇ ਬਣਨ ਲਈ ਤਿਆਰ ਤਾਂ ਸਨ, ਪਰ ਪਹਿਲਾਂ ਉਨ੍ਹਾਂ ਦੀਆਂ ਕੁਝ ਸ਼ਰਤਾਂ ਸਨ। ਇਕ ਨੇ ਜਵਾਬ ਦਿੱਤਾ: “ਮੈਨੂੰ ਆਗਿਆ ਦੇ ਕਿ ਮੈਂ ਜਾ ਕੇ ਪਹਿਲਾਂ ਆਪਣੇ ਪਿਤਾ ਨੂੰ ਦਫ਼ਨਾ ਆਵਾਂ।” ਇਕ ਹੋਰ ਆਦਮੀ ਨੇ ਕਿਹਾ: “ਪ੍ਰਭੂ, ਮੈਂ ਤੇਰੇ ਪਿੱਛੇ-ਪਿੱਛੇ ਆਵਾਂਗਾ, ਪਰ ਮੈਨੂੰ ਇਜਾਜ਼ਤ ਦੇ ਕਿ ਮੈਂ ਪਹਿਲਾਂ ਆਪਣੇ ਘਰਦਿਆਂ ਨੂੰ ਜਾ ਕੇ ਆਖ਼ਰੀ ਵਾਰ ਮਿਲ ਆਵਾਂ।” (ਲੂਕਾ 9:51, 57-61) ਅਸੀਂ ਯਿਸੂ ਤੇ ਇਨ੍ਹਾਂ ਆਦਮੀਆਂ ਵਿਚ ਫ਼ਰਕ ਦੇਖ ਸਕਦੇ ਹਾਂ। ਯਿਸੂ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ, ਪਰ ਇਨ੍ਹਾਂ ਆਦਮੀਆਂ ਨੇ ਆਪਣੀਆਂ ਇੱਛਾਵਾਂ ਨੂੰ ਪਹਿਲ ਦਿੱਤੀ। ਇਸ ਤਰ੍ਹਾਂ ਉਨ੍ਹਾਂ ਨੇ ਦਿਖਾਇਆ ਕਿ ਉਹ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਨਹੀਂ ਕਰਨੀ ਚਾਹੁੰਦੇ ਸਨ।

10. (ੳ) ਜਿਨ੍ਹਾਂ ਨੇ ਯਿਸੂ ਦੇ ਸੱਦੇ ਨੂੰ ਸਵੀਕਾਰ ਕੀਤਾ ਹੈ, ਉਹ ਕੀ ਕਰ ਰਹੇ ਹਨ? (ਅ) ਯਿਸੂ ਨੇ ਕਿਹੜੀ ਮਿਸਾਲ ਦਿੱਤੀ ਸੀ?

10 ਉਨ੍ਹਾਂ ਆਦਮੀਆਂ ਤੋਂ ਉਲਟ ਅਸੀਂ ਯਿਸੂ ਦੇ ਚੇਲੇ ਬਣਨ ਦਾ ਸੱਦਾ ਸਵੀਕਾਰ ਕੀਤਾ ਤੇ ਹੁਣ ਅਸੀਂ ਹਰ ਰੋਜ਼ ਯਹੋਵਾਹ ਦੀ ਸੇਵਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਦਿਖਾਉਂਦੇ ਹਾਂ ਕਿ ਸਾਡੇ ਦਿਲ ਵਿਚ ਯਹੋਵਾਹ ਲਈ ਕਿੰਨੀ ਜਗ੍ਹਾ ਹੈ। ਭਾਵੇਂ ਅਸੀਂ ਮੰਡਲੀ ਨਾਲ ਮਿਲ ਕੇ ਜੋਸ਼ ਨਾਲ ਕੰਮ ਕਰਦੇ ਹਾਂ, ਫਿਰ ਵੀ ਸਾਨੂੰ ਇਕ ਖ਼ਤਰੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਹ ਖ਼ਤਰਾ ਕੀ ਹੈ? ਯਿਸੂ ਨੇ ਉਨ੍ਹਾਂ ਆਦਮੀਆਂ ਨਾਲ ਗੱਲ ਕਰਦੇ ਹੋਏ ਇਸ ਖ਼ਤਰੇ ਦਾ ਜ਼ਿਕਰ ਕੀਤਾ ਸੀ: “ਜਿਹੜਾ ਵੀ ਆਦਮੀ ਹਲ਼ ʼਤੇ ਹੱਥ ਰੱਖ ਕੇ ਪਿੱਛੇ ਛੱਡੀਆਂ ਚੀਜ਼ਾਂ ਨੂੰ ਦੇਖਦਾ ਹੈ, ਉਹ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ ਨਹੀਂ ਹੈ।” (ਲੂਕਾ 9:62) ਅਸੀਂ ਇਸ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

ਕੀ ਅਸੀਂ “ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ” ਰੱਖਿਆ ਹੈ?

11. ਯਿਸੂ ਦੀ ਦਿੱਤੀ ਮਿਸਾਲ ਵਿਚ ਮਜ਼ਦੂਰ ਕੀ ਕਰਦਾ ਹੈ ਅਤੇ ਇਸ ਦਾ ਉਸ ਦੇ ਕੰਮ ʼਤੇ ਕੀ ਅਸਰ ਪੈਂਦਾ ਹੈ?

11 ਯਿਸੂ ਦੀ ਛੋਟੀ ਜਿਹੀ ਮਿਸਾਲ ਤੋਂ ਸਬਕ ਸਿੱਖਣ ਲਈ ਜ਼ਰਾ ਕਲਪਨਾ ਕਰੋ ਕਿ ਮਜ਼ਦੂਰ ਦੇ ਮਨ ਵਿਚ ਕੀ ਚੱਲ ਰਿਹਾ ਹੈ। ਉਹ ਖੇਤ ਵਿਚ ਹਲ਼ ਵਾਹ ਰਿਹਾ ਹੈ। ਪਰ ਹਲ਼ ਵਾਹੁੰਦੇ ਹੋਏ ਉਹ ਆਪਣੇ ਘਰ ਬਾਰੇ ਸੋਚ ਰਿਹਾ ਹੈ ਜਿੱਥੇ ਉਸ ਦਾ ਪਰਿਵਾਰ ਤੇ ਦੋਸਤ ਇਕੱਠੇ ਹੋਏ ਹਨ। ਉਹ ਖਾਂਦੇ-ਪੀਂਦੇ, ਹੱਸਦੇ-ਖੇਡਦੇ ਤੇ ਠੰਢੀਆਂ ਛਾਵਾਂ ਮਾਣਦੇ ਹਨ। ਉਹ ਦਾ ਵੀ ਦਿਲ ਕਰਦਾ ਹੈ ਕਿ ਉਹ ਉਨ੍ਹਾਂ ਨਾਲ ਹੋਵੇ। ਖੇਤ ਦਾ ਕਾਫ਼ੀ ਹਿੱਸਾ ਵਾਹ ਲੈਣ ਤੋਂ ਬਾਅਦ ਮਜ਼ਦੂਰ ਦੇ ਮਨ ਵਿਚ ਇਨ੍ਹਾਂ ਚੀਜ਼ਾਂ ਦੀ ਇੱਛਾ ਇੰਨੀ ਵਧ ਜਾਂਦੀ ਹੈ ਕਿ ਉਹ ਹਲ਼ ਛੱਡ ਕੇ “ਪਿੱਛੇ ਛੱਡੀਆਂ ਚੀਜ਼ਾਂ” ਨੂੰ ਦੇਖਣ ਲੱਗ ਪੈਂਦਾ ਹੈ। ਭਾਵੇਂ ਬਿਜਾਈ ਤਕ ਖੇਤ ਵਿਚ ਅਜੇ ਕਾਫ਼ੀ ਕੰਮ ਕਰਨ ਨੂੰ ਰਹਿੰਦਾ ਹੈ, ਪਰ ਉਸ ਦਾ ਧਿਆਨ ਭੰਗ ਹੋ ਜਾਂਦਾ ਹੈ ਤੇ ਉਹ ਆਪਣਾ ਕੰਮ ਵਿੱਚੇ ਛੱਡ ਦਿੰਦਾ ਹੈ। ਮਾਲਕ ਉਸ ਤੋਂ ਖ਼ੁਸ਼ ਨਹੀਂ ਹੋਵੇਗਾ।

12. ਯਿਸੂ ਦੀ ਦਿੱਤੀ ਮਿਸਾਲ ਅੱਜ ਮਸੀਹੀਆਂ ʼਤੇ ਕਿਵੇਂ ਲਾਗੂ ਹੁੰਦੀ ਹੈ?

12 ਹੁਣ ਅਸੀਂ ਦੇਖਦੇ ਹਾਂ ਕਿ ਇਹ ਮਿਸਾਲ ਸਾਡੇ ʼਤੇ ਕਿਵੇਂ ਲਾਗੂ ਹੁੰਦੀ ਹੈ। ਮਜ਼ਦੂਰ ਕੋਈ ਵੀ ਮਸੀਹੀ ਹੋ ਸਕਦਾ ਹੈ ਜੋ ਦੇਖਣ ਨੂੰ ਯਹੋਵਾਹ ਦੀ ਸੇਵਾ ਤਾਂ ਕਰ ਰਿਹਾ ਹੈ, ਪਰ ਅਸਲ ਵਿਚ ਉਹ ਖ਼ਤਰੇ ਵਿਚ ਹੈ। ਫ਼ਰਜ਼ ਕਰੋ ਕਿ ਇਕ ਭਰਾ ਪ੍ਰਚਾਰ ਕਰਦਾ ਹੈ ਤੇ ਮੀਟਿੰਗਾਂ ਵਿਚ ਜਾਂਦਾ ਹੈ। ਫਿਰ ਵੀ ਉਹ ਦੁਨੀਆਂ ਦੀਆਂ ਉਨ੍ਹਾਂ ਚੀਜ਼ਾਂ ਬਾਰੇ ਸੋਚਦਾ ਰਹਿੰਦਾ ਹੈ ਜੋ ਉਸ ਨੂੰ ਚੰਗੀਆਂ ਲੱਗਦੀਆਂ ਹਨ। ਆਪਣੇ ਦਿਲ ਵਿਚ ਉਹ ਉਨ੍ਹਾਂ ਚੀਜ਼ਾਂ ਨੂੰ ਲੋਚਦਾ ਰਹਿੰਦਾ ਹੈ। ਫਿਰ ਕਈ ਸਾਲ ਯਹੋਵਾਹ ਦੀ ਸੇਵਾ ਕਰਨ ਤੋਂ ਬਾਅਦ ਇਨ੍ਹਾਂ ਚੀਜ਼ਾਂ ਦੀ ਖਿੱਚ ਇੰਨੀ ਵਧ ਜਾਂਦੀ ਹੈ ਕਿ ਉਹ “ਪਿੱਛੇ” ਮੁੜ ਕੇ ਦੇਖਦਾ ਹੈ। ਭਾਵੇਂ ਕਿ ਅਜੇ ਪ੍ਰਚਾਰ ਵਿਚ ਬਹੁਤ ਕੰਮ ਰਹਿੰਦਾ ਹੈ, ਪਰ ਉਹ “ਜ਼ਿੰਦਗੀ ਦੇ ਬਚਨ ਨੂੰ ਘੁੱਟ ਕੇ ਫੜੀ” ਨਹੀਂ ਰੱਖਦਾ ਤੇ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਨਹੀਂ ਕਰਦਾ। (ਫ਼ਿਲਿ. 2:16) “ਖੇਤ ਦੇ ਮਾਲਕ” ਯਹੋਵਾਹ ਨੂੰ ਦੁੱਖ ਹੋਵੇਗਾ ਕਿ ਉਹ ਉਸ ਦੀ ਸੇਵਾ ਵਿਚ ਲੱਗਾ ਨਹੀਂ ਰਿਹਾ।—ਲੂਕਾ 10:2.

13. ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

13 ਇਸ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? ਇਹ ਚੰਗੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਪ੍ਰਚਾਰ ਕਰਦੇ ਹਾਂ ਤੇ ਮੀਟਿੰਗਾਂ ਵਿਚ ਜਾਂਦੇ ਹਾਂ। ਪਰ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਹੋਰ ਵੀ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। (2 ਇਤ. 25:1, 2, 27) ਜੇ ਕੋਈ ਮਸੀਹੀ ਦੁਨੀਆਂ ਵਿਚ “ਪਿੱਛੇ ਛੱਡੀਆਂ ਚੀਜ਼ਾਂ” ਨੂੰ ਦਿਲੋਂ ਚਾਹੁੰਦਾ ਹੈ, ਤਾਂ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। (ਲੂਕਾ 17:32) ਅਸੀਂ ਤਾਂ ਹੀ “ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ” ਹੋ ਸਕਦੇ ਹਾਂ ਜੇ ਅਸੀਂ ‘ਬੁਰਾਈ ਨਾਲ ਨਫ਼ਰਤ ਕਰਦੇ ਹਾਂ, ਪਰ ਚੰਗੀਆਂ ਗੱਲਾਂ ਨੂੰ ਘੁੱਟ ਕੇ ਫੜੀ ਰੱਖਦੇ ਹਾਂ।’ (ਰੋਮੀ. 12:9; ਲੂਕਾ 9:62) ਇਸ ਲਈ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ੈਤਾਨ ਦੀ ਦੁਨੀਆਂ ਦੀ ਕੋਈ ਵੀ ਚੀਜ਼, ਚਾਹੇ ਉਹ ਜਿੰਨੀ ਮਰਜ਼ੀ ਫ਼ਾਇਦੇਮੰਦ ਜਾਂ ਸੋਹਣੀ ਲੱਗੇ, ਸਾਨੂੰ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਨਾ ਰੋਕੇ।—2 ਕੁਰਿੰ. 11:14; ਫ਼ਿਲਿੱਪੀਆਂ 3:13, 14 ਪੜ੍ਹੋ।

ਸਾਵਧਾਨ ਰਹੋ!

14, 15. (ੳ) ਸ਼ੈਤਾਨ ਸਾਡੇ ਦਿਲ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ? (ਅ) ਉਦਾਹਰਣ ਦੇ ਕੇ ਸਮਝਾਓ ਕਿ ਸ਼ੈਤਾਨ ਦੀ ਚਾਲ ਇੰਨੀ ਖ਼ਤਰਨਾਕ ਕਿਉਂ ਹੈ?

14 ਯਹੋਵਾਹ ਲਈ ਪਿਆਰ ਹੋਣ ਕਰਕੇ ਹੀ ਅਸੀਂ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ। ਸਾਡੇ ਵਿੱਚੋਂ ਕਈ ਭੈਣ-ਭਰਾ ਬਹੁਤ ਸਾਲਾਂ ਤੋਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਪਰ ਸ਼ੈਤਾਨ ਨੇ ਹਾਰ ਨਹੀਂ ਮੰਨੀ ਹੈ। ਉਹ ਸਾਡੇ ਦਿਲਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨਾ ਚਾਹੁੰਦਾ ਹੈ। (ਅਫ਼. 6:12) ਉਹ ਜਾਣਦਾ ਹੈ ਕਿ ਅਸੀਂ ਇਕਦਮ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡਾਂਗੇ। ਇਸ ਕਰਕੇ ਉਹ ਚਲਾਕੀ ਨਾਲ “ਇਸ ਜ਼ਮਾਨੇ” ਨੂੰ ਵਰਤਦਾ ਹੈ ਤਾਂਕਿ ਯਹੋਵਾਹ ਦੀ ਸੇਵਾ ਵਿਚ ਸਾਡਾ ਜੋਸ਼ ਹੌਲੀ-ਹੌਲੀ ਘੱਟ ਜਾਵੇ। (ਮਰਕੁਸ 4:18, 19 ਪੜ੍ਹੋ।) ਸ਼ੈਤਾਨ ਦੀ ਇਹ ਚਾਲ ਇੰਨੀ ਅਸਰਦਾਰ ਕਿਉਂ ਹੈ?

15 ਇਸ ਦਾ ਜਵਾਬ ਜਾਣਨ ਲਈ ਆਓ ਆਪਾਂ ਇਕ ਉਦਾਹਰਣ ਦੇਖੀਏ। ਫ਼ਰਜ਼ ਕਰੋ ਕਿ ਤੁਸੀਂ 100-ਵਾਟ ਦੇ ਬੱਲਬ ਦੀ ਰੋਸ਼ਨੀ ਵਿਚ ਕਿਤਾਬ ਪੜ੍ਹ ਰਹੇ ਹੋ, ਪਰ ਬੱਲਬ ਫਿਊਜ਼ ਹੋ ਜਾਂਦਾ ਹੈ। ਤੁਹਾਨੂੰ ਇਕਦਮ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਹਨੇਰੇ ਵਿਚ ਹੋ ਤੇ ਤੁਸੀਂ ਨਵਾਂ ਬੱਲਬ ਲਾ ਦਿੰਦੇ ਹੋ ਅਤੇ ਫਿਰ ਤੋਂ ਕਮਰੇ ਵਿਚ ਰੋਸ਼ਨੀ ਹੋ ਜਾਂਦੀ ਹੈ। ਅਗਲੇ ਦਿਨ ਸ਼ਾਮ ਨੂੰ ਤੁਸੀਂ ਉਸੇ ਕਮਰੇ ਵਿਚ ਬੈਠ ਕੇ ਕਿਤਾਬ ਪੜ੍ਹ ਰਹੇ ਹੋ। ਪਰ ਕਿਸੇ ਨੇ ਤੁਹਾਨੂੰ ਦੱਸੇ ਬਿਨਾਂ 100-ਵਾਟ ਦੀ ਜਗ੍ਹਾ 95-ਵਾਟ ਦਾ ਬੱਲਬ ਲਾ ਦਿੱਤਾ ਹੈ। ਤੁਹਾਨੂੰ ਸ਼ਾਇਦ ਫ਼ਰਕ ਪਤਾ ਨਾ ਲੱਗੇ। ਫਿਰ ਅਗਲੇ ਦਿਨ ਉਹ 90-ਵਾਟ ਦਾ ਬੱਲਬ ਲਾ ਦਿੰਦਾ ਹੈ। ਸ਼ਾਇਦ ਤੁਹਾਨੂੰ ਹਾਲੇ ਵੀ ਫ਼ਰਕ ਪਤਾ ਨਾ ਲੱਗੇ। ਕਿਉਂ? ਕਿਉਂਕਿ ਬੱਲਬ ਦੀ ਰੋਸ਼ਨੀ ਹੌਲੀ-ਹੌਲੀ ਘੱਟ ਰਹੀ ਹੈ। ਇਸੇ ਤਰ੍ਹਾਂ ਹੋ ਸਕਦਾ ਹੈ ਕਿ ਸ਼ੈਤਾਨ ਦੀ ਦੁਨੀਆਂ ਦੇ ਪ੍ਰਭਾਵ ਕਰਕੇ ਸਾਡਾ ਜੋਸ਼ ਹੌਲੀ-ਹੌਲੀ ਘੱਟ ਜਾਵੇ। ਜੇ ਇਸ ਤਰ੍ਹਾਂ ਹੋਵੇ, ਤਾਂ ਸ਼ੈਤਾਨ ਆਪਣੀ ਚਾਲ ਵਿਚ ਕਾਮਯਾਬ ਹੋ ਜਾਵੇਗਾ। ਜੇ ਕੋਈ ਮਸੀਹੀ ਸਾਵਧਾਨ ਨਾ ਰਹੇ, ਤਾਂ ਉਸ ਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ।—ਮੱਤੀ 24:42; 1 ਪਤ. 5:8.

ਪ੍ਰਾਰਥਨਾ ਕਰਨੀ ਜ਼ਰੂਰੀ

16. ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ?

16 ਅਸੀਂ ਸ਼ੈਤਾਨ ਦੀਆਂ ਅਜਿਹੀਆਂ ਚਾਲਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ ਤਾਂਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ? (2 ਕੁਰਿੰ. 2:11) ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਪੌਲੁਸ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ “ਸ਼ੈਤਾਨ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ” ਕਰਨ। ਅੱਗੇ ਉਸ ਨੇ ਉਨ੍ਹਾਂ ਨੂੰ ਕਿਹਾ: ‘ਹਰ ਮੌਕੇ ʼਤੇ ਪਰਮੇਸ਼ੁਰ ਨੂੰ ਹਰ ਤਰ੍ਹਾਂ ਦੀ ਪ੍ਰਾਰਥਨਾ ਅਤੇ ਫ਼ਰਿਆਦ ਕਰਦੇ ਰਹੋ।’—ਅਫ਼. 6:11, 18; 1 ਪਤ. 4:7.

17. ਯਿਸੂ ਦੀਆਂ ਪ੍ਰਾਰਥਨਾਵਾਂ ਤੋਂ ਅਸੀਂ ਕੀ ਸਿੱਖਦੇ ਹਾਂ?

17 ਸ਼ੈਤਾਨ ਦਾ ਡਟ ਕੇ ਮੁਕਾਬਲਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਵਾਂਗ ਪ੍ਰਾਰਥਨਾ ਕਰਦੇ ਰਹੀਏ। ਉਸ ਦੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਚਾਹੁੰਦਾ ਸੀ। ਮਿਸਾਲ ਲਈ, ਧਿਆਨ ਦਿਓ ਕਿ ਮਰਨ ਤੋਂ ਇਕ ਦਿਨ ਪਹਿਲਾਂ ਯਿਸੂ ਵੱਲੋਂ ਕੀਤੀ ਪ੍ਰਾਰਥਨਾ ਬਾਰੇ ਲੂਕਾ ਨੇ ਕਿਹਾ: “ਉਹ ਮਨੋਂ ਬੜਾ ਦੁਖੀ ਹੋਇਆ ਅਤੇ ਉਹ ਹੋਰ ਵੀ ਗਿੜਗਿੜਾ ਕੇ ਪ੍ਰਾਰਥਨਾ ਕਰਨ ਲੱਗਾ।” (ਲੂਕਾ 22:44) ਯਿਸੂ ਨੇ ਪਹਿਲਾਂ ਵੀ ਦਿਲੋਂ ਪ੍ਰਾਰਥਨਾ ਕੀਤੀ ਸੀ, ਪਰ ਇਸ ਵੱਡੀ ਪਰੀਖਿਆ ਦਾ ਸਾਮ੍ਹਣਾ ਕਰਨ ਲਈ ਉਸ ਨੇ “ਹੋਰ ਵੀ ਗਿੜਗਿੜਾ ਕੇ” ਪ੍ਰਾਰਥਨਾ ਕੀਤੀ ਤੇ ਉਸ ਦੀ ਸੁਣੀ ਗਈ। ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਕਈ ਵਾਰ ਸਾਨੂੰ ਜ਼ਿਆਦਾ ਪ੍ਰਾਰਥਨਾ ਕਰਨੀ ਪੈਂਦੀ ਹੈ। ਜਦੋਂ ਸਾਡੀਆਂ ਮੁਸ਼ਕਲਾਂ ਵਧਦੀਆਂ ਹਨ ਤੇ ਸ਼ੈਤਾਨ ਹੋਰ ਵੀ ਗੁੱਝੀਆਂ ਚਾਲਾਂ ਚੱਲਦਾ ਹੈ, ਤਾਂ ਸਾਨੂੰ ਯਹੋਵਾਹ ਦੀ ਮਦਦ ਮੰਗਣ ਲਈ “ਹੋਰ ਵੀ ਗਿੜਗਿੜਾ ਕੇ” ਪ੍ਰਾਰਥਨਾ ਕਰਨੀ ਚਾਹੀਦੀ ਹੈ।

18. (ੳ) ਸਾਨੂੰ ਪ੍ਰਾਰਥਨਾ ਬਾਰੇ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ ਤੇ ਕਿਉਂ? (ਅ) ਕਿਹੜੀਆਂ ਗੱਲਾਂ ਸਾਡੇ ਦਿਲ ʼਤੇ ਅਸਰ ਕਰਦੀਆਂ ਹਨ ਤੇ ਕਿਵੇਂ? (ਸਫ਼ਾ 16 ʼਤੇ ਡੱਬੀ ਦੇਖੋ।)

18 ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ? ਪੌਲੁਸ ਨੇ ਕਿਹਾ: “ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:6, 7) ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਵਾਰ-ਵਾਰ ਦਿਲੋਂ ਪ੍ਰਾਰਥਨਾ ਕਰੀਏ। (ਲੂਕਾ 6:12) ਇਸ ਲਈ ਆਪਣੇ ਆਪ ਤੋਂ ਪੁੱਛੋ, ‘ਮੈਂ ਕਿੰਨੀ ਕੁ ਵਾਰ ਦਿਲ ਖੋਲ੍ਹ ਕੇ ਯਹੋਵਾਹ ਅੱਗੇ ਪ੍ਰਾਰਥਨਾ ਕਰਦਾ ਹਾਂ?’ (ਮੱਤੀ 7:7; ਰੋਮੀ. 12:12) ਤੁਹਾਡੇ ਜਵਾਬ ਤੋਂ ਪਤਾ ਲੱਗੇਗਾ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਦਿਲੋਂ ਕਰਨੀ ਚਾਹੁੰਦੇ ਹੋ ਜਾਂ ਨਹੀਂ।

19. ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਤੁਸੀਂ ਕੀ ਕਰੋਗੇ?

19 ਜਿਵੇਂ ਅਸੀਂ ਇਸ ਲੇਖ ਵਿਚ ਦੇਖਿਆ ਹੈ, ਅਸੀਂ ਜਿਸ ਚੀਜ਼ ਨੂੰ ਪਹਿਲ ਦਿੰਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਅਸੀਂ ਨਹੀਂ ਚਾਹੁੰਦੇ ਕਿ ਪਿੱਛੇ ਛੱਡੀਆਂ ਚੀਜ਼ਾਂ ਅਤੇ ਸ਼ੈਤਾਨ ਦੀਆਂ ਚਾਲਾਂ ਕਰਕੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਸਾਡਾ ਇਰਾਦਾ ਕਮਜ਼ੋਰ ਪੈ ਜਾਵੇ। (ਲੂਕਾ 21:19, 34-36 ਪੜ੍ਹੋ।) ਇਸ ਲਈ ਦਾਊਦ ਵਾਂਗ ਅਸੀਂ ਹਮੇਸ਼ਾ ਯਹੋਵਾਹ ਅੱਗੇ ਦੁਆ ਕਰਦੇ ਹਾਂ: “ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਂ ਦੀ ਉਪਾਸਨਾ ਨੂੰ ਆਪਣੇ ਜੀਵਨ ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸਕਾਂ।”—ਜ਼ਬੂ. 86:11, ERV.

[ਸਫ਼ਾ 16 ਉੱਤੇ ਡੱਬੀ]

ਸਾਡੇ ਦਿਲ ʼਤੇ ਅਸਰ ਪਾਉਣ ਵਾਲੀਆਂ ਤਿੰਨ ਗੱਲਾਂ

ਜਿਸ ਤਰ੍ਹਾਂ ਅਸੀਂ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹਾਂ ਉਸੇ ਤਰ੍ਹਾਂ ਸਾਨੂੰ ਆਪਣੇ “ਦਿਲ” ਜਾਂ “ਮਨ” ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਆਓ ਆਪਾਂ ਤਿੰਨ ਜ਼ਰੂਰੀ ਗੱਲਾਂ ਉੱਤੇ ਗੌਰ ਕਰੀਏ:

1 ਚੰਗੀ ਖ਼ੁਰਾਕ: ਦਿਲ ਨੂੰ ਸਿਹਤਮੰਦ ਰੱਖਣ ਲਈ ਚੰਗੀ ਖ਼ੁਰਾਕ ਦੀ ਲੋੜ ਪੈਂਦੀ ਹੈ। ਪਰਮੇਸ਼ੁਰ ਦੇ ਬਚਨ ਦਾ ਗਿਆਨ ਵੀ ਸਾਡੇ ਲਈ ਭੋਜਨ ਵਾਂਗ ਹੈ। ਇਸ ਲਈ ਸਾਨੂੰ ਉਸ ਦੀ ਸਟੱਡੀ ਕਰ ਕੇ ਉਸ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਨਾਲੇ ਸਾਨੂੰ ਮੀਟਿੰਗਾਂ ਵਿਚ ਵੀ ਜਾਣਾ ਚਾਹੀਦਾ ਹੈ।—ਜ਼ਬੂ. 1:1, 2; ਕਹਾ. 15:28; ਇਬ. 10:24, 25.

2 ਕਸਰਤ: ਸਿਹਤਮੰਦ ਦਿਲ ਵਾਸਤੇ ਕਸਰਤ ਕਰਨ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸਾਨੂੰ ਵੀ ਜੋਸ਼ ਨਾਲ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਚਾਹੀਦਾ ਹੈ।—ਲੂਕਾ 13:24; ਫ਼ਿਲਿ. 3:12.

3 ਮਾਹੌਲ: ਅਸੀਂ ਇਸ ਦੁਨੀਆਂ ਦੇ ਮਾੜੇ ਮਾਹੌਲ ਵਿਚ ਰਹਿੰਦੇ ਤੇ ਕੰਮ ਕਰਦੇ ਹਾਂ ਤੇ ਇਸ ਦਾ ਸਾਡੇ ਦਿਲ ਉੱਤੇ ਕਾਫ਼ੀ ਬੋਝ ਪੈ ਸਕਦਾ ਹੈ। ਪਰ ਭੈਣਾਂ-ਭਰਾਵਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਕੇ ਅਸੀਂ ਇਸ ਬੋਝ ਨੂੰ ਘੱਟ ਕਰ ਸਕਦੇ ਹਾਂ ਕਿਉਂਕਿ ਉਹ ਸਾਡੀ ਪਰਵਾਹ ਕਰਦੇ ਹਨ ਤੇ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ।—ਜ਼ਬੂ. 119:63; ਕਹਾ. 13:20.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ