ਮੂਸਾ—ਉਸ ਦਾ ਪਿਆਰ
ਪਿਆਰ ਕੀ ਹੈ?
ਪਿਆਰ ਦਾ ਮਤਲਬ ਹੈ ਦੂਜਿਆਂ ਨਾਲ ਗਹਿਰਾ ਲਗਾਉ ਹੋਣਾ। ਪਿਆਰ ਕਰਨ ਵਾਲਾ ਇਨਸਾਨ ਆਪਣੀਆਂ ਗੱਲਾਂ ਤੇ ਕੰਮਾਂ ਰਾਹੀਂ ਦਿਖਾਉਂਦਾ ਹੈ ਕਿ ਉਹ ਆਪਣੇ ਅਜ਼ੀਜ਼ਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ, ਭਾਵੇਂ ਕਿ ਇਸ ਤਰ੍ਹਾਂ ਕਰਨ ਲਈ ਉਸ ਨੂੰ ਕੋਈ ਕੁਰਬਾਨੀ ਹੀ ਕਿਉਂ ਨਾ ਕਰਨੀ ਪਵੇ।
ਮੂਸਾ ਨੇ ਪਿਆਰ ਕਿਵੇਂ ਦਿਖਾਇਆ?
ਮੂਸਾ ਨੇ ਪਰਮੇਸ਼ੁਰ ਲਈ ਪਿਆਰ ਦਿਖਾਇਆ। ਕਿਵੇਂ? 1 ਯੂਹੰਨਾ 5:3 ਵਿਚ ਦਰਜ ਸ਼ਬਦ ਯਾਦ ਕਰੋ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।” ਮੂਸਾ ਇਸ ਅਸੂਲ ਦੇ ਮੁਤਾਬਕ ਜੀਉਂਦਾ ਸੀ। ਪਰਮੇਸ਼ੁਰ ਨੇ ਉਸ ਨੂੰ ਜੋ ਵੀ ਕਰਨ ਲਈ ਕਿਹਾ ਉਸ ਨੇ ਕੀਤਾ, ਭਾਵੇਂ ਇਹ ਕੰਮ ਸ਼ਕਤੀਸ਼ਾਲੀ ਮਿਸਰ ਦੇ ਰਾਜੇ ਦੇ ਅੱਗੇ ਪੇਸ਼ ਹੋਣਾ ਸੀ ਜਾਂ ਲਾਲ ਸਮੁੰਦਰ ਉੱਤੇ ਆਪਣਾ ਡੰਡਾ ਮਾਰਨ ਵਰਗਾ ਮਾਮੂਲੀ ਕੰਮ ਸੀ। ਚਾਹੇ ਹੁਕਮ ਮੰਨਣਾ ਸੌਖਾ ਸੀ ਜਾਂ ਔਖਾ, ਮੂਸਾ ਨੇ ਮੰਨਿਆ। ਉਸ ਨੇ “ਤਿਵੇਂ ਹੀ ਸਭ ਕੁਝ ਕੀਤਾ।”—ਕੂਚ 40:16.
ਮੂਸਾ ਇਜ਼ਰਾਈਲੀਆਂ ਨਾਲ ਵੀ ਪਿਆਰ ਕਰਦਾ ਸੀ। ਉਹ ਜਾਣਦੇ ਸਨ ਕਿ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਯਹੋਵਾਹ ਮੂਸਾ ਨੂੰ ਵਰਤ ਰਿਹਾ ਸੀ। ਇਸ ਲਈ ਉਹ ਮੂਸਾ ਕੋਲ ਵੱਖੋ-ਵੱਖਰੀਆਂ ਸਮੱਸਿਆਵਾਂ ਲੈ ਕੇ ਆਉਂਦੇ ਸਨ। ਅਸੀਂ ਪੜ੍ਹਦੇ ਹਾਂ: “ਪਰਜਾ ਮੂਸਾ ਦੇ ਅੱਗੇ ਸਵੇਰ ਤੋਂ ਸ਼ਾਮ ਤੀਕ ਖਲੋਤੀ ਰਹੀ।” (ਕੂਚ 18:13-16) ਜ਼ਰਾ ਸੋਚੋ ਕਿ ਸਾਰਾ ਦਿਨ ਇਜ਼ਰਾਈਲੀਆਂ ਦੀਆਂ ਸਮੱਸਿਆਵਾਂ ਸੁਣ-ਸੁਣ ਕੇ ਮੂਸਾ ਕਿੰਨਾ ਥੱਕ ਜਾਂਦਾ ਹੋਣਾ! ਫਿਰ ਵੀ ਮੂਸਾ ਲੋਕਾਂ ਦੀ ਮਦਦ ਖ਼ੁਸ਼ੀ ਨਾਲ ਕਰਦਾ ਸੀ ਜੋ ਉਸ ਨੂੰ ਪਿਆਰੇ ਸਨ।
ਉਨ੍ਹਾਂ ਦੀਆਂ ਗੱਲਾਂ ਸੁਣਨ ਤੋਂ ਇਲਾਵਾ ਮੂਸਾ ਆਪਣੇ ਅਜ਼ੀਜ਼ਾਂ ਲਈ ਪ੍ਰਾਰਥਨਾ ਵੀ ਕਰਦਾ ਸੀ। ਉਸ ਨੇ ਉਨ੍ਹਾਂ ਲਈ ਵੀ ਪ੍ਰਾਰਥਨਾ ਕੀਤੀ ਜਿਨ੍ਹਾਂ ਨੇ ਉਸ ਨੂੰ ਬੁਰਾ-ਭਲਾ ਕਿਹਾ ਸੀ! ਮਿਸਾਲ ਲਈ, ਜਦੋਂ ਮੂਸਾ ਦੀ ਭੈਣ ਮਿਰਯਮ ਨੇ ਉਸ ਬਾਰੇ ਬੁੜ-ਬੁੜ ਕੀਤੀ, ਤਾਂ ਯਹੋਵਾਹ ਨੇ ਉਸ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ। ਇਸ ਸਜ਼ਾ ਤੋਂ ਖ਼ੁਸ਼ ਹੋਣ ਦੀ ਬਜਾਇ, ਮੂਸਾ ਨੇ ਫਟਾਫਟ ਮਿਰਯਮ ਲਈ ਪ੍ਰਾਰਥਨਾ ਕੀਤੀ: “ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ, ਉਹ ਨੂੰ ਚੰਗਾ ਕਰ।” (ਗਿਣਤੀ 12:13) ਪਿਆਰ ਤੋਂ ਇਲਾਵਾ, ਹੋਰ ਕਿਹੜੀ ਗੱਲ ਮੂਸਾ ਨੂੰ ਸੁਆਰਥ ਤੋਂ ਬਿਨਾਂ ਇਹ ਪ੍ਰਾਰਥਨਾ ਕਰਨ ਲਈ ਪ੍ਰੇਰ ਸਕਦੀ ਸੀ?
ਅਸੀਂ ਕੀ ਸਿੱਖਦੇ ਹਾਂ?
ਅਸੀਂ ਪਰਮੇਸ਼ੁਰ ਲਈ ਗਹਿਰਾ ਪਿਆਰ ਪੈਦਾ ਕਰ ਕੇ ਮੂਸਾ ਦੀ ਨਕਲ ਕਰ ਸਕਦੇ ਹਾਂ। ਅਜਿਹਾ ਪਿਆਰ “ਦਿਲੋਂ” ਉਸ ਦੇ ਹੁਕਮਾਂ ਨੂੰ ਮੰਨਣ ਲਈ ਪ੍ਰੇਰਦਾ ਹੈ। (ਰੋਮੀਆਂ 6:17) ਯਹੋਵਾਹ ਦਾ ਕਹਿਣਾ ਦਿਲੋਂ ਮੰਨ ਕੇ ਅਸੀਂ ਉਸ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ। (ਕਹਾਉਤਾਂ 27:11) ਸਾਨੂੰ ਆਪ ਨੂੰ ਵੀ ਫ਼ਾਇਦਾ ਹੁੰਦਾ ਹੈ। ਜਦੋਂ ਅਸੀਂ ਸੱਚਾ ਪਿਆਰ ਹੋਣ ਕਰਕੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਨਾ ਸਿਰਫ਼ ਸਹੀ ਕੰਮ ਕਰਾਂਗੇ, ਸਗੋਂ ਉਨ੍ਹਾਂ ਨੂੰ ਕਰਨ ਵਿਚ ਸਾਨੂੰ ਖ਼ੁਸ਼ੀ ਵੀ ਹੋਵੇਗੀ!—ਜ਼ਬੂਰਾਂ ਦੀ ਪੋਥੀ 100:2.
ਅਸੀਂ ਇਕ ਹੋਰ ਤਰੀਕੇ ਨਾਲ ਮੂਸਾ ਦੀ ਨਕਲ ਕਰ ਸਕਦੇ ਹਾਂ, ਉਹ ਹੈ ਸੁਆਰਥ ਤੋਂ ਬਿਨਾਂ ਦੂਜਿਆਂ ਨਾਲ ਪਿਆਰ ਕਰਨਾ। ਜਦੋਂ ਸਾਡੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਸਾਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਹਨ, ਤਾਂ ਪਿਆਰ ਕਰਕੇ ਅਸੀਂ (1) ਉਨ੍ਹਾਂ ਦੀ ਗੱਲ ਕੰਨ ਲਾ ਕੇ ਸੁਣਾਂਗੇ, (2) ਉਨ੍ਹਾਂ ਨਾਲ ਹਮਦਰਦੀ ਜਤਾਵਾਂਗੇ ਅਤੇ (3) ਉਨ੍ਹਾਂ ਨੂੰ ਦੱਸਾਂਗੇ ਕਿ ਅਸੀਂ ਉਨ੍ਹਾਂ ਦੀ ਪਰਵਾਹ ਕਰਦੇ ਹਾਂ।
ਮੂਸਾ ਵਾਂਗ ਅਸੀਂ ਆਪਣੇ ਅਜ਼ੀਜ਼ਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਜਦੋਂ ਉਹ ਸਾਡੇ ਨਾਲ ਆਪਣੇ ਦੁੱਖ ਸਾਂਝੇ ਕਰਦੇ ਹਨ, ਤਾਂ ਅਸੀਂ ਸ਼ਾਇਦ ਬੇਬੱਸ ਮਹਿਸੂਸ ਕਰੀਏ। ਅਸੀਂ ਸ਼ਾਇਦ ਦੁੱਖ ਵੀ ਪ੍ਰਗਟਾਈਏ: “ਮੈਂ ਤੁਹਾਡੇ ਲਈ ਹੋਰ ਤਾਂ ਕੁਝ ਨਹੀਂ ਕਰ ਸਕਦਾ, ਸਿਰਫ਼ ਪ੍ਰਾਰਥਨਾ ਹੀ ਕਰ ਸਕਦਾ ਹਾਂ।” ਪਰ ਯਾਦ ਰੱਖੋ: “ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।” (ਯਾਕੂਬ 5:16) ਸਾਡੀਆਂ ਪ੍ਰਾਰਥਨਾਵਾਂ ਸ਼ਾਇਦ ਯਹੋਵਾਹ ਨੂੰ ਉਸ ਵਿਅਕਤੀ ਵਾਸਤੇ ਉਹ ਕੁਝ ਕਰਨ ਲਈ ਪ੍ਰੇਰਣ ਜੋ ਉਹ ਸ਼ਾਇਦ ਨਾ ਕਰਦਾ। ਤਾਂ ਫਿਰ, ਆਪਣੇ ਅਜ਼ੀਜ਼ਾਂ ਲਈ ਪ੍ਰਾਰਥਨਾ ਕਰਨ ਨਾਲੋਂ ਬਿਹਤਰ ਹੋਰ ਕਿਹੜੀ ਗੱਲ ਹੋ ਸਕਦੀ ਹੈ?a
ਕੀ ਤੁਸੀਂ ਸਹਿਮਤ ਨਹੀਂ ਹੋ ਕਿ ਮੂਸਾ ਤੋਂ ਅਸੀਂ ਕਿੰਨਾ ਕੁਝ ਸਿੱਖ ਸਕਦੇ ਹਾਂ? ਭਾਵੇਂ ਉਹ ਸਾਡੇ ਵਾਂਗ ਮਾਮੂਲੀ ਇਨਸਾਨ ਸੀ, ਪਰ ਉਸ ਨੇ ਨਿਹਚਾ, ਨਿਮਰਤਾ ਅਤੇ ਪਿਆਰ ਦੇ ਮਾਮਲੇ ਵਿਚ ਸ਼ਾਨਦਾਰ ਮਿਸਾਲ ਕਾਇਮ ਕੀਤੀ। ਇਸ ਲਈ, ਅਸੀਂ ਜਿੰਨਾ ਜ਼ਿਆਦਾ ਉਸ ਦੀ ਮਿਸਾਲ ʼਤੇ ਚੱਲਾਂਗੇ, ਉੱਨਾ ਜ਼ਿਆਦਾ ਸਾਨੂੰ ਅਤੇ ਦੂਜਿਆਂ ਨੂੰ ਲਾਭ ਹੋਵੇਗਾ।—ਰੋਮੀਆਂ 15:4. (w13-E 02/01)
a ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਦਿਲੋਂ ਉਸ ਦੀਆਂ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 17ਵਾਂ ਅਧਿਆਇ ਦੇਖੋ।