ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਉਹ ਚਾਹੁੰਦੇ ਸਨ ਕਿ ਮੈਂ ਖ਼ੁਦ ਸੱਚਾਈ ਦੀ ਜਾਂਚ ਕਰਾਂ”
ਜਨਮ: 1982
ਦੇਸ਼: ਡਮਿਨੀਕਨ ਗਣਰਾਜ
ਅਤੀਤ: ਬਚਪਨ ਤੋਂ ਮਾਰਮਨ ਦੀ ਸਿੱਖਿਆ ਮਿਲੀ
ਮੇਰੇ ਅਤੀਤ ਬਾਰੇ ਕੁਝ ਗੱਲਾਂ:
ਮੇਰਾ ਜਨਮ ਡਮਿਨੀਕਨ ਗਣਰਾਜ ਦੀ ਰਾਜਧਾਨੀ ਸਾਂਟੋ ਡੋਮਿੰਗੋ ਵਿਚ ਹੋਇਆ ਸੀ ਅਤੇ ਮੈਂ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹਾਂ। ਮੇਰੇ ਮਾਪੇ ਕਾਫ਼ੀ ਪੜ੍ਹੇ-ਲਿਖੇ ਹਨ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ਚੰਗੇ ਮਾਹੌਲ ਵਿਚ ਹੋਵੇ। ਮੇਰੇ ਜਨਮ ਤੋਂ ਚਾਰ ਸਾਲ ਪਹਿਲਾਂ ਮੇਰੇ ਮਾਪੇ ਮਾਰਮਨ ਮਿਸ਼ਨਰੀਆਂ ਨੂੰ ਮਿਲੇ। ਉਹ ਉਨ੍ਹਾਂ ਸਾਫ਼-ਸੁਥਰੇ ਅਤੇ ਚੰਗੇ ਸਲੀਕੇ ਵਾਲੇ ਨੌਜਵਾਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਟਾਪੂ ਉੱਤੇ ਉਹ ਪਹਿਲਾ ਪਰਿਵਾਰ ਹੋਵੇਗਾ ਜੋ ਮਾਰਮਨ ਚਰਚ (The Church of Jesus Christ of Latter-day Saints) ਦਾ ਮੈਂਬਰ ਬਣੇਗਾ।
ਵੱਡੇ ਹੁੰਦਿਆਂ ਮੈਂ ਮਾਰਮਨ ਚਰਚ ਦੇ ਮਨੋਰੰਜਨ ਪ੍ਰੋਗ੍ਰਾਮਾਂ ਦਾ ਬਹੁਤ ਮਜ਼ਾ ਲਿਆ ਤੇ ਮੈਨੂੰ ਇਹ ਵੀ ਚੰਗਾ ਲੱਗਦਾ ਸੀ ਕਿ ਚਰਚ ਵਿਚ ਪਰਿਵਾਰ ਅਤੇ ਨੈਤਿਕ ਕਦਰਾਂ-ਕੀਮਤਾਂ ਉੱਤੇ ਜ਼ੋਰ ਦਿੱਤਾ ਜਾਂਦਾ ਸੀ। ਮੈਨੂੰ ਮਾਰਮਨ ਹੋਣ ਤੇ ਬਹੁਤ ਫ਼ਖ਼ਰ ਸੀ ਅਤੇ ਮੈਂ ਮਿਸ਼ਨਰੀ ਬਣਨ ਦਾ ਟੀਚਾ ਰੱਖ ਲਿਆ।
ਜਦੋਂ ਮੈਂ ਅਠਾਰਾਂ ਸਾਲਾਂ ਦਾ ਸੀ, ਤਾਂ ਮੇਰਾ ਪਰਿਵਾਰ ਅਮਰੀਕਾ ਚਲਾ ਗਿਆ ਤਾਂਕਿ ਮੈਂ ਅੱਗੋਂ ਕਾਲਜ ਦੀ ਪੜ੍ਹਾਈ ਕਰ ਸਕਾਂ। ਤਕਰੀਬਨ ਇਕ ਸਾਲ ਬਾਅਦ ਮੇਰੇ ਮਾਸੀ-ਮਾਸੜ, ਜੋ ਯਹੋਵਾਹ ਦੇ ਗਵਾਹ ਹਨ, ਸਾਨੂੰ ਫਲੋਰਿਡਾ ਮਿਲਣ ਆਏ। ਉਨ੍ਹਾਂ ਨੇ ਸਾਨੂੰ ਬਾਈਬਲ ਬਾਰੇ ਸੰਮੇਲਨ ਵਿਚ ਆਪਣੇ ਨਾਲ ਆਉਣ ਦਾ ਸੱਦਾ ਦਿੱਤਾ। ਮੈਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਮੇਰੇ ਆਲੇ-ਦੁਆਲੇ ਬੈਠੇ ਸਾਰੇ ਲੋਕ ਹਵਾਲੇ ਦੇਖ ਰਹੇ ਸਨ ਤੇ ਨੋਟਸ ਲੈ ਰਹੇ ਸਨ। ਸੋ ਮੈਂ ਵੀ ਪੈੱਨ ਅਤੇ ਕਾਗਜ਼ ਲੈ ਕੇ ਉਨ੍ਹਾਂ ਵਾਂਗ ਲਿਖਣ ਲੱਗ ਪਿਆ।
ਸੰਮੇਲਨ ਤੋਂ ਬਾਅਦ ਮੇਰੇ ਮਾਸੀ-ਮਾਸੜ ਨੇ ਕਿਹਾ ਜੇ ਮੈਂ ਮਿਸ਼ਨਰੀ ਬਣਨਾ ਚਾਹੁੰਦਾ ਹਾਂ, ਤਾਂ ਉਹ ਬਾਈਬਲ ਬਾਰੇ ਸਿੱਖਣ ਵਿਚ ਮੇਰੀ ਮਦਦ ਕਰ ਸਕਦੇ ਸਨ। ਮੈਂ ਸੋਚਿਆ ਕਿ ਇਹ ਤਾਂ ਬਹੁਤ ਵਧੀਆ ਗੱਲ ਸੀ ਕਿਉਂਕਿ ਉਸ ਵੇਲੇ ਮੈਨੂੰ ਬਾਈਬਲ ਨਾਲੋਂ ਜ਼ਿਆਦਾ ਮਾਰਮਨ ਦੀ ਕਿਤਾਬ ਦਾ ਗਿਆਨ ਸੀ।
ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:
ਫ਼ੋਨ ʼਤੇ ਬਾਈਬਲ ਬਾਰੇ ਗੱਲਬਾਤ ਕਰਨ ਦੌਰਾਨ ਮੇਰੇ ਮਾਸੀ-ਮਾਸੜ ਹਮੇਸ਼ਾ ਮੈਨੂੰ ਹੱਲਾਸ਼ੇਰੀ ਦਿੰਦੇ ਸਨ ਕਿ ਮੈਂ ਆਪਣੇ ਵਿਸ਼ਵਾਸਾਂ ਦੀ ਤੁਲਨਾ ਬਾਈਬਲ ਦੀਆਂ ਸਿੱਖਿਆਵਾਂ ਨਾਲ ਕਰਾਂ। ਉਹ ਚਾਹੁੰਦੇ ਸਨ ਕਿ ਮੈਂ ਖ਼ੁਦ ਸੱਚਾਈ ਦੀ ਜਾਂਚ ਕਰਾਂ।
ਮੈਂ ਮਾਰਮਨ ਧਰਮ ਦੀਆਂ ਬਹੁਤ ਸਾਰੀਆਂ ਗੱਲਾਂ ਮੰਨਦਾ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਗੱਲਾਂ ਬਾਈਬਲ ਵਿਚਲੀਆਂ ਗੱਲਾਂ ਨਾਲ ਕਿਵੇਂ ਮਿਲਦੀਆਂ-ਜੁਲਦੀਆਂ ਸਨ। ਮਾਸੀ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ 8 ਨਵੰਬਰ 1995 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲਾ ਭੇਜਿਆ ਜਿਸ ਵਿਚ ਮਾਰਮਨ ਧਰਮ ਬਾਰੇ ਕੁਝ ਲੇਖ ਸਨ। ਮੈਂ ਕਾਫ਼ੀ ਹੈਰਾਨ ਸੀ ਕਿ ਮੈਨੂੰ ਕਈ ਮਾਰਮਨ ਸਿੱਖਿਆਵਾਂ ਬਾਰੇ ਨਹੀਂ ਸੀ ਪਤਾ। ਇਸ ਕਾਰਨ ਮੈਂ ਮਾਰਮਨ ਵੈੱਬਸਾਈਟ ʼਤੇ ਖੋਜਬੀਨ ਕਰ ਕੇ ਦੇਖਣ ਲੱਗਾ ਕਿ ਜਾਗਰੂਕ ਬਣੋ! ਵਿਚ ਦੱਸੀਆਂ ਗੱਲਾਂ ਸਹੀ ਸਨ ਜਾਂ ਨਹੀਂ। ਇਹ ਗੱਲਾਂ ਸਹੀ ਸਨ ਤੇ ਮੈਨੂੰ ਇਨ੍ਹਾਂ ਦਾ ਹੋਰ ਵੀ ਯਕੀਨ ਹੋ ਗਿਆ ਜਦ ਮੈਂ ਯੂਟਾਹ ਵਿਚ ਮਾਰਮਨ ਅਜਾਇਬ-ਘਰਾਂ ਨੂੰ ਦੇਖਣ ਗਿਆ।
ਮੈਂ ਹਮੇਸ਼ਾ ਇਹੀ ਮੰਨਦਾ ਸੀ ਕਿ ਮਾਰਮਨ ਦੀ ਕਿਤਾਬ ਅਤੇ ਬਾਈਬਲ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ। ਪਰ ਜਦੋਂ ਮੈਂ ਧਿਆਨ ਨਾਲ ਬਾਈਬਲ ਪੜ੍ਹਨੀ ਸ਼ੁਰੂ ਕੀਤੀ, ਤਾਂ ਮੈਂ ਦੇਖਿਆ ਕਿ ਮਾਰਮਨ ਸਿੱਖਿਆਵਾਂ ਅਤੇ ਬਾਈਬਲ ਦੀਆਂ ਗੱਲਾਂ ਵਿਚ ਕਾਫ਼ੀ ਫ਼ਰਕ ਸੀ। ਮਿਸਾਲ ਲਈ, ਬਾਈਬਲ ਵਿਚ ਹਿਜ਼ਕੀਏਲ 18:4 ਵਿਚ ਦੱਸਿਆ ਹੈ ਕਿ ਜਾਨ ਮਰ ਜਾਂਦੀ ਹੈ। ਪਰ ਮਾਰਮਨ ਦੀ ਕਿਤਾਬ ਵਿਚ ਆਲਮਾ 42:9 ਵਿਚ ਕਿਹਾ ਹੈ: “ਆਤਮਾ ਕਦੇ ਨਹੀਂ ਮਰ ਸਕਦੀ।”
ਸਿੱਖਿਆਵਾਂ ਵਿਚ ਫ਼ਰਕ ਤੋਂ ਇਲਾਵਾ, ਮੈਂ ਮਾਰਮਨਾਂ ਵੱਲੋਂ ਸਿਖਾਈਆਂ ਦੇਸ਼ਭਗਤੀ ਦੀਆਂ ਗੱਲਾਂ ਕਾਰਨ ਵੀ ਪਰੇਸ਼ਾਨ ਸੀ। ਮਿਸਾਲ ਲਈ, ਮਾਰਮਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਅਦਨ ਦਾ ਬਾਗ਼ ਜੈਕਸਨ ਕਾਉਂਟੀ, ਮਿਸੂਰੀ, ਅਮਰੀਕਾ ਵਿਚ ਸੀ। ਚਰਚ ਦੇ ਲੀਡਰ ਕਹਿੰਦੇ ਹਨ ਕਿ ਜਦੋਂ “ਪਰਮੇਸ਼ੁਰ ਦਾ ਰਾਜ ਹਕੂਮਤ ਕਰੇਗਾ, ਤਾਂ ਉਸ ਵੇਲੇ ਆਜ਼ਾਦੀ ਅਤੇ ਇੱਕੋ ਜਿਹੇ ਹੱਕ ਮਿਲਣ ਨਾਲ ਅਮਰੀਕਾ ਦਾ ਬੇਦਾਗ਼ ਝੰਡਾ ਸ਼ਾਨ ਨਾਲ ਲਹਿਰਾਵੇਗਾ।”
ਮੈਂ ਸੋਚਿਆ ਕਿ ਮੇਰੇ ਜੱਦੀ ਦੇਸ਼ ਜਾਂ ਹੋਰ ਦੇਸ਼ਾਂ ਦਾ ਕੀ ਬਣੇਗਾ। ਇਕ ਸ਼ਾਮ ਨੂੰ ਜਦੋਂ ਮਿਸ਼ਨਰੀ ਬਣਨ ਦੀ ਸਿਖਲਾਈ ਲੈ ਰਹੇ ਇਕ ਮਾਰਮਨ ਨੌਜਵਾਨ ਨੇ ਮੈਨੂੰ ਫ਼ੋਨ ਕੀਤਾ, ਤਾਂ ਮੈਂ ਉਸ ਨਾਲ ਇਸ ਵਿਸ਼ੇ ਬਾਰੇ ਗੱਲ ਛੇੜੀ। ਮੈਂ ਉਸ ਨੂੰ ਸਾਫ਼-ਸਾਫ਼ ਪੁੱਛਿਆ ਕਿ ਕੀ ਉਹ ਦੂਜੇ ਮਾਰਮਨਾਂ ਖ਼ਿਲਾਫ਼ ਲੜਨ ਲਈ ਤਿਆਰ ਹੋਵੇਗਾ ਜੇ ਉਨ੍ਹਾਂ ਦੇ ਦੇਸ਼ਾਂ ਨਾਲ ਉਸ ਦੇ ਦੇਸ਼ ਦੀ ਲੜਾਈ ਹੋਈ। ਮੈਂ ਉਸ ਦਾ ਹਾਂ ਵਿਚ ਜਵਾਬ ਸੁਣ ਕੇ ਹੈਰਾਨ ਰਹਿ ਗਿਆ! ਮੈਂ ਆਪਣੇ ਧਰਮ ਦੀਆਂ ਸਿੱਖਿਆਵਾਂ ਦੀ ਹੋਰ ਗਹਿਰਾਈ ਨਾਲ ਜਾਂਚ ਕਰਨ ਲੱਗਾ ਤੇ ਚਰਚ ਦੇ ਜ਼ਿੰਮੇਵਾਰ ਆਗੂਆਂ ਨਾਲ ਵੀ ਗੱਲ ਕੀਤੀ। ਮੈਨੂੰ ਉਨ੍ਹਾਂ ਨੇ ਕਿਹਾ ਕਿ ਮੇਰੇ ਸਵਾਲਾਂ ਦੇ ਜਵਾਬ ਇਕ ਬੁਝਾਰਤ ਹੈ ਜੋ ਕਿਸੇ-ਨਾ-ਕਿਸੇ ਦਿਨ ਚਾਨਣ ਹੁੰਦਿਆਂ ਹੀ ਜ਼ਰੂਰ ਸੁਲਝਾਈ ਜਾਵੇਗੀ।
ਉਨ੍ਹਾਂ ਦਾ ਇਹ ਜਵਾਬ ਸੁਣ ਕੇ ਮੈਂ ਨਿਰਾਸ਼ ਹੋ ਗਿਆ ਅਤੇ ਮੈਂ ਆਪਣੇ ਆਪ ਦੀ ਡੂੰਘਾਈ ਨਾਲ ਜਾਂਚ ਕਰਨ ਲੱਗਾ ਕਿ ਮੈਂ ਮਾਰਮਨ ਮਿਸ਼ਨਰੀ ਕਿਉਂ ਬਣਨਾ ਚਾਹੁੰਦਾ ਹਾਂ। ਮੈਨੂੰ ਅਹਿਸਾਸ ਹੋਇਆ ਕਿ ਲੋਕਾਂ ਦਾ ਭਲਾ ਕਰਨ ਲਈ ਮੈਂ ਮਿਸ਼ਨਰੀ ਬਣਨਾ ਚਾਹੁੰਦਾ ਸੀ। ਮੈਨੂੰ ਇਹ ਵੀ ਗੱਲ ਚੰਗੀ ਲੱਗੀ ਕਿ ਮਿਸ਼ਨਰੀ ਬਣਨ ਨਾਲ ਸਮਾਜ ਵਿਚ ਮੇਰਾ ਇੱਜ਼ਤ-ਮਾਣ ਹੋਵੇਗਾ। ਪਰ ਜਦੋਂ ਪਰਮੇਸ਼ੁਰ ਦੀ ਗੱਲ ਆਉਂਦੀ ਹੈ, ਤਾਂ ਮੈਂ ਕਹਾਂਗਾ ਕਿ ਮੈਨੂੰ ਉਸ ਬਾਰੇ ਇੰਨਾ ਗਿਆਨ ਨਹੀਂ ਸੀ। ਹਾਲਾਂਕਿ ਮੈਂ ਅਤੀਤ ਵਿਚ ਕਈ ਵਾਰ ਬਾਈਬਲ ਪੜ੍ਹੀ, ਪਰ ਮੈਂ ਇਸ ਦੀ ਅਹਿਮੀਅਤ ਨਹੀਂ ਸਮਝੀ। ਮੈਨੂੰ ਧਰਤੀ ਅਤੇ ਇਨਸਾਨਾਂ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਕੱਖ ਨਹੀਂ ਸੀ ਪਤਾ।
ਅੱਜ ਮੇਰੀ ਜ਼ਿੰਦਗੀ:
ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਕੇ ਮੈਂ ਬਹੁਤ ਸਾਰੀਆਂ ਗੱਲਾਂ ਦੇ ਨਾਲ-ਨਾਲ ਇਹ ਵੀ ਸਿੱਖਿਆ ਕਿ ਪਰਮੇਸ਼ੁਰ ਦਾ ਨਾਂ ਕੀ ਹੈ, ਮਰਨ ਤੋਂ ਬਾਅਦ ਕੀ ਹੁੰਦਾ ਹੈ ਅਤੇ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਵਿਚ ਯਿਸੂ ਦੀ ਕੀ ਭੂਮਿਕਾ ਹੈ। ਇਸ ਤਰ੍ਹਾਂ ਇਸ ਬੇਮਿਸਾਲ ਕਿਤਾਬ ਬਾਰੇ ਮੇਰਾ ਗਿਆਨ ਵਧਦਾ ਗਿਆ ਅਤੇ ਮੈਂ ਸਿੱਖੀਆਂ ਗੱਲਾਂ ਖ਼ੁਸ਼ੀ ਨਾਲ ਦੂਜਿਆਂ ਨਾਲ ਸਾਂਝੀਆਂ ਕੀਤੀਆਂ। ਮੈਂ ਹਮੇਸ਼ਾ ਤੋਂ ਇਹੀ ਮੰਨਦਾ ਸੀ ਕਿ ਪਰਮੇਸ਼ੁਰ ਹੈ, ਪਰ ਹੁਣ ਮੈਂ ਆਪਣੇ ਉਸ ਜਿਗਰੀ ਦੋਸਤ ਨਾਲ ਪ੍ਰਾਰਥਨਾ ਦੇ ਜ਼ਰੀਏ ਗੱਲ ਕਰ ਸਕਦਾ ਹਾਂ। ਮੈਂ 12 ਜੁਲਾਈ 2004 ਨੂੰ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ ਅਤੇ ਛੇ ਮਹੀਨਿਆਂ ਬਾਅਦ ਪੂਰੇ ਸਮੇਂ ਦਾ ਮਸੀਹੀ ਪ੍ਰਚਾਰਕ ਬਣ ਗਿਆ।
ਪੰਜ ਸਾਲਾਂ ਤਕ ਮੈਂ ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਕੰਮ ਕੀਤਾ। ਉੱਥੇ ਮੈਨੂੰ ਬਾਈਬਲ ਅਤੇ ਬਾਈਬਲ-ਆਧਾਰਿਤ ਸਾਹਿੱਤ ਛਾਪਣ ਵਿਚ ਮਦਦ ਕਰ ਕੇ ਬਹੁਤ ਮਜ਼ਾ ਆਇਆ ਜੋ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਫ਼ਾਇਦਾ ਪਹੁੰਚਾਉਂਦਾ ਹੈ। ਮੈਂ ਹਾਲੇ ਵੀ ਖ਼ੁਸ਼ੀ ਨਾਲ ਪਰਮੇਸ਼ੁਰ ਬਾਰੇ ਸਿੱਖਣ ਵਿਚ ਦੂਜਿਆਂ ਦੀ ਮਦਦ ਕਰ ਰਿਹਾ ਹਾਂ। (w13-E 02/01)