ਮਾਪਿਓ—ਸੱਚਾਈ ਵਿਚ ਨਿਭਾਓ ਬੱਚਿਆਂ ਦਾ ਸਾਥ
“ਆਪਣੇ ਇੱਜੜਾਂ ਦਾ ਹਾਲ ਚੰਗੀ ਤਰਾਂ ਬੁੱਝ ਲੈ।”—ਕਹਾ. 27:23.
1, 2. (ੳ) ਇਜ਼ਰਾਈਲੀ ਚਰਵਾਹਿਆਂ ਦੀਆਂ ਕਿਹੜੀਆਂ ਕੁਝ ਜ਼ਿੰਮੇਵਾਰੀਆਂ ਸਨ? (ਅ) ਮਸੀਹੀ ਮਾਪੇ ਚਰਵਾਹਿਆਂ ਦੀ ਤਰ੍ਹਾਂ ਕਿਵੇਂ ਹਨ?
ਪ੍ਰਾਚੀਨ ਇਜ਼ਰਾਈਲ ਵਿਚ ਚਰਵਾਹਿਆਂ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਸੀ। ਉਹ ਧੁੱਪੇ ਤੇ ਠੰਢ ਵਿਚ ਭੇਡਾਂ ਚਾਰਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਇੱਜੜ ਦੀ ਜੰਗਲੀ ਜਾਨਵਰਾਂ ਤੇ ਚੋਰਾਂ ਤੋਂ ਵੀ ਰੱਖਿਆ ਕਰਨੀ ਪੈਂਦੀ ਸੀ। ਚਰਵਾਹੇ ਬਾਕਾਇਦਾ ਆਪਣੀਆਂ ਭੇਡਾਂ ਦੀ ਜਾਂਚ ਕਰਦੇ ਸਨ ਤੇ ਬੀਮਾਰ ਤੇ ਜ਼ਖ਼ਮੀ ਹੋਈਆਂ ਭੇਡਾਂ ਦੀ ਦਵਾ-ਦਾਰੂ ਕਰਦੇ ਸਨ। ਉਹ ਲੇਲਿਆਂ ਦਾ ਖ਼ਾਸ ਧਿਆਨ ਰੱਖਦੇ ਸਨ ਕਿਉਂਕਿ ਉਹ ਭੇਡਾਂ ਨਾਲੋਂ ਜ਼ਿਆਦਾ ਕਮਜ਼ੋਰ ਹੁੰਦੇ ਸਨ।—ਉਤ. 33:13.
2 ਮਸੀਹੀ ਮਾਪਿਆਂ ਨੂੰ ਵੀ ਚਰਵਾਹਿਆਂ ਵਰਗੇ ਗੁਣ ਦਿਖਾਉਣੇ ਚਾਹੀਦੇ ਹਨ। ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ” ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ। (ਅਫ਼. 6:4) ਕੀ ਇਸ ਤਰ੍ਹਾਂ ਕਰਨਾ ਸੌਖਾ ਹੈ? ਨਹੀਂ! ਬੱਚਿਆਂ ਨੂੰ ਲਗਾਤਾਰ ਸ਼ੈਤਾਨ ਦੁਆਰਾ ਫੈਲਾਈਆਂ ਗਈਆਂ ਝੂਠੀਆਂ ਗੱਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਨਾਲੇ ਉਨ੍ਹਾਂ ਨੂੰ ਆਪਣੇ ਪਾਪੀ ਝੁਕਾਅ ਨਾਲ ਵੀ ਲੜਨਾ ਪੈਂਦਾ ਹੈ। (2 ਤਿਮੋ. 2:22; 1 ਯੂਹੰ. 2:16) ਜੇ ਤੁਹਾਡੇ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ? ਆਓ ਆਪਾਂ ਤਿੰਨ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਦੇ ਜ਼ਰੀਏ ਤੁਸੀਂ ਆਪਣੇ ਬੱਚਿਆਂ ਦੀ ਦੇਖ-ਭਾਲ ਕਰ ਸਕਦੇ ਹੋ। ਉਹ ਗੱਲਾਂ ਹਨ: ਉਨ੍ਹਾਂ ਨੂੰ ਜਾਣੋ, ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਿਖਾਓ ਤੇ ਉਨ੍ਹਾਂ ਨੂੰ ਸੇਧ ਦਿਓ।
ਆਪਣੇ ਬੱਚਿਆਂ ਨੂੰ ਜਾਣੋ
3. ਮਾਪੇ ਆਪਣੇ ਬੱਚਿਆਂ ਦਾ “ਹਾਲ” ਜਾਣਨ ਲਈ ਕੀ ਕਰ ਸਕਦੇ ਹਨ?
3 ਇਕ ਚੰਗਾ ਚਰਵਾਹਾ ਧਿਆਨ ਨਾਲ ਹਰ ਭੇਡ ਦੀ ਜਾਂਚ ਕਰ ਕੇ ਦੇਖਦਾ ਹੈ ਕਿ ਉਹ ਸਿਹਤਮੰਦ ਹੈ ਜਾਂ ਨਹੀਂ। ਤੁਸੀਂ ਵੀ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਕਰ ਸਕਦੇ ਹੋ। ਬਾਈਬਲ ਦੱਸਦੀ ਹੈ: “ਆਪਣੇ ਇੱਜੜਾਂ ਦਾ ਹਾਲ ਚੰਗੀ ਤਰਾਂ ਬੁੱਝ ਲੈ।” (ਕਹਾ. 27:23) ਇਸ ਤਰ੍ਹਾਂ ਕਰਨ ਲਈ ਤੁਹਾਨੂੰ ਆਪਣੇ ਬੱਚਿਆਂ ਦੇ ਕੰਮਾਂ, ਉਨ੍ਹਾਂ ਦੀ ਸੋਚ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਜਾਣਨ ਦੀ ਲੋੜ ਹੈ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਇਕ ਤਰੀਕਾ ਹੈ ਕਿ ਤੁਸੀਂ ਆਪਣੇ ਬੱਚਿਆਂ ਨਾਲ ਅਕਸਰ ਗੱਲ ਕਰੋ।
4, 5. (ੳ) ਮਾਪੇ ਕਿਹੜੇ ਸੁਝਾਅ ਵਰਤ ਸਕਦੇ ਹਨ ਤਾਂਕਿ ਉਨ੍ਹਾਂ ਦੇ ਬੱਚੇ ਖੁੱਲ੍ਹ ਕੇ ਗੱਲ ਕਰ ਸਕਣ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਤੁਸੀਂ ਕੀ ਕੀਤਾ ਹੈ ਤਾਂਕਿ ਤੁਹਾਡੇ ਬੱਚਿਆਂ ਲਈ ਤੁਹਾਡੇ ਨਾਲ ਗੱਲ ਕਰਨੀ ਸੌਖੀ ਹੋਵੇ?
4 ਕਈ ਮਾਪਿਆਂ ਨੇ ਦੇਖਿਆ ਹੈ ਕਿ ਜਿੱਦਾਂ-ਜਿੱਦਾਂ ਬੱਚੇ ਜਵਾਨ ਹੁੰਦੇ ਜਾਂਦੇ ਹਨ, ਉੱਦਾਂ-ਉੱਦਾਂ ਉਨ੍ਹਾਂ ਨਾਲ ਗੱਲ ਕਰਨੀ ਔਖੀ ਹੁੰਦੀ ਜਾਂਦੀ ਹੈ। ਜਵਾਨ ਬੱਚੇ ਸ਼ਾਇਦ ਗੱਲ ਨਾ ਕਰਨੀ ਚਾਹੁਣ ਜਾਂ ਉਹ ਆਪਣੇ ਵਿਚਾਰ ਅਤੇ ਭਾਵਨਾਵਾਂ ਨੂੰ ਜ਼ਾਹਰ ਕਰਨ ਤੋਂ ਝਿਜਕਣ। ਜੇ ਇਸ ਤਰ੍ਹਾਂ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਆਪਣੇ ਧੀ-ਪੁੱਤ ਨੂੰ ਮਜਬੂਰ ਨਾ ਕਰੋ ਕਿ ਉਹ ਬੈਠ ਕੇ ਤੁਹਾਡੇ ਨਾਲ ਲੰਬੀ-ਚੌੜੀ ਤੇ ਗੰਭੀਰ ਗੱਲਬਾਤ ਕਰੇ। ਇਸ ਦੀ ਬਜਾਇ, ਅਜਿਹਾ ਮਾਹੌਲ ਪੈਦਾ ਕਰੋ ਜਿਸ ਵਿਚ ਬੱਚਿਆਂ ਨੂੰ ਤੁਹਾਡੇ ਨਾਲ ਗੱਲ ਕਰਨੀ ਸੌਖੀ ਲੱਗੇ। (ਬਿਵ. 6:6, 7) ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਇਕੱਠੇ ਸਮਾਂ ਬਿਤਾਓ। ਤੁਸੀਂ ਇਕੱਠੇ ਸੈਰ ਕਰਨ ਜਾ ਸਕਦੇ ਹੋ, ਕੋਈ ਖੇਡ ਖੇਡ ਸਕਦੇ ਹੋ ਜਾਂ ਘਰ ਦਾ ਕੋਈ ਕੰਮ ਕਰ ਸਕਦੇ ਹੋ। ਅਜਿਹੇ ਮਾਹੌਲ ਵਿਚ ਸ਼ਾਇਦ ਤੁਹਾਡੇ ਜਵਾਨ ਬੱਚੇ ਬਿਨਾਂ ਝਿਜਕੇ ਖੁੱਲ੍ਹ ਕੇ ਤੁਹਾਡੇ ਨਾਲ ਗੱਲ ਕਰ ਸਕਣ।
5 ਜੇ ਹਾਲੇ ਵੀ ਤੁਹਾਡਾ ਬੱਚਾ ਤੁਹਾਡੇ ਨਾਲ ਗੱਲ ਕਰਨ ਤੋਂ ਝਿਜਕਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਕੋਈ ਹੋਰ ਤਰੀਕਾ ਵਰਤ ਸਕਦੇ ਹੋ। ਮਿਸਾਲ ਲਈ, ਸ਼ਾਇਦ ਤੁਹਾਡੀ ਧੀ ਦੱਸਣਾ ਨਾ ਚਾਹੇ ਕਿ ਉਸ ਦਾ ਦਿਨ ਕਿੱਦਾਂ ਰਿਹਾ। ਇਸ ਲਈ ਕਿਉਂ ਨਾ ਤੁਸੀਂ ਦੱਸੋ ਕਿ ਤੁਸੀਂ ਦਿਨ ਭਰ ਕੀ ਕੀਤਾ। ਇਸ ਤਰ੍ਹਾਂ ਉਹ ਸ਼ਾਇਦ ਖੁੱਲ੍ਹ ਕੇ ਆਪਣੇ ਦਿਨ ਬਾਰੇ ਦੱਸ ਸਕੇ। ਜਾਂ ਕਿਸੇ ਮਾਮਲੇ ਬਾਰੇ ਆਪਣੀ ਧੀ ਦੀ ਰਾਇ ਜਾਣਨ ਲਈ ਸਵਾਲ ਪੁੱਛੋ। ਸਿੱਧਾ ਇਹ ਪੁੱਛਣ ਦੀ ਬਜਾਇ ਕਿ ਉਹ ਇਸ ਬਾਰੇ ਕੀ ਸੋਚਦੀ ਹੈ, ਤੁਸੀਂ ਪੁੱਛ ਸਕਦੇ ਹੋ ਕਿ ਉਸ ਦੀਆਂ ਸਹੇਲੀਆਂ ਇਸ ਬਾਰੇ ਕੀ ਸੋਚਦੀਆਂ ਹਨ। ਫਿਰ ਤੁਸੀਂ ਪੁੱਛ ਸਕਦੇ ਹੋ ਕਿ ਉਹ ਆਪਣੀਆਂ ਸਹੇਲੀਆਂ ਨੂੰ ਇਸ ਮਾਮਲੇ ਬਾਰੇ ਕੀ ਸਲਾਹ ਦੇਵੇਗੀ।
6. ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਅਹਿਸਾਸ ਕਰਾ ਸਕਦੇ ਹੋ ਕਿ ਤੁਹਾਡੇ ਕੋਲ ਉਨ੍ਹਾਂ ਨਾਲ ਗੱਲ ਕਰਨ ਦਾ ਸਮਾਂ ਹੈ ਤੇ ਉਹ ਬਿਨਾਂ ਝਿਜਕੇ ਤੁਹਾਡੇ ਨਾਲ ਗੱਲ ਕਰ ਸਕਦੇ ਹਨ?
6 ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਗੱਲ ਕਰਨ, ਤਾਂ ਉਨ੍ਹਾਂ ਨੂੰ ਅਹਿਸਾਸ ਕਰਾਓ ਕਿ ਤੁਹਾਡੇ ਕੋਲ ਉਨ੍ਹਾਂ ਦੀ ਗੱਲ ਸੁਣਨ ਲਈ ਸਮਾਂ ਹੈ ਤੇ ਉਹ ਬਿਨਾਂ ਡਰੇ ਤੁਹਾਡੇ ਨਾਲ ਗੱਲ ਕਰ ਸਕਦੇ ਹਨ। ਜਦੋਂ ਜਵਾਨ ਬੱਚਿਆਂ ਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਉਨ੍ਹਾਂ ਦੀ ਗੱਲ ਸੁਣਨ ਦਾ ਵਿਹਲ ਨਹੀਂ ਹੈ, ਤਾਂ ਉਹ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਨਹੀਂ ਕਰਦੇ। ਤੁਸੀਂ ਕਿਵੇਂ ਧਿਆਨ ਰੱਖ ਸਕਦੇ ਹੋ ਕਿ ਤੁਹਾਡੇ ਬੱਚੇ ਬਿਨਾਂ ਝਿਜਕੇ ਤੁਹਾਡੇ ਨਾਲ ਗੱਲ ਕਰ ਸਕਣ? ਸਿਰਫ਼ ਇਹੀ ਕਹਿਣਾ ਕਾਫ਼ੀ ਨਹੀਂ ਹੈ, “ਤੂੰ ਜਦੋਂ ਮਰਜ਼ੀ ਮੇਰੇ ਨਾਲ ਗੱਲ ਕਰ ਸਕਦਾ ਹੈਂ।” ਤੁਹਾਡੇ ਜਵਾਨ ਬੱਚਿਆਂ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਤੁਸੀਂ ਨਾ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਐਵੀਂ ਸਮਝੋਗੇ ਤੇ ਨਾ ਹੀ ਭੜਕੋਗੇ। 19 ਸਾਲਾਂ ਦੀ ਕਾਇਲਾ ਦੱਸਦੀ ਹੈ: “ਮੈਂ ਆਪਣੇ ਡੈਡੀ ਜੀ ਨਾਲ ਕੋਈ ਵੀ ਗੱਲ ਕਰ ਸਕਦੀ ਹਾਂ। ਉਹ ਮੇਰੀ ਗੱਲ ਵਿੱਚੇ ਨਹੀਂ ਟੋਕਦੇ ਤੇ ਨਾ ਹੀ ਮੇਰੇ ਬਾਰੇ ਚੰਗੀ-ਬੁਰੀ ਰਾਇ ਕਾਇਮ ਕਰਦੇ ਹਨ। ਗੱਲ ਸੁਣਨ ਤੋਂ ਬਾਅਦ ਉਹ ਮੈਨੂੰ ਹਮੇਸ਼ਾ ਵਧੀਆ ਸਲਾਹ ਦਿੰਦੇ ਹਨ।”
7. (ੳ) ਆਪਣੇ ਬੱਚਿਆਂ ਨਾਲ ਡੇਟਿੰਗ ਵਰਗੇ ਵਿਸ਼ੇ ਬਾਰੇ ਮਾਪੇ ਕਿਵੇਂ ਗੱਲ ਕਰ ਸਕਦੇ ਹਨ? (ਅ) ਕਿਸ ਤਰ੍ਹਾਂ ਮਾਪੇ ਸ਼ਾਇਦ ਅਣਜਾਣੇ ਵਿਚ ਆਪਣੇ ਬੱਚਿਆਂ ਨੂੰ ਖਿਝਾ ਦੇਣ?
7 ਕਈ ਵਾਰ ਤੁਹਾਨੂੰ ਉਨ੍ਹਾਂ ਮਾਮਲਿਆਂ ਬਾਰੇ ਗੱਲ ਕਰਨ ਦੀ ਲੋੜ ਹੁੰਦੀ ਹੈ ਜਿਨ੍ਹਾਂ ਬਾਰੇ ਗੱਲ ਕਰਨੀ ਔਖੀ ਹੁੰਦੀ ਹੈ। ਮਿਸਾਲ ਲਈ, ਡੇਟਿੰਗ ਬਾਰੇ ਗੱਲ ਕਰਦੇ ਹੋਏ ਤੁਸੀਂ ਆਪਣੇ ਬੱਚਿਆਂ ਨੂੰ ਇਸ ਖ਼ਿਲਾਫ਼ ਚੇਤਾਵਨੀਆਂ ਦੇਣ ਦੀ ਬਜਾਇ ਉਨ੍ਹਾਂ ਨੂੰ ਸਿਖਾਓ ਕਿ ਉਹ ਸਹੀ ਢੰਗ ਨਾਲ ਡੇਟਿੰਗ ਕਿਵੇਂ ਕਰ ਸਕਦੇ ਹਨ। ਮੰਨ ਲਓ ਤੁਸੀਂ ਇਕ ਰੈਸਟੋਰੈਂਟ ਜਾਂਦੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਖਾਣੇ ਦੇ ਮੀਨੂੰ ʼਤੇ ਲਿਖਿਆ ਹੋਇਆ ਹੈ ਕਿ ਕੋਈ ਵੀ ਖਾਣਾ ਖਾ ਕੇ ਤੁਸੀਂ ਬੀਮਾਰ ਹੋ ਸਕਦੇ ਹੋ। ਬਿਨਾਂ ਸ਼ੱਕ ਤੁਸੀਂ ਉਹ ਰੈਸਟੋਰੈਂਟ ਛੱਡ ਕੇ ਕਿਸੇ ਹੋਰ ਰੈਸਟੋਰੈਂਟ ਜਾਣਾ ਚਾਹੋਗੇ। ਇਸੇ ਤਰ੍ਹਾਂ ਜਦੋਂ ਤੁਹਾਡੇ ਬੱਚੇ ਤੁਹਾਡੇ ਕੋਲ ਕੋਈ ਸਲਾਹ ਲੈਣ ਆਉਂਦੇ ਹਨ, ਪਰ ਤੁਸੀਂ ਉਨ੍ਹਾਂ ਨੂੰ ਸਲਾਹ ਦੇਣ ਦੀ ਬਜਾਇ ਸਿਰਫ਼ ਚੇਤਾਵਨੀਆਂ ਦਿੰਦੇ ਹੋ, ਤਾਂ ਉਹ ਸ਼ਾਇਦ ਖਿੱਝ ਜਾਣ ਤੇ ਤੁਹਾਡੇ ਤੋਂ ਸਲਾਹ ਲੈਣੀ ਬੰਦ ਕਰ ਦੇਣ। (ਕੁਲੁੱਸੀਆਂ 3:21 ਪੜ੍ਹੋ।) ਇਸ ਲਈ ਤੁਸੀਂ ਉਨ੍ਹਾਂ ਨੂੰ ਕਿਸੇ ਵੀ ਮਾਮਲੇ ਦੇ ਫ਼ਾਇਦੇ-ਨੁਕਸਾਨ ਬਾਰੇ ਦੱਸ ਸਕਦੇ ਹੋ। ਇਕ ਜਵਾਨ ਭੈਣ ਐਮਿਲੀ ਦੱਸਦੀ ਹੈ: “ਮੇਰੇ ਮੰਮੀ-ਡੈਡੀ ਡੇਟਿੰਗ ਬਾਰੇ ਮੇਰੇ ਨਾਲ ਗੱਲ ਕਰਦਿਆਂ ਇਸ ਦੇ ਖ਼ਿਲਾਫ਼ ਨਹੀਂ ਬੋਲਦੇ। ਪਰ ਉਹ ਦੱਸਦੇ ਹਨ ਕਿ ਡੇਟਿੰਗ ਦੌਰਾਨ ਕਿਸੇ ਨੂੰ ਜਾਣ ਕੇ ਅਤੇ ਜੀਵਨ ਸਾਥੀ ਮਿਲ ਜਾਣ ਤੇ ਕਿੰਨੀ ਖ਼ੁਸ਼ੀ ਹੁੰਦੀ ਹੈ। ਇਸ ਕਰਕੇ ਮੈਂ ਉਨ੍ਹਾਂ ਨਾਲ ਆਸਾਨੀ ਨਾਲ ਇਸ ਵਿਸ਼ੇ ʼਤੇ ਗੱਲ ਕਰ ਸਕਦੀ ਹਾਂ। ਉਨ੍ਹਾਂ ਤੋਂ ਲੁਕ-ਛਿਪ ਕੇ ਕਿਸੇ ਨਾਲ ਡੇਟਿੰਗ ਕਰਨ ਦੀ ਬਜਾਇ ਮੈਂ ਉਨ੍ਹਾਂ ਨੂੰ ਇਸ ਬਾਰੇ ਦੱਸਣਾ ਚਾਹਾਂਗੀ।”
8, 9. (ੳ) ਬਿਨਾਂ ਟੋਕੇ ਗੱਲ ਸੁਣਨ ਦੇ ਕੀ ਫ਼ਾਇਦੇ ਹੋ ਸਕਦੇ ਹਨ? (ਅ) ਆਪਣੇ ਬੱਚਿਆਂ ਦੀ ਗੱਲ ਸੁਣਨ ਦਾ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?
8 ਪਿਆਰ ਤੇ ਧੀਰਜ ਨਾਲ ਆਪਣੇ ਬੱਚੇ ਦੀ ਗੱਲ ਸੁਣੋ। (ਯਾਕੂਬ 1:19 ਪੜ੍ਹੋ।) ਇਕੱਲਿਆਂ ਹੀ ਆਪਣੀ ਧੀ ਦੀ ਪਰਵਰਿਸ਼ ਕਰ ਰਹੀ ਭੈਣ ਕਾਟੀਆ ਮੰਨਦੀ ਹੈ: “ਮੈਂ ਪਹਿਲਾਂ ਆਪਣੀ ਧੀ ਨਾਲ ਧੀਰਜ ਨਾਲ ਗੱਲ ਨਹੀਂ ਕਰਦੀ ਸੀ। ਮੈਂ ਉਸ ਨੂੰ ਗੱਲ ਖ਼ਤਮ ਕਰਨ ਦਾ ਮੌਕਾ ਨਹੀਂ ਸੀ ਦਿੰਦੀ। ਮੈਂ ਜਾਂ ਤਾਂ ਬਹੁਤ ਥੱਕੀ ਹੁੰਦੀ ਸੀ ਜਾਂ ਮੈਂ ਉਸ ਦੀ ਗੱਲ ਸੁਣਨੀ ਹੀ ਨਹੀਂ ਸੀ ਚਾਹੁੰਦੀ। ਹੁਣ ਮੈਂ ਪਹਿਲਾਂ ਵਾਂਗ ਆਪਣੀ ਧੀ ਨਾਲ ਪੇਸ਼ ਨਹੀਂ ਆਉਂਦੀ ਜਿਸ ਕਰਕੇ ਉਹ ਵੀ ਮੇਰੇ ਨਾਲ ਦਿਲ ਖੋਲ੍ਹ ਕੇ ਗੱਲ ਕਰਦੀ ਹੈ।”
ਉਨ੍ਹਾਂ ਦੀ ਗੱਲ ਸੁਣੋ ਤਾਂਕਿ ਤੁਸੀਂ ਉਨ੍ਹਾਂ ਨੂੰ ਜਾਣ ਸਕੋ (ਪੈਰੇ 3-9 ਦੇਖੋ)
9 ਰੋਨਲਡ ਨਾਂ ਦਾ ਪਿਤਾ ਵੀ ਆਪਣੀ ਜਵਾਨ ਧੀ ਨਾਲ ਇਸੇ ਤਰ੍ਹਾਂ ਪੇਸ਼ ਆਇਆ ਸੀ। ਉਹ ਦੱਸਦਾ ਹੈ: “ਜਦੋਂ ਮੇਰੀ ਧੀ ਨੇ ਮੈਨੂੰ ਦੱਸਿਆ ਕਿ ਉਹ ਸਕੂਲ ਵਿਚ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੈ, ਪਹਿਲਾਂ ਤਾਂ ਮੈਨੂੰ ਗੁੱਸਾ ਆਇਆ। ਪਰ ਫਿਰ ਮੈਂ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਕਿਵੇਂ ਆਪਣੇ ਸੇਵਕਾਂ ਨਾਲ ਧੀਰਜ ਤੇ ਸਮਝਦਾਰੀ ਨਾਲ ਪੇਸ਼ ਆਉਂਦਾ ਹੈ। ਇਸ ਲਈ ਮੈਂ ਸੋਚਿਆ ਕਿ ਆਪਣੀ ਧੀ ਨੂੰ ਕੋਈ ਸਲਾਹ ਦੇਣ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਮੈਂ ਉਸ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਮੌਕਾ ਦੇਵਾਂ। ਮੈਂ ਖ਼ੁਸ਼ ਹਾਂ ਕਿ ਮੈਂ ਇਸ ਤਰ੍ਹਾਂ ਕੀਤਾ! ਪਹਿਲੀ ਵਾਰ ਮੈਂ ਆਪਣੀ ਧੀ ਦੀਆਂ ਭਾਵਨਾਵਾਂ ਸਮਝ ਸਕਿਆ। ਜਦੋਂ ਉਸ ਨੇ ਆਪਣੀ ਗੱਲ ਖ਼ਤਮ ਕਰ ਲਈ, ਤਾਂ ਮੇਰੇ ਲਈ ਉਸ ਨਾਲ ਪਿਆਰ ਨਾਲ ਗੱਲ ਕਰਨੀ ਸੌਖੀ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਉਸ ਨੇ ਮੇਰੀ ਸਲਾਹ ਮੰਨੀ। ਉਸ ਨੇ ਕਿਹਾ ਕਿ ਉਹ ਸੱਚ-ਮੁੱਚ ਆਪਣੇ ਵਿਚ ਬਦਲਾਅ ਕਰਨਾ ਚਾਹੁੰਦੀ ਹੈ।” ਆਪਣੇ ਬੱਚਿਆਂ ਨਾਲ ਅਕਸਰ ਗੱਲ ਕਰਨ ਕਰਕੇ ਤੁਸੀਂ ਉਨ੍ਹਾਂ ਦੀ ਸੋਚ ਤੇ ਜਜ਼ਬਾਤ ਜਾਣ ਸਕੋਗੇ। ਨਤੀਜੇ ਵਜੋਂ, ਤੁਸੀਂ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕੋਗੇ।a
ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਓ
10, 11. ਤੁਸੀਂ ਆਪਣੇ ਬੱਚੇ ਨੂੰ ਸੱਚਾਈ ਦੇ ਰਾਹ ਤੋਂ ਭਟਕਣ ਤੋਂ ਕਿਵੇਂ ਰੋਕ ਸਕਦੇ ਹੋ?
10 ਇਕ ਚੰਗਾ ਚਰਵਾਹਾ ਜਾਣਦਾ ਹੈ ਕਿ ਉਸ ਦੇ ਇੱਜੜ ਵਿੱਚੋਂ ਕੋਈ ਵੀ ਭੇਡ ਭਟਕ ਸਕਦੀ ਹੈ। ਜਿੱਥੇ ਇੱਜੜ ਚਰ ਰਿਹਾ ਹੈ, ਉੱਥੋਂ ਕੁਝ ਕਦਮਾਂ ʼਤੇ ਸ਼ਾਇਦ ਇਕ ਭੇਡ ਨੂੰ ਹਰਾ-ਹਰਾ ਘਾਹ ਨਜ਼ਰ ਆਵੇ ਤੇ ਉਹ ਉੱਧਰ ਨੂੰ ਚਲੀ ਜਾਵੇ। ਫਿਰ ਉਹ ਘਾਹ ਖਾਂਦੀ-ਖਾਂਦੀ ਹੋਰ ਭੇਡਾਂ ਤੋਂ ਦੂਰ ਚਲੀ ਜਾਵੇ। ਇਸੇ ਤਰ੍ਹਾਂ ਇਕ ਬੱਚਾ ਬੁਰੀ ਸੰਗਤ ਤੇ ਗ਼ਲਤ ਮਨੋਰੰਜਨ ਕਰਕੇ ਸੱਚਾਈ ਦੇ ਰਾਹ ਤੋਂ ਹੌਲੀ-ਹੌਲੀ ਭਟਕ ਸਕਦਾ ਹੈ। (ਕਹਾ. 13:20) ਤੁਸੀਂ ਆਪਣੇ ਬੱਚੇ ਨੂੰ ਭਟਕਣ ਤੋਂ ਕਿਵੇਂ ਰੋਕ ਸਕਦੇ ਹੋ?
11 ਆਪਣੇ ਬੱਚੇ ਨੂੰ ਸਿੱਖਿਆ ਦਿੰਦੇ ਹੋਏ ਜੇ ਤੁਹਾਨੂੰ ਲੱਗਦਾ ਹੈ ਕਿ ਉਸ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਸ ਦੀ ਮਦਦ ਕਰਨ ਵਿਚ ਜ਼ਰਾ ਵੀ ਦੇਰ ਨਾ ਲਾਓ। ਨਾਲੇ ਉਸ ਦੇ ਚੰਗੇ ਗੁਣਾਂ ਨੂੰ ਹੋਰ ਨਿਖਾਰਨ ਵਿਚ ਉਸ ਦੀ ਮਦਦ ਕਰੋ। (2 ਪਤ. 1:5-8) ਬਾਕਾਇਦਾ ਪਰਿਵਾਰਕ ਸਟੱਡੀ ਕਰ ਕੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਇਸ ਪ੍ਰਬੰਧ ਬਾਰੇ ਅਕਤੂਬਰ 2008 ਦੀ ਰਾਜ ਸੇਵਕਾਈ ਵਿਚ ਲਿਖਿਆ ਹੈ: “ਯਹੋਵਾਹ ਨੇ ਪਰਿਵਾਰ ਦੇ ਸਰਦਾਰਾਂ ਨੂੰ ਆਪਣੇ ਪਰਿਵਾਰਾਂ ਨਾਲ ਬੈਠ ਕੇ ਬਾਕਾਇਦਾ ਬਾਈਬਲ ਸਟੱਡੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।” ਕੀ ਤੁਸੀਂ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਇਸ ਪ੍ਰਬੰਧ ਦਾ ਪੂਰਾ ਫ਼ਾਇਦਾ ਉਠਾ ਰਹੇ ਹੋ? ਇਸ ਗੱਲ ਦਾ ਭਰੋਸਾ ਰੱਖੋ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਨੂੰ ਪਹਿਲ ਦਿੰਦੇ ਹੋ, ਤਾਂ ਉਹ ਤੁਹਾਡੀ ਦਿਲੋਂ ਕਦਰ ਕਰਨਗੇ।—ਮੱਤੀ 5:3; ਫ਼ਿਲਿ. 1:10.
ਪਰਮੇਸ਼ੁਰ ਬਾਰੇ ਚੰਗੀ ਤਰ੍ਹਾਂ ਸਿਖਾਓ (ਪੈਰੇ 10-12 ਦੇਖੋ)
12. (ੳ) ਨੌਜਵਾਨ ਬੱਚਿਆਂ ਨੂੰ ਬਾਕਾਇਦਾ ਪਰਿਵਾਰਕ ਸਟੱਡੀ ਕਰਨ ਦਾ ਕੀ ਫ਼ਾਇਦਾ ਹੋਇਆ ਹੈ? (“ਉਹ ਇਸ ਦੀ ਕਦਰ ਕਰਦੇ ਹਨ” ਨਾਂ ਦੀ ਡੱਬੀ ਵੀ ਦੇਖੋ।) (ਅ) ਤੁਹਾਨੂੰ ਪਰਿਵਾਰਕ ਸਟੱਡੀ ਤੋਂ ਕੀ ਫ਼ਾਇਦਾ ਹੋਇਆ ਹੈ?
12 ਨੌਜਵਾਨ ਕਰਿਸਾ ਤੇ ਉਸ ਦੇ ਪਰਿਵਾਰ ਨੂੰ ਪਰਿਵਾਰਕ ਸਟੱਡੀ ਤੋਂ ਫ਼ਾਇਦਾ ਹੋਇਆ। ਉਹ ਦੱਸਦੀ ਹੈ: “ਮੈਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਗੱਲਬਾਤ ਕਰਨੀ ਵਧੀਆ ਲੱਗਦੀ ਹੈ। ਇੱਦਾਂ ਸਾਡਾ ਆਪਸ ਵਿਚ ਰਿਸ਼ਤਾ ਮਜ਼ਬੂਤ ਹੁੰਦਾ ਹੈ। ਇਹ ਖ਼ੂਬਸੂਰਤ ਪਲ ਸਾਨੂੰ ਹਮੇਸ਼ਾ ਯਾਦ ਰਹਿਣਗੇ। ਮੇਰੇ ਡੈਡੀ ਜੀ ਪਰਿਵਾਰਕ ਸਟੱਡੀ ਨੂੰ ਗੰਭੀਰਤਾ ਨਾਲ ਲੈਂਦੇ ਹਨ ਤੇ ਉਹ ਇਸ ਨੂੰ ਬਾਕਾਇਦਾ ਕਰਾਉਂਦੇ ਹਨ। ਇਸ ਤੋਂ ਮੈਨੂੰ ਵੀ ਹੱਲਾਸ਼ੇਰੀ ਮਿਲਦੀ ਹੈ ਕਿ ਮੈਂ ਵੀ ਸਟੱਡੀ ਨੂੰ ਗੰਭੀਰਤਾ ਨਾਲ ਲਵਾਂ। ਇਸ ਕਰਕੇ ਮੈਂ ਉਨ੍ਹਾਂ ਦੀ ਇਕ ਪਿਤਾ ਵਜੋਂ ਤੇ ਪਰਿਵਾਰ ਦੇ ਮੁਖੀ ਵਜੋਂ ਇੱਜ਼ਤ ਕਰਦੀ ਹਾਂ।” ਇਕ ਜਵਾਨ ਭੈਣ ਬ੍ਰਿਟਨੀ ਦੱਸਦੀ ਹੈ: “ਪਰਿਵਾਰਕ ਸਟੱਡੀ ਕਰਕੇ ਮੈਂ ਆਪਣੇ ਮਾਪਿਆਂ ਦੇ ਹੋਰ ਨੇੜੇ ਆਈ ਹਾਂ। ਪਰਿਵਾਰਕ ਸਟੱਡੀ ਦੌਰਾਨ ਮੈਂ ਦੇਖਿਆ ਕਿ ਉਹ ਮੇਰੀਆਂ ਸਮੱਸਿਆਵਾਂ ਬਾਰੇ ਜਾਣਨਾ ਚਾਹੁੰਦੇ ਹਨ ਤੇ ਉਹ ਦਿਲੋਂ ਮੇਰੀ ਪਰਵਾਹ ਕਰਦੇ ਹਨ। ਇਸ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਇਆ ਹੈ।” ਇਸ ਤੋਂ ਪਤਾ ਲੱਗਦਾ ਹੈ ਕਿ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਦਾ ਮੁੱਖ ਤਰੀਕਾ ਹੈ: ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਣਾ, ਖ਼ਾਸ ਕਰਕੇ ਪਰਿਵਾਰਕ ਸਟੱਡੀ ਵਿਚ।b
ਆਪਣੇ ਬੱਚਿਆਂ ਨੂੰ ਸੇਧ ਦਿਓ
13. ਇਕ ਬੱਚੇ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਕਿਵੇਂ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ?
13 ਇਕ ਚੰਗਾ ਚਰਵਾਹਾ ਆਪਣੀਆਂ ਭੇਡਾਂ ਨੂੰ ਸਹੀ ਰਾਹ ʼਤੇ ਤੋਰਨ ਲਈ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਲਾਠੀ ਦਾ ਇਸਤੇਮਾਲ ਕਰਦਾ ਹੈ। ਉਸ ਦਾ ਮੁੱਖ ਉਦੇਸ਼ ਆਪਣੀਆਂ ਭੇਡਾਂ ਨੂੰ “ਘਾਹ ਦੇ ਮੈਦਾਨਾਂ” ਵੱਲ ਲੈ ਕੇ ਜਾਣਾ ਹੁੰਦਾ ਹੈ। (ਹਿਜ਼. 34:13, 14, ERV.) ਕੀ ਤੁਸੀਂ ਆਪਣੇ ਬੱਚਿਆਂ ਨੂੰ ਸੇਧ ਦੇ ਸਕਦੇ ਹੋ ਤਾਂਕਿ ਉਹ ਯਹੋਵਾਹ ਦੀ ਸੇਵਾ ਕਰਨ? ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਨ ਜਿਸ ਨੇ ਲਿਖਿਆ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” (ਜ਼ਬੂ. 40:8) ਜਦੋਂ ਤੁਹਾਡੇ ਬੱਚੇ ਸੱਚ-ਮੁੱਚ ਇਸ ਤਰ੍ਹਾਂ ਮਹਿਸੂਸ ਕਰਨਗੇ, ਉਦੋਂ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਗੇ। ਪਰ ਉਨ੍ਹਾਂ ਨੂੰ ਇਹ ਕਦਮ ਉਦੋਂ ਹੀ ਚੁੱਕਣਾ ਚਾਹੀਦਾ ਹੈ ਜਦੋਂ ਉਹ ਆਪ ਸਮਝਦਾਰੀ ਨਾਲ ਇਹ ਫ਼ੈਸਲਾ ਕਰ ਸਕਣਗੇ ਤੇ ਦਿਲੋਂ ਯਹੋਵਾਹ ਦੀ ਸੇਵਾ ਕਰਨੀ ਚਾਹੁਣਗੇ।
14, 15. (ੳ) ਮਸੀਹੀ ਮਾਪਿਆਂ ਦਾ ਕੀ ਟੀਚਾ ਹੋਣਾ ਚਾਹੀਦਾ ਹੈ? (ਅ) ਇਕ ਨੌਜਵਾਨ ਸ਼ਾਇਦ ਸੱਚਾਈ ʼਤੇ ਸ਼ੱਕ ਕਿਉਂ ਕਰੇ?
14 ਤੁਹਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਤੁਹਾਡੇ ਬੱਚੇ ਸੱਚਾਈ ਵਿਚ ਤਰੱਕੀ ਨਹੀਂ ਕਰਦੇ, ਇੱਥੋਂ ਤਕ ਕਿ ਉਹ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਉੱਤੇ ਸ਼ੱਕ ਕਰਦੇ ਹਨ? ਉਨ੍ਹਾਂ ਨੂੰ ਯਹੋਵਾਹ ਨਾਲ ਦਿਲੋਂ ਪਿਆਰ ਕਰਨਾ ਸਿਖਾਓ। ਨਾਲੇ ਯਹੋਵਾਹ ਨੇ ਉਨ੍ਹਾਂ ਲਈ ਜੋ ਕੀਤਾ ਹੈ, ਉਸ ਦੀ ਕਦਰ ਕਰਨੀ ਸਿਖਾਓ। (ਪ੍ਰਕਾ. 4:11) ਫਿਰ ਉਹ ਆਪ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਸਕਣਗੇ।
15 ਜਦੋਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ʼਤੇ ਵਿਸ਼ਵਾਸ ਨਹੀਂ ਹੈ, ਤਾਂ ਤੁਸੀਂ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਓ ਤੇ ਉਨ੍ਹਾਂ ਨੂੰ ਸੇਧ ਦਿਓ। ਉਨ੍ਹਾਂ ਦੀ ਇਹ ਗੱਲ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਦੀ ਸੇਵਾ ਕਰਨੀ ਹੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਨਾਲੇ ਦੱਸੋ ਕਿ ਯਹੋਵਾਹ ਦੀ ਸੇਵਾ ਕਰ ਕੇ ਹੀ ਸੱਚੀ ਖ਼ੁਸ਼ੀ ਮਿਲੇਗੀ। ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਸ਼ੱਕ ਕਿਉਂ ਕਰਦੇ ਹਨ। ਮਿਸਾਲ ਲਈ, ਕੀ ਤੁਹਾਡਾ ਪੁੱਤਰ ਸੱਚ-ਮੁੱਚ ਬਾਈਬਲ ਦੀਆਂ ਸਿੱਖਿਆਵਾਂ ਨਾਲ ਸਹਿਮਤ ਨਹੀਂ ਹੈ ਜਾਂ ਕੀ ਉਹ ਆਪਣੇ ਸਾਥੀਆਂ ਨੂੰ ਪ੍ਰਚਾਰ ਕਰਨ ਤੋਂ ਡਰਦਾ ਹੈ? ਕੀ ਤੁਹਾਡੀ ਧੀ ਸੱਚ-ਮੁੱਚ ਇਸ ਗੱਲ ʼਤੇ ਸ਼ੱਕ ਕਰਦੀ ਹੈ ਕਿ ਪਰਮੇਸ਼ੁਰ ਦੇ ਹੁਕਮ ਸਾਡੀ ਭਲਾਈ ਲਈ ਹਨ ਜਾਂ ਇਨ੍ਹਾਂ ਨੂੰ ਮੰਨਣ ਕਰਕੇ ਦੂਜੇ ਉਸ ਨੂੰ ਬੁਲਾਉਂਦੇ ਨਹੀਂ ਹਨ ਜਿਸ ਕਰਕੇ ਉਹ ਇਕੱਲੀ ਮਹਿਸੂਸ ਕਰਦੀ ਹੈ?
ਉਨ੍ਹਾਂ ਨੂੰ ਸੇਧ ਦਿਓ (ਪੈਰੇ 13-18 ਦੇਖੋ)
16, 17. ਮਾਪੇ ਕਿਹੜੇ ਤਰੀਕਿਆਂ ਨਾਲ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ ਤਾਂਕਿ ਉਹ ਖ਼ੁਦ ਯਹੋਵਾਹ ਨਾਲ ਰਿਸ਼ਤਾ ਜੋੜ ਸਕਣ?
16 ਸੱਚਾਈ ʼਤੇ ਸ਼ੱਕ ਕਰਨ ਦਾ ਕਾਰਨ ਜੋ ਮਰਜ਼ੀ ਹੋਵੇ, ਪਰ ਆਪਣੇ ਬੱਚੇ ਦੇ ਦਿਲ ਵਿੱਚੋਂ ਸ਼ੱਕ ਕੱਢਣ ਵਿਚ ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ? ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅੱਗੇ ਦਿੱਤੇ ਸਵਾਲ ਪੁੱਛ ਕੇ ਉਨ੍ਹਾਂ ਦੀ ਮਦਦ ਕੀਤੀ ਹੈ: “ਤੈਨੂੰ ਕੀ ਲੱਗਦਾ ਹੈ ਕਿ ਇਕ ਮਸੀਹੀ ਵਜੋਂ ਜ਼ਿੰਦਗੀ ਜੀਉਣੀ ਸੌਖੀ ਹੈ ਜਾਂ ਔਖੀ? ਮਸੀਹੀ ਹੋਣ ਦੇ ਕੀ ਫ਼ਾਇਦੇ ਹਨ? ਯਹੋਵਾਹ ਦੀ ਸੇਵਾ ਕਰਨ ਲਈ ਕਿਹੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ? ਤੂੰ ਉਨ੍ਹਾਂ ਫ਼ਾਇਦਿਆਂ ਬਾਰੇ ਕੀ ਸੋਚਦਾ ਹੈਂ ਜੋ ਸਾਨੂੰ ਹੁਣ ਹੁੰਦੇ ਹਨ ਤੇ ਭਵਿੱਖ ਵਿਚ ਹੋਣਗੇ? ਕੀ ਤੈਨੂੰ ਲੱਗਦਾ ਹੈ ਕਿ ਕੁਰਬਾਨੀਆਂ ਨਾਲੋਂ ਫ਼ਾਇਦੇ ਜ਼ਿਆਦਾ ਹੁੰਦੇ ਹਨ?” ਤੁਸੀਂ ਪਿਆਰ ਨਾਲ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਦੇ ਸਵਾਲ ਪੁੱਛ ਸਕਦੇ ਹੋ। ਇਸ ਤਰੀਕੇ ਨਾਲ ਸਵਾਲ ਨਾ ਪੁੱਛੋ ਜਿਸ ਤੋਂ ਲੱਗੇ ਕਿ ਤੁਸੀਂ ਕਿਸੇ ਤਰ੍ਹਾਂ ਦੀ ਪੁੱਛ-ਗਿੱਛ ਕਰ ਰਹੇ ਹੋ। ਗੱਲਬਾਤ ਦੌਰਾਨ ਤੁਸੀਂ ਮਰਕੁਸ 10:29, 30 ʼਤੇ ਵੀ ਚਰਚਾ ਕਰ ਸਕਦੇ ਹੋ। ਜੇ ਉਹ ਚਾਹੁਣ, ਤਾਂ ਉਹ ਆਪਣੇ ਵਿਚਾਰਾਂ ਨੂੰ ਕਾਗਜ਼ ʼਤੇ ਲਿਖ ਸਕਦੇ ਹਨ, ਇਕ ਪਾਸੇ ਕੁਰਬਾਨੀਆਂ ਤੇ ਦੂਜੇ ਪਾਸੇ ਫ਼ਾਇਦੇ। ਇਸ ਤਰ੍ਹਾਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਉਹ ਕਿਹੜੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਫਿਰ ਤੁਸੀਂ ਰਲ਼ ਕੇ ਉਨ੍ਹਾਂ ਦਾ ਹੱਲ ਲੱਭ ਸਕਦੇ ਹੋ। ਜੇ ਸਾਨੂੰ ਦਿਲਚਸਪੀ ਰੱਖਣ ਵਾਲਿਆਂ ਨਾਲ ਬਾਈਬਲ ਕੀ ਸਿਖਾਉਂਦੀ ਹੈ? ਤੇ “ਪਰਮੇਸ਼ੁਰ ਨਾਲ ਪਿਆਰ” ਕਿਤਾਬਾਂ ਤੋਂ ਸਟੱਡੀ ਕਰਨ ਦੀ ਲੋੜ ਹੈ, ਤਾਂ ਆਪਣੇ ਬੱਚਿਆਂ ਨਾਲ ਸਟੱਡੀ ਕਰਨੀ ਹੋਰ ਵੀ ਜ਼ਰੂਰੀ ਹੈ! ਕੀ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ?
17 ਸਮੇਂ ਦੇ ਬੀਤਣ ਨਾਲ ਤੁਹਾਡੇ ਬੱਚਿਆਂ ਨੂੰ ਖ਼ੁਦ ਇਹ ਫ਼ੈਸਲਾ ਕਰਨਾ ਪਵੇਗਾ ਕਿ ਉਹ ਕਿਸ ਦੀ ਸੇਵਾ ਕਰਨਗੇ। ਇਹ ਨਾ ਸੋਚੋ ਕਿ ਤੁਸੀਂ ਇਹ ਫ਼ੈਸਲਾ ਕੀਤਾ ਹੈ, ਤਾਂ ਤੁਹਾਨੂੰ ਦੇਖ ਕੇ ਉਹ ਵੀ ਇਹ ਫ਼ੈਸਲਾ ਕਰ ਲੈਣਗੇ। ਤੁਹਾਡੇ ਬੱਚਿਆਂ ਨੂੰ ਖ਼ੁਦ ਯਹੋਵਾਹ ਨਾਲ ਰਿਸ਼ਤਾ ਜੋੜਨ ਦੀ ਲੋੜ ਹੈ। (ਕਹਾ. 3:1, 2) ਜੇ ਤੁਹਾਡੇ ਬੱਚੇ ਨੂੰ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਵਿਚ ਸਮੱਸਿਆ ਆ ਰਹੀ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੇ ਵਿਸ਼ਵਾਸਾਂ ਦੀ ਜਾਂਚ ਕਰਨ ਲਈ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛੇ: “ਮੈਨੂੰ ਕਿਉਂ ਵਿਸ਼ਵਾਸ ਹੈ ਕਿ ਰੱਬ ਹੈ? ਮੈਂ ਕਿਉਂ ਮੰਨਦਾ ਹਾਂ ਕਿ ਯਹੋਵਾਹ ਪਰਮੇਸ਼ੁਰ ਸੱਚ-ਮੁੱਚ ਮੇਰੀ ਪਰਵਾਹ ਕਰਦਾ ਹੈ? ਮੈਨੂੰ ਕਿਉਂ ਯਕੀਨ ਹੈ ਕਿ ਯਹੋਵਾਹ ਦੇ ਮਿਆਰ ਵਾਕਈ ਮੇਰੇ ਭਲੇ ਲਈ ਹਨ?” ਮਾਪਿਓ, ਚੰਗੇ ਚਰਵਾਹੇ ਬਣ ਕੇ ਆਪਣੇ ਬੱਚਿਆਂ ਨੂੰ ਧੀਰਜ ਨਾਲ ਸੇਧ ਦਿਓ। ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਦੀ ਸੇਵਾ ਕਰਨੀ ਹੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ।c—ਰੋਮੀ. 12:2.
18. ਮਾਪੇ ਸਭ ਤੋਂ ਵਧੀਆ ਚਰਵਾਹੇ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਨ?
18 ਸਾਰੇ ਸੱਚੇ ਮਸੀਹੀ ਸਭ ਤੋਂ ਵਧੀਆ ਚਰਵਾਹੇ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਨ। (ਅਫ਼. 5:1; 1 ਪਤ. 2:25) ਮਾਪਿਆਂ ਨੂੰ ਖ਼ਾਸ ਕਰਕੇ ਆਪਣੇ ਅਨਮੋਲ ਬੱਚਿਆਂ ਨੂੰ ਜਾਣਨ ਤੇ ਉਨ੍ਹਾਂ ਨੂੰ ਸੇਧ ਦੇਣ ਦੀ ਲੋੜ ਹੈ ਤਾਂਕਿ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਤੋਂ ਬਰਕਤਾਂ ਮਿਲਣ। ਇਸ ਲਈ ਆਪਣੇ ਬੱਚਿਆਂ ਦੀ ਸੱਚਾਈ ਦੇ ਰਾਹ ʼਤੇ ਚੱਲਦੇ ਰਹਿਣ ਵਿਚ ਹਰ ਸੰਭਵ ਤਰੀਕੇ ਨਾਲ ਮਦਦ ਕਰੋ!
a ਹੋਰ ਸੁਝਾਵਾਂ ਲਈ ਪਹਿਰਾਬੁਰਜ 1 ਅਕਤੂਬਰ 2008, ਸਫ਼ੇ 18-20 ਦੇਖੋ।
b ਹੋਰ ਜਾਣਕਾਰੀ ਲਈ ਪਹਿਰਾਬੁਰਜ 15 ਅਕਤੂਬਰ 2009, ਸਫ਼ੇ 29-31 ਉੱਤੇ “ਪਰਿਵਾਰਕ ਸਟੱਡੀ ਬਚਾਅ ਲਈ ਜ਼ਰੂਰੀ” ਲੇਖ ਦੇਖੋ।
c ਪਹਿਰਾਬੁਰਜ 1 ਜੁਲਾਈ 2012, ਸਫ਼ੇ 22-25 ʼਤੇ ਇਸ ਬਾਰੇ ਹੋਰ ਗੱਲਬਾਤ ਕੀਤੀ ਗਈ ਹੈ।