ਮੁੱਖ ਪੰਨੇ ਤੋਂ | ਰੱਬ ਦੀ ਸਰਕਾਰ—ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?
ਰੱਬ ਦਾ ਰਾਜ—ਯਿਸੂ ਲਈ ਇੰਨਾ ਮਾਅਨੇ ਕਿਉਂ ਰੱਖਦਾ ਹੈ?
ਧਰਤੀ ਉੱਤੇ ਪ੍ਰਚਾਰ ਕਰਦਿਆਂ ਯਿਸੂ ਨੇ ਕਈ ਵਿਸ਼ਿਆਂ ਬਾਰੇ ਗੱਲ ਕੀਤੀ ਸੀ। ਮਿਸਾਲ ਲਈ, ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਪ੍ਰਾਰਥਨਾ ਕਿਵੇਂ ਕਰ ਸਕਦੇ ਸਨ, ਰੱਬ ਨੂੰ ਕਿੱਦਾਂ ਖ਼ੁਸ਼ ਕਰ ਸਕਦੇ ਸਨ ਤੇ ਸੱਚੀ ਖ਼ੁਸ਼ੀ ਕਿਵੇਂ ਪਾ ਸਕਦੇ ਸਨ। (ਮੱਤੀ 6:5-13; ਮਰਕੁਸ 12:17; ਲੂਕਾ 11:28) ਪਰ ਜਿਹੜੇ ਵਿਸ਼ੇ ਬਾਰੇ ਯਿਸੂ ਸਭ ਤੋਂ ਜ਼ਿਆਦਾ ਗੱਲ ਕਰਦਾ ਸੀ, ਉਹ ਸੀ ਰੱਬ ਦਾ ਰਾਜ। ਇਹ ਉਸ ਦਾ ਮਨਪਸੰਦ ਵਿਸ਼ਾ ਸੀ।—ਲੂਕਾ 6:45.
ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਯਿਸੂ ਦੀ ਜ਼ਿੰਦਗੀ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ” ਦੇ ਆਲੇ-ਦੁਆਲੇ ਘੁੰਮਦੀ ਸੀ। (ਲੂਕਾ 8:1) ਉਸ ਨੇ ਪੂਰੇ ਇਜ਼ਰਾਈਲ ਵਿਚ ਸੈਂਕੜੇ ਮੀਲ ਤੁਰ ਕੇ ਪਰਮੇਸ਼ੁਰ ਦੇ ਰਾਜ ਬਾਰੇ ਲੋਕਾਂ ਨੂੰ ਦੱਸਣ ਲਈ ਬਹੁਤ ਮਿਹਨਤ ਕੀਤੀ। ਯਿਸੂ ਦੇ ਪ੍ਰਚਾਰ ਬਾਰੇ ਬਾਈਬਲ ਦੀਆਂ ਚਾਰ ਇੰਜੀਲਾਂ ਵਿਚ ਦੱਸਿਆ ਗਿਆ ਹੈ ਜਿਨ੍ਹਾਂ ਵਿਚ 100 ਤੋਂ ਜ਼ਿਆਦਾ ਵਾਰ ਪਰਮੇਸ਼ੁਰ ਦੇ ਰਾਜ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਇੰਜੀਲਾਂ ਵਿਚ ਜ਼ਿਆਦਾਤਰ ਯਿਸੂ ਨੇ ਹੀ ਰਾਜ ਦਾ ਜ਼ਿਕਰ ਕੀਤਾ ਹੈ। ਪਰ ਇਨ੍ਹਾਂ ਇੰਜੀਲਾਂ ਵਿਚ ਰਾਜ ਬਾਰੇ ਜਿੰਨਾ ਕੁਝ ਦੱਸਿਆ ਹੈ, ਉਸ ਤੋਂ ਕਿਤੇ ਜ਼ਿਆਦਾ ਯਿਸੂ ਨੇ ਇਸ ਬਾਰੇ ਗੱਲ ਕੀਤੀ ਸੀ।—ਯੂਹੰਨਾ 21:25.
ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਲਈ ਰਾਜ ਇੰਨਾ ਮਾਅਨੇ ਕਿਉਂ ਰੱਖਦਾ ਸੀ? ਇਕ ਗੱਲ ਤਾਂ ਇਹ ਸੀ ਕਿ ਉਹ ਜਾਣਦਾ ਸੀ ਕਿ ਰੱਬ ਨੇ ਉਸ ਨੂੰ ਆਪਣੇ ਰਾਜ ਦਾ ਰਾਜਾ ਚੁਣਿਆ ਸੀ। (ਯਸਾਯਾਹ 9:6; ਲੂਕਾ 22:28-30) ਪਰ ਯਿਸੂ ਨੇ ਆਪਣਾ ਧਿਆਨ ਤਾਕਤ ਪਾਉਣ ਜਾਂ ਆਪਣੀ ਵਾਹ-ਵਾਹ ਕਰਾਉਣ ʼਤੇ ਨਹੀਂ ਲਾਇਆ। (ਮੱਤੀ 11:29; ਮਰਕੁਸ 10:17, 18) ਉਸ ਨੇ ਆਪਣੇ ਫ਼ਾਇਦੇ ਲਈ ਰਾਜ ਦਾ ਪ੍ਰਚਾਰ ਨਹੀਂ ਕੀਤਾ। ਪਰ ਯਿਸੂ ਨੂੰ ਖ਼ਾਸ ਕਰਕੇ ਰੱਬ ਦੇ ਰਾਜa ਵਿਚ ਇਸ ਲਈ ਦਿਲਚਸਪੀ ਸੀ ਤੇ ਹੁਣ ਵੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਰਾਜ ਉਨ੍ਹਾਂ ਲਈ ਕੀ ਕਰੇਗਾ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਉਹ ਆਪਣੇ ਸਵਰਗੀ ਪਿਤਾ ਤੇ ਉਸ ਦੇ ਵਫ਼ਾਦਾਰ ਲੋਕਾਂ ਨੂੰ ਪਿਆਰ ਕਰਦਾ ਹੈ।
ਰਾਜ ਯਿਸੂ ਦੇ ਪਿਤਾ ਲਈ ਕੀ ਕਰੇਗਾ?
ਯਿਸੂ ਆਪਣੇ ਸਵਰਗੀ ਪਿਤਾ ਨਾਲ ਬਹੁਤ ਪਿਆਰ ਕਰਦਾ ਹੈ। (ਕਹਾਉਤਾਂ 8:30; ਯੂਹੰਨਾ 14:31) ਉਹ ਆਪਣੇ ਪਿਤਾ ਦੇ ਗੁਣਾਂ ਦੀਆਂ ਸਿਫ਼ਤਾਂ ਕਰਦਾ ਹੈ, ਜਿਵੇਂ ਕਿ ਉਸ ਦਾ ਪਿਆਰ, ਦਇਆ ਤੇ ਨਿਆਂ। (ਬਿਵਸਥਾ ਸਾਰ 32:4; ਯਸਾਯਾਹ 49:15; 1 ਯੂਹੰਨਾ 4:8) ਯਕੀਨਨ ਯਿਸੂ ਨੂੰ ਆਪਣੇ ਪਿਤਾ ਖ਼ਿਲਾਫ਼ ਫੈਲਾਈਆਂ ਝੂਠੀਆਂ ਗੱਲਾਂ ਤੋਂ ਕਿੰਨੀ ਨਫ਼ਰਤ ਹੁੰਦੀ ਹੋਣੀ ਕਿ ਰੱਬ ਨੂੰ ਇਨਸਾਨਾਂ ਦੇ ਦੁੱਖਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਰੱਬ ਚਾਹੁੰਦਾ ਹੈ ਕਿ ਅਸੀਂ ਦੁੱਖ ਝੱਲੀਏ। ਇਹ ਇਕ ਕਾਰਨ ਹੈ ਜਿਸ ਕਰਕੇ ਯਿਸੂ “ਰਾਜ ਦੀ ਖ਼ੁਸ਼ ਖ਼ਬਰੀ” ਬਾਰੇ ਲੋਕਾਂ ਨੂੰ ਦੱਸਣ ਲਈ ਉਤਾਵਲਾ ਸੀ। ਉਹ ਜਾਣਦਾ ਸੀ ਕਿ ਸਮਾਂ ਆਉਣ ਤੇ ਇਸ ਰਾਜ ਦੁਆਰਾ ਉਸ ਦੇ ਪਿਤਾ ਦੇ ਨਾਂ ʼਤੇ ਲੱਗਾ ਬਦਨਾਮੀ ਦਾ ਦਾਗ਼ ਧੋਤਾ ਜਾਵੇਗਾ। (ਮੱਤੀ 4:23; 6:9, 10) ਇਹ ਰਾਜ ਉਸ ਦਾਗ਼ ਨੂੰ ਕਿਵੇਂ ਧੋਵੇਗਾ?
ਰਾਜ ਦੁਆਰਾ ਯਹੋਵਾਹ ਇਨਸਾਨਾਂ ਦੀ ਖ਼ਾਤਰ ਵੱਡੀਆਂ-ਵੱਡੀਆਂ ਤਬਦੀਲੀਆਂ ਕਰੇਗਾ। ਉਹ ਵਫ਼ਾਦਾਰ ਇਨਸਾਨਾਂ ਦੀਆਂ “ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।” ਯਹੋਵਾਹ ਉਨ੍ਹਾਂ ਸਾਰੇ ਦੁੱਖਾਂ ਨੂੰ ਮਿਟਾ ਦੇਵੇਗਾ ਜਿਨ੍ਹਾਂ ਕਰਕੇ ਹੰਝੂ ਆਉਂਦੇ ਹਨ। ਉਸ ਦੇ ਰਾਜ ਵਿਚ “ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” (ਪ੍ਰਕਾਸ਼ ਦੀ ਕਿਤਾਬ 21:3, 4) ਰਾਜ ਦੇ ਜ਼ਰੀਏ ਰੱਬ ਇਨਸਾਨਾਂ ਦੇ ਸਾਰੇ ਦੁੱਖਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ।b
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਿਸੂ ਰਾਜ ਬਾਰੇ ਲੋਕਾਂ ਨੂੰ ਦੱਸਣ ਲਈ ਉਤਾਵਲਾ ਸੀ! ਉਹ ਜਾਣਦਾ ਸੀ ਕਿ ਰਾਜ ਦੁਆਰਾ ਲੋਕਾਂ ਨੂੰ ਪਤਾ ਲੱਗੇਗਾ ਕਿ ਉਸ ਦਾ ਪਿਤਾ ਕਿੰਨਾ ਤਾਕਤਵਰ ਤੇ ਦਇਆਵਾਨ ਹੈ। (ਯਾਕੂਬ 5:11) ਨਾਲੇ ਯਿਸੂ ਇਹ ਵੀ ਜਾਣਦਾ ਸੀ ਕਿ ਰਾਜ ਤੋਂ ਉਨ੍ਹਾਂ ਵਫ਼ਾਦਾਰ ਲੋਕਾਂ ਨੂੰ ਫ਼ਾਇਦਾ ਹੋਵੇਗਾ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ।
ਰਾਜ ਵਫ਼ਾਦਾਰ ਲੋਕਾਂ ਲਈ ਕੀ ਕਰੇਗਾ?
ਧਰਤੀ ʼਤੇ ਆਉਣ ਤੋਂ ਕਾਫ਼ੀ ਸਮਾਂ ਪਹਿਲਾਂ ਯਿਸੂ ਆਪਣੇ ਪਿਤਾ ਨਾਲ ਸਵਰਗ ਵਿਚ ਰਹਿੰਦਾ ਸੀ। ਪਿਤਾ ਨੇ ਆਪਣੇ ਪੁੱਤਰ ਨੂੰ ਸਾਰਾ ਕੁਝ ਬਣਾਉਣ ਲਈ ਵਰਤਿਆ। ਰੱਬ ਨੇ ਉਸ ਰਾਹੀਂ ਦਿਮਾਗ਼ ਨੂੰ ਚਕਰਾ ਦੇਣ ਵਾਲੇ ਆਕਾਸ਼ ਨੂੰ ਤੇ ਉਸ ਵਿਚ ਅਣਗਿਣਤ ਤਾਰੇ ਤੇ ਗਲੈਕਸੀਆਂ ਬਣਾਈਆਂ। ਨਾਲੇ ਉਸ ਰਾਹੀਂ ਧਰਤੀ ਅਤੇ ਇਸ ʼਤੇ ਜੰਗਲੀ ਜਾਨਵਰ ਅਤੇ ਪੇੜ-ਪੌਦੇ ਬਣਾਏ। (ਕੁਲੁੱਸੀਆਂ 1:15, 16) ਪਰ ਇਨ੍ਹਾਂ ਸਾਰਿਆਂ ਤੋਂ ਜ਼ਿਆਦਾ ਯਿਸੂ ਇਨਸਾਨਾਂ ਨਾਲ “ਪਰਸੰਨ” ਸੀ ਯਾਨੀ ਉਨ੍ਹਾਂ ਨਾਲ ਪਿਆਰ ਕਰਦਾ ਸੀ।—ਕਹਾਉਤਾਂ 8:31.
ਯਿਸੂ ਦੇ ਪ੍ਰਚਾਰ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ। ਪ੍ਰਚਾਰ ਸ਼ੁਰੂ ਕਰਦਿਆਂ ਹੀ ਉਸ ਨੇ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਉਹ ਲੋੜਵੰਦ ਲੋਕਾਂ ਨੂੰ ‘ਖ਼ੁਸ਼ ਖ਼ਬਰੀ ਸੁਣਾਉਣ’ ਆਇਆ ਸੀ। (ਲੂਕਾ 4:18) ਉਹ ਸਿਰਫ਼ ਕਹਿੰਦਾ ਹੀ ਨਹੀਂ ਸੀ ਕਿ ਉਹ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ, ਸਗੋਂ ਉਸ ਨੇ ਆਪਣੇ ਕੰਮਾਂ ਰਾਹੀਂ ਉਨ੍ਹਾਂ ਦੀ ਮਦਦ ਕੀਤੀ। ਉਸ ਨੇ ਵਾਰ-ਵਾਰ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਲੋਕਾਂ ਨਾਲ ਪਿਆਰ ਕਰਦਾ ਸੀ। ਮਿਸਾਲ ਲਈ, ਜਦੋਂ ਇਕ ਵੱਡੀ ਭੀੜ ਉਸ ਕੋਲੋਂ ਰੱਬ ਬਾਰੇ ਸੁਣਨ ਲਈ ਇਕੱਠੀ ਹੋਈ ਸੀ, ਤਾਂ ਉਸ ਨੂੰ “ਲੋਕਾਂ ʼਤੇ ਤਰਸ ਆਇਆ ਅਤੇ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ।” (ਮੱਤੀ 14:14) ਇਕ ਗੰਭੀਰ ਬੀਮਾਰੀ ਨਾਲ ਪੀੜਿਤ ਆਦਮੀ ਨੇ ਯਿਸੂ ʼਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹੋਏ ਕਿਹਾ ਕਿ ਜੇ ਯਿਸੂ ਚਾਹੇ, ਤਾਂ ਉਹ ਉਸ ਨੂੰ ਠੀਕ ਕਰ ਸਕਦਾ ਹੈ। ਯਿਸੂ ਨੇ ਪਿਆਰ ਦੀ ਖ਼ਾਤਰ ਉਸ ਨੂੰ ਠੀਕ ਕੀਤਾ ਤੇ ਉਸ ਨੂੰ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ।” (ਲੂਕਾ 5:12, 13) ਜਦੋਂ ਯਿਸੂ ਨੇ ਆਪਣੇ ਦੋਸਤ ਲਾਜ਼ਰ ਦੀ ਮੌਤ ʼਤੇ ਲਾਜ਼ਰ ਦੀ ਭੈਣ ਮਰੀਅਮ ਨੂੰ ਸੋਗ ਕਰਦਿਆਂ ਦੇਖਿਆ, ਤਾਂ “ਉਸ ਦਾ ਵੀ ਦਿਲ ਭਰ ਆਇਆ,” “ਬਹੁਤ ਦੁਖੀ ਹੋਇਆ” ਤੇ “ਰੋਣ ਲੱਗ ਪਿਆ।” (ਯੂਹੰਨਾ 11:32-36) ਉਦੋਂ ਉਸ ਨੇ ਉਹ ਕੰਮ ਕੀਤਾ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਉਸ ਨੇ ਚਾਰ ਦਿਨਾਂ ਤੋਂ ਮਰੇ ਹੋਏ ਲਾਜ਼ਰ ਨੂੰ ਜੀਉਂਦਾ ਕਰ ਦਿੱਤਾ!—ਯੂਹੰਨਾ 11:38-44.
ਦਰਅਸਲ ਯਿਸੂ ਜਾਣਦਾ ਸੀ ਕਿ ਜਿਹੜੇ ਚਮਤਕਾਰ ਉਸ ਨੇ ਕੀਤੇ ਸਨ ਉਨ੍ਹਾਂ ਦਾ ਅਸਰ ਸਿਰਫ਼ ਥੋੜ੍ਹੇ ਸਮੇਂ ਲਈ ਸੀ। ਕਿਉਂ? ਕਿਉਂਕਿ ਯਿਸੂ ਜਾਣਦਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਉਸ ਨੇ ਠੀਕ ਕੀਤਾ ਸੀ, ਉਨ੍ਹਾਂ ਨੇ ਦੁਬਾਰਾ ਬੀਮਾਰ ਹੋ ਜਾਣਾ ਸੀ ਤੇ ਜਿਨ੍ਹਾਂ ਨੂੰ ਉਸ ਨੇ ਜੀਉਂਦਾ ਕੀਤਾ ਸੀ, ਉਨ੍ਹਾਂ ਨੇ ਫਿਰ ਮਰ ਜਾਣਾ ਸੀ। ਪਰ ਯਿਸੂ ਇਹ ਵੀ ਜਾਣਦਾ ਸੀ ਕਿ ਸਿਰਫ਼ ਰੱਬ ਦਾ ਰਾਜ ਇਨ੍ਹਾਂ ਮੁਸੀਬਤਾਂ ਨੂੰ ਹਮੇਸ਼ਾ ਲਈ ਖ਼ਤਮ ਕਰੇਗਾ। ਇਸ ਲਈ ਯਿਸੂ ਨੇ ਖਾਲੀ ਚਮਤਕਾਰ ਹੀ ਨਹੀਂ ਕੀਤੇ, ਸਗੋਂ ਉਸ ਨੇ ਜੋਸ਼ ਨਾਲ “ਰਾਜ ਦੀ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਵੀ ਕੀਤਾ। (ਮੱਤੀ 9:35) ਉਸ ਦੇ ਚਮਤਕਾਰਾਂ ਤੋਂ ਛੋਟੀ ਜਿਹੀ ਝਲਕ ਮਿਲਦੀ ਹੈ ਕਿ ਜਲਦੀ ਹੀ ਪੂਰੀ ਧਰਤੀ ʼਤੇ ਪਰਮੇਸ਼ੁਰ ਦਾ ਰਾਜ ਕੀ-ਕੀ ਕਰੇਗਾ। ਆਓ ਉਸ ਸਮੇਂ ਬਾਰੇ ਦੱਸੇ ਬਾਈਬਲ ਦੇ ਕੁਝ ਵਾਅਦਿਆਂ ʼਤੇ ਗੌਰ ਕਰੀਏ।
ਨਾ ਹੋਵੇਗੀ ਸਿਹਤ ਸਮੱਸਿਆ।
“ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।” ਨਾਲੇ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24; 35:5, 6.
ਨਾ ਹੋਵੇਗੀ ਮੌਤ।
“ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29.
“ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.
ਮਰੇ ਹੋਏ ਲੋਕ ਜੀਉਂਦੇ ਹੋਣਗੇ।
“ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।”—ਯੂਹੰਨਾ 5:28, 29.
“ਲੋਕਾਂ ਨੂੰ ਦੁਬਾਰਾ ਜੀਉਂਦਾ” ਕੀਤਾ ਜਾਵੇਗਾ।—ਰਸੂਲਾਂ ਦੇ ਕੰਮ 24:15.
ਨਾ ਹੋਵੇਗਾ ਕੋਈ ਬੇਘਰ ਜਾਂ ਬੇਰੋਜ਼ਗਾਰ।
“ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, . . . ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”—ਯਸਾਯਾਹ 65:21, 22.
ਨਾ ਹੋਣਗੀਆਂ ਲੜਾਈਆਂ।
“ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।”—ਜ਼ਬੂਰਾਂ ਦੀ ਪੋਥੀ 46:9.
“ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਯਸਾਯਾਹ 2:4.
ਨਾ ਹੋਵੇਗੀ ਭੁੱਖਮਰੀ।
‘ਧਰਤੀ ਆਪਣੀ ਪੈਦਾਵਾਰ ਵਿਚ ਵਾਧਾ ਕਰੇਗੀ। ਹਾਂ ਪਰਮੇਸ਼ੁਰ ਸਾਡਾ ਪਰਮੇਸ਼ੁਰ ਸਾਨੂੰ ਅਸੀਸ ਦੇਵੇਗਾ।’—ਭਜਨ 67:6, CL.
‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰਾਂ ਦੀ ਪੋਥੀ 72:16.
ਨਾ ਹੋਵੇਗੀ ਗ਼ਰੀਬੀ।
“ਕੰਗਾਲ ਤਾਂ ਸਦਾ ਵਿੱਸਰੇ ਨਹੀਂ ਰਹਿਣਗੇ।”—ਜ਼ਬੂਰਾਂ ਦੀ ਪੋਥੀ 9:18.
“ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।”—ਜ਼ਬੂਰਾਂ ਦੀ ਪੋਥੀ 72:12, 13.
ਰੱਬ ਦੇ ਰਾਜ ਬਾਰੇ ਇਨ੍ਹਾਂ ਵਾਅਦਿਆਂ ਨੂੰ ਪੜ੍ਹ ਕੇ, ਕੀ ਤੁਸੀਂ ਦੇਖ ਸਕਦੇ ਹੋ ਕਿ ਯਿਸੂ ਲਈ ਇਹ ਰਾਜ ਇੰਨਾ ਮਾਅਨੇ ਕਿਉਂ ਰੱਖਦਾ ਹੈ? ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਹ ਉਨ੍ਹਾਂ ਲੋਕਾਂ ਨਾਲ ਰੱਬ ਦੇ ਰਾਜ ਬਾਰੇ ਗੱਲ ਕਰਨ ਲਈ ਉਤਾਵਲਾ ਸੀ ਜੋ ਸੁਣਨ ਲਈ ਤਿਆਰ ਸਨ। ਯਿਸੂ ਜਾਣਦਾ ਸੀ ਕਿ ਇਹ ਰਾਜ ਸਾਡੀਆਂ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕਰੇਗਾ।
ਕੀ ਰੱਬ ਦੇ ਰਾਜ ਸੰਬੰਧੀ ਬਾਈਬਲ ਦੇ ਵਾਅਦੇ ਪੜ੍ਹ ਕੇ ਤੁਹਾਨੂੰ ਖ਼ੁਸ਼ੀ ਨਹੀਂ ਹੁੰਦੀ? ਜੇ ਹਾਂ, ਤਾਂ ਫਿਰ ਤੁਸੀਂ ਰਾਜ ਬਾਰੇ ਹੋਰ ਕਿੱਦਾਂ ਸਿੱਖ ਸਕਦੇ ਹੋ? ਨਾਲੇ ਤੁਸੀਂ ਆਉਣ ਵਾਲੇ ਰਾਜ ਵਿਚ ਬਰਕਤਾਂ ਪਾਉਣ ਲਈ ਕੀ ਕਰ ਸਕਦੇ ਹੋ? ਇਸ ਲੜੀ ਦਾ ਆਖ਼ਰੀ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ। (w14-E 10/01)
a ਯਿਸੂ ਸਵਰਗ ਵਿਚ ਜੀਉਂਦਾ ਹੈ ਤੇ ਬਿਨਾਂ ਸ਼ੱਕ ਸਵਰਗ ਜਾ ਕੇ ਵੀ ਰਾਜ ਉਸ ਦੇ ਲਈ ਬਹੁਤ ਮਾਅਨੇ ਰੱਖਦਾ ਹੈ।—ਲੂਕਾ 24:51.
b ਪਰਮੇਸ਼ੁਰ ਨੇ ਅਜੇ ਤਕ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ ਬਾਰੇ ਹੋਰ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 11ਵਾਂ ਅਧਿਆਇ ਦੇਖੋ।