ਯਿਸੂ ਦਾ ਜੀ ਉੱਠਣਾ—ਸਾਡੇ ਲਈ ਕੀ ਮਾਅਨੇ ਰੱਖਦਾ ਹੈ?
“ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ।”—ਮੱਤੀ 28:6.
1, 2. (ੳ) ਕੁਝ ਧਾਰਮਿਕ ਆਗੂ ਕੀ ਜਾਣਨਾ ਚਾਹੁੰਦੇ ਸਨ ਅਤੇ ਪਤਰਸ ਨੇ ਕਿਵੇਂ ਜਵਾਬ ਦਿੱਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਪਤਰਸ ਨੇ ਕਿਨ੍ਹਾਂ ਗੱਲਾਂ ਕਰਕੇ ਦਲੇਰੀ ਦਿਖਾਈ?
ਯਿਸੂ ਦੇ ਮਰਨ ਤੋਂ ਥੋੜ੍ਹੇ ਦਿਨਾਂ ਬਾਅਦ ਪਤਰਸ ਨੂੰ ਗੁੱਸੇਖ਼ੋਰ ਆਦਮੀਆਂ ਦਾ ਸਾਮ੍ਹਣਾ ਕਰਨਾ ਪਿਆ। ਇਹ ਤਾਕਤਵਰ ਯਹੂਦੀ ਧਾਰਮਿਕ ਆਗੂ ਸਨ ਜਿਨ੍ਹਾਂ ਨੇ ਯਿਸੂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਜਦੋਂ ਪਤਰਸ ਨੇ ਜਨਮ ਤੋਂ ਲੰਗੜੇ ਇਕ ਆਦਮੀ ਨੂੰ ਠੀਕ ਕੀਤਾ, ਤਾਂ ਧਾਰਮਿਕ ਆਗੂਆਂ ਨੇ ਗੁੱਸੇ ਨਾਲ ਪਤਰਸ ਨੂੰ ਪੁੱਛਿਆ ਕਿ ਉਸ ਨੇ ਕਿਸ ਦੇ ਅਧਿਕਾਰ ਨਾਲ ਜਾਂ ਕਿਸ ਦੇ ਨਾਂ ʼਤੇ ਇਹ ਕੰਮ ਕੀਤਾ। ਉਸ ਨੇ ਦਲੇਰੀ ਨਾਲ ਜਵਾਬ ਦਿੱਤਾ: “ਯਿਸੂ ਮਸੀਹ ਨਾਸਰੀ ਦੇ ਨਾਂ ʼਤੇ, ਹਾਂ ਉਸੇ ਰਾਹੀਂ ਇਹ ਆਦਮੀ ਇੱਥੇ ਤੁਹਾਡੇ ਸਾਮ੍ਹਣੇ ਤੰਦਰੁਸਤ ਖੜ੍ਹਾ ਹੈ। ਤੁਸੀਂ ਉਸੇ ਯਿਸੂ ਨੂੰ ਸੂਲ਼ੀ ʼਤੇ ਟੰਗ ਦਿੱਤਾ ਸੀ, ਪਰ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ।”—ਰਸੂ. 4:5-10.
2 ਕੁਝ ਸਮਾਂ ਪਹਿਲਾਂ ਪਤਰਸ ਨੇ ਡਰਦੇ ਮਾਰੇ ਯਿਸੂ ਨੂੰ ਪਛਾਣਨ ਤੋਂ ਤਿੰਨ ਵਾਰ ਇਨਕਾਰ ਕਰ ਦਿੱਤਾ ਸੀ। (ਮਰ. 14:66-72) ਪਰ ਹੁਣ ਉਹ ਕਿਨ੍ਹਾਂ ਗੱਲਾਂ ਕਰਕੇ ਧਾਰਮਿਕ ਆਗੂਆਂ ਸਾਮ੍ਹਣੇ ਦਲੇਰੀ ਨਾਲ ਬੋਲ ਸਕਿਆ? ਇਕ ਗੱਲ ਤਾਂ ਇਹ ਸੀ ਕਿ ਪਵਿੱਤਰ ਸ਼ਕਤੀ ਨੇ ਉਸ ਦੀ ਮਦਦ ਕੀਤੀ। ਦੂਜੀ ਗੱਲ, ਉਸ ਨੂੰ ਪੱਕਾ ਯਕੀਨ ਸੀ ਕਿ ਯਿਸੂ ਨੂੰ ਮਰਿਆਂ ਵਿੱਚੋਂ ਜੀ ਉਠਾਇਆ ਗਿਆ ਸੀ। ਪਰ ਪਤਰਸ ਨੂੰ ਕਿਉਂ ਯਕੀਨ ਸੀ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ? ਅਸੀਂ ਵੀ ਪਤਰਸ ਵਾਂਗ ਇਹ ਯਕੀਨ ਕਿਉਂ ਰੱਖ ਸਕਦੇ ਹਾਂ?
3, 4. (ੳ) ਯਿਸੂ ਦੇ ਰਸੂਲਾਂ ਦੇ ਜਨਮ ਤੋਂ ਪਹਿਲਾਂ ਕਿਨ੍ਹਾਂ ਨੂੰ ਜੀਉਂਦਾ ਕੀਤਾ ਗਿਆ ਸੀ? (ਅ) ਯਿਸੂ ਨੇ ਕਿਨ੍ਹਾਂ ਨੂੰ ਜੀਉਂਦਾ ਕੀਤਾ ਸੀ?
3 ਯਿਸੂ ਦੇ ਰਸੂਲਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ਕਿ ਮਰੇ ਹੋਏ ਲੋਕ ਜੀਉਂਦੇ ਹੋ ਸਕਦੇ ਸਨ ਕਿਉਂਕਿ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਵੀ ਕਈ ਲੋਕ ਜੀਉਂਦੇ ਕੀਤੇ ਗਏ ਸਨ। ਉਹ ਜਾਣਦੇ ਸਨ ਕਿ ਯਹੋਵਾਹ ਨੇ ਏਲੀਯਾਹ ਅਤੇ ਅਲੀਸ਼ਾ ਨਬੀ ਨੂੰ ਮਰੇ ਹੋਏ ਲੋਕਾਂ ਨੂੰ ਜੀਉਂਦੇ ਕਰਨ ਦੀ ਤਾਕਤ ਦਿੱਤੀ ਸੀ। (1 ਰਾਜ. 17:17-24; 2 ਰਾਜ. 4:32-37) ਇਕ ਵਾਰ ਇਕ ਆਦਮੀ ਦੀ ਲਾਸ਼ ਨੂੰ ਅਲੀਸ਼ਾ ਦੀ ਕਬਰ ਵਿਚ ਸੁੱਟਿਆ ਗਿਆ ਤੇ ਜਿਉਂ ਹੀ ਉਹ ਲਾਸ਼ ਅਲੀਸ਼ਾ ਦੀਆਂ ਹੱਡੀਆਂ ʼਤੇ ਡਿੱਗੀ, ਤਿਉਂ ਹੀ ਉਹ ਆਦਮੀ ਜੀਉਂਦਾ ਹੋ ਗਿਆ। (2 ਰਾਜ. 13:20, 21) ਜਿੱਦਾਂ ਪਹਿਲੀ ਸਦੀ ਦੇ ਮਸੀਹੀ ਇਨ੍ਹਾਂ ਬਾਈਬਲ ਬਿਰਤਾਂਤਾਂ ਨੂੰ ਸੱਚ ਮੰਨਦੇ ਸਨ, ਉੱਦਾਂ ਹੀ ਅਸੀਂ ਵੀ ਮੰਨਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਸੱਚਾ ਹੈ।
4 ਜਦੋਂ ਅਸੀਂ ਬਾਈਬਲ ਵਿੱਚੋਂ ਪੜ੍ਹਦੇ ਹਾਂ ਕਿ ਯਿਸੂ ਨੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਸੀ, ਤਾਂ ਕੀ ਇਸ ਤਰ੍ਹਾਂ ਦੇ ਬਿਰਤਾਂਤ ਸਾਡੇ ਦਿਲਾਂ ਨੂੰ ਛੂਹ ਨਹੀਂ ਲੈਂਦੇ? ਜਦ ਯਿਸੂ ਨੇ ਇਕ ਵਿਧਵਾ ਦੇ ਇਕਲੌਤੇ ਪੁੱਤਰ ਨੂੰ ਜੀਉਂਦਾ ਕੀਤਾ ਸੀ, ਤਾਂ ਉਹ ਕਿੰਨੀ ਹੈਰਾਨ ਹੋਈ ਹੋਣੀ! (ਲੂਕਾ 7:11-15) ਇਕ ਹੋਰ ਮੌਕੇ ਤੇ ਯਿਸੂ ਨੇ ਇਕ 12 ਸਾਲ ਦੀ ਕੁੜੀ ਨੂੰ ਵੀ ਜੀਉਂਦਾ ਕੀਤਾ ਸੀ। ਜ਼ਰਾ ਸੋਚੋ ਕਿ ਉਸ ਕੁੜੀ ਦੇ ਦੁਖੀ ਮਾਪੇ ਕਿੰਨੇ ਖ਼ੁਸ਼ ਤੇ ਹੈਰਾਨ ਹੋਏ ਹੋਣੇ! (ਲੂਕਾ 8:49-56) ਨਾਲੇ ਜਦੋਂ ਲਾਜ਼ਰ ਕਬਰ ਵਿੱਚੋਂ ਬਾਹਰ ਆਇਆ, ਤਾਂ ਉਸ ਨੂੰ ਜੀਉਂਦਾ ਦੇਖ ਕੇ ਲੋਕ ਕਿੰਨੇ ਦੰਗ ਰਹਿ ਗਏ ਹੋਣੇ!—ਯੂਹੰ. 11:38-44.
ਯਿਸੂ ਦਾ ਜੀ ਉੱਠਣਾ ਖ਼ਾਸ ਕਿਉਂ ਸੀ?
5. ਯਿਸੂ ਨੂੰ ਜਿਸ ਤਰੀਕੇ ਨਾਲ ਜੀਉਂਦਾ ਕੀਤਾ ਗਿਆ ਸੀ, ਉਹ ਉਸ ਤੋਂ ਪਹਿਲਾਂ ਜੀਉਂਦੇ ਕੀਤੇ ਗਏ ਲੋਕਾਂ ਤੋਂ ਅਲੱਗ ਕਿਵੇਂ ਸੀ?
5 ਰਸੂਲ ਇਹ ਗੱਲ ਜਾਣਦੇ ਸਨ ਕਿ ਯਿਸੂ ਨੂੰ ਜਿਸ ਤਰੀਕੇ ਨਾਲ ਜੀਉਂਦਾ ਕੀਤਾ ਗਿਆ ਸੀ, ਉਹ ਉਸ ਤੋਂ ਪਹਿਲਾਂ ਜੀਉਂਦੇ ਕੀਤੇ ਗਏ ਲੋਕਾਂ ਤੋਂ ਅਲੱਗ ਸੀ। ਉਨ੍ਹਾਂ ਜੀਉਂਦੇ ਕੀਤੇ ਗਏ ਲੋਕਾਂ ਨੂੰ ਇਨਸਾਨੀ ਸਰੀਰ ਦਿੱਤਾ ਗਿਆ ਸੀ ਅਤੇ ਉਹ ਦੁਬਾਰਾ ਮਰ ਗਏ। ਯਿਸੂ ਨੂੰ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ ਗਿਆ ਸੀ ਜੋ ਕਦੀ ਮਰ ਨਹੀਂ ਸਕਦਾ। (ਰਸੂਲਾਂ ਦੇ ਕੰਮ 13:34 ਪੜ੍ਹੋ।) ਪਤਰਸ ਨੇ ਲਿਖਿਆ ਕਿ ਯਿਸੂ “ਇਨਸਾਨੀ ਸਰੀਰ ਵਿਚ ਮਾਰਿਆ ਗਿਆ, ਪਰ ਸਵਰਗੀ ਸਰੀਰ ਵਿਚ ਦੁਬਾਰਾ ਜੀਉਂਦਾ ਕੀਤਾ ਗਿਆ।” ਇਸ ਤੋਂ ਇਲਾਵਾ, “ਯਿਸੂ ਸਵਰਗ ਨੂੰ ਚਲਾ ਗਿਆ ਹੈ ਅਤੇ ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਦੂਤ ਅਤੇ ਅਧਿਕਾਰ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।” (1 ਪਤ. 3:18-22) ਭਾਵੇਂ ਕਿ ਯਿਸੂ ਤੋਂ ਪਹਿਲਾਂ ਦੇ ਲੋਕਾਂ ਨੂੰ ਸ਼ਾਨਦਾਰ ਤੇ ਚਮਤਕਾਰੀ ਢੰਗ ਨਾਲ ਜੀਉਂਦਾ ਕੀਤਾ ਗਿਆ ਸੀ, ਪਰ ਯਿਸੂ ਨੂੰ ਜੀਉਂਦਾ ਕਰਨਾ ਸਭ ਤੋਂ ਵੱਡਾ ਚਮਤਕਾਰ ਸੀ।
6. ਯਿਸੂ ਦੇ ਦੁਬਾਰਾ ਜੀਉਂਦੇ ਹੋਣ ਨਾਲ ਉਸ ਦੇ ਚੇਲਿਆਂ ʼਤੇ ਕੀ ਅਸਰ ਪਿਆ?
6 ਯਿਸੂ ਦੇ ਦੁਬਾਰਾ ਜੀਉਂਦੇ ਹੋਣ ਨਾਲ ਉਸ ਦੇ ਚੇਲਿਆਂ ʼਤੇ ਗਹਿਰਾ ਅਸਰ ਪਿਆ। ਉਹ ਮੌਤ ਦੀ ਨੀਂਦ ਸੁੱਤਾ ਨਹੀਂ ਰਿਹਾ ਜਿੱਦਾਂ ਉਸ ਦੇ ਦੁਸ਼ਮਣ ਸੋਚਦੇ ਸਨ। ਯਿਸੂ ਨੂੰ ਇਕ ਸ਼ਕਤੀਸ਼ਾਲੀ ਦੂਤ ਵਜੋਂ ਜੀਉਂਦਾ ਕੀਤਾ ਗਿਆ ਸੀ ਜਿਸ ਨੂੰ ਕੋਈ ਇਨਸਾਨ ਨੁਕਸਾਨ ਨਹੀਂ ਸੀ ਪਹੁੰਚਾ ਸਕਦਾ। ਉਸ ਦਾ ਜੀਉਂਦਾ ਹੋਣਾ ਇਸ ਗੱਲ ਦਾ ਸਬੂਤ ਸੀ ਕਿ ਉਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ। ਜਦ ਯਿਸੂ ਦੇ ਚੇਲਿਆਂ ਨੂੰ ਪਤਾ ਲੱਗਾ ਕਿ ਉਹ ਜੀਉਂਦਾ ਹੋ ਗਿਆ, ਤਾਂ ਉਨ੍ਹਾਂ ਦੀ ਗਮੀ ਖ਼ੁਸ਼ੀ ਵਿਚ ਬਦਲ ਗਈ। ਇਸ ਦੇ ਨਾਲ-ਨਾਲ ਉਨ੍ਹਾਂ ਦਾ ਡਰ ਵੀ ਛੂ-ਮੰਤਰ ਹੋ ਗਿਆ ਤੇ ਉਨ੍ਹਾਂ ਵਿਚ ਹਿੰਮਤ ਆ ਗਈ। ਜੇ ਯਿਸੂ ਨੂੰ ਮਰਿਆਂ ਵਿੱਚੋਂ ਜੀਉਂਦਾ ਨਾ ਕੀਤਾ ਗਿਆ ਹੁੰਦਾ, ਤਾਂ ਪਰਮੇਸ਼ੁਰ ਦਾ ਮਕਸਦ ਅਧੂਰਾ ਰਹਿ ਜਾਣਾ ਸੀ ਤੇ ਚੇਲਿਆਂ ਦੇ ਪ੍ਰਚਾਰ ਕਰਨ ਦਾ ਕੋਈ ਮਤਲਬ ਨਹੀਂ ਹੋਣਾ ਸੀ।
7. ਅੱਜ ਯਿਸੂ ਕੀ ਕਰ ਰਿਹਾ ਹੈ ਅਤੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
7 ਯਹੋਵਾਹ ਦੇ ਸੇਵਕ ਹੋਣ ਕਰਕੇ ਅਸੀਂ ਜਾਣਦੇ ਹਾਂ ਕਿ ਯਿਸੂ ਸਿਰਫ਼ ਇਕ ਮਹਾਨ ਆਦਮੀ ਨਹੀਂ ਸੀ। ਉਹ ਅੱਜ ਵੀ ਜੀਉਂਦਾ ਹੈ ਤੇ ਸਾਰੀ ਧਰਤੀ ਉੱਤੇ ਹੋ ਰਹੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਹੈ। ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜੇ ਵਜੋਂ ਯਿਸੂ ਮਸੀਹ ਬਹੁਤ ਜਲਦ ਧਰਤੀ ਤੋਂ ਬੁਰਾਈ ਮਿਟਾ ਦੇਵੇਗਾ ਅਤੇ ਧਰਤੀ ਨੂੰ ਇਕ ਸੁੰਦਰ ਬਾਗ਼ ਵਰਗੀ ਬਣਾ ਦੇਵੇਗਾ ਜਿੱਥੇ ਲੋਕ ਹਮੇਸ਼ਾ-ਹਮੇਸ਼ਾ ਲਈ ਰਹਿਣਗੇ। (ਲੂਕਾ 23:43) ਇਹ ਸਾਰਾ ਕੁਝ ਨਾਮੁਮਕਿਨ ਹੁੰਦਾ ਜੇ ਯਿਸੂ ਜੀਉਂਦਾ ਨਾ ਹੁੰਦਾ। ਤਾਂ ਫਿਰ ਅਸੀਂ ਕਿਨ੍ਹਾਂ ਕਾਰਨਾਂ ਕਰਕੇ ਯਕੀਨ ਰੱਖ ਸਕਦੇ ਹਾਂ ਕਿ ਯਿਸੂ ਮਰਿਆਂ ਵਿੱਚੋਂ ਜੀਉਂਦਾ ਹੋਇਆ ਸੀ? ਅਸਲ ਵਿਚ ਯਿਸੂ ਦਾ ਜੀ ਉੱਠਣਾ ਸਾਡੇ ਲਈ ਕੀ ਮਾਅਨੇ ਰੱਖਦਾ ਹੈ?
ਯਹੋਵਾਹ ਨੇ ਮੌਤ ਨੂੰ ਖ਼ਤਮ ਕਰਨ ਦੀ ਤਾਕਤ ਦਿਖਾਈ
8, 9. (ੳ) ਯਹੂਦੀ ਧਾਰਮਿਕ ਆਗੂਆਂ ਨੇ ਕਬਰ ਦੀ ਰਾਖੀ ਕਰਨ ਬਾਰੇ ਕਿਉਂ ਪੁੱਛਿਆ ਸੀ? (ਅ) ਜਦੋਂ ਤੀਵੀਆਂ ਕਬਰ ʼਤੇ ਆਈਆਂ, ਤਾਂ ਕੀ ਹੋਇਆ?
8 ਯਿਸੂ ਮਸੀਹ ਦੀ ਮੌਤ ਤੋਂ ਬਾਅਦ ਮੁੱਖ ਪੁਜਾਰੀ ਤੇ ਫ਼ਰੀਸੀ ਪਿਲਾਤੁਸ ਕੋਲ ਆਏ ਤੇ ਕਿਹਾ: “ਜਨਾਬ, ਸਾਨੂੰ ਯਾਦ ਹੈ ਜਦੋਂ ਉਹ ਫਰੇਬੀ ਜੀਉਂਦਾ ਸੀ, ਤਾਂ ਉਸ ਨੇ ਕਿਹਾ ਸੀ, ‘ਮੈਨੂੰ ਤਿੰਨਾਂ ਦਿਨਾਂ ਬਾਅਦ ਦੁਬਾਰਾ ਜੀਉਂਦਾ ਕੀਤਾ ਜਾਵੇਗਾ।’ ਇਸ ਲਈ ਤੀਸਰੇ ਦਿਨ ਤਕ ਕਬਰ ਉੱਤੇ ਨਿਗਰਾਨੀ ਰੱਖਣ ਦਾ ਹੁਕਮ ਦਿਓ ਤਾਂਕਿ ਉਸ ਦੇ ਚੇਲੇ ਆ ਕੇ ਉਸ ਦੀ ਲਾਸ਼ ਚੋਰੀ ਕਰ ਕੇ ਨਾ ਲੈ ਜਾਣ ਤੇ ਫਿਰ ਲੋਕਾਂ ਨੂੰ ਕਹਿਣ, ‘ਉਹ ਮਰਿਆਂ ਵਿੱਚੋਂ ਜੀਉਂਦਾ ਹੋ ਗਿਆ ਹੈ!’ ਫਿਰ ਸਾਨੂੰ ਇਸ ਝੂਠ ਦਾ ਪਹਿਲੇ ਝੂਠ ਨਾਲੋਂ ਵੀ ਜ਼ਿਆਦਾ ਨੁਕਸਾਨ ਹੋਵੇਗਾ।” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਨਾਲ ਪਹਿਰੇਦਾਰ ਲੈ ਜਾਓ ਤੇ ਜਿਵੇਂ ਤੁਸੀਂ ਚਾਹੁੰਦੇ ਹੋ, ਕਬਰ ʼਤੇ ਪਹਿਰਾ ਲਾ ਦਿਓ।” ਉਨ੍ਹਾਂ ਨੇ ਬਿਲਕੁਲ ਇਸੇ ਤਰ੍ਹਾਂ ਕੀਤਾ।—ਮੱਤੀ 27:62-66.
9 ਯਿਸੂ ਦੀ ਲਾਸ਼ ਇਕ ਕਬਰ ਵਿਚ ਰੱਖੀ ਗਈ ਸੀ ਜੋ ਚਟਾਨ ਨੂੰ ਤਰਾਸ਼ ਕੇ ਬਣਾਈ ਗਈ ਸੀ ਅਤੇ ਕਬਰ ਦੇ ਮੂੰਹ ਅੱਗੇ ਬਹੁਤ ਵੱਡਾ ਪੱਥਰ ਰੱਖਿਆ ਗਿਆ। ਯਹੂਦੀ ਧਾਰਮਿਕ ਆਗੂ ਤਾਂ ਇਹੀ ਚਾਹੁੰਦੇ ਸਨ ਕਿ ਯਿਸੂ ਹਮੇਸ਼ਾ ਇਸੇ ਕਬਰ ਵਿਚ ਮਰਿਆ ਪਿਆ ਰਹੇ। ਪਰ ਯਹੋਵਾਹ ਨੇ ਕੁਝ ਹੋਰ ਹੀ ਸੋਚ ਰੱਖਿਆ ਸੀ। ਤੀਜੇ ਦਿਨ ਜਦੋਂ ਮਰੀਅਮ ਮਗਦਲੀਨੀ ਤੇ ਦੂਸਰੀ ਮਰੀਅਮ ਕਬਰ ʼਤੇ ਆਈਆਂ, ਤਾਂ ਉਨ੍ਹਾਂ ਨੇ ਦੇਖਿਆ ਕਿ ਪੱਥਰ ਨੂੰ ਹਟਾਇਆ ਗਿਆ ਸੀ ਤੇ ਉਸ ʼਤੇ ਇਕ ਦੂਤ ਬੈਠਾ ਹੋਇਆ ਸੀ। ਉਸ ਨੇ ਇਨ੍ਹਾਂ ਤੀਵੀਆਂ ਨੂੰ ਕਿਹਾ ਕਿ ਅੰਦਰ ਜਾ ਕੇ ਦੇਖੋ ਕਿ ਕਬਰ ਖਾਲੀ ਪਈ ਹੈ। ਦੂਤ ਨੇ ਕਿਹਾ: ‘ਉਹ ਹੁਣ ਇੱਥੇ ਨਹੀਂ ਹੈ, ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਹੈ।’ (ਮੱਤੀ 28:1-6) ਯਿਸੂ ਜੀਉਂਦਾ ਹੋ ਗਿਆ ਸੀ!
10. ਪੌਲੁਸ ਨੇ ਯਿਸੂ ਦੇ ਜੀਉਂਦੇ ਹੋਣ ਦਾ ਕੀ ਸਬੂਤ ਦਿੱਤਾ ਸੀ?
10 ਅਗਲੇ ਚਾਲੀ ਦਿਨਾਂ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਵਾਕਈ ਜੀਉਂਦਾ ਹੋ ਗਿਆ ਸੀ। ਪੌਲੁਸ ਨੇ ਸਬੂਤਾਂ ਦਾ ਨਿਚੋੜ ਦਿੰਦੇ ਹੋਏ ਕੁਰਿੰਥੁਸ ਦੀ ਮੰਡਲੀ ਨੂੰ ਲਿਖਿਆ: “ਮੈਂ ਸਭ ਤੋਂ ਜ਼ਰੂਰੀ ਗੱਲ ਜੋ ਸਿੱਖੀ ਸੀ, ਉਹ ਗੱਲ ਤੁਹਾਨੂੰ ਵੀ ਦੱਸੀ ਹੈ ਕਿ ਧਰਮ-ਗ੍ਰੰਥ ਅਨੁਸਾਰ ਮਸੀਹ ਸਾਡੇ ਪਾਪਾਂ ਦੀ ਖ਼ਾਤਰ ਮਰਿਆ, ਉਸ ਨੂੰ ਦਫ਼ਨਾਇਆ ਗਿਆ, ਅਤੇ ਧਰਮ-ਗ੍ਰੰਥ ਅਨੁਸਾਰ ਉਸ ਨੂੰ ਤੀਸਰੇ ਦਿਨ ਜੀਉਂਦਾ ਕੀਤਾ ਗਿਆ, ਉਹ ਕੇਫ਼ਾਸ ਦੇ ਸਾਮ੍ਹਣੇ ਪ੍ਰਗਟ ਹੋਇਆ ਅਤੇ ਫਿਰ ਬਾਰਾਂ ਰਸੂਲਾਂ ਦੇ ਸਾਮ੍ਹਣੇ ਪ੍ਰਗਟ ਹੋਇਆ। ਇਸ ਤੋਂ ਬਾਅਦ ਉਹ ਇਕ ਵਾਰ 500 ਤੋਂ ਜ਼ਿਆਦਾ ਭਰਾਵਾਂ ਦੇ ਸਾਮ੍ਹਣੇ ਪ੍ਰਗਟ ਹੋਇਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਾਲੇ ਵੀ ਸਾਡੇ ਨਾਲ ਹਨ, ਪਰ ਕੁਝ ਮੌਤ ਦੀ ਨੀਂਦ ਸੌਂ ਚੁੱਕੇ ਹਨ। ਫਿਰ ਉਹ ਯਾਕੂਬ ਦੇ ਸਾਮ੍ਹਣੇ ਪ੍ਰਗਟ ਹੋਇਆ ਤੇ ਫਿਰ ਸਾਰੇ ਰਸੂਲਾਂ ਦੇ ਸਾਮ੍ਹਣੇ; ਪਰ ਅਖ਼ੀਰ ਵਿਚ ਉਹ ਮੇਰੇ ਸਾਮ੍ਹਣੇ ਵੀ ਪ੍ਰਗਟ ਹੋਇਆ, ਜਿਵੇਂ ਮੈਂ ਸਮੇਂ ਤੋਂ ਪਹਿਲਾਂ ਜੰਮਿਆ ਹੋਵਾਂ।”—1 ਕੁਰਿੰ. 15:3-8.
ਸਾਨੂੰ ਕਿਉਂ ਵਿਸ਼ਵਾਸ ਹੈ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ?
11. ਇਸ ਦਾ ਕੀ ਮਤਲਬ ਹੈ ਕਿ ਯਿਸੂ ਨੂੰ “ਧਰਮ-ਗ੍ਰੰਥ ਅਨੁਸਾਰ” ਜੀਉਂਦਾ ਕੀਤਾ ਗਿਆ ਸੀ?
11 ਸਾਡੇ ਵਿਸ਼ਵਾਸ ਕਰਨ ਦਾ ਪਹਿਲਾ ਕਾਰਨ ਇਹ ਹੈ ਕਿ ਯਿਸੂ ਨੂੰ “ਧਰਮ-ਗ੍ਰੰਥ ਅਨੁਸਾਰ” ਜੀਉਂਦਾ ਕੀਤਾ ਗਿਆ ਸੀ। ਪਰਮੇਸ਼ੁਰ ਦੇ ਬਚਨ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਯਿਸੂ ਨੂੰ ਜੀਉਂਦਾ ਕੀਤਾ ਜਾਵੇਗਾ। ਮਿਸਾਲ ਲਈ, ਦਾਊਦ ਨੇ ਲਿਖਿਆ ਸੀ ਕਿ ਪਰਮੇਸ਼ੁਰ ਆਪਣੇ ਸਭ ਤੋਂ ਵਫ਼ਾਦਾਰ “ਪਵਿੱਤਰ ਪੁਰਖ” ਨੂੰ ਕਬਰ ਵਿਚ ਨਹੀਂ ਰਹਿਣ ਦੇਵੇਗਾ। (ਜ਼ਬੂਰਾਂ ਦੀ ਪੋਥੀ 16:10 ਪੜ੍ਹੋ।) ਪੰਤੇਕੁਸਤ 33 ਈਸਵੀ ਵਾਲੇ ਦਿਨ ਪਤਰਸ ਰਸੂਲ ਨੇ ਇਹ ਭਵਿੱਖਬਾਣੀ ਯਿਸੂ ਮਸੀਹ ʼਤੇ ਲਾਗੂ ਕਰਦਿਆਂ ਕਿਹਾ: “ਦਾਊਦ ਪਹਿਲਾਂ ਤੋਂ ਜਾਣਦਾ ਸੀ ਕਿ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ ਅਤੇ ਉਸ ਨੇ ਦੱਸਿਆ ਸੀ ਕਿ ਪਰਮੇਸ਼ੁਰ ਮਸੀਹ ਨੂੰ ਕਬਰ ਵਿਚ ਨਹੀਂ ਛੱਡੇਗਾ ਅਤੇ ਉਸ ਦਾ ਸਰੀਰ ਗਲ਼ਣ ਨਹੀਂ ਦੇਵੇਗਾ।”—ਰਸੂ. 2:23-27, 31.
12. ਕਿਨ੍ਹਾਂ ਨੇ ਜੀਉਂਦੇ ਹੋਏ ਯਿਸੂ ਨੂੰ ਦੇਖਿਆ ਸੀ?
12 ਸਾਡੇ ਵਿਸ਼ਵਾਸ ਕਰਨ ਦਾ ਦੂਜਾ ਕਾਰਨ ਇਹ ਹੈ ਕਿ ਯਿਸੂ ਦੇ ਜੀਉਂਦੇ ਹੋਣ ਦੇ ਕਈ ਚਸ਼ਮਦੀਦ ਗਵਾਹ ਸਨ। ਚਾਲੀ ਦਿਨਾਂ ਦੌਰਾਨ ਜੀਉਂਦੇ ਹੋਏ ਯਿਸੂ ਨੇ ਆਪਣੇ ਆਪ ਨੂੰ ਚੇਲਿਆਂ ਸਾਮ੍ਹਣੇ ਪ੍ਰਗਟ ਕੀਤਾ, ਜਿਵੇਂ ਕਿ ਬਾਗ਼ ਵਿਚ ਜਿੱਥੇ ਕਬਰ ਸੀ, ਇੰਮਊਸ ਨਾਂ ਦੇ ਪਿੰਡ ਵੱਲ ਜਾਂਦੇ ਹੋਏ ਰਾਹ ਵਿਚ ਤੇ ਕਈ ਹੋਰ ਥਾਵਾਂ ʼਤੇ। (ਲੂਕਾ 24:13-15) ਇਨ੍ਹਾਂ ਮੌਕਿਆਂ ʼਤੇ ਯਿਸੂ ਨੇ ਕਦੇ ਇਕੱਲੇ-ਇਕੱਲੇ ਚੇਲੇ ਨਾਲ ਗੱਲ ਕੀਤੀ, ਜਿਵੇਂ ਕਿ ਪਤਰਸ ਅਤੇ ਕਈ ਵਾਰ ਉਸ ਨੇ ਇਕੱਠੇ ਹੋਏ ਚੇਲਿਆਂ ਨਾਲ ਗੱਲ ਕੀਤੀ। ਇਕ ਵਾਰ ਤਾਂ ਉਹ 500 ਤੋਂ ਜ਼ਿਆਦਾ ਲੋਕਾਂ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ! ਇੰਨੇ ਸਾਰੇ ਚਸ਼ਮਦੀਦ ਗਵਾਹ ਝੂਠੇ ਨਹੀਂ ਹੋ ਸਕਦੇ।
13. ਚੇਲਿਆਂ ਦੇ ਜੋਸ਼ ਤੋਂ ਕਿਵੇਂ ਜ਼ਾਹਰ ਹੋਇਆ ਕਿ ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ?
13 ਸਾਡੇ ਵਿਸ਼ਵਾਸ ਕਰਨ ਦਾ ਤੀਜਾ ਕਾਰਨ ਇਹ ਹੈ ਕਿ ਯਿਸੂ ਦੇ ਚੇਲਿਆਂ ਨੇ ਉਸ ਦੇ ਜੀ ਉੱਠਣ ਦਾ ਜੋਸ਼ ਨਾਲ ਪ੍ਰਚਾਰ ਕੀਤਾ। ਜੋਸ਼ ਨਾਲ ਪ੍ਰਚਾਰ ਕਰਨ ਕਰਕੇ ਕਈਆਂ ਨੂੰ ਜ਼ੁਲਮ ਤੇ ਦੁੱਖ ਸਹਿਣ ਦੇ ਨਾਲ-ਨਾਲ ਮੌਤ ਦਾ ਵੀ ਸਾਮ੍ਹਣਾ ਕਰਨਾ ਪਿਆ। ਪਤਰਸ ਨੇ ਉਨ੍ਹਾਂ ਧਾਰਮਿਕ ਆਗੂਆਂ ਨੂੰ ਯਿਸੂ ਦੇ ਜੀ ਉੱਠਣ ਦਾ ਪ੍ਰਚਾਰ ਕੀਤਾ ਜਿਹੜੇ ਯਿਸੂ ਨੂੰ ਨਫ਼ਰਤ ਕਰਦੇ ਸਨ ਤੇ ਜਿਨ੍ਹਾਂ ਨੇ ਉਸ ਨੂੰ ਮਾਰਨ ਦੀ ਸਾਜ਼ਸ਼ ਘੜੀ। ਜੇ ਮਸੀਹ ਦਾ ਜੀ ਉੱਠਣਾ ਇਕ ਛਲ ਸੀ, ਤਾਂ ਕੀ ਪਤਰਸ ਆਪਣੀ ਜਾਨ ਦਾਅ ʼਤੇ ਲਾਉਂਦਾ? ਪਤਰਸ ਤੇ ਦੂਸਰੇ ਚੇਲਿਆਂ ਨੇ ਆਪਣੀ ਜਾਨ ਖ਼ਤਰੇ ਵਿਚ ਇਸ ਲਈ ਪਾਈ ਕਿਉਂਕਿ ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਯਿਸੂ ਜੀਉਂਦਾ ਸੀ ਤੇ ਉਹ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਸੀ। ਨਾਲੇ ਯਿਸੂ ਦੇ ਦੁਬਾਰਾ ਜੀ ਉੱਠਣ ਕਰਕੇ ਉਸ ਦੇ ਚੇਲਿਆਂ ਨੂੰ ਭਰੋਸਾ ਮਿਲਿਆ ਕਿ ਉਨ੍ਹਾਂ ਨੂੰ ਵੀ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਮਿਸਾਲ ਲਈ, ਇਸਤੀਫ਼ਾਨ ਇਸ ਭਰੋਸੇ ਨਾਲ ਮਰਿਆ ਕਿ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।—ਰਸੂ. 7:55-60.
14. ਤੁਹਾਨੂੰ ਕਿਉਂ ਯਕੀਨ ਹੈ ਕਿ ਯਿਸੂ ਜੀਉਂਦਾ ਹੈ?
14 ਸਾਡੇ ਵਿਸ਼ਵਾਸ ਕਰਨ ਦਾ ਚੌਥਾ ਕਾਰਨ ਹੈ ਕਿ ਯਿਸੂ ਹੁਣ ਰਾਜੇ ਵਜੋਂ ਰਾਜ ਕਰ ਰਿਹਾ ਹੈ ਤੇ ਮੰਡਲੀ ਦੇ ਮੁਖੀ ਵਜੋਂ ਕੰਮ ਕਰ ਰਿਹਾ ਹੈ। ਇਸ ਗੱਲ ਦਾ ਸਬੂਤ ਇਹ ਹੈ ਕਿ ਸੱਚੇ ਮਸੀਹੀਆਂ ਦੀ ਗਿਣਤੀ ਵਧ ਰਹੀ ਹੈ। ਜੇ ਯਿਸੂ ਨੂੰ ਜੀਉਂਦਾ ਨਾ ਕੀਤਾ ਜਾਂਦਾ, ਤਾਂ ਕੀ ਸੱਚੇ ਮਸੀਹੀਆਂ ਦੀ ਗਿਣਤੀ ਵਿਚ ਵਾਧਾ ਹੁੰਦਾ? ਦਰਅਸਲ ਅਸੀਂ ਸ਼ਾਇਦ ਯਿਸੂ ਬਾਰੇ ਕਦੀ ਸੁਣਿਆ ਵੀ ਨਾ ਹੁੰਦਾ ਜੇ ਉਸ ਨੂੰ ਜੀਉਂਦਾ ਨਾ ਕੀਤਾ ਗਿਆ ਹੁੰਦਾ। ਪਰ ਅੱਜ ਸਾਡੇ ਕੋਲ ਵਿਸ਼ਵਾਸ ਕਰਨ ਦੇ ਪੱਕੇ ਕਾਰਨ ਹਨ ਕਿ ਯਿਸੂ ਜੀਉਂਦਾ ਹੈ ਅਤੇ ਉਹ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਪ੍ਰਚਾਰ ਦੇ ਕੰਮ ਵਿਚ ਸਾਨੂੰ ਸੇਧ ਦੇ ਰਿਹਾ ਹੈ।
ਸਾਡੇ ਲਈ ਯਿਸੂ ਦਾ ਜੀ ਉੱਠਣਾ ਕੀ ਮਾਅਨੇ ਰੱਖਦਾ ਹੈ?
15. ਯਿਸੂ ਦੇ ਜੀ ਉੱਠਣ ਕਰਕੇ ਸਾਨੂੰ ਪ੍ਰਚਾਰ ਕਰਨ ਦੀ ਹਿੰਮਤ ਕਿਉਂ ਮਿਲਦੀ ਹੈ?
15 ਯਿਸੂ ਦੇ ਜੀ ਉੱਠਣ ਕਰਕੇ ਸਾਨੂੰ ਪ੍ਰਚਾਰ ਕਰਨ ਦੀ ਹਿੰਮਤ ਮਿਲਦੀ ਹੈ। 2,000 ਸਾਲਾਂ ਤੋਂ ਪਰਮੇਸ਼ੁਰ ਦੇ ਦੁਸ਼ਮਣਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਰੋਕਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਹਨ, ਜਿਵੇਂ ਕਿ ਧਰਮ-ਤਿਆਗ, ਮਜ਼ਾਕ ਉਡਾਉਣਾ, ਭੀੜ ਵੱਲੋਂ ਹਮਲੇ, ਪਾਬੰਦੀਆਂ ਲਾਉਣੀਆਂ, ਤਸੀਹੇ ਦੇਣੇ ਤੇ ਮੌਤ ਦੇ ਘਾਟ ਉਤਾਰਨਾ। ਪਰ ਅੱਜ ਤਕ ਕੋਈ ਵੀ “ਹਥਿਆਰ” ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਨੂੰ ਰੋਕ ਨਹੀਂ ਸਕਿਆ। (ਯਸਾ. 54:17) ਅਸੀਂ ਸ਼ੈਤਾਨ ਦੇ ਚਮਚਿਆਂ ਜਾਂ ਗ਼ੁਲਾਮਾਂ ਤੋਂ ਨਹੀਂ ਡਰਦੇ। ਯਿਸੂ ਆਪਣੇ ਵਾਅਦੇ ਮੁਤਾਬਕ ਸਾਡਾ ਸਾਥ ਦੇ ਰਿਹਾ ਹੈ। (ਮੱਤੀ 28:20) ਸਾਡੇ ਦੁਸ਼ਮਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਉਹ ਸਾਨੂੰ ਚੁੱਪ ਨਹੀਂ ਕਰਾ ਸਕਣਗੇ। ਇਸ ਲਈ ਸਾਨੂੰ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ।
ਯਿਸੂ ਦੇ ਜੀ ਉੱਠਣ ਕਰਕੇ ਸਾਨੂੰ ਪ੍ਰਚਾਰ ਕਰਨ ਦੀ ਹਿੰਮਤ ਮਿਲਦੀ ਹੈ (ਪੈਰਾ 15 ਦੇਖੋ)
16, 17. (ੳ) ਯਿਸੂ ਦੇ ਜੀਉਂਦਾ ਹੋਣ ਨਾਲ ਉਹ ਸਾਰੀਆਂ ਗੱਲਾਂ ਕਿਵੇਂ ਸੱਚੀਆਂ ਸਾਬਤ ਹੋਈਆਂ ਜੋ ਉਸ ਨੇ ਸਿਖਾਈਆਂ ਸਨ? (ਅ) ਯੂਹੰਨਾ 11:25 ਮੁਤਾਬਕ ਪਰਮੇਸ਼ੁਰ ਨੇ ਯਿਸੂ ਨੂੰ ਕਿਹੜੀ ਤਾਕਤ ਦਿੱਤੀ ਹੈ?
16 ਯਿਸੂ ਦੇ ਜੀਉਂਦਾ ਹੋਣ ਨਾਲ ਉਹ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ ਜੋ ਉਸ ਨੇ ਸਿਖਾਈਆਂ ਸਨ। ਪੌਲੁਸ ਨੇ ਲਿਖਿਆ ਸੀ ਕਿ ਜੇ ਯਿਸੂ ਨੂੰ ਜੀਉਂਦਾ ਨਾ ਕੀਤਾ ਜਾਂਦਾ, ਤਾਂ ਮਸੀਹੀਆਂ ਦਾ ਵਿਸ਼ਵਾਸ ਤੇ ਪ੍ਰਚਾਰ ਦਾ ਕੰਮ ਵਿਅਰਥ ਹੁੰਦਾ। ਇਕ ਬਾਈਬਲ ਵਿਦਵਾਨ ਨੇ ਲਿਖਿਆ: “ਜੇ ਮਸੀਹ ਜੀਉਂਦਾ ਨਹੀਂ ਹੋਇਆ ਹੈ, . . . ਤਾਂ ਮਸੀਹੀਆਂ ਨੂੰ ਬੇਵਕੂਫ਼ ਬਣਾਇਆ ਗਿਆ ਹੈ ਅਤੇ ਉਨ੍ਹਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ।” ਜੇ ਯਿਸੂ ਨੂੰ ਜੀਉਂਦਾ ਨਾ ਕੀਤਾ ਗਿਆ ਹੁੰਦਾ, ਤਾਂ ਇੰਜੀਲ ਦੇ ਬਿਰਤਾਂਤ ਸਿਰਫ਼ ਇਕ ਦੁੱਖ ਭਰੀ ਕਹਾਣੀ ਹੀ ਹੁੰਦੇ ਜਿਸ ਵਿਚ ਇਕ ਚੰਗੇ ਤੇ ਬੁੱਧੀਮਾਨ ਆਦਮੀ ਨੂੰ ਉਸ ਦੇ ਦੁਸ਼ਮਣਾਂ ਨੇ ਮਾਰ ਦਿੱਤਾ। ਪਰ ਖ਼ੁਸ਼ੀ ਦੀ ਗੱਲ ਹੈ ਕਿ ਮਸੀਹ ਨੂੰ ਜੀਉਂਦਾ ਕੀਤਾ ਗਿਆ ਸੀ ਜੋ ਇਸ ਗੱਲ ਦਾ ਸਬੂਤ ਹੈ ਕਿ ਜੋ ਵੀ ਉਸ ਨੇ ਸਿਖਾਇਆ, ਉਹ ਸੱਚ ਸੀ। ਨਾਲੇ ਉਸ ਨੇ ਭਵਿੱਖ ਬਾਰੇ ਜੋ ਵੀ ਕਿਹਾ ਸੀ, ਉਹ ਵੀ ਪੂਰਾ ਹੋਵੇਗਾ।—1 ਕੁਰਿੰਥੀਆਂ 15:14, 15, 20 ਪੜ੍ਹੋ।
17 ਯਿਸੂ ਨੇ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ। ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ।” (ਯੂਹੰ. 11:25) ਇਹ ਸ਼ਾਨਦਾਰ ਗੱਲ ਜ਼ਰੂਰ ਪੂਰੀ ਹੋ ਕੇ ਰਹੇਗੀ। ਯਹੋਵਾਹ ਨੇ ਯਿਸੂ ਨੂੰ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਦੀ ਤਾਕਤ ਬਖ਼ਸ਼ੀ ਹੈ। ਉਹ ਨਾ ਸਿਰਫ਼ ਸਵਰਗ ਵਿਚ ਜ਼ਿੰਦਗੀ ਪਾਉਣ ਵਾਲੇ ਲੋਕਾਂ ਨੂੰ ਜੀਉਂਦਾ ਕਰੇਗਾ, ਸਗੋਂ ਧਰਤੀ ʼਤੇ ਵੀ ਅਰਬਾਂ ਹੀ ਲੋਕਾਂ ਨੂੰ ਮੌਤ ਦੀ ਨੀਂਦ ਤੋਂ ਜਗਾਵੇਗਾ ਜਿਨ੍ਹਾਂ ਕੋਲ ਹਮੇਸ਼ਾ ਲਈ ਧਰਤੀ ʼਤੇ ਰਹਿਣ ਦੀ ਆਸ ਹੋਵੇਗੀ। ਯਿਸੂ ਦੀ ਕੁਰਬਾਨੀ ਅਤੇ ਉਸ ਦਾ ਜੀ ਉੱਠਣਾ ਇਸ ਗੱਲ ਦਾ ਸਬੂਤ ਹੈ ਕਿ ਮੌਤ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਕੀ ਇਹ ਜਾਣ ਕੇ ਤੁਹਾਨੂੰ ਕਿਸੇ ਵੀ ਮੁਸੀਬਤ ਨੂੰ ਸਹਿਣ, ਇੱਥੋਂ ਤਕ ਕਿ ਮੌਤ ਦਾ ਸਾਮ੍ਹਣਾ ਕਰਨ ਦੀ ਤਾਕਤ ਨਹੀਂ ਮਿਲਦੀ?
18. ਯਿਸੂ ਦਾ ਜੀ ਉੱਠਣਾ ਕਿਸ ਗੱਲ ਦੀ ਗਾਰੰਟੀ ਹੈ?
18 ਯਿਸੂ ਦੇ ਜੀਉਂਦਾ ਹੋਣ ਕਰਕੇ ਸਾਨੂੰ ਪੱਕਾ ਭਰੋਸਾ ਮਿਲਦਾ ਹੈ ਕਿ ਯਿਸੂ ਸਾਰੇ ਲੋਕਾਂ ਦਾ ਨਿਆਂ ਯਹੋਵਾਹ ਦੇ ਮਿਆਰਾਂ ਮੁਤਾਬਕ ਕਰੇਗਾ। ਪ੍ਰਾਚੀਨ ਐਥਿਨਜ਼ ਦੇ ਆਦਮੀਆਂ ਤੇ ਔਰਤਾਂ ਨਾਲ ਗੱਲ ਕਰਦੇ ਹੋਏ ਪੌਲੁਸ ਨੇ ਕਿਹਾ: ‘ਪਰਮੇਸ਼ੁਰ ਨੇ ਇਕ ਆਦਮੀ ਰਾਹੀਂ, ਜਿਸ ਨੂੰ ਉਸ ਨੇ ਚੁਣਿਆ ਹੈ, ਸਾਰੀ ਦੁਨੀਆਂ ਦਾ ਸਹੀ ਨਿਆਂ ਕਰੇਗਾ ਅਤੇ ਉਸ ਨੇ ਉਸ ਆਦਮੀ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ।’ (ਰਸੂ. 17:31) ਜੀ ਹਾਂ, ਯਿਸੂ ਪਰਮੇਸ਼ੁਰ ਵੱਲੋਂ ਨਿਯੁਕਤ ਕੀਤਾ ਗਿਆ ਨਿਆਈ ਹੈ ਅਤੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਪੱਖਪਾਤ ਕੀਤੇ ਬਿਨਾਂ ਪਿਆਰ ਨਾਲ ਨਿਆਂ ਕਰੇਗਾ।—ਯਸਾਯਾਹ 11:2-4 ਪੜ੍ਹੋ।
19. ਇਸ ਗੱਲ ʼਤੇ ਵਿਸ਼ਵਾਸ ਕਰਨ ਨਾਲ ਸਾਡੀ ਜ਼ਿੰਦਗੀ ʼਤੇ ਕੀ ਅਸਰ ਪੈਂਦਾ ਹੈ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਹੈ?
19 ਯਿਸੂ ਦੇ ਜੀ ਉੱਠਣ ਦਾ ਵਿਸ਼ਵਾਸ ਹੋਣ ਕਰਕੇ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਜੇ ਯਿਸੂ ਕੁਰਬਾਨੀ ਨਾ ਦਿੰਦਾ ਤੇ ਜੀਉਂਦਾ ਨਾ ਹੁੰਦਾ, ਤਾਂ ਅਸੀਂ ਪਾਪ ਅਤੇ ਮੌਤ ਦੇ ਗ਼ੁਲਾਮ ਹੀ ਰਹਿੰਦੇ। (ਰੋਮੀ. 5:12; 6:23) ਜੇ ਯਿਸੂ ਨੂੰ ਜੀਉਂਦਾ ਨਾ ਕੀਤਾ ਗਿਆ ਹੁੰਦਾ, ਤਾਂ ਅਸੀਂ ਵੀ ਇਹੀ ਕਹਿੰਦੇ: ‘ਖਾਓ-ਪੀਓ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।’ (1 ਕੁਰਿੰ. 15:32) ਪਰ ਅਸੀਂ ਸਿਰਫ਼ ਜ਼ਿੰਦਗੀ ਦਾ ਮਜ਼ਾ ਲੈਣ ਲਈ ਹੀ ਨਹੀਂ ਜੀਉਂਦੇ। ਇਸ ਦੀ ਬਜਾਇ, ਸਾਡੇ ਲਈ ਜੀ ਉੱਠਣ ਦੀ ਆਸ ਬਹੁਤ ਮਾਅਨੇ ਰੱਖਦੀ ਹੈ ਅਤੇ ਸਾਡੇ ਕੋਲ ਯਹੋਵਾਹ ਦਾ ਕਹਿਣਾ ਮੰਨਣ ਦਾ ਹਰ ਕਾਰਨ ਹੈ।
20. ਯਿਸੂ ਦੇ ਜੀ ਉੱਠਣ ਨਾਲ ਸਾਨੂੰ ਯਹੋਵਾਹ ਦੀ ਮਹਾਨਤਾ ਦਾ ਕਿਵੇਂ ਪਤਾ ਲੱਗਦਾ ਹੈ?
20 ਯਿਸੂ ਦਾ ਜੀ ਉੱਠਣਾ ਯਹੋਵਾਹ ਦੀ ਮਹਾਨਤਾ ਦਾ ਸਬੂਤ ਹੈ ਜੋ “ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬ. 11:6) ਯਹੋਵਾਹ ਨੇ ਯਿਸੂ ਨੂੰ ਸਵਰਗ ਵਿਚ ਅਮਰ ਜੀਵਨ ਦੇ ਕੇ ਆਪਣੀ ਤਾਕਤ ਤੇ ਬੁੱਧ ਦਾ ਜ਼ਬਰਦਸਤ ਸਬੂਤ ਦਿੱਤਾ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਇਹ ਵੀ ਦਿਖਾਇਆ ਕਿ ਉਸ ਵਿਚ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੀ ਤਾਕਤ ਹੈ। ਇਨ੍ਹਾਂ ਵਾਅਦਿਆਂ ਵਿਚ ਪਰਮੇਸ਼ੁਰ ਦਾ ਇਹ ਵੀ ਵਾਅਦਾ ਸ਼ਾਮਲ ਹੈ ਕਿ ਇਕ ਖ਼ਾਸ “ਸੰਤਾਨ” ਹੋਵੇਗੀ ਜਿਹੜੀ ਸਾਬਤ ਕਰੇਗੀ ਕਿ ਪਰਮੇਸ਼ੁਰ ਕੋਲ ਹੀ ਰਾਜ ਕਰਨ ਦਾ ਹੱਕ ਹੈ। ਇਹ ਵਾਅਦਾ ਪੂਰਾ ਹੋਣ ਲਈ ਜ਼ਰੂਰੀ ਸੀ ਕਿ ਯਿਸੂ ਮਰੇ ਤੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇ।—ਉਤ. 3:15.
21. ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?
21 ਕੀ ਅਸੀਂ ਯਹੋਵਾਹ ਦੇ ਅਹਿਸਾਨਮੰਦ ਨਹੀਂ ਹਾਂ ਜਿਸ ਨੇ ਸਾਨੂੰ ਪੱਕੀ ਉਮੀਦ ਦਿੱਤੀ ਹੈ ਕਿ ਮਰੇ ਹੋਏ ਲੋਕ ਦੁਬਾਰਾ ਜੀ ਉੱਠਣਗੇ? ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਦੇਖ! ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਅਤੇ ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ। ਅਤੇ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।” ਇਹ ਵਧੀਆ ਉਮੀਦ ਵਫ਼ਾਦਾਰ ਯੂਹੰਨਾ ਰਸੂਲ ਨੂੰ ਦਿੱਤੀ ਗਈ ਸੀ ਜਿਸ ਨੂੰ ਕਿਹਾ ਗਿਆ ਸੀ: “ਲਿਖ, ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।” ਉਸ ਨੂੰ ਇਹ ਦਰਸ਼ਣ ਕਿਸ ਨੇ ਦਿਖਾਇਆ ਸੀ? ਉਸੇ ਯਿਸੂ ਮਸੀਹ ਨੇ ਜਿਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ।—ਪ੍ਰਕਾ. 1:1; 21:3-5.