ਮੁੱਖ ਪੰਨੇ ਤੋਂ | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ
ਜੀਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ!
ਰੱਬ ਦੇ ਨੇੜੇ ਜਾਣ ਲਈ ਤੁਸੀਂ ਕੀ ਕਰ ਸਕਦੇ ਹੋ? ਅਸੀਂ ਰੱਬ ਨਾਲ ਕਰੀਬੀ ਰਿਸ਼ਤਾ ਜੋੜਨ ਲਈ ਥੱਲੇ ਦਿੱਤੀਆਂ ਗੱਲਾਂ ʼਤੇ ਗੌਰ ਕੀਤਾ ਹੈ:
ਜਾਣੋ ਕਿ ਰੱਬ ਦਾ ਨਾਂ ਯਹੋਵਾਹ ਹੈ ਤੇ ਇਹ ਨਾਂ ਲਓ।
ਪ੍ਰਾਰਥਨਾ ਅਤੇ ਉਸ ਦਾ ਬਚਨ ਬਾਈਬਲ ਪੜ੍ਹਨ ਦੁਆਰਾ ਰੋਜ਼ ਉਸ ਨਾਲ ਗੱਲ ਕਰੋ।
ਲਗਾਤਾਰ ਉਹ ਕੰਮ ਕਰੋ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।
ਰੱਬ ਦੇ ਨੇੜੇ ਜਾਣ ਲਈ ਉਸ ਦਾ ਨਾਂ ਲਓ, ਉਸ ਨੂੰ ਪ੍ਰਾਰਥਨਾ ਕਰੋ, ਉਸ ਦਾ ਬਚਨ ਪੜ੍ਹੋ ਅਤੇ ਉਹੀ ਕੰਮ ਕਰੋ ਜੋ ਉਸ ਨੂੰ ਖ਼ੁਸ਼ ਕਰਦੇ ਹਨ
ਇਨ੍ਹਾਂ ਗੱਲਾਂ ਦੇ ਆਧਾਰ ʼਤੇ ਕੀ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਉਹ ਕੰਮ ਕਰ ਰਹੇ ਹੋ ਜੋ ਉਸ ਦੇ ਨੇੜੇ ਜਾਣ ਲਈ ਜ਼ਰੂਰੀ ਹਨ? ਕੀ ਤੁਹਾਨੂੰ ਕੁਝ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ? ਇਹ ਸੱਚ ਹੈ ਕਿ ਇਸ ਲਈ ਜਤਨ ਕਰਨ ਦੀ ਲੋੜ ਹੈ, ਪਰ ਇਸ ਦੇ ਫ਼ਾਇਦਿਆਂ ਬਾਰੇ ਸੋਚੋ।
ਅਮਰੀਕਾ ਤੋਂ ਜੈਨੀਫ਼ਰ ਕਹਿੰਦੀ ਹੈ, “ਰੱਬ ਨਾਲ ਵਧੀਆ ਰਿਸ਼ਤਾ ਬਣਾਉਣ ਲਈ ਜੋ ਵੀ ਮਿਹਨਤ ਕੀਤੀ ਜਾਂਦੀ ਹੈ, ਉਹ ਬੇਕਾਰ ਨਹੀਂ ਜਾਂਦੀ। ਇਸ ਰਿਸ਼ਤੇ ਕਰਕੇ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ: ਰੱਬ ʼਤੇ ਭਰੋਸਾ ਵਧਦਾ ਹੈ, ਉਸ ਦੇ ਸੁਭਾਅ ਬਾਰੇ ਹੋਰ ਪਤਾ ਲੱਗਦਾ ਹੈ, ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਉਸ ਨਾਲ ਪਿਆਰ ਵਧਦਾ ਹੈ ਤੇ ਉਹ ਵੀ ਸਾਡੇ ਨਾਲ ਪਿਆਰ ਕਰਦਾ ਹੈ। ਜੀਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ!”
ਜੇ ਤੁਸੀਂ ਰੱਬ ਨਾਲ ਨਜ਼ਦੀਕੀ ਰਿਸ਼ਤਾ ਜੋੜਨਾ ਚਾਹੁੰਦੇ ਹੋ, ਤਾਂ ਯਹੋਵਾਹ ਦੇ ਗਵਾਹ ਇਸ ਤਰ੍ਹਾਂ ਕਰਨ ਵਿਚ ਖ਼ੁਸ਼ੀ-ਖ਼ੁਸ਼ੀ ਤੁਹਾਡੀ ਮਦਦ ਕਰਨਗੇ। ਉਹ ਮੁਫ਼ਤ ਵਿਚ ਤੁਹਾਡੇ ਨਾਲ ਬਾਈਬਲ ਦੀ ਸਟੱਡੀ ਕਰਨ ਦਾ ਇੰਤਜ਼ਾਮ ਕਰ ਸਕਦੇ ਹਨ। ਨਾਲੇ ਸਥਾਨਕ ਕਿੰਗਡਮ ਹਾਲ ਵਿਚ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਵੀ ਤੁਹਾਡਾ ਸੁਆਗਤ ਹੈ।a ਉੱਥੇ ਤੁਹਾਨੂੰ ਅਜਿਹੇ ਲੋਕ ਮਿਲਣਗੇ ਜੋ ਰੱਬ ਨਾਲ ਆਪਣੇ ਰਿਸ਼ਤੇ ਨੂੰ ਬਹੁਤ ਅਹਿਮੀਅਤ ਦਿੰਦੇ ਹਨ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਵੀ ਉਸੇ ਤਰ੍ਹਾਂ ਮਹਿਸੂਸ ਕਰੋਗੇ ਜਿਸ ਤਰ੍ਹਾਂ ਜ਼ਬੂਰਾਂ ਦੇ ਲਿਖਾਰੀ ਨੇ ਮਹਿਸੂਸ ਕੀਤਾ ਸੀ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।”—ਜ਼ਬੂਰਾਂ ਦੀ ਪੋਥੀ 73:28. ▪ (w14-E 12/01)
a ਬਾਈਬਲ ਦਾ ਅਧਿਐਨ ਕਰਨ ਜਾਂ ਨੇੜੇ ਦਾ ਕਿੰਗਡਮ ਹਾਲ ਲੱਭਣ ਲਈ ਕਿਰਪਾ ਕਰ ਕੇ ਉਸ ਵਿਅਕਤੀ ਨਾਲ ਗੱਲ ਕਰੋ ਜਿਸ ਨੇ ਤੁਹਾਨੂੰ ਇਹ ਰਸਾਲਾ ਦਿੱਤਾ ਸੀ ਜਾਂ ਸਾਡੀ ਵੈੱਬਸਾਈਟ www.jw.org/pa ਦੇਖੋ। “ਸਾਡੇ ਬਾਰੇ” > “ਸਾਡੇ ਨਾਲ ਸੰਪਰਕ ਕਰੋ” ʼਤੇ ਕਲਿੱਕ ਕਰੋ।