ਵਿਆਹੁਤਾ ਬੰਧਨ ਨੂੰ ਖ਼ੁਸ਼ਹਾਲ ਅਤੇ ਮਜ਼ਬੂਤ ਬਣਾਓ
“ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।”—ਜ਼ਬੂ. 127:1ੳ.
1-3. ਵਿਆਹੁਤਾ ਜੋੜੇ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
38 ਸਾਲਾਂ ਤੋਂ ਵਿਆਹਿਆ ਇਕ ਆਦਮੀ ਕਹਿੰਦਾ ਹੈ, “ਜੇ ਤੁਸੀਂ ਪੂਰੀ ਕੋਸ਼ਿਸ਼ ਕਰਦੇ ਹੋ ਅਤੇ ਦਿਖਾਉਂਦੇ ਹੋ ਕਿ ਤੁਸੀਂ ਆਪਣਾ ਵਿਆਹੁਤਾ ਬੰਧਨ ਮਜ਼ਬੂਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ʼਤੇ ਯਹੋਵਾਹ ਦੀ ਮਿਹਰ ਹੋਵੇਗੀ।” ਜੀ ਹਾਂ, ਇਹ ਮੁਮਕਿਨ ਹੈ ਕਿ ਪਤੀ-ਪਤਨੀ ਖ਼ੁਸ਼ੀਆਂ ਮਾਣਨ ਦੇ ਨਾਲ-ਨਾਲ ਮੁਸ਼ਕਲ ਘੜੀਆਂ ਵਿਚ ਵੀ ਇਕ-ਦੂਜੇ ਦਾ ਸਾਥ ਦੇ ਸਕਦੇ ਹਨ।—ਕਹਾ. 18:22.
2 ਪਰ ਵਿਆਹੇ ਲੋਕਾਂ ਨੂੰ ਜ਼ਿੰਦਗੀ ਵਿਚ ਕੁਝ “ਮੁਸੀਬਤਾਂ” ਦਾ ਸਾਮ੍ਹਣਾ ਕਰਨਾ ਪਵੇਗਾ। (1 ਕੁਰਿੰ. 7:28) ਕਿਉਂ? ਹਰ ਰੋਜ਼ ਦੀਆਂ ਮੁਸ਼ਕਲਾਂ ਕਰਕੇ ਵਿਆਹੁਤਾ ਰਿਸ਼ਤੇ ਦੀ ਡੋਰ ਕਮਜ਼ੋਰ ਪੈ ਸਕਦੀ ਹੈ। ਨਾਮੁਕੰਮਲ ਹੋਣ ਕਰਕੇ ਪਤੀ-ਪਤਨੀ ਕਦੇ-ਕਦੇ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ, ਉਨ੍ਹਾਂ ਵਿਚ ਗ਼ਲਤਫ਼ਹਿਮੀਆਂ ਹੁੰਦੀਆਂ ਹਨ ਅਤੇ ਉਹ ਆਪਸ ਵਿਚ ਚੰਗੀ ਤਰ੍ਹਾਂ ਗੱਲਬਾਤ ਨਹੀਂ ਕਰਦੇ। (ਯਾਕੂ. 3:2, 5, 8) ਕਈ ਪਤੀ-ਪਤਨੀ ਬੱਚਿਆਂ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਅਜਿਹੀ ਨੌਕਰੀ ਵੀ ਕਰਦੇ ਹਨ ਜਿਸ ਵਿਚ ਉਨ੍ਹਾਂ ਦੀ ਸਾਰੀ ਤਾਕਤ ਤੇ ਸਮਾਂ ਲੱਗ ਜਾਂਦਾ ਹੈ। ਤਣਾਅ ਤੇ ਥਕੇਵੇਂ ਕਰਕੇ ਕੁਝ ਪਤੀ-ਪਤਨੀ ਇਕ-ਦੂਜੇ ਨਾਲ ਸਮਾਂ ਨਹੀਂ ਬਿਤਾ ਪਾਉਂਦੇ ਜੋ ਵਿਆਹੁਤਾ ਰਿਸ਼ਤੇ ਦੀ ਡੋਰ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ। ਪੈਸੇ ਦੀ ਤੰਗੀ, ਸਿਹਤ ਸਮੱਸਿਆਵਾਂ ਜਾਂ ਹੋਰ ਮੁਸ਼ਕਲਾਂ ਕਰਕੇ ਸ਼ਾਇਦ ਉਨ੍ਹਾਂ ਦਾ ਇਕ-ਦੂਜੇ ਲਈ ਪਿਆਰ ਤੇ ਆਦਰ ਘੱਟ ਜਾਵੇ। ਜਿਸ ਵਿਆਹੁਤਾ ਬੰਧਨ ਦੀਆਂ ਤੰਦਾਂ ਮਜ਼ਬੂਤ ਲੱਗਦੀਆਂ ਹਨ, ਉਹ ‘ਸਰੀਰ ਦੇ ਕੰਮਾਂ’ ਕਰਕੇ ਕਮਜ਼ੋਰ ਪੈ ਸਕਦੀਆਂ ਹਨ ਜਿਵੇਂ ਹਰਾਮਕਾਰੀ, ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ, ਵੈਰ, ਝਗੜੇ, ਈਰਖਾ, ਗੁੱਸੇ ਵਿਚ ਭੜਕਣਾ ਅਤੇ ਮਤਭੇਦ।—ਗਲਾ. 5:19-21.
3 ਇਸ ਦੇ ਨਾਲ-ਨਾਲ ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਲੋਕ ਖ਼ੁਦਗਰਜ਼ ਹਨ ਤੇ ਰੱਬ ਦਾ ਕੋਈ ਆਦਰ ਨਹੀਂ ਕਰਦੇ ਜਿਸ ਕਰਕੇ ਉਨ੍ਹਾਂ ਦੇ ਵਿਆਹੁਤਾ ਜੀਵਨ ਵਿਚ ਜ਼ਹਿਰ ਘੁਲ ਸਕਦਾ ਹੈ। (2 ਤਿਮੋ. 3:1-4) ਇਸ ਤੋਂ ਇਲਾਵਾ, ਇਕ ਖ਼ੂੰਖਾਰ ਦੁਸ਼ਮਣ ਨੇ ਪਤੀ-ਪਤਨੀ ਦੇ ਰਿਸ਼ਤੇ ਨੂੰ ਲੀਰੋ-ਲੀਰ ਕਰਨ ਦਾ ਲੱਕ ਬੰਨ੍ਹਿਆ ਹੋਇਆ ਹੈ। ਪਤਰਸ ਰਸੂਲ ਸਾਨੂੰ ਚੇਤਾਵਨੀ ਦਿੰਦਾ ਹੈ: “ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।”—1 ਪਤ. 5:8; ਪ੍ਰਕਾ. 12:12.
4. ਮਜ਼ਬੂਤ ਤੇ ਖ਼ੁਸ਼ਹਾਲ ਵਿਆਹੁਤਾ ਜੀਵਨ ਕਿਵੇਂ ਮੁਮਕਿਨ ਹੈ?
4 ਜਪਾਨ ਤੋਂ ਇਕ ਪਤੀ ਕਹਿੰਦਾ ਹੈ: “ਪੈਸਿਆਂ ਦੀ ਤੰਗੀ ਕਰਕੇ ਮੈਂ ਬਹੁਤ ਪਰੇਸ਼ਾਨ ਸੀ। ਮੈਂ ਆਪਣੀ ਪਤਨੀ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ ਸੀ ਜਿਸ ਕਰਕੇ ਉਹ ਵੀ ਪਰੇਸ਼ਾਨ ਰਹਿਣ ਲੱਗੀ। ਇਸ ਤੋਂ ਇਲਾਵਾ, ਹਾਲ ਹੀ ਵਿਚ ਉਸ ਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਗਈਆਂ। ਇਨ੍ਹਾਂ ਪਰੇਸ਼ਾਨੀਆਂ ਕਰਕੇ ਕਦੇ-ਕਦੇ ਤਾਂ ਸਾਡੇ ਵਿਚ ਝਗੜਾ ਹੋ ਜਾਂਦਾ ਸੀ।” ਵਿਆਹੁਤਾ ਜੀਵਨ ਵਿਚ ਕੁਝ ਚੁਣੌਤੀਆਂ ਤਾਂ ਆਉਣੀਆਂ ਹੀ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਸਾਮ੍ਹਣਾ ਨਹੀਂ ਕੀਤਾ ਜਾ ਸਕਦਾ। ਯਹੋਵਾਹ ਦੀ ਮਦਦ ਨਾਲ ਵਿਆਹੁਤਾ ਜੋੜੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਤੇ ਖ਼ੁਸ਼ਹਾਲ ਬਣਾ ਸਕਦੇ ਹਨ। (ਜ਼ਬੂਰਾਂ ਦੀ ਪੋਥੀ 127:1 ਪੜ੍ਹੋ।) ਆਓ ਆਪਾਂ ਪੰਜ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਨਾਲ ਵਿਆਹੁਤਾ ਰਿਸ਼ਤਾ ਉਵੇਂ ਮਜ਼ਬੂਤ ਬਣਿਆ ਰਹੇਗਾ ਜਿਵੇਂ ਇਕ-ਇਕ ਇੱਟ ਨਾਲ ਮਕਾਨ ਬਣਦਾ ਹੈ। ਫਿਰ ਆਪਾਂ ਦੇਖਾਂਗੇ ਕਿ ਜਿੱਦਾਂ ਇੱਟਾਂ ਨੂੰ ਜੋੜਨ ਲਈ ਸੀਮਿੰਟ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਵਿਆਹੁਤਾ ਜੀਵਨ ਵਿਚ ਪਿਆਰ ਦੀ ਕਿਉਂ ਲੋੜ ਹੁੰਦੀ ਹੈ।
ਆਪਣੇ ਵਿਆਹੁਤਾ ਜੀਵਨ ਵਿਚ ਯਹੋਵਾਹ ਨੂੰ ਸ਼ਾਮਲ ਕਰੋ
5, 6. ਪਤੀ-ਪਤਨੀ ਯਹੋਵਾਹ ਨੂੰ ਆਪਣੇ ਵਿਆਹੁਤਾ ਜੀਵਨ ਵਿਚ ਸ਼ਾਮਲ ਕਰਨ ਲਈ ਕੀ ਕਰ ਸਕਦੇ ਹਨ?
5 ਵਿਆਹੁਤਾ ਬੰਧਨ ਦੀ ਨੀਂਹ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜੇ ਪਤੀ-ਪਤਨੀ ਯਹੋਵਾਹ ਦੇ ਵਫ਼ਾਦਾਰ ਤੇ ਅਧੀਨ ਰਹਿਣ ਕਿਉਂਕਿ ਵਿਆਹ ਦੀ ਸ਼ੁਰੂਆਤ ਉਸ ਨੇ ਕੀਤੀ ਸੀ। (ਉਪਦੇਸ਼ਕ ਦੀ ਪੋਥੀ 4:12 ਪੜ੍ਹੋ।) ਪਤੀ-ਪਤਨੀ ਯਹੋਵਾਹ ਦੀ ਸੇਧ ਮੁਤਾਬਕ ਚੱਲ ਕੇ ਉਸ ਨੂੰ ਆਪਣੇ ਵਿਆਹੁਤਾ ਜੀਵਨ ਵਿਚ ਸ਼ਾਮਲ ਕਰ ਸਕਦੇ ਹਨ। ਪਰਮੇਸ਼ੁਰ ਦੇ ਪ੍ਰਾਚੀਨ ਲੋਕਾਂ ਬਾਰੇ ਬਾਈਬਲ ਕਹਿੰਦੀ ਹੈ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾ. 30:20, 21) ਅੱਜ ਜੋੜੇ ਮਿਲ ਕੇ ਯਹੋਵਾਹ ਦਾ ਬਚਨ ਪੜ੍ਹਨ ਦੁਆਰਾ ਉਸ ਦੀ ਗੱਲ ‘ਸੁਣ’ ਸਕਦੇ ਹਨ। (ਜ਼ਬੂ. 1:1-3) ਆਪਣੇ ਵਿਆਹੁਤਾ ਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਪਰਿਵਾਰਕ ਸਟੱਡੀ ਕਰ ਸਕਦੇ ਹਨ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਦੇ ਨਾਲ-ਨਾਲ ਹੌਸਲਾ ਵੀ ਮਿਲੇਗਾ। ਹਰ ਰੋਜ਼ ਇਕੱਠੇ ਪ੍ਰਾਰਥਨਾ ਕਰਨ ਨਾਲ ਵੀ ਉਨ੍ਹਾਂ ਦੇ ਰਿਸ਼ਤੇ ਵਿਚ ਮਜ਼ਬੂਤੀ ਆਵੇਗੀ ਜੋ ਸ਼ੈਤਾਨ ਦੀ ਦੁਨੀਆਂ ਦੇ ਹਮਲਿਆਂ ਦਾ ਸਾਮ੍ਹਣਾ ਕਰਨ ਲਈ ਜ਼ਰੂਰੀ ਹੈ।
ਪਤੀ-ਪਤਨੀ ਮਿਲ ਕੇ ਯਹੋਵਾਹ ਦੀ ਸੇਵਾ ਕਰ ਕੇ ਉਸ ਨਾਲ ਤੇ ਇਕ-ਦੂਜੇ ਨਾਲ ਰਿਸ਼ਤਾ ਮਜ਼ਬੂਤ ਕਰਦੇ ਹਨ (ਪੈਰੇ 5, 6 ਦੇਖੋ)
6 ਜਰਮਨੀ ਤੋਂ ਗੇਰਹਾਰਟ ਕਹਿੰਦਾ ਹੈ, “ਜਦੋਂ ਨਿੱਜੀ ਮੁਸ਼ਕਲਾਂ ਜਾਂ ਗ਼ਲਤਫ਼ਹਿਮੀਆਂ ਕਰਕੇ ਸਾਡੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਜਾਂਦਾ ਹੈ, ਤਾਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਸਾਨੂੰ ਆਪਣੇ ਵਿਚ ਧੀਰਜ ਪੈਦਾ ਕਰਨ ਵਿਚ ਮਦਦ ਕਰਦੀ ਹੈ ਤੇ ਅਸੀਂ ਇਕ-ਦੂਜੇ ਨੂੰ ਮਾਫ਼ ਕਰਨ ਦੀ ਆਦਤ ਬਣਾਈ ਹੈ। ਇਹ ਗੁਣ ਸਫ਼ਲ ਵਿਆਹ ਲਈ ਜ਼ਰੂਰੀ ਹਨ।” ਜਦੋਂ ਪਤੀ-ਪਤਨੀ ਮਿਲ ਕੇ ਯਹੋਵਾਹ ਦੀ ਸੇਵਾ ਕਰ ਕੇ ਉਸ ਨੂੰ ਆਪਣੇ ਵਿਆਹੁਤਾ ਜੀਵਨ ਵਿਚ ਸ਼ਾਮਲ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ, ਤਾਂ ਉਨ੍ਹਾਂ ਦਾ ਯਹੋਵਾਹ ਨਾਲ ਤੇ ਇਕ-ਦੂਜੇ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ।
ਪਤੀਓ—ਆਪਣੀ ਜ਼ਿੰਮੇਵਾਰੀ ਪਿਆਰ ਨਾਲ ਨਿਭਾਓ
7. ਪਤੀ ਨੂੰ ਪਰਿਵਾਰ ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਚਾਹੀਦੀ ਹੈ?
7 ਪਤੀ ਜਿਸ ਤਰੀਕੇ ਨਾਲ ਪਰਿਵਾਰ ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ, ਉਸ ਨਾਲ ਵਿਆਹੁਤਾ ਰਿਸ਼ਤਾ ਮਜ਼ਬੂਤ ਤੇ ਖ਼ੁਸ਼ੀਆਂ ਭਰਿਆ ਬਣ ਸਕਦਾ ਹੈ। ਬਾਈਬਲ ਦੱਸਦੀ ਹੈ: “ਹਰ ਆਦਮੀ ਦਾ ਸਿਰ ਮਸੀਹ ਹੈ; ਅਤੇ ਹਰ ਤੀਵੀਂ ਦਾ ਸਿਰ ਆਦਮੀ ਹੈ।” (1 ਕੁਰਿੰ. 11:3) ਇਸ ਦਾ ਮਤਲਬ ਹੈ ਕਿ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਜਿਸ ਤਰ੍ਹਾਂ ਯਿਸੂ ਆਪਣੇ ਚੇਲਿਆਂ ਨਾਲ ਪੇਸ਼ ਆਉਂਦਾ ਸੀ। ਯਿਸੂ ਕਦੇ ਵੀ ਕਠੋਰਤਾ ਜਾਂ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਇਆ, ਸਗੋਂ ਉਹ ਹਮੇਸ਼ਾ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਰਿਹਾ। ਉਹ ਪਿਆਰ ਤੇ ਦਇਆ ਕਰਨ ਦੇ ਨਾਲ-ਨਾਲ ਕਿਸੇ ਤੋਂ ਜ਼ਿਆਦਾ ਦੀ ਮੰਗ ਨਹੀਂ ਕਰਦਾ ਸੀ।—ਮੱਤੀ 11:28-30.
8. ਪਤੀ ਕਿਵੇਂ ਆਪਣੀ ਪਤਨੀ ਤੋਂ ਪਿਆਰ ਤੇ ਆਦਰ ਪਾ ਸਕਦਾ ਹੈ?
8 ਮਸੀਹੀ ਪਤੀਆਂ ਨੂੰ ਵਾਰ-ਵਾਰ ਆਪਣੀਆਂ ਪਤਨੀਆਂ ਤੋਂ ਇਹ ਮੰਗ ਨਹੀਂ ਕਰਨੀ ਚਾਹੀਦੀ ਕਿ ਉਹ ਉਨ੍ਹਾਂ ਦਾ ਆਦਰ ਕਰਨ। ਇਸ ਦੀ ਬਜਾਇ, ਉਹ ‘ਆਪਣੀਆਂ ਪਤਨੀਆਂ ਨਾਲ ਸਮਝਦਾਰੀ ਨਾਲ ਵੱਸਦੇ ਹਨ।’ ਉਹ ਪਤਨੀਆਂ ਨੂੰ “ਨਾਜ਼ੁਕ” ਸਮਝਦੇ ਹਨ, ‘ਇਸ ਲਈ ਜਿਵੇਂ ਉਹ ਕਿਸੇ ਨਾਜ਼ੁਕ ਚੀਜ਼ ਦਾ ਖ਼ਿਆਲ ਰੱਖਦੇ ਹਨ, ਉਸੇ ਤਰ੍ਹਾਂ ਉਹ ਉਨ੍ਹਾਂ ਦਾ ਖ਼ਿਆਲ ਰੱਖਦੇ ਹਨ।’ (1 ਪਤ. 3:7) ਲੋਕਾਂ ਵਿਚ ਅਤੇ ਘਰ ਹੁੰਦਿਆਂ ਪਤੀ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਦਿਖਾਉਂਦੇ ਹਨ ਕਿ ਉਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਲਈ ਕਿੰਨੀ ਅਹਿਮੀਅਤ ਰੱਖਦੀਆਂ ਹਨ। (ਕਹਾ. 31:28) ਇਸ ਤਰ੍ਹਾਂ ਉਹ ਆਪਣੀ ਪਤਨੀ ਦਾ ਪਿਆਰ ਜਿੱਤਦਾ ਹੈ ਤੇ ਪਤਨੀ ਉਸ ਦਾ ਆਦਰ ਕਰਦੀ ਹੈ। ਯਹੋਵਾਹ ਵੀ ਉਨ੍ਹਾਂ ਦੇ ਵਿਆਹੁਤਾ ਜੀਵਨ ʼਤੇ ਬਰਕਤ ਪਾਉਂਦਾ ਹੈ।
ਪਤਨੀਓ—ਅਧੀਨ ਰਹੋ
9. ਇਕ ਪਤਨੀ ਅਧੀਨਗੀ ਕਿਵੇਂ ਦਿਖਾ ਸਕਦੀ ਹੈ?
9 ਯਹੋਵਾਹ ਨਾਲ ਅਸੂਲਾਂ ʼਤੇ ਆਧਾਰਿਤ ਨਿਰਸੁਆਰਥ ਪਿਆਰ ਕਰ ਕੇ ਅਸੀਂ ਸਾਰੇ ਉਸ ਦੇ ਸ਼ਕਤੀਸ਼ਾਲੀ ਹੱਥ ਅਧੀਨ ਹੋ ਸਕਦੇ ਹਾਂ। (1 ਪਤ. 5:6) ਪਤਨੀ ਆਪਣੇ ਪਤੀ ਦਾ ਸਹਿਯੋਗ ਦੇ ਕੇ ਯਹੋਵਾਹ ਦੇ ਅਧਿਕਾਰ ਲਈ ਆਦਰ ਦਿਖਾਉਂਦੀ ਹੈ। ਬਾਈਬਲ ਕਹਿੰਦੀ ਹੈ: “ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ ਕਿਉਂਕਿ ਮਸੀਹ ਦੇ ਸੇਵਕਾਂ ਲਈ ਇਹੋ ਯੋਗ ਹੈ।” (ਕੁਲੁ. 3:18) ਇਹ ਸੱਚ ਹੈ ਕਿ ਪਤਨੀਆਂ ਆਪਣੇ ਪਤੀਆਂ ਦੇ ਸਾਰੇ ਫ਼ੈਸਲਿਆਂ ਨਾਲ ਸਹਿਮਤ ਨਹੀਂ ਹੁੰਦੀਆਂ। ਪਰ ਜੇ ਉਸ ਦੇ ਫ਼ੈਸਲਿਆਂ ਨਾਲ ਪਰਮੇਸ਼ੁਰ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਹੁੰਦੀ, ਤਾਂ ਅਧੀਨਗੀ ਦਿਖਾਉਣ ਵਾਲੀ ਪਤਨੀ ਇਨ੍ਹਾਂ ਫ਼ੈਸਲਿਆਂ ਨਾਲ ਸਹਿਮਤ ਹੋਣ ਲਈ ਤਿਆਰ ਹੋਵੇਗੀ।—1 ਪਤ. 3:1.
10. ਅਧੀਨ ਹੋਣਾ ਕਿਉਂ ਜ਼ਰੂਰੀ ਹੈ?
10 ਯਹੋਵਾਹ ਨੇ ਪਤਨੀ ਨੂੰ ਪਰਿਵਾਰ ਵਿਚ ਖ਼ਾਸ ਭੂਮਿਕਾ ਦਿੱਤੀ ਹੈ। ਉਹ ਆਪਣੇ ਪਤੀ ਦੀ “ਸਾਥਣ” ਹੈ। (ਮਲਾ. 2:14) ਜਦੋਂ ਪਤੀ-ਪਤਨੀ ਪਰਿਵਾਰ ਲਈ ਫ਼ੈਸਲੇ ਕਰਦੇ ਹਨ, ਤਾਂ ਪਤਨੀ ਆਦਰ ਨਾਲ ਆਪਣੇ ਵਿਚਾਰ ਦੱਸਦੀ ਹੈ ਕਿ ਉਹ ਇਨ੍ਹਾਂ ਫ਼ੈਸਲਿਆਂ ਬਾਰੇ ਕੀ ਸੋਚਦੀ ਹੈ। ਪਰ ਇਸ ਵੇਲੇ ਵੀ ਉਹ ਅਧੀਨਗੀ ਦਿਖਾਉਂਦੀ ਹੈ। ਇਕ ਸਮਝਦਾਰ ਪਤੀ ਆਪਣੀ ਪਤਨੀ ਦੀ ਗੱਲ ਧਿਆਨ ਨਾਲ ਸੁਣਦਾ ਹੈ। (ਕਹਾ. 31:10-31) ਅਧੀਨਗੀ ਦਿਖਾਉਣ ਨਾਲ ਪਰਿਵਾਰ ਵਿਚ ਖ਼ੁਸ਼ੀ, ਸ਼ਾਂਤੀ ਤੇ ਏਕਤਾ ਬਣੀ ਰਹਿੰਦੀ ਹੈ ਅਤੇ ਪਤੀ-ਪਤਨੀ ਨੂੰ ਤਸੱਲੀ ਹੁੰਦੀ ਹੈ ਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰ ਰਹੇ ਹਨ।—ਅਫ਼. 5:22.
ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ
11. ਮਾਫ਼ ਕਰਨਾ ਕਿਉਂ ਜ਼ਰੂਰੀ ਹੈ?
11 ਵਿਆਹੁਤਾ ਬੰਧਨ ਨੂੰ ਮਜ਼ਬੂਤ ਰੱਖਣ ਲਈ ਇਕ-ਦੂਜੇ ਨੂੰ ਮਾਫ਼ ਕਰਨਾ ਬਹੁਤ ਹੀ ਜ਼ਰੂਰੀ ਹੈ। ਪਤੀ-ਪਤਨੀ ਦੇ ਰਿਸ਼ਤੇ ਦੀ ਡੋਰ ਉਦੋਂ ਮਜ਼ਬੂਤ ਹੁੰਦੀ ਹੈ ਜਦੋਂ ਉਹ ‘ਇਕ-ਦੂਜੇ ਦੀ ਸਹਿੰਦੇ ਰਹਿੰਦੇ ਹਨ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹਿੰਦੇ ਹਨ।’ (ਕੁਲੁ. 3:13) ਦੂਜੇ ਪਾਸੇ, ਜੇ ਪਤੀ-ਪਤਨੀ ਇਕ-ਦੂਜੇ ਦੀਆਂ ਗ਼ਲਤੀਆਂ ਦਾ ਹਿਸਾਬ ਰੱਖਦੇ ਹਨ ਅਤੇ ਅਕਸਰ ਇਨ੍ਹਾਂ ਨੂੰ ਹਥਿਆਰ ਬਣਾ ਕੇ ਇਕ-ਦੂਜੇ ʼਤੇ ਵਾਰ ਕਰਦੇ ਹਨ, ਤਾਂ ਵਿਆਹੁਤਾ ਰਿਸ਼ਤੇ ਦੀ ਡੋਰ ਕਮਜ਼ੋਰ ਹੁੰਦੀ ਹੈ। ਜਿਸ ਤਰ੍ਹਾਂ ਤਰੇੜਾਂ ਮਕਾਨ ਨੂੰ ਕਮਜ਼ੋਰ ਕਰ ਸਕਦੀਆਂ ਹਨ, ਉਸੇ ਤਰ੍ਹਾਂ ਮਨ ਵਿਚ ਗਿਲੇ-ਸ਼ਿਕਵੇ ਤੇ ਗੁੱਸਾ ਰੱਖਣ ਕਰਕੇ ਇਕ-ਦੂਜੇ ਨੂੰ ਮਾਫ਼ ਕਰਨਾ ਔਖਾ ਹੁੰਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਜਦੋਂ ਉਹ ਇਕ-ਦੂਜੇ ਨੂੰ ਉਸੇ ਤਰ੍ਹਾਂ ਮਾਫ਼ ਕਰਦੇ ਹਨ ਜਿਸ ਤਰ੍ਹਾਂ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰਦਾ ਹੈ।—ਮੀਕਾ. 7:18, 19.
12. ਕਿਵੇਂ “ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ”?
12 ਸੱਚਾ ਪਿਆਰ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।” ਅਸਲ ਵਿਚ “ਪਿਆਰ ਕਰਨ ਵਾਲੇ ਇਨਸਾਨ ਇਕ-ਦੂਜੇ ਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।” (1 ਕੁਰਿੰ. 13:4, 5; 1 ਪਤਰਸ 4:8 ਪੜ੍ਹੋ।) ਜੇ ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਪਿਆਰ ਹਿਸਾਬ ਨਹੀਂ ਰੱਖਦਾ ਕਿ ਅਸੀਂ ਕਿੰਨੀ ਕੁ ਵਾਰੀ ਗ਼ਲਤੀਆਂ ਨੂੰ ਮਾਫ਼ ਕਰ ਸਕਦੇ ਹਾਂ। ਜਦੋਂ ਪਤਰਸ ਰਸੂਲ ਨੇ ਯਿਸੂ ਨੂੰ ਪੁੱਛਿਆ ਕਿ ਉਸ ਨੂੰ ਕਿੰਨੀ ਵਾਰੀ ਕਿਸੇ ਨੂੰ ਮਾਫ਼ ਕਰਨਾ ਚਾਹੀਦਾ ਹੈ, ਤਾਂ ਯਿਸੂ ਨੇ ਕਿਹਾ: “ਸਤੱਤਰ ਵਾਰ।” (ਮੱਤੀ 18:21, 22) ਉਸ ਦੇ ਕਹਿਣ ਦਾ ਮਤਲਬ ਸੀ ਕਿ ਇਕ ਮਸੀਹੀ ਲਈ ਕੋਈ ਹੱਦ ਨਹੀਂ ਹੈ ਕਿ ਉਸ ਨੂੰ ਕਿੰਨੀ ਵਾਰ ਦੂਜਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ।—ਕਹਾ. 10:12.a
13. ਅਸੀਂ ਮਾਫ਼ ਨਾ ਕਰਨ ਦੇ ਝੁਕਾਅ ਨਾਲ ਕਿਵੇਂ ਲੜ ਸਕਦੇ ਹਾਂ?
13 ਐਨਟ ਕਹਿੰਦੀ ਹੈ, “ਜੇ ਪਤੀ-ਪਤਨੀ ਇਕ-ਦੂਜੇ ਨੂੰ ਮਾਫ਼ ਨਹੀਂ ਕਰਨਾ ਚਾਹੁੰਦੇ, ਤਾਂ ਇਸ ਨਾਲ ਉਨ੍ਹਾਂ ਦੇ ਮਨਾਂ ਵਿਚ ਇਕ-ਦੂਜੇ ਪ੍ਰਤੀ ਗੁੱਸਾ ਵਧਦਾ ਹੈ ਤੇ ਇਤਬਾਰ ਘੱਟਦਾ ਹੈ। ਇਹ ਗੱਲਾਂ ਵਿਆਹੁਤਾ ਰਿਸ਼ਤੇ ਵਿਚ ਜ਼ਹਿਰ ਘੋਲਦੀਆਂ ਹਨ। ਇਕ-ਦੂਜੇ ਨੂੰ ਮਾਫ਼ ਕਰਨ ਨਾਲ ਵਿਆਹ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ ਤੇ ਤੁਸੀਂ ਇਕ-ਦੂਜੇ ਦੇ ਨੇੜੇ ਆਉਂਦੇ ਹੋ।” ਮਾਫ਼ ਨਾ ਕਰਨ ਦੇ ਝੁਕਾਅ ਨਾਲ ਲੜਨ ਲਈ ਪਤੀ-ਪਤਨੀ ਲਈ ਇਕ-ਦੂਜੇ ਦੇ ਸ਼ੁਕਰਗੁਜ਼ਾਰ ਹੋਣਾ ਤੇ ਇਕ-ਦੂਜੇ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ। ਦੇਖਦੇ ਰਹੋ ਕਿ ਤੁਸੀਂ ਕਿਨ੍ਹਾਂ ਗੱਲਾਂ ਲਈ ਆਪਣੇ ਜੀਵਨ ਸਾਥੀ ਦੀ ਤਾਰੀਫ਼ ਕਰ ਸਕਦੇ ਹੋ। (ਕੁਲੁ. 3:15) ਜਿਹੜੇ ਪਤੀ-ਪਤਨੀ ਇਕ-ਦੂਜੇ ਨੂੰ ਮਾਫ਼ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ, ਉਨ੍ਹਾਂ ਵਿਚ ਏਕਤਾ ਰਹਿੰਦੀ ਹੈ ਤੇ ਪਰਮੇਸ਼ੁਰ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ।—ਰੋਮੀ. 14:19.
ਉੱਤਮ ਅਸੂਲ ਮੁਤਾਬਕ ਚੱਲੋ
14, 15. ਉੱਤਮ ਅਸੂਲ ਕੀ ਹੈ ਅਤੇ ਵਿਆਹੁਤਾ ਜੀਵਨ ਵਿਚ ਇਹ ਕਿੰਨਾ ਕੁ ਫ਼ਾਇਦੇਮੰਦ ਹੈ?
14 ਬਿਨਾਂ ਸ਼ੱਕ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਆਦਰ-ਮਾਣ ਕੀਤਾ ਜਾਵੇ। ਜਦੋਂ ਦੂਜੇ ਤੁਹਾਡੀ ਗੱਲ ਸੁਣਦੇ ਹਨ ਤੇ ਤੁਹਾਡੇ ਜਜ਼ਬਾਤਾਂ ਨੂੰ ਸਮਝਦੇ ਹਨ, ਤਾਂ ਤੁਸੀਂ ਇਸ ਗੱਲ ਦੀ ਕਦਰ ਕਰਦੇ ਹੋ। ਪਰ ਕੀ ਤੁਸੀਂ ਕਿਸੇ ਨੂੰ ਕਦੇ ਇਹ ਕਹਿੰਦੇ ਸੁਣਿਆ, “ਮੈਂ ਵੀ ਅਦਲੇ ਦਾ ਬਦਲਾ ਲਵਾਂਗਾ”? ਕਈ ਵਾਰ ਇਸ ਤਰ੍ਹਾਂ ਕਰਨਾ ਸ਼ਾਇਦ ਸਹੀ ਲੱਗੇ, ਪਰ ਬਾਈਬਲ ਸਾਨੂੰ ਕਹਿੰਦੀ ਹੈ: ‘ਇਹ ਨਾਂ ਆਖੀਂ ਭਈ ਜਿਵੇਂ ਉਹ ਨੇ ਮੇਰੇ ਨਾਲ ਕੀਤਾ ਹੈ ਤਿਵੇਂ ਮੈਂ ਵੀ ਉਹ ਦੇ ਨਾਲ ਕਰਾਂਗਾ, ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ।’ (ਕਹਾ. 24:29) ਦਰਅਸਲ ਯਿਸੂ ਨੇ ਔਖੇ ਹਾਲਾਤਾਂ ਨਾਲ ਸਿੱਝਣ ਦਾ ਇਕ ਵਧੀਆ ਤਰੀਕਾ ਦੱਸਿਆ ਹੈ। ਉਸ ਨੇ ਇਹ ਅਸੂਲ ਦੱਸਿਆ ਜਿਸ ਨੂੰ ਅਕਸਰ ਉੱਤਮ ਅਸੂਲ ਕਿਹਾ ਜਾਂਦਾ ਹੈ: “ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” (ਲੂਕਾ 6:31) ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਲੋਕਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਨਾਲ ਸਲੂਕ ਕਰਨ ਤੇ ਅਦਲੇ ਦਾ ਬਦਲਾ ਨਾ ਲਈਏ। ਅਸੀਂ ਆਪਣੇ ਜੀਵਨ ਸਾਥੀ ਨਾਲ ਉਸੇ ਤਰ੍ਹਾਂ ਪੇਸ਼ ਆਵਾਂਗੇ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਵੇ।
15 ਪਤੀ-ਪਤਨੀ ਉਦੋਂ ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਕਰਦੇ ਹਨ ਜਦੋਂ ਉਹ ਇਕ-ਦੂਜੇ ਦੀਆਂ ਭਾਵਨਾਵਾਂ ਸਮਝਦੇ ਹਨ। ਦੱਖਣੀ ਅਫ਼ਰੀਕਾ ਤੋਂ ਇਕ ਪਤੀ ਕਹਿੰਦਾ ਹੈ, “ਅਸੀਂ ਉੱਤਮ ਅਸੂਲ ʼਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਇਹ ਸੱਚ ਹੈ ਕਿ ਕਦੇ-ਕਦੇ ਸਾਡੇ ਵਿਚ ਅਣਬਣ ਹੋ ਜਾਂਦੀ ਹੈ, ਪਰ ਅਸੀਂ ਇਕ-ਦੂਜੇ ਨਾਲ ਉਸੇ ਤਰ੍ਹਾਂ ਪੇਸ਼ ਆਉਣ ਲਈ ਮਿਹਨਤ ਕਰਦੇ ਹਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਨਾਲ ਆਦਰ-ਮਾਣ ਨਾਲ ਪੇਸ਼ ਆਉਣ।”
16. ਪਤੀ-ਪਤਨੀ ਨੂੰ ਕਦੇ ਵੀ ਇਕ-ਦੂਜੇ ਨਾਲ ਕੀ ਨਹੀਂ ਕਰਨਾ ਚਾਹੀਦਾ?
16 ਦੂਜਿਆਂ ਅੱਗੇ ਆਪਣੇ ਜੀਵਨ ਸਾਥੀ ਦੀਆਂ ਕਮੀਆਂ-ਕਮਜ਼ੋਰੀਆਂ ਦਾ ਢੰਡੋਰਾ ਨਾ ਪਿੱਟੋ ਜਾਂ ਉਨ੍ਹਾਂ ਆਦਤਾਂ ਬਾਰੇ ਸ਼ਿਕਾਇਤ ਨਾ ਕਰਦੇ ਰਹੋ ਜਿਨ੍ਹਾਂ ਤੋਂ ਤੁਹਾਨੂੰ ਖਿੱਝ ਆਉਂਦੀ ਹੈ, ਇੱਥੋਂ ਤਕ ਕਿ ਮਜ਼ਾਕ ਵਿਚ ਵੀ ਨਹੀਂ। ਯਾਦ ਰੱਖੋ ਕਿ ਵਿਆਹੁਤਾ ਬੰਧਨ ਇਕ ਮੁਕਾਬਲੇਬਾਜ਼ੀ ਦੀ ਖੇਡ ਨਹੀਂ ਹੈ ਜਿਸ ਵਿਚ ਤੁਸੀਂ ਦੇਖਦੇ ਹੋ ਕਿ ਕੌਣ ਜ਼ਿਆਦਾ ਤਾਕਤਵਰ ਹੈ, ਕੌਣ ਜ਼ਿਆਦਾ ਉੱਚੀ ਬੋਲ ਸਕਦਾ ਜਾਂ ਕੌਣ ਜ਼ਿਆਦਾ ਚੁੱਭਵੀਆਂ ਗੱਲਾਂ ਕਹਿ ਸਕਦਾ ਹੈ। ਸੱਚ ਤਾਂ ਇਹ ਹੈ ਕਿ ਸਾਡੇ ਸਾਰਿਆਂ ਵਿਚ ਕਮੀਆਂ-ਕਮਜ਼ੋਰੀਆਂ ਹਨ ਜਿਸ ਕਰਕੇ ਅਸੀਂ ਕਈ ਵਾਰ ਦੂਸਰਿਆਂ ਨੂੰ ਨਿਰਾਸ਼ ਕਰ ਦਿੰਦੇ ਹਾਂ। ਪਰ ਪਤੀ-ਪਤਨੀ ਕੋਲ ਇਕ-ਦੂਜੇ ਨੂੰ ਸ਼ਰਮਿੰਦਾ ਕਰਨ ਵਾਲੀਆਂ ਗੱਲਾਂ ਜਾਂ ਚੁੱਭਵੀਆਂ ਗੱਲਾਂ ਕਹਿਣ ਜਾਂ ਇਕ-ਦੂਜੇ ਨੂੰ ਧੱਕੇ ਮਾਰਨ ਜਾਂ ਕੁੱਟਣ-ਮਾਰਨ ਦਾ ਕਦੇ ਵੀ ਜਾਇਜ਼ ਕਾਰਨ ਨਹੀਂ ਹੈ।—ਕਹਾਉਤਾਂ 17:27; 31:26 ਪੜ੍ਹੋ।
17. ਪਤੀ ਆਪਣੀ ਜ਼ਿੰਦਗੀ ਵਿਚ ਉੱਤਮ ਅਸੂਲ ਕਿਵੇਂ ਲਾਗੂ ਕਰ ਸਕਦੇ ਹਨ?
17 ਕੁਝ ਸਭਿਆਚਾਰਾਂ ਵਿਚ ਆਦਮੀ ਆਪਣੀਆਂ ਪਤਨੀਆਂ ʼਤੇ ਧੌਂਸ ਜਮਾ ਕੇ ਜਾਂ ਉਨ੍ਹਾਂ ਨੂੰ ਮਾਰ-ਕੁੱਟ ਕੇ ਸਾਬਤ ਕਰਦੇ ਹਨ ਕਿ ਉਨ੍ਹਾਂ ਵਿਚ ਕਿੰਨੀ ਤਾਕਤ ਹੈ। ਪਰ ਬਾਈਬਲ ਦੱਸਦੀ ਹੈ: ‘ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੇ [ਕ੍ਰੋਧ] ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।’ (ਕਹਾ. 16:32) ਸਭ ਤੋਂ ਮਹਾਨ ਆਦਮੀ ਯਿਸੂ ਮਸੀਹ ਦੀ ਰੀਸ ਕਰਨ ਅਤੇ ਆਪਣੇ ʼਤੇ ਕੰਟ੍ਰੋਲ ਰੱਖਣ ਲਈ ਸਾਨੂੰ ਹਿੰਮਤ ਦੀ ਲੋੜ ਹੈ। ਜਿਹੜਾ ਆਦਮੀ ਆਪਣੀ ਪਤਨੀ ਨੂੰ ਗਾਲ਼ਾਂ ਕੱਢਦਾ ਹੈ ਜਾਂ ਮਾਰਦਾ-ਕੁੱਟਦਾ ਹੈ, ਉਹ ਆਦਮੀ ਕਮਜ਼ੋਰ ਹੈ ਤੇ ਉਸ ਦਾ ਯਹੋਵਾਹ ਨਾਲੋਂ ਰਿਸ਼ਤਾ ਟੁੱਟ ਜਾਵੇਗਾ। ਜ਼ਬੂਰਾਂ ਦੇ ਲਿਖਾਰੀ ਦਾਊਦ, ਜੋ ਤਾਕਤਵਰ ਤੇ ਦਲੇਰ ਆਦਮੀ ਸੀ, ਨੇ ਕਿਹਾ: “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ। ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿਚਾਰ ਕਰੋ ਤੇ ਫ਼ੇਰ ਨਿਸ਼ਚਿੰਤ ਹੋ ਜਾਓ।”—ਜ਼ਬੂ. 4:4, ERV.
“ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ”
18. ਪਿਆਰ ਵਧਾਉਂਦੇ ਰਹਿਣਾ ਕਿਉਂ ਜ਼ਰੂਰੀ ਹੈ?
18 1 ਕੁਰਿੰਥੀਆਂ 13:4-7 ਪੜ੍ਹੋ। ਵਿਆਹੁਤਾ ਜੀਵਨ ਵਿਚ ਪਿਆਰ ਦਾ ਗੁਣ ਹੋਣਾ ਸਭ ਤੋਂ ਜ਼ਰੂਰੀ ਹੈ। “ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ। ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁ. 3:12, 14) ਜਿਸ ਤਰ੍ਹਾਂ ਪਲਸਤਰ ਇੱਟਾਂ ਨੂੰ ਪੱਕੀ ਤਰ੍ਹਾਂ ਜੋੜ ਦਿੰਦਾ ਹੈ, ਉਸੇ ਤਰ੍ਹਾਂ ਮਸੀਹ ਵਰਗਾ ਨਿਰਸੁਆਰਥ ਪਿਆਰ ਵਿਆਹੁਤਾ ਬੰਧਨ ਵਿਚ ਮਜ਼ਬੂਤੀ ਲਿਆਉਂਦਾ ਹੈ। ਖਿਝਾਉਣ ਵਾਲੀਆਂ ਆਦਤਾਂ, ਗੰਭੀਰ ਸਿਹਤ ਸਮੱਸਿਆਵਾਂ, ਪੈਸੇ ਦੀ ਤੰਗੀ ਅਤੇ ਸਹੁਰਿਆਂ ਨਾਲ ਮਤਭੇਦ ਹੋਣ ਦੇ ਬਾਵਜੂਦ ਇਹ ਬੰਧਨ ਮਜ਼ਬੂਤ ਬਣਿਆ ਰਹਿੰਦਾ ਹੈ।
19, 20. (ੳ) ਪਤੀ-ਪਤਨੀ ਆਪਣੇ ਵਿਆਹੁਤਾ ਜੀਵਨ ਨੂੰ ਮਜ਼ਬੂਤ ਤੇ ਖ਼ੁਸ਼ਹਾਲ ਕਿਵੇਂ ਬਣਾ ਸਕਦੇ ਹਨ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
19 ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਣ ਲਈ ਪਿਆਰ ਤੇ ਵਫ਼ਾਦਾਰੀ ਦੇ ਨਾਲ-ਨਾਲ ਮਿਹਨਤ ਕਰਨ ਦੀ ਵੀ ਲੋੜ ਹੈ। ਮੁਸ਼ਕਲਾਂ ਖੜ੍ਹੀਆਂ ਹੋਣ ਤੇ ਹਾਰ ਮੰਨਣ ਦੀ ਬਜਾਇ ਪਤੀ-ਪਤਨੀ ਨੂੰ ਆਪਣਾ ਰਿਸ਼ਤਾ ਮਜ਼ਬੂਤ ਕਰਨ ਦਾ ਇਰਾਦਾ ਬਣਾਈ ਰੱਖਣਾ ਚਾਹੀਦਾ ਹੈ। ਜਿਹੜੇ ਪਤੀ-ਪਤਨੀ ਯਹੋਵਾਹ ਅਤੇ ਇਕ-ਦੂਜੇ ਨੂੰ ਪਿਆਰ ਕਰਦੇ ਹਨ, ਉਹ ਆਪਣੀਆਂ ਸਮੱਸਿਆਵਾਂ ਸੁਲਝਾਉਂਦੇ ਹਨ ਕਿਉਂਕਿ “ਪਿਆਰ ਕਦੇ ਖ਼ਤਮ ਨਹੀਂ ਹੁੰਦਾ।”—1 ਕੁਰਿੰ. 13:8; ਮੱਤੀ 19:5, 6; ਇਬ. 13:4.
20 ਖ਼ਾਸਕਰ ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਆਪਣੇ ਵਿਆਹੁਤਾ ਜੀਵਨ ਨੂੰ ਮਜ਼ਬੂਤ ਤੇ ਖ਼ੁਸ਼ਹਾਲ ਬਣਾਉਣਾ ਔਖਾ ਹੈ। (2 ਤਿਮੋ. 3:1) ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇੱਦਾਂ ਕਰ ਸਕਦੇ ਹਾਂ। ਫਿਰ ਵੀ ਪਤੀ-ਪਤਨੀਆਂ ਨੂੰ ਦੁਨੀਆਂ ਦੀ ਗੰਦੀ ਸੋਚ ਨਾਲ ਲੜਨਾ ਪੈਂਦਾ ਹੈ ਜਿਸ ਉੱਤੇ ਸੈਕਸ ਦਾ ਭੂਤ ਸਵਾਰ ਹੈ। ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਪਤੀ-ਪਤਨੀ ਅਨੈਤਿਕਤਾ ਤੋਂ ਦੂਰ ਰਹਿਣ ਲਈ ਕੀ ਕਰ ਸਕਦੇ ਹਨ ਤਾਂਕਿ ਉਨ੍ਹਾਂ ਦੇ ਵਿਆਹੁਤਾ ਬੰਧਨ ਦੀ ਡੋਰ ਮਜ਼ਬੂਤ ਰਹੇ।
a ਹਾਲਾਂਕਿ ਪਤੀ-ਪਤਨੀ ਇਕ-ਦੂਜੇ ਨੂੰ ਮਾਫ਼ ਕਰਨ ਅਤੇ ਸਮੱਸਿਆਵਾਂ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਬਾਈਬਲ ਕਹਿੰਦੀ ਹੈ ਕਿ ਬੇਕਸੂਰ ਜੀਵਨ ਸਾਥੀ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਹਰਾਮਕਾਰੀ ਕਰਨ ਵਾਲੇ ਜੀਵਨ ਸਾਥੀ ਨੂੰ ਮਾਫ਼ ਕਰਨਾ ਚਾਹੀਦਾ ਹੈ ਜਾਂ ਤਲਾਕ ਦੇਣਾ ਚਾਹੀਦਾ ਹੈ। (ਮੱਤੀ 19:9) ਪਰਮੇਸ਼ੁਰ ਨਾਲ ਪਿਆਰ ਬਰਕਰਾਰ ਰੱਖੋ ਕਿਤਾਬ ਦੇ ਸਫ਼ੇ 219-221 ʼਤੇ “ਤਲਾਕ ਲੈਣ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਬਾਰੇ ਬਾਈਬਲ ਦਾ ਨਜ਼ਰੀਆ” ਨਾਂ ਦਾ ਲੇਖ ਦੇਖੋ।