ਕੀ ਤੁਸੀਂ ਰੱਬ ਤੋਂ ਨਿਰਾਸ਼ ਹੋ?
“ਮੇਰੇ ਨਾਲ ਹੀ ਕਿਉਂ? ਰੱਬ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਣ ਦਿੱਤਾ?” ਬ੍ਰਾਜ਼ੀਲ ਤੋਂ 24 ਸਾਲਾਂ ਦਾ ਸੀਡਨੇ ਇਨ੍ਹਾਂ ਸਵਾਲਾਂ ਤੋਂ ਪਰੇਸ਼ਾਨ ਸੀ। ਵਾਟਰ ਸਲਾਈਡ ਦੌਰਾਨ ਹੋਏ ਇਕ ਹਾਦਸੇ ਤੋਂ ਬਾਅਦ ਉਹ ਜ਼ਿੰਦਗੀ ਭਰ ਲਈ ਨਕਾਰਾ ਹੋ ਗਿਆ ਜਿਸ ਕਰਕੇ ਉਸ ਨੂੰ ਹਮੇਸ਼ਾ ਵੀਲ੍ਹਚੇਅਰ ਦਾ ਸਹਾਰਾ ਲੈਣਾ ਪੈਂਦਾ ਹੈ।
ਐਕਸੀਡੈਂਟ, ਬੀਮਾਰੀ, ਕਿਸੇ ਅਜ਼ੀਜ਼ ਦੀ ਮੌਤ, ਕੁਦਰਤੀ ਆਫ਼ਤ ਜਾਂ ਜੰਗ ਦੇ ਨਤੀਜੇ ਵਜੋਂ ਭੁਗਤਣੇ ਪੈਂਦੇ ਦੁੱਖਾਂ ਕਾਰਨ ਲੋਕ ਸੌਖਿਆਂ ਹੀ ਰੱਬ ਤੋਂ ਨਿਰਾਸ਼ ਹੋ ਸਕਦੇ ਹਨ। ਇਹ ਕੋਈ ਨਵੀਂ ਗੱਲ ਨਹੀਂ। ਪੁਰਾਣੇ ਸਮੇਂ ਦੇ ਵਫ਼ਾਦਾਰ ਭਗਤ ਅੱਯੂਬ ਨੂੰ ਇਕ ਤੋਂ ਬਾਅਦ ਇਕ ਮੁਸੀਬਤ ਦਾ ਸਾਮ੍ਹਣਾ ਕਰਨਾ ਪਿਆ। ਉਸ ਨੇ ਗ਼ਲਤੀ ਨਾਲ ਰੱਬ ʼਤੇ ਦੋਸ਼ ਲਾਉਂਦੇ ਹੋਏ ਕਿਹਾ: “ਮੈਂ ਤੇਰੀ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖਲੋਂਦਾ ਹਾਂ ਪਰ ਤੂੰ ਮੇਰੀ ਵੱਲ ਝਾਕਦਾ ਹੀ ਹੈਂ। ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈਂ!”—ਅੱਯੂਬ 30:20, 21.
ਅੱਯੂਬ ਨੂੰ ਨਾ ਤਾਂ ਪਤਾ ਸੀ ਕਿ ਉਸ ʼਤੇ ਮੁਸੀਬਤਾਂ ਕਿਸ ਨੇ ਲਿਆਂਦੀਆਂ ਸਨ ਤੇ ਨਾ ਹੀ ਇਹ ਪਤਾ ਸੀ ਕਿ ਮੁਸੀਬਤਾਂ ਉਸ ʼਤੇ ਕਿਉਂ ਆ ਰਹੀਆਂ ਸਨ। ਖ਼ੁਸ਼ੀ ਦੀ ਗੱਲ ਤਾਂ ਇਹ ਹੈ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡੇ ʼਤੇ ਮੁਸੀਬਤਾਂ ਕਿਉਂ ਆਉਂਦੀਆਂ ਹਨ ਅਤੇ ਸਾਨੂੰ ਮੁਸੀਬਤਾਂ ਆਉਣ ਤੇ ਕੀ ਕਰਨਾ ਚਾਹੀਦਾ ਹੈ।
ਕੀ ਰੱਬ ਚਾਹੁੰਦਾ ਕਿ ਲੋਕ ਦੁੱਖ ਝੱਲਣ?
ਰੱਬ ਬਾਰੇ ਬਾਈਬਲ ਦੱਸਦੀ ਹੈ: “ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਜੇ ਇਹ ਸੱਚ ਹੈ, ਤਾਂ ਕੀ ਇਹ ਸੋਚਣਾ ਸਹੀ ਹੈ ਕਿ “ਧਰਮੀ ਅਤੇ ਸਚਿਆਰ” ਪਰਮੇਸ਼ੁਰ ਚਾਹੁੰਦਾ ਹੈ ਕਿ ਇਨਸਾਨ ਦੁੱਖ ਝੱਲਣ ਜਾਂ ਉਹ ਇਨਸਾਨਾਂ ʼਤੇ ਮੁਸੀਬਤਾਂ ਲਿਆ ਕੇ ਉਨ੍ਹਾਂ ਨੂੰ ਸਜ਼ਾ ਦਿੰਦਾ ਜਾਂ ਪਰਖਦਾ ਹੈ?
ਇਸ ਦੇ ਉਲਟ ਬਾਈਬਲ ਸਾਨੂੰ ਕਹਿੰਦੀ ਹੈ: “ਜਦੋਂ ਕਿਸੇ ਉੱਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਉਹ ਇਹ ਨਾ ਕਹੇ: ‘ਪਰਮੇਸ਼ੁਰ ਮੇਰੀ ਪਰੀਖਿਆ ਲੈ ਰਿਹਾ ਹੈ।’ ਕਿਉਂਕਿ ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ।” (ਯਾਕੂਬ 1:13) ਅਸਲ ਵਿਚ ਅਸੀਂ ਬਾਈਬਲ ਤੋਂ ਸਿੱਖਦੇ ਹਾਂ ਕਿ ਰੱਬ ਨੇ ਸ਼ੁਰੂ ਵਿਚ ਇਨਸਾਨਾਂ ਨੂੰ ਸਾਰਾ ਕੁਝ ਦਿੱਤਾ ਸੀ। ਉਸ ਨੇ ਪਹਿਲੇ ਇਨਸਾਨੀ ਜੋੜੇ ਆਦਮ ਤੇ ਹੱਵਾਹ ਨੂੰ ਰਹਿਣ ਲਈ ਇਕ ਖ਼ੂਬਸੂਰਤ ਘਰ ਦਿੱਤਾ ਸੀ, ਜੀਉਂਦੇ ਰਹਿਣ ਲਈ ਲੋੜੀਂਦੀ ਹਰ ਚੀਜ਼ ਦਿੱਤੀ ਸੀ ਤੇ ਵਧੀਆ ਕੰਮ ਕਰਨ ਨੂੰ ਦਿੱਤਾ ਸੀ। ਰੱਬ ਨੇ ਉਨ੍ਹਾਂ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” ਇਸ ਤਰ੍ਹਾਂ ਆਦਮ ਤੇ ਹੱਵਾਹ ਕੋਲ ਰੱਬ ਤੋਂ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ ਸੀ।—ਉਤਪਤ 1:28.
ਪਰ ਉਨ੍ਹਾਂ ਦੇ ਹਾਲਾਤਾਂ ਤੇ ਅੱਜ ਦੇ ਹਾਲਾਤਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਅਸਲ ਵਿਚ ਇਤਿਹਾਸ ਗਵਾਹ ਹੈ ਕਿ ਇਨਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਬਾਈਬਲ ਦੀ ਇਹ ਗੱਲ ਬਿਲਕੁਲ ਸਹੀ ਹੈ: “ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ।” (ਰੋਮੀਆਂ 8:22) ਇਸ ਤਰ੍ਹਾਂ ਕਿਉਂ ਹੋਇਆ?
ਦੁੱਖ ਕਿਉਂ ਆਉਂਦੇ ਹਨ?
ਦੁੱਖਾਂ ਦਾ ਕਾਰਨ ਸਮਝਣ ਲਈ ਸਾਨੂੰ ਦੁੱਖਾਂ ਦੀ ਜੜ੍ਹ ਤਕ ਜਾਣ ਦੀ ਲੋੜ ਹੈ। ਇਕ ਦੂਤ ਨੇ ਰੱਬ ਖ਼ਿਲਾਫ਼ ਬਗਾਵਤ ਕੀਤੀ ਜਿਸ ਨੂੰ ਬਾਅਦ ਵਿਚ ਸ਼ੈਤਾਨ ਕਿਹਾ ਜਾਣ ਲੱਗਾ। ਉਸ ਦੀਆਂ ਗੱਲਾਂ ਵਿਚ ਆ ਕੇ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦੇ ਸਹੀ ਤੇ ਗ਼ਲਤ ਬਾਰੇ ਮਿਆਰਾਂ ਦੀ ਉਲੰਘਣਾ ਕੀਤੀ। ਇਹ ਮਿਆਰ ਇਸ ਹੁਕਮ ਤੋਂ ਪਤਾ ਲੱਗਦੇ ਸਨ ਕਿ ਉਹ “ਭਲੇ-ਬੁਰੇ ਦੇ ਸਿਆਣ ਦੇ ਬਿਰਛ” ਤੋਂ ਫਲ ਨਾ ਖਾਣ। ਪਰ ਸ਼ੈਤਾਨ ਨੇ ਹੱਵਾਹ ਨੂੰ ਕਿਹਾ ਕਿ ਜੇ ਉਹ ਰੱਬ ਦਾ ਇਹ ਹੁਕਮ ਨਾ ਮੰਨਣ, ਤਾਂ ਉਹ ਨਹੀਂ ਮਰਨਗੇ। ਇਸ ਤਰ੍ਹਾਂ ਉਸ ਨੇ ਦੋਸ਼ ਲਾਇਆ ਕਿ ਰੱਬ ਝੂਠਾ ਹੈ। ਸ਼ੈਤਾਨ ਨੇ ਇਹ ਵੀ ਦੋਸ਼ ਲਾਇਆ ਕਿ ਰੱਬ ਆਪਣੇ ਲੋਕਾਂ ਨੂੰ ਸਹੀ-ਗ਼ਲਤ ਦਾ ਫ਼ੈਸਲਾ ਕਰਨ ਦੇ ਹੱਕ ਤੋਂ ਵਾਂਝਾ ਰੱਖ ਰਿਹਾ ਸੀ। (ਉਤਪਤ 2:17; 3:1-6) ਸ਼ੈਤਾਨ ਨੇ ਦਾਅਵਾ ਕੀਤਾ ਕਿ ਇਨਸਾਨ ਰੱਬ ਦੀ ਹਕੂਮਤ ਤੋਂ ਬਗੈਰ ਜ਼ਿਆਦਾ ਖ਼ੁਸ਼ ਰਹਿ ਸਕਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਇਹ ਜ਼ਰੂਰੀ ਮੁੱਦਾ ਖੜ੍ਹਾ ਹੋਇਆ, ਕੀ ਪਰਮੇਸ਼ੁਰ ਨੂੰ ਰਾਜ ਕਰਨ ਦਾ ਹੱਕ ਹੈ?
ਸ਼ੈਤਾਨ ਨੇ ਇਕ ਹੋਰ ਮੁੱਦਾ ਖੜ੍ਹਾ ਕੀਤਾ। ਉਸ ਨੇ ਇਨਸਾਨਾਂ ʼਤੇ ਦੋਸ਼ ਲਾਇਆ ਕਿ ਉਹ ਰੱਬ ਦੀ ਭਗਤੀ ਸੁਆਰਥ ਲਈ ਕਰਦੇ ਹਨ। ਵਫ਼ਾਦਾਰ ਅੱਯੂਬ ਬਾਰੇ ਸ਼ੈਤਾਨ ਨੇ ਰੱਬ ਨੂੰ ਕਿਹਾ: “ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? . . . ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!” (ਅੱਯੂਬ 1:10, 11) ਭਾਵੇਂ ਸ਼ੈਤਾਨ ਨੇ ਇਹ ਸ਼ਬਦ ਅੱਯੂਬ ਬਾਰੇ ਕਹੇ ਸਨ, ਪਰ ਉਹ ਅਸਲ ਵਿਚ ਸਾਰੇ ਇਨਸਾਨਾਂ ਦੀ ਗੱਲ ਕਰ ਰਿਹਾ ਸੀ ਕਿ ਉਹ ਰੱਬ ਦੀ ਭਗਤੀ ਸੁਆਰਥ ਲਈ ਕਰਦੇ ਹਨ।
ਰੱਬ ਨੇ ਇਹ ਮੁੱਦੇ ਕਿਵੇਂ ਸੁਲਝਾਏ?
ਇਨ੍ਹਾਂ ਮੁੱਦਿਆਂ ਨੂੰ ਹਮੇਸ਼ਾ ਲਈ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਸੀ? ਰੱਬ, ਜੋ ਅੱਤ ਬੁੱਧੀਮਾਨ ਹੈ, ਨੇ ਸਭ ਤੋਂ ਵਧੀਆ ਹੱਲ ਕੱਢਿਆ ਜਿਸ ਤੋਂ ਸਾਨੂੰ ਨਿਰਾਸ਼ਾ ਨਹੀਂ ਹੁੰਦੀ। (ਰੋਮੀਆਂ 11:33) ਉਸ ਨੇ ਇਨਸਾਨਾਂ ਨੂੰ ਖ਼ੁਦ ਰਾਜ ਕਰਨ ਲਈ ਕੁਝ ਸਮਾਂ ਦੇਣ ਦਾ ਫ਼ੈਸਲਾ ਕੀਤਾ ਜਿਸ ਦੇ ਨਤੀਜਿਆਂ ਤੋਂ ਸਾਬਤ ਹੋ ਜਾਣਾ ਸੀ ਕਿ ਕਿਸ ਦਾ ਰਾਜ ਸਭ ਤੋਂ ਵਧੀਆ ਹੈ।
ਅੱਜ ਧਰਤੀ ʼਤੇ ਮਾੜੇ ਹਾਲਾਤ ਇਸ ਗੱਲ ਦਾ ਸਬੂਤ ਹਨ ਕਿ ਇਨਸਾਨਾਂ ਦੀ ਹਕੂਮਤ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਦੁਨੀਆਂ ਦੀਆਂ ਸਰਕਾਰਾਂ ਨਾ ਸਿਰਫ਼ ਸ਼ਾਂਤੀ, ਸੁਰੱਖਿਆ ਤੇ ਖ਼ੁਸ਼ੀ ਲਿਆਉਣ ਵਿਚ ਨਾਕਾਮ ਹੋਈਆਂ ਹਨ, ਸਗੋਂ ਧਰਤੀ ਨੂੰ ਵੀ ਤਬਾਹੀ ਦੇ ਕੰਢੇ ʼਤੇ ਲਿਆ ਖੜ੍ਹਾ ਕੀਤਾ ਹੈ। ਇਸ ਤੋਂ ਬਾਈਬਲ ਦੀ ਇਹ ਗੱਲ ਸੱਚ ਸਾਬਤ ਹੁੰਦੀ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹਮੇਸ਼ਾ ਦੀ ਸ਼ਾਂਤੀ, ਖ਼ੁਸ਼ੀ ਅਤੇ ਇਨਸਾਨਾਂ ਲਈ ਖ਼ੁਸ਼ਹਾਲੀ ਲਿਆਉਣ ਦੀ ਗਾਰੰਟੀ ਦਿੰਦਾ ਹੈ ਕਿਉਂਕਿ ਪਰਮੇਸ਼ੁਰ ਦਾ ਇਹੀ ਮਕਸਦ ਹੈ।—ਯਸਾਯਾਹ 45:18.
ਤਾਂ ਫਿਰ ਪਰਮੇਸ਼ੁਰ ਇਨਸਾਨਾਂ ਲਈ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ? ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ ਸੀ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:10) ਹਾਂ, ਪਰਮੇਸ਼ੁਰ ਸਮਾਂ ਆਉਣ ਤੇ ਆਪਣੇ ਰਾਜ ਰਾਹੀਂ ਦੁੱਖਾਂ ਦੇ ਸਾਰੇ ਕਾਰਨਾਂ ਨੂੰ ਮਿਟਾ ਦੇਵੇਗਾ। (ਦਾਨੀਏਲ 2:44) ਗ਼ਰੀਬੀ, ਬੀਮਾਰੀਆਂ ਅਤੇ ਮੌਤ ਬੀਤੇ ਜ਼ਮਾਨੇ ਦੀਆਂ ਗੱਲਾਂ ਹੋ ਜਾਣਗੀਆਂ। ਗ਼ਰੀਬਾਂ ਬਾਰੇ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ‘ਦੁਹਾਈ ਦੇਣ ਵਾਲੇ ਕੰਗਾਲ ਨੂੰ ਬਚਾਵੇਗਾ।’ (ਜ਼ਬੂਰਾਂ ਦੀ ਪੋਥੀ 72:12-14) ਬੀਮਾਰਾਂ ਬਾਰੇ ਬਾਈਬਲ ਵਾਅਦਾ ਕਰਦੀ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਮਰੇ ਹੋਏ ਲੋਕਾਂ ਬਾਰੇ, ਜੋ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ, ਯਿਸੂ ਨੇ ਕਿਹਾ: “ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰਨਾ 5:28, 29) ਕਿੰਨੇ ਹੀ ਦਿਲ ਨੂੰ ਛੂਹ ਜਾਣ ਵਾਲੇ ਵਾਅਦੇ!
ਰੱਬ ʼਤੇ ਪੱਕੀ ਨਿਹਚਾ ਰੱਖਣ ਨਾਲ ਸਾਡੀ ਉਸ ਤੋਂ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਦੂਰ ਹੋ ਜਾਂਦੀ ਹੈ
ਨਿਰਾਸ਼ਾ ਦੂਰ ਕਰੋ
ਇਸ ਲੇਖ ਦੇ ਸ਼ੁਰੂ ਵਿਚ ਦੱਸੇ ਸੀਡਨੇ ਨੇ ਆਪਣੇ ਨਾਲ ਹੋਏ ਹਾਦਸੇ ਤੋਂ ਤਕਰੀਬਨ 17 ਸਾਲ ਬਾਅਦ ਕਿਹਾ: “ਮੈਂ ਕਦੀ ਵੀ ਯਹੋਵਾਹ ਨੂੰ ਆਪਣੇ ਹਾਦਸੇ ਦਾ ਕਸੂਰਵਾਰ ਨਹੀਂ ਠਹਿਰਾਇਆ ਪਰ ਮੈਂ ਇਹ ਗੱਲ ਮੰਨਦਾ ਹਾਂ ਕਿ ਪਹਿਲਾਂ ਮੈਂ ਉਸ ਤੋਂ ਨਿਰਾਸ਼ ਹੋ ਗਿਆ ਸੀ। ਕਈ ਵਾਰ ਮੈਂ ਬਹੁਤ ਉਦਾਸ ਹੋ ਜਾਂਦਾ ਤੇ ਰੋਣ ਲੱਗ ਪੈਂਦਾ ਹਾਂ ਜਦੋਂ ਮੈਂ ਸੋਚਦਾ ਹਾਂ ਕਿ ਮੈਂ ਅਪਾਹਜ ਹੋ ਗਿਆ ਹਾਂ। ਪਰ ਬਾਈਬਲ ਤੋਂ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਨਾਲ ਜੋ ਹਾਦਸਾ ਹੋਇਆ ਸੀ, ਉਹ ਰੱਬ ਵੱਲੋਂ ਸਜ਼ਾ ਨਹੀਂ ਸੀ। ਬਾਈਬਲ ਕਹਿੰਦੀ ਹੈ ਕਿ ‘ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।’ ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਬਾਈਬਲ ਵਿੱਚੋਂ ਖ਼ਾਸ ਆਇਤਾਂ ਪੜ੍ਹਨ ਨਾਲ ਮੇਰੀ ਨਿਹਚਾ ਪੱਕੀ ਹੋਈ ਹੈ ਤੇ ਮੈਂ ਚੰਗੀਆਂ ਗੱਲਾਂ ਉੱਤੇ ਮਨ ਲਾਉਂਦਾ ਹਾਂ।”—ਉਪਦੇਸ਼ਕ 9:11, CL; ਜ਼ਬੂਰਾਂ ਦੀ ਪੋਥੀ 145:18; 2 ਕੁਰਿੰਥੀਆਂ 4:8, 9, 16.
ਜਦੋਂ ਅਸੀਂ ਉਨ੍ਹਾਂ ਕਾਰਨਾਂ ਨੂੰ ਚੇਤੇ ਰੱਖਦੇ ਹਾਂ ਕਿ ਰੱਬ ਸਾਡੇ ʼਤੇ ਦੁੱਖ ਕਿਉਂ ਆਉਣ ਦਿੰਦਾ ਹੈ ਅਤੇ ਜਲਦੀ ਹੀ ਇਨ੍ਹਾਂ ਦੇ ਅਸਰਾਂ ਨੂੰ ਕਿਵੇਂ ਖ਼ਤਮ ਕਰੇਗਾ, ਤਾਂ ਸਾਡੀ ਰੱਬ ਤੋਂ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਦੂਰ ਹੋ ਜਾਂਦੀ ਹੈ। ਸਾਨੂੰ ਪੱਕਾ ਯਕੀਨ ਹੈ ਕਿ ਰੱਬ “ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” ਪਰਮੇਸ਼ੁਰ ਅਤੇ ਉਸ ਦੇ ਪੁੱਤਰ ʼਤੇ ਨਿਹਚਾ ਰੱਖਣ ਵਾਲਾ ਕੋਈ ਵੀ ਇਨਸਾਨ ਨਿਰਾਸ਼ ਨਹੀਂ ਹੋਵੇਗਾ।—ਇਬਰਾਨੀਆਂ 11:6; ਰੋਮੀਆਂ 10:11.▪(w15-E 09/01)