ਮੁੱਖ ਪੰਨੇ ਤੋਂ | ਦੁਆ ਕਰਨ ਦਾ ਕੋਈ ਫ਼ਾਇਦਾ ਹੈ?
ਪ੍ਰਾਰਥਨਾ—ਇਸ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?
ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸ਼ਾਇਦ ਤੁਸੀਂ ਸੋਚੋ: ‘ਮੈਨੂੰ ਕੀ ਫ਼ਾਇਦਾ ਹੋਊ?’ ਕੀ ਪ੍ਰਾਰਥਨਾ ਬਾਰੇ ਇਸ ਤਰ੍ਹਾਂ ਸੋਚਣਾ ਸੁਆਰਥ ਦੀ ਗੱਲ ਹੈ? ਜ਼ਰੂਰੀ ਨਹੀਂ। ਅਸੀਂ ਕੁਦਰਤੀ ਤੌਰ ਤੇ ਜਾਣਨਾ ਚਾਹੁੰਦੇ ਹਾਂ ਕਿ ਇਸ ਦਾ ਕੋਈ ਫ਼ਾਇਦਾ ਹੋਵੇਗਾ ਕਿ ਨਹੀਂ। ਇਕ ਵਾਰ ਇਕ ਭਲੇ ਇਨਸਾਨ ਅੱਯੂਬ ਨੇ ਵੀ ਪੁੱਛਿਆ: “ਜੇ ਮੈਂ ਉਸ ਨੂੰ ਪੁਕਾਰਾਂ, ਤਾਂ ਕੀ ਉਹ ਮੈਨੂੰ ਉੱਤਰ ਦੇਵੇਗਾ?”—ਅੱਯੂਬ 9:16, NW.
ਪਿਛਲੇ ਲੇਖਾਂ ਵਿਚ ਅਸੀਂ ਕਈ ਸਬੂਤਾਂ ਤੇ ਗੌਰ ਕੀਤਾ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਾਰਥਨਾ ਕਿਸੇ ਧਾਰਮਿਕ ਰੀਤ ਜਾਂ ਇਲਾਜ ਨਾਲੋਂ ਕਿਤੇ ਵੱਧ ਕੇ ਹੈ। ਸੱਚਾ ਰੱਬ ਸੱਚ-ਮੁੱਚ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਜੇ ਅਸੀਂ ਸਹੀ ਤਰੀਕੇ ਨਾਲ ਅਤੇ ਸਹੀ ਗੱਲਾਂ ਲਈ ਦੁਆ ਕਰਾਂਗੇ, ਤਾਂ ਉਹ ਧਿਆਨ ਦੇਵੇਗਾ। ਅਸਲ ਵਿਚ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ। (ਯਾਕੂਬ 4:8) ਜੇ ਅਸੀਂ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਤਾਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ? ਆਓ ਆਪਾਂ ਕੁਝ ਫ਼ਾਇਦੇ ਦੇਖੀਏ।
ਮਨ ਦੀ ਸ਼ਾਂਤੀ
ਜਦੋਂ ਤੁਹਾਨੂੰ ਮੁਸ਼ਕਲਾਂ ਅਤੇ ਚੁਣੌਤੀਆਂ ਆਉਂਦੀਆਂ ਹਨ, ਤਾਂ ਕੀ ਤੁਸੀਂ ਚਿੰਤਾ ਨਾਲ ਘਿਰ ਜਾਂਦੇ ਹੋ? ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਇੱਦਾਂ ਦੇ ਸਮਿਆਂ ਵਿਚ ‘ਲਗਾਤਾਰ ਪ੍ਰਾਰਥਨਾ ਕਰੀਏ’ ਅਤੇ ‘ਪਰਮੇਸ਼ੁਰ ਨੂੰ ਬੇਨਤੀ ਕਰੀਏ।’ (1 ਥੱਸਲੁਨੀਕੀਆਂ 5:17; ਫ਼ਿਲਿੱਪੀਆਂ 4:6) ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਜੇ ਅਸੀਂ ਰੱਬ ਨੂੰ ਪ੍ਰਾਰਥਨਾ ਕਰੀਏ, ਤਾਂ “ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਮਸੀਹ ਯਿਸੂ ਦੇ ਰਾਹੀਂ [ਸਾਡੇ] ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:7) ਆਪਣੇ ਸਵਰਗੀ ਪਿਤਾ ਅੱਗੇ ਆਪਣਾ ਦਿਲ ਖੋਲ੍ਹਣ ਨਾਲ ਸਾਨੂੰ ਕਾਫ਼ੀ ਹੱਦ ਤਕ ਸਕੂਨ ਮਿਲ ਸਕਦਾ ਹੈ। ਅਸਲ ਵਿਚ ਉਹ ਸਾਨੂੰ ਇਸ ਤਰ੍ਹਾਂ ਕਰਨ ਲਈ ਕਹਿੰਦਾ ਵੀ ਹੈ। ਜ਼ਬੂਰਾਂ ਦੀ ਪੋਥੀ 55:22 ਵਿਚ ਦੱਸਿਆ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”
“ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।”—ਜ਼ਬੂਰਾਂ ਦੀ ਪੋਥੀ 55:22
ਦੁਨੀਆਂ ਭਰ ਵਿਚ ਅਣਗਿਣਤ ਲੋਕਾਂ ਨੂੰ ਪਰਮੇਸ਼ੁਰ ਤੋਂ ਸ਼ਾਂਤੀ ਮਿਲੀ ਹੈ। ਦੱਖਣੀ ਕੋਰੀਆ ਵਿਚ ਰਹਿੰਦਾ ਹੀ ਰਾਨ ਦੱਸਦਾ ਹੈ: “ਭਾਵੇਂ ਮੇਰੀਆਂ ਮੁਸ਼ਕਲਾਂ ਪਹਾੜ ਜਿੱਡੀਆਂ ਕਿਉਂ ਨਾ ਹੋਣ, ਜਦੋਂ ਮੈਂ ਉਨ੍ਹਾਂ ਲਈ ਦੁਆ ਕਰਦਾ ਹਾਂ, ਤਾਂ ਮੇਰੇ ਮਨ ਦਾ ਬੋਝ ਹਲਕਾ ਹੋ ਜਾਂਦਾ ਹੈ ਤੇ ਮੈਨੂੰ ਸਹਿਣ ਦੀ ਤਾਕਤ ਮਿਲਦੀ ਹੈ।” ਫ਼ਿਲਪੀਨ ਵਿਚ ਰਹਿਣ ਵਾਲੀ ਸੇਸੀਲਿਯਾ ਕਹਿੰਦੀ ਹੈ: “ਮਾਂ ਹੋਣ ਦੇ ਨਾਤੇ ਮੈਨੂੰ ਆਪਣੀਆਂ ਧੀਆਂ ਅਤੇ ਆਪਣੀ ਮਾਂ ਦੀ ਬਹੁਤ ਚਿੰਤਾ ਰਹਿੰਦੀ ਹੈ ਜੋ ਗੰਭੀਰ ਬੀਮਾਰੀ ਹੋਣ ਕਰਕੇ ਮੈਨੂੰ ਪਛਾਣ ਨਹੀਂ ਸਕਦੀ। ਪਰ ਪ੍ਰਾਰਥਨਾ ਕਰਨ ਨਾਲ ਮੇਰੀ ਚਿੰਤਾ ਘੱਟ ਜਾਂਦੀ ਹੈ ਤੇ ਮੈਂ ਆਪਣੇ ਰੋਜ਼ਮੱਰਾ ਦੇ ਕੰਮ ਕਰ ਪਾਉਂਦੀ ਹਾਂ। ਮੈਨੂੰ ਪਤਾ ਹੈ ਕਿ ਯਹੋਵਾਹ ਮੇਰੀ ਮਾਂ ਤੇ ਧੀਆਂ ਦੀ ਦੇਖ-ਭਾਲ ਕਰਨ ਵਿਚ ਮੇਰੀ ਮਦਦ ਜ਼ਰੂਰ ਕਰੇਗਾ।”
ਮੁਸ਼ਕਲਾਂ ਸਹਿੰਦੇ ਸਮੇਂ ਦਿਲਾਸਾ ਅਤੇ ਹੌਸਲਾ
ਕੀ ਤੁਸੀਂ ਬਹੁਤ ਜ਼ਿਆਦਾ ਚਿੰਤਾ ਵਿਚ ਹੋ ਜਾਂ ਸ਼ਾਇਦ ਅਜਿਹੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋ ਜਿਨ੍ਹਾਂ ਵਿਚ ਤੁਹਾਡੀ ਜਾਨ ਜਾ ਸਕਦੀ ਹੈ? ‘ਦਿਲਾਸਾ ਦੇਣ ਵਾਲੇ ਪਰਮੇਸ਼ੁਰ’ ਨੂੰ ਪ੍ਰਾਰਥਨਾ ਕਰਕੇ ਸਾਨੂੰ ਬਹੁਤ ਸਕੂਨ ਮਿਲ ਸਕਦਾ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰਥੀਆਂ 1:3, 4) ਮਿਸਾਲ ਲਈ, ਇਕ ਸਮੇਂ ਤੇ ਜਦੋਂ ਯਿਸੂ ਬਹੁਤ ਜ਼ਿਆਦਾ ਦੁਖੀ ਸੀ, ਤਾਂ ਉਸ ਨੇ ‘ਜ਼ਮੀਨ ਉੱਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ।’ ਨਤੀਜਾ ਕੀ ਨਿਕਲਿਆ? “ਸਵਰਗੋਂ ਇਕ ਦੂਤ ਨੇ ਪ੍ਰਗਟ ਹੋ ਕੇ ਉਸ ਨੂੰ ਹੌਸਲਾ ਦਿੱਤਾ।” (ਲੂਕਾ 22:41, 43) ਇਕ ਹੋਰ ਵਫ਼ਾਦਾਰ ਆਦਮੀ ਨਹਮਯਾਹ ਨੂੰ ਬੁਰੇ ਲੋਕ ਧਮਕੀਆਂ ਦੇ ਰਹੇ ਸਨ ਜਿਨ੍ਹਾਂ ਨੇ ਉਸ ਨੂੰ ਰੱਬ ਦਾ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਲਈ ਨਹਮਯਾਹ ਨੇ ਦੁਆ ਕੀਤੀ: “ਹੁਣ (ਹੇ ਪਰਮੇਸ਼ੁਰ) ਮੇਰੇ ਹੱਥਾਂ ਨੂੰ ਤਕੜੇ ਕਰ!” ਇਕ ਤੋਂ ਬਾਅਦ ਇਕ ਹੋਈਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਨੇ ਉਸ ਦੀ ਮਦਦ ਕਰ ਕੇ ਉਸ ਦੇ ਡਰ ਨੂੰ ਦੂਰ ਕੀਤਾ ਅਤੇ ਉਸ ਦੇ ਕੰਮ ਨੂੰ ਸਿਰੇ ਚਾੜ੍ਹਿਆ। (ਨਹਮਯਾਹ 6:9-16) ਘਾਨਾ ਦਾ ਰੇਜਨਲਡ ਦੱਸਦਾ ਹੈ ਕਿ ਪ੍ਰਾਰਥਨਾ ਕਰਕੇ ਉਸ ਨੂੰ ਕੀ ਤਜਰਬਾ ਹੋਇਆ: “ਖ਼ਾਸਕਰ ਔਖੀਆਂ ਘੜੀਆਂ ਵਿਚ ਪ੍ਰਾਰਥਨਾ ਕਰ ਕੇ ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਮੈਂ ਆਪਣੀ ਸਮੱਸਿਆ ਉਸ ਵਿਅਕਤੀ ਨੂੰ ਦੱਸੀ ਹੋਵੇ ਜੋ ਮੇਰੀ ਮਦਦ ਕਰ ਸਕਦਾ ਹੈ ਤੇ ਮੈਨੂੰ ਭਰੋਸਾ ਦਿਵਾਉਂਦਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ।” ਹਾਂ, ਰੱਬ ਸਾਨੂੰ ਵੀ ਦਿਲਾਸਾ ਦੇ ਸਕਦਾ ਹੈ ਜਦੋਂ ਅਸੀਂ ਉਸ ਨੂੰ ਪ੍ਰਾਰਥਨਾ ਕਰਦੇ ਹਾਂ।
ਰੱਬ ਦੀ ਬੁੱਧ
ਸਾਡੇ ਕੁਝ ਫ਼ੈਸਲਿਆਂ ਦਾ ਸਾਡੇ ਅਤੇ ਸਾਡੇ ਆਪਣਿਆਂ ʼਤੇ ਉਮਰ ਭਰ ਲਈ ਅਸਰ ਪੈ ਸਕਦਾ ਹੈ। ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ? ਬਾਈਬਲ ਕਹਿੰਦੀ ਹੈ: “ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ [ਖ਼ਾਸ ਕਰਕੇ ਮੁਸ਼ਕਲਾਂ ਸਹਿੰਦੇ ਸਮੇਂ], ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ ਅਤੇ ਉਸ ਨੂੰ ਬੁੱਧ ਦਿੱਤੀ ਜਾਵੇਗੀ ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।” (ਯਾਕੂਬ 1:5) ਜੇ ਅਸੀਂ ਬੁੱਧ ਲਈ ਦੁਆ ਕਰਦੇ ਹਾਂ, ਤਾਂ ਪਰਮੇਸ਼ੁਰ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਸਹੀ ਫ਼ੈਸਲੇ ਕਰਨ ਲਈ ਸੇਧ ਦੇਵੇਗਾ। ਇਸ ਲਈ ਅਸੀਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰ ਸਕਦੇ ਹਾਂ ਕਿਉਂਕਿ ਯਿਸੂ ਭਰੋਸਾ ਦਿਵਾਉਂਦਾ ਹੈ: “ਤੁਹਾਡਾ ਪਿਤਾ, ਜੋ ਸਵਰਗ ਵਿਚ ਹੈ, ਮੰਗਣ ਤੇ ਤੁਹਾਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ!”—ਲੂਕਾ 11:13.
“ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਹੀ ਫ਼ੈਸਲਾ ਕਰਨ ਵਿਚ ਮੇਰੀ ਮਦਦ ਕਰੇ।”—ਕਵਾਬੇਨਾ, ਘਾਨਾ
ਯਿਸੂ ਨੂੰ ਵੀ ਜ਼ਰੂਰੀ ਫ਼ੈਸਲੇ ਕਰਨ ਲਈ ਆਪਣੇ ਪਿਤਾ ਤੋਂ ਮਦਦ ਦੀ ਲੋੜ ਪਈ। ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਯਿਸੂ ਨੇ 12 ਆਦਮੀਆਂ ਦੀ ਚੋਣ ਕਰਨੀ ਸੀ ਜਿਨ੍ਹਾਂ ਨੇ ਉਸ ਦੇ ਰਸੂਲਾਂ ਵਜੋਂ ਸੇਵਾ ਕਰਨੀ ਸੀ, ਤਾਂ ਉਹ “ਸਾਰੀ ਰਾਤ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਰਿਹਾ।”—ਲੂਕਾ 6:12.
ਯਿਸੂ ਵਾਂਗ ਅੱਜ ਵੀ ਬਹੁਤ ਸਾਰੇ ਲੋਕਾਂ ਦਾ ਭਰੋਸਾ ਵਧਿਆ ਹੈ ਜਦੋਂ ਉਨ੍ਹਾਂ ਨੇ ਦੇਖਿਆ ਕਿ ਕਿੱਦਾਂ ਰੱਬ ਨੇ ਉਨ੍ਹਾਂ ਦੀ ਸਹੀ ਫ਼ੈਸਲੇ ਲੈਣ ਵਿਚ ਮਦਦ ਕੀਤੀ। ਫ਼ਿਲਪੀਨ ਵਿਚ ਰਹਿੰਦੀ ਰੇਜੀਨਾ ਆਪਣੀਆਂ ਬਹੁਤ ਸਾਰੀਆਂ ਮੁਸ਼ਕਲਾਂ ਬਾਰੇ ਦੱਸਦੀ ਹੈ ਜਿਵੇਂ ਪਤੀ ਦੀ ਮੌਤ ਤੋਂ ਬਾਅਦ ਖ਼ੁਦ ਘਰ ਦਾ ਗੁਜ਼ਾਰਾ ਤੋਰਨਾ, ਨੌਕਰੀ ਦਾ ਛੁੱਟਣਾ ਅਤੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਆਉਂਦੀ ਮੁਸ਼ਕਲ। ਕਿਹੜੀ ਗੱਲ ਨੇ ਉਸ ਦੀ ਸਹੀ ਫ਼ੈਸਲੇ ਲੈਣ ਵਿਚ ਮਦਦ ਕੀਤੀ? ਉਹ ਕਹਿੰਦੀ ਹੈ: “ਮੈਂ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਦਦ ਮੰਗਦੀ ਹਾਂ।” ਘਾਨਾ ਵਿਚ ਰਹਿੰਦਾ ਕਵਾਬੇਨਾ ਦੱਸਦਾ ਹੈ ਕਿ ਉਸ ਨੇ ਕਿਉਂ ਰੱਬ ਦੀ ਮਦਦ ਮੰਗੀ: “ਮੇਰਾ ਉਸਾਰੀ ਦਾ ਕੰਮ ਛੁੱਟ ਗਿਆ ਜਿਸ ਵਿਚ ਮੈਨੂੰ ਚੰਗੀ-ਖ਼ਾਸੀ ਤਨਖ਼ਾਹ ਮਿਲਦੀ ਸੀ।” ਉਹ ਕਹਿੰਦਾ ਹੈ ਕਿ ਕੰਮ ਚੁਣਨ ਦੇ ਮਾਮਲੇ ਵਿਚ “ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਹੀ ਫ਼ੈਸਲਾ ਕਰਨ ਵਿਚ ਮੇਰੀ ਮਦਦ ਕਰੇ।” ਉਹ ਅੱਗੇ ਕਹਿੰਦਾ ਹੈ: “ਮੈਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਨੇ ਮੇਰੀ ਅਜਿਹੀ ਨੌਕਰੀ ਲੱਭਣ ਵਿਚ ਮਦਦ ਕੀਤੀ ਜਿਸ ਨਾਲ ਮੇਰੀਆਂ ਭੌਤਿਕ ਲੋੜਾਂ ਪੂਰੀਆਂ ਹੁੰਦੀਆਂ ਹਨ ਅਤੇ ਮੈਂ ਪਰਮੇਸ਼ੁਰ ਦੇ ਕੰਮ ਵੀ ਕਰ ਪਾਉਂਦਾ ਹਾਂ।” ਤੁਹਾਨੂੰ ਵੀ ਉਨ੍ਹਾਂ ਮਾਮਲਿਆਂ ਬਾਰੇ ਰੱਬ ਤੋਂ ਸੇਧ ਮਿਲ ਸਕਦੀ ਹੈ ਜਿਨ੍ਹਾਂ ਦਾ ਰੱਬ ਨਾਲ ਤੁਹਾਡੇ ਰਿਸ਼ਤੇ ʼਤੇ ਅਸਰ ਪੈ ਸਕਦਾ ਹੈ।
ਅਸੀਂ ਕੁਝ ਹੀ ਗੱਲਾਂ ਦੇਖੀਆਂ ਹਨ ਜਿਨ੍ਹਾਂ ਵਿਚ ਪ੍ਰਾਰਥਨਾ ਸਾਡੀ ਮਦਦ ਕਰ ਸਕਦੀ ਹੈ। (ਹੋਰ ਮਿਸਾਲਾਂ ਲਈ “ਪ੍ਰਾਰਥਨਾ ਦੇ ਫ਼ਾਇਦੇ” ਨਾਂ ਦੀ ਡੱਬੀ ਦੇਖੋ।) ਪਰ ਇਹ ਫ਼ਾਇਦੇ ਲੈਣ ਲਈ ਤੁਹਾਨੂੰ ਪਹਿਲਾਂ ਰੱਬ ਅਤੇ ਉਸ ਦੀ ਇੱਛਾ ਬਾਰੇ ਜਾਣਨ ਦੀ ਲੋੜ ਹੈ। ਜੇ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਲਈ ਉਤਸ਼ਾਹਿਤ ਕਰਦੇ ਹਾਂ ਜੋ ਤੁਹਾਨੂੰ ਬਾਈਬਲ ਵਿੱਚੋਂ ਸਿੱਖਿਆ ਦੇਣਗੇ।a ਇਹ “ਪ੍ਰਾਰਥਨਾ ਦੇ ਸੁਣਨ ਵਾਲੇ” ਦੇ ਨੇੜੇ ਜਾਣ ਦਾ ਤੁਹਾਡਾ ਪਹਿਲਾ ਕਦਮ ਹੋ ਸਕਦਾ ਹੈ।—ਜ਼ਬੂਰਾਂ ਦੀ ਪੋਥੀ 65:2. ▪ (w15-E 10/01)
a ਹੋਰ ਜਾਣਕਾਰੀ ਲਈ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨੂੰ ਮਿਲੋ ਜਾਂ ਸਾਡੀ ਵੈੱਬਸਾਈਟ www.jw.org/pa ʼਤੇ ਜਾਓ।