“ਅਸੀਂ ਤੁਹਾਡੇ ਨਾਲ ਚੱਲਾਂਗੇ”
“ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”—ਜ਼ਕ. 8:23.
1, 2. (ੳ) ਯਹੋਵਾਹ ਨੇ ਸਾਡੇ ਸਮੇਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ? (ਅ) ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਯਹੋਵਾਹ ਨੇ ਸਾਡੇ ਸਮੇਂ ਬਾਰੇ ਇਹ ਭਵਿੱਖਬਾਣੀ ਕੀਤੀ ਸੀ: “ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!” (ਜ਼ਕ. 8:23) “ਇੱਕ ਯਹੂਦੀ” ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। ਇਨ੍ਹਾਂ ਨੂੰ ‘ਪਰਮੇਸ਼ੁਰ ਦਾ ਇਜ਼ਰਾਈਲ’ ਵੀ ਕਿਹਾ ਜਾਂਦਾ ਹੈ। (ਗਲਾ. 6:16) “ਦਸ ਮਨੁੱਖ” ਧਰਤੀ ʼਤੇ ਹਮੇਸ਼ਾ ਰਹਿਣ ਵਾਲੇ ਲੋਕਾਂ ਨੂੰ ਦਰਸਾਉਂਦੇ ਹਨ। ਇਹ ਲੋਕ ਜਾਣਦੇ ਹਨ ਕਿ ਯਹੋਵਾਹ ਦੀ ਮਿਹਰ ਚੁਣੇ ਹੋਏ ਮਸੀਹੀਆਂ ʼਤੇ ਹੈ ਅਤੇ ਇਹ ਉਨ੍ਹਾਂ ਨਾਲ ਮਿਲ ਕੇ ਭਗਤੀ ਕਰਨ ਨੂੰ ਸਨਮਾਨ ਸਮਝਦੇ ਹਨ।
2 ਨਬੀ ਜ਼ਕਰਯਾਹ ਦੀ ਤਰ੍ਹਾਂ ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦੇ ਲੋਕਾਂ ਵਿਚ ਏਕਾ ਹੋਵੇਗਾ। ਉਸ ਨੇ ਦੱਸਿਆ ਕਿ ਉਸ ਦੇ ਚੇਲਿਆਂ ਦੇ ਦੋ ਗਰੁੱਪ ਹੋਣਗੇ, ਇਕ “ਛੋਟਾ ਝੁੰਡ” ਅਤੇ ਦੂਜਾ “ਹੋਰ ਭੇਡਾਂ।” ਪਰ ਉਸ ਨੇ ਕਿਹਾ ਕਿ ਉਹ “ਇੱਕੋ ਝੁੰਡ” ਵਿਚ ਹੋਣਗੇ ਅਤੇ “ਉਨ੍ਹਾਂ ਦਾ ਇੱਕੋ ਚਰਵਾਹਾ ਹੋਵੇਗਾ।” (ਲੂਕਾ 12:32; ਯੂਹੰ. 10:16) ਦੋ ਗਰੁੱਪ ਹੋਣ ਕਰਕੇ ਸ਼ਾਇਦ ਇਹ ਸਵਾਲ ਖੜ੍ਹੇ ਹੋਣ: (1) ਕੀ ਹੋਰ ਭੇਡਾਂ ਦੇ ਲੋਕਾਂ ਨੂੰ ਅੱਜ ਧਰਤੀ ʼਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਦੇ ਨਾਂ ਜਾਣਨ ਦੀ ਲੋੜ ਹੈ? (2) ਚੁਣੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? (3) ਜੇ ਤੁਹਾਡੀ ਮੰਡਲੀ ਵਿਚ ਕੋਈ ਜਣਾ ਮੈਮੋਰੀਅਲ ʼਤੇ ਰੋਟੀ ਅਤੇ ਦਾਖਰਸ ਲੈਣਾ ਸ਼ੁਰੂ ਕਰਦਾ ਹੈ, ਤਾਂ ਤੁਹਾਨੂੰ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (4) ਕੀ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਹੈ ਕਿ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ? ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਕੀ ਸਾਨੂੰ ਅੱਜ ਧਰਤੀ ʼਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਦੇ ਨਾਂ ਜਾਣਨ ਦੀ ਲੋੜ ਹੈ?
3. ਅਸੀਂ ਪੱਕੀ ਤਰ੍ਹਾਂ ਕਿਉਂ ਨਹੀਂ ਕਹਿ ਸਕਦੇ ਕਿ ਕਿਹੜੇ ਮਸੀਹੀ 1,44,000 ਵਿਚ ਹੋਣਗੇ?
3 ਕੀ ਹੋਰ ਭੇਡਾਂ ਦੇ ਲੋਕਾਂ ਨੂੰ ਅੱਜ ਧਰਤੀ ʼਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਦੇ ਨਾਂ ਜਾਣਨ ਦੀ ਲੋੜ ਹੈ? ਨਹੀਂ। ਕਿਉਂ? ਕਿਉਂਕਿ ਕੋਈ ਵੀ ਪੱਕੀ ਤਰ੍ਹਾਂ ਨਹੀਂ ਜਾਣ ਸਕਦਾ ਕਿ ਹਰ ਚੁਣੇ ਹੋਏ ਮਸੀਹੀ ਨੂੰ ਉਸ ਦਾ ਇਨਾਮ ਮਿਲੇਗਾ ਕਿ ਨਹੀਂ। ਭਾਵੇਂ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਵਰਗ ਜਾਣ ਦਾ ਸੱਦਾ ਦਿੱਤਾ ਹੈ, ਪਰ ਵਫ਼ਾਦਾਰ ਰਹਿਣ ਕਰਕੇ ਹੀ ਉਨ੍ਹਾਂ ਨੂੰ ਇਨਾਮ ਮਿਲੇਗਾ। ਸ਼ੈਤਾਨ ਇਹ ਗੱਲ ਜਾਣਦਾ ਹੈ, ਇਸ ਲਈ ਉਹ ‘ਝੂਠੇ ਨਬੀਆਂ’ ਰਾਹੀਂ ਉਨ੍ਹਾਂ ਨੂੰ “ਗੁਮਰਾਹ ਕਰਨ” ਦੀ ਕੋਸ਼ਿਸ਼ ਕਰਦਾ ਹੈ। (ਮੱਤੀ 24:24) ਚੁਣੇ ਹੋਏ ਮਸੀਹੀ ਉਦੋਂ ਤਕ ਪੱਕਾ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੂੰ ਇਨਾਮ ਮਿਲੇਗਾ ਜਦੋਂ ਤਕ ਯਹੋਵਾਹ ਉਨ੍ਹਾਂ ਨੂੰ ਵਫ਼ਾਦਾਰ ਨਹੀਂ ਠਹਿਰਾ ਦਿੰਦਾ। ਯਹੋਵਾਹ ਉਨ੍ਹਾਂ ʼਤੇ ਆਖ਼ਰੀ ਮੋਹਰ ਉਨ੍ਹਾਂ ਦੇ ਮਰਨ ਤੋਂ ਥੋੜ੍ਹੀ ਦੇਰ ਪਹਿਲਾਂ ਲਾਉਂਦਾ ਹੈ ਜਾਂ “ਮਹਾਂਕਸ਼ਟ” ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਲਾਵੇਗਾ।—ਪ੍ਰਕਾ. 2:10; 7:3, 14..[1]
4. ਜੇ ਅਸੀਂ ਧਰਤੀ ʼਤੇ ਰਹਿਣ ਵਾਲੇ ਸਾਰੇ ਚੁਣੇ ਹੋਏ ਮਸੀਹੀਆਂ ਦੇ ਨਾਂ ਨਹੀਂ ਜਾਣ ਸਕਦੇ, ਤਾਂ ਅਸੀਂ ਉਨ੍ਹਾਂ ਦੇ ਨਾਲ ਕਿਵੇਂ ‘ਚੱਲ’ ਸਕਦੇ ਹਾਂ?
4 ਸੋ ਜੇ ਹੋਰ ਭੇਡਾਂ ਦੇ ਲੋਕ ਧਰਤੀ ʼਤੇ ਰਹਿਣ ਵਾਲੇ ਸਾਰੇ ਚੁਣੇ ਹੋਏ ਮਸੀਹੀਆਂ ਦੇ ਨਾਂ ਨਹੀਂ ਜਾਣ ਸਕਦੇ, ਤਾਂ ਉਹ ਉਨ੍ਹਾਂ ਦੇ ਨਾਲ ਕਿਵੇਂ ‘ਚੱਲ’ ਸਕਦੇ ਹਨ? ਬਾਈਬਲ ਦੱਸਦੀ ਹੈ ਕਿ ‘ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!’ ਭਾਵੇਂ ਕਿ ਆਇਤ ਵਿਚ ਇਕ ਯਹੂਦੀ ਲਿਖਿਆ ਗਿਆ ਹੈ, ਪਰ ਇੱਥੇ ਇਕ ਆਦਮੀ ਦੀ ਗੱਲ ਨਹੀਂ ਕੀਤੀ ਗਈ। ਇੱਥੇ ਇਕ ਯਹੂਦੀ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। ਹੋਰ ਭੇਡਾਂ ਇਹ ਗੱਲ ਜਾਣਦੀਆਂ ਹਨ ਅਤੇ ਉਹ ਇਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੀਆਂ ਹਨ। ਚੁਣੇ ਹੋਏ ਮਸੀਹੀਆਂ ਦੇ ਨਾਲ-ਨਾਲ ਚੱਲਣ ਲਈ ਸਾਨੂੰ ਇਨ੍ਹਾਂ ਸਾਰਿਆਂ ਦੇ ਨਾਂ ਜਾਣਨ ਦੀ ਲੋੜ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਸਾਡਾ ਆਗੂ ਹੈ, ਨਾ ਕਿ ਕੋਈ ਇਨਸਾਨ।—ਮੱਤੀ 23:10.
ਚੁਣੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
5. ਚੁਣੇ ਹੋਏ ਮਸੀਹੀਆਂ ਨੂੰ ਕਿਹੜੀ ਚੇਤਾਵਨੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਕਿਉਂ?
5 ਚੁਣੇ ਹੋਏ ਮਸੀਹੀਆਂ ਨੂੰ 1 ਕੁਰਿੰਥੀਆਂ 11:27-29 (ਪੜ੍ਹੋ) ਵਿਚ ਦਿੱਤੀ ਚੇਤਾਵਨੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੌਲੁਸ ਰਸੂਲ ਇੱਥੇ ਕੀ ਕਹਿਣਾ ਚਾਹੁੰਦਾ ਹੈ? ਜੇ ਇਕ ਚੁਣੇ ਹੋਏ ਮਸੀਹੀ ਨੇ ਯਹੋਵਾਹ ਨਾਲ ਵਧੀਆ ਰਿਸ਼ਤਾ ਕਾਇਮ ਨਹੀਂ ਰੱਖਿਆ, ਤਾਂ ਉਹ ਮੈਮੋਰੀਅਲ ʼਤੇ ਰੋਟੀ ਤੇ ਦਾਖਰਸ ਲੈਣ ਦੇ ‘ਯੋਗ ਨਹੀਂ’ ਹੈ। (ਇਬ. 6:4-6; 10:26-29) ਇਹ ਸਖ਼ਤ ਚੇਤਾਵਨੀ ਚੁਣੇ ਹੋਏ ਮਸੀਹੀਆਂ ਨੂੰ ਯਾਦ ਕਰਾਉਂਦੀ ਹੈ ਕਿ ਜੇ ਉਹ “ਮਸੀਹ ਯਿਸੂ ਰਾਹੀਂ ਦਿੱਤੇ ਗਏ ਪਰਮੇਸ਼ੁਰ ਦੇ ਸਵਰਗੀ ਸੱਦੇ ਦਾ ਇਨਾਮ ਹਾਸਲ” ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਵਫ਼ਾਦਾਰ ਰਹਿਣਾ ਚਾਹੀਦਾ ਹੈ।—ਫ਼ਿਲਿ. 3:13-16.
6. ਚੁਣੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
6 ਪੌਲੁਸ ਰਸੂਲ ਨੇ ਚੁਣੇ ਹੋਏ ਮਸੀਹੀਆਂ ਨੂੰ ਕਿਹਾ: “ਮੈਂ, ਜੋ ਪ੍ਰਭੂ ਦੀ ਖ਼ਾਤਰ ਕੈਦੀ ਹਾਂ, ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਚਾਲ-ਚਲਣ ਉਸ ਸੱਦੇ ਦੇ ਯੋਗ ਹੋਵੇ ਜੋ ਤੁਹਾਨੂੰ ਦਿੱਤਾ ਗਿਆ ਹੈ।” ਉਹ ਇਹ ਕਿਸ ਤਰ੍ਹਾਂ ਕਰ ਸਕਦੇ ਹਨ? ਪੌਲੁਸ ਨੇ ਸਮਝਾਇਆ: “ਤੁਸੀਂ ਪੂਰੀ ਨਿਮਰਤਾ, ਨਰਮਾਈ ਅਤੇ ਧੀਰਜ ਨਾਲ ਪੇਸ਼ ਆਓ, ਪਿਆਰ ਨਾਲ ਇਕ-ਦੂਜੇ ਦੀ ਸਹਿ ਲਵੋ, ਅਤੇ ਇਕ-ਦੂਜੇ ਨਾਲ ਬਣਾ ਕੇ ਰੱਖੋ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।” (ਅਫ਼. 4:1-3) ਯਹੋਵਾਹ ਦੀ ਪਵਿੱਤਰ ਸ਼ਕਤੀ ਆਪਣੇ ਸੇਵਕਾਂ ਦੀ ਘਮੰਡੀ ਬਣਨ ਵਿਚ ਨਹੀਂ, ਸਗੋਂ ਨਿਮਰ ਬਣਨ ਵਿਚ ਮਦਦ ਕਰਦੀ ਹੈ। (ਕੁਲੁ. 3:12) ਇਸ ਲਈ ਚੁਣੇ ਹੋਏ ਮਸੀਹੀ ਇਹ ਨਹੀਂ ਸੋਚਦੇ ਕਿ ਉਹ ਦੂਜਿਆਂ ਨਾਲੋਂ ਵੱਡੇ ਹਨ। ਨਾਲੇ ਉਹ ਇਹ ਦਾਅਵਾ ਨਹੀਂ ਕਰਦੇ ਕਿ ਉਨ੍ਹਾਂ ਕੋਲ ਖ਼ਾਸ ਗਿਆਨ ਹੈ ਜਾਂ ਉਨ੍ਹਾਂ ਨੂੰ ਦਰਸ਼ਣ ਦਿਖਾਏ ਜਾਂਦੇ ਹਨ। ਉਹ ਇਹ ਗੱਲ ਖੁੱਲ੍ਹੇ-ਆਮ ਮੰਨਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਯਹੋਵਾਹ ਦੇ ਬਾਕੀ ਸੇਵਕਾਂ ਨਾਲੋਂ ਜ਼ਿਆਦਾ ਪਵਿੱਤਰ ਸ਼ਕਤੀ ਮਿਲਦੀ ਹੈ। ਇਸ ਤੋਂ ਇਲਾਵਾ, ਉਹ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਉਸ ਨੂੰ ਵੀ ਚੁਣਿਆ ਗਿਆ ਹੈ ਅਤੇ ਉਸ ਨੂੰ ਵੀ ਮੈਮੋਰੀਅਲ ʼਤੇ ਰੋਟੀ ਅਤੇ ਦਾਖਰਸ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਦੀ ਬਜਾਇ, ਉਹ ਨਿਮਰ ਹਨ ਅਤੇ ਜਾਣਦੇ ਹਨ ਕਿ ਸਿਰਫ਼ ਯਹੋਵਾਹ ਹੀ ਕਿਸੇ ਨੂੰ ਸਵਰਗ ਜਾਣ ਦਾ ਸੱਦਾ ਦਿੰਦਾ ਹੈ।
7, 8. ਚੁਣੇ ਹੋਏ ਮਸੀਹੀ ਕੀ ਉਮੀਦ ਨਹੀਂ ਰੱਖਦੇ ਅਤੇ ਕਿਉਂ?
7 ਭਾਵੇਂ ਕਿ ਸਵਰਗ ਜਾਣ ਦਾ ਸੱਦਾ ਇਕ ਸ਼ਾਨਦਾਰ ਸਨਮਾਨ ਹੈ, ਫਿਰ ਵੀ ਚੁਣੇ ਹੋਏ ਮਸੀਹੀ ਇਹ ਉਮੀਦ ਨਹੀਂ ਰੱਖਦੇ ਕਿ ਉਨ੍ਹਾਂ ਨੂੰ ਬਾਕੀਆਂ ਨਾਲੋਂ ਜ਼ਿਆਦਾ ਆਦਰ ਦਿੱਤਾ ਜਾਵੇ। (ਅਫ਼. 1:18, 19; ਫ਼ਿਲਿੱਪੀਆਂ 2:2, 3 ਪੜ੍ਹੋ।) ਉਹ ਇਹ ਵੀ ਜਾਣਦੇ ਹਨ ਕਿ ਜਦੋਂ ਉਨ੍ਹਾਂ ਨੂੰ ਚੁਣਿਆ ਗਿਆ ਸੀ, ਤਾਂ ਪੂਰੀ ਦੁਨੀਆਂ ਵਿਚ ਇਸ ਦਾ ਐਲਾਨ ਨਹੀਂ ਕੀਤਾ ਗਿਆ ਸੀ। ਇਸ ਲਈ ਚੁਣੇ ਹੋਏ ਮਸੀਹੀਆਂ ਨੂੰ ਹੈਰਾਨੀ ਨਹੀਂ ਹੁੰਦੀ ਜਦੋਂ ਕੁਝ ਲੋਕ ਇਹ ਵਿਸ਼ਵਾਸ ਨਹੀਂ ਕਰਦੇ ਕਿ ਉਹ ਚੁਣੇ ਗਏ ਹਨ। ਦਰਅਸਲ ਚੁਣੇ ਹੋਇਆਂ ਨੂੰ ਪਤਾ ਹੈ ਕਿ ਬਾਈਬਲ ਅਨੁਸਾਰ ਕਿਸੇ ਵੀ ਮਸੀਹੀ ਨੂੰ ਉਸ ਇਨਸਾਨ ʼਤੇ ਇਕਦਮ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੋ ਕਹਿੰਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਖ਼ਾਸ ਕੰਮ ਲਈ ਚੁਣਿਆ ਹੈ। (ਪ੍ਰਕਾ. 2:2) ਚੁਣਿਆ ਹੋਏ ਮਸੀਹੀ ਇਹ ਨਹੀਂ ਚਾਹੁੰਦੇ ਕਿ ਭੈਣ-ਭਰਾ ਉਨ੍ਹਾਂ ਵੱਲ ਜ਼ਿਆਦਾ ਧਿਆਨ ਦੇਣ। ਇਸ ਕਰਕੇ ਉਹ ਲੋਕਾਂ ਨੂੰ ਮਿਲਦਿਆਂ ਹੀ ਨਹੀਂ ਦੱਸ ਦਿੰਦੇ ਕਿ ਉਹ ਚੁਣੇ ਹੋਏ ਹਨ। ਸ਼ਾਇਦ ਉਹ ਕਿਸੇ ਨੂੰ ਵੀ ਨਾ ਦੱਸਣ। ਨਾਲੇ ਉਹ ਇਹ ਸ਼ੇਖ਼ੀਆਂ ਵੀ ਨਹੀਂ ਮਾਰਦੇ ਕਿ ਉਹ ਸਵਰਗ ਜਾਣ ਤੋਂ ਬਾਅਦ ਕਿਹੜੇ-ਕਿਹੜੇ ਸ਼ਾਨਦਾਰ ਕੰਮ ਕਰਨਗੇ।—1 ਕੁਰਿੰ. 1:28, 29; 1 ਕੁਰਿੰਥੀਆਂ 4:6-8 ਪੜ੍ਹੋ।
8 ਨਾਲੇ ਚੁਣੇ ਹੋਏ ਮਸੀਹੀ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੂੰ ਸਿਰਫ਼ ਚੁਣੇ ਹੋਇਆਂ ਨਾਲ ਹੀ ਸਮਾਂ ਬਿਤਾਉਣਾ ਚਾਹੀਦਾ ਹੈ। ਉਹ ਹੋਰ ਚੁਣੇ ਹੋਏ ਮਸੀਹੀਆਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂਕਿ ਉਹ ਸਵਰਗੀ ਉਮੀਦ ਬਾਰੇ ਗੱਲ ਕਰ ਸਕਣ ਜਾਂ ਇਕ ਗਰੁੱਪ ਵਜੋਂ ਬਾਈਬਲ ਦੀ ਸਟੱਡੀ ਕਰ ਸਕਣ। (ਗਲਾ. 1:15-17) ਜੇ ਚੁਣੇ ਹੋਏ ਮਸੀਹੀ ਇਸ ਤਰ੍ਹਾਂ ਕਰਨਗੇ, ਤਾਂ ਮੰਡਲੀ ਦੀ ਸ਼ਾਂਤੀ ਭੰਗ ਹੋ ਜਾਵੇਗੀ। ਉਹ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਕੰਮ ਕਰ ਰਹੇ ਹੋਣਗੇ ਜੋ ਪਰਮੇਸ਼ੁਰ ਦੇ ਲੋਕਾਂ ਵਿਚ ਸ਼ਾਂਤੀ ਅਤੇ ਏਕਤਾ ਬਣਾ ਕੇ ਰੱਖਦੀ ਹੈ।—ਰੋਮੀਆਂ 16:17, 18 ਪੜ੍ਹੋ।
ਤੁਹਾਨੂੰ ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
9. ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਨਾਲ ਪੇਸ਼ ਆਉਂਦਿਆਂ ਸਾਨੂੰ ਕਿਉਂ ਧਿਆਨ ਰੱਖਣ ਦੀ ਲੋੜ ਹੈ? (“ਪਿਆਰ ‘ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ’” ਨਾਂ ਦੀ ਡੱਬੀ ਦੇਖੋ।)
9 ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਨਾਲ ਤੁਹਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਸਾਰੇ ਜਣੇ ਭਰਾ ਹੋ।” ਉਸ ਨੇ ਅੱਗੇ ਕਿਹਾ: “ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।” (ਮੱਤੀ 23:8-12) ਇਸ ਲਈ ਕਿਸੇ ਵੀ ਇਨਸਾਨ ਨੂੰ ਉੱਚਾ ਚੁੱਕਣਾ ਗ਼ਲਤ ਹੈ, ਭਾਵੇਂ ਉਹ ਮਸੀਹ ਦੇ ਚੁਣੇ ਹੋਏ ਭਰਾ ਹੀ ਕਿਉਂ ਨਾ ਹੋਣ। ਜਦੋਂ ਬਾਈਬਲ ਬਜ਼ੁਰਗਾਂ ਬਾਰੇ ਗੱਲ ਕਰਦੀ ਹੈ, ਤਾਂ ਇਹ ਸਾਨੂੰ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। ਪਰ ਇਹ ਕਦੇ ਨਹੀਂ ਕਹਿੰਦੀ ਕਿ ਅਸੀਂ ਕਿਸੇ ਇਨਸਾਨ ਨੂੰ ਉੱਚਾ ਚੁੱਕੀਏ ਤੇ ਉਸ ਨੂੰ ਆਪਣਾ ਆਗੂ ਬਣਾਈਏ। (ਇਬ. 13:7) ਇਹ ਸੱਚ ਹੈ ਕਿ ਬਾਈਬਲ ਕਹਿੰਦੀ ਹੈ ਕਿ ਕਈਆਂ ਦਾ “ਦੁਗਣਾ ਆਦਰ ਕੀਤਾ ਜਾਵੇ।” ਪਰ ਅਸੀਂ ਇਨ੍ਹਾਂ ਦਾ ਆਦਰ ਇਸ ਲਈ ਕਰਦੇ ਹਾਂ ਕਿਉਂਕਿ ਇਹ “ਵਧੀਆ ਤਰੀਕੇ ਨਾਲ ਅਗਵਾਈ ਕਰਦੇ ਹਨ” ਅਤੇ “ਬਚਨ ਬਾਰੇ ਦੱਸਣ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ।” ਨਾ ਕਿ ਇਸ ਲਈ ਆਦਰ ਕਰਦੇ ਹਾਂ ਕਿਉਂਕਿ ਇਨ੍ਹਾਂ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ। (1 ਤਿਮੋ. 5:17) ਜੇ ਅਸੀਂ ਚੁਣੇ ਹੋਏ ਮਸੀਹੀਆਂ ਨੂੰ ਹੱਦੋਂ ਵਧ ਉੱਚਾ ਚੁੱਕਦੇ ਹਾਂ ਅਤੇ ਉਨ੍ਹਾਂ ਵੱਲ ਬੇਹੱਦ ਧਿਆਨ ਦਿੰਦੇ ਹਾਂ, ਤਾਂ ਸ਼ਾਇਦ ਉਨ੍ਹਾਂ ਨੂੰ ਚੰਗਾ ਨਾ ਲੱਗੇ। ਜਾਂ ਇੱਥੋਂ ਤਕ ਕਿ ਉਨ੍ਹਾਂ ਲਈ ਨਿਮਰ ਰਹਿਣਾ ਔਖਾ ਹੋ ਜਾਵੇ। (ਰੋਮੀ. 12:3) ਸਾਡੇ ਵਿੱਚੋਂ ਕੋਈ ਵੀ ਮਸੀਹ ਦੇ ਕਿਸੇ ਚੁਣੇ ਹੋਏ ਭਰਾ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦਾ।—ਲੂਕਾ 17:2.
ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਨਾਲ ਤੁਹਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (ਪੈਰੇ 9-11 ਦੇਖੋ)
10. ਤੁਸੀਂ ਯਹੋਵਾਹ ਵੱਲੋਂ ਚੁਣੇ ਹੋਏ ਮਸੀਹੀਆਂ ਦਾ ਆਦਰ ਕਿਵੇਂ ਕਰ ਸਕਦੇ ਹੋ?
10 ਅਸੀਂ ਯਹੋਵਾਹ ਵੱਲੋਂ ਚੁਣੇ ਹੋਏ ਮਸੀਹੀਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ? ਸਾਨੂੰ ਉਨ੍ਹਾਂ ਤੋਂ ਉਨ੍ਹਾਂ ਦੇ ਚੁਣੇ ਜਾਣ ਬਾਰੇ ਸਵਾਲ ਨਹੀਂ ਪੁੱਛਣੇ ਚਾਹੀਦੇ। ਸਾਨੂੰ ਉਨ੍ਹਾਂ ਦੇ ਮਾਮਲਿਆਂ ਵਿਚ ਲੱਤ ਨਹੀਂ ਅੜਾਉਣੀ ਚਾਹੀਦੀ। (1 ਥੱਸ. 4:11; 2 ਥੱਸ. 3:11) ਅਸੀਂ ਉਨ੍ਹਾਂ ਦੇ ਪਤੀ ਜਾਂ ਪਤਨੀ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੀ ਇਹ ਨਹੀਂ ਪੁੱਛਦੇ ਕਿ ਉਨ੍ਹਾਂ ਨੂੰ ਵੀ ਚੁਣਿਆ ਗਿਆ ਹੈ। ਇਕ ਇਨਸਾਨ ਨੂੰ ਸਵਰਗ ਜਾਣ ਦੀ ਉਮੀਦ ਵਿਰਾਸਤ ਵਿਚ ਨਹੀਂ ਮਿਲਦੀ। (1 ਥੱਸ. 2:12) ਸਾਨੂੰ ਉਨ੍ਹਾਂ ਦੇ ਜੀਵਨ ਸਾਥੀ ਤੋਂ ਵੀ ਅਜਿਹੇ ਸਵਾਲ ਨਹੀਂ ਪੁੱਛਣੇ ਚਾਹੀਦੇ ਜਿਨ੍ਹਾਂ ਨਾਲ ਉਨ੍ਹਾਂ ਨੂੰ ਬੁਰਾ ਲੱਗੇ। ਮਿਸਾਲ ਲਈ, ਅਸੀਂ ਇਕ ਚੁਣੇ ਹੋਏ ਮਸੀਹੀ ਦੀ ਪਤਨੀ ਤੋਂ ਇਹ ਨਹੀਂ ਪੁੱਛਾਂਗੇ ਕਿ ਉਸ ਨੂੰ ਆਪਣੇ ਪਤੀ ਤੋਂ ਬਗੈਰ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਧਰਤੀ ʼਤੇ ਰਹਿਣ ਬਾਰੇ ਕਿਵੇਂ ਲੱਗਦਾ ਹੈ। ਇਸ ਤਰ੍ਹਾਂ ਦੇ ਸਵਾਲ ਪੁੱਛਣ ਦੀ ਬਜਾਇ ਅਸੀਂ ਸਾਰੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਨਵੀਂ ਦੁਨੀਆਂ ਵਿਚ ਯਹੋਵਾਹ “ਸਾਰੇ ਜੀਆਂ ਦੀ ਇੱਛਿਆ ਪੂਰੀ” ਕਰੇਗਾ।—ਜ਼ਬੂ. 145:16.
11. ਅਸੀਂ ਕਿਸੇ ਦੀ ਹੱਦੋਂ ਵਧ ਤਾਰੀਫ਼ ਨਾ ਕਰ ਕੇ ਆਪਣੀ ਰਾਖੀ ਕਿਵੇਂ ਕਰਦੇ ਹਾਂ?
11 ਚੁਣੇ ਹੋਏ ਮਸੀਹੀਆਂ ਨੂੰ ਦੂਜੇ ਭੈਣ-ਭਰਾਵਾਂ ਤੋਂ ਜ਼ਿਆਦਾ ਉੱਚਾ ਨਾ ਚੁੱਕਣ ਕਰਕੇ ਸਾਡੀ ਰਾਖੀ ਹੁੰਦੀ ਹੈ। ਕਿਵੇਂ? ਬਾਈਬਲ ਦੱਸਦੀ ਹੈ ਕਿ ਮੰਡਲੀ ਵਿਚ ਸ਼ਾਇਦ ‘ਝੂਠੇ ਭਰਾ’ ਆ ਜਾਣ। (ਗਲਾ. 2:4, 5; 1 ਯੂਹੰ. 2:19) ਉਹ ਸ਼ਾਇਦ ਇੱਥੋਂ ਤਕ ਕਹਿਣ ਕਿ ਉਹ ਚੁਣੇ ਹੋਏ ਹਨ। ਨਾਲੇ ਸ਼ਾਇਦ ਕੁਝ ਚੁਣੇ ਹੋਏ ਮਸੀਹੀ ਵਫ਼ਾਦਾਰ ਨਾ ਰਹਿਣ। (ਮੱਤੀ 25:10-12; 2 ਪਤ. 2:20, 21)ਪਰ ਜੇ ਅਸੀਂ ਕਿਸੇ ਦੀ ਹੱਦੋਂ ਵਧ ਤਾਰੀਫ਼ ਨਹੀਂ ਕਰਦੇ, ਤਾਂ ਅਸੀਂ ਉਨ੍ਹਾਂ ਦੇ ਪਿੱਛੇ ਨਹੀਂ ਲੱਗਾਂਗੇ ਭਾਵੇਂ ਕਿ ਉਹ ਚੁਣੇ ਹੋਏ ਹੋਣ, ਬਹੁਤ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋਣ ਜਾਂ ਜਿਨ੍ਹਾਂ ਨੂੰ ਬਹੁਤ ਸਾਰੇ ਭੈਣ-ਭਰਾ ਜਾਣਦੇ ਹੋਣ। ਫਿਰ ਜੇ ਉਹ ਵਫ਼ਾਦਾਰ ਨਹੀਂ ਰਹਿੰਦੇ ਜਾਂ ਮੰਡਲੀ ਨੂੰ ਛੱਡ ਦਿੰਦੇ ਹਨ, ਤਾਂ ਅਸੀਂ ਯਹੋਵਾਹ ʼਤੇ ਨਿਹਚਾ ਕਰਨੀ ਜਾਂ ਉਸ ਦੀ ਸੇਵਾ ਕਰਨੀ ਨਹੀਂ ਛੱਡਾਂਗੇ।—ਯਹੂ. 16.
ਕੀ ਸਾਨੂੰ ਗਿਣਤੀ ਦੀ ਚਿੰਤਾ ਕਰਨੀ ਚਾਹੀਦੀ ਹੈ?
12, 13. ਸਾਨੂੰ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਬਾਰੇ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?
12 ਬਹੁਤ ਸਾਲ ਤਕ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਸੀ। ਪਰ ਹਾਲ ਹੀ ਦੇ ਸਾਲਾਂ ਵਿਚ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੀ ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਹੈ? ਨਹੀਂ। ਆਓ ਦੇਖੀਏ ਕਿਉਂ।
13 “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ।” (2 ਤਿਮੋ. 2:19) ਯਹੋਵਾਹ ਦੇ ਉਲਟ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਕਰਨ ਵਾਲੇ ਭਰਾ ਇਹ ਨਹੀਂ ਜਾਣਦੇ ਕਿ ਵਾਕਈ ਕਿਹੜੇ ਚੁਣੇ ਹੋਏ ਹਨ। ਇਸ ਲਈ ਗਿਣਤੀ ਵਿਚ ਉਨ੍ਹਾਂ ਮਸੀਹੀਆਂ ਨੂੰ ਵੀ ਗਿਣਿਆ ਜਾਂਦਾ ਹੈ ਜਿਨ੍ਹਾਂ ਨੂੰ ਗ਼ਲਤਫ਼ਹਿਮੀ ਹੈ ਕਿ ਉਹ ਚੁਣੇ ਹੋਏ ਹਨ। ਮਿਸਾਲ ਲਈ, ਕੁਝ ਜਿਹੜੇ ਪਹਿਲਾਂ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਂਦੇ ਸਨ, ਉਨ੍ਹਾਂ ਨੇ ਬਾਅਦ ਵਿਚ ਰੋਟੀ ਖਾਣੀ ਅਤੇ ਦਾਖਰਸ ਪੀਣਾ ਬੰਦ ਕਰ ਦਿੱਤਾ। ਕੁਝ ਸ਼ਾਇਦ ਮਾਨਸਿਕ ਜਾਂ ਜਜ਼ਬਾਤੀ ਤੌਰ ਤੇ ਠੀਕ ਨਾ ਹੋਣ ਕਰਕੇ ਇਹ ਸੋਚਣ ਕਿ ਉਹ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਧਰਤੀ ʼਤੇ ਕਿੰਨੇ ਕੁ ਚੁਣੇ ਹੋਏ ਮਸੀਹੀ ਰਹਿ ਗਏ ਹਨ।
14. ਮਹਾਂਕਸ਼ਟ ਦੇ ਸ਼ੁਰੂ ਹੋਣ ਵੇਲੇ ਚੁਣੇ ਹੋਏ ਮਸੀਹੀਆਂ ਦੀ ਗਿਣਤੀ ਬਾਰੇ ਬਾਈਬਲ ਕੀ ਦੱਸਦੀ ਹੈ?
14 ਜਦੋਂ ਯਿਸੂ ਧਰਤੀ ʼਤੇ ਆਵੇਗਾ, ਤਾਂ ਧਰਤੀ ਦੇ ਬਹੁਤ ਸਾਰੇ ਹਿੱਸਿਆਂ ਵਿਚ ਚੁਣੇ ਹੋਏ ਮਸੀਹੀ ਹੋਣਗੇ। ਬਾਈਬਲ ਦੱਸਦੀ ਹੈ ਕਿ ਯਿਸੂ “ਆਪਣੇ ਦੂਤਾਂ ਨੂੰ ਘੱਲੇਗਾ ਅਤੇ ਦੂਤ ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ, ਚੌਹਾਂ ਪਾਸਿਆਂ ਤੋਂ ਉਸ ਦੇ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨਗੇ।” (ਮੱਤੀ 24:31) ਬਾਈਬਲ ਇਹ ਵੀ ਦੱਸਦੀ ਹੈ ਕਿ ਆਖ਼ਰੀ ਦਿਨਾਂ ਦੌਰਾਨ ਧਰਤੀ ʼਤੇ ਥੋੜ੍ਹੇ ਜਿਹੇ ਚੁਣੇ ਹੋਏ ਮਸੀਹੀ ਹੋਣਗੇ। (ਪ੍ਰਕਾ. 12:17) ਪਰ ਇਹ ਨਹੀਂ ਦੱਸਦੀ ਕਿ ਮਹਾਂਕਸ਼ਟ ਸ਼ੁਰੂ ਹੋਣ ਵੇਲੇ ਇਨ੍ਹਾਂ ਦੀ ਗਿਣਤੀ ਕਿੰਨੀ ਰਹਿ ਜਾਵੇਗੀ।
15, 16. ਸਾਨੂੰ 1,44,000 ਬਾਰੇ ਕਿਹੜੀਆਂ ਗੱਲਾਂ ਸਮਝਣ ਦੀ ਲੋੜ ਹੈ?
15 ਯਹੋਵਾਹ ਫ਼ੈਸਲਾ ਕਰਦਾ ਹੈ ਕਿ ਉਹ ਕਦੋਂ ਕਿਸੇ ਨੂੰ ਚੁਣੇਗਾ। (ਰੋਮੀ. 8:28-30) ਯਹੋਵਾਹ ਨੇ ਚੁਣੇ ਜਾਣ ਦਾ ਕੰਮ ਯਿਸੂ ਦੇ ਜੀ ਉੱਠਣ ਤੋਂ ਬਾਅਦ ਸ਼ੁਰੂ ਕੀਤਾ। ਇੱਦਾਂ ਲੱਗਦਾ ਹੈ ਕਿ ਪਹਿਲੀ ਸਦੀ ਵਿਚ ਸਾਰੇ ਸੱਚੇ ਮਸੀਹੀ ਚੁਣੇ ਹੋਏ ਸਨ। ਪਹਿਲੀ ਸਦੀ ਤੋਂ ਲੈ ਕੇ ਆਖ਼ਰੀ ਦਿਨਾਂ ਦੇ ਸ਼ੁਰੂ ਤਕ ਯਿਸੂ ਦੇ ਪਿੱਛੇ ਚੱਲਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਝੂਠੇ ਮਸੀਹੀ ਸਨ। ਪਰ ਫਿਰ ਵੀ ਇਨ੍ਹਾਂ ਸਾਲਾਂ ਦੌਰਾਨ ਯਹੋਵਾਹ ਨੇ ਕੁਝ ਜਣਿਆਂ ਨੂੰ ਚੁਣਿਆ ਜਿਹੜੇ ਸੱਚੇ ਮਸੀਹੀ ਸਨ। ਉਹ “ਕਣਕ” ਵਰਗੇ ਸਨ ਜਿਨ੍ਹਾਂ ਬਾਰੇ ਯਿਸੂ ਨੇ ਕਿਹਾ ਸੀ ਕਿ ਉਹ “ਜੰਗਲੀ ਬੂਟੀ” ਵਿਚ ਉੱਗਣਗੇ। (ਮੱਤੀ 13:24- 30) ਯਹੋਵਾਹ ਆਖ਼ਰੀ ਦਿਨਾਂ ਦੌਰਾਨ ਵੀ 1,44,000 ਦਾ ਹਿੱਸਾ ਬਣਨ ਲਈ ਮਸੀਹੀਆਂ ਨੂੰ ਚੁਣ ਰਿਹਾ ਹੈ।[2] ਇਸ ਲਈ ਜੇ ਪਰਮੇਸ਼ੁਰ ਅੰਤ ਆਉਣ ਤੋਂ ਪਹਿਲਾਂ ਵੀ ਕਿਸੇ ਨੂੰ ਚੁਣੇ, ਤਾਂ ਅਸੀਂ ਉਸ ʼਤੇ ਸ਼ੱਕ ਕਰਨ ਵਾਲੇ ਕੌਣ ਹੁੰਦੇ ਹਾਂ? (ਯਸਾ. 45:9; ਦਾਨੀ. 4:35; ਰੋਮੀਆਂ 9:11, 16 ਪੜ੍ਹੋ।)[3] ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਕਾਮਿਆਂ ਵਰਗੇ ਨਾ ਬਣੀਏ ਜੋ ਆਪਣੇ ਮਾਲਕ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਮਾਲਕ ਉਨ੍ਹਾਂ ਨੌਕਰਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਇਆ ਜੋ ਅਖ਼ੀਰਲੇ ਘੰਟੇ ਕੰਮ ਕਰਨ ਆਏ ਸਨ।—ਮੱਤੀ 20:8-15 ਪੜ੍ਹੋ।
16 ਸਾਰੇ ਚੁਣੇ ਹੋਏ ਮਸੀਹੀ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਕੰਮ ਨਹੀਂ ਕਰਦੇ। (ਮੱਤੀ 24:45-47) ਪਹਿਲੀ ਸਦੀ ਵਾਂਗ ਅੱਜ ਵੀ ਯਹੋਵਾਹ ਅਤੇ ਯਿਸੂ ਬਹੁਤ ਸਾਰੇ ਲੋਕਾਂ ਨੂੰ ਖਿਲਾਉਣ ਯਾਨੀ ਸਿਖਾਉਣ ਲਈ ਥੋੜ੍ਹੇ ਲੋਕਾਂ ਨੂੰ ਵਰਤਦੇ ਹਨ। ਪਹਿਲੀ ਸਦੀ ਦੇ ਕੁਝ ਹੀ ਚੁਣੇ ਹੋਏ ਮਸੀਹੀਆਂ ਨੂੰ ਯੂਨਾਨੀ ਲਿਖਤਾਂ ਲਿਖਣ ਲਈ ਵਰਤਿਆ ਗਿਆ ਸੀ। ਅੱਜ ਵੀ ਕੁਝ ਹੀ ਚੁਣੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ “ਸਹੀ ਸਮੇਂ ਤੇ ਭੋਜਨ” ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
17. ਤੁਸੀਂ ਇਸ ਲੇਖ ਤੋਂ ਕੀ ਸਿੱਖਿਆ ਹੈ?
17 ਅਸੀਂ ਇਸ ਲੇਖ ਤੋਂ ਕੀ ਸਿੱਖਿਆ ਹੈ? ਯਹੋਵਾਹ ਨੇ ਦੋ ਅਲੱਗ-ਅਲੱਗ ਇਨਾਮ ਰੱਖੇ ਹਨ। “ਇੱਕ ਯਹੂਦੀ” ਯਾਨੀ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਜ਼ਿੰਦਗੀ ਅਤੇ “ਦਸ ਆਦਮੀ” ਯਾਨੀ ਧਰਤੀ ʼਤੇ ਰਹਿਣ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ। ਪਰ ਯਹੋਵਾਹ ਦੋਹਾਂ ਸਮੂਹਾਂ ਤੋਂ ਵਫ਼ਾਦਾਰੀ ਦੀ ਮੰਗ ਕਰਦਾ ਹੈ। ਚੁਣੇ ਹੋਏ ਅਤੇ ਵੱਡੀ ਭੀੜ ਦੇ ਲੋਕਾਂ ਨੂੰ ਨਿਮਰ ਰਹਿਣਾ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਏਕਤਾ ਵਿਚ ਰਹਿਣਾ ਚਾਹੀਦਾ ਹੈ। ਦੋਹਾਂ ਸਮੂਹਾਂ ਨੂੰ ਮੰਡਲੀ ਵਿਚ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਆਓ ਆਪਾਂ ਮਸੀਹ ਦੇ ਅਧੀਨ ਇਕ ਝੁੰਡ ਵਿਚ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਪੱਕਾ ਇਰਾਦਾ ਕਰੀਏ।
^ [1] (ਪੈਰਾ 3) ਜ਼ਬੂਰਾਂ ਦੀ ਪੋਥੀ 87:5, 6 ਤੋਂ ਪਤਾ ਲੱਗਦਾ ਹੈ ਕਿ ਨਵੀਂ ਦੁਨੀਆਂ ਵਿਚ ਸ਼ਾਇਦ ਪਰਮੇਸ਼ੁਰ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਦੱਸੇ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰ ਰਹੇ ਹੋਣਗੇ।—ਰੋਮੀ. 8:19.
^ [2] (ਪੈਰਾ 15) ਰਸੂਲਾਂ ਦੇ ਕੰਮ 2:33 ਤੋਂ ਜ਼ਾਹਰ ਹੁੰਦਾ ਹੈ ਕਿ ਯਿਸੂ ਦੁਆਰਾ ਚੁਣੇ ਹੋਇਆਂ ʼਤੇ ਪਵਿੱਤਰ ਸ਼ਕਤੀ ਪਾਈ ਜਾਂਦੀ ਹੈ, ਪਰ ਸੱਦਾ ਦੇਣ ਦਾ ਕੰਮ ਯਹੋਵਾਹ ਹੀ ਕਰਦਾ ਹੈ।
^ [3] (ਪੈਰਾ 15) ਹੋਰ ਜਾਣਕਾਰੀ ਲਈ 1 ਮਈ 2007 ਦੇ ਪਹਿਰਾਬੁਰਜ ਦੇ ਸਫ਼ੇ 30-31 ਉੱਤੇ “ਪਾਠਕਾਂ ਵੱਲੋਂ ਸਵਾਲ” ਦੇਖੋ।