ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w16 ਜਨਵਰੀ ਸਫ਼ੇ 28-32
  • ਪਰਮੇਸ਼ੁਰ ਨਾਲ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਨਾਲ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਨਾਲ ਕੰਮ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ
  • ਪਰਮੇਸ਼ੁਰ ਨਾਲ ਕੰਮ ਕਰ ਕੇ ਅਸੀਂ ਉਸ ਦੇ ਅਤੇ ਹੋਰਨਾਂ ਦੇ ਨੇੜੇ ਜਾਂਦੇ ਹਾਂ
  • ਪਰਮੇਸ਼ੁਰ ਨਾਲ ਕੰਮ ਕਰ ਕੇ ਸਾਡੀ ਰਾਖੀ ਹੁੰਦੀ ਹੈ
  • ਪਰਮੇਸ਼ੁਰ ਨਾਲ ਕੰਮ ਕਰ ਕੇ ਅਸੀਂ ਉਸ ਲਈ ਅਤੇ ਹੋਰਨਾਂ ਲਈ ਪਿਆਰ ਦਿਖਾਉਂਦੇ ਹਾਂ
  • ਯਹੋਵਾਹ ਦੇ ਨੇੜੇ ਜਾਣ ਲਈ ਲੋਕਾਂ ਦੀ ਮਦਦ ਕਰਨੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”
    ਯਹੋਵਾਹ ਦੇ ਨੇੜੇ ਰਹੋ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
w16 ਜਨਵਰੀ ਸਫ਼ੇ 28-32
ਇਕ ਦੂਤ ਦੋ ਯਹੋਵਾਹ ਦੇ ਗਵਾਹਾਂ ਉੱਤੇ ਉੱਡਦਾ ਹੋਇਆ ਜਦ ਉਹ ਉਸ ਘਰ ਜਾ ਰਹੇ ਹਨ ਜਿੱਥੇ ਇਕ ਆਦਮੀ ਪ੍ਰਾਰਥਨਾ ਕਰ ਰਿਹਾ ਹੈ

ਪਰਮੇਸ਼ੁਰ ਨਾਲ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ

“ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ, ਇਸ ਲਈ ਅਸੀਂ ਤੁਹਾਨੂੰ ਤਾਕੀਦ ਵੀ ਕਰਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਪ੍ਰਾਪਤ ਕਰ ਕੇ ਇਹ ਨਾ ਭੁੱਲੋ ਕਿ ਤੁਹਾਡੇ ਉੱਤੇ ਕਿਸ ਮਕਸਦ ਨਾਲ ਅਪਾਰ ਕਿਰਪਾ ਕੀਤੀ ਗਈ ਹੈ।”—2 ਕੁਰਿੰ. 6:1.

ਗੀਤ: 28, 10

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪ੍ਰਚਾਰ ਕਰ ਕੇ . . .

  • ਸਾਨੂੰ ਖ਼ੁਸ਼ੀ ਮਿਲਦੀ ਹੈ?

  • ਅਸੀਂ ਪਰਮੇਸ਼ੁਰ ਅਤੇ ਹੋਰਨਾਂ ਦੇ ਨੇੜੇ ਜਾਂਦੇ ਹਾਂ?

  • ਸਾਡੀ ਰਾਖੀ ਹੁੰਦੀ ਹੈ?

1. ਸਰਬਸ਼ਕਤੀਮਾਨ ਹੋਣ ਦੇ ਬਾਵਜੂਦ ਵੀ ਯਹੋਵਾਹ ਹੋਰਨਾਂ ਨੂੰ ਕੀ ਸੱਦਾ ਦਿੰਦਾ ਹੈ?

ਯਹੋਵਾਹ ਸਰਬਸ਼ਕਤੀਮਾਨ ਅਤੇ ਸਿਰਜਣਹਾਰ ਹੈ। ਉਸ ਵਿਚ ਅਸੀਮ ਬੁੱਧ ਅਤੇ ਸ਼ਕਤੀ ਹੈ। ਯਹੋਵਾਹ ਨੇ ਅੱਯੂਬ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਿਸ ਕਰਕੇ ਉਸ ਨੇ ਕਿਹਾ: “ਮੈਂ ਜਾਣਦਾ ਹਾਂ ਭਈ ਤੂੰ ਸਭ ਕੁਝ ਕਰ ਸੱਕਦਾ ਹੈਂ, ਅਤੇ ਤੇਰਾ ਕੋਈ ਪਰੋਜਨ ਰੁਕ ਨਹੀਂ ਸੱਕਦਾ।” (ਅੱਯੂ. 42:2) ਯਹੋਵਾਹ ਜੋ ਚਾਹੇ ਉਹ ਕਰ ਸਕਦਾ ਹੈ। ਉਸ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ। ਪਰ ਉਹ ਪਿਆਰ ਦੀ ਖ਼ਾਤਰ ਆਪਣਾ ਮਕਸਦ ਪੂਰਾ ਕਰਨ ਲਈ ਹੋਰਨਾਂ ਨੂੰ ਵੀ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੰਦਾ ਹੈ।

2. ਯਹੋਵਾਹ ਨੇ ਯਿਸੂ ਨੂੰ ਕਿਹੜੇ ਜ਼ਰੂਰੀ ਕੰਮ ਦਿੱਤੇ ਸਨ?

2 ਸਾਰੀ ਸਰਿਸ਼ਟੀ ਬਣਾਉਣ ਤੋਂ ਪਹਿਲਾਂ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਯਿਸੂ ਨੂੰ ਬਣਾਇਆ। ਯਿਸੂ ਨੇ ਬਾਕੀ ਸਾਰੀ ਸਰਿਸ਼ਟੀ ਬਣਾਉਣ ਵਿਚ ਯਹੋਵਾਹ ਦੀ ਮਦਦ ਕੀਤੀ। (ਯੂਹੰ. 1:1-3, 18) ਪੌਲੁਸ ਰਸੂਲ ਨੇ ਯਿਸੂ ਬਾਰੇ ਲਿਖਿਆ: “ਉਸ ਰਾਹੀਂ ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਦਿਸਣ ਤੇ ਨਾ ਦਿਸਣ ਵਾਲੀਆਂ ਚੀਜ਼ਾਂ ਸਿਰਜੀਆਂ ਗਈਆਂ ਸਨ, ਚਾਹੇ ਉਹ ਸਿੰਘਾਸਣ ਹੋਣ ਜਾਂ ਹਕੂਮਤਾਂ ਜਾਂ ਸਰਕਾਰਾਂ ਜਾਂ ਅਧਿਕਾਰ ਰੱਖਣ ਵਾਲੇ। ਬਾਕੀ ਸਾਰੀਆਂ ਚੀਜ਼ਾਂ ਉਸ ਰਾਹੀਂ ਅਤੇ ਉਸੇ ਲਈ ਸਿਰਜੀਆਂ ਗਈਆਂ ਹਨ।” (ਕੁਲੁ. 1:15-17) ਸੋ ਯਹੋਵਾਹ ਨੇ ਆਪਣੇ ਪੁੱਤਰ ਨੂੰ ਨਾ ਸਿਰਫ਼ ਜ਼ਰੂਰੀ ਕੰਮ ਦਿੱਤੇ, ਸਗੋਂ ਉਸ ਨੇ ਹੋਰਨਾਂ ਨੂੰ ਆਪਣੇ ਪੁੱਤਰ ਦੇ ਕੰਮਾਂ ਬਾਰੇ ਵੀ ਦੱਸਿਆ। ਯਿਸੂ ਲਈ ਇਹ ਕਿੰਨਾ ਹੀ ਵੱਡਾ ਸਨਮਾਨ ਸੀ!

3. ਯਹੋਵਾਹ ਨੇ ਆਦਮ ਨੂੰ ਕਿਹੜਾ ਕੰਮ ਕਰਨ ਦਾ ਸੱਦਾ ਦਿੱਤਾ ਸੀ ਅਤੇ ਕਿਉਂ?

3 ਯਹੋਵਾਹ ਨੇ ਇਨਸਾਨਾਂ ਨੂੰ ਵੀ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਮਿਸਾਲ ਲਈ, ਉਸ ਨੇ ਆਦਮ ਨੂੰ ਜਾਨਵਰਾਂ ਦੇ ਨਾਂ ਰੱਖਣ ਲਈ ਕਿਹਾ। (ਉਤ. 2:19, 20) ਸੋਚੋ ਕਿ ਆਦਮ ਨੂੰ ਇਹ ਕੰਮ ਕਰਦਿਆਂ ਕਿੰਨੀ ਖ਼ੁਸ਼ੀ ਹੋਈ ਹੋਣੀ! ਉਸ ਨੇ ਬੜੇ ਧਿਆਨ ਨਾਲ ਜਾਨਵਰਾਂ ਦੀਆਂ ਸ਼ਕਲਾਂ ਅਤੇ ਹਰਕਤਾਂ ਦੇਖ ਕੇ ਉਨ੍ਹਾਂ ਨੂੰ ਢੁਕਵੇਂ ਨਾਂ ਦਿੱਤੇ। ਯਹੋਵਾਹ ਨੇ ਹੀ ਜਾਨਵਰ ਬਣਾਏ ਸਨ, ਇਸ ਕਰਕੇ ਉਹ ਉਨ੍ਹਾਂ ਦੇ ਨਾਂ ਰੱਖ ਸਕਦਾ ਸੀ। ਪਰ ਯਹੋਵਾਹ ਨੇ ਆਦਮ ਨੂੰ ਇਹ ਕੰਮ ਦੇ ਕੇ ਦਿਖਾਇਆ ਕਿ ਉਹ ਆਦਮ ਨੂੰ ਕਿੰਨਾ ਪਿਆਰ ਕਰਦਾ ਸੀ। ਪਰਮੇਸ਼ੁਰ ਨੇ ਆਦਮ ਨੂੰ ਪੂਰੀ ਧਰਤੀ ਬਾਗ਼ ਵਰਗੀ ਬਣਾਉਣ ਦਾ ਵੀ ਕੰਮ ਦਿੱਤਾ ਸੀ। (ਉਤ. 1:27, 28) ਪਰ ਅਫ਼ਸੋਸ ਦੀ ਗੱਲ ਹੈ ਕਿ ਆਦਮ ਨੇ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਨ ਦਾ ਸਨਮਾਨ ਠੁਕਰਾ ਦਿੱਤਾ। ਇਸ ਤਰ੍ਹਾਂ ਕਰ ਕੇ ਆਦਮ ਨਾ ਸਿਰਫ਼ ਆਪਣੇ ʼਤੇ, ਸਗੋਂ ਆਪਣੀ ਔਲਾਦ ʼਤੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਲਿਆਇਆ।—ਉਤ. 3:17-19, 23.

4. ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਵਿਚ ਹੋਰ ਲੋਕਾਂ ਨੇ ਉਸ ਨਾਲ ਕਿਵੇਂ ਕੰਮ ਕੀਤਾ?

4 ਬਾਅਦ ਵਿਚ ਵੀ ਪਰਮੇਸ਼ੁਰ ਨੇ ਆਪਣਾ ਮਕਸਦ ਪੂਰਾ ਕਰਨ ਲਈ ਹੋਰ ਲੋਕਾਂ ਨੂੰ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਨੂਹ ਨੇ ਕਿਸ਼ਤੀ ਬਣਾਈ ਜਿਸ ਕਰਕੇ ਉਹ ਅਤੇ ਉਸ ਦਾ ਪਰਿਵਾਰ ਜਲ-ਪਰਲੋ ਵਿੱਚੋਂ ਬਚ ਨਿਕਲਿਆ। ਮੂਸਾ ਨੇ ਇਜ਼ਰਾਈਲ ਕੌਮ ਨੂੰ ਮਿਸਰ ਤੋਂ ਆਜ਼ਾਦ ਕਰਵਾਇਆ। ਯਹੋਸ਼ੁਆ ਇਜ਼ਰਾਈਲ ਕੌਮ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲੈ ਕੇ ਗਿਆ। ਸੁਲੇਮਾਨ ਨੇ ਯਰੂਸ਼ਲਮ ਵਿਚ ਮੰਦਰ ਬਣਾਇਆ। ਮਰੀਅਮ ਯਿਸੂ ਦੀ ਮਾਂ ਬਣੀ। ਇਨ੍ਹਾਂ ਅਤੇ ਹੋਰ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੇ ਯਹੋਵਾਹ ਦਾ ਮਕਸਦ ਪੂਰਾ ਕਰਨ ਲਈ ਉਸ ਨਾਲ ਕੰਮ ਕੀਤਾ।

5. ਅਸੀਂ ਕਿਹੜੇ ਕੰਮ ਵਿਚ ਹਿੱਸਾ ਲੈ ਸਕਦੇ ਹਾਂ? ਕੀ ਯਹੋਵਾਹ ਨੂੰ ਇਹ ਕੰਮ ਕਰਨ ਲਈ ਸਾਡੀ ਲੋੜ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

5 ਅੱਜ ਯਹੋਵਾਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਉਸ ਦੇ ਰਾਜ ਦਾ ਪੂਰੀ ਤਰ੍ਹਾਂ ਸਮਰਥਨ ਕਰੀਏ। ਯਹੋਵਾਹ ਦੀ ਸੇਵਾ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਚਾਹੇ ਅਸੀਂ ਸਾਰੇ ਜਣੇ ਇੱਕੋ ਤਰੀਕੇ ਨਾਲ ਯਹੋਵਾਹ ਦੀ ਸੇਵਾ ਨਹੀਂ ਕਰ ਸਕਦੇ, ਪਰ ਅਸੀਂ ਸਾਰੇ ਜਣੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹਾਂ। ਯਹੋਵਾਹ ਆਪ ਇਹ ਕੰਮ ਕਰ ਸਕਦਾ ਸੀ। ਉਹ ਤਾਂ ਸਵਰਗੋਂ ਹੀ ਲੋਕਾਂ ਨੂੰ ਇਸ ਬਾਰੇ ਦੱਸ ਸਕਦਾ ਸੀ। ਯਿਸੂ ਨੇ ਕਿਹਾ ਸੀ ਕਿ ਯਹੋਵਾਹ ਪੱਥਰਾਂ ਰਾਹੀਂ ਵੀ ਮਸੀਹ ਬਾਰੇ ਗਵਾਹੀ ਦੇ ਸਕਦਾ ਸੀ। (ਲੂਕਾ 19:37-40) ਪਰ ਫਿਰ ਵੀ ਯਹੋਵਾਹ ਨੇ ਸਾਨੂੰ ਆਪਣੇ ਨਾਲ “ਮਿਲ ਕੇ ਕੰਮ” ਕਰਨ ਦਾ ਸਨਮਾਨ ਦਿੱਤਾ ਹੈ। (1 ਕੁਰਿੰ. 3:9) ਪੌਲੁਸ ਰਸੂਲ ਨੇ ਲਿਖਿਆ ਸੀ: “ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ, ਇਸ ਲਈ ਅਸੀਂ ਤੁਹਾਨੂੰ ਤਾਕੀਦ ਵੀ ਕਰਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੀ ਅਪਾਰ ਕਿਰਪਾ ਪ੍ਰਾਪਤ ਕਰ ਕੇ ਇਹ ਨਾ ਭੁੱਲੋ ਕਿ ਤੁਹਾਡੇ ਉੱਤੇ ਕਿਸ ਮਕਸਦ ਨਾਲ ਅਪਾਰ ਕਿਰਪਾ ਕੀਤੀ ਗਈ ਹੈ।” (2 ਕੁਰਿੰ. 6:1) ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰੀਏ! ਆਓ ਆਪਾਂ ਦੇਖੀਏ ਕਿ ਇੱਦਾਂ ਕਰਨ ਨਾਲ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ।

ਪਰਮੇਸ਼ੁਰ ਨਾਲ ਕੰਮ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ

6. ਯਿਸੂ ਨੇ ਪਰਮੇਸ਼ੁਰ ਨਾਲ ਕੰਮ ਕਰਨ ਬਾਰੇ ਕੀ ਕਿਹਾ ਸੀ?

6 ਪੁਰਾਣੇ ਜ਼ਮਾਨਿਆਂ ਤੋਂ ਹੀ ਯਹੋਵਾਹ ਦੇ ਸੇਵਕਾਂ ਨੂੰ ਉਸ ਨਾਲ ਕੰਮ ਕਰ ਕੇ ਖ਼ੁਸ਼ੀ ਹੋਈ ਹੈ। ਧਰਤੀ ʼਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੇ ਕਿਹਾ: ‘ਪ੍ਰਭੂ ਨੇ ਅਰੰਭ ਵਿਚ ਮੈਨੂੰ ਹੀ ਬਣਾਇਆ ਸੀ, ਮੈਂ ਉਸ ਦੇ ਨਾਲ ਰਾਜ ਮਿਸਤਰੀ ਦੀ ਤਰ੍ਹਾਂ ਸਾਂ, ਮੈਂ ਉਸ ਦੇ ਹਰ ਦਿਨ ਦੇ ਅਨੰਦ ਦਾ ਸੋਮਾ ਸੀ, ਅਤੇ ਹਮੇਸ਼ਾਂ ਉਸ ਨੂੰ ਖੁਸ਼ ਰੱਖਦਾ ਸਾਂ।’ (ਕਹਾ. 8:22, 30, CL) ਜਦੋਂ ਯਿਸੂ ਨੇ ਆਪਣੇ ਪਿਤਾ ਨਾਲ ਕੰਮ ਕੀਤਾ, ਤਾਂ ਉਸ ਨੂੰ ਖ਼ੁਸ਼ੀ ਹੋਈ ਕਿਉਂਕਿ ਉਸ ਨੇ ਬਹੁਤ ਸਾਰੇ ਕੰਮ ਪੂਰੇ ਕੀਤੇ ਸਨ। ਨਾਲੇ ਉਹ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਸੀ। ਪਰ ਸਾਡੇ ਬਾਰੇ ਕੀ?

ਯਹੋਵਾਹ ਦਾ ਇਕ ਗਵਾਹ ਇਕ ਆਦਮੀ ਨਾਲ ਬਾਈਬਲ ਸਟੱਡੀ ਕਰਦਾ ਹੋਇਆ

ਕਿਸੇ ਨੂੰ ਸੱਚਾਈ ਸਿਖਾਉਣ ਤੋਂ ਸਿਵਾਇ ਹੋਰ ਕਿਹੜਾ ਵਧੀਆ ਕੰਮ ਹੋ ਸਕਦਾ ਹੈ? (ਪੈਰਾ 7 ਦੇਖੋ)

7. ਸਾਨੂੰ ਪ੍ਰਚਾਰ ਕਰ ਕੇ ਖ਼ੁਸ਼ੀ ਕਿਉਂ ਹੁੰਦੀ ਹੈ?

7 ਯਿਸੂ ਨੇ ਕਿਹਾ ਕਿ ਦੇਣ ਅਤੇ ਲੈਣ ਦੋਹਾਂ ਵਿਚ ਖ਼ੁਸ਼ੀ ਮਿਲਦੀ ਹੈ। (ਰਸੂ. 20:35) ਸੱਚਾਈ ਮਿਲਣ ʼਤੇ ਸਾਨੂੰ ਖ਼ੁਸ਼ੀ ਹੋਈ ਸੀ। ਪਰ ਦੂਜਿਆਂ ਨੂੰ ਸੱਚਾਈ ਦੱਸ ਕੇ ਸਾਨੂੰ ਖ਼ੁਸ਼ੀ ਕਿਉਂ ਹੁੰਦੀ ਹੈ? ਕਿਉਂਕਿ ਜਦੋਂ ਪਰਮੇਸ਼ੁਰ ਦੇ ਗਿਆਨ ਲਈ ਭੁੱਖੇ-ਪਿਆਸੇ ਲੋਕ ਉਸ ਦੇ ਬਚਨ ਦੀਆਂ ਅਨਮੋਲ ਸੱਚਾਈਆਂ ਸਮਝਣੀਆਂ ਸ਼ੁਰੂ ਕਰਦੇ ਹਨ ਅਤੇ ਉਸ ਨਾਲ ਆਪਣਾ ਰਿਸ਼ਤਾ ਜੋੜਦੇ ਹਨ, ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਨਾਲੇ ਸਾਡੇ ਦਿਲ ਛੋਹੇ ਜਾਂਦੇ ਹਨ ਜਦੋਂ ਉਹ ਆਪਣੀ ਸੋਚ ਅਤੇ ਜ਼ਿੰਦਗੀ ਵਿਚ ਸੁਧਾਰ ਕਰਦੇ ਹਨ। ਪ੍ਰਚਾਰ ਦਾ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਲੋਕਾਂ ਲਈ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਖੁੱਲ੍ਹਦਾ ਹੈ ਜੋ ਪਰਮੇਸ਼ੁਰ ਨਾਲ ਸੁਲ੍ਹਾ ਕਰਦੇ ਹਨ। (2 ਕੁਰਿੰ. 5:20) ਕੀ ਕਿਸੇ ਹੋਰ ਕੰਮ ਤੋਂ ਸਾਨੂੰ ਇੰਨੀ ਖ਼ੁਸ਼ੀ ਮਿਲ ਸਕਦੀ ਹੈ?

8. ਕੁਝ ਭਰਾਵਾਂ ਨੇ ਯਹੋਵਾਹ ਨਾਲ ਕੰਮ ਕਰ ਕੇ ਮਿਲਣ ਵਾਲੀ ਖ਼ੁਸ਼ੀ ਬਾਰੇ ਕੀ ਕਿਹਾ ਹੈ?

8 ਜਦੋਂ ਅਸੀਂ ਦੂਜਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਂਦੇ ਹਾਂ, ਤਾਂ ਸਾਨੂੰ ਪਤਾ ਹੈ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰ ਰਹੇ ਹਾਂ ਅਤੇ ਉਹ ਸਾਡੀਆਂ ਕੋਸ਼ਿਸ਼ਾਂ ਦੀ ਬਹੁਤ ਕਦਰ ਕਰਦਾ ਹੈ। ਇਹ ਕੰਮ ਕਰ ਕੇ ਵੀ ਸਾਨੂੰ ਖ਼ੁਸ਼ੀ ਹੁੰਦੀ ਹੈ। (1 ਕੁਰਿੰਥੀਆਂ 15:58 ਪੜ੍ਹੋ।) ਇਟਲੀ ਦਾ ਰਹਿਣ ਵਾਲਾ ਮਾਰਕੋ ਕਹਿੰਦਾ ਹੈ: “ਮੈਨੂੰ ਇਸ ਗੱਲ ਤੋਂ ਬਹੁਤ ਜ਼ਿਆਦਾ ਖ਼ੁਸ਼ੀ ਮਿਲਦੀ ਹੈ ਕਿ ਮੈਂ ਯਹੋਵਾਹ ਦੀ ਸੇਵਾ ਤਨ-ਮਨ ਲਾ ਕੇ ਕਰਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਇਸ ਤਰ੍ਹਾਂ ਦੇ ਇਨਸਾਨ ਲਈ ਮਿਹਨਤ ਨਹੀਂ ਕਰਦਾ ਜੋ ਇਨ੍ਹਾਂ ਨੂੰ ਭੁੱਲ ਜਾਵੇਗਾ।” ਇਸੇ ਤਰ੍ਹਾਂ ਇਟਲੀ ਵਿਚ ਸੇਵਾ ਕਰਨ ਵਾਲਾ ਭਰਾ ਫ਼ਰਾਂਕੋ ਵੀ ਕਹਿੰਦਾ ਹੈ: “ਯਹੋਵਾਹ ਆਪਣੇ ਬਚਨ, ਪ੍ਰਕਾਸ਼ਨਾਂ ਅਤੇ ਸਭਾਵਾਂ ਵਗੈਰਾ ਰਾਹੀਂ ਸਾਨੂੰ ਰੋਜ਼ ਯਾਦ ਕਰਾਉਂਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ। ਅਸੀਂ ਯਹੋਵਾਹ ਲਈ ਜੋ ਵੀ ਕਰਦੇ ਹਾਂ, ਉਹ ਉਸ ਲਈ ਬਹੁਤ ਮਾਅਨੇ ਰੱਖਦਾ ਹੈ ਭਾਵੇਂ ਸਾਨੂੰ ਲੱਗੇ ਕਿ ਅਸੀਂ ਕੁਝ ਵੀ ਨਹੀਂ ਕਰਦੇ। ਇਸ ਕਰਕੇ ਮੈਨੂੰ ਪਰਮੇਸ਼ੁਰ ਨਾਲ ਕੰਮ ਕਰ ਕੇ ਖ਼ੁਸ਼ੀ ਹੁੰਦੀ ਹੈ ਅਤੇ ਮੈਂ ਜਾਣਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਐਵੇਂ ਨਹੀਂ ਗੁਜ਼ਾਰ ਰਿਹਾ।”

ਪਰਮੇਸ਼ੁਰ ਨਾਲ ਕੰਮ ਕਰ ਕੇ ਅਸੀਂ ਉਸ ਦੇ ਅਤੇ ਹੋਰਨਾਂ ਦੇ ਨੇੜੇ ਜਾਂਦੇ ਹਾਂ

9. ਯਹੋਵਾਹ ਅਤੇ ਯਿਸੂ ਵਿਚ ਕਿਹੋ ਜਿਹਾ ਰਿਸ਼ਤਾ ਸੀ ਅਤੇ ਕਿਉਂ?

9 ਜਦੋਂ ਅਸੀਂ ਉਨ੍ਹਾਂ ਨਾਲ ਕੰਮ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਨੇੜੇ ਜਾਂਦੇ ਹਾਂ। ਸਾਨੂੰ ਉਨ੍ਹਾਂ ਦੇ ਸੁਭਾਅ ਅਤੇ ਗੁਣਾਂ ਬਾਰੇ ਹੋਰ ਵੀ ਪਤਾ ਲੱਗਦਾ ਹੈ। ਨਾਲੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਹ ਕਿਹੜੇ ਕੰਮ ਕਰਨੇ ਚਾਹੁੰਦੇ ਹਨ ਅਤੇ ਉਹ ਇਹ ਕੰਮ ਕਿਵੇਂ ਕਰਦੇ ਹਨ। ਯਿਸੂ ਨੇ ਯਹੋਵਾਹ ਨਾਲ ਸ਼ਾਇਦ ਅਰਬਾਂ-ਖਰਬਾਂ ਸਾਲ ਕੰਮ ਕੀਤਾ। ਇਸ ਲਈ ਉਨ੍ਹਾਂ ਵਿਚ ਪਿਆਰ ਅਤੇ ਮੋਹ ਦਾ ਅਟੁੱਟ ਰਿਸ਼ਤਾ ਬਣ ਗਿਆ। ਯਿਸੂ ਨੇ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ: “ਮੈਂ ਅਤੇ ਪਿਤਾ ਏਕਤਾ ਵਿਚ ਬੱਝੇ ਹੋਏ ਹਾਂ।” (ਯੂਹੰ. 10:30) ਉਹ ਹਮੇਸ਼ਾ ਇਕਮੁੱਠ ਹੋ ਕੇ ਕੰਮ ਕਰਦੇ ਸਨ।

10. ਅਸੀਂ ਪ੍ਰਚਾਰ ਕਰ ਕੇ ਪਰਮੇਸ਼ੁਰ ਅਤੇ ਹੋਰਨਾਂ ਦੇ ਨੇੜੇ ਕਿਉਂ ਜਾਂਦੇ ਹਾਂ?

10 ਯਿਸੂ ਨੇ ਯਹੋਵਾਹ ਨੂੰ ਆਪਣੇ ਚੇਲਿਆਂ ਦੀ ਰਾਖੀ ਕਰਨ ਲਈ ਕਿਹਾ ਸੀ। ਕਿਉਂ? ਉਸ ਨੇ ਪ੍ਰਾਰਥਨਾ ਵਿਚ ਕਿਹਾ: “ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ।” (ਯੂਹੰ. 17:11) ਜਦੋਂ ਅਸੀਂ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਦੇ ਹਾਂ ਅਤੇ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਉਸ ਦੇ ਸ਼ਾਨਦਾਰ ਗੁਣਾਂ ਬਾਰੇ ਹੋਰ ਵੀ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਪਤਾ ਲੱਗਦਾ ਹੈ ਕਿ ਉਸ ਉੱਤੇ ਭਰੋਸਾ ਰੱਖਣਾ ਅਤੇ ਉਸ ਦੀ ਅਗਵਾਈ ਵਿਚ ਚੱਲਣਾ ਕਿਉਂ ਸਮਝਦਾਰੀ ਦੀ ਗੱਲ ਹੈ। ਜਿੱਦਾਂ-ਜਿੱਦਾਂ ਅਸੀਂ ਪਰਮੇਸ਼ੁਰ ਦੇ ਨੇੜੇ ਜਾਵਾਂਗੇ, ਉੱਦਾਂ-ਉੱਦਾਂ ਉਹ ਸਾਡੇ ਨੇੜੇ ਆਵੇਗਾ। (ਯਾਕੂਬ 4:8 ਪੜ੍ਹੋ।) ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਵੀ ਨੇੜੇ ਜਾਂਦੇ ਹਾਂ ਕਿਉਂਕਿ ਉਹ ਵੀ ਸਾਡੇ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਸਾਡੇ ਵਾਂਗ ਖ਼ੁਸ਼ੀਆਂ ਮਾਣਦੇ ਹਨ ਅਤੇ ਸਾਡੇ ਵਾਂਗ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ। ਅਸੀਂ ਮਿਲ ਕੇ ਕੰਮ ਕਰਦੇ ਹਾਂ, ਇਕੱਠੇ ਖ਼ੁਸ਼ੀਆਂ ਮਨਾਉਂਦੇ ਹਾਂ ਅਤੇ ਦੁੱਖਾਂ ਵਿਚ ਇਕ-ਦੂਜੇ ਦਾ ਸਹਾਰਾ ਬਣਦੇ ਹਾਂ। ਇੰਗਲੈਂਡ ਵਿਚ ਰਹਿਣ ਵਾਲੀ ਓਕਟਾਵੀਆ ਦੱਸਦੀ ਹੈ: “ਮੈਂ ਯਹੋਵਾਹ ਨਾਲ ਕੰਮ ਕਰ ਕੇ ਆਪਣੇ ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਆਉਂਦੀ ਹਾਂ।” ਉਹ ਦੱਸਦੀ ਹੈ ਕਿ ਉਸ ਦੀ ਭੈਣਾਂ-ਭਰਾਵਾਂ ਨਾਲ ਦੋਸਤੀ ਇਸ ਕਰਕੇ ਹੈ ਕਿਉਂਕਿ “ਅਸੀਂ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਰਨੀ ਚਾਹੁੰਦੇ ਹਾਂ ਅਤੇ ਸਾਡੀ ਮੰਜ਼ਲ ਇੱਕੋ ਹੈ।” ਬਿਨਾਂ ਸ਼ੱਕ ਅਸੀਂ ਵੀ ਇਸ ਭੈਣ ਵਾਂਗ ਮਹਿਸੂਸ ਕਰਦੇ ਹਾਂ। ਜਦੋਂ ਅਸੀਂ ਦੇਖਦੇ ਹਾਂ ਕਿ ਭੈਣ-ਭਰਾ ਯਹੋਵਾਹ ਨੂੰ ਖ਼ੁਸ਼ ਕਰਨ ਦੀਆਂ ਕਿੰਨੀਆਂ ਕੋਸ਼ਿਸ਼ਾਂ ਕਰਦੇ ਹਨ, ਤਾਂ ਅਸੀਂ ਉਨ੍ਹਾਂ ਦੇ ਹੋਰ ਵੀ ਨੇੜੇ ਜਾਂਦੇ ਹਾਂ।

11. ਅਸੀਂ ਨਵੀਂ ਦੁਨੀਆਂ ਵਿਚ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਦੇ ਹੋਰ ਨੇੜੇ ਕਿਉਂ ਆਵਾਂਗੇ?

11 ਪਰਮੇਸ਼ੁਰ ਅਤੇ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਗੂੜ੍ਹਾ ਹੈ, ਪਰ ਨਵੀਂ ਦੁਨੀਆਂ ਵਿਚ ਇਹ ਹੋਰ ਵੀ ਗੂੜ੍ਹਾ ਹੋ ਜਾਵੇਗਾ। ਭਵਿੱਖ ਵਿਚ ਕੀਤੇ ਜਾਣ ਵਾਲੇ ਸ਼ਾਨਦਾਰ ਕੰਮਾਂ ਬਾਰੇ ਸੋਚੋ! ਅਸੀਂ ਦੁਬਾਰਾ ਜੀਉਂਦੇ ਕੀਤੇ ਗਏ ਲੋਕਾਂ ਦਾ ਸੁਆਗਤ ਕਰਾਂਗੇ ਅਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਵਾਂਗੇ। ਅਸੀਂ ਧਰਤੀ ਨੂੰ ਸੋਹਣਾ ਬਣਾਉਣ ਵਿਚ ਵੀ ਹਿੱਸਾ ਲਵਾਂਗੇ। ਇਹ ਕੋਈ ਛੋਟੇ-ਮੋਟੇ ਕੰਮ ਨਹੀਂ ਹਨ। ਮਸੀਹ ਦੇ ਰਾਜ ਅਧੀਨ ਸਾਨੂੰ ਕਿੰਨੀ ਖ਼ੁਸ਼ੀ ਮਿਲੇਗੀ ਜਦੋਂ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਅਤੇ ਹੌਲੀ-ਹੌਲੀ ਮੁਕੰਮਲ ਹੋ ਜਾਵਾਂਗੇ! ਸਾਰੇ ਇਨਸਾਨ ਇਕ-ਦੂਜੇ ਦੇ ਅਤੇ ਯਹੋਵਾਹ ਦੇ ਹੋਰ ਵੀ ਨੇੜੇ ਆਉਣਗੇ ਜੋ ਜ਼ਰੂਰ “ਸਾਰੇ ਜੀਆਂ ਦੀ ਇੱਛਿਆ ਪੂਰੀ” ਕਰੇਗਾ।​—ਜ਼ਬੂ. 145:16.

ਪਰਮੇਸ਼ੁਰ ਨਾਲ ਕੰਮ ਕਰ ਕੇ ਸਾਡੀ ਰਾਖੀ ਹੁੰਦੀ ਹੈ

12. ਪ੍ਰਚਾਰ ਦਾ ਕੰਮ ਸਾਡੀ ਰਾਖੀ ਕਿਵੇਂ ਕਰਦਾ ਹੈ?

12 ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਰਾਖੀ ਕਰਨ ਦੀ ਲੋੜ ਹੈ। ਸ਼ੈਤਾਨ ਦੀ ਦੁਨੀਆਂ ਵਿਚ ਰਹਿਣ ਅਤੇ ਪਾਪੀ ਹੋਣ ਕਰਕੇ ਅਸੀਂ ਸੌਖਿਆਂ ਹੀ ਇਸ ਦੁਨੀਆਂ ਵਾਂਗ ਸੋਚਣਾ ਅਤੇ ਕੰਮ ਕਰਨੇ ਸ਼ੁਰੂ ਕਰ ਸਕਦੇ ਹਾਂ। ਦੁਨੀਆਂ ਦੀ ਸੋਚ ਦੀ ਤੁਲਨਾ ਨਦੀ ਦੇ ਵਹਾਅ ਨਾਲ ਕੀਤੀ ਜਾ ਸਕਦੀ ਹੈ ਜੋ ਸਾਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਸਾਨੂੰ ਪਾਣੀ ਦੇ ਵਹਾਅ ਤੋਂ ਉਲਟ ਜਾਣ ਲਈ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਸਾਨੂੰ ਇਸ ਦੁਨੀਆਂ ਦੀ ਸੋਚ ਤੋਂ ਬਚਣ ਲਈ ਜੱਦੋ-ਜਹਿਦ ਕਰਨ ਦੀ ਲੋੜ ਹੈ। ਪ੍ਰਚਾਰ ਕਰ ਕੇ ਅਸੀਂ ਆਪਣਾ ਧਿਆਨ ਜ਼ਰੂਰੀ ਅਤੇ ਚੰਗੀਆਂ ਗੱਲਾਂ ʼਤੇ ਲਾਉਂਦੇ ਹਾਂ, ਨਾ ਕਿ ਉਨ੍ਹਾਂ ਗੱਲਾਂ ʼਤੇ ਜੋ ਸਾਡੀ ਨਿਹਚਾ ਨੂੰ ਕਮਜ਼ੋਰ ਕਰਦੀਆਂ ਹਨ। (ਫ਼ਿਲਿ. 4:8) ਪ੍ਰਚਾਰ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਕਿਉਂਕਿ ਇਹ ਸਾਨੂੰ ਪਰਮੇਸ਼ੁਰ ਦੇ ਵਾਅਦੇ ਅਤੇ ਉਸ ਦੇ ਮਿਆਰ ਯਾਦ ਕਰਾਉਂਦਾ ਹੈ। ਨਾਲੇ ਪ੍ਰਚਾਰ ਕਰ ਕੇ ਅਸੀਂ ਪਰਮੇਸ਼ੁਰ ਵੱਲੋਂ ਦਿੱਤੇ ਹਥਿਆਰ ਅਤੇ ਬਸਤਰ ਪਹਿਨੇ ਰੱਖ ਸਕਦੇ ਹਾਂ।​—ਅਫ਼ਸੀਆਂ 6:14-17 ਪੜ੍ਹੋ।

13. ਆਸਟ੍ਰੇਲੀਆ ਵਿਚ ਰਹਿਣ ਵਾਲਾ ਇਕ ਭਰਾ ਪ੍ਰਚਾਰ ਬਾਰੇ ਕੀ ਕਹਿੰਦਾ ਹੈ?

13 ਸਾਡੀ ਉਦੋਂ ਰਾਖੀ ਹੁੰਦੀ ਹੈ ਜਦੋਂ ਅਸੀਂ ਪ੍ਰਚਾਰ ਕਰਨ, ਬਾਈਬਲ ਸਟੱਡੀ ਕਰਨ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਰੁੱਝੇ ਰਹਿੰਦੇ ਹਾਂ। ਕਿਉਂ? ਕਿਉਂਕਿ ਸਾਡੇ ਕੋਲ ਆਪਣੀਆਂ ਸਮੱਸਿਆਵਾਂ ਬਾਰੇ ਹੱਦੋਂ-ਵਧ ਚਿੰਤਾ ਕਰਨ ਦਾ ਸਮਾਂ ਨਹੀਂ ਹੁੰਦਾ। ਆਸਟ੍ਰੇਲੀਆ ਦਾ ਰਹਿਣ ਵਾਲਾ ਜੋਅਲ ਕਹਿੰਦਾ ਹੈ: “ਪ੍ਰਚਾਰ ਕਰਨ ਨਾਲ ਮੈਂ ਇਹ ਨਹੀਂ ਭੁੱਲਦਾ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ। ਇਸ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਲੋਕ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਮੈਨੂੰ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਲਾਗੂ ਕਰ ਕੇ ਕਿੰਨੇ ਫ਼ਾਇਦੇ ਹੋਏ ਹਨ। ਪ੍ਰਚਾਰ ਮੇਰੀ ਨਿਮਰ ਰਹਿਣ ਵਿਚ ਮਦਦ ਕਰਦਾ ਹੈ। ਇਹ ਮੇਰੀ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਰੱਖਣ ਵਿਚ ਮਦਦ ਕਰਦਾ ਹੈ।”

14. ਪ੍ਰਚਾਰ ਵਿਚ ਲੱਗੇ ਰਹਿਣ ਨਾਲ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੇ ਨਾਲ ਹੈ?

14 ਪ੍ਰਚਾਰ ਕਰ ਕੇ ਸਾਡਾ ਭਰੋਸਾ ਵੀ ਵਧਦਾ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੇ ਨਾਲ ਹੈ। ਉਦਾਹਰਣ ਲਈ, ਤੁਹਾਨੂੰ ਆਪਣੇ ਮੁਹੱਲੇ ਦੇ ਲੋਕਾਂ ਨੂੰ ਰੋਟੀ ਵੰਡਣ ਦਾ ਕੰਮ ਮਿਲਿਆ ਹੈ। ਇਸ ਕੰਮ ਲਈ ਤੁਹਾਨੂੰ ਇਕ ਵੀ ਪੈਸਾ ਨਹੀਂ ਮਿਲਦਾ, ਸਗੋਂ ਤੁਹਾਨੂੰ ਆਪਣੀ ਜੇਬ ਵਿੱਚੋਂ ਪੈਸੇ ਖ਼ਰਚਣੇ ਪੈਂਦੇ ਹਨ। ਨਾਲੇ ਇਹ ਕੰਮ ਕਰਦਿਆਂ ਤੁਹਾਨੂੰ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਇਹ ਰੋਟੀ ਲੈਣੀ ਨਹੀਂ ਚਾਹੁੰਦੇ, ਇੱਥੋਂ ਤਕ ਕਿ ਕਈ ਲੋਕ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਕਿ ਤੁਸੀਂ ਇਹ ਰੋਟੀ ਲੈ ਕੇ ਕਿਉਂ ਆਏ ਹੋ। ਤੁਸੀਂ ਕਿੰਨਾ ਚਿਰ ਇਹ ਕੰਮ ਕਰੋਗੇ? ਬਿਨਾਂ ਸ਼ੱਕ, ਤੁਸੀਂ ਜਲਦੀ ਹੀ ਹਿੰਮਤ ਹਾਰ ਜਾਓਗੇ ਅਤੇ ਸ਼ਾਇਦ ਇਹ ਕੰਮ ਕਰਨਾ ਛੱਡ ਦਿਓਗੇ। ਪਰ ਬਹੁਤ ਸਾਰੇ ਭੈਣ-ਭਰਾ ਸਾਲ-ਦਰ-ਸਾਲ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿੰਦੇ ਹਨ ਚਾਹੇ ਉਹ ਆਪਣਾ ਸਮਾਂ ਲਾਉਣ ਦੇ ਨਾਲ-ਨਾਲ ਆਪਣੀ ਜੇਬ ਵਿੱਚੋਂ ਪੈਸੇ ਵੀ ਖ਼ਰਚਦੇ ਹਨ। ਨਾਲੇ ਇਹ ਕੰਮ ਕਰਨ ਕਰਕੇ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ ਜਾਂ ਇੱਥੋਂ ਤਕ ਕਿ ਉਹ ਸਾਡੇ ʼਤੇ ਗੁੱਸਾ ਵੀ ਕੱਢਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ।

ਪਰਮੇਸ਼ੁਰ ਨਾਲ ਕੰਮ ਕਰ ਕੇ ਅਸੀਂ ਉਸ ਲਈ ਅਤੇ ਹੋਰਨਾਂ ਲਈ ਪਿਆਰ ਦਿਖਾਉਂਦੇ ਹਾਂ

15. ਯਹੋਵਾਹ ਵੱਲੋਂ ਮਨੁੱਖਜਾਤੀ ਲਈ ਰੱਖੇ ਮਕਸਦ ਦਾ ਪ੍ਰਚਾਰ ਨਾਲ ਕੀ ਸੰਬੰਧ ਹੈ?

15 ਯਹੋਵਾਹ ਵੱਲੋਂ ਮਨੁੱਖਜਾਤੀ ਲਈ ਰੱਖੇ ਮਕਸਦ ਦਾ ਪ੍ਰਚਾਰ ਨਾਲ ਕੀ ਸੰਬੰਧ ਹੈ? ਪਰਮੇਸ਼ੁਰ ਨੇ ਇਨਸਾਨ ਨੂੰ ਹਮੇਸ਼ਾ ਲਈ ਧਰਤੀ ʼਤੇ ਰਹਿਣ ਲਈ ਬਣਾਇਆ ਸੀ। ਪਰ ਕੀ ਆਦਮ ਦੇ ਪਾਪ ਕਰਨ ਕਰਕੇ ਪਰਮੇਸ਼ੁਰ ਨੇ ਆਪਣਾ ਇਹ ਮਕਸਦ ਬਦਲ ਦਿੱਤਾ? ਨਹੀਂ। (ਯਸਾ. 55:11) ਪਰਮੇਸ਼ੁਰ ਨੇ ਸਾਨੂੰ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਉਣ ਦਾ ਪ੍ਰਬੰਧ ਕੀਤਾ। ਕਿਵੇਂ? ਉਸ ਨੇ ਯਿਸੂ ਨੂੰ ਧਰਤੀ ʼਤੇ ਆਪਣੀ ਜਾਨ ਦੇਣ ਲਈ ਭੇਜਿਆ। ਪਰ ਉਸ ਦੀ ਕੁਰਬਾਨੀ ਤੋਂ ਫ਼ਾਇਦਾ ਲੈਣ ਲਈ ਇਨਸਾਨਾਂ ਲਈ ਪਰਮੇਸ਼ੁਰ ਦਾ ਕਹਿਣਾ ਮੰਨਣਾ ਜ਼ਰੂਰੀ ਹੈ। ਇਸ ਲਈ ਯਿਸੂ ਨੇ ਲੋਕਾਂ ਨੂੰ ਇਹ ਸਿਖਾਇਆ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਦੂਜਿਆਂ ਨੂੰ ਇਹੀ ਸਿਖਾਉਣ ਦਾ ਹੁਕਮ ਦਿੱਤਾ। ਅੱਜ ਅਸੀਂ ਦੂਜਿਆਂ ਦੀ ਪਰਮੇਸ਼ੁਰ ਦੇ ਦੋਸਤ ਬਣਨ ਵਿਚ ਮਦਦ ਕਰ ਕੇ ਉਨ੍ਹਾਂ ਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹਾਂ।

16. ਪਰਮੇਸ਼ੁਰ ਦੇ ਸਭ ਤੋਂ ਵੱਡੇ ਹੁਕਮਾਂ ਦਾ ਪ੍ਰਚਾਰ ਨਾਲ ਕੀ ਸੰਬੰਧ ਹੈ?

16 ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾ ਕੇ ਅਸੀਂ ਉਨ੍ਹਾਂ ਅਤੇ ਯਹੋਵਾਹ ਲਈ ਆਪਣਾ ਪਿਆਰ ਦਿਖਾਉਂਦੇ ਹਾਂ। ਕਿਉਂਕਿ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ “ਦੀ ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:4) ਜਦੋਂ ਇਕ ਫ਼ਰੀਸੀ ਨੇ ਯਿਸੂ ਨੂੰ ਪੁੱਛਿਆ ਕਿ ਪਰਮੇਸ਼ੁਰ ਦਾ ਸਭ ਤੋਂ ਵੱਡਾ ਹੁਕਮ ਕਿਹੜਾ ਹੈ, ਤਾਂ ਉਸ ਨੇ ਕਿਹਾ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’ ਇਹੀ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ। ਅਤੇ ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’” (ਮੱਤੀ 22:37-39) ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹਾਂ।—ਰਸੂਲਾਂ ਦੇ ਕੰਮ 10:42 ਪੜ੍ਹੋ।

17. ਤੁਸੀਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਰਨ ਦੇ ਸਨਮਾਨ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

17 ਅਸੀਂ ਕਿੰਨੇ ਹੀ ਮੁਬਾਰਕ ਲੋਕ ਹਾਂ! ਯਹੋਵਾਹ ਨੇ ਸਾਨੂੰ ਉਹ ਕੰਮ ਦਿੱਤਾ ਹੈ ਜਿਸ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ, ਅਸੀਂ ਉਸ ਦੇ ਅਤੇ ਭੈਣਾਂ-ਭਰਾਵਾਂ ਦੇ ਨੇੜੇ ਜਾਂਦੇ ਹਾਂ ਅਤੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਦੀ ਰਾਖੀ ਹੁੰਦੀ ਹੈ। ਨਾਲੇ ਇਹ ਕੰਮ ਕਰ ਕੇ ਅਸੀਂ ਪਰਮੇਸ਼ੁਰ ਅਤੇ ਦੂਜਿਆਂ ਲਈ ਆਪਣਾ ਪਿਆਰ ਦਿਖਾ ਸਕਦੇ ਹਾਂ। ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਲੱਖਾਂ ਹੀ ਲੋਕ ਹਨ ਜਿਨ੍ਹਾਂ ਦੇ ਹਾਲਾਤ ਵੱਖੋ-ਵੱਖਰੇ ਹਨ। ਪਰ ਫਿਰ ਵੀ ਨਿਆਣੇ-ਸਿਆਣੇ, ਅਮੀਰ-ਗ਼ਰੀਬ ਅਤੇ ਚੰਗੀ-ਮਾੜੀ ਸਿਹਤ ਵਾਲੇ ਭੈਣ-ਭਰਾ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਫਰਾਂਸ ਵਿਚ ਰਹਿਣ ਵਾਲੀ ਛੈਂਟਐਲ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਕਿਹਾ: “ਬ੍ਰਹਿਮੰਡ ਦਾ ਸਰਬਸ਼ਕਤੀਮਾਨ, ਸਿਰਜਣਹਾਰ ਅਤੇ ਖ਼ੁਸ਼ਦਿਲ ਪਰਮੇਸ਼ੁਰ ਮੈਨੂੰ ਕਹਿੰਦਾ ਹੈ, ‘ਜਾ! ਦੱਸ! ਮੇਰੇ ਬਾਰੇ ਦੱਸ, ਦਿਲੋਂ ਮੇਰੇ ਬਾਰੇ ਦੱਸ। ਮੈਂ ਤੈਨੂੰ ਆਪਣਾ ਬਚਨ ਦੇਣ ਦੇ ਨਾਲ-ਨਾਲ ਆਪਣੀ ਤਾਕਤ ਵੀ ਦਿੰਦਾ ਹਾਂ। ਨਾਲੇ ਮੈਂ ਦੂਤਾਂ ਅਤੇ ਭੈਣਾਂ-ਭਰਾਵਾਂ ਰਾਹੀਂ ਵੀ ਤੇਰੀ ਮਦਦ ਕਰਦਾ ਹਾਂ। ਇਸ ਤੋਂ ਇਲਾਵਾ, ਮੈਂ ਤੈਨੂੰ ਸਿਖਲਾਈ ਅਤੇ ਸਹੀ ਸਮੇਂ ʼਤੇ ਹਿਦਾਇਤਾਂ ਦਿੰਦਾ ਹਾਂ।’ ਸਾਡੇ ਲਈ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਅਸੀਂ ਯਹੋਵਾਹ ਦਾ ਕਹਿਣਾ ਮੰਨੀਏ ਅਤੇ ਉਸ ਨਾਲ ਮਿਲ ਕੇ ਕੰਮ ਕਰੀਏ!”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ