ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w16 ਦਸੰਬਰ ਸਫ਼ੇ 19-23
  • ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਯਹੋਵਾਹ ʼਤੇ ਪਾ ਦਿਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਯਹੋਵਾਹ ʼਤੇ ਪਾ ਦਿਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ”
  • ਪਰਮੇਸ਼ੁਰ ਦੇ ਬਚਨ ਤੋਂ ਮਨ ਦੀ ਸ਼ਾਂਤੀ
  • ਪਵਿੱਤਰ ਸ਼ਕਤੀ ਦੇ ਗੁਣ
  • ‘ਕਦੇ ਵੀ ਚਿੰਤਾ ਨਾ ਕਰੋ’
  • ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲ ਕਰੋ
  • ਸਭ ਤੋਂ ਜ਼ਿਆਦਾ ਹਿੰਮਤ ਸਾਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਤੋਂ ਮਿਲਦੀ ਹੈ
  • ਮੈਂ ਚਿੰਤਾ ਦਾ ਸਾਮ੍ਹਣਾ ਕਿਵੇਂ ਕਰਾਂ?
    ਨੌਜਵਾਨਾਂ ਦੇ ਸਵਾਲ
  • ਚਿੰਤਾ ਨਾਲ ਘਿਰੇ ਆਦਮੀਆਂ ਦੀ ਬਾਈਬਲ ਕਿਵੇਂ ਮਦਦ ਕਰ ਸਕਦੀ ਹੈ?
    ਹੋਰ ਵਿਸ਼ੇ
  • ਚਿੰਤਾ
    ਜਾਗਰੂਕ ਬਣੋ!—2016
  • ਚਿੰਤਾਵਾਂ ਦੇ ਬਾਵਜੂਦ ਆਪਣੀ ਖ਼ੁਸ਼ੀ ਤੇ ਸ਼ਾਂਤੀ ਬਣਾਈ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
w16 ਦਸੰਬਰ ਸਫ਼ੇ 19-23
ਇਕ ਭਰਾ ਤਣਾਅ ਭਰੇ ਅਲੱਗ-ਅਲੱਗ ਹਾਲਾਤਾਂ ਬਾਰੇ ਸੋਚਦਿਆਂ ਚਿੰਤਾ ਵਿਚ

ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਯਹੋਵਾਹ ʼਤੇ ਪਾ ਦਿਓ

“ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਯਹੋਵਾਹ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”​—1 ਪਤ. 5:7.

ਗੀਤ: 60, 38

ਕੀ ਤੁਸੀਂ ਸਮਝਾ ਸਕਦੇ ਹੋ?

  • ਚਿੰਤਾ ਘਟਾਉਣ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

  • ਤੁਸੀਂ “ਪਰਮੇਸ਼ੁਰ ਦੀ ਸ਼ਾਂਤੀ” ਕਿਵੇਂ ਪਾ ਸਕਦੇ ਹੋ?

  • ਚਿੰਤਾ ਘਟਾਉਣ ਵਿਚ ਮੰਡਲੀ ਦੇ ਭੈਣ-ਭਰਾ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ?

1, 2. (ੳ) ਅਸੀਂ ਚਿੰਤਾਵਾਂ ਨਾਲ ਕਿਉਂ ਘਿਰੇ ਹੋਏ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਅਸੀਂ ਇਸ ਲੇਖ ਵਿਚ ਕਿਹੜੀਆਂ ਗੱਲਾਂ ਬਾਰੇ ਗੱਲ ਕਰਾਂਗੇ?

ਅੱਜ “ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।” (1 ਪਤ. 5:8; ਪ੍ਰਕਾ. 12:17) ਇਸ ਕਰਕੇ ਚਿੰਤਾ ਨੇ ਲੋਕਾਂ ਨੂੰ ਘੇਰਿਆ ਹੋਇਆ ਹੈ, ਇੱਥੋਂ ਤਕ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਵੀ। ਪੁਰਾਣੇ ਸਮੇਂ ਦੇ ਸੇਵਕਾਂ ਨੂੰ ਵੀ ਕਦੀ-ਕਦੀ ਚਿੰਤਾ ਹੁੰਦੀ ਸੀ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ ਦਾਊਦ ਨੂੰ ਕਦੀ-ਕਦਾਈਂ ਚਿੰਤਾ ਹੁੰਦੀ ਸੀ। (ਜ਼ਬੂ. 13:2) ਨਾਲੇ ਪੌਲੁਸ ਨੂੰ “ਸਾਰੀਆਂ ਮੰਡਲੀਆਂ ਦੀ ਚਿੰਤਾ” ਸਤਾਉਂਦੀ ਰਹਿੰਦੀ ਸੀ। (2 ਕੁਰਿੰ. 11:28) ਪਰ ਜਦੋਂ ਅਸੀਂ ਚਿੰਤਾ ਦੇ ਬੋਝ ਹੇਠ ਦੱਬੇ ਹੁੰਦੇ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ?

2 ਸਾਡੇ ਪਿਆਰੇ ਸਵਰਗੀ ਪਿਤਾ ਨੇ ਚਿੰਤਾਵਾਂ ਦਾ ਸਾਮ੍ਹਣਾ ਕਰਨ ਵਿਚ ਆਪਣੇ ਪੁਰਾਣੇ ਸਮੇਂ ਦੇ ਸੇਵਕਾਂ ਦੀ ਮਦਦ ਕੀਤੀ ਸੀ। ਇਸੇ ਤਰ੍ਹਾਂ ਉਹ ਅੱਜ ਸਾਡੀ ਵੀ ਮਦਦ ਕਰਨੀ ਚਾਹੁੰਦਾ ਹੈ। ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤ. 5:7) ਪਰ ਤੁਸੀਂ ਇਹ ਕਿੱਦਾਂ ਕਰ ਸਕਦੇ ਹੋ? (1) ਪ੍ਰਾਰਥਨਾ ਕਰ ਕੇ, (2) ਬਾਈਬਲ ਪੜ੍ਹ ਕੇ ਅਤੇ ਇਸ ਉੱਤੇ ਸੋਚ-ਵਿਚਾਰ ਕਰ ਕੇ, (3) ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗ ਕੇ ਅਤੇ (4) ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲ ਕਰ ਕੇ ਤੁਸੀਂ ਇੱਦਾਂ ਕਰ ਸਕਦੇ ਹੋ। ਇਨ੍ਹਾਂ ਚਾਰ ਗੱਲਾਂ ʼਤੇ ਸੋਚ-ਵਿਚਾਰ ਕਰਦਿਆਂ ਦੇਖੋ ਕਿ ਤੁਸੀਂ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰ ਸਕਦੇ ਹੋ।

“ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ”

3. ਤੁਸੀਂ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ” ਯਹੋਵਾਹ ਉੱਤੇ ਕਿਵੇਂ ਪਾ ਸਕਦੇ ਹੋ?

3 ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਯਹੋਵਾਹ ʼਤੇ ਪਾ ਦੇਣ ਦਾ ਇਕ ਤਰੀਕਾ ਹੈ, ਪ੍ਰਾਰਥਨਾ। ਤੁਹਾਡਾ ਪਿਆਰਾ ਸਵਰਗੀ ਪਿਤਾ ਚਾਹੁੰਦਾ ਹੈ ਕਿ ਜਦੋਂ ਤੁਸੀਂ ਚਿੰਤਾਵਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਤੁਸੀਂ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੋ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਹੋਵਾਹ ਅੱਗੇ ਤਰਲੇ ਕੀਤੇ: “ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਉੱਤੇ ਕੰਨ ਧਰ।” ਇਸੇ ਜ਼ਬੂਰ ਵਿਚ ਦਾਊਦ ਨੇ ਇਹ ਵੀ ਕਿਹਾ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।” (ਜ਼ਬੂ. 55:1, 22) ਆਪਣੀ ਸਮੱਸਿਆ ਦਾ ਹੱਲ ਕੱਢਣ ਲਈ ਤੁਸੀਂ ਜੋ ਕਰ ਸਕਦੇ ਸੀ, ਉਹ ਕਰਨ ਤੋਂ ਬਾਅਦ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ। ਪ੍ਰਾਰਥਨਾ ਦੀ ਮਦਦ ਨਾਲ ਤੁਸੀਂ ਚਿੰਤਾ ਕਰਨ ਦੀ ਬਜਾਇ ਹੋਰ ਬਹੁਤ ਕੁਝ ਕਰ ਸਕੋਗੇ। ਪਰ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ ਤਾਂਕਿ ਚਿੰਤਾ ਸਾਡੇ ਉੱਤੇ ਹਾਵੀ ਨਾ ਹੋ ਜਾਵੇ?​—ਜ਼ਬੂ. 94:18, 19.

4. ਚਿੰਤਾਵਾਂ ਦਾ ਸਾਮ੍ਹਣਾ ਕਰਦਿਆਂ ਪ੍ਰਾਰਥਨਾ ਕਰਨੀ ਇੰਨੀ ਜ਼ਰੂਰੀ ਕਿਉਂ ਹੈ?

4 ਫ਼ਿਲਿੱਪੀਆਂ 4:6, 7 ਪੜ੍ਹੋ। ਯਹੋਵਾਹ ਸਾਡੀਆਂ ਲਗਾਤਾਰ ਅਤੇ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਕਿੱਦਾਂ ਦਿੰਦਾ ਹੈ? ਉਹ ਸ਼ਾਂਤ ਰਹਿਣ ਅਤੇ ਹੱਦੋਂ ਵੱਧ ਚਿੰਤਾ ਤੋਂ ਬਚਣ ਵਿਚ ਸਾਡੀ ਮਦਦ ਕਰ ਸਕਦਾ ਹੈ। ਚਾਹੇ ਸਾਨੂੰ ਕਿਸੇ ਗੱਲ ਦਾ ਡਰ ਜਾਂ ਫ਼ਿਕਰ ਹੈ, ਪਰ ਯਹੋਵਾਹ ਸਾਨੂੰ ਉਹ ਸ਼ਾਂਤੀ ਦਿੰਦਾ ਹੈ ਜੋ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਮਨ ਦੀ ਸ਼ਾਂਤੀ ਪਾਈ ਹੈ। ਤੁਸੀਂ ਵੀ ਇਹ ਸ਼ਾਂਤੀ ਪਾ ਸਕਦੇ ਹੋ। ਕੋਈ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਵਿਚ “ਪਰਮੇਸ਼ੁਰ ਦੀ ਸ਼ਾਂਤੀ” ਤੁਹਾਡੀ ਮਦਦ ਕਰ ਸਕਦੀ ਹੈ। ਤੁਸੀਂ ਯਹੋਵਾਹ ਦੇ ਇਸ ਵਾਅਦੇ ਉੱਤੇ ਪੂਰਾ ਭਰੋਸਾ ਰੱਖ ਸਕਦੇ ਹੋ: “ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।”​—ਯਸਾ. 41:10.

ਪਰਮੇਸ਼ੁਰ ਦੇ ਬਚਨ ਤੋਂ ਮਨ ਦੀ ਸ਼ਾਂਤੀ

5. ਮਨ ਦੀ ਸ਼ਾਂਤੀ ਪਾਉਣ ਵਿਚ ਪਰਮੇਸ਼ੁਰ ਦਾ ਬਚਨ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?

5 ਮਨ ਦੀ ਸ਼ਾਂਤੀ ਪਾਉਣ ਦਾ ਦੂਜਾ ਤਰੀਕਾ ਹੈ, ਬਾਈਬਲ ਪੜ੍ਹਨੀ ਅਤੇ ਇਸ ʼਤੇ ਸੋਚ-ਵਿਚਾਰ ਕਰਨਾ। ਇੱਦਾਂ ਕਰਨਾ ਜ਼ਰੂਰੀ ਕਿਉਂ ਹੈ? ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਇਸ ਵਿਚ ਸਾਡੇ ਸ੍ਰਿਸ਼ਟੀਕਰਤਾ ਨੇ ਸਾਨੂੰ ਵਧੀਆ ਸਲਾਹਾਂ ਦਿੱਤੀਆਂ ਹਨ। ਚਿੰਤਾਵਾਂ ਦਾ ਸਾਮ੍ਹਣਾ ਕਰਦਿਆਂ ਪਰਮੇਸ਼ੁਰ ਦੇ ਵਿਚਾਰਾਂ ਉੱਤੇ ਗਹਿਰਾਈ ਨਾਲ ਸੋਚ-ਵਿਚਾਰ ਕਰੋ। ਇੱਦਾਂ ਕਰਨ ਨਾਲ ਤੁਸੀਂ ਦੇਖ ਸਕੋਗੇ ਕਿ ਉਸ ਦੀ ਸਲਾਹ ਤੁਹਾਨੂੰ ਕਿਵੇਂ ਤਾਕਤ ਦੇ ਸਕਦੀ ਹੈ। ਨਾਲੇ ਤੁਸੀਂ ਆਪਣੀਆਂ ਚਿੰਤਾਵਾਂ ʼਤੇ ਕਾਬੂ ਪਾ ਸਕਦੇ ਹੋ, ਇਨ੍ਹਾਂ ਨੂੰ ਘਟਾ ਸਕਦੇ ਹੋ ਜਾਂ ਇੱਥੋਂ ਤਕ ਕਿ ਇਨ੍ਹਾਂ ਤੋਂ ਬਚ ਵੀ ਸਕਦੇ ਹੋ। ਯਹੋਵਾਹ ਨੇ ਦੱਸਿਆ ਹੈ ਕਿ ਬਾਈਬਲ ਪੜ੍ਹਨ ਕਰਕੇ ਸਾਨੂੰ ‘ਕੰਬਣ ਜਾਂ ਘਬਰਾਉਣ’ ਦੀ ਕੋਈ ਲੋੜ ਨਹੀਂ ਹੋਵੇਗੀ, ਸਗੋਂ ਅਸੀਂ ‘ਤਕੜੇ ਹੋ’ ਸਕਾਂਗੇ ਅਤੇ “ਵੱਡਾ ਹੌਸਲਾ ਰੱਖ” ਸਕਾਂਗੇ।​—ਯਹੋ. 1:7-9.

6. ਯਿਸੂ ਦੀਆਂ ਗੱਲਾਂ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

6 ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਲੋਕਾਂ ਨਾਲ ਕਿਵੇਂ ਗੱਲ ਕਰਦਾ ਸੀ। ਲੋਕਾਂ ਨੂੰ ਯਿਸੂ ਦੀਆਂ ਗੱਲਾਂ ਸੁਣਨੀਆਂ ਬਹੁਤ ਵਧੀਆ ਲੱਗਦੀਆਂ ਸਨ ਕਿਉਂਕਿ ਉਸ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਦਿਲਾਸਾ ਅਤੇ ਤਾਜ਼ਗੀ ਮਿਲਦੀ ਸੀ, ਖ਼ਾਸ ਕਰਕੇ ਕਮਜ਼ੋਰ ਤੇ ਨਿਰਾਸ਼ ਲੋਕਾਂ ਨੂੰ। (ਮੱਤੀ 11:28-30 ਪੜ੍ਹੋ।) ਯਿਸੂ ਨੂੰ ਬਹੁਤ ਪਰਵਾਹ ਸੀ ਕਿ ਦੂਸਰੇ ਕਿਵੇਂ ਮਹਿਸੂਸ ਕਰਦੇ ਹਨ। (ਮਰ. 6:30-32) ਜਿੱਦਾਂ ਯਿਸੂ ਨੇ ਆਪਣੇ ਨਾਲ ਸਫ਼ਰ ਕਰਨ ਵਾਲੇ ਰਸੂਲਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ, ਉੱਦਾਂ ਉਹ ਅੱਜ ਸਾਡੀ ਵੀ ਮਦਦ ਕਰੇਗਾ। ਯਿਸੂ ਤੋਂ ਮਦਦ ਪਾਉਣ ਲਈ ਜ਼ਰੂਰੀ ਨਹੀਂ ਕਿ ਉਹ ਸਾਡੇ ਨਾਲ ਹੋਵੇ। ਉਹ ਸਵਰਗ ਵਿਚ ਰਾਜਾ ਹੈ ਅਤੇ ਸਾਡੀ ਬਹੁਤ ਪਰਵਾਹ ਕਰਦਾ ਹੈ। ਸੋ ਜਦੋਂ ਤੁਸੀਂ ਚਿੰਤਾਵਾਂ ਨਾਲ ਘਿਰੇ ਹੁੰਦੇ ਹੋ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਡੇ ਨਾਲ ਹੋਵੇਗਾ ਅਤੇ ਸਹੀ ਸਮਾਂ ਆਉਣ ʼਤੇ ਤੁਹਾਡੀ ਜ਼ਰੂਰ ਮਦਦ ਕਰੇਗਾ। ਜੀ ਹਾਂ, ਯਿਸੂ ਚਿੰਤਾਵਾਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਅਤੇ ਤੁਹਾਨੂੰ ਉਮੀਦ ਅਤੇ ਹੌਸਲਾ ਦੇ ਸਕਦਾ ਹੈ।​—ਇਬ. 2:17, 18; 4:16.

ਪਵਿੱਤਰ ਸ਼ਕਤੀ ਦੇ ਗੁਣ

7. ਪਵਿੱਤਰ ਸ਼ਕਤੀ ਮੰਗਣ ʼਤੇ ਪਰਮੇਸ਼ੁਰ ਕੀ ਕਰਦਾ ਹੈ?

7 ਯਿਸੂ ਨੇ ਵਾਅਦਾ ਕੀਤਾ ਸੀ ਕਿ ਸਾਡਾ ਸਵਰਗੀ ਪਿਤਾ ਪਵਿੱਤਰ ਸ਼ਕਤੀ ਮੰਗਣ ਵਾਲਿਆਂ ਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ। (ਲੂਕਾ 11:10-13) ਚਿੰਤਾ ਘਟਾਉਣ ਦਾ ਇਹ ਤੀਜਾ ਤਰੀਕਾ ਸਾਡੀ ਕਿਵੇਂ ਮਦਦ ਕਰੇਗਾ? ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ ਕਿ ਅਸੀਂ ਆਪਣੇ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਵਰਗੇ ਗੁਣ ਪੈਦਾ ਕਰੀਏ। (ਕੁਲੁ. 3:10) ਬਾਈਬਲ ਕਹਿੰਦੀ ਹੈ ਕਿ ਇਹ ਗੁਣ “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ” ਪੈਦਾ ਹੁੰਦੇ ਹਨ। (ਗਲਾਤੀਆਂ 5:22, 23 ਪੜ੍ਹੋ।) ਇਨ੍ਹਾਂ ਗੁਣਾਂ ਨੂੰ ਪੈਦਾ ਕਰ ਕੇ ਦੂਸਰਿਆਂ ਨਾਲ ਸਾਡਾ ਰਿਸ਼ਤਾ ਹੋਰ ਵਧੀਆ ਬਣੇਗਾ। ਨਾਲੇ ਅਸੀਂ ਉਨ੍ਹਾਂ ਗੱਲਾਂ ਤੋਂ ਵੀ ਬਚ ਸਕਾਂਗੇ ਜਿਨ੍ਹਾਂ ਕਰਕੇ ਚਿੰਤਾ ਹੁੰਦੀ ਹੈ। ਆਓ ਆਪਾਂ ਦੇਖੀਏ ਕਿ ਪਵਿੱਤਰ ਸ਼ਕਤੀ ਦੇ ਇਹ ਗੁਣ ਸਾਡੀ ਕਿਵੇਂ ਮਦਦ ਕਰ ਸਕਦੇ ਹਨ।

8-12. ਪਵਿੱਤਰ ਸ਼ਕਤੀ ਦੇ ਗੁਣ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ?

8 “ਪਿਆਰ, ਖ਼ੁਸ਼ੀ ਅਤੇ ਸ਼ਾਂਤੀ।” ਦੂਸਰਿਆਂ ਨਾਲ ਇੱਜ਼ਤ ਨਾਲ ਪੇਸ਼ ਆਉਣ ਕਰਕੇ ਤੁਹਾਡੀ ਚਿੰਤਾ ਘਟ ਸਕਦੀ ਹੈ। ਕਿਵੇਂ? ਜਦੋਂ ਤੁਸੀਂ ਭਰਾਵਾਂ ਵਰਗਾ ਪਿਆਰ ਤੇ ਮੋਹ ਰੱਖੋਗੇ ਅਤੇ ਇਕ-ਦੂਜੇ ਦੀ ਇੱਜ਼ਤ ਕਰੋਗੇ, ਤਾਂ ਤੁਸੀਂ ਅਕਸਰ ਉਨ੍ਹਾਂ ਹਾਲਾਤਾਂ ਤੋਂ ਬਚ ਸਕੋਗੇ ਜਿਨ੍ਹਾਂ ਕਰਕੇ ਤੁਹਾਨੂੰ ਗੁੱਸਾ, ਨਿਰਾਸ਼ਾ ਅਤੇ ਚਿੰਤਾ ਹੁੰਦੀ ਹੈ। ਇਸ ਕਰਕੇ ਤੁਹਾਡੇ ਲਈ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣੀ ਹੋਰ ਸੌਖੀ ਹੋ ਜਾਵੇਗੀ।​—ਰੋਮੀ. 12:10.

9 “ਸਹਿਣਸ਼ੀਲਤਾ, ਦਇਆ, ਭਲਾਈ।” ਬਾਈਬਲ ਕਹਿੰਦੀ ਹੈ: “ਇਕ-ਦੂਜੇ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਓ, ਨਾਲੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।” (ਅਫ਼. 4:32) ਇਹ ਸਲਾਹ ਮੰਨ ਕੇ ਤੁਸੀਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖ ਸਕੋਗੇ ਅਤੇ ਉਨ੍ਹਾਂ ਹਾਲਾਤਾਂ ਤੋਂ ਬਚ ਸਕੋਗੇ ਜਿਨ੍ਹਾਂ ਕਰਕੇ ਚਿੰਤਾ ਹੁੰਦੀ ਹੈ। ਨਾਲੇ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਪੈਦਾ ਹੋਏ ਹਾਲਾਤਾਂ ਨਾਲ ਨਿਭਣਾ ਤੁਹਾਡੇ ਲਈ ਹੋਰ ਵੀ ਸੌਖਾ ਹੋ ਜਾਵੇਗਾ।

10 “ਨਿਹਚਾ।” ਅੱਜ ਅਕਸਰ ਅਸੀਂ ਪੈਸੇ ਅਤੇ ਹੋਰ ਚੀਜ਼ਾਂ ਦੀ ਚਿੰਤਾ ਕਰਦੇ ਹਾਂ। (ਕਹਾ. 18:11) ਅਸੀਂ ਇਸ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ ਪੌਲੁਸ ਰਸੂਲ ਦੀ ਇਹ ਸਲਾਹ ਮੰਨਣੀ ਚਾਹੀਦੀ ਹੈ ਕਿ “ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।” ਯਹੋਵਾਹ ਉੱਤੇ ਮਜ਼ਬੂਤ ਨਿਹਚਾ ਸਾਡੀ ਇਹ ਭਰੋਸਾ ਰੱਖਣ ਵਿਚ ਮਦਦ ਕਰੇਗੀ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ। ਉਸ ਨੇ ਵਾਅਦਾ ਕੀਤਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” ਸੋ ਅਸੀਂ ਵੀ ਪੌਲੁਸ ਵਾਂਗ ਕਹਿ ਸਕਦੇ ਹਾਂ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ। ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?”​—ਇਬ. 13:5, 6.

11 “ਨਰਮਾਈ, ਸੰਜਮ।” ਸੋਚੋ ਕਿ ਇਹ ਗੁਣ ਦਿਖਾਉਣ ਨਾਲ ਤੁਹਾਨੂੰ ਕਿੰਨਾ ਫ਼ਾਇਦਾ ਹੋ ਸਕਦਾ ਹੈ। ਇਹ ਗੁਣ ਤੁਹਾਡੀ ਮਦਦ ਕਰਨਗੇ ਕਿ ਤੁਸੀਂ ਇੱਦਾਂ ਦਾ ਕੋਈ ਕੰਮ ਜਾਂ ਗੱਲ ਨਾ ਕਰੋ ਜਿਸ ਕਰਕੇ ਤੁਹਾਨੂੰ ਚਿੰਤਾ ਹੋ ਸਕਦੀ ਹੈ। ਨਾਲੇ ਇਹ ਗੁਣ “ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ” ਤੋਂ ਬਚਣ ਵਿਚ ਵੀ ਤੁਹਾਡੀ ਮਦਦ ਕਰਨਗੇ।​—ਅਫ਼. 4:31.

12 “ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ” ʼਤੇ ਭਰੋਸਾ ਰੱਖਣ ਅਤੇ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ” ਪਾਉਣ ਲਈ ਤੁਹਾਨੂੰ ਨਿਮਰ ਹੋਣ ਦੀ ਲੋੜ ਹੈ। (1 ਪਤ. 5:6, 7) ਨਿਮਰ ਹੋਣ ਕਰਕੇ ਤੁਸੀਂ ਆਪਣੀਆਂ ਹੱਦਾਂ ਪਛਾਣ ਸਕੋਗੇ। (ਮੀਕਾ. 6:8) ਇੱਦਾਂ ਕਰਨ ਨਾਲ ਤੁਸੀਂ ਆਪਣੇ ਉੱਤੇ ਭਰੋਸਾ ਰੱਖਣ ਦੀ ਬਜਾਇ ਪਰਮੇਸ਼ੁਰ ਉੱਤੇ ਭਰੋਸਾ ਰੱਖ ਸਕੋਗੇ। ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਅਤੇ ਪਿਆਰ ਦੇਖ ਕੇ ਤੁਸੀਂ ਕਾਫ਼ੀ ਹੱਦ ਤਕ ਚਿੰਤਾ ਦੇ ਬੋਝ ਹੇਠ ਆਉਣ ਤੋਂ ਬਚ ਸਕੋਗੇ।

‘ਕਦੇ ਵੀ ਚਿੰਤਾ ਨਾ ਕਰੋ’

13. ਯਿਸੂ ਦੇ ਕਹਿਣ ਦਾ ਕੀ ਮਤਲਬ ਸੀ, ਜਦੋਂ ਉਸ ਨੇ ਕਿਹਾ: ‘ਕਦੇ ਵੀ ਚਿੰਤਾ ਨਾ ਕਰੋ’?

13 ਅਸੀਂ ਮੱਤੀ 6:34 (ਪੜ੍ਹੋ) ਵਿਚ ਯਿਸੂ ਦੀ ਇਹ ਸਲਾਹ ਪੜ੍ਹ ਸਕਦੇ ਹਾਂ: ‘ਕਦੇ ਵੀ ਚਿੰਤਾ ਨਾ ਕਰੋ।’ ਸ਼ਾਇਦ ਸਾਨੂੰ ਲੱਗੇ ਕਿ ਸਾਡੇ ਲਈ ਇਹ ਸਲਾਹ ਮੰਨਣੀ ਨਾਮੁਮਕਿਨ ਹੈ। ਪਰ ਯਿਸੂ ਦੇ ਕਹਿਣ ਦਾ ਕੀ ਮਤਲਬ ਸੀ? ਅਸੀਂ ਪੜ੍ਹਿਆ ਸੀ ਕਿ ਦਾਊਦ ਅਤੇ ਪੌਲੁਸ ਵੀ ਕਦੀ-ਕਦੀ ਚਿੰਤਾ ਕਰਦੇ ਸਨ। ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਕਦੀ ਚਿੰਤਾ ਨਹੀਂ ਹੋਵੇਗੀ। ਇਸ ਦੀ ਬਜਾਇ, ਯਿਸੂ ਆਪਣੇ ਚੇਲਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬੇਕਾਰ ਜਾਂ ਹੱਦੋਂ ਵੱਧ ਚਿੰਤਾ ਕਰਨ ਨਾਲ ਸਾਡੀਆਂ ਮੁਸ਼ਕਲਾਂ ਦੂਰ ਨਹੀਂ ਹੋਣੀਆਂ। ਮਸੀਹੀਆਂ ਨੂੰ ਹਰ ਰੋਜ਼ ਕਿਸੇ-ਨਾ-ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਨਾ ਹੀ ਪਵੇਗਾ। ਇਸ ਲਈ ਮਸੀਹੀਆਂ ਨੂੰ ਬੀਤੇ ਸਮੇਂ ਦੀਆਂ ਸਮੱਸਿਆਵਾਂ ਜਾਂ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਸੋਚ ਕੇ ਅੱਜ ਦੀ ਚਿੰਤਾ ਨਹੀਂ ਵਧਾਉਣੀ ਚਾਹੀਦੀ। ਯਿਸੂ ਦੀ ਸਲਾਹ ʼਤੇ ਚੱਲ ਕੇ ਤੁਸੀਂ ਹੱਦੋਂ ਵੱਧ ਚਿੰਤਾ ਕਰਨ ਤੋਂ ਕਿਵੇਂ ਬਚ ਸਕਦੇ ਹੋ?

14. ਦਾਊਦ ਵਾਂਗ ਤੁਸੀਂ ਚਿੰਤਾ ਕਿਵੇਂ ਘਟਾ ਸਕਦੇ ਹੋ?

14 ਕਈ ਵਾਰ ਲੋਕਾਂ ਨੂੰ ਆਪਣੀਆਂ ਪਿਛਲੀਆਂ ਗ਼ਲਤੀਆਂ ਕਰਕੇ ਚਿੰਤਾ ਹੁੰਦੀ ਹੈ। ਸ਼ਾਇਦ ਕਈ ਸਾਲਾਂ ਬਾਅਦ ਵੀ ਉਹ ਬਹੁਤ ਜ਼ਿਆਦਾ ਦੋਸ਼ੀ ਮਹਿਸੂਸ ਕਰਨ। ਕਦੀ-ਕਦੀ ਰਾਜਾ ਦਾਊਦ ਵੀ ਆਪਣੀਆਂ ਗ਼ਲਤੀਆਂ ਕਰਕੇ ਨਿਰਾਸ਼ਾ ਵਿਚ ਡੁੱਬ ਜਾਂਦਾ ਸੀ। ਉਸ ਨੇ ਕਿਹਾ: “ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ।” (ਜ਼ਬੂ. 38:3, 4, 8, 18) ਸੋ ਦਾਊਦ ਨੇ ਕੀ ਕੀਤਾ? ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਉੱਤੇ ਦਇਆ ਕਰੇਗਾ ਅਤੇ ਉਸ ਨੂੰ ਮਾਫ਼ ਕਰੇਗਾ। ਉਸ ਨੇ ਪੂਰੇ ਭਰੋਸੇ ਨਾਲ ਕਿਹਾ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ।”​—ਜ਼ਬੂਰਾਂ ਦੀ ਪੋਥੀ 32:1-3, 5 ਪੜ੍ਹੋ।

15. (ੳ) ਅਸੀਂ ਦਾਊਦ ਤੋਂ ਹੋਰ ਕੀ ਸਿੱਖਦੇ ਹਾਂ? (ਅ) ਚਿੰਤਾ ਘਟਾਉਣ ਲਈ ਤੁਸੀਂ ਕੀ ਕਰ ਸਕਦੇ ਹੋ? (“ਚਿੰਤਾ ਘਟਾਉਣ ਦੇ ਫ਼ਾਇਦੇਮੰਦ ਸੁਝਾਅ” ਨਾਂ ਦੀ ਡੱਬੀ ਦੇਖੋ।)

15 ਕਦੀ-ਕਦਾਈਂ ਸ਼ਾਇਦ ਤੁਹਾਨੂੰ ਅੱਜ ਦੀ ਚਿੰਤਾ ਸਤਾਵੇ। ਮਿਸਾਲ ਲਈ, ਜਦੋਂ ਦਾਊਦ ਨੇ ਜ਼ਬੂਰ 55 ਲਿਖਿਆ ਸੀ, ਤਾਂ ਉਸ ਨੂੰ ਜਾਨੋਂ ਮਾਰੇ ਜਾਣ ਦਾ ਡਰ ਸੀ। (ਜ਼ਬੂ. 55:2-5) ਪਰ ਉਸ ਨੇ ਚਿੰਤਾ ਨੂੰ ਆਪਣੇ ਉੱਤੇ ਇੰਨਾ ਹਾਵੀ ਨਹੀਂ ਹੋਣ ਦਿੱਤਾ ਕਿ ਉਸ ਦਾ ਯਹੋਵਾਹ ਤੋਂ ਭਰੋਸਾ ਹੀ ਉੱਠ ਗਿਆ। ਦਾਊਦ ਨੇ ਯਹੋਵਾਹ ਨੂੰ ਮਦਦ ਲਈ ਤਰਲੇ ਕੀਤੇ। ਪਰ ਉਹ ਜਾਣਦਾ ਸੀ ਕਿ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਸ ਨੂੰ ਵੀ ਆਪਣੇ ਹੱਥ-ਪੈਰ ਮਾਰਨੇ ਪੈਣੇ ਸਨ। (2 ਸਮੂ. 15:30-34) ਅਸੀਂ ਦਾਊਦ ਤੋਂ ਸਿੱਖ ਸਕਦੇ ਹਾਂ। ਚਿੰਤਾ ਵਿਚ ਡੁੱਬਣ ਦੀ ਬਜਾਇ ਆਪਣੀਆਂ ਸਮੱਸਿਆਵਾਂ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰੋ ਅਤੇ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਮਦਦ ਕਰੇਗਾ।

ਚਿੰਤਾ ਘਟਾਉਣ ਦੇ ਫ਼ਾਇਦੇਮੰਦ ਸੁਝਾਅ

  • ਇਕ ਸੂਚੀ

    ਜ਼ਰੂਰੀ ਗੱਲਾਂ ਨੂੰ ਪਹਿਲ ਦਿਓ।

    ਫ਼ਿਲਿੱਪੀਆਂ 1:10, 11

  • ਇਕ ਆਦਮੀ ਬਹੁਤ ਚੀਜ਼ਾਂ ਸੰਭਾਲਦਿਆਂ

    ਆਪਣੀਆਂ ਹੱਦਾਂ ਪਛਾਣੋ।

    ਉਪਦੇਸ਼ਕ ਦੀ ਪੋਥੀ 7:16

  • ਮੋਬਾਇਲ ਫ਼ੋਨ ਵਰਤਣ ਦੀ ਮਨਾਹੀ

    ਰੋਜ਼ ਆਰਾਮ ਕਰਨ ਲਈ ਸਮਾਂ ਕੱਢੋ।

    ਮੱਤੀ 14:23

  • ਇਕ ਫੁੱਲ

    ਯਹੋਵਾਹ ਦੀ ਸ੍ਰਿਸ਼ਟੀ ਦਾ ਆਨੰਦ ਮਾਣੋ।

    ਜ਼ਬੂਰਾਂ ਦੀ ਪੋਥੀ 104:24, 25

  • ਮੁਸਕਰਾਉਂਦਾ ਚਿਹਰਾ

    ਹਾਸਾ-ਮਜ਼ਾਕ ਕਰੋ।

    ਕਹਾਉਤਾਂ 17:22

  • ਇਕ ਆਦਮੀ ਦੌੜਦਾ ਹੋਇਆ

    ਬਾਕਾਇਦਾ ਕਸਰਤ ਕਰੋ।

    1 ਤਿਮੋਥਿਉਸ 4:8

  • ਇਕ ਆਦਮੀ ਸੁੱਤਾ ਹੋਇਆ

    ਚੰਗੀ ਨੀਂਦ ਲਓ।

    ਮਰਕੁਸ 6:31

16. ਪਰਮੇਸ਼ੁਰ ਦੇ ਨਾਂ ਦਾ ਮਤਲਬ ਜਾਣਨ ਕਰਕੇ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੋ ਸਕਦੀ ਹੈ?

16 ਕਈ ਵਾਰ ਸ਼ਾਇਦ ਇਕ ਮਸੀਹੀ ਆਉਣ ਵਾਲੇ ਕੱਲ੍ਹ ਦੀਆਂ ਸਮੱਸਿਆਵਾਂ ਬਾਰੇ ਬਿਨਾਂ ਵਜ੍ਹਾ ਚਿੰਤਾ ਕਰੇ। ਪਰ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਜੋ ਅਜੇ ਹੋਈਆਂ ਹੀ ਨਹੀਂ ਹਨ। ਕਿਉਂ? ਕਿਉਂਕਿ ਕਈ ਵਾਰ ਉੱਨਾ ਬੁਰਾ ਨਹੀਂ ਹੁੰਦਾ ਜਿੰਨਾ ਬੁਰਾ ਅਸੀਂ ਸੋਚਦੇ ਹਾਂ। ਨਾਲੇ ਯਾਦ ਰੱਖੋ ਕਿ ਇੱਦਾਂ ਦੀ ਕੋਈ ਵੀ ਸਮੱਸਿਆ ਨਹੀਂ ਜਿਸ ਨੂੰ ਪਰਮੇਸ਼ੁਰ ਸੁਲਝਾ ਨਹੀਂ ਸਕਦਾ। ਉਸ ਦੇ ਨਾਂ ਦਾ ਮਤਲਬ ਹੈ, “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” (ਕੂਚ 3:14, NW) ਇਸ ਲਈ ਸਾਨੂੰ ਕੱਲ੍ਹ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਪਰਮੇਸ਼ੁਰ ਦੇ ਨਾਂ ਦੇ ਮਤਲਬ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਸਾਰੇ ਵਾਅਦੇ ਜ਼ਰੂਰ ਪੂਰੇ ਹੋਣਗੇ। ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਰਕਤਾਂ ਦੇਵੇਗਾ ਅਤੇ ਉਨ੍ਹਾਂ ਦੀਆਂ ਬੀਤੇ ਸਮੇਂ ਦੀਆਂ, ਅੱਜ ਦੀਆਂ ਅਤੇ ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਘਟਾਉਣ ਵਿਚ ਮਦਦ ਕਰੇਗਾ।

ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲ ਕਰੋ

17, 18. ਚਿੰਤਾਵਾਂ ਦਾ ਸਾਮ੍ਹਣਾ ਕਰਨ ਲਈ ਕਿਸੇ ਨਾਲ ਗੱਲ ਕਰਨ ਦੇ ਕੀ ਫ਼ਾਇਦੇ ਹੋ ਸਕਦੇ ਹਨ?

17 ਚਿੰਤਾਵਾਂ ਦਾ ਸਾਮ੍ਹਣਾ ਕਰਨ ਦਾ ਚੌਥਾ ਤਰੀਕਾ ਹੈ, ਕਿਸੇ ਭਰੋਸੇਯੋਗ ਵਿਅਕਤੀ ਨਾਲ ਖੁੱਲ੍ਹ ਕੇ ਗੱਲ ਕਰਨੀ। ਤੁਸੀਂ ਆਪਣੇ ਜੀਵਨ ਸਾਥੀ, ਜਿਗਰੀ ਦੋਸਤ ਜਾਂ ਮੰਡਲੀ ਦੇ ਕਿਸੇ ਬਜ਼ੁਰਗ ਨਾਲ ਗੱਲ ਕਰ ਸਕਦੇ ਹੋ। ਇਸ ਤਰ੍ਹਾਂ ਦੇ ਭਰੋਸੇਯੋਗ ਵਿਅਕਤੀ ਹਾਲਾਤਾਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਬਾਈਬਲ ਸਾਨੂੰ ਦੱਸਦੀ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” (ਕਹਾ. 12:25) ਬਾਈਬਲ ਇਹ ਵੀ ਕਹਿੰਦੀ ਹੈ: “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।”​—ਕਹਾ. 15:22.

18 ਮਸੀਹੀ ਸਭਾਵਾਂ ਵੀ ਚਿੰਤਾਵਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਹਰ ਹਫ਼ਤੇ ਦੀਆਂ ਸਭਾਵਾਂ ਵਿਚ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਮਿਲਦੇ-ਗਿਲ਼ਦੇ ਹੋ ਜੋ ਤੁਹਾਡੀ ਪਰਵਾਹ ਕਰਨ ਦੇ ਨਾਲ-ਨਾਲ ਤੁਹਾਨੂੰ ਹੌਸਲਾ ਵੀ ਦੇਣਾ ਚਾਹੁੰਦੇ ਹਨ। (ਇਬ. 10:24, 25) ਇਕ-ਦੂਜੇ ਦੀ “ਨਿਹਚਾ ਤੋਂ ਹੌਸਲਾ” ਮਿਲਣ ਕਰਕੇ ਤੁਹਾਨੂੰ ਹਿੰਮਤ ਮਿਲੇਗੀ ਅਤੇ ਤੁਸੀਂ ਆਪਣੀਆਂ ਚਿੰਤਾਵਾਂ ਦਾ ਸਾਮ੍ਹਣਾ ਕਰ ਸਕੋਗੇ।​—ਰੋਮੀ. 1:12.

ਸਭ ਤੋਂ ਜ਼ਿਆਦਾ ਹਿੰਮਤ ਸਾਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਤੋਂ ਮਿਲਦੀ ਹੈ

19. ਤੁਸੀਂ ਭਰੋਸਾ ਕਿਉਂ ਰੱਖ ਸਕਦੇ ਹੋ ਕਿ ਤੁਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਤੋਂ ਹਿੰਮਤ ਪਾ ਸਕਦੇ ਹੋ?

19 ਕੈਨੇਡਾ ਵਿਚ ਰਹਿਣ ਵਾਲੇ ਇਕ ਮੰਡਲੀ ਦੇ ਬਜ਼ੁਰਗ ਨੇ ਆਪਣੀ ਜ਼ਿੰਦਗੀ ਵਿਚ ਦੇਖਿਆ ਕਿ ਯਹੋਵਾਹ ਉੱਤੇ ਆਪਣਾ ਬੋਝ ਸੁੱਟਣਾ ਕਿੰਨਾ ਜ਼ਰੂਰੀ ਹੈ। ਅਧਿਆਪਕ ਵਜੋਂ ਉਸ ਦੀ ਨੌਕਰੀ ਬਹੁਤ ਔਖੀ ਹੈ। ਨਾਲੇ ਉਸ ਨੂੰ ਚਿੰਤਾ ਦਾ ਵੀ ਰੋਗ ਹੈ। ਹਿੰਮਤ ਨਾ ਹਾਰਨ ਵਿਚ ਕਿਹੜੀਆਂ ਗੱਲਾਂ ਨੇ ਉਸ ਦੀ ਮਦਦ ਕੀਤੀ? ਸਭ ਤੋਂ ਵੱਡੀ ਗੱਲ ਹੈ, ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣ ਲਈ ਬਹੁਤ ਮਿਹਨਤ ਕਰਦਾ ਹੈ। ਮੁਸ਼ਕਲ ਸਮਿਆਂ ਵਿਚ ਉਸ ਦੇ ਜਿਗਰੀ ਦੋਸਤਾਂ ਨੇ ਉਸ ਦੀ ਕਾਫ਼ੀ ਮਦਦ ਕੀਤੀ। ਨਾਲੇ ਉਹ ਆਪਣੀ ਪਤਨੀ ਨਾਲ ਦਿਲ ਖੋਲ੍ਹ ਕੇ ਗੱਲ ਕਰਦਾ ਹੈ। ਮੰਡਲੀ ਦੇ ਬਜ਼ੁਰਗਾਂ ਅਤੇ ਸਫ਼ਰੀ ਨਿਗਾਹਬਾਨ ਨੇ ਮੁਸ਼ਕਲਾਂ ਪ੍ਰਤੀ ਯਹੋਵਾਹ ਦਾ ਨਜ਼ਰੀਆ ਅਪਣਾਉਣ ਵਿਚ ਉਸ ਦੀ ਮਦਦ ਕੀਤੀ। ਇਕ ਡਾਕਟਰ ਨੇ ਵੀ ਉਸ ਨੂੰ ਉਸ ਦੀ ਬੀਮਾਰੀ ਬਾਰੇ ਚੰਗੀ ਤਰ੍ਹਾਂ ਸਮਝਾਇਆ। ਉਸ ਨੇ ਆਪਣੀ ਜ਼ਿੰਦਗੀ ਵਿਚ ਕੁਝ ਫੇਰ-ਬਦਲ ਕੀਤੇ ਅਤੇ ਆਰਾਮ ਕਰਨ ਤੇ ਕਸਰਤ ਕਰਨ ਲਈ ਸਮਾਂ ਕੱਢਿਆ। ਹੌਲੀ-ਹੌਲੀ ਉਹ ਆਪਣੇ ਜਜ਼ਬਾਤਾਂ ਅਤੇ ਚਿੰਤਾਵਾਂ ਉੱਤੇ ਕਾਬੂ ਪਾ ਸਕਿਆ। ਜਦੋਂ ਇੱਦਾਂ ਦੇ ਹਾਲਾਤ ਖੜ੍ਹੇ ਹੁੰਦੇ ਹਨ ਜੋ ਉਸ ਦੇ ਹੱਥ ਵੱਸ ਨਹੀਂ ਹਨ, ਤਾਂ ਉਹ ਮਦਦ ਲਈ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ।

20. (ੳ) ਅਸੀਂ ਆਪਣੀਆਂ ਚਿੰਤਾਵਾਂ ਦਾ ਬੋਝ ਪਰਮੇਸ਼ੁਰ ਉੱਤੇ ਕਿਵੇਂ ਪਾ ਸਕਦੇ ਹਾਂ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

20 ਅਸੀਂ ਇਸ ਲੇਖ ਤੋਂ ਸਿੱਖਿਆ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪ੍ਰਾਰਥਨਾ ਕਰ ਕੇ, ਬਾਈਬਲ ਪੜ੍ਹ ਕੇ ਤੇ ਇਸ ਉੱਤੇ ਸੋਚ-ਵਿਚਾਰ ਕਰ ਕੇ ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਯਹੋਵਾਹ ਉੱਤੇ ਪਾਈਏ। ਅਸੀਂ ਇਹ ਵੀ ਸਿੱਖਿਆ ਹੈ ਕਿ ਯਹੋਵਾਹ ਤੋਂ ਪਵਿੱਤਰ ਸ਼ਕਤੀ ਦੀ ਮੰਗ ਕਰਨੀ, ਕਿਸੇ ਭਰੋਸੇਯੋਗ ਵਿਅਕਤੀ ਨਾਲ ਖੁੱਲ੍ਹ ਕੇ ਗੱਲ ਕਰਨੀ ਅਤੇ ਮਸੀਹੀ ਸਭਾਵਾਂ ਵਿਚ ਜਾਣਾ ਕਿੰਨਾ ਜ਼ਰੂਰੀ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਸਾਨੂੰ ਇਨਾਮ ਦੀ ਉਮੀਦ ਦੇ ਕੇ ਸਾਡੀ ਕਿਵੇਂ ਮਦਦ ਕਰਦਾ ਹੈ।​—ਇਬ. 11:6.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ