ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਮਾਰਚ ਸਫ਼ੇ 28-31
  • ਦੋਸਤੀ ਜਦੋਂ ਖ਼ਤਰੇ ਵਿਚ ਹੋਵੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੋਸਤੀ ਜਦੋਂ ਖ਼ਤਰੇ ਵਿਚ ਹੋਵੇ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਜਦੋਂ ਦੋਸਤ ਗ਼ਲਤੀ ਕਰੇ
  • ਜਦੋਂ ਦੋਸਤ ਮੁਸ਼ਕਲ ਵਿਚ ਹੋਵੇ
  • ਕੀ ਤੁਸੀਂ ਗਿਲਾ ਰੱਖਦੇ ਹੋ ਜਾਂ ਮਾਫ਼ ਕਰਦੇ ਹੋ?
  • ਨਾਥਾਨ ਯਹੋਵਾਹ ਦਾ ਵਫ਼ਾਦਾਰ ਸੇਵਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਸਿੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਪਰਮੇਸ਼ੁਰ ਤੁਹਾਨੂੰ ਆਪਣੇ ਨਾਲ ਦੋਸਤੀ ਕਰਨ ਦਾ ਸੱਦਾ ਦਿੰਦਾ ਹੈ
    ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ!
  • ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਮਾਰਚ ਸਫ਼ੇ 28-31
ਨਾਥਾਨ ਨਬੀ ਨੇ ਪਰਮੇਸ਼ੁਰ ਦਾ ਸੁਨੇਹਾ ਦਾਊਦ ਨੂੰ ਦੇਣ ਤੋਂ ਪਹਿਲਾਂ ਸੋਚ-ਵਿਚਾਰ ਕੀਤਾ

ਦੋਸਤੀ ਜਦੋਂ ਖ਼ਤਰੇ ਵਿਚ ਹੋਵੇ

ਜ਼ਾਨੀ ਅਤੇ ਮੌਰੀਜ਼ੀਓ ਦੀ ਦੋਸਤੀ ਲਗਭਗ 50 ਸਾਲ ਪੁਰਾਣੀ ਸੀ। ਪਰ ਇਕ ਇੱਦਾਂ ਦਾ ਸਮਾਂ ਆਇਆ ਜਦੋਂ ਉਨ੍ਹਾਂ ਦੀ ਦੋਸਤੀ ਖ਼ਤਰੇ ਵਿਚ ਪੈ ਗਈ। ਮੌਰੀਜ਼ੀਓ ਦੱਸਦਾ ਹੈ: “ਇਕ ਔਖੇ ਸਮੇਂ ਦੌਰਾਨ ਮੈਂ ਕੁਝ ਗੰਭੀਰ ਗ਼ਲਤੀਆਂ ਕੀਤੀਆਂ ਜਿਸ ਕਰਕੇ ਸਾਡੀ ਦੋਸਤੀ ਵਿਚ ਦਰਾੜ ਪੈ ਗਈ।” ਜ਼ਾਨੀ ਕਹਿੰਦਾ ਹੈ: “ਮੌਰੀਜ਼ੀਓ ਨੇ ਮੇਰੀ ਬਾਈਬਲ ਸਟੱਡੀ ਸ਼ੁਰੂ ਕਰਾਈ ਸੀ। ਉਸ ਦਾ ਯਹੋਵਾਹ ਨਾਲ ਰਿਸ਼ਤਾ ਬਹੁਤ ਮਜ਼ਬੂਤ ਸੀ ਅਤੇ ਉਹ ਹਮੇਸ਼ਾ ਮੈਨੂੰ ਵਧੀਆ ਸਲਾਹ ਦਿੰਦਾ ਸੀ। ਪਰ ਉਸ ਦੀ ਗ਼ਲਤੀ ਬਾਰੇ ਜਾਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਇੱਦਾਂ ਲੱਗਾ ਕਿ ਮੇਰੀ ਦੁਨੀਆਂ ਹੀ ਉਜੜ ਗਈ ਕਿਉਂਕਿ ਸਾਡੀ ਦੋਸਤੀ ਹੁਣ ਟੁੱਟਣ ਵਾਲੀ ਸੀ। ਮੈਨੂੰ ਲੱਗਾ ਕਿ ਮੈਂ ਇਕੱਲਾ ਰਹਿ ਗਿਆ।”

ਚੰਗੇ ਦੋਸਤ ਬਹੁਤ ਅਨਮੋਲ ਹੁੰਦੇ ਹਨ, ਪਰ ਦੋਸਤੀਆਂ ਰਾਤੋ-ਰਾਤ ਗੂੜ੍ਹੀਆਂ ਨਹੀਂ ਹੁੰਦੀਆਂ। ਜੇ ਸਾਡੀ ਦੋਸਤੀ ਖ਼ਤਰੇ ਵਿਚ ਹੈ, ਤਾਂ ਅਸੀਂ ਇਸ ਨੂੰ ਟੁੱਟਣ ਤੋਂ ਕਿਵੇਂ ਬਚਾ ਸਕਦੇ ਹਾਂ? ਬਾਈਬਲ ਵਿਚ ਕਈ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿਚ ਬਹੁਤ ਗੂੜ੍ਹੀ ਦੋਸਤੀ ਸੀ, ਪਰ ਬਾਅਦ ਵਿਚ ਉਨ੍ਹਾਂ ਦੀ ਦੋਸਤੀ ਖ਼ਤਰੇ ਵਿਚ ਪੈ ਗਈ।

ਜਦੋਂ ਦੋਸਤ ਗ਼ਲਤੀ ਕਰੇ

ਦਾਊਦ ਚਰਵਾਹਾ ਸੀ ਜੋ ਬਾਅਦ ਵਿਚ ਰਾਜਾ ਬਣਿਆ ਅਤੇ ਉਸ ਦੇ ਬਹੁਤ ਚੰਗੇ ਦੋਸਤ ਸਨ। ਸ਼ਾਇਦ ਸਾਡੇ ਮਨ ਵਿਚ ਯੋਨਾਥਾਨ ਦਾ ਨਾਂ ਆਵੇ। (1 ਸਮੂ. 18:1) ਪਰ ਦਾਊਦ ਦੇ ਹੋਰ ਵੀ ਦੋਸਤ ਸਨ, ਜਿਵੇਂ ਕਿ ਨਾਥਾਨ ਨਬੀ। ਬਾਈਬਲ ਨਹੀਂ ਦੱਸਦੀ ਕਿ ਉਹ ਦੋਸਤ ਕਦੋਂ ਬਣੇ। ਪਰ ਇਕ ਸਮੇਂ ਤੇ ਉਸ ਨੇ ਆਪਣੇ ਦੋਸਤ ਨਾਥਾਨ ਨੂੰ ਆਪਣੇ ਦਿਲ ਦੀ ਗੱਲ ਦੱਸੀ, ਜਿਵੇਂ ਅਸੀਂ ਵੀ ਆਪਣੇ ਕਰੀਬੀ ਦੋਸਤ ਨੂੰ ਦੱਸਦੇ ਹਾਂ। ਦਾਊਦ ਦੀ ਦਿਲੀ ਤਮੰਨਾ ਸੀ ਕਿ ਉਹ ਯਹੋਵਾਹ ਲਈ ਮੰਦਰ ਬਣਾਵੇ। ਰਾਜਾ ਦਾਊਦ ਨਾਥਾਨ ਦੀ ਸਲਾਹ ਜ਼ਰੂਰ ਮੰਨਦਾ ਹੋਣਾ ਕਿਉਂਕਿ ਉਹ ਉਸ ਦਾ ਦੋਸਤ ਸੀ ਅਤੇ ਨਾਥਾਨ ਉੱਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਸੀ।​—2 ਸਮੂ. 7:2, 3.

ਪਰ ਕੁਝ ਇੱਦਾਂ ਦਾ ਹੋਇਆ ਜਿਸ ਕਰਕੇ ਉਨ੍ਹਾਂ ਦੀ ਦੋਸਤੀ ਖ਼ਤਰੇ ਵਿਚ ਪੈ ਗਈ। ਰਾਜਾ ਦਾਊਦ ਨੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ ਅਤੇ ਬਾਅਦ ਵਿਚ ਉਸ ਦੇ ਪਤੀ ਊਰਿੱਯਾਹ ਨੂੰ ਮਰਵਾ ਦਿੱਤਾ। (2 ਸਮੂ. 11:2-21) ਬਹੁਤ ਸਾਲਾਂ ਤਕ ਦਾਊਦ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ ਅਤੇ ਨਿਆਂ ਕਰਦਾ ਰਿਹਾ। ਪਰ ਫਿਰ ਉਸ ਨੇ ਇਹ ਵੱਡਾ ਪਾਪ ਕੀਤਾ। ਇਸ ਚੰਗੇ ਰਾਜੇ ਨੂੰ ਕੀ ਹੋ ਗਿਆ ਸੀ? ਕੀ ਉਸ ਨੂੰ ਅਹਿਸਾਸ ਨਹੀਂ ਹੋਇਆ ਕਿ ਉਸ ਨੇ ਕਿੰਨਾ ਵੱਡਾ ਪਾਪ ਕੀਤਾ? ਕੀ ਉਸ ਨੂੰ ਇੱਦਾਂ ਲੱਗਾ ਕਿ ਉਹ ਆਪਣੀ ਗ਼ਲਤੀ ਪਰਮੇਸ਼ੁਰ ਤੋਂ ਲੁਕਾ ਸਕਦਾ ਸੀ?

ਭਾਵੇਂ ਹੋਰਨਾਂ ਨੂੰ ਵੀ ਪਤਾ ਸੀ ਕਿ ਦਾਊਦ ਨੇ ਊਰਿੱਯਾਹ ਨੂੰ ਮਰਵਾਇਆ ਸੀ, ਪਰ ਨਾਥਾਨ ਨੇ ਕੀ ਕੀਤਾ? ਕੀ ਉਸ ਨੇ ਸੋਚਿਆ, ‘ਛੱਡੋ, ਕੋਈ ਹੋਰ ਹੀ ਰਾਜੇ ਨਾਲ ਇਸ ਬਾਰੇ ਗੱਲ ਕਰੇਗਾ’? ਭਾਵੇਂ ਕਿ ਉਸ ਦੀ ਦਾਊਦ ਨਾਲ ਸਾਲਾਂ ਦੀ ਦੋਸਤੀ ਟੁੱਟ ਸਕਦੀ ਸੀ, ਫਿਰ ਵੀ ਉਸ ਨੇ ਖ਼ੁਦ ਦਾਊਦ ਨਾਲ ਕਿਉਂ ਗੱਲ ਕੀਤੀ? ਰਾਜੇ ਨਾਲ ਇਸ ਬਾਰੇ ਗੱਲ ਕਰ ਕੇ ਉਸ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਸੀ। ਪਹਿਲਾਂ ਹੀ ਦਾਊਦ ਨੇ ਬੇਕਸੂਰ ਊਰਿੱਯਾਹ ਨੂੰ ਮਰਵਾ ਛੱਡਿਆ ਸੀ।

ਨਾਥਾਨ ਪਰਮੇਸ਼ੁਰ ਵੱਲੋਂ ਗੱਲ ਕਰਦਾ ਸੀ। ਨਾਥਾਨ ਨਬੀ ਜਾਣਦਾ ਸੀ ਕਿ ਜੇ ਉਹ ਕੁਝ ਨਾ ਕਹਿੰਦਾ, ਤਾਂ ਦਾਊਦ ਨਾਲ ਉਸ ਦਾ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਹਿਣਾ ਸੀ। ਨਾਲੇ ਨਾਥਾਨ ਦੀ ਜ਼ਮੀਰ ਨੇ ਵੀ ਉਸ ਉੱਤੇ ਲਾਹਨਤਾਂ ਪਾਉਣੀਆਂ ਸਨ। ਉਸ ਦੇ ਦੋਸਤ ਦਾਊਦ ਨੇ ਪਰਮੇਸ਼ੁਰ ਨੂੰ ਨਾਖ਼ੁਸ਼ ਕਰਨ ਵਾਲੇ ਕੰਮ ਕੀਤੇ ਸਨ। ਉਸ ਨੂੰ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਦੁਬਾਰਾ ਜੋੜਨ ਲਈ ਜਲਦੀ ਹੀ ਮਦਦ ਦੀ ਲੋੜ ਸੀ। ਜੀ ਹਾਂ, ਦਾਊਦ ਨੂੰ ਇਕ ਸੱਚੇ ਦੋਸਤ ਦੀ ਲੋੜ ਸੀ। ਨਾਥਾਨ ਹੀ ਉਹ ਦੋਸਤ ਸਾਬਤ ਹੋਇਆ। ਉਸ ਨੇ ਇਕ ਅਯਾਲੀ ਦੀ ਮਿਸਾਲ ਦੇ ਕੇ ਦਾਊਦ ਨਾਲ ਗੱਲ ਛੇੜੀ। ਉਹ ਜਾਣਦਾ ਸੀ ਕਿ ਇਹ ਮਿਸਾਲ ਉਸ ਦੇ ਦਿਲ ਨੂੰ ਛੂਹ ਜਾਣੀ ਸੀ ਕਿਉਂਕਿ ਦਾਊਦ ਪਹਿਲਾਂ ਇਕ ਅਯਾਲੀ ਸੀ। ਨਾਥਾਨ ਨੇ ਇਸ ਤਰੀਕੇ ਨਾਲ ਪਰਮੇਸ਼ੁਰ ਦਾ ਸੰਦੇਸ਼ ਸੁਣਾਇਆ ਕਿ ਦਾਊਦ ਸਮਝ ਗਿਆ ਕਿ ਉਸ ਨੇ ਕਿੰਨੀਆਂ ਵੱਡੀਆਂ ਗ਼ਲਤੀਆਂ ਕੀਤੀਆਂ ਅਤੇ ਉਹ ਆਪਣੀਆਂ ਗ਼ਲਤੀਆਂ ਸੁਧਾਰਨ ਲਈ ਪ੍ਰੇਰਿਤ ਹੋਇਆ।​—2 ਸਮੂ. 12:1-14.

ਤੁਸੀਂ ਕੀ ਕਰੋਗੇ ਜੇ ਤੁਹਾਡਾ ਦੋਸਤ ਕੋਈ ਵੱਡੀ ਗ਼ਲਤੀ ਕਰਦਾ ਹੈ? ਸ਼ਾਇਦ ਤੁਸੀਂ ਸੋਚੋ, ‘ਜੇ ਮੈਂ ਉਸ ਨੂੰ ਉਸ ਦੀ ਗ਼ਲਤੀ ਦੱਸਾਂ, ਤਾਂ ਸਾਡੀ ਦੋਸਤੀ ਟੁੱਟ ਸਕਦੀ ਹੈ।’ ਜਾਂ ‘ਜੇ ਮੈਂ ਬਜ਼ੁਰਗਾਂ ਨੂੰ ਉਸ ਦੀ ਗ਼ਲਤੀ ਬਾਰੇ ਦੱਸਦਾ ਹਾਂ, ਤਾਂ ਮੈਂ ਉਸ ਨਾਲ ਦਗ਼ਾ ਕਰ ਰਿਹਾ ਹੋਵਾਂਗਾ।’ ਤੁਸੀਂ ਕੀ ਕਰੋਗੇ?

ਜ਼ਾਨੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਯਾਦ ਕਰਦਾ ਹੈ: “ਹੁਣ ਸਾਡੇ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹੀ। ਮੌਰੀਜ਼ੀਓ ਹੁਣ ਮੇਰੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦਾ। ਭਾਵੇਂ ਕਿ ਮੇਰੇ ਲਈ ਉਸ ਨਾਲ ਗੱਲ ਕਰਨੀ ਬਹੁਤ ਔਖੀ ਸੀ, ਫਿਰ ਵੀ ਮੈਂ ਉਸ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ। ਮੈਂ ਸੋਚਿਆ: ‘ਮੈਂ ਉਸ ਨੂੰ ਕਿਹੜੀ ਸਲਾਹ ਦੇ ਸਕਦਾ? ਉਸ ਨੂੰ ਤਾਂ ਪਹਿਲਾਂ ਹੀ ਸਾਰਾ ਕੁਝ ਪਤਾ ਹੈ। ਮੇਰੀ ਗੱਲ ਸੁਣ ਕੇ ਸ਼ਾਇਦ ਉਸ ਨੂੰ ਗੁੱਸਾ ਆਵੇ।’ ਪਰ ਮੈਂ ਉਨ੍ਹਾਂ ਗੱਲਾਂ ਨੂੰ ਯਾਦ ਕੀਤਾ ਜੋ ਉਸ ਨੇ ਮੈਨੂੰ ਸਟੱਡੀ ਵਿਚ ਸਿਖਾਈਆਂ ਸਨ। ਇੱਦਾਂ ਕਰਕੇ ਮੈਨੂੰ ਉਸ ਨਾਲ ਗੱਲ ਕਰਨ ਦੀ ਹਿੰਮਤ ਮਿਲੀ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਇਸ ਕਰਕੇ ਮੈਂ ਉਸ ਦੀ ਮਦਦ ਕਰਨੀ ਚਾਹੁੰਦਾ ਸੀ ਅਤੇ ਉਸ ਦੀ ਦੋਸਤੀ ਗੁਆਉਣੀ ਨਹੀਂ ਚਾਹੁੰਦਾ ਸੀ। ਮੈਨੂੰ ਯਾਦ ਹੈ ਕਿ ਲੋੜ ਪੈਣ ʼਤੇ ਮੌਰੀਜ਼ੀਓ ਨੇ ਵੀ ਮੇਰੀ ਬੜੀ ਮਦਦ ਕੀਤੀ ਸੀ।”

ਮੌਰੀਜ਼ੀਓ ਅੱਗੇ ਕਹਿੰਦਾ ਹੈ: “ਜ਼ਾਨੀ ਚੰਗੇ ਦਿਲ ਦਾ ਸੀ ਅਤੇ ਉਹ ਬਿਲਕੁਲ ਸਹੀ ਸੀ। ਮੈਨੂੰ ਪਤਾ ਸੀ ਕਿ ਮੇਰੀਆਂ ਗ਼ਲਤੀਆਂ ਦੇ ਬੁਰੇ ਅੰਜਾਮਾਂ ਪਿੱਛੇ ਨਾ ਤਾਂ ਉਸ ਦਾ ਕਸੂਰ ਸੀ ਤੇ ਨਾ ਹੀ ਯਹੋਵਾਹ ਦਾ। ਇਸ ਲਈ ਮੈਂ ਤਾੜਨਾ ਕਬੂਲ ਕੀਤੀ ਅਤੇ ਸਮੇਂ ਦੇ ਬੀਤਣ ਨਾਲ ਯਹੋਵਾਹ ਨਾਲ ਮੇਰਾ ਰਿਸ਼ਤਾ ਫਿਰ ਤੋਂ ਮਜ਼ਬੂਤ ਹੋਇਆ।”

ਜਦੋਂ ਦੋਸਤ ਮੁਸ਼ਕਲ ਵਿਚ ਹੋਵੇ

ਦਾਊਦ ਦੇ ਹੋਰ ਵੀ ਸਾਥੀ ਸਨ ਜੋ ਮੁਸ਼ਕਲ ਘੜੀਆਂ ਵਿਚ ਉਸ ਦੇ ਨਾਲ ਖੜ੍ਹੇ ਹੋਏ। ਉਨ੍ਹਾਂ ਵਿੱਚੋਂ ਇਕ ਹੂਸ਼ਈ ਸੀ ਜਿਸ ਨੂੰ ਬਾਈਬਲ ਵਿਚ “ਦਾਊਦ ਦਾ ਮਿੱਤ੍ਰ” ਕਿਹਾ ਗਿਆ ਹੈ। (2 ਸਮੂ. 16:16; 1 ਇਤ. 27:33) ਉਹ ਸ਼ਾਇਦ ਰਾਜ ਦਰਬਾਰੀ ਸੀ ਜੋ ਰਾਜੇ ਦਾ ਦੋਸਤ ਹੋਣ ਦੇ ਨਾਲ-ਨਾਲ ਉਸ ਵਾਸਤੇ ਕੰਮ ਕਰਦਾ ਸੀ। ਉਹ ਕਦੀ-ਕਦੀ ਰਾਜੇ ਦੇ ਗੁਪਤ ਸੰਦੇਸ਼ ਵੀ ਲੈ ਕੇ ਜਾਂਦਾ ਹੁੰਦਾ ਸੀ।

ਜਦੋਂ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ ਆਪਣੇ ਪਿਤਾ ਦੀ ਗੱਦੀ ʼਤੇ ਕਬਜ਼ਾ ਕਰ ਲਿਆ, ਤਾਂ ਬਹੁਤ ਸਾਰੇ ਇਜ਼ਰਾਈਲੀਆਂ ਨੇ ਅਬਸ਼ਾਲੋਮ ਦਾ ਸਾਥ ਦਿੱਤਾ। ਪਰ ਹੂਸ਼ਈ ਨੇ ਦਾਊਦ ਦਾ ਸਾਥ ਦਿੱਤਾ। ਜਦੋਂ ਦਾਊਦ ਆਪਣੇ ਪੁੱਤਰ ਤੋਂ ਭੱਜ ਰਿਹਾ ਸੀ, ਤਾਂ ਹੂਸ਼ਈ ਉਸ ਨੂੰ ਮਿਲਣ ਗਿਆ। ਆਪਣੇ ਪੁੱਤਰ ਅਤੇ ਆਪਣੇ ਕੁਝ ਭਰੋਸੇਯੋਗ ਆਦਮੀਆਂ ਦੀ ਬੇਵਫ਼ਾਈ ਕਰਕੇ ਦਾਊਦ ਨੂੰ ਬਹੁਤ ਦੁੱਖ ਲੱਗਾ। ਪਰ ਹੂਸ਼ਈ ਦਾਊਦ ਪ੍ਰਤੀ ਵਫ਼ਾਦਾਰ ਰਿਹਾ। ਉਹ ਆਪਣੀ ਜਾਨ ਦਾਅ ʼਤੇ ਲਾਉਣ ਲਈ ਤਿਆਰ ਸੀ। ਹੂਸ਼ਈ ਉਹ ਸਲਾਹ ਮੰਨਣ ਲਈ ਤਿਆਰ ਹੋਇਆ ਜਿਸ ਨਾਲ ਦਾਊਦ ਖ਼ਿਲਾਫ਼ ਕੀਤੀ ਬਗਾਵਤ ਖ਼ਤਮ ਹੋ ਸਕਦੀ ਸੀ। ਹੂਸ਼ਈ ਨੇ ਸਿਰਫ਼ ਇਕ ਰਾਜ ਦਰਬਾਰੀ ਵਜੋਂ ਹੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਸਗੋਂ ਉਹ ਵਫ਼ਾਦਾਰ ਦੋਸਤ ਵੀ ਸਾਬਤ ਹੋਇਆ।​—2 ਸਮੂ. 15:13-17, 32-37; 16:15–17:16.

ਕਿੰਨਾ ਵਧੀਆ ਲੱਗਦਾ ਕਿ ਜਦੋਂ ਭੈਣ-ਭਰਾ ਇਕ-ਦੂਜੇ ਨਾਲ ਸਿਰਫ਼ ਮੰਡਲੀ ਦੇ ਕੰਮ ਪੂਰੇ ਕਰਨ ਲਈ ਦੋਸਤੀ ਨਹੀਂ ਰੱਖਦੇ, ਸਗੋਂ ਸੱਚਾ ਪਿਆਰ ਹੋਣ ਕਰਕੇ ਉਹ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ। ਉਹ ਆਪਣੇ ਕੰਮਾਂ ਤੋਂ ਇਹ ਕਹਿ ਰਹੇ ਹੁੰਦੇ ਹਨ: “ਮੈਂ ਫ਼ਰਜ਼ ਸਮਝ ਕੇ ਨਹੀਂ, ਸਗੋਂ ਪਿਆਰ ਹੋਣ ਕਰਕੇ ਤੇਰੇ ਨਾਲ ਦੋਸਤੀ ਕੀਤੀ ਹੈ।”

ਫੇਡੇਰੀਕੋ ਨਾਂ ਦੇ ਭਰਾ ਨਾਲ ਇੱਦਾਂ ਹੀ ਹੋਇਆ। ਆਪਣੇ ਕਰੀਬੀ ਦੋਸਤ ਐਨਟੋਨਿਓ ਦੀ ਮਦਦ ਨਾਲ ਉਹ ਇਕ ਔਖੀ ਘੜੀ ਵਿੱਚੋਂ ਦੀ ਲੰਘ ਸਕਿਆ। ਫੇਡੇਰੀਕੋ ਦੱਸਦਾ ਹੈ: “ਜਦੋਂ ਐਨਟੋਨਿਓ ਸਾਡੀ ਮੰਡਲੀ ਵਿਚ ਸੇਵਾ ਕਰਨ ਆਇਆ, ਤਾਂ ਅਸੀਂ ਜਲਦੀ ਦੋਸਤ ਬਣ ਗਏ। ਅਸੀਂ ਦੋਨੋਂ ਸਹਾਇਕ ਸੇਵਕ ਸੀ ਅਤੇ ਇਕੱਠੇ ਕੰਮ ਕਰਕੇ ਸਾਨੂੰ ਮਜ਼ਾ ਆਉਂਦਾ ਸੀ। ਥੋੜ੍ਹੀ ਦੇਰ ਬਾਅਦ ਉਸ ਨੂੰ ਬਜ਼ੁਰਗ ਬਣਾ ਦਿੱਤਾ ਗਿਆ। ਪਰਮੇਸ਼ੁਰ ਦੀ ਸੇਵਾ ਵਿਚ ਉਹ ਜੋ ਵੀ ਕਰਦਾ ਸੀ, ਮੈਂ ਉਸ ਤੋਂ ਬਹੁਤ ਕੁਝ ਸਿੱਖਦਾ ਸੀ।” ਫਿਰ ਫੇਡੇਰੀਕੋ ਨੇ ਇਕ ਵੱਡੀ ਗ਼ਲਤੀ ਕੀਤੀ। ਉਸ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਤੋਂ ਜੋੜਨ ਲਈ ਜਲਦੀ ਬਜ਼ੁਰਗਾਂ ਤੋਂ ਮਦਦ ਮੰਗੀ। ਪਰ ਉਹ ਪਾਇਨੀਅਰ ਜਾਂ ਸਹਾਇਕ ਸੇਵਕ ਵਜੋਂ ਸੇਵਾ ਕਰਨ ਦਾ ਸਨਮਾਨ ਗੁਆ ਬੈਠਾ। ਐਨਟੋਨਿਓ ਨੇ ਕੀ ਕੀਤਾ?

ਫੇਡੇਰੀਕੋ ਬਜ਼ੁਰਗਾਂ ਨੂੰ ਮਿਲਿਆ ਅਤੇ ਐਨਟੋਨਿਓ ਨੇ ਉਸ ਦੀਆਂ ਗੱਲਾਂ ਕੀਤੀਆਂ ਉਸ ਨਾਲ ਸਮਾਂ ਬਿਤਾਇਆ ਅਤੇ ਉਸ ਨੂੰ ਹੌਸਲਾ ਦਿੱਤਾ

ਜਦੋਂ ਫੇਡੇਰੀਕੋ ਮੁਸ਼ਕਲ ਵਿਚ ਸੀ, ਤਾਂ ਉਸ ਦੇ ਦੋਸਤ ਐਨਟੋਨਿਓ ਨੇ ਉਸ ਦੀ ਧਿਆਨ ਨਾਲ ਗੱਲ ਸੁਣੀ ਤੇ ਉਸ ਨੂੰ ਹੌਸਲਾ ਦਿੱਤਾ

ਫੇਡੇਰੀਕੋ ਯਾਦ ਕਰਦਾ ਹੈ: “ਮੈਨੂੰ ਪਤਾ ਸੀ ਕਿ ਐਨਟੋਨਿਓ ਮੇਰਾ ਦੁੱਖ ਸਮਝਦਾ ਸੀ। ਉਸ ਨੇ ਮੈਨੂੰ ਹੌਸਲਾ ਦੇਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਨੂੰ ਮੇਰਾ ਬਹੁਤ ਫ਼ਿਕਰ ਸੀ ਅਤੇ ਚਾਹੁੰਦਾ ਸੀ ਕਿ ਯਹੋਵਾਹ ਨਾਲ ਮੇਰਾ ਰਿਸ਼ਤਾ ਠੀਕ ਹੋ ਜਾਵੇ। ਉਸ ਨੇ ਮੇਰਾ ਸਾਥ ਕਦੀ ਨਹੀਂ ਛੱਡਿਆ। ਉਸ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਮੈਂ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਮਜ਼ਬੂਤ ਕਰਾਂ ਅਤੇ ਹਾਰ ਨਾ ਮੰਨਾਂ।” ਐਨਟੋਨਿਓ ਦੱਸਦਾ ਹੈ: “ਮੈਂ ਫੇਡੇਰੀਕੋ ਨਾਲ ਹੁਣ ਜ਼ਿਆਦਾ ਸਮਾਂ ਬਿਤਾਉਂਦਾ ਸੀ। ਮੈਂ ਚਾਹੁੰਦਾ ਸੀ ਕਿ ਉਹ ਮੇਰੇ ਨਾਲ ਕਿਸੇ ਵੀ ਮਾਮਲੇ ਬਾਰੇ ਖੁੱਲ੍ਹ ਕੇ ਗੱਲ ਕਰੇ, ਇੱਥੋਂ ਤਕ ਕਿ ਆਪਣੇ ਦੁੱਖ ਬਾਰੇ ਵੀ।” ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਕੁਝ ਸਮੇਂ ਬਾਅਦ ਫੇਡੇਰੀਕੋ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕੀਤਾ ਅਤੇ ਬਾਅਦ ਵਿਚ ਉਹ ਫਿਰ ਤੋਂ ਪਾਇਨੀਅਰ ਅਤੇ ਸਹਾਇਕ ਸੇਵਕ ਵਜੋਂ ਸੇਵਾ ਕਰਨ ਲੱਗ ਪਿਆ। ਐਨਟੋਨਿਓ ਕਹਿੰਦਾ ਹੈ: “ਚਾਹੇ ਅਸੀਂ ਹੁਣ ਅਲੱਗ-ਅਲੱਗ ਮੰਡਲੀਆਂ ਵਿਚ ਸੇਵਾ ਕਰ ਰਹੇ ਹਾਂ, ਪਰ ਸਾਡੀ ਦੋਸਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੂੜ੍ਹੀ ਹੈ।”

ਫੇਡੇਰੀਕੋ ਅਤੇ ਐਨਟੋਨਿਓ ਨੇ ਇਕੱਠੇ ਸਮਾਂ ਬਿਤਾਇਆ

ਕੀ ਤੁਸੀਂ ਗਿਲਾ ਰੱਖਦੇ ਹੋ ਜਾਂ ਮਾਫ਼ ਕਰਦੇ ਹੋ?

ਤੁਹਾਨੂੰ ਕਿੱਦਾਂ ਲੱਗੇਗਾ, ਜੇ ਲੋੜ ਪੈਣ ʼਤੇ ਤੁਹਾਡਾ ਕਰੀਬੀ ਦੋਸਤ ਤੁਹਾਨੂੰ ਪਿੱਠ ਦਿਖਾਵੇ? ਇਸ ਤੋਂ ਵੱਡੀ ਦੁੱਖ ਦੀ ਗੱਲ ਹੋ ਹੀ ਨਹੀਂ ਸਕਦੀ। ਕੀ ਤੁਸੀਂ ਉਸ ਨੂੰ ਮਾਫ਼ ਕਰ ਸਕੋਗੇ? ਕੀ ਕਦੀ ਤੁਹਾਡੀ ਦੋਸਤੀ ਪਹਿਲਾਂ ਵਾਂਗ ਪੱਕੀ ਹੋ ਸਕੇਗੀ?

ਧਰਤੀ ਉੱਤੇ ਯਿਸੂ ਦੇ ਆਖ਼ਰੀ ਦਿਨਾਂ ਬਾਰੇ ਸੋਚੋ। ਉਸ ਨੇ ਆਪਣੇ ਵਫ਼ਾਦਾਰ ਰਸੂਲਾਂ ਨਾਲ ਬਹੁਤ ਸਮਾਂ ਬਿਤਾਇਆ ਅਤੇ ਉਨ੍ਹਾਂ ਵਿਚ ਇਕ ਬਹੁਤ ਹੀ ਖ਼ਾਸ ਰਿਸ਼ਤਾ ਸੀ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਆਪਣੇ ਦੋਸਤ ਕਿਹਾ। (ਯੂਹੰ. 15:15) ਪਰ ਯਿਸੂ ਦੇ ਗਿਰਫ਼ਤਾਰ ਹੋਣ ʼਤੇ ਕੀ ਹੋਇਆ? ਰਸੂਲ ਭੱਜ ਗਏ। ਪਤਰਸ ਨੇ ਸਾਰਿਆਂ ਦੇ ਸਾਮ੍ਹਣੇ ਇਹ ਦਾਅਵਾ ਕੀਤਾ ਸੀ ਕਿ ਉਹ ਆਪਣੇ ਮਾਲਕ ਨੂੰ ਕਦੇ ਨਹੀਂ ਛੱਡੇਗਾ। ਪਰ ਉਸੇ ਰਾਤ ਉਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ।​—ਮੱਤੀ 26:31-33, 56, 69-75.

ਭਾਵੇਂ ਯਿਸੂ ਜਾਣਦਾ ਸੀ ਕਿ ਉਸ ਨੂੰ ਆਖ਼ਰੀ ਪਰੀਖਿਆਵਾਂ ਦਾ ਸਾਮ੍ਹਣਾ ਇਕੱਲਿਆਂ ਹੀ ਕਰਨਾ ਪਵੇਗਾ, ਪਰ ਫਿਰ ਵੀ ਉਸ ਕੋਲ ਨਿਰਾਸ਼ ਹੋਣ ਅਤੇ ਇੱਥੋਂ ਤਕ ਕਿ ਆਪਣੇ ਚੇਲਿਆਂ ਨਾਲ ਗੁੱਸੇ ਹੋਣ ਦੇ ਜਾਇਜ਼ ਕਾਰਨ ਸਨ। ਪਰ ਜੀਉਂਦੇ ਹੋਣ ਤੋਂ ਕੁਝ ਦਿਨਾਂ ਬਾਅਦ ਯਿਸੂ ਦੀ ਆਪਣੇ ਚੇਲਿਆਂ ਨਾਲ ਹੋਈ ਗੱਲਬਾਤ ਤੋਂ ਜ਼ਰਾ ਵੀ ਨਹੀਂ ਲੱਗਾ ਕਿ ਉਹ ਨਿਰਾਸ਼ ਸੀ ਜਾਂ ਉਸ ਦੇ ਮਨ ਵਿਚ ਉਨ੍ਹਾਂ ਲਈ ਕੁੜੱਤਣ ਜਾਂ ਪਛਤਾਵਾ ਸੀ। ਯਿਸੂ ਨੇ ਰਸੂਲਾਂ ਦੀਆਂ ਗ਼ਲਤੀਆਂ ਨਹੀਂ ਗਿਣਾਈਆਂ ਤੇ ਨਾ ਹੀ ਉਨ੍ਹਾਂ ਨੂੰ ਅਹਿਸਾਸ ਕਰਾਇਆ ਕਿ ਗਿਰਫ਼ਤਾਰੀ ਵਾਲੇ ਦਿਨ ਉਨ੍ਹਾਂ ਨੇ ਕੀ-ਕੀ ਕੀਤਾ ਸੀ।

ਇਸ ਦੇ ਉਲਟ, ਯਿਸੂ ਨੇ ਪਤਰਸ ਅਤੇ ਬਾਕੀ ਰਸੂਲਾਂ ਨੂੰ ਭਰੋਸਾ ਦਿਵਾਇਆ। ਉਸ ਨੇ ਉਨ੍ਹਾਂ ਨੂੰ ਦੁਨੀਆਂ ਦੇ ਇਤਿਹਾਸ ਵਿਚ ਹੋਣ ਵਾਲੇ ਸਭ ਤੋਂ ਅਹਿਮ ਕੰਮ ਬਾਰੇ ਹਿਦਾਇਤਾਂ ਦੇ ਕੇ ਆਪਣਾ ਭਰੋਸਾ ਜ਼ਾਹਰ ਕੀਤਾ। ਯਿਸੂ ਰਸੂਲਾਂ ਨੂੰ ਅਜੇ ਵੀ ਆਪਣੇ ਦੋਸਤ ਸਮਝਦਾ ਸੀ। ਉਸ ਦੇ ਪਿਆਰ ਦਾ ਉਨ੍ਹਾਂ ʼਤੇ ਗਹਿਰਾ ਅਸਰ ਪਿਆ। ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਮਾਲਕ ਨੂੰ ਦੁਬਾਰਾ ਸ਼ਿਕਾਇਤ ਦਾ ਮੌਕਾ ਨਾ ਦੇਣ। ਵਾਕਈ, ਯਿਸੂ ਵੱਲੋਂ ਦਿੱਤੇ ਕੰਮ ਨੂੰ ਚੇਲਿਆਂ ਨੇ ਬਾਖੂਬੀ ਨਿਭਾਇਆ।​—ਰਸੂ. 1:8; ਕੁਲੁ. 1:23.

ਭੈਣ ਐਲਵੀਰਾ ਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਉਸ ਦੀ ਆਪਣੀ ਪਿਆਰੀ ਸਹੇਲੀ ਜ਼ੂਲੀਆਨਾ ਨਾਲ ਅਣਬਣ ਹੋਈ ਸੀ। ਐਲਵੀਰਾ ਦੱਸਦੀ ਹੈ: “ਜਦੋਂ ਜ਼ੂਲੀਆਨਾ ਨੇ ਮੈਨੂੰ ਦੱਸਿਆ ਕਿ ਮੇਰੇ ਕਿਸੇ ਕੰਮ ਤੋਂ ਉਸ ਨੂੰ ਕਿੰਨਾ ਦੁੱਖ ਲੱਗਾ ਹੈ, ਤਾਂ ਮੈਨੂੰ ਬਹੁਤ ਘਾਟਾ ਮਹਿਸੂਸ ਹੋਇਆ। ਉਸ ਕੋਲ ਗੁੱਸੇ ਹੋਣ ਦਾ ਜਾਇਜ਼ ਕਾਰਨ ਸੀ। ਪਰ ਮੈਨੂੰ ਇਸ ਤੋਂ ਬਹੁਤ ਹੈਰਾਨੀ ਹੋਈ ਕਿ ਉਸ ਨੂੰ ਮੇਰੀ ਕਿੰਨੀ ਚਿੰਤਾ ਸੀ। ਨਾਲੇ ਮੇਰੇ ਰਵੱਈਏ ਕਰਕੇ ਕੀ-ਕੀ ਹੋ ਸਕਦਾ ਸੀ। ਮੈਂ ਇਸ ਗੱਲ ਦੀ ਹਮੇਸ਼ਾ ਕਦਰ ਕਰਾਂਗੀ ਕਿ ਉਸ ਨੇ ਇਸ ਗੱਲ ʼਤੇ ਧਿਆਨ ਨਹੀਂ ਲਾਇਆ ਕਿ ਮੈਂ ਉਸ ਨਾਲ ਕੀ ਬੁਰਾ ਕੀਤਾ। ਪਰ ਇਸ ਗੱਲ ʼਤੇ ਧਿਆਨ ਲਾਇਆ ਕਿ ਮੈਂ ਆਪਣੇ ਆਪ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੀ ਸੀ। ਮੈਂ ਯਹੋਵਾਹ ਦਾ ਦਿਲੋਂ ਸ਼ੁਕਰ ਕਰਦੀ ਹਾਂ ਕਿ ਮੇਰੀ ਇੱਦਾਂ ਦੀ ਸਹੇਲੀ ਹੈ ਜੋ ਆਪਣੇ ਨਾਲੋਂ ਜ਼ਿਆਦਾ ਮੇਰੀ ਪਰਵਾਹ ਕਰਦੀ ਹੈ।”

ਦੋਸਤੀ ਖ਼ਤਰੇ ਵਿਚ ਪੈਣ ʼਤੇ ਇਕ ਚੰਗਾ ਦੋਸਤ ਕੀ ਕਰੇਗਾ? ਲੋੜ ਪੈਣ ʼਤੇ ਉਹ ਪਿਆਰ ਨਾਲ ਅਤੇ ਖੁੱਲ੍ਹ ਕੇ ਗੱਲ ਕਰੇਗਾ। ਉਹ ਨਾਥਾਨ ਤੇ ਹੂਸ਼ਈ ਵਰਗਾ ਦੋਸਤ ਹੋਵੇਗਾ ਜੋ ਵਫ਼ਾਦਾਰ ਰਹੇ, ਇੱਥੋਂ ਤਕ ਕਿ ਔਖੀਆਂ ਘੜੀਆਂ ਵਿਚ ਵੀ। ਨਾਲੇ ਯਿਸੂ ਵਰਗਾ ਵੀ ਜੋ ਮਾਫ਼ ਕਰਨ ਲਈ ਤਿਆਰ ਸੀ। ਕੀ ਤੁਸੀਂ ਇੱਦਾਂ ਦੇ ਦੋਸਤ ਹੋ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ