ਸਭ ਤੋਂ ਅਹਿਮ ਮਸਲੇ ਨੂੰ ਯਾਦ ਰੱਖੋ
“ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”—ਜ਼ਬੂ. 83:18.
1, 2. (ੳ) ਸਭ ਤੋਂ ਗੰਭੀਰ ਮਸਲਾ ਕਿਹੜਾ ਹੈ? (ਅ) ਇਹ ਮਸਲਾ ਸਾਡੇ ਲਈ ਇੰਨਾ ਗੰਭੀਰ ਕਿਉਂ ਹੈ?
ਅੱਜ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਪੈਸਾ ਹੀ ਸਭ ਕੁਝ ਹੈ। ਉਨ੍ਹਾਂ ਨੂੰ ਚੌਵੀ ਘੰਟੇ ਪੈਸਿਆਂ ਦੀ ਹੀ ਚਿੰਤਾ ਰਹਿੰਦੀ ਹੈ। ਉਹ ਆਪਣੀ ਪੂਰੀ ਜ਼ਿੰਦਗੀ ਪੈਸੇ ਕਮਾਉਣ ਅਤੇ ਜਮ੍ਹਾ ਕਰਨ ਵਿਚ ਲਾ ਦਿੰਦੇ ਹਨ। ਪਰ ਕਈ ਲੋਕਾਂ ਲਈ ਉਨ੍ਹਾਂ ਦਾ ਪਰਿਵਾਰ, ਸਿਹਤ ਜਾਂ ਸ਼ੌਂਕ ਪੂਰੇ ਕਰਨੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੇ ਹਨ।
2 ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲੋਂ ਇਕ ਬਹੁਤ ਗੰਭੀਰ ਮਸਲਾ ਹੈ ਜੋ ਸਾਰਿਆਂ ਦੀ ਜ਼ਿੰਦਗੀ ਉੱਤੇ ਅਸਰ ਪਾਉਂਦਾ ਹੈ। ਇਹ ਮਸਲਾ ਹੈ, ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਉਣਾ। ਇਸ ਤੋਂ ਅਹਿਮ ਮਸਲਾ ਹੋਰ ਕੋਈ ਹੋ ਹੀ ਨਹੀਂ ਸਕਦਾ। ਇਸ ਲਈ ਸਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪਰ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਜ਼ਿੰਦਗੀ ਦੀ ਨੱਠ-ਭੱਜ ਕਰਕੇ ਜਾਂ ਆਪਣੀਆਂ ਹੀ ਮੁਸੀਬਤਾਂ ʼਤੇ ਜ਼ਿਆਦਾ ਧਿਆਨ ਲਾਉਣ ਕਰਕੇ ਅਸੀਂ ਇਸ ਮਸਲੇ ਦੀ ਗੰਭੀਰਤਾ ਨੂੰ ਭੁੱਲ ਸਕਦੇ ਹਾਂ। ਜੇ ਅਸੀਂ ਬਾਕੀ ਗੱਲਾਂ ਨਾਲੋਂ ਇਸ ਮਸਲੇ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦੇਵਾਂਗੇ, ਤਾਂ ਸਮੱਸਿਆਵਾਂ ਨਾਲ ਨਜਿੱਠਣ ਵਿਚ ਸਾਡੀ ਮਦਦ ਹੋਵੇਗੀ ਅਤੇ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾਵਾਂਗੇ।
ਇਹ ਮਸਲਾ ਇੰਨਾ ਗੰਭੀਰ ਕਿਉਂ ਹੈ?
3. ਸ਼ੈਤਾਨ ਨੇ ਪਰਮੇਸ਼ੁਰ ਦੀ ਹਕੂਮਤ ਬਾਰੇ ਕੀ ਦਾਅਵਾ ਕੀਤਾ ਹੈ?
3 ਸ਼ੈਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ʼਤੇ ਸਵਾਲ ਖੜ੍ਹਾ ਕੀਤਾ ਹੈ। ਸ਼ੈਤਾਨ ਚਾਹੁੰਦਾ ਹੈ ਕਿ ਲੋਕ ਸੋਚਣ ਕਿ ਯਹੋਵਾਹ ਚੰਗਾ ਰਾਜਾ ਨਹੀਂ ਹੈ ਅਤੇ ਉਹ ਸਾਡਾ ਭਲਾ ਨਹੀਂ ਚਾਹੁੰਦਾ। ਉਸ ਨੇ ਇਹ ਦਾਅਵਾ ਕੀਤਾ ਹੈ ਕਿ ਲੋਕ ਜ਼ਿਆਦਾ ਖ਼ੁਸ਼ ਹੋਣਗੇ ਜੇ ਉਹ ਰੱਬ ਨੂੰ ਆਪਣਾ ਰਾਜਾ ਮੰਨਣ ਦੀ ਬਜਾਇ, ਖ਼ੁਦ ਰਾਜ ਕਰਨ। (ਉਤ. 3:1-5) ਸ਼ੈਤਾਨ ਨੇ ਇਹ ਦੋਸ਼ ਲਾਇਆ ਕਿ ਕੋਈ ਵੀ ਇਨਸਾਨ ਦਿਲੋਂ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ। ਮੁਸੀਬਤਾਂ ਆਉਣ ʼਤੇ ਹਰੇਕ ਇਨਸਾਨ ਰੱਬ ਤੋਂ ਮੂੰਹ ਮੋੜ ਲਵੇਗਾ। (ਅੱਯੂ. 2:4, 5) ਇਨ੍ਹਾਂ ਸਾਰੀਆਂ ਗੱਲਾਂ ਨੂੰ ਝੂਠਾ ਸਾਬਤ ਕਰਨ ਲਈ ਯਹੋਵਾਹ ਨੇ ਸਮਾਂ ਦਿੱਤਾ ਹੈ। ਅਖ਼ੀਰ ਵਿਚ ਇਹ ਗੱਲ ਸਾਫ਼ ਹੋ ਜਾਵੇਗੀ ਕਿ ਪਰਮੇਸ਼ੁਰ ਦੀ ਹਕੂਮਤ ਤੋਂ ਬਗੈਰ ਜ਼ਿੰਦਗੀ ਕੁਝ ਵੀ ਨਹੀਂ।
4. ਯਹੋਵਾਹ ਉੱਤੇ ਲੱਗੇ ਦੋਸ਼ ਨੂੰ ਝੂਠਾ ਸਾਬਤ ਕਰਨਾ ਕਿਉਂ ਜ਼ਰੂਰੀ ਹੈ?
4 ਬਿਨਾਂ ਸ਼ੱਕ ਯਹੋਵਾਹ ਜਾਣਦਾ ਹੈ ਕਿ ਸ਼ੈਤਾਨ ਵੱਲੋਂ ਲਾਏ ਸਾਰੇ ਦੋਸ਼ ਸਰਾਸਰ ਝੂਠੇ ਹਨ। ਫਿਰ ਪਰਮੇਸ਼ੁਰ ਨੇ ਅਜੇ ਤਕ ਕੋਈ ਕਦਮ ਕਿਉਂ ਨਹੀਂ ਚੁੱਕਿਆ? ਇਨ੍ਹਾਂ ਦੋਸ਼ਾਂ ਨੂੰ ਸੱਚ ਸਾਬਤ ਕਰਨ ਲਈ ਯਹੋਵਾਹ ਨੇ ਸ਼ੈਤਾਨ ਨੂੰ ਇੰਨਾ ਸਮਾਂ ਕਿਉਂ ਦਿੱਤਾ ਹੈ? ਇਸ ਦਾ ਜਵਾਬ ਦੇਣ ਵਿਚ ਸਵਰਗ ਦੂਤ ਅਤੇ ਇਨਸਾਨ ਦੋਨੋਂ ਸ਼ਾਮਲ ਹਨ। (ਜ਼ਬੂਰਾਂ ਦੀ ਪੋਥੀ 83:18 ਪੜ੍ਹੋ।) ਆਦਮ ਅਤੇ ਹੱਵਾਹ ਨੇ ਯਹੋਵਾਹ ਦੀ ਹਕੂਮਤ ਨੂੰ ਠੁਕਰਾ ਦਿੱਤਾ ਅਤੇ ਉਸ ਦਿਨ ਤੋਂ ਬਹੁਤ ਸਾਰੇ ਲੋਕਾਂ ਨੇ ਵੀ ਇਸੇ ਤਰ੍ਹਾਂ ਕੀਤਾ ਹੈ। ਇਸ ਗੱਲ ਕਰਕੇ ਸ਼ਾਇਦ ਕੁਝ ਲੋਕ ਸੋਚਣ ਕਿ ਸ਼ੈਤਾਨ ਆਪਣੀ ਜਗ੍ਹਾ ਸਹੀ ਹੈ। ਜਦ ਤਕ ਇਸ ਮਸਲੇ ਦਾ ਹੱਲ ਨਹੀਂ ਨਿਕਲਦਾ, ਤਦ ਤਕ ਇਨਸਾਨ ਅਤੇ ਸਵਰਗ ਦੂਤਾਂ ਦੇ ਮਨ ਵਿੱਚੋਂ ਸ਼ੱਕ ਦਾ ਬੀ ਨਹੀਂ ਨਿਕਲੇਗਾ। ਨਾਲੇ ਧਰਤੀ ਉੱਤੇ ਕਦੀ ਸ਼ਾਂਤੀ ਨਹੀਂ ਹੋਵੇਗੀ। ਪਰ ਜਦੋਂ ਇਹ ਗੱਲ ਸਾਫ਼ ਹੋ ਜਾਵੇਗੀ ਕਿ ਸਿਰਫ਼ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਹੈ, ਤਾਂ ਪੂਰੀ ਕਾਇਨਾਤ ਖ਼ੁਸ਼ੀ-ਖ਼ੁਸ਼ੀ ਉਸ ਦੇ ਸਾਮ੍ਹਣੇ ਆਪਣੇ ਗੋਡੇ ਟੇਕੇਗੀ। ਉਸ ਵੇਲੇ ਪੂਰੀ ਕਾਇਨਾਤ ਵਿਚ ਸ਼ਾਂਤੀ ਹੀ ਸ਼ਾਂਤੀ ਹੋਵੇਗੀ।—ਅਫ਼. 1:9, 10.
5. ਹਕੂਮਤ ਦੇ ਮਸਲੇ ਵਿਚ ਸਾਡੀ ਕੀ ਭੂਮਿਕਾ ਹੈ?
5 ਇਕ ਦਿਨ ਪਰਮੇਸ਼ੁਰ ਆਪਣੇ ਰਾਜ ਕਰਨ ਦੇ ਹੱਕ ਨੂੰ ਜ਼ਰੂਰ ਸੱਚ ਸਾਬਤ ਕਰੇਗਾ ਅਤੇ ਸ਼ੈਤਾਨ ਤੇ ਇਨਸਾਨਾਂ ਦੀਆਂ ਨਾਕਾਮ ਸਰਕਾਰਾਂ ਦਾ ਸੱਤਿਆਨਾਸ ਕਰੇਗਾ। ਪਰਮੇਸ਼ੁਰ ਦੀ ਸਰਕਾਰ ਦਾ ਰਾਜਾ ਯਿਸੂ ਹੋਵੇਗਾ ਅਤੇ ਇਹ ਸਰਕਾਰ ਵਧੀਆ ਰਾਜ ਕਰੇਗੀ। ਵਫ਼ਾਦਾਰ ਲੋਕ ਇਹ ਸਾਬਤ ਕਰਨਗੇ ਕਿ ਇਨਸਾਨਾਂ ਲਈ ਯਹੋਵਾਹ ਦੀ ਹਕੂਮਤ ਦਾ ਪੱਖ ਲੈਣਾ ਮੁਮਕਿਨ ਹੈ। (ਯਸਾ. 45:23, 24) ਕੀ ਅਸੀਂ ਇਨ੍ਹਾਂ ਵਫ਼ਾਦਾਰ ਲੋਕਾਂ ਵਿਚ ਗਿਣੇ ਜਾਣਾ ਚਾਹੁੰਦੇ ਹਾਂ? ਬਿਲਕੁਲ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਮਸਲੇ ਦੀ ਅਹਿਮੀਅਤ ਨੂੰ ਸਮਝੀਏ।
ਸਾਡੀ ਮੁਕਤੀ ਨਾਲੋਂ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਉਣਾ ਜ਼ਰੂਰੀ ਹੈ
6. ਯਹੋਵਾਹ ਦੀ ਹਕੂਮਤ ਨੂੰ ਸਹੀ ਸਾਬਤ ਕਰਨਾ ਕਿੰਨਾ ਕੁ ਜ਼ਰੂਰੀ ਹੈ?
6 ਸਾਡੇ ਕਿਸੇ ਵੀ ਮਸਲੇ ਨਾਲੋਂ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਉਣਾ ਜ਼ਰੂਰੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਲਈ ਸਾਡੀ ਮੁਕਤੀ ਕੋਈ ਮਾਅਨੇ ਨਹੀਂ ਰੱਖਦੀ ਅਤੇ ਉਸ ਨੂੰ ਸਾਡੀ ਕੋਈ ਪਰਵਾਹ ਨਹੀਂ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ?
7, 8. ਯਹੋਵਾਹ ਦੇ ਰਾਜ ਕਰਨ ਦਾ ਹੱਕ ਸਹੀ ਸਾਬਤ ਹੋਣ ʼਤੇ ਸਾਨੂੰ ਕੀ ਫ਼ਾਇਦਾ ਹੋਵੇਗਾ?
7 ਯਹੋਵਾਹ ਇਨਸਾਨਾਂ ਨੂੰ ਬੇਹੱਦ ਪਿਆਰ ਕਰਦਾ ਹੈ। ਦਰਅਸਲ, ਅਸੀਂ ਉਸ ਲਈ ਇੰਨੇ ਅਨਮੋਲ ਹਾਂ ਕਿ ਉਸ ਨੇ ਸਾਡੇ ਲਈ ਆਪਣਾ ਇਕਲੌਤਾ ਪੁੱਤਰ ਕੁਰਬਾਨ ਕਰ ਦਿੱਤਾ ਤਾਂਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ। (ਯੂਹੰ. 3:16; 1 ਯੂਹੰ. 4:9) ਸ਼ੈਤਾਨ ਨੇ ਯਹੋਵਾਹ ਨੂੰ ਝੂਠਾ ਕਿਹਾ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਪਰਮੇਸ਼ੁਰ ਇਨਸਾਨਾਂ ਤੋਂ ਵਧੀਆ ਚੀਜ਼ਾਂ ਦੂਰ ਰੱਖਦਾ ਹੈ ਅਤੇ ਉਹ ਇਕ ਚੰਗਾ ਰਾਜਾ ਨਹੀਂ ਹੈ। ਜੇ ਯਹੋਵਾਹ ਆਪਣੇ ਵਾਅਦੇ ਪੂਰੇ ਨਹੀਂ ਕਰੇਗਾ, ਤਾਂ ਸ਼ੈਤਾਨ ਅਤੇ ਹੋਰ ਦੁਸ਼ਮਣ ਸਹੀ ਸਾਬਤ ਹੋਣਗੇ। ਉਨ੍ਹਾਂ ਦੀ ਇਹ ਵੀ ਗੱਲ ਸੱਚੀ ਹੋਵੇਗੀ ਜੋ ਉਹ ਮਜ਼ਾਕ ਉਡਾਉਂਦਿਆਂ ਕਹਿੰਦੇ ਹਨ: “ਉਸ ਨੇ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ ਹੁਣ? ਸਾਡੇ ਦਾਦੇ-ਪੜਦਾਦੇ ਆਏ ਤੇ ਚਲੇ ਗਏ, ਪਰ ਦੁਨੀਆਂ ਦੇ ਬਣਨ ਤੋਂ ਹੁਣ ਤਕ ਸਭ ਕੁਝ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ।” (2 ਪਤ. 3:3, 4) ਪਰ ਯਹੋਵਾਹ ਆਪਣੇ ਵਾਅਦੇ ਕਦੇ ਨਹੀਂ ਭੁੱਲੇਗਾ। ਉਸ ਨੇ ਇਹ ਗੱਲ ਪੱਕੀ ਕੀਤੀ ਹੈ ਕਿ ਉਹ ਆਪਣੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰਨ ਦੇ ਨਾਲ-ਨਾਲ ਕਹਿਣੇਕਾਰ ਇਨਸਾਨਾਂ ਨੂੰ ਮੁਕਤੀ ਵੀ ਦੇਵੇਗਾ। (ਯਸਾਯਾਹ 55:10, 11 ਪੜ੍ਹੋ।) ਯਹੋਵਾਹ ਇਕ ਪਿਆਰ ਕਰਨ ਵਾਲਾ ਰਾਜਾ ਹੈ। ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਪਿਆਰ ਕਰੇਗਾ ਤੇ ਅਨਮੋਲ ਸਮਝੇਗਾ।—ਕੂਚ 34:6.
8 ਹਾਂ, ਅਸੀਂ ਮੰਨਦੇ ਹਾਂ ਕਿ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰਨਾ ਸਭ ਤੋਂ ਜ਼ਰੂਰੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਲਈ ਸਾਡੀ ਮੁਕਤੀ ਕੋਈ ਮਾਅਨੇ ਨਹੀਂ ਰੱਖਦੀ। ਯਹੋਵਾਹ ਦਿਲੋਂ ਸਾਡੀ ਪਰਵਾਹ ਕਰਦਾ ਹੈ। ਸਾਨੂੰ ਹਮੇਸ਼ਾ ਯਹੋਵਾਹ ਦੀ ਹਕੂਮਤ ਦਾ ਪੱਖ ਲੈਣਾ ਚਾਹੀਦਾ ਹੈ। ਯਾਦ ਰੱਖੋ ਕਿ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰਨਾ ਸਭ ਤੋਂ ਜ਼ਰੂਰੀ ਹੈ।
ਅੱਯੂਬ ਨੇ ਆਪਣਾ ਨਜ਼ਰੀਆ ਬਦਲਿਆ
9. ਸ਼ੈਤਾਨ ਨੇ ਅੱਯੂਬ ਬਾਰੇ ਕੀ ਕਿਹਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
9 ਇਹ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਰਾਜ ਕਰਨ ਦੇ ਹੱਕ ਪ੍ਰਤੀ ਸਹੀ ਨਜ਼ਰੀਆ ਰੱਖੀਏ। ਇਸ ਬਾਰੇ ਅਸੀਂ ਅੱਯੂਬ ਦੀ ਕਿਤਾਬ ਤੋਂ ਪੜ੍ਹ ਕੇ ਜਾਣ ਸਕਦੇ ਹਾਂ। ਅੱਯੂਬ ਦੀ ਕਿਤਾਬ ਬਾਈਬਲ ਦੀਆਂ ਸ਼ੁਰੂ-ਸ਼ੁਰੂ ਵਿਚ ਲਿਖੀਆਂ ਜਾਣ ਵਾਲੀਆਂ ਕਿਤਾਬਾਂ ਵਿੱਚੋਂ ਇਕ ਸੀ। ਇਸ ਵਿਚ ਅਸੀਂ ਪੜ੍ਹਦੇ ਹਾਂ ਕਿ ਸ਼ੈਤਾਨ ਨੇ ਦਾਅਵਾ ਕੀਤਾ ਕਿ ਜੇ ਅੱਯੂਬ ਨੂੰ ਬੁਰੀ ਤਰ੍ਹਾਂ ਸਤਾਇਆ ਜਾਵੇ, ਤਾਂ ਉਹ ਯਹੋਵਾਹ ਦੀ ਭਗਤੀ ਕਰਨੀ ਛੱਡ ਦੇਵੇਗਾ। ਸ਼ੈਤਾਨ ਨੇ ਪਰਮੇਸ਼ੁਰ ਨੂੰ ਅੱਯੂਬ ਉੱਤੇ ਮੁਸੀਬਤਾਂ ਲਿਆਉਣ ਲਈ ਕਿਹਾ। ਯਹੋਵਾਹ ਨੇ ਇਸ ਤਰ੍ਹਾਂ ਨਹੀਂ ਕੀਤਾ, ਪਰ ਉਸ ਨੇ ਸ਼ੈਤਾਨ ਨੂੰ ਅੱਯੂਬ ਨੂੰ ਪਰਖਣ ਦੀ ਇਜਾਜ਼ਤ ਦਿੱਤੀ ਅਤੇ ਕਿਹਾ: ‘ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ।’ (ਅੱਯੂਬ 1:7-12 ਪੜ੍ਹੋ।) ਜਲਦੀ ਹੀ ਅੱਯੂਬ ਦੇ ਸਾਰੇ ਨੌਕਰ-ਚਾਕਰ ਮਾਰੇ ਗਏ ਅਤੇ ਉਸ ਦਾ ਸਾਰਾ ਕਾਰੋਬਾਰ ਬਰਬਾਦ ਹੋ ਗਿਆ। ਫਿਰ ਉਸ ਨੂੰ ਪਤਾ ਲੱਗਾ ਕਿ ਇਕ ਹਾਦਸੇ ਨੇ ਉਸ ਦੇ ਦਸ ਬੱਚਿਆਂ ਦੀਆਂ ਜਾਨਾਂ ਲੈ ਲਈਆਂ। ਸ਼ੈਤਾਨ ਨੇ ਸਭ ਕੁਝ ਇਸ ਤਰੀਕੇ ਨਾਲ ਕੀਤਾ ਕਿ ਲੋਕਾਂ ਨੂੰ ਲੱਗੇ ਕਿ ਇਨ੍ਹਾਂ ਸਾਰੀਆਂ ਬਿਪਤਾਵਾਂ ਪਿੱਛੇ ਰੱਬ ਦਾ ਹੀ ਹੱਥ ਸੀ। (ਅੱਯੂ. 1:13-19) ਉਸ ਤੋਂ ਬਾਅਦ ਸ਼ੈਤਾਨ ਨੇ ਅੱਯੂਬ ਨੂੰ ਇਕ ਬਹੁਤ ਹੀ ਭਿਆਨਕ ਅਤੇ ਦਰਦਨਾਕ ਬੀਮਾਰੀ ਲਾ ਦਿੱਤੀ। (ਅੱਯੂ. 2:7) ਉਸ ਦਾ ਦਰਦ ਹੋਰ ਵੀ ਵਧ ਗਿਆ ਜਦੋਂ ਉਸ ਦੀ ਪਤਨੀ ਅਤੇ ਤਿੰਨ ਝੂਠੇ ਦੋਸਤਾਂ ਨੇ ਉਸ ਨੂੰ ਹੌਸਲਾ ਢਾਹੁਣ ਵਾਲੀਆਂ ਗੱਲਾਂ ਕਹੀਆਂ।—ਅੱਯੂ. 2:9; 3:11; 16:2.
10. (ੳ) ਅੱਯੂਬ ਨੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਕਿਵੇਂ ਦਿਖਾਈ? (ਅ) ਅੱਯੂਬ ਨੂੰ ਮਦਦ ਦੀ ਕਿਉਂ ਲੋੜ ਸੀ?
10 ਕੀ ਸ਼ੈਤਾਨ ਦਾ ਦਾਅਵਾ ਸੱਚ ਸੀ? ਨਹੀਂ। ਚਾਹੇ ਅੱਯੂਬ ਉੱਤੇ ਮੁਸੀਬਤਾਂ ਦਾ ਪਹਾੜ ਟੁੱਟਿਆ, ਫਿਰ ਵੀ ਉਸ ਨੇ ਯਹੋਵਾਹ ਦੀ ਭਗਤੀ ਕਰਨੀ ਕਦੀ ਨਹੀਂ ਛੱਡੀ। (ਅੱਯੂ. 27:5) ਪਰ ਕੁਝ ਸਮੇਂ ਲਈ ਉਹ ਸਭ ਤੋਂ ਅਹਿਮ ਮਸਲੇ ਨੂੰ ਭੁੱਲ ਕੇ ਆਪਣੀ ਹੀ ਨਿਰਾਸ਼ਾ ਵਿਚ ਡੁੱਬ ਗਿਆ। ਉਸ ਨੇ ਵਾਰ-ਵਾਰ ਕਿਹਾ ਕਿ ਉਹ ਨਿਰਦੋਸ਼ ਹੈ ਅਤੇ ਉਸ ਕੋਲ ਆਪਣੀਆਂ ਮੁਸ਼ਕਲਾਂ ਦਾ ਕਾਰਨ ਜਾਣਨ ਦਾ ਪੂਰਾ ਹੱਕ ਹੈ। (ਅੱਯੂ. 7:20; 13:24) ਅਸੀਂ ਅੱਯੂਬ ਦੀਆਂ ਭਾਵਨਾਵਾਂ ਸਮਝ ਸਕਦੇ ਹਾਂ। ਪਰ ਯਹੋਵਾਹ ਨੂੰ ਪਤਾ ਸੀ ਕਿ ਅੱਯੂਬ ਦਾ ਨਜ਼ਰੀਆ ਗ਼ਲਤ ਸੀ ਇਸ ਲਈ ਯਹੋਵਾਹ ਨੇ ਉਸ ਦੀ ਮਦਦ ਕੀਤੀ। ਪਰ ਕਿਵੇਂ?
11, 12. ਯਹੋਵਾਹ ਨੇ ਅੱਯੂਬ ਨੂੰ ਕੀ ਸਮਝਾਇਆ? ਅੱਯੂਬ ਨੇ ਪਰਮੇਸ਼ੁਰ ਦੀ ਸਲਾਹ ਪ੍ਰਤੀ ਕਹੋ ਜਿਹਾ ਰਵੱਈਆ ਦਿਖਾਇਆ?
11 ਯਹੋਵਾਹ ਨੇ ਅੱਯੂਬ ਦੀ ਮਦਦ ਕੀਤੀ ਅਤੇ ਇਸ ਬਾਰੇ ਅਸੀਂ ਅੱਯੂਬ 38-41 ਅਧਿਆਇ ਵਿਚ ਪੜ੍ਹ ਸਕਦੇ ਹਾਂ। ਪਰ ਬਾਈਬਲ ਵਿਚ ਅਸੀਂ ਕਿਤੇ ਵੀ ਨਹੀਂ ਪੜ੍ਹਦੇ ਕਿ ਯਹੋਵਾਹ ਨੇ ਅੱਯੂਬ ਨੂੰ ਉਸ ਦੇ ਦੁੱਖਾਂ ਦਾ ਕਾਰਨ ਦੱਸਿਆ ਸੀ। ਇਸ ਦੀ ਬਜਾਇ, ਯਹੋਵਾਹ ਨੇ ਅੱਯੂਬ ਨੂੰ ਸਮਝਾਇਆ ਕਿ ਪਰਮੇਸ਼ੁਰ ਦੀ ਤੁਲਨਾ ਵਿਚ ਉਹ ਬਹੁਤ ਮਾਮੂਲੀ ਸੀ। ਨਾਲੇ ਇਹ ਵੀ ਸਮਝਾਇਆ ਕਿ ਅੱਯੂਬ ਦੀਆਂ ਮੁਸੀਬਤਾਂ ਤੋਂ ਇਲਾਵਾ ਹੋਰ ਵੀ ਵੱਡੇ ਮਸਲੇ ਸਨ। (ਅੱਯੂਬ 38:18-21 ਪੜ੍ਹੋ।) ਯਹੋਵਾਹ ਦੀ ਮਦਦ ਨਾਲ ਅੱਯੂਬ ਆਪਣਾ ਨਜ਼ਰੀਆ ਬਦਲ ਸਕਿਆ।
12 ਕੀ ਯਹੋਵਾਹ ਦੀ ਸਲਾਹ ਤੋਂ ਇਹ ਲੱਗਦਾ ਹੈ ਕਿ ਉਸ ਨੂੰ ਅੱਯੂਬ ਦੇ ਦੁੱਖਾਂ ਦੀ ਕੋਈ ਪਰਵਾਹ ਨਹੀਂ ਸੀ? ਨਹੀਂ। ਅੱਯੂਬ ਨੇ ਯਹੋਵਾਹ ਦੀ ਸਲਾਹ ਦਾ ਬੁਰਾ ਨਹੀਂ ਮਨਾਇਆ। ਅੱਯੂਬ ਨੂੰ ਪਰਮੇਸ਼ੁਰ ਦੀ ਗੱਲ ਸਮਝ ਆ ਗਈ ਅਤੇ ਉਸ ਨੇ ਇਸ ਲਈ ਕਦਰ ਵੀ ਦਿਖਾਈ। ਉਸ ਨੇ ਆਪਣੀਆਂ ਕਹੀਆਂ ਗੱਲਾਂ ʼਤੇ ਪਛਤਾਉਂਦਿਆਂ ਕਿਹਾ: “ਮੈਂ ਆਪਣੇ ਆਪ ਤੋਂ ਘਿਣ ਕਰਦਾ ਹਾਂ, ਅਤੇ ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!” (ਅੱਯੂ. 42:1-6) ਅਲੀਹੂ ਨਾਂ ਦੇ ਜਵਾਨ ਮੁੰਡੇ ਨੇ ਵੀ ਅੱਯੂਬ ਦੀ ਸੋਚ ਬਦਲਣ ਵਿਚ ਮਦਦ ਦਿੱਤੀ। (ਅੱਯੂ. 32:5-10) ਅੱਯੂਬ ਨੇ ਉਸ ਦੀ ਵਧੀਆ ਸਲਾਹ ਵੱਲ ਕੰਨ ਲਾਇਆ ਅਤੇ ਆਪਣਾ ਨਜ਼ਰੀਆ ਬਦਲਿਆ। ਇਹ ਬਦਲਾਅ ਦੇਖ ਕੇ ਯਹੋਵਾਹ ਨੇ ਹੋਰਨਾਂ ਨੂੰ ਵੀ ਦੱਸਿਆ ਕਿ ਉਹ ਅੱਯੂਬ ਦੀ ਵਫ਼ਾਦਾਰੀ ਤੋਂ ਖ਼ੁਸ਼ ਸੀ।—ਅੱਯੂ. 42:7, 8.
13. ਬੁਰੇ ਹਾਲਾਤ ਬੀਤ ਜਾਣ ʼਤੇ ਵੀ ਯਹੋਵਾਹ ਦੀ ਸਲਾਹ ਨੇ ਅੱਯੂਬ ਦੀ ਕਿਵੇਂ ਮਦਦ ਕੀਤੀ ਹੋਣੀ?
13 ਅੱਯੂਬ ਦੇ ਬੁਰੇ ਹਾਲਾਤ ਬੀਤ ਜਾਣ ਤੋਂ ਬਾਅਦ ਵੀ ਯਹੋਵਾਹ ਦੀ ਸਲਾਹ ਨੇ ਉਸ ਦੀ ਮਦਦ ਕੀਤੀ ਹੋਣੀ। “ਯਹੋਵਾਹ ਨੇ ਅੱਯੂਬ ਦੀ ਆਖ਼ਰੀ ਅਵਸਥਾ ਨੂੰ ਉਹ ਦੀ ਪਹਿਲੀ ਅਵਸਥਾ ਤੋਂ ਵੱਧ ਬਰਕਤ ਦਿੱਤੀ।” ਕੁਝ ਸਮੇਂ ਬਾਅਦ “ਉਹ ਦੇ ਸੱਤ ਪੁੱਤ੍ਰ ਤੇ ਤਿੰਨ ਧੀਆਂ ਹੋਏ।” (ਅੱਯੂ. 42:12-14) ਬਿਨਾਂ ਸ਼ੱਕ ਉਹ ਇਨ੍ਹਾਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ, ਪਰ ਉਸ ਨੂੰ ਆਪਣੇ ਪਹਿਲੇ ਬੱਚਿਆਂ ਦੀ ਯਾਦ ਜ਼ਰੂਰ ਸਤਾਉਂਦੀ ਹੋਣੀ। ਉਹ ਆਪਣੇ ਅਤੇ ਆਪਣੇ ਪਰਿਵਾਰ ਨਾਲ ਬੀਤੀ ਕਦੀ ਨਹੀਂ ਭੁੱਲਿਆ ਹੋਣਾ। ਕੀ ਅੱਯੂਬ ਨੂੰ ਪਤਾ ਲੱਗ ਗਿਆ ਸੀ ਕਿ ਉਸ ਉੱਤੇ ਆਈਆਂ ਆਫ਼ਤਾਂ ਪਿੱਛੇ ਕਿਸ ਦਾ ਹੱਥ ਸੀ? ਅਸੀਂ ਪੱਕਾ ਨਹੀਂ ਕਹਿ ਸਕਦੇ। ਪਰ ਸ਼ਾਇਦ ਉਸ ਦੇ ਮਨ ਵਿਚ ਇਹ ਸਵਾਲ ਆਇਆ ਹੋਵੇ ਕਿ ‘ਪਰਮੇਸ਼ੁਰ ਨੇ ਮੇਰੇ ਉੱਤੇ ਇੰਨੇ ਦੁੱਖ ਕਿਉਂ ਆਉਣ ਦਿੱਤੇ?’ ਜੇ ਉਸ ਦੇ ਮਨ ਵਿਚ ਅਜਿਹੇ ਖ਼ਿਆਲ ਕਦੇ ਆਏ ਵੀ ਹੋਣੇ, ਤਾਂ ਉਸ ਨੇ ਯਹੋਵਾਹ ਦੀ ਸਲਾਹ ਨੂੰ ਜ਼ਰੂਰ ਯਾਦ ਕੀਤਾ ਹੋਣਾ। ਇੱਦਾਂ ਕਰ ਕੇ ਉਸ ਨੂੰ ਜ਼ਰੂਰ ਦਿਲਾਸਾ ਮਿਲਿਆ ਹੋਣਾ ਅਤੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਮਿਲੀ ਹੋਣੀ।—ਜ਼ਬੂ. 94:19.
ਕੀ ਅਸੀਂ ਦੁੱਖਾਂ ਵਿਚ ਵੀ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਧਿਆਨ ਲਾਉਂਦੇ ਹਾਂ? (ਪੈਰਾ 14 ਦੇਖੋ)
14. ਯਹੋਵਾਹ ਨੇ ਅੱਯੂਬ ਦੀ ਕਿਤਾਬ ਕਿਉਂ ਲਿਖਵਾਈ?
14 ਅੱਯੂਬ ਦੀ ਹੱਡ-ਬੀਤੀ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਆਪਣੀ ਸੋਚ ਬਦਲ ਸਕਦੇ ਹਾਂ ਅਤੇ ਦਿਲਾਸਾ ਪਾ ਸਕਦੇ ਹਾਂ। ਯਹੋਵਾਹ ਨੇ ਅੱਯੂਬ ਦੀ ਕਿਤਾਬ ‘ਸਾਨੂੰ ਸਿੱਖਿਆ ਦੇਣ ਲਈ ਹੀ ਲਿਖਾਈ ਸੀ।’ ਨਾਲੇ “ਇਹ ਸਿੱਖਿਆ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦੀ ਹੈ ਅਤੇ ਸਾਨੂੰ ਧਰਮ-ਗ੍ਰੰਥ ਤੋਂ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।” (ਰੋਮੀ. 15:4) ਅਸੀਂ ਅੱਯੂਬ ਦੀ ਕਿਤਾਬ ਤੋਂ ਇਕ ਅਹਿਮ ਸਬਕ ਸਿੱਖਦੇ ਹਾਂ ਕਿ ਸਾਨੂੰ ਸਿਰਫ਼ ਆਪਣੀਆਂ ਹੀ ਮੁਸ਼ਕਲਾਂ ਬਾਰੇ ਹੀ ਨਹੀਂ ਸੋਚਦੇ ਰਹਿਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਆਪਣਾ ਧਿਆਨ ਯਹੋਵਾਹ ਦੇ ਰਾਜ ʼਤੇ ਲਾਉਣਾ ਚਾਹੀਦਾ ਹੈ। ਅੱਯੂਬ ਵਾਂਗ ਅਸੀਂ ਵੀ ਮੁਸੀਬਤਾਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਉਸ ਦੇ ਰਾਜ ਦੇ ਪੱਖ ਵਿਚ ਖੜ੍ਹੇ ਰਹਿ ਸਕਦੇ ਹਾਂ।
15. ਮੁਸੀਬਤਾਂ ਵਿਚ ਵਫ਼ਾਦਾਰ ਰਹਿਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?
15 ਅੱਯੂਬ ਦੀ ਮਿਸਾਲ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਕਿਉਂਕਿ ਮੁਸੀਬਤਾਂ ਆਉਣ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਸਾਡੇ ਤੋਂ ਗੁੱਸੇ ਹੈ। ਮੁਸੀਬਤਾਂ ਵਿਚ ਸਾਡੇ ਕੋਲ ਯਹੋਵਾਹ ਦੇ ਰਾਜ ਦੇ ਪੱਖ ਵਿਚ ਖੜ੍ਹੇ ਹੋਣ ਦਾ ਮੌਕਾ ਹੁੰਦਾ ਹੈ। (ਕਹਾ. 27:11) ਮੁਸੀਬਤਾਂ ਵਿਚ ਵਫ਼ਾਦਾਰ ਰਹਿ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ ਅਤੇ ਭਵਿੱਖ ਲਈ ਸਾਡੀ ਉਮੀਦ ਹੋਰ ਪੱਕੀ ਹੁੰਦੀ ਹੈ। (ਰੋਮੀਆਂ 5:3-5 ਪੜ੍ਹੋ।) ਅੱਯੂਬ ਦੀ ਹੱਡ-ਬੀਤੀ ਤੋਂ ਪਤਾ ਲੱਗਦਾ ਹੈ ਕਿ “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।” (ਯਾਕੂ. 5:11) ਜੇ ਅਸੀਂ ਯਹੋਵਾਹ ਦੇ ਰਾਜ ਦਾ ਪੱਖ ਲਵਾਂਗੇ, ਤਾਂ ਉਹ ਸਾਨੂੰ ਜ਼ਰੂਰ ਇਨਾਮ ਦੇਵੇਗਾ। ਇਹ ਜਾਣ ਕੇ ਅਸੀਂ ਕੋਈ ਵੀ ਪਰੀਖਿਆ “ਧੀਰਜ ਅਤੇ ਖ਼ੁਸ਼ੀ ਨਾਲ” ਸਹਿ ਸਕਾਂਗੇ।—ਕੁਲੁ. 1:11.
ਸਭ ਤੋਂ ਅਹਿਮ ਮਸਲੇ ਨੂੰ ਯਾਦ ਰੱਖੋ
16. ਸਾਨੂੰ ਆਪਣਾ ਧਿਆਨ ਯਹੋਵਾਹ ਦੇ ਰਾਜ ਕਰਨ ਦੇ ਹੱਕ ਉੱਤੇ ਕਿਉਂ ਲਾਈ ਰੱਖਣਾ ਚਾਹੀਦਾ ਹੈ?
16 ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਯਹੋਵਾਹ ਦੇ ਰਾਜ ਕਰਨ ਦੇ ਹੱਕ ʼਤੇ ਆਪਣਾ ਧਿਆਨ ਲਾਈ ਰੱਖਣਾ ਔਖਾ ਹੁੰਦਾ ਹੈ। ਜੇ ਅਸੀਂ ਛੋਟੀਆਂ-ਛੋਟੀਆਂ ਮੁਸ਼ਕਲਾਂ ਬਾਰੇ ਜ਼ਿਆਦਾ ਸੋਚਦੇ ਰਹਿੰਦੇ ਹਾਂ, ਤਾਂ ਇਹ ਹੌਲੀ-ਹੌਲੀ ਪਹਾੜ ਵਰਗੀਆਂ ਲੱਗਣ ਲੱਗ ਪੈਂਦੀਆਂ ਹਨ। ਇਸ ਲਈ ਚਾਹੇ ਅਸੀਂ ਕਿਸੇ ਵੀ ਮੁਸ਼ਕਲ ਵਿਚ ਹੋਈਏ, ਸਾਨੂੰ ਆਪਣੇ ਆਪ ਨੂੰ ਯਾਦ ਕਰਾਉਂਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਦੇ ਰਾਜ ਦਾ ਪੱਖ ਲੈਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
17. ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ ਅਸੀਂ ਸਭ ਤੋਂ ਜ਼ਰੂਰੀ ਗੱਲ ਕਿਵੇਂ ਯਾਦ ਰੱਖ ਸਕਦੇ ਹਾਂ?
17 ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿ ਕੇ ਅਸੀਂ ਆਪਣਾ ਧਿਆਨ ਸਭ ਤੋਂ ਜ਼ਰੂਰੀ ਗੱਲ ʼਤੇ ਲਾਈ ਰੱਖ ਸਕਦੇ ਹਾਂ। ਰਿਨੀ ਨਾਂ ਦੀ ਭੈਣ ਦੀ ਮਿਸਾਲ ʼਤੇ ਗੌਰ ਕਰੋ। ਉਸ ਦੀ ਸਿਹਤ ਬਹੁਤ ਖ਼ਰਾਬ ਸੀ ਕਿਉਂਕਿ ਉਸ ਨੂੰ ਕੈਂਸਰ ਸੀ ਤੇ ਦੌਰਾ ਵੀ ਪੈ ਚੁੱਕਾ ਸੀ। ਦਰਦ ਹੋਣ ਕਰਕੇ ਉਹ ਹਮੇਸ਼ਾ ਤਕਲੀਫ਼ ਵਿਚ ਰਹਿੰਦੀ ਸੀ। ਜਦੋਂ ਉਹ ਹਸਪਤਾਲ ਵਿਚ ਦਾਖ਼ਲ ਸੀ, ਉਹ ਕਰਮਚਾਰੀਆਂ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਚਾਰ ਕਰਦੀ ਸੀ। ਇਕ ਵਾਰ ਰਿਨੀ ਢਾਈ ਹਫ਼ਤਿਆਂ ਲਈ ਹਸਪਤਾਲ ਵਿਚ ਦਾਖ਼ਲ ਸੀ, ਪਰ ਉਸ ਨੇ ਫਿਰ ਵੀ 80 ਘੰਟੇ ਪ੍ਰਚਾਰ ਕੀਤਾ। ਭਾਵੇਂ ਰਿਨੀ ਨੂੰ ਪਤਾ ਸੀ ਕਿ ਬੱਸ ਥੋੜ੍ਹੇ ਸਮੇਂ ਬਾਅਦ ਉਹ ਮੌਤ ਦੀ ਨੀਂਦ ਸੌਣ ਵਾਲੀ ਸੀ, ਪਰ ਫਿਰ ਵੀ ਉਹ ਯਹੋਵਾਹ ਦੇ ਰਾਜ ਦਾ ਪੱਖ ਲੈਂਦੀ ਰਹੀ। ਇੱਦਾਂ ਕਰਨ ਨਾਲ ਉਸ ਨੂੰ ਆਪਣੀਆਂ ਤਕਲੀਫ਼ਾਂ ਤੋਂ ਥੋੜ੍ਹੀ ਦੇਰ ਲਈ ਰਾਹਤ ਮਿਲਦੀ ਸੀ।
18. ਯਹੋਵਾਹ ਦੇ ਰਾਜ ਦਾ ਪੱਖ ਲੈਣ ਲਈ ਅਸੀਂ ਜੈਨੀਫ਼ਰ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
18 ਹਰ ਰੋਜ਼ ਦੀਆਂ ਛੋਟੀਆਂ-ਮੋਟੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਵੀ ਅਸੀਂ ਯਹੋਵਾਹ ਦੇ ਰਾਜ ਦਾ ਪੱਖ ਲੈ ਸਕਦੇ ਹਾਂ। ਹਵਾਈ-ਜਹਾਜ਼ ਦੀ ਉਡਾਣ ਰੱਦ ਹੋਣ ਕਰਕੇ ਜੈਨੀਫ਼ਰ ਨਾਂ ਦੀ ਭੈਣ ਨੂੰ ਤਿੰਨ ਦਿਨਾਂ ਤਕ ਏਅਰਪੋਰਟ ʼਤੇ ਹੀ ਇੰਤਜ਼ਾਰ ਕਰਨਾ ਪਿਆ। ਇਕ ਤੋਂ ਬਾਅਦ ਇਕ ਉਡਾਣ ਰੱਦ ਹੋਣ ਕਰਕੇ ਉਹ ਥੱਕੀ ਅਤੇ ਇਕੱਲੀ ਮਹਿਸੂਸ ਕਰਨ ਲੱਗੀ। ਕੀ ਉਹ ਸਿਰ ਸੁੱਟ ਕੇ ਬਹਿ ਗਈ? ਜੈਨੀਫ਼ਰ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਹਿੰਮਤ ਦੇਵੇ ਤਾਂਕਿ ਉਹ ਬਾਕੀ ਸਵਾਰੀਆਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੇ। ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਕਾਫ਼ੀ ਪ੍ਰਕਾਸ਼ਨ ਵੰਡੇ। ਉਹ ਕਹਿੰਦੀ ਹੈ: “ਇਸ ਮੁਸ਼ਕਲ ਸਮੇਂ ਵਿਚ ਵੀ ਯਹੋਵਾਹ ਨੇ ਮੈਨੂੰ ਬਰਕਤ ਦਿੱਤੀ। ਉਸ ਨੇ ਮੈਨੂੰ ਇੰਨੀ ਹਿੰਮਤੀ ਦਿੱਤੀ ਕਿ ਮੈਂ ਉਸ ਦੇ ਨਾਂ ਦੀ ਵਡਿਆਈ ਕਰ ਸਕੀ।”
19. ਸੱਚੇ ਧਰਮ ਦੀ ਕੀ ਪਛਾਣ ਹੈ?
19 ਯਹੋਵਾਹ ਦੇ ਰਾਜ ਕਰਨ ਦੇ ਹੱਕ ਦੀ ਅਹਿਮੀਅਤ ਸਿਰਫ਼ ਉਸ ਦੇ ਲੋਕ ਹੀ ਸਮਝਦੇ ਹਨ। ਜਿਹੜਾ ਧਰਮ ਯਹੋਵਾਹ ਦੇ ਰਾਜ ਦਾ ਪੱਖ ਲੈਂਦਾ ਹੈ, ਉਹੀ ਸੱਚਾ ਧਰਮ ਹੈ। ਇਸ ਲਈ, ਆਓ ਆਪਾਂ ਸਾਰੇ ਜਣੇ ਯਹੋਵਾਹ ਦੇ ਰਾਜ ਦਾ ਪੱਖ ਲਈਏ।
20. ਯਹੋਵਾਹ ਦੇ ਰਾਜ ਦਾ ਪੱਖ ਲੈਣ ਲਈ ਅਸੀਂ ਜੋ ਵੀ ਕਰਦੇ ਹਾਂ, ਯਹੋਵਾਹ ਉਸ ਨੂੰ ਕਿਵੇਂ ਵਿਚਾਰਦਾ ਹੈ?
20 ਯਹੋਵਾਹ ਹਮੇਸ਼ਾ ਇਸ ਗੱਲ ਦੀ ਬਹੁਤ ਕਦਰ ਕਰਦਾ ਹੈ ਕਿ ਅਸੀਂ ਦੁੱਖ ਸਹਿੰਦਿਆਂ ਵੀ ਵਫ਼ਾਦਾਰੀ ਨਾਲ ਉਸ ਦੇ ਰਾਜ ਦਾ ਪੱਖ ਲੈਂਦੇ ਹਾਂ। (ਜ਼ਬੂ. 18:25) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਡਾ ਫ਼ਰਜ਼ ਕਿਉਂ ਬਣਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਉਸ ਦੇ ਰਾਜ ਦਾ ਪੱਖ ਲਈਏ? ਨਾਲੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?