ਪਾਠਕਾਂ ਵੱਲੋਂ ਸਵਾਲ
ਮੱਤੀ ਅਤੇ ਲੂਕਾ ਦੀਆਂ ਕਿਤਾਬਾਂ ਵਿਚ ਯਿਸੂ ਦੇ ਬਚਪਨ ਬਾਰੇ ਲਿਖੀਆਂ ਗੱਲਾਂ ਵਿਚ ਫ਼ਰਕ ਕਿਉਂ ਹੈ?
ਮੱਤੀ ਅਤੇ ਲੂਕਾ ਦੀਆਂ ਕਿਤਾਬਾਂ ਵਿਚ ਯਿਸੂ ਦੇ ਜਨਮ ਅਤੇ ਬਚਪਨ ਦੀਆਂ ਘਟਨਾਵਾਂ ਦਰਜ ਹਨ। ਪਰ ਦੋਨਾਂ ਵਿਚ ਫ਼ਰਕ ਕਿਉਂ ਹੈ? ਕਿਉਂਕਿ ਦੋਨਾਂ ਲਿਖਾਰੀਆਂ ਨੇ ਅਲੱਗ-ਅਲੱਗ ਨਜ਼ਰੀਏ ਤੋਂ ਲਿਖਿਆ ਸੀ।
ਮੱਤੀ ਨੇ ਜ਼ਿਆਦਾ ਯੂਸੁਫ਼ ਨਾਲ ਜੁੜੀਆਂ ਘਟਨਾਵਾਂ ਬਾਰੇ ਲਿਖਿਆ ਸੀ। ਮਿਸਾਲ ਲਈ, ਮੱਤੀ ਦੱਸਦਾ ਹੈ ਕਿ ਯੂਸੁਫ਼ ਉੱਤੇ ਕੀ ਬੀਤੀ ਜਦੋਂ ਉਸ ਨੂੰ ਪਤਾ ਲੱਗਾ ਕਿ ਮਰੀਅਮ ਗਰਭਵਤੀ ਸੀ। ਨਾਲੇ ਉਸ ਨੇ ਲਿਖਿਆ ਕਿ ਇਕ ਸਵਰਗ ਦੂਤ ਨੇ ਯੂਸੁਫ਼ ਨੂੰ ਇਕ ਸੁਪਨੇ ਰਾਹੀਂ ਕੀ ਸਮਝਾਇਆ ਅਤੇ ਯੂਸੁਫ਼ ਨੇ ਦੂਤ ਦੀ ਗੱਲ ਕਿਵੇਂ ਮੰਨੀ। (ਮੱਤੀ 1:19-25) ਮੱਤੀ ਨੇ ਦੱਸਿਆ ਕਿ ਇਕ ਹੋਰ ਸੁਪਨੇ ਰਾਹੀਂ ਇਕ ਦੂਤ ਨੇ ਯੂਸੁਫ਼ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਪਰਿਵਾਰ ਸਮੇਤ ਮਿਸਰ ਨੂੰ ਭੱਜ ਜਾਵੇ ਅਤੇ ਯੂਸੁਫ਼ ਨੇ ਦੂਤ ਦੀ ਗੱਲ ਮੰਨੀ। ਉਸ ਨੇ ਯੂਸੁਫ਼ ਦੇ ਇਕ ਹੋਰ ਸੁਪਨੇ ਬਾਰੇ ਦੱਸਿਆ ਜਿਸ ਵਿਚ ਦੂਤ ਨੇ ਉਸ ਨੂੰ ਇਜ਼ਰਾਈਲ ਦੇਸ਼ ਵਾਪਸ ਮੁੜ ਆਉਣ ਲਈ ਕਿਹਾ। ਨਾਲੇ ਉਸ ਨੇ ਯੂਸੁਫ਼ ਦੇ ਵਾਪਸ ਆਉਣ ਅਤੇ ਨਾਸਰਤ ਵਿਚ ਵਸਣ ਦੇ ਫ਼ੈਸਲੇ ਬਾਰੇ ਦੱਸਿਆ। (ਮੱਤੀ 2:13, 14, 19-23) ਮੂਲ ਲਿਖਤਾਂ ਵਿਚ ਮੱਤੀ ਦੀ ਕਿਤਾਬ ਦੇ ਪਹਿਲੇ ਦੋ ਅਧਿਆਵਾਂ ਵਿਚ ਯੂਸੁਫ਼ ਦਾ ਨਾਂ ਅੱਠ ਵਾਰੀ ਆਉਂਦਾ ਹੈ, ਪਰ ਮਰੀਅਮ ਦਾ ਨਾਂ ਸਿਰਫ਼ ਚਾਰ ਵਾਰੀ।
ਪਰ ਲੂਕਾ ਦੀ ਕਿਤਾਬ ਵਿਚ ਜ਼ਿਆਦਾ ਮਰੀਅਮ ਬਾਰੇ ਦੱਸਿਆ ਗਿਆ ਹੈ। ਮਿਸਾਲ ਲਈ, ਕਿੱਦਾਂ ਜਬਰਾਏਲ ਦੂਤ ਮਰੀਅਮ ਨੂੰ ਮਿਲਣ ਆਇਆ, ਕਿੱਦਾਂ ਮਰੀਅਮ ਆਪਣੇ ਰਿਸ਼ਤੇਦਾਰ ਇਲੀਸਬਤ ਨੂੰ ਮਿਲਣ ਗਈ ਅਤੇ ਕਿੱਦਾਂ ਮਰੀਅਮ ਨੇ ਯਹੋਵਾਹ ਦੀ ਵਡਿਆਈ ਕੀਤੀ। (ਲੂਕਾ 1:26-56) ਲੂਕਾ ਨੇ ਲਿਖਿਆ ਕਿ ਸ਼ਿਮਓਨ ਨੇ ਮਰੀਅਮ ਨੂੰ ਦੱਸਿਆ ਸੀ ਕਿ ਯਿਸੂ ਨੇ ਭਵਿੱਖ ਵਿਚ ਦੁੱਖ ਸਹਿਣੇ ਸਨ। ਲੂਕਾ ਨੇ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਯਿਸੂ 12 ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਨਾਲ ਮੰਦਰ ਗਿਆ ਸੀ। ਉਸ ਬਿਰਤਾਂਤ ਵਿਚ ਲੂਕਾ ਨੇ ਯੂਸੁਫ਼ ਦੇ ਨਹੀਂ, ਬਲਕਿ ਮਰੀਅਮ ਦੇ ਸ਼ਬਦ ਦਰਜ ਕੀਤੇ। ਉਸ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਨੇ ਮਰੀਅਮ ʼਤੇ ਡੂੰਘਾ ਅਸਰ ਪਾਇਆ। (ਲੂਕਾ 2:19, 34, 35, 48, 51) ਮੂਲ ਲਿਖਤਾਂ ਵਿਚ ਲੂਕਾ ਦੀ ਕਿਤਾਬ ਦੇ ਪਹਿਲੇ ਦੋ ਅਧਿਆਵਾਂ ਵਿਚ ਮਰੀਅਮ ਦਾ ਨਾਂ 12 ਵਾਰ ਆਉਂਦਾ ਹੈ, ਪਰ ਯੂਸੁਫ਼ ਦਾ ਨਾਂ ਸਿਰਫ਼ ਤਿੰਨ ਵਾਰੀ। ਸੋ ਇਹ ਗੱਲ ਸਾਫ਼ ਹੈ ਕਿ ਮੱਤੀ ਨੇ ਜ਼ਿਆਦਾ ਯੂਸੁਫ਼ ਅਤੇ ਲੂਕਾ ਨੇ ਜ਼ਿਆਦਾ ਮਰੀਅਮ ਨਾਲ ਜੁੜੀਆਂ ਘਟਨਾਵਾਂ ਬਾਰੇ ਦੱਸਿਆ।
ਦੋਨਾਂ ਕਿਤਾਬਾਂ ਵਿਚ ਯਿਸੂ ਦੀ ਵੰਸ਼ਾਵਲੀ ਦਰਜ ਹੈ, ਪਰ ਇਨ੍ਹਾਂ ਵਿਚ ਵੀ ਫ਼ਰਕ ਹੈ। ਮੱਤੀ ਦੀ ਕਿਤਾਬ ਵਿਚ ਯੂਸੁਫ਼ ਦੀ ਵੰਸ਼ਾਵਲੀ ਦਿੱਤੀ ਗਈ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ਚਾਹੇ ਯਿਸੂ ਯੂਸੁਫ਼ ਦਾ ਖ਼ੂਨ ਨਹੀਂ ਸੀ, ਫਿਰ ਵੀ ਯਿਸੂ ਕੋਲ ਦਾਊਦ ਦੀ ਰਾਜ-ਗੱਦੀ ਉੱਤੇ ਬੈਠਣ ਦਾ ਕਾਨੂੰਨੀ ਹੱਕ ਸੀ। ਕਿਉਂ? ਕਿਉਂਕਿ ਯੂਸੁਫ਼ ਦਾਊਦ ਦੇ ਪੁੱਤਰ ਸੁਲੇਮਾਨ ਦੀ ਪੀੜ੍ਹੀ ਵਿੱਚੋਂ ਸੀ। (ਮੱਤੀ 1:6, 16) ਪਰ ਲੂਕਾ ਦੀ ਕਿਤਾਬ ਵਿਚ ਮਰੀਅਮ ਦੀ ਵੰਸ਼ਾਵਲੀ ਦਿੱਤੀ ਗਈ ਹੈ। ਉਸ ਵਿਚ ਦੱਸਿਆ ਹੈ ਕਿ ਯਿਸੂ “ਦਾਊਦ ਦੇ ਘਰਾਣੇ ਵਿਚ ਪੈਦਾ” ਹੋਇਆ ਸੀ, ਇਸ ਲਈ ਉਸ ਕੋਲ ਦਾਊਦ ਦੀ ਰਾਜ-ਗੱਦੀ ਉੱਤੇ ਬੈਠਣ ਦਾ ਖ਼ਾਨਦਾਨੀ ਹੱਕ ਸੀ। (ਰੋਮੀ. 1:3) ਕਿਉਂ? ਕਿਉਂਕਿ ਮਰੀਅਮ ਦਾਊਦ ਦੇ ਪੁੱਤਰ ਨਾਥਾਨ ਦੀ ਪੀੜ੍ਹੀ ਵਿੱਚੋਂ ਸੀ। (ਲੂਕਾ 3:31) ਮਰੀਅਮ ਹੇਲੀ ਦੀ ਧੀ ਸੀ, ਪਰ ਲੂਕਾ ਨੇ ਮਰੀਅਮ ਦਾ ਨਾਂ ਵੰਸ਼ਾਵਲੀ ਵਿਚ ਕਿਉਂ ਨਹੀਂ ਪਾਇਆ? ਕਿਉਂਕਿ ਉਸ ਸਮੇਂ ਕਾਨੂੰਨ ਮੁਤਾਬਕ ਵੰਸ਼ਾਵਲੀਆਂ ਵਿਚ ਜ਼ਿਆਦਾਤਰ ਆਦਮੀਆਂ ਦੇ ਹੀ ਨਾਂ ਲਿਖੇ ਜਾਂਦੇ ਸਨ। ਸੋ ਜਦੋਂ ਲੂਕਾ ਦੀ ਕਿਤਾਬ ਵਿਚ ਯੂਸੁਫ਼ ਨੂੰ ਹੇਲੀ ਦਾ ਪੁੱਤਰ ਕਿਹਾ ਗਿਆ, ਤਾਂ ਉਸ ਜ਼ਮਾਨੇ ਦੇ ਲੋਕ ਸਮਝ ਜਾਂਦੇ ਸੀ ਕਿ ਉਹ ਹੇਲੀ ਦਾ ਪੁੱਤਰ ਨਹੀਂ, ਸਗੋਂ ਹੇਲੀ ਦਾ ਜਵਾਈ ਸੀ।—ਲੂਕਾ 3:23.
ਲੂਕਾ ਅਤੇ ਮੱਤੀ ਦੀ ਕਿਤਾਬ ਵਿਚ ਦਰਜ ਯਿਸੂ ਦੀ ਵੰਸ਼ਾਵਲੀ ਤੋਂ ਇਹ ਸਬੂਤ ਮਿਲਦਾ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਵਾਅਦਾ ਕੀਤਾ ਹੋਇਆ ਮਸੀਹ ਸੀ। ਦਾਊਦ ਦੇ ਘਰਾਣੇ ਵਿੱਚੋਂ ਯਿਸੂ ਦੇ ਪੈਦਾ ਹੋਣ ਦੇ ਇੰਨੇ ਪੱਕੇ ਸਬੂਤ ਸਨ ਕਿ ਫ਼ਰੀਸੀ ਅਤੇ ਸਦੂਕੀ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕੇ। ਮੱਤੀ ਅਤੇ ਲੂਕਾ ਵਿਚ ਦਰਜ ਯਿਸੂ ਦੀ ਵੰਸ਼ਾਵਲੀ ਤੋਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਭਰੋਸਾ ਵਧਦਾ ਹੈ ਕਿ ਪਰਮੇਸ਼ੁਰ ਆਪਣੇ ਬਾਕੀ ਵਾਅਦੇ ਵੀ ਜ਼ਰੂਰ ਪੂਰੇ ਕਰੇਗਾ।