ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਅਕਤੂਬਰ ਸਫ਼ੇ 21-25
  • ਜ਼ਕਰਯਾਹ ਦੇ ਦਰਸ਼ਣਾਂ ਤੋਂ ਸਬਕ ਸਿੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜ਼ਕਰਯਾਹ ਦੇ ਦਰਸ਼ਣਾਂ ਤੋਂ ਸਬਕ ਸਿੱਖੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਦੇ ਹੱਥੋਂ ਚੋਰਾਂ ਨੂੰ ਸਜ਼ਾ
  • ਰੋਜ਼ ਆਪਣਾ ਵਾਅਦਾ ਯਾਦ ਰੱਖੋ
  • ਯਹੋਵਾਹ ਦੁਸ਼ਟਪੁਣੇ ਨੂੰ ਖ਼ਤਮ ਕਰਦਾ ਹੈ
  • ਸ਼ੁੱਧ ਲੋਕ ਯਹੋਵਾਹ ਦੀ ਮਹਿਮਾ ਕਰਦੇ ਹਨ
  • ਤਾਜ ਅਤੇ ਰਥ ਤੁਹਾਡੀ ਰਾਖੀ ਕਰਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਜ਼ਕਰਯਾਹ ਦਾ ਦਰਸ਼ਣ ਯਾਦ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਤੁਹਾਡੇ ਹੱਥ ਤਕੜੇ ਹੋਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਹੱਜਈ ਤੇ ਜ਼ਕਰਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਅਕਤੂਬਰ ਸਫ਼ੇ 21-25
ਇਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ, ਇਕ ਭਾਂਡੇ ਅੰਦਰ ਜਨਾਨੀ ਅਤੇ ਇਕ ਵੱਡੇ ਪੰਛੀ ਦੀ ਤਰ੍ਹਾਂ ਹਵਾ ਵਿਚ ਉੱਡਦੀਆਂ ਦੋ ਜਨਾਨੀਆਂ

ਜ਼ਕਰਯਾਹ ਦੇ ਦਰਸ਼ਣਾਂ ਤੋਂ ਸਬਕ ਸਿੱਖੋ

‘ਮੇਰੇ ਵੱਲ ਮੁੜੋ, ਤਾਂ ਮੈਂ ਤੁਹਾਡੇ ਵੱਲ ਮੁੜਾਂਗਾ।’​—ਜ਼ਕ. 1:3.

ਗੀਤ: 6, 20

ਤੁਸੀਂ ਕੀ ਜਵਾਬ ਦਿਓਗੇ?

  • ਯਹੋਵਾਹ ਚੋਰੀ ਬਾਰੇ ਕੀ ਸੋਚਦਾ ਹੈ?

  • ਅਸੀਂ ਹਰ ਰੋਜ਼ ਆਪਣੇ ਸਮਰਪਣ ਦੇ ਵਾਅਦੇ ਨੂੰ ਕਿਵੇਂ ਯਾਦ ਰੱਖ ਸਕਦੇ ਹਾਂ?

  • ਅਸੀਂ ਯਹੋਵਾਹ ਦੇ ਸੰਗਠਨ ਤੋਂ ਦੁਸ਼ਟਪੁਣਾ ਦੂਰ ਰੱਖਣ ਵਿਚ ਕੀ ਯੋਗਦਾਨ ਪਾ ਸਕਦੇ ਹਾਂ?

1-3. (ੳ) ਜਦੋਂ ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਸੀ, ਤਾਂ ਉਸ ਵੇਲੇ ਯਹੂਦੀਆਂ ਦੇ ਹਾਲਾਤ ਕਿਹੋ ਜਿਹੇ ਸਨ? (ਅ) ਯਹੋਵਾਹ ਨੇ ਆਪਣੇ ਲੋਕਾਂ ਨੂੰ ਆਪਣੇ ‘ਵੱਲ ਮੁੜਨ’ ਲਈ ਕਿਉਂ ਕਿਹਾ?

ਇਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ, ਇਕ ਭਾਂਡੇ ਵਿਚ ਜਨਾਨੀ ਅਤੇ ਇਕ ਵੱਡੇ ਪੰਛੀ ਦੀ ਤਰ੍ਹਾਂ ਹਵਾ ਵਿਚ ਉੱਡਦੀਆਂ ਦੋ ਜਨਾਨੀਆਂ। ਜ਼ਕਰਯਾਹ ਦੀ ਕਿਤਾਬ ਵਿਚ ਇਹ ਕੁਝ ਹੈਰਾਨੀਜਨਕ ਦਰਸ਼ਣ ਹਨ। (ਜ਼ਕ. 5:1, 7-9) ਪਰ ਯਹੋਵਾਹ ਨੇ ਆਪਣੇ ਨਬੀ ਨੂੰ ਇਹ ਹੈਰਾਨੀਜਨਕ ਦਰਸ਼ਣ ਕਿਉਂ ਦਿਖਾਏ? ਉਸ ਵੇਲੇ ਯਹੂਦੀਆਂ ਦੇ ਹਾਲਾਤ ਕਿਹੋ ਜਿਹੇ ਸਨ? ਨਾਲੇ ਅੱਜ ਸਾਨੂੰ ਇਨ੍ਹਾਂ ਦਰਸ਼ਣਾਂ ਤੋਂ ਕੀ ਫ਼ਾਇਦਾ ਹੋ ਸਕਦਾ ਹੈ?

2 ਸਾਲ 537 ਈਸਵੀ ਪੂਰਵ ਵਿਚ ਯਹੋਵਾਹ ਦੇ ਲੋਕ ਬਹੁਤ ਖ਼ੁਸ਼ ਸਨ ਕਿਉਂਕਿ ਉਹ ਹੁਣ ਬਾਬਲ ਦੀ 70 ਸਾਲਾਂ ਦੀ ਲੰਬੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ ਸਨ। ਉਹ ਇਸ ਕਰਕੇ ਵੀ ਬਹੁਤ ਖ਼ੁਸ਼ ਸਨ ਕਿਉਂਕਿ ਉਹ ਹੁਣ ਯਰੂਸ਼ਲਮ ਵਿਚ ਦੁਬਾਰਾ ਮੰਦਰ ਬਣਾ ਸਕਦੇ ਸਨ ਅਤੇ ਯਹੋਵਾਹ ਦੀ ਭਗਤੀ ਕਰ ਸਕਦੇ ਸਨ। 536 ਈਸਵੀ ਪੂਰਵ ਵਿਚ ਯਹੂਦੀਆਂ ਨੇ ਮੰਦਰ ਦੀ ਨੀਂਹ ਧਰੀ। ਲੋਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ “ਲੋਕ ਉੱਚੀ ਉੱਚੀ ਲਲਕਾਰਦੇ ਸਨ ਤੇ ਰੌਲਾ ਦੂਰ ਤਾਈਂ ਸੁਣੀਦਾ ਸੀ!” (ਅਜ਼. 3:10-13) ਪਰ ਮੰਦਰ ਅਤੇ ਹੋਰ ਉਸਾਰੀ ਦੇ ਕੰਮ ਦੇ ਖ਼ਿਲਾਫ਼ ਵਿਰੋਧ ਦਿਨ ਪ੍ਰਤੀ ਦਿਨ ਵਧਦਾ ਗਿਆ। ਇਜ਼ਰਾਈਲੀ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਅਤੇ ਮੰਦਰ ਬਣਾਉਣ ਦਾ ਕੰਮ ਵਿੱਚੇ ਛੱਡ ਦਿੱਤਾ। ਫਿਰ ਉਹ ਆਪਣੇ ਘਰ ਬਣਾਉਣ ਅਤੇ ਆਪਣੇ ਖੇਤੀ ਦੇ ਕੰਮ ਵਿਚ ਰੁੱਝ ਗਏ। ਨੀਂਹ ਰੱਖਣ ਤੋਂ 16 ਸਾਲ ਬਾਅਦ ਵੀ ਮੰਦਰ ਦਾ ਕੰਮ ਜਿਉਂ ਦਾ ਤਿਉਂ ਅੱਧ-ਅਧੂਰਾ ਸੀ। ਪਰਮੇਸ਼ੁਰ ਦੇ ਲੋਕਾਂ ਨੂੰ ਯਾਦ ਕਰਵਾਉਣ ਦੀ ਲੋੜ ਸੀ ਕਿ ਉਹ ਆਪਣੇ ਹੀ ਕੰਮਾਂ ਬਾਰੇ ਸੋਚਣ ਦੀ ਬਜਾਇ ਯਹੋਵਾਹ ਵੱਲ ਮੁੜ ਆਉਣ। ਯਹੋਵਾਹ ਚਾਹੁੰਦਾ ਸੀ ਕਿ ਇਜ਼ਰਾਈਲੀ ਜੋਸ਼ ਅਤੇ ਹਿੰਮਤ ਨਾਲ ਉਸ ਦੀ ਭਗਤੀ ਕਰਨ।

3 ਇਸ ਲਈ ਯਹੋਵਾਹ ਨੇ 520 ਈਸਵੀ ਪੂਰਵ ਵਿਚ ਆਪਣੇ ਨਬੀ ਜ਼ਕਰਯਾਹ ਨੂੰ ਯਹੂਦੀਆਂ ਕੋਲ ਘੱਲਿਆ। ਪਰਮੇਸ਼ੁਰ ਨੇ ਨਬੀ ਰਾਹੀਂ ਲੋਕਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਿਉਂ ਕਰਾਇਆ ਗਿਆ ਸੀ। ਬਹੁਤ ਦਿਲਚਸਪ ਗੱਲ ਹੈ ਕਿ ਜ਼ਕਰਯਾਹ ਦੇ ਨਾਂ ਦਾ ਮਤਲਬ ਹੈ “ਯਹੋਵਾਹ ਯਾਦ ਰੱਖਦਾ ਹੈ।” ਚਾਹੇ ਇਜ਼ਰਾਈਲੀ ਭੁੱਲ ਗਏ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ-ਕੀ ਕੀਤਾ ਸੀ, ਪਰ ਪਰਮੇਸ਼ੁਰ ਨਹੀਂ ਸੀ ਭੁੱਲਿਆ। (ਜ਼ਕਰਯਾਹ 1:3, 4 ਪੜ੍ਹੋ।) ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕਰਨ ਵਿਚ ਉਹ ਉਨ੍ਹਾਂ ਦੀ ਮਦਦ ਕਰੇਗਾ। ਪਰ ਪਰਮੇਸ਼ੁਰ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਯਹੂਦੀਆਂ ਦੀ ਭਗਤੀ ਤਾਂ ਹੀ ਸਵੀਕਾਰ ਕਰੇਗਾ ਜੇ ਉਹ ਦਿਲੋਂ-ਜਾਨ ਨਾਲ ਉਸ ਦੀ ਭਗਤੀ ਕਰਨਗੇ। ਆਓ ਆਪਾਂ ਜ਼ਕਰਯਾਹ ਦੇ ਛੇਵੇਂ ਅਤੇ ਸੱਤਵੇਂ ਦਰਸ਼ਣ ਵੱਲ ਧਿਆਨ ਦੇਈਏ। ਅਸੀਂ ਦੇਖਾਂਗੇ ਕਿ ਯਹੋਵਾਹ ਨੇ ਆਪਣੇ ਲੋਕਾਂ ਵਿਚ ਫਿਰ ਤੋਂ ਜੋਸ਼ ਕਿਵੇਂ ਭਰਿਆ ਅਤੇ ਇਨ੍ਹਾਂ ਦੋ ਦਰਸ਼ਣਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ।

ਪਰਮੇਸ਼ੁਰ ਦੇ ਹੱਥੋਂ ਚੋਰਾਂ ਨੂੰ ਸਜ਼ਾ

4. ਜ਼ਕਰਯਾਹ ਨੇ ਆਪਣੇ ਛੇਵੇਂ ਦਰਸ਼ਣ ਵਿਚ ਕੀ ਦੇਖਿਆ? ਪੱਤਰੀ ਦੇ ਦੋਨੋਂ ਪਾਸੇ ਕਿਉਂ ਲਿਖਿਆ ਹੋਇਆ ਸੀ? (ਇਸ ਲੇਖ ਦੀ ਤਸਵੀਰ ਨੰ. 1 ਦੇਖੋ।)

4 ਜ਼ਕਰਯਾਹ ਦਾ ਪੰਜਵਾਂ ਅਧਿਆਇ ਬਹੁਤ ਹੀ ਅਜੀਬ ਦਰਸ਼ਣ ਨਾਲ ਸ਼ੁਰੂ ਹੁੰਦਾ ਹੈ। (ਜ਼ਕਰਯਾਹ 5:1, 2 ਪੜ੍ਹੋ।) ਜ਼ਕਰਯਾਹ ਨੇ ਇਕ ਪੱਤਰੀ ਨੂੰ ਹਵਾ ਵਿਚ ਉੱਡਦਿਆਂ ਦੇਖਿਆ। ਉਹ ਪੱਤਰੀ ਲਗਭਗ ਨੌਂ ਮੀਟਰ (30 ਫੁੱਟ) ਲੰਬੀ ਅਤੇ ਸਾਢੇ ਚਾਰ ਮੀਟਰ (15 ਫੁੱਟ) ਚੌੜੀ ਸੀ। ਪੱਤਰੀ ਖੁੱਲ੍ਹੀ ਹੋਈ ਸੀ ਅਤੇ ਉਸ ਉੱਤੇ ਗੰਭੀਰ ਸਜ਼ਾ ਦਾ ਸੰਦੇਸ਼ ਲਿਖਿਆ ਹੋਇਆ ਸੀ। (ਜ਼ਕ. 5:3) ਪੁਰਾਣੇ ਜ਼ਮਾਨੇ ਵਿਚ ਪੱਤਰੀਆਂ ਉੱਤੇ ਜ਼ਿਆਦਾਤਰ ਇੱਕੋ ਪਾਸੇ ਲਿਖਿਆ ਜਾਂਦਾ ਸੀ। ਪਰ ਇਹ ਸੰਦੇਸ਼ ਇੰਨਾ ਗੰਭੀਰ ਸੀ ਕਿ ਪੱਤਰੀ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ।

ਇਕ ਔਰਤ ਦੁਕਾਨ ਵਿੱਚੋਂ ਐਨਕਾਂ ਚੋਰੀ ਕਰਦੀ ਹੋਈ

ਚੋਰੀ ਭਾਵੇਂ ਲੱਖ ਦੀ ਭਾਵੇਂ ਕੱਖ ਦੀ ਚੋਰੀ ਤਾਂ ਚੋਰੀ ਹੁੰਦੀ ਹੈ (ਪੈਰੇ 5-7 ਦੇਖੋ)

5, 6. ਯਹੋਵਾਹ ਚੋਰੀ ਬਾਰੇ ਕੀ ਸੋਚਦਾ ਹੈ?

5 ਜ਼ਕਰਯਾਹ 5:3, 4 ਪੜ੍ਹੋ। ਸਾਰਿਆਂ ਨੇ ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ ਦੇਣਾ ਹੈ। ਪਰ ਇਹ ਗੱਲ ਖ਼ਾਸ ਕਰਕੇ ਯਹੋਵਾਹ ਦੇ ਲੋਕਾਂ ʼਤੇ ਢੁਕਦੀ ਹੈ ਕਿਉਂਕਿ ਉਹ ਉਸ ਦੇ ਨਾਂ ਤੋਂ ਜਾਣੇ ਜਾਂਦੇ ਹਨ। ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਜਾਣਦੇ ਹਨ ਕਿ ਚੋਰੀ ਕਰਨ ਨਾਲ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੁੰਦੀ ਹੈ। (ਕਹਾ. 30:8, 9) ਕੁਝ ਲੋਕ ਸੋਚਦੇ ਹਨ ਕਿ ਚੰਗੇ ਕਾਰਨ ਕਰਕੇ ਕੀਤੀ ਚੋਰੀ, ਚੋਰੀ ਨਹੀਂ ਹੁੰਦੀ। ਪਰ ਕਾਰਨ ਜੋ ਮਰਜ਼ੀ ਹੋਵੇ, ਚੋਰੀ ਕਰ ਕੇ ਇਕ ਇਨਸਾਨ ਦਿਖਾਉਂਦਾ ਹੈ ਕਿ ਉਸ ਲਈ ਯਹੋਵਾਹ, ਉਸ ਦਾ ਨਾਂ ਅਤੇ ਉਸ ਦੇ ਕਾਨੂੰਨ ਕੋਈ ਮਾਅਨੇ ਨਹੀਂ ਰੱਖਦੇ, ਸਗੋਂ ਉਸ ਲਈ ਆਪਣੀਆਂ ਲਾਲਚੀ ਇੱਛਾਵਾਂ ਜ਼ਿਆਦਾ ਮਾਅਨੇ ਰੱਖਦੀਆਂ ਹਨ।

6 ਕੀ ਤੁਸੀਂ ਗੌਰ ਕੀਤਾ ਕਿ ਜ਼ਕਰਯਾਹ 5:3, 4 ਵਿਚ ਲਿਖਿਆ ਹੈ ਕਿ ਸਰਾਪ ‘ਚੋਰ ਦੇ ਘਰ ਵਿੱਚ ਵੜੇਗਾ ਅਤੇ ਉਸ ਦੇ ਘਰ ਦੇ ਅੰਦਰ ਟਿਕੇਗਾ’ ਅਤੇ ਘਰ ਨੂੰ “ਨਾਸ ਕਰੇਗਾ”? ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਵਿਚ ਚੋਰ ਦਾ ਪਰਦਾ ਫ਼ਾਸ਼ ਕਰਦਾ ਹੈ ਅਤੇ ਉਸ ਦਾ ਨਿਆਂ ਵੀ ਕਰਦਾ ਹੈ। ਸ਼ਾਇਦ ਚੋਰ ਆਪਣੀ ਗ਼ਲਤੀ ਮਾਪਿਆਂ, ਮੰਡਲੀ ਦੇ ਬਜ਼ੁਰਗਾਂ, ਆਪਣੇ ਮਾਲਕ ਜਾਂ ਪੁਲਿਸ ਤੋਂ ਲੁਕੋ ਸਕਦਾ ਹੈ, ਪਰ ਯਹੋਵਾਹ ਤੋਂ ਨਹੀਂ ਲੁਕੋ ਸਕਦਾ। ਚੋਰੀ ਚਾਹੇ ਵੱਡੀ ਹੋਵੇ ਜਾਂ ਛੋਟੀ ਯਹੋਵਾਹ ਹਰ ਤਰ੍ਹਾਂ ਦੀ ਚੋਰੀ ਸਾਮ੍ਹਣੇ ਲਿਆ ਸਕਦਾ ਹੈ। (ਇਬ. 4:13) ਸਾਨੂੰ ਬਹੁਤ ਖ਼ੁਸ਼ੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਸੰਗਤ ਕਰਦੇ ਹਾਂ ਜੋ “ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ” ਲੈਂਦੇ ਹਨ।​—ਇਬ. 13:18.

7. ਅਸੀਂ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਦੇ ਸਰਾਪ ਤੋਂ ਕਿਵੇਂ ਬਚ ਸਕਦੇ ਹਾਂ?

7 ਚੋਰੀ ਭਾਵੇਂ ਲੱਖ ਦੀ ਹੋਵੇ ਜਾਂ ਕੱਖ ਦੀ, ਚੋਰੀ ਤਾਂ ਚੋਰੀ ਹੁੰਦੀ ਹੈ। ਯਹੋਵਾਹ ਹਰ ਤਰ੍ਹਾਂ ਦੀ ਚੋਰੀ ਤੋਂ ਨਫ਼ਰਤ ਕਰਦਾ ਹੈ। ਅਸੀਂ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਚੱਲਦੇ ਹਾਂ ਅਤੇ ਅਸੀਂ ਇਸ ਗੱਲ ਨੂੰ ਸਨਮਾਨ ਸਮਝਦੇ ਹਾਂ। ਅਸੀਂ ਕੋਈ ਵੀ ਅਜਿਹਾ ਕੰਮ ਨਹੀਂ ਕਰਦੇ ਜਿਸ ਨਾਲ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੁੰਦੀ ਹੈ। ਇੱਦਾਂ ਕਰ ਕੇ ਅਸੀਂ ਉਨ੍ਹਾਂ ਲੋਕਾਂ ਵਿਚ ਨਹੀਂ ਗਿਣੇ ਜਾਵਾਂਗੇ ਜਿਨ੍ਹਾਂ ਨੂੰ ਯਹੋਵਾਹ ਆਪਣੇ ਕਾਨੂੰਨਾਂ ਖ਼ਿਲਾਫ਼ ਜਾਣ ਕਰਕੇ ਸਜ਼ਾ ਦੇਵੇਗਾ।

ਰੋਜ਼ ਆਪਣਾ ਵਾਅਦਾ ਯਾਦ ਰੱਖੋ

8-10. (ੳ) ਲੋਕ ਸਹੁੰ ਕਿਉਂ ਖਾਂਦੇ ਹਨ? (ਅ) ਸਿਦਕੀਯਾਹ ਨੇ ਕਿਹੜੀ ਸਹੁੰ ਤੋੜੀ ਸੀ?

8 ਉੱਡਦੀ ਹੋਈ ਲਪੇਟਵੀਂ ਪੱਤਰੀ ਵਿਚ ਅਗਲੀ ਚੇਤਾਵਨੀ ਪਰਮੇਸ਼ੁਰ ਦੇ ਨਾਂ ਦੀ “ਝੂਠੀ ਸੌਂਹ ਖਾਣ” ਵਾਲਿਆ ਲਈ ਸੀ। (ਜ਼ਕ. 5:4) ਆਮ ਤੌਰ ਤੇ ਲੋਕ ਉਦੋਂ ਸਹੁੰ ਖਾਂਦੇ ਹਨ ਜਦੋਂ ਉਹ ਆਪਣੀ ਗੱਲ ਸੱਚ ਸਾਬਤ ਕਰਨਾ ਚਾਹੁੰਦੇ ਹਨ ਜਾਂ ਉਹ ਕੋਈ ਕੰਮ ਕਰਨ ਜਾਂ ਨਾ ਕਰਨ ਦਾ ਵਾਅਦਾ ਕਰਦੇ ਹਨ।

9 ਯਹੋਵਾਹ ਦੇ ਨਾਂ ਦੀ ਸਹੁੰ ਖਾਣੀ ਬਹੁਤ ਗੰਭੀਰ ਗੱਲ ਹੈ। ਅਸੀਂ ਇਹ ਗੱਲ ਸਿਦਕੀਯਾਹ ਤੋਂ ਸਿੱਖ ਸਕਦੇ ਹਾਂ। ਸਿਦਕੀਯਾਹ ਯਰੂਸ਼ਲਮ ʼਤੇ ਰਾਜ ਕਰਨ ਵਾਲਾ ਆਖ਼ਰੀ ਰਾਜਾ ਸੀ। ਉਸ ਨੇ ਯਹੋਵਾਹ ਦੇ ਨਾਂ ਦੀ ਸਹੁੰ ਖਾਧੀ ਸੀ ਕਿ ਉਹ ਬਾਬਲ ਦੇ ਅਧੀਨ ਰਹੇਗਾ। ਪਰ ਉਸ ਨੇ ਆਪਣਾ ਵਾਅਦਾ ਨਹੀਂ ਨਿਭਾਇਆ। ਇਸ ਲਈ ਯਹੋਵਾਹ ਨੇ ਕਿਹਾ ਕਿ ਸਿਦਕੀਯਾਹ “ਉਸੇ ਥਾਂ ਜਿੱਥੇ ਉਸ ਪਾਤਸ਼ਾਹ ਦਾ ਵਾਸ ਹੈ ਜਿਸ ਨੇ ਉਹ ਨੂੰ ਪਾਤਸ਼ਾਹ ਬਣਾਇਆ ਅਤੇ ਜਿਸ ਦੀ ਸੌਂਹ ਨੂੰ ਉਸ ਤੁੱਛ ਜਾਣਿਆ ਅਤੇ ਜਿਹਦਾ ਨੇਮ ਉਹ ਨੇ ਭੰਗ ਕੀਤਾ ਅਰਥਾਤ ਬਾਬਲ ਵਿੱਚ ਉਸੇ ਦੇ ਕੋਲ ਮਰੇਗਾ।”​—ਹਿਜ਼. 17:16.

10 ਰਾਜਾ ਸਿਦਕੀਯਾਹ ਨੇ ਯਹੋਵਾਹ ਦੇ ਨਾਂ ਦੀ ਸਹੁੰ ਖਾਧੀ ਸੀ ਅਤੇ ਯਹੋਵਾਹ ਚਾਹੁੰਦਾ ਸੀ ਉਹ ਇਸ ਨੂੰ ਪੂਰਾ ਵੀ ਕਰੇ। (2 ਇਤ. 36:13) ਪਰ ਸਿਦਕੀਯਾਹ ਨੇ ਆਪਣੀ ਸਹੁੰ ਤੋੜ ਦਿੱਤੀ ਅਤੇ ਬਾਬਲ ਤੋਂ ਆਜ਼ਾਦ ਹੋਣ ਲਈ ਮਿਸਰ ਤੋਂ ਮਦਦ ਮੰਗੀ। ਪਰ ਮਿਸਰ ਉਸ ਦੀ ਮਦਦ ਨਹੀਂ ਕਰ ਸਕਿਆ।​—ਹਿਜ਼. 17:11-15, 17, 18.

11, 12. (ੳ) ਅਸੀਂ ਆਪਣੀ ਜ਼ਿੰਦਗੀ ਵਿਚ ਕਿਹੜਾ ਸਭ ਤੋਂ ਅਹਿਮ ਵਾਅਦਾ ਕਰਦੇ ਹਾਂ? (ਅ) ਸਾਡੇ ਸਮਰਪਣ ਦੇ ਵਾਅਦੇ ਦਾ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ʼਤੇ ਕੀ ਅਸਰ ਪੈਣਾ ਚਾਹੀਦਾ ਹੈ?

11 ਸਿਦਕੀਯਾਹ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਵਾਅਦਾ ਕਰਦੇ ਹਾਂ, ਤਾਂ ਯਹੋਵਾਹ ਧਿਆਨ ਦਿੰਦਾ ਹੈ। ਉਸ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਵਾਅਦੇ ਨਿਭਾਈਏ। (ਜ਼ਬੂ. 76:11) ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਵਾਅਦਾ ਸਭ ਤੋਂ ਅਹਿਮ ਵਾਅਦਾ ਹੈ। ਜਦੋਂ ਅਸੀਂ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਾਂ, ਤਾਂ ਅਸੀਂ ਹਰ ਹਾਲ ਵਿਚ ਉਸ ਦੀ ਸੇਵਾ ਕਰਨ ਦਾ ਵਾਅਦਾ ਕਰਦੇ ਹਾਂ।

12 ਅਸੀਂ ਯਹੋਵਾਹ ਨਾਲ ਕੀਤਾ ਆਪਣਾ ਵਾਅਦਾ ਕਿਵੇਂ ਨਿਭਾ ਸਕਦੇ ਹਾਂ? ਸਾਨੂੰ ‘ਨਿਤ ਨੇਮ’ ਯਾਨੀ ਹਰ ਰੋਜ਼ ਛੋਟੀਆਂ-ਵੱਡੀਆਂ ਪਰੀਖਿਆ ਜਾਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਜਿਸ ਤਰੀਕੇ ਨਾਲ ਅਸੀਂ ਇਨ੍ਹਾਂ ਦਾ ਸਾਮ੍ਹਣਾ ਕਰਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ। (ਜ਼ਬੂ. 61:8) ਮਿਸਾਲ ਲਈ, ਤੁਸੀਂ ਕੀ ਕਰੋਗੇ ਜੇ ਕੰਮ ਜਾਂ ਸਕੂਲ ਵਿਚ ਕੋਈ ਤੁਹਾਨੂੰ ਆਪਣੀਆਂ ਅਦਾਵਾਂ ਨਾਲ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰੇ? ਕੀ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਸ ਨੂੰ ਨਜ਼ਰਅੰਦਾਜ਼ ਕਰੋਗੇ? (ਕਹਾ. 23:26) ਜਾਂ ਮੰਨ ਲਓ, ਤੁਸੀਂ ਆਪਣੇ ਪਰਿਵਾਰ ਵਿੱਚੋਂ ਇਕੱਲੇ ਹੀ ਯਹੋਵਾਹ ਦੇ ਗਵਾਹ ਹੋ? ਕੀ ਤੁਸੀਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਹੋ ਤਾਂਕਿ ਤੁਸੀਂ ਹਮੇਸ਼ਾ ਆਪਣੇ ਪਰਿਵਾਰ ਨਾਲ ਇਕ ਚੰਗੇ ਮਸੀਹੀ ਵਾਂਗ ਪੇਸ਼ ਆ ਸਕੋ? ਚਾਹੇ ਤੁਹਾਡੇ ਹਾਲਾਤ ਜਿੱਦਾਂ ਦੇ ਵੀ ਹੋਣ, ਪਰ ਕੀ ਤੁਸੀਂ ਹਰ ਰੋਜ਼ ਉਸ ਦੇ ਪਿਆਰ ਅਤੇ ਅਗਵਾਈ ਲਈ ਉਸ ਦਾ ਧੰਨਵਾਦ ਕਰਦੇ ਹੋ? ਕੀ ਤੁਸੀਂ ਰੋਜ਼ ਬਾਈਬਲ ਪੜ੍ਹਨ ਲਈ ਸਮਾਂ ਕੱਢਦੇ ਹੋ? ਯਹੋਵਾਹ ਨੂੰ ਸਮਰਪਣ ਕਰਦਿਆਂ ਕੀ ਅਸੀਂ ਇਹੀ ਕੰਮ ਕਰਨ ਦਾ ਵਾਅਦਾ ਨਹੀਂ ਸੀ ਕੀਤਾ? ਯਹੋਵਾਹ ਦਾ ਕਹਿਣਾ ਮੰਨ ਕੇ ਅਤੇ ਦਿਲੋਂ-ਜਾਨ ਨਾਲ ਉਸ ਦੀ ਭਗਤੀ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਦੇ ਹਵਾਲੇ ਕੀਤਾ ਹੈ। ਅਸੀਂ ਉਸ ਦੀ ਭਗਤੀ ਫ਼ਰਜ਼ ਸਮਝ ਕੇ ਨਹੀਂ, ਸਗੋਂ ਦਿਲੋਂ ਕਰਦੇ ਹਾਂ। ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਸ਼ਾਨਦਾਰ ਭਵਿੱਖ ਦੇਣ ਦਾ ਵਾਅਦਾ ਕਰਦਾ ਹੈ।​—ਬਿਵ. 10:12, 13.

13. ਅਸੀਂ ਜ਼ਕਰਯਾਹ ਦੇ ਛੇਵੇਂ ਦਰਸ਼ਣ ਤੋਂ ਕੀ ਸਿੱਖਦੇ ਹਾਂ?

13 ਜ਼ਕਰਯਾਹ ਦੇ ਛੇਵੇਂ ਦਰਸ਼ਣ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਨੂੰ ਪਿਆਰ ਕਰਨ ਕਰਕੇ ਅਸੀਂ ਨਾ ਤਾਂ ਚੋਰੀ ਕਰਾਂਗੇ ਅਤੇ ਨਾ ਹੀ ਆਪਣੇ ਵਾਅਦੇ ਤੋੜਾਂਗੇ। ਅਸੀਂ ਇਹ ਵੀ ਸਿੱਖਦੇ ਹਾਂ ਕਿ ਚਾਹੇ ਯਹੂਦੀਆਂ ਨੇ ਬਹੁਤ ਗ਼ਲਤੀਆਂ ਕੀਤੀਆਂ, ਪਰ ਫਿਰ ਵੀ ਯਹੋਵਾਹ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਉਨ੍ਹਾਂ ਨੂੰ ਨਹੀਂ ਛੱਡਿਆ। ਉਹ ਜਾਣਦਾ ਸੀ ਕਿ ਉਨ੍ਹਾਂ ਦੇ ਹਾਲਾਤ ਬਹੁਤ ਔਖੇ ਸਨ ਕਿਉਂਕਿ ਉਹ ਦੁਸ਼ਮਣਾਂ ਨਾਲ ਘਿਰੇ ਹੋਏ ਸਨ। ਆਪਣੀ ਮਿਸਾਲ ਰਾਹੀਂ ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣੇ ਵਾਅਦੇ ਨਿਭਾਉਣੇ ਚਾਹੀਦੇ ਹਨ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਵਾਅਦੇ ਨਿਭਾਉਣ ਵਿਚ ਉਹ ਸਾਡੀ ਮਦਦ ਕਰੇਗਾ। ਯਹੋਵਾਹ ਭਵਿੱਖ ਲਈ ਆਸ ਦੇ ਕੇ ਵੀ ਸਾਡੀ ਮਦਦ ਕਰਦਾ ਹੈ। ਜਲਦੀ ਹੀ ਉਹ ਸਾਰੀ ਧਰਤੀ ਤੋਂ ਦੁਸ਼ਟਤਾ ਨੂੰ ਖ਼ਤਮ ਕਰੇਗਾ। ਅਸੀਂ ਇਹ ਆਸ ਜ਼ਕਰਯਾਹ ਦੇ ਅਗਲੇ ਦਰਸ਼ਣ ਵਿਚ ਪੜ੍ਹ ਸਕਦੇ ਹਾਂ।

ਯਹੋਵਾਹ ਦੁਸ਼ਟਪੁਣੇ ਨੂੰ ਖ਼ਤਮ ਕਰਦਾ ਹੈ

14, 15. (ੳ) ਜ਼ਕਰਯਾਹ ਨੇ ਆਪਣੇ ਸੱਤਵੇਂ ਦਰਸ਼ਣ ਵਿਚ ਕੀ ਦੇਖਿਆ? (ਇਸ ਲੇਖ ਦੀ ਤਸਵੀਰ ਨੰ. 2 ਦੇਖੋ।) (ਅ) ਭਾਂਡੇ ਅੰਦਰ ਜਨਾਨੀ ਕੌਣ ਸੀ? ਦੂਤ ਨੇ ਭਾਂਡੇ ਦਾ ਮੂੰਹ ਕਿਉਂ ਬੰਦ ਕਰ ਦਿੱਤਾ?

14 ਉੱਡਦੀ ਪੱਤਰੀ ਦੇਖਣ ਤੋਂ ਬਾਅਦ ਜ਼ਕਰਯਾਹ ਨੂੰ ਦੂਤ ਨੇ ਕਿਹਾ: “ਆਪਣੀਆਂ ਅੱਖਾਂ ਚੁੱਕ ਕੇ ਵੇਖ!” ਜ਼ਕਰਯਾਹ ਨੇ ਇਕ ਭਾਂਡਾ ਦੇਖਿਆ ਜਿਸ ਨੂੰ “ਏਫਾਹ” ਕਿਹਾ ਜਾਂਦਾ ਸੀ। (ਜ਼ਕਰਯਾਹ 5:5-8 ਪੜ੍ਹੋ।) ਭਾਂਡੇ ਦਾ ਢੱਕਣ ਗੋਲ ਅਤੇ ਸਿੱਕੇ ਦੀ ਧਾਤ ਬਣਿਆ ਹੋਇਆ ਸੀ। ਜਦੋਂ ਭਾਂਡੇ ਦਾ ਢੱਕਣ ਚੁੱਕਿਆ ਗਿਆ, ਤਾਂ ਜ਼ਕਰਯਾਹ ਨੇ ਦੇਖਿਆ ਕਿ “ਇੱਕ ਜਨਾਨੀ ਏਫਾਹ ਦੇ ਵਿੱਚ ਬੈਠੀ ਹੋਈ ਸੀ।” ਦੂਤ ਨੇ ਜ਼ਕਰਯਾਹ ਨੂੰ ਸਮਝਾਇਆ ਕਿ ਭਾਂਡੇ ਅੰਦਰ ਬੈਠੀ ਜਨਾਨੀ “ਦੁਸ਼ਟਪੁਣਾ ਹੈ।” ਸੋਚੋ, ਜ਼ਕਰਯਾਹ ਕਿੰਨਾ ਡਰ ਗਿਆ ਹੋਣਾ ਜਦੋਂ ਉਸ ਨੇ ਭਾਂਡੇ ਵਿੱਚੋਂ ਜਨਾਨੀ ਨੂੰ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਹੋਣਾ। ਪਰ ਦੂਤ ਨੇ ਉਸ ਜਨਾਨੀ ਨੂੰ ਫਟਾਫਟ ਭਾਂਡੇ ਅੰਦਰ ਧੱਕ ਦਿੱਤਾ ਅਤੇ ਭਾਂਡੇ ਦੇ ਮੂੰਹ ਨੂੰ ਭਾਰੀ ਢੱਕਣ ਨਾਲ ਬੰਦ ਕਰ ਦਿੱਤਾ। ਇਸ ਦਾ ਕੀ ਮਤਲਬ ਸੀ?

15 ਇਸ ਦਰਸ਼ਣ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਵਿਚ ਕਿਸੇ ਵੀ ਤਰ੍ਹਾਂ ਦੀ ਦੁਸ਼ਟਤਾ ਬਰਦਾਸ਼ਤ ਨਹੀਂ ਕਰਦਾ। ਯਹੋਵਾਹ ਜਦੋਂ ਵੀ ਦੁਸ਼ਟਤਾ ਦੇਖਦਾ ਹੈ, ਤਾਂ ਉਹ ਇਸ ਨੂੰ ਖ਼ਤਮ ਕਰਨ ਲਈ ਜਲਦੀ ਤੋਂ ਜਲਦੀ ਕਦਮ ਚੁੱਕਦਾ ਹੈ। (1 ਕੁਰਿੰ. 5:13) ਇਹ ਗੱਲ ਦੂਤ ਦੇ ਕੰਮ ਤੋਂ ਸਾਫ਼ ਪਤਾ ਲੱਗਦੀ ਹੈ ਜਦੋਂ ਉਸ ਨੇ ਭਾਂਡੇ ਨੂੰ ਫਟਾਫਟ ਭਾਰੀ ਢੱਕਣ ਨਾਲ ਢੱਕਿਆ।

ਦੋ ਔਰਤਾਂ ਆਪਣੇ ਤਾਕਤਵਰ ਖੰਭਾਂ ਨਾਲ ਭਾਂਡੇ ਨੂੰ ਦੂਸਰੀ ਜਗ੍ਹਾ ਉਡਾ ਕੇ ਸ਼ਿਨਆਰ ਲੈ ਗਈਆਂ। ਭਾਂਡੇ ਵਿਚ “ਦੁਸ਼ਟਪੁਣਾ” ਹੈ

ਯਹੋਵਾਹ ਨੇ ਆਪਣੀ ਭਗਤੀ ਸ਼ੁੱਧ ਰੱਖਣ ਦਾ ਵਾਅਦਾ ਕੀਤਾ ਹੈ (ਪੈਰਾ 16-18 ਦੇਖੋ)

16. (ੳ) ਭਾਂਡੇ ਨਾਲ ਕੀ ਹੋਇਆ? (ਇਸ ਲੇਖ ਦੀ ਤਸਵੀਰ ਨੰ. 3 ਦੇਖੋ।) (ਅ) ਖੰਭਾਂ ਵਾਲੀਆਂ ਦੋ ਔਰਤਾਂ ਭਾਂਡੇ ਨੂੰ ਕਿੱਥੇ ਲੈ ਗਈਆਂ?

16 ਜ਼ਕਰਯਾਹ ਨੇ ਅੱਗੇ ਦਰਸ਼ਣ ਵਿਚ ਦੋ ਔਰਤਾਂ ਨੂੰ ਦੇਖਿਆ ਜਿਨ੍ਹਾਂ ਕੋਲ ਵੱਡੇ ਪੰਛੀ ਵਰਗੇ ਖੰਭ ਸਨ। (ਜ਼ਕਰਯਾਹ 5:9-11 ਪੜ੍ਹੋ।) ਇਹ ਦੋ ਔਰਤਾਂ ਭਾਂਡੇ ਵਿਚ ਬੰਦ ਜਨਾਨੀ ਨਾਲੋਂ ਬਿਲਕੁਲ ਵੱਖਰੀਆਂ ਸਨ। ਉਨ੍ਹਾਂ ਨੇ ਉਸ ਭਾਂਡੇ ਨੂੰ ਚੁੱਕਿਆ ਜਿਸ ਵਿਚ “ਦੁਸ਼ਟਪੁਣਾ” ਸੀ ਅਤੇ ਉਹ ਆਪਣੇ ਤਾਕਤਵਰ ਖੰਭਾਂ ਨਾਲ ਭਾਂਡੇ ਨੂੰ ਦੂਸਰੀ ਜਗ੍ਹਾ ਉਡਾ ਕੇ ਲੈ ਗਈਆਂ। ਉਹ ਭਾਂਡੇ ਨੂੰ ਕਿੱਥੇ ਲੈ ਗਈਆਂ? ਉਹ ਭਾਂਡੇ ਨੂੰ “ਸ਼ਿਨਆਰ ਦੇਸ” ਯਾਨੀ ਬਾਬਲ ਲੈ ਗਈਆਂ। ਪਰ ਉਹ ਭਾਂਡੇ ਨੂੰ ਉੱਥੇ ਕਿਉਂ ਲੈ ਕੇ ਗਈਆਂ?

17, 18. (ੳ) ‘ਦੁਸ਼ਟਪੁਣੇ’ ਲਈ ਬਾਬਲ ਸਹੀ ਜਗ੍ਹਾ ਕਿਉਂ ਸੀ? (ਅ) ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

17 ਜ਼ਕਰਯਾਹ ਦੇ ਜ਼ਮਾਨੇ ਦੇ ਯਹੂਦੀ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਸਨ ਕਿ ‘ਦੁਸ਼ਟਪੁਣੇ’ ਨੂੰ ਬਾਬਲ ਲਿਜਾਣਾ ਸਹੀ ਕਿਉਂ ਸੀ। ਉਹ ਜਾਣਦੇ ਸਨ ਕਿ ਬਾਬਲ ਸ਼ਹਿਰ ਝੂਠੀ ਭਗਤੀ, ਅਨੈਤਿਕਤਾ ਅਤੇ ਦੁਸ਼ਟਪੁਣੇ ਨਾਲ ਭਰਿਆ ਪਿਆ ਸੀ। ਜ਼ਕਰਯਾਹ ਅਤੇ ਹੋਰ ਯਹੂਦੀ ਉੱਥੇ ਰਹਿ ਚੁੱਕੇ ਸਨ ਅਤੇ ਜਾਣਦੇ ਸਨ ਕਿ ਹਰ ਰੋਜ਼ ਉਸ ਦੇ ਭੈੜੇ ਪ੍ਰਭਾਵਾਂ ਤੋਂ ਬਚ ਕੇ ਰਹਿਣਾ ਕਿੰਨਾ ਔਖਾ ਸੀ। ਇਸ ਦਰਸ਼ਣ ਤੋਂ ਯਹੋਵਾਹ ਨੇ ਇਹ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਆਪਣੀ ਭਗਤੀ ਨੂੰ ਸ਼ੁੱਧ ਰੱਖੇਗਾ।

18 ਇਸ ਦਰਸ਼ਣ ਤੋਂ ਯਹੂਦੀਆਂ ਨੂੰ ਇਹ ਵੀ ਯਾਦ ਕਰਾਇਆ ਗਿਆ ਕਿ ਉਹ ਸ਼ੁੱਧ ਤਰੀਕੇ ਨਾਲ ਭਗਤੀ ਕਰਨ। ਪਰਮੇਸ਼ੁਰ ਦੇ ਲੋਕਾਂ ਵਿਚ ਦੁਸ਼ਟਪੁਣੇ ਦੀ ਕੋਈ ਜਗ੍ਹਾ ਨਹੀਂ। ਯਹੋਵਾਹ ਨੇ ਸਾਨੂੰ ਆਪਣੇ ਸ਼ੁੱਧ ਸੰਗਠਨ ਵਿਚ ਬੁਲਾਇਆ ਹੈ ਜਿਸ ਵਿਚ ਅਸੀਂ ਉਸ ਦਾ ਪਿਆਰ ਅਤੇ ਸੁਰੱਖਿਆ ਮਹਿਸੂਸ ਕਰਦੇ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਸੰਗਠਨ ਨੂੰ ਸ਼ੁੱਧ ਰੱਖੀਏ। ਇਸ ਸੰਗਠਨ ਵਿਚ ਦੁਸ਼ਟਪੁਣੇ ਦੀ ਕੋਈ ਜਗ੍ਹਾ ਨਹੀਂ!

ਸ਼ੁੱਧ ਲੋਕ ਯਹੋਵਾਹ ਦੀ ਮਹਿਮਾ ਕਰਦੇ ਹਨ

19. ਜ਼ਕਰਯਾਹ ਦੇ ਹੈਰਾਨੀਜਨਕ ਦਰਸ਼ਣਾਂ ਤੋਂ ਤੁਸੀਂ ਕੀ ਸਿੱਖਿਆ ਹੈ?

19 ਜਿਹੜੇ ਲੋਕ ਦੁਸ਼ਟ ਕੰਮਾਂ ਵਿਚ ਲੱਗੇ ਰਹਿੰਦੇ ਹਨ ਉਨ੍ਹਾਂ ਲਈ ਜ਼ਕਰਯਾਹ ਦੇ ਦਰਸ਼ਣ ਵਿਚ ਬਹੁਤ ਹੀ ਗੰਭੀਰ ਸਬਕ ਹਨ। ਯਹੋਵਾਹ ਦੁਸ਼ਟਪੁਣੇ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ। ਉਸ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਵੀ ਦੁਸ਼ਟਤਾ ਤੋਂ ਨਫ਼ਰਤ ਕਰਨੀ ਚਾਹੀਦੀ ਹੈ। ਇਨ੍ਹਾਂ ਦੋ ਦਰਸ਼ਣਾਂ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਾਨੂੰ ਸਰਾਪ ਨਹੀਂ ਦੇਵੇਗਾ। ਇਸ ਦੀ ਬਜਾਇ ਉਹ ਸਾਨੂੰ ਬਰਕਤਾਂ ਦੇਵੇਗਾ ਅਤੇ ਸਾਡੀ ਹਿਫਾਜ਼ਤ ਕਰੇਗਾ। ਭਾਵੇਂ ਇਸ ਦੁਸ਼ਟ ਦੁਨੀਆਂ ਵਿਚ ਸ਼ੁੱਧ ਰਹਿਣਾ ਬਹੁਤ ਔਖਾ ਹੈ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਸ਼ੁੱਧ ਰਹਿ ਸਕਦੇ ਹਾਂ। ਪਰ ਸਾਨੂੰ ਕਿਉਂ ਯਕੀਨ ਹੈ ਕਿ ਸ਼ੁੱਧ ਭਗਤੀ ਨੂੰ ਕਦੀ ਖ਼ਤਮ ਨਹੀਂ ਕੀਤਾ ਜਾਵੇਗਾ? ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆ ਰਿਹਾ ਹੈ ਸਾਨੂੰ ਕਿਉਂ ਭਰੋਸਾ ਹੈ ਕਿ ਯਹੋਵਾਹ ਆਪਣੇ ਸੰਗਠਨ ਦੀ ਰਾਖੀ ਕਰਦਾ ਰਹੇਗਾ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦੇਖਾਂਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ