ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਜਨਵਰੀ ਸਫ਼ੇ 22-26
  • ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਨਾਲ ਪਿਆਰ ਜਾਂ ਖ਼ੁਦ ਨਾਲ
  • ਧਰਤੀ ʼਤੇ ਧੰਨ ਜੋੜੀਏ ਜਾਂ ਸਵਰਗ ਵਿਚ
  • ਯਹੋਵਾਹ ਦੇ ਪ੍ਰੇਮੀ ਜਾਂ ਮੌਜ-ਮਸਤੀ ਦੇ
  • ਅਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?
  • ਸੱਚੇ ਧਰਮ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਪਿਆਰ ਨਾਲ ਮਜ਼ਬੂਤ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • “ਪ੍ਰੇਮ ਨਾਲ ਚੱਲੋ”
    ਯਹੋਵਾਹ ਦੇ ਨੇੜੇ ਰਹੋ
  • ਆਪਣੇ ਗੁਆਂਢੀ ਨਾਲ ਪਿਆਰ ਕਰਨ ਦਾ ਮਤਲਬ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਜਨਵਰੀ ਸਫ਼ੇ 22-26
ਇਕ ਔਰਤ ਆਪਣੇ ਆਪ ਵੱਲ ਹੱਦੋਂ ਵੱਧ ਧਿਆਨ ਦਿੰਦੀ ਹੋਈ; ਇਕ ਆਦਮੀ ਦਾ ਚੀਜ਼ਾਂ ਲਈ ਪਿਆਰ; ਮੌਜ-ਮਸਤੀ ਦੇ ਪ੍ਰੇਮੀ ਪਾਰਟੀ ਵਿਚ ਰੰਗਰਲੀਆਂ ਮਨਾਉਂਦੇ ਹੋਏ

ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?

“ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”​—ਜ਼ਬੂ. 144:15.

ਗੀਤ: 28, 25

ਤੁਸੀਂ ਕੀ ਜਵਾਬ ਦਿਓਗੇ?

  • ਅਸੀਂ ਆਪਣੇ ਆਪ ਨਾਲ ਹੱਦੋਂ ਵੱਧ ਪਿਆਰ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

  • ਪੈਸੇ ਨੂੰ ਪਿਆਰ ਕਰਨ ਵਾਲੇ ਲੋਕਾਂ ਕੋਲ ਸੱਚੀ ਖ਼ੁਸ਼ੀ ਕਿਉਂ ਨਹੀਂ ਹੈ?

  • ਅਸੀਂ ਮੌਜ-ਮਸਤੀ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਿਵੇਂ ਕਰ ਸਕਦੇ ਹਾਂ?

1. ਅੱਜ ਦਾ ਸਮਾਂ ਪਹਿਲਾਂ ਨਾਲੋਂ ਵੱਖਰਾ ਕਿਉਂ ਹੈ?

ਅਸੀਂ ਅੱਜ ਜਿਸ ਸਮੇਂ ਵਿਚ ਰਹਿ ਰਹੇ ਹਾਂ ਅਜਿਹਾ ਸਮਾਂ ਦੁਨੀਆਂ ਵਿੱਚ ਪਹਿਲਾਂ ਕਦੀ ਵੀ ਨਹੀਂ ਆਇਆ। ਜਿੱਦਾਂ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਯਹੋਵਾਹ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ ਦੇ ਲੋਕਾਂ ਦੀ ਇਕ ਵੱਡੀ ਭੀੜ” ਇਕੱਠੀ ਕਰੇਗਾ। ਅੱਜ ਇਹ “ਇੱਕ ਬਲਵੰਤ ਕੌਮ” ਹੈ ਜਿਸ ਵਿਚ 80 ਲੱਖ ਤੋਂ ਜ਼ਿਆਦਾ ਲੋਕ ਖ਼ੁਸ਼ੀ ਨਾਲ “ਦਿਨ-ਰਾਤ ਉਸ ਦੀ ਭਗਤੀ ਕਰਦੇ ਹਨ।” (ਪ੍ਰਕਾ. 7:9, 15; ਯਸਾ. 60:22) ਇਸ ਤੋਂ ਪਹਿਲਾਂ ਕਦੀ ਵੀ ਇੰਨੇ ਜ਼ਿਆਦਾ ਲੋਕਾਂ ਨੇ ਪਰਮੇਸ਼ੁਰ ਅਤੇ ਲੋਕਾਂ ਲਈ ਇੰਨਾ ਪਿਆਰ ਨਹੀਂ ਦਿਖਾਇਆ।

2. ਲੋਕ ਪਰਮੇਸ਼ੁਰ ਦੀ ਬਜਾਇ ਕਿਸ ਨਾਲ ਪਿਆਰ ਕਰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

2 ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਦੇ ਲੋਕ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਬਜਾਇ ਹੋਰ ਚੀਜ਼ਾਂ ਨੂੰ ਪਿਆਰ ਕਰਨਗੇ। ਇਸ ਤਰ੍ਹਾਂ ਦਾ ਪਿਆਰ ਸੁਆਰਥੀ ਹੈ। ਪੌਲੁਸ ਰਸੂਲ ਨੇ ਲਿਖਿਆ ਕਿ ਆਖ਼ਰੀ ਦਿਨਾਂ ਵਿਚ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ ਅਤੇ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ। (2 ਤਿਮੋ. 3:1-4) ਇਹੋ ਜਿਹਾ ਪਿਆਰ ਪਰਮੇਸ਼ੁਰ ਦੇ ਪਿਆਰ ਤੋਂ ਬਿਲਕੁਲ ਵੱਖਰਾ ਹੈ। ਚਾਹੇ ਲੋਕਾਂ ਨੂੰ ਲੱਗਦਾ ਹੈ ਕਿ ਸੁਆਰਥੀ ਪਿਆਰ ਤੋਂ ਖ਼ੁਸ਼ੀ ਮਿਲਦੀ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਇਸ ਦੀ ਬਜਾਇ, ਪੂਰੀ ਦੁਨੀਆਂ ਸੁਆਰਥੀ ਬਣ ਚੁੱਕੀ ਹੈ ਅਤੇ ਇਸ ਵਿਚ ਰਹਿਣਾ ਬਹੁਤ ਔਖਾ ਹੈ।

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ ਅਤੇ ਕਿਉਂ?

3 ਪੌਲੁਸ ਰਸੂਲ ਜਾਣਦਾ ਸੀ ਕਿ ਸੁਆਰਥੀ ਪਿਆਰ ਆਮ ਹੋਵੇਗਾ ਅਤੇ ਮਸੀਹੀਆਂ ਨੂੰ ਇਸ ਤਰ੍ਹਾਂ ਦੇ ਪਿਆਰ ਤੋਂ ਬਚ ਕੇ ਰਹਿਣਾ ਪਵੇਗਾ। ਇਸ ਲਈ ਉਸ ਨੇ ਸੁਆਰਥੀ ਪਿਆਰ ਕਰਨ ਵਾਲਿਆਂ ਤੋਂ “ਦੂਰ” ਰਹਿਣ ਦੀ ਚੇਤਾਵਨੀ ਦਿੱਤੀ। (2 ਤਿਮੋ. 3:5) ਪਰ ਅਸੀਂ ਇਨ੍ਹਾਂ ਲੋਕਾਂ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਰਹਿ ਸਕਦੇ। ਸੋ ਅਸੀਂ ਇਸ ਤਰ੍ਹਾਂ ਦੇ ਲੋਕਾਂ ਤੋਂ ਬਚ ਕੇ ਕਿਵੇਂ ਰਹਿ ਸਕਦੇ ਹਾਂ ਅਤੇ ਪਿਆਰ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਪਰਮੇਸ਼ੁਰ ਲਈ ਪਿਆਰ ਅਤੇ 2 ਤਿਮੋਥਿਉਸ 3:2-4 ਵਿਚ ਦੱਸੇ ਪਿਆਰ ਵਿਚ ਫ਼ਰਕ ਦੇਖੀਏ। ਅਸੀਂ ਆਪਣੀ ਵੀ ਜਾਂਚ ਕਰਾਂਗੇ ਕਿ ਅਸੀਂ ਉਹ ਪਿਆਰ ਕਿਵੇਂ ਦਿਖਾ ਸਕਦਾ ਹਾਂ ਜਿਸ ਤੋਂ ਸਾਨੂੰ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲ ਸਕਦੀ ਹੈ।

ਪਰਮੇਸ਼ੁਰ ਨਾਲ ਪਿਆਰ ਜਾਂ ਖ਼ੁਦ ਨਾਲ

4. ਕੁਝ ਹੱਦ ਤਕ ਆਪਣੇ ਆਪ ਨਾਲ ਪਿਆਰ ਕਰਨਾ ਗ਼ਲਤ ਕਿਉਂ ਨਹੀਂ ਹੈ?

4 ਪੌਲੁਸ ਨੇ ਕਿਹਾ ਕਿ “ਲੋਕ ਸੁਆਰਥੀ” ਹੋਣਗੇ। ਕੀ ਆਪਣੇ ਆਪ ਨੂੰ ਪਿਆਰ ਕਰਨਾ ਗ਼ਲਤ ਹੈ? ਨਹੀਂ। ਆਪਣੇ ਆਪ ਨੂੰ ਪਿਆਰ ਕਰਨ ਵਿਚ ਕੋਈ ਬੁਰਾਈ ਨਹੀਂ ਅਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਵੀ ਹੈ। ਯਹੋਵਾਹ ਨੇ ਸਾਨੂੰ ਇਸੇ ਤਰੀਕੇ ਨਾਲ ਬਣਾਇਆ ਹੈ। ਯਿਸੂ ਨੇ ਕਿਹਾ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮਰ. 12:31) ਇਸ ਲਈ ਜੇ ਅਸੀਂ ਖ਼ੁਦ ਨੂੰ ਪਿਆਰ ਨਹੀਂ ਕਰਦੇ, ਤਾਂ ਅਸੀਂ ਦੂਸਰਿਆਂ ਨੂੰ ਪਿਆਰ ਕਿਵੇਂ ਕਰ ਸਕਦੇ ਹਾਂ? ਬਾਈਬਲ ਇਹ ਵੀ ਕਹਿੰਦੀ ਹੈ: “ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ। ਜਿਹੜਾ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ ਕਿਉਂਕਿ ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ।” (ਅਫ਼. 5:28, 29) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੁਝ ਹੱਦ ਤਕ ਆਪਣੇ ਆਪ ਨਾਲ ਪਿਆਰ ਕਰਨਾ ਗ਼ਲਤ ਨਹੀਂ ਹੈ।

ਇਕ ਔਰਤ ਆਪਣੇ ਆਪ ਵੱਲ ਹੱਦੋਂ ਵੱਧ ਧਿਆਨ ਦਿੰਦੀ ਹੋਈ

5. ਆਪਣੇ ਆਪ ਨੂੰ ਪਿਆਰ ਕਰਨ ਵਾਲੇ ਇਨਸਾਨ ਬਾਰੇ ਤੁਸੀਂ ਕੀ ਕਹੋਗੇ?

5 ਦੂਜਾ ਤਿਮੋਥਿਉਸ 3:2 ਵਿਚ ਦੱਸਿਆ ਸੁਆਰਥੀ ਪਿਆਰ ਸਹੀ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਪਿਆਰ ਤੋਂ ਕੋਈ ਫ਼ਾਇਦਾ ਨਹੀਂ ਹੁੰਦਾ। ਆਪਣੇ ਆਪ ਨੂੰ ਹੱਦੋਂ ਵੱਧ ਪਿਆਰ ਕਰਨ ਵਾਲਾ ਇਨਸਾਨ ਆਪਣੇ ਆਪ ਨੂੰ ਜ਼ਰੂਰਤ ਤੋਂ ਵੱਧ ਸਮਝਦਾ ਹੈ। (ਰੋਮੀਆਂ 12:3 ਪੜ੍ਹੋ।) ਉਸ ਨੂੰ ਸਿਰਫ਼ ਆਪਣਾ ਹੀ ਫ਼ਿਕਰ ਹੁੰਦਾ ਹੈ। ਉਹ ਆਪਣੀ ਗ਼ਲਤੀ ਦੂਜਿਆਂ ਦੇ ਸਿਰ ਮੜ੍ਹ ਦਿੰਦਾ ਹੈ। ਇਹੋ ਜਿਹਾ ਇਨਸਾਨ ਆਪਣੇ ਪੈਰਾਂ ʼਤੇ ਪਾਣੀ ਨਹੀਂ ਪੈਣ ਦਿੰਦਾ। ਇਹੋ ਜਿਹੇ ਇਨਸਾਨ ਨੂੰ ਸੱਚੀ ਖ਼ੁਸ਼ੀ ਨਹੀਂ ਮਿਲਦੀ।

6. ਪਰਮੇਸ਼ੁਰ ਨੂੰ ਪਿਆਰ ਕਰਨ ਦੇ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ?

6 ਕੁਝ ਬਾਈਬਲ ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਪੌਲੁਸ ਨੇ ਸੁਆਰਥੀ ਪਿਆਰ ਦਾ ਜ਼ਿਕਰ ਪਹਿਲਾਂ ਇਸ ਲਈ ਕੀਤਾ ਕਿਉਂਕਿ ਇਹ ਬਾਕੀ ਸਾਰੇ ਔਗੁਣਾਂ ਦੀ ਜੜ੍ਹ ਹੈ। ਇਸ ਦੇ ਉਲਟ, ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕ ਅਜਿਹੇ ਗੁਣ ਪੈਦਾ ਕਰਦੇ ਹਨ ਜਿਵੇਂ ਕਿ “ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ, ਨਿਹਚਾ, ਨਰਮਾਈ, ਸੰਜਮ।” (ਗਲਾ. 5:22, 23) ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” (ਜ਼ਬੂ. 144:15) ਯਹੋਵਾਹ ਖ਼ੁਸ਼ ਪਰਮੇਸ਼ੁਰ ਹੈ ਅਤੇ ਉਸ ਦੇ ਲੋਕ ਵੀ ਖ਼ੁਸ਼ ਹਨ। ਆਪਣੇ ਆਪ ਨੂੰ ਹੱਦੋਂ ਵੱਧ ਪਿਆਰ ਕਰਨ ਵਾਲੇ ਲੋਕ ਹਮੇਸ਼ਾ ਦੂਜਿਆਂ ਤੋਂ ਕੁਝ-ਨਾ-ਕੁਝ ਚਾਹੁੰਦੇ ਹਨ, ਪਰ ਯਹੋਵਾਹ ਦੇ ਸੇਵਕ ਦੇ ਕੇ ਖ਼ੁਸ਼ ਹੁੰਦੇ ਹਨ।​—ਰਸੂ. 20:35.

ਇਕ ਭੈਣ ਪ੍ਰਚਾਰ ਕਰਦੀ ਹੋਈ

ਅਸੀਂ ਆਪਣੇ ਆਪ ਦੇ ਪ੍ਰੇਮੀ ਹੋਣ ਤੋਂ ਕਿਵੇਂ ਬਚ ਸਕਦੇ ਹਾਂ? (ਪੈਰੇ 7 ਦੇਖੋ)

7. ਪਰਮੇਸ਼ੁਰ ਲਈ ਆਪਣੇ ਪਿਆਰ ਦੀ ਜਾਂਚ ਕਰਨ ਲਈ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

7 ਉਦੋਂ ਕੀ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਪਿਆਰ ਕਰਦੇ ਹਾਂ? ਇਸ ਸਲਾਹ ʼਤੇ ਗੌਰ ਕਰੋ: “ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ। ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿ. 2:3, 4) ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਇਹ ਸਲਾਹ ਮੰਨਦਾ ਹਾਂ? ਕੀ ਮੈਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦਾ ਹਾਂ? ਕੀ ਮੈਂ ਮੰਡਲੀ ਅਤੇ ਪ੍ਰਚਾਰ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰਦਾ ਹਾਂ?’ ਹਮੇਸ਼ਾ ਦੂਜਿਆਂ ਲਈ ਸਮਾਂ ਕੱਢਣਾ ਜਾਂ ਉਨ੍ਹਾਂ ਦੀ ਮਦਦ ਕਰਨੀ ਸੌਖੀ ਨਹੀਂ ਹੁੰਦੀ। ਇਸ ਤਰ੍ਹਾਂ ਕਰਨ ਲਈ ਸਾਨੂੰ ਸਖ਼ਤ ਮਿਹਨਤ ਦੇ ਨਾਲ-ਨਾਲ ਸ਼ਾਇਦ ਕੁਝ ਕੁਰਬਾਨੀਆਂ ਵੀ ਕਰਨੀਆਂ ਪੈਣ। ਪਰ ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਸਾਰੇ ਜਹਾਨ ਦਾ ਮਾਲਕ ਸਾਡੇ ਤੋਂ ਖ਼ੁਸ਼ ਹੈ।

8. ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਕੁਝ ਮਸੀਹੀਆਂ ਨੇ ਕੀ ਕੀਤਾ?

8 ਕੁਝ ਮਸੀਹੀਆਂ ਨੇ ਉਹ ਕੰਮ-ਧੰਦੇ ਛੱਡੇ ਹਨ ਜਿਨ੍ਹਾਂ ਨਾਲ ਉਹ ਬਹੁਤ ਅਮੀਰ ਬਣ ਸਕਦੇ ਸਨ। ਕਿਉਂ? ਕਿਉਂਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ ਅਤੇ ਉਸ ਦੀ ਹੋਰ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਹਨ। ਮਿਸਾਲ ਲਈ, ਐਰਿਕਾ ਇਕ ਡਾਕਟਰ ਹੈ। ਉਸ ਨੇ ਆਪਣਾ ਪੂਰਾ ਧਿਆਨ ਕੰਮ ʼਤੇ ਲਾਉਣ ਦੀ ਬਜਾਇ ਪਾਇਨੀਅਰਿੰਗ ਕਰਨ ʼਤੇ ਲਾਇਆ। ਇਸ ਕਰਕੇ ਉਹ ਆਪਣੇ ਪਤੀ ਨਾਲ ਕਈ ਦੇਸ਼ਾਂ ਵਿਚ ਸੇਵਾ ਕਰ ਸਕੀ। ਉਹ ਕਹਿੰਦੀ ਹੈ: “ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਕੇ ਸਾਨੂੰ ਕਈ ਤਜਰਬੇ ਹੋਏ। ਇਸ ਦੇ ਨਾਲ-ਨਾਲ ਅਸੀਂ ਕਈ ਦੋਸਤ ਬਣਾਏ ਅਤੇ ਸਾਨੂੰ ਕਈ ਬਰਕਤਾਂ ਵੀ ਮਿਲੀਆਂ।” ਐਰਿਕਾ ਹਾਲੇ ਵੀ ਡਾਕਟਰ ਵਜੋਂ ਕੰਮ ਕਰਦੀ ਹੈ, ਪਰ ਉਹ ਆਪਣਾ ਜ਼ਿਆਦਾ ਸਮਾਂ ਅਤੇ ਤਾਕਤ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣ ਅਤੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਵਰਤਦੀ ਹੈ। ਉਹ ਕਹਿੰਦੀ ਹੈ “ਇਨ੍ਹਾਂ ਕੰਮਾਂ ਤੋਂ ਮੈਨੂੰ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।”

ਧਰਤੀ ʼਤੇ ਧੰਨ ਜੋੜੀਏ ਜਾਂ ਸਵਰਗ ਵਿਚ

ਇਕ ਆਦਮੀ ਦਾ ਚੀਜ਼ਾਂ ਲਈ ਪਿਆਰ

9. ਪੈਸੇ ਨੂੰ ਪਿਆਰ ਕਰਨ ਵਾਲਾ ਇਨਸਾਨ ਕਦੀ ਵੀ ਖ਼ੁਸ਼ ਕਿਉਂ ਨਹੀਂ ਰਹਿ ਸਕਦਾ?

9 ਪੌਲੁਸ ਨੇ ਲਿਖਿਆ ਕਿ ਲੋਕ “ਪੈਸੇ ਦੇ ਪ੍ਰੇਮੀ” ਹੋਣਗੇ। ਕੁਝ ਸਾਲ ਪਹਿਲਾਂ, ਜਦੋਂ ਆਇਰਲੈਂਡ ਵਿਚ ਇਕ ਪਾਇਨੀਅਰ ਨੇ ਇਕ ਆਦਮੀ ਨਾਲ ਗੱਲ ਕੀਤੀ, ਤਾਂ ਉਸ ਆਦਮੀ ਨੇ ਆਪਣੇ ਬਟੂਏ ਵਿੱਚੋਂ ਕੁਝ ਪੈਸੇ ਕੱਢ ਕੇ ਕਿਹਾ: “ਇਹ ਹੈ ਮੇਰਾ ਰੱਬ!” ਚਾਹੇ ਲੋਕ ਮੂੰਹੋਂ ਇਹ ਨਾ ਕਹਿਣ, ਪਰ ਅੰਦਰੋ-ਅੰਦਰ ਉਹ ਪੈਸੇ ਨੂੰ ਹੀ ਰੱਬ ਮੰਨਦੇ ਹਨ। ਉਹ ਪੈਸੇ ਅਤੇ ਇਸ ਨਾਲ ਖ਼ਰੀਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਨ। ਪਰ ਬਾਈਬਲ ਚੇਤਾਵਨੀ ਦਿੰਦੀ ਹੈ: “ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।” (ਉਪ. 5:10) ਪੈਸੇ ਨਾਲ ਪਿਆਰ ਕਰਨ ਵਾਲਾ ਉਸ ਨਾਲ ਕਦੇ ਰੱਜਦਾ ਨਹੀਂ। ਉਹ ਆਪਣੀ ਪੂਰੀ ਜ਼ਿੰਦਗੀ ਇਸ ਨੂੰ ਇਕੱਠਾ ਕਰਨ ਵਿਚ ਲੱਗਾ ਰਹਿੰਦਾ ਹੈ। ਇਸ ਨਾਲ ਉਹ “ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ” ਨਾਲ ਵਿੰਨ੍ਹਦਾ ਹੈ।​—1 ਤਿਮੋ. 6:9, 10.

10. ਬਾਈਬਲ ਅਮੀਰੀ-ਗ਼ਰੀਬੀ ਬਾਰੇ ਕੀ ਕਹਿੰਦੀ ਹੈ?

10 ਇਹ ਗੱਲ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਪੈਸੇ ਦੀ ਲੋੜ ਹੈ। ਇਸ ਨਾਲ ਸਾਡੀ ਕੁਝ ਹੱਦ ਤਕ ਰਾਖੀ ਹੁੰਦੀ ਹੈ। (ਉਪ. 7:12) ਪਰ ਕੀ ਅਸੀਂ ਖ਼ੁਸ਼ ਰਹਿ ਸਕਦੇ ਹਾਂ ਜੇ ਸਾਡੇ ਕੋਲ ਸਿਰਫ਼ ਲੋੜਾਂ ਪੂਰੀਆਂ ਕਰਨ ਜੋਗੇ ਹੀ ਪੈਸੇ ਹੋਣ? ਹਾਂਜੀ। (ਉਪਦੇਸ਼ਕ ਦੀ ਪੋਥੀ 5:12 ਪੜ੍ਹੋ।) ਯਾਕਹ ਦੇ ਪੁੱਤ੍ਰ ਆਗੂਰ ਨੇ ਲਿਖਿਆ: “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ।” ਅਸੀਂ ਇਹ ਗੱਲ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਇਹ ਇਨਸਾਨ ਅੱਤ ਗ਼ਰੀਬੀ ਦੀ ਮਾਰ ਕਿਉਂ ਨਹੀਂ ਝੱਲਣੀ ਚਾਹੁੰਦਾ ਸੀ। ਉਸ ਨੇ ਕਿਹਾ ਕਿ ਉਹ ਚੋਰੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਚੋਰੀ ਕਰਨ ਨਾਲ ਪਰਮੇਸ਼ੁਰ ਦੀ ਨਾਂ ਦੀ ਬਦਨਾਮੀ ਹੋਣੀ ਸੀ। ਪਰ ਉਹ ਅਮੀਰ ਕਿਉਂ ਨਹੀਂ ਬਣਨਾ ਚਾਹੁੰਦਾ ਸੀ? ਉਸ ਨੇ ਲਿਖਿਆ: “ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਅਤੇ ਆਖਾਂ ‘ਯਹੋਵਾਹ ਕੌਣ ਹੈ’?” (ਕਹਾ. 30:8, 9) ਸ਼ਾਇਦ ਤੁਸੀਂ ਵੀ ਉਨ੍ਹਾਂ ਲੋਕਾਂ ਨੂੰ ਜਾਣਦੇ ਹੋਵੋਗੇ ਜੋ ਪਰਮੇਸ਼ੁਰ ʼਤੇ ਭਰੋਸਾ ਰੱਖਣ ਦੀ ਬਜਾਇ ਧਨ-ਦੌਲਤ ʼਤੇ ਭਰੋਸਾ ਰੱਖਦੇ ਹਨ।

11. ਯਿਸੂ ਨੇ ਪੈਸੇ ਬਾਰੇ ਕੀ ਕਿਹਾ?

11 ਪੈਸੇ ਨੂੰ ਪਿਆਰ ਕਰਨ ਵਾਲਾ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦਾ। ਯਿਸੂ ਨੇ ਕਿਹਾ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨਾਲ ਘਿਰਣਾ ਕਰੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” ਉਸ ਨੇ ਅੱਗੇ ਕਿਹਾ: “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ, ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। ਇਸ ਦੀ ਬਜਾਇ, ਸਵਰਗ ਵਿਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੀੜਾ ਤੇ ਨਾ ਜੰਗਾਲ ਇਸ ਨੂੰ ਖਾਂਦੇ ਹਨ ਅਤੇ ਨਾ ਹੀ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ।”​—ਮੱਤੀ 6:19, 20, 24.

12. ਜ਼ਿੰਦਗੀ ਸਾਦੀ ਕਰ ਕੇ ਅਸੀਂ ਯਹੋਵਾਹ ਦੀ ਸੇਵਾ ਹੋਰ ਵੀ ਜ਼ਿਆਦਾ ਕਿਵੇਂ ਕਰ ਸਕਦੇ ਹਾਂ? ਮਿਸਾਲ ਦਿਓ।

12 ਬਹੁਤ ਸਾਰੇ ਯਹੋਵਾਹ ਦੇ ਸੇਵਕ ਸਾਦੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਜ਼ਿੰਦਗੀ ਸਾਦੀ ਕਰ ਕੇ ਉਨ੍ਹਾਂ ਕੋਲ ਯਹੋਵਾਹ ਦੀ ਸੇਵਾ ਲਈ ਜ਼ਿਆਦਾ ਸਮਾਂ ਹੁੰਦਾ ਹੈ ਅਤੇ ਉਹ ਜ਼ਿਆਦਾ ਖ਼ੁਸ਼ ਰਹਿੰਦੇ ਹਨ। ਅਮਰੀਕਾ ਵਿਚ ਰਹਿਣ ਵਾਲੇ ਜੈਕ ਨੇ ਆਪਣਾ ਵੱਡਾ ਘਰ ਤੇ ਕਾਰੋਬਾਰ ਵੇਚ ਦਿੱਤਾ ਤਾਂਕਿ ਉਹ ਆਪਣੀ ਪਤਨੀ ਨਾਲ ਪਾਇਨੀਅਰਿੰਗ ਕਰ ਸਕੇ। ਉਹ ਦੱਸਦਾ ਹੈ: “ਪਿੰਡ ਵਿਚ ਆਪਣੇ ਸੋਹਣੇ ਘਰ ਅਤੇ ਜ਼ਮੀਨ-ਜਾਇਦਾਦ ਨੂੰ ਛੱਡਣਾ ਸੌਖਾ ਨਹੀਂ ਸੀ। ਕੰਮ ਵਿਚ ਆਉਂਦੀਆਂ ਮੁਸ਼ਕਲਾਂ ਕਰਕੇ ਮੈਂ ਕਈ ਸਾਲਾਂ ਤਕ ਰੋਜ਼ ਸਤਿਆ-ਖਪਿਆ ਘਰ ਆਉਂਦਾ ਸੀ। ਪਰ ਮੇਰੀ ਪਤਨੀ ਰੈਗੂਲਰ ਪਾਇਨੀਅਰਿੰਗ ਕਰਨ ਕਰ ਕੇ ਹਮੇਸ਼ਾ ਖ਼ੁਸ਼ ਰਹਿੰਦੀ ਸੀ। ਉਹ ਕਹਿੰਦੀ ਸੀ, ‘ਮੇਰਾ ਮਾਲਕ ਦੁਨੀਆਂ ਦਾ ਸਭ ਤੋਂ ਚੰਗਾ ਮਾਲਕ ਹੈ।’ ਹੁਣ ਮੈਂ ਵੀ ਪਾਇਨੀਅਰਿੰਗ ਕਰਦਾ ਹਾਂ ਅਤੇ ਸਾਡੇ ਦੋਨਾਂ ਦਾ ਇੱਕੋ ਮਾਲਕ ਯਹੋਵਾਹ ਹੈ।”

ਦਾਨ ਪੇਟੀ ਵਿਚ ਪੈਸੇ ਪਾਉਂਦੇ ਹੋਏ

ਅਸੀਂ ਪੈਸੇ ਦੇ ਪ੍ਰੇਮੀ ਹੋਣ ਤੋਂ ਕਿਵੇਂ ਬਚ ਸਕਦੇ ਹਾਂ? (ਪੈਰੇ 13 ਦੇਖੋ)

13. ਅਸੀਂ ਪੈਸੇ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਿਵੇਂ ਕਰ ਸਕਦੇ ਹਾਂ?

13 ਪੈਸੇ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਰਨ ਲਈ ਈਮਾਨਦਾਰੀ ਨਾਲ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕੀ ਮੈਂ ਪੈਸਿਆਂ ਬਾਰੇ ਬਾਈਬਲ ਦੀ ਸਲਾਹ ਮੰਨਦਾ ਹਾਂ? ਕੀ ਪੈਸੇ ਕਮਾਉਣੇ ਮੇਰੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹਨ? ਕੀ ਮੇਰੇ ਲਈ ਚੀਜ਼ਾਂ ਜ਼ਿਆਦਾ ਮਾਅਨੇ ਰੱਖਦੀਆਂ ਹਨ ਜਾਂ ਪਰਮੇਸ਼ੁਰ ਅਤੇ ਲੋਕਾਂ ਨਾਲ ਮੇਰਾ ਰਿਸ਼ਤਾ? ਕੀ ਮੈਨੂੰ ਭਰੋਸਾ ਹੈ ਕਿ ਯਹੋਵਾਹ ਮੇਰੀਆਂ ਲੋੜਾਂ ਪੂਰੀਆਂ ਕਰੇਗਾ?’ ਸਾਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦਾ ਜਿਹੜੇ ਉਸ ʼਤੇ ਭਰੋਸਾ ਰੱਖਦੇ ਹਨ।​—ਮੱਤੀ 6:33.

ਯਹੋਵਾਹ ਦੇ ਪ੍ਰੇਮੀ ਜਾਂ ਮੌਜ-ਮਸਤੀ ਦੇ

14. ਮਨੋਰੰਜਨ ਬਾਰੇ ਸਾਨੂੰ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?

14 ਬਾਈਬਲ ਵਿਚ ਇਹ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਜ਼ਿਆਦਾਤਰ ਲੋਕ “ਮੌਜ-ਮਸਤੀ ਦੇ ਪ੍ਰੇਮੀ ਹੋਣਗੇ।” ਅਸੀਂ ਜਾਣਦੇ ਹਾਂ ਕਿ ਸਾਨੂੰ ਪੈਸਿਆਂ ਦੀ ਵੀ ਲੋੜ ਹੈ ਅਤੇ ਕੁਝ ਹੱਦ ਤਕ ਆਪਣੇ ਆਪ ਨਾਲ ਪਿਆਰ ਕਰਨਾ ਵੀ ਜਾਇਜ਼ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਕੁਝ ਹੱਦ ਤਕ ਮਨੋਰੰਜਨ ਕਰਨਾ ਵੀ ਗ਼ਲਤ ਨਹੀਂ ਹੈ। ਕੁਝ ਲੋਕ ਮੰਨਦੇ ਹਨ ਕਿ ਸਾਨੂੰ ਜ਼ਿੰਦਗੀ ਦਾ ਬਿਲਕੁਲ ਵੀ ਮਜ਼ਾ ਨਹੀਂ ਲੈਣਾ ਚਾਹੀਦਾ। ਪਰ ਯਹੋਵਾਹ ਇਹ ਨਹੀਂ ਕਹਿੰਦਾ। ਉਲਟਾ ਬਾਈਬਲ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਕਹਿੰਦੀ ਹੈ: “ਜਾਹ, ਅਨੰਦ ਨਾਲ ਆਪਣੀ ਰੋਟੀ ਖਾਹ, ਅਤੇ ਮੌਜ ਨਾਲ ਆਪਣੀ ਮੈ ਪੀ।”​—ਉਪ. 9:7.

ਮੌਜ-ਮਸਤੀ ਦੇ ਪ੍ਰੇਮੀ ਪਾਰਟੀ ਵਿਚ ਰੰਗਰਲੀਆਂ ਮਨਾਉਂਦੇ ਹੋਏ

15. ਦੂਜਾ ਤਿਮੋਥਿਉਸ 3:4 ਵਿਚ “ਮੌਜ-ਮਸਤੀ ਦੇ ਪ੍ਰੇਮੀ” ਹੋਣ ਦਾ ਕੀ ਮਤਲਬ ਹੈ?

15 ਦੂਜਾ ਤਿਮੋਥਿਉਸ 3:4 ਵਿਚ ਪਰਮੇਸ਼ੁਰ ਦੀ ਬਜਾਇ ਮੌਜ-ਮਸਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਬਾਰੇ ਦੱਸਿਆ ਗਿਆ ਹੈ। ਧਿਆਨ ਦਿਓ ਕਿ ਆਇਤ ਵਿਚ ਇਹ ਨਹੀਂ ਕਿਹਾ ਕਿ ਲੋਕ ਪਰਮੇਸ਼ੁਰ ਨਾਲੋਂ ਮੌਜ-ਮਸਤੀ ਨੂੰ ਜ਼ਿਆਦਾ ਪਿਆਰ ਕਰਨਗੇ। ਜੇ ਇਸ ਤਰ੍ਹਾਂ ਲਿਖਿਆ ਹੁੰਦਾ, ਤਾਂ ਇਸ ਦਾ ਮਤਲਬ ਹੋਣਾ ਸੀ ਕਿ ਉਹ ਪਰਮੇਸ਼ੁਰ ਨੂੰ ਵੀ ਥੋੜ੍ਹਾ-ਬਹੁਤਾ ਪਿਆਰ ਕਰਦੇ ਹਨ। ਪਰ ਆਇਤ ਕਹਿੰਦੀ ਹੈ ਕਿ ਲੋਕ “ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।” ਇਕ ਵਿਦਵਾਨ ਨੇ ਲਿਖਿਆ ਕਿ ਇਸ ਆਇਤ ਦਾ “ਮਤਲਬ ਇਹ ਨਹੀਂ ਹੈ ਕਿ ਉਹ ਲੋਕ ਕੁਝ ਹੱਦ ਤਕ ਪਰਮੇਸ਼ੁਰ ਨੂੰ ਵੀ ਪਿਆਰ ਕਰਦੇ ਹਨ, ਸਗੋਂ ਉਹ ਪਰਮੇਸ਼ੁਰ ਨੂੰ ਜ਼ਰਾ ਵੀ ਪਿਆਰ ਨਹੀਂ ਕਰਦੇ।” ਮੌਜ-ਮਸਤੀ ਦੇ ਪ੍ਰੇਮੀਆਂ ਲਈ ਇਹ ਇਕ ਬਹੁਤ ਗੰਭੀਰ ਚੇਤਾਵਨੀ ਹੈ। ਬਾਈਬਲ ਮੌਜ-ਮਸਤੀ ਨਾਲ ਪਿਆਰ ਕਰਨ ਵਾਲਿਆਂ ਬਾਰੇ ਕਹਿੰਦੀ ਹੈ ਕਿ ‘ਐਸ਼ਪਰਸਤੀ ਕਰਕੇ ਉਨ੍ਹਾਂ ਦਾ ਧਿਆਨ ਭਟਕ ਜਾਂਦਾ ਹੈ।’​—ਲੂਕਾ 8:14.

16, 17. ਮਨੋਰੰਜਨ ਪ੍ਰਤੀ ਯਿਸੂ ਦੀ ਕੀ ਨਜ਼ਰੀਆ ਸੀ?

16 ਯਿਸੂ ਦੀ ਮਿਸਾਲ ਤੋਂ ਅਸੀਂ ਮਨੋਰੰਜਨ ਬਾਰੇ ਸਹੀ ਨਜ਼ਰੀਆ ਰੱਖਣਾ ਸਿੱਖ ਸਕਦੇ ਹਾਂ। ਉਹ ਇਕ “ਵਿਆਹ” ʼਤੇ ਅਤੇ ਇਕ “ਵੱਡੀ ਦਾਅਵਤ” ʼਤੇ ਵੀ ਗਿਆ ਸੀ। (ਯੂਹੰ. 2:1-10; ਲੂਕਾ 5:29) ਵਿਆਹ ʼਤੇ ਦਾਖਰਸ ਖ਼ਤਮ ਹੋ ਗਿਆ ਸੀ ਅਤੇ ਯਿਸੂ ਨੇ ਚਮਤਕਾਰ ਕਰ ਕੇ ਪਾਣੀ ਨੂੰ ਦਾਖਰਸ ਵਿਚ ਬਦਲ ਦਿੱਤਾ। ਇਕ ਹੋਰ ਸਮੇਂ ʼਤੇ ਜਦੋਂ ਲੋਕ ਉਸ ਦੇ ਖਾਣ-ਪੀਣ ਦੀ ਨਿੰਦਿਆ ਕਰ ਰਹੇ ਸਨ, ਤਾਂ ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਲੋਕਾਂ ਦਾ ਨਜ਼ਰੀਆ ਸਹੀ ਨਹੀਂ ਸੀ।​—ਲੂਕਾ 7:33-36.

17 ਪਰ ਫਿਰ ਵੀ ਯਿਸੂ ਮਨੋਰੰਜਨ ਵਿਚ ਹੀ ਨਹੀਂ ਖੁੱਭਾ ਰਿਹਾ। ਉਸ ਦੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਅਤੇ ਦੂਸਰਿਆਂ ਦੀ ਮਦਦ ਕਰਨੀ ਸਭ ਤੋਂ ਅਹਿਮ ਸੀ। ਉਹ ਮਨੁੱਖਜਾਤੀ ਨੂੰ ਬਚਾਉਣ ਲਈ ਖ਼ੁਸ਼ੀ-ਖ਼ੁਸ਼ੀ ਸੂਲ਼ੀ ʼਤੇ ਦਰਦਨਾਕ ਮੌਤ ਮਰਨ ਲਈ ਵੀ ਤਿਆਰ ਸੀ। ਯਿਸੂ ਨੇ ਆਪਣੇ ਪਿੱਛੇ-ਪਿੱਛੇ ਚੱਲਣ ਵਾਲਿਆਂ ਨੂੰ ਕਿਹਾ: “ਖ਼ੁਸ਼ ਹੋ ਤੁਸੀਂ ਜਦ ਲੋਕ ਇਸ ਕਰਕੇ ਤੁਹਾਡੀ ਬੇਇੱਜ਼ਤੀ ਕਰਦੇ ਹਨ ਅਤੇ ਤੁਹਾਡੇ ʼਤੇ ਅਤਿਆਚਾਰ ਕਰਦੇ ਹਨ ਅਤੇ ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਤੁਸੀਂ ਮੇਰੇ ਚੇਲੇ ਹੋ। ਖ਼ੁਸ਼ੀਆਂ ਮਨਾਓ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ, ਕਿਉਂਜੋ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਨੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।”​—ਮੱਤੀ 5:11, 12.

ਇਕੱਠੇ ਗੀਤ ਗਾਉਣ ਦਾ ਆਨੰਦ ਮਾਣਦੇ ਹੋਏ

ਅਸੀਂ ਮੌਜ-ਮਸਤੀ ਦੇ ਪ੍ਰੇਮੀ ਹੋਣ ਤੋਂ ਕਿਵੇਂ ਬਚ ਸਕਦੇ ਹਾਂ? (ਪੈਰੇ 18 ਦੇਖੋ)

18. ਮੌਜ-ਮਸਤੀ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਰਨ ਲਈ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

18 ਕੀ ਅਸੀਂ ਮੌਜ-ਮਸਤੀ ਨੂੰ ਜ਼ਿਆਦਾ ਪਿਆਰ ਤਾਂ ਨਹੀਂ ਕਰਦੇ? ਆਪਣੀ ਜਾਂਚ ਕਰਨ ਲਈ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੀ ਜ਼ਿੰਦਗੀ ਵਿਚ ਸਭਾਵਾਂ ਅਤੇ ਪ੍ਰਚਾਰ ਨਾਲੋਂ ਮਨੋਰੰਜਨ ਜ਼ਿਆਦਾ ਜ਼ਰੂਰੀ ਹੈ? ਕੀ ਮੈਂ ਪਰਮੇਸ਼ੁਰ ਦੀ ਸੇਵਾ ਲਈ ਉਹ ਚੀਜ਼ਾਂ ਵੀ ਛੱਡਣ ਲਈ ਤਿਆਰ ਹਾਂ ਜਿਨ੍ਹਾਂ ਤੋਂ ਮੈਨੂੰ ਖ਼ੁਸ਼ੀ ਮਿਲਦੀ ਹੈ? ਕੀ ਮਨੋਰੰਜਨ ਦੀ ਚੋਣ ਕਰਦਿਆਂ ਮੈਂ ਸੋਚਦਾ ਹਾਂ ਕਿ ਯਹੋਵਾਹ ਮੇਰੀ ਪਸੰਦ ਬਾਰੇ ਕੀ ਸੋਚਦਾ ਹੈ?’ ਜੇ ਅਸੀਂ ਪਰਮੇਸ਼ੁਰ ਨੂੰ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਅਸੀਂ ਗ਼ਲਤ ਚੀਜ਼ਾਂ ਤੋਂ ਪੂਰੀ ਤਰ੍ਹਾਂ ਦੂਰ ਰਹਾਂਗੇ। ਪਰ ਉਨ੍ਹਾਂ ਚੀਜ਼ਾਂ ਬਾਰੇ ਕੀ, ਜਿਨ੍ਹਾਂ ਬਾਰੇ ਸਾਨੂੰ ਪੱਕਾ ਨਹੀਂ ਪਤਾ ਕਿ ਇਹ ਪਰਮੇਸ਼ੁਰ ਨੂੰ ਖ਼ੁਸ਼ ਕਰਨਗੀਆਂ ਜਾਂ ਨਹੀਂ? ਪਿਆਰ ਕਰਕੇ ਅਸੀਂ ਉਨ੍ਹਾਂ ਤੋਂ ਵੀ ਦੂਰ ਰਹਾਂਗੇ।​—ਮੱਤੀ 22:37, 38 ਪੜ੍ਹੋ।

ਅਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

19. ਕਿਹੜੇ ਲੋਕ ਕਦੀ ਵੀ ਸੱਚੀ ਖ਼ੁਸ਼ੀ ਨਹੀਂ ਪਾ ਸਕਦੇ?

19 ਸ਼ੈਤਾਨ ਦੀ ਦੁਨੀਆਂ ਵਿਚ ਇਨਸਾਨਾਂ ਨੂੰ ਦੁੱਖ ਝੱਲਦਿਆਂ ਤਕਰੀਬਨ 6,000 ਸਾਲ ਬੀਤ ਚੁੱਕੇ ਹਨ। ਅੱਜ ਇਨ੍ਹਾਂ ਆਖ਼ਰੀ ਦਿਨਾਂ ਵਿਚ ਧਰਤੀ ਇਹੋ ਜਿਹੇ ਲੋਕਾਂ ਨਾਲ ਭਰੀ ਹੋਈ ਹੈ ਜੋ ਆਪਣੇ ਆਪ ਨੂੰ, ਪੈਸੇ ਅਤੇ ਮੌਜ-ਮਸਤੀ ਨੂੰ ਪਿਆਰ ਕਰਦੇ ਹਨ। ਉਨ੍ਹਾਂ ਨੂੰ ਸਿਰਫ਼ ਆਪਣੀ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਪਈ ਹੋਈ ਹੈ। ਪਰ ਇਸ ਤਰ੍ਹਾਂ ਦੇ ਲੋਕਾਂ ਕੋਲ ਸੱਚੀ ਖ਼ੁਸ਼ੀ ਨਹੀਂ ਹੈ। ਇਸ ਤੋਂ ਉਲਟ, ਬਾਈਬਲ ਕਹਿੰਦੀ ਹੈ: “ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!”​—ਜ਼ਬੂ. 146:5.

20. ਪਰਮੇਸ਼ੁਰ ਨੂੰ ਪਿਆਰ ਕਰਨ ਨਾਲ ਤੁਹਾਨੂੰ ਕਿਹੜੀ ਸੱਚੀ ਖ਼ੁਸ਼ੀ ਮਿਲੀ ਹੈ?

20 ਯਹੋਵਾਹ ਦੇ ਸੇਵਕ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਹਰ ਸਾਲ ਬਹੁਤ ਸਾਰੇ ਲੋਕ ਉਸ ਨੂੰ ਜਾਣਨਾ ਅਤੇ ਪਿਆਰ ਕਰਨਾ ਸ਼ੁਰੂ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ ਅਤੇ ਬਹੁਤ ਜਲਦ ਸਾਡੀਆਂ ਸੋਚਾਂ ਤੋਂ ਵੀ ਪਰੇ ਪਰਮੇਸ਼ੁਰ ਸਾਨੂੰ ਬਰਕਤਾਂ ਦੇਵੇਗਾ। ਯਹੋਵਾਹ ਦੀ ਮਰਜ਼ੀ ਅਨੁਸਾਰ ਚੱਲ ਕੇ ਅਸੀਂ ਉਸ ਦਾ ਜੀ ਖ਼ੁਸ਼ ਕਰਦੇ ਹਾਂ ਅਤੇ ਇਸ ਨਾਲ ਸਾਨੂੰ ਵੀ ਸੱਚੀ ਖ਼ੁਸ਼ੀ ਮਿਲਦੀ ਹੈ। ਯਹੋਵਾਹ ਨੂੰ ਪਿਆਰ ਕਰਨ ਵਾਲੇ ਹਮੇਸ਼ਾ ਖ਼ੁਸ਼ੀਆਂ ਮਨਾਉਣਗੇ। ਅਗਲੇ ਲੇਖ ਵਿਚ ਅਸੀਂ ਸੁਆਰਥੀ ਪਿਆਰ ਕਰਕੇ ਪੈਦਾ ਹੋਣ ਵਾਲੇ ਔਗੁਣਾਂ ʼਤੇ ਗੌਰ ਕਰਾਂਗੇ। ਨਾਲੇ ਅਸੀਂ ਯਹੋਵਾਹ ਦੇ ਸੇਵਕਾਂ ਦੇ ਚੰਗੇ ਗੁਣਾਂ ʼਤੇ ਵੀ ਗੌਰ ਕਰਾਂਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ