ਅਧਿਐਨ ਲੇਖ 42
ਯਹੋਵਾਹ ਤੁਹਾਨੂੰ ਕੀ ਕਰਨ ਦੇ ਕਾਬਲ ਬਣਾਵੇਗਾ?
“ਪਰਮੇਸ਼ੁਰ . . . ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਦਾ ਹੈ ਅਤੇ ਤੁਹਾਨੂੰ ਕੰਮ ਕਰਨ ਦੀ ਤਾਕਤ ਬਖ਼ਸ਼ਦਾ ਹੈ।”—ਫ਼ਿਲਿ. 2:13.
ਗੀਤ 38 ਆਪਣਾ ਬੋਝ ਯਹੋਵਾਹ ʼਤੇ ਸੁੱਟੋ
ਖ਼ਾਸ ਗੱਲਾਂa
1. ਆਪਣਾ ਮਕਸਦ ਪੂਰਾ ਕਰਨ ਲਈ ਯਹੋਵਾਹ ਕੀ ਕਰ ਸਕਦਾ ਹੈ?
ਯਹੋਵਾਹ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਜੋ ਕੁਝ ਬਣਨ ਦੀ ਲੋੜ ਹੁੰਦੀ ਹੈ, ਉਹ ਉਹੋ ਬਣ ਜਾਂਦਾ ਹੈ। ਮਿਸਾਲ ਲਈ, ਯਹੋਵਾਹ ਸਿੱਖਿਅਕ, ਹੌਸਲਾ ਦੇਣ ਵਾਲਾ ਅਤੇ ਪ੍ਰਚਾਰਕ ਬਣਿਆ। ਇਹ ਉਸ ਦੀਆਂ ਬਹੁਤ ਸਾਰੀਆਂ ਭੂਮਿਕਾਵਾਂ ਵਿੱਚੋਂ ਕੁਝ ਹਨ। (ਯਸਾ. 48:17; 2 ਕੁਰਿੰ. 7:6; ਗਲਾ. 3:8) ਪਰ ਫਿਰ ਵੀ ਉਹ ਆਪਣੇ ਮਕਸਦ ਪੂਰੇ ਕਰਨ ਲਈ ਅਕਸਰ ਇਨਸਾਨਾਂ ਨੂੰ ਵਰਤਦਾ ਹੈ। (ਮੱਤੀ 24:14; 28:19, 20; 2 ਕੁਰਿੰ. 1:3, 4) ਯਹੋਵਾਹ ਸਾਨੂੰ ਸਾਰਿਆਂ ਨੂੰ ਵੀ ਬੁੱਧ ਤੇ ਤਾਕਤ ਦੇ ਸਕਦਾ ਹੈ ਤਾਂਕਿ ਅਸੀਂ ਉਹ ਬਣ ਸਕੀਏ ਜੋ ਉਸ ਦੀ ਇੱਛਾ ਪੂਰੀ ਕਰਨ ਲਈ ਜ਼ਰੂਰੀ ਹੈ। ਬਹੁਤ ਸਾਰੇ ਵਿਦਵਾਨਾਂ ਦੇ ਮੁਤਾਬਕ ਇਹ ਯਹੋਵਾਹ ਦੇ ਨਾਂ ਨਾਲ ਤਅੱਲਕ ਰੱਖਦਾ ਹੈ।
2. (ੳ) ਕਈ ਵਾਰ ਸ਼ਾਇਦ ਅਸੀਂ ਸ਼ੱਕ ਕਿਉਂ ਕਰੀਏ ਕਿ ਯਹੋਵਾਹ ਸਾਨੂੰ ਵਰਤ ਰਿਹਾ ਹੈ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
2 ਅਸੀਂ ਸਾਰੇ ਜਣੇ ਯਹੋਵਾਹ ਦੇ ਕੰਮ ਆਉਣਾ ਚਾਹੁੰਦੇ ਹਾਂ, ਪਰ ਕੁਝ ਸ਼ਾਇਦ ਸ਼ੱਕ ਕਰਨ ਕਿ ਯਹੋਵਾਹ ਉਨ੍ਹਾਂ ਨੂੰ ਵਰਤ ਰਿਹਾ ਹੈ ਕਿ ਨਹੀਂ। ਕਿਉਂ? ਕਿਉਂਕਿ ਸ਼ਾਇਦ ਆਪਣੀ ਉਮਰ, ਹਾਲਾਤਾਂ ਜਾਂ ਕਾਬਲੀਅਤਾਂ ਕਰਕੇ ਸੋਚਣ ਕਿ ਉਹ ਜ਼ਿਆਦਾ ਕੁਝ ਨਹੀਂ ਕਰ ਸਕਦੇ। ਦੂਜੇ ਪਾਸੇ, ਸ਼ਾਇਦ ਕੁਝ ਜਣੇ ਜੋ ਕਰ ਰਹੇ ਹਨ, ਉਸ ਵਿਚ ਹੀ ਸੰਤੁਸ਼ਟ ਹੋਣ ਅਤੇ ਹੋਰ ਤਰੱਕੀ ਕਰਨ ਦੀ ਲੋੜ ਪਛਾਣਨ ਵਿਚ ਨਾਕਾਮ ਹੋਣ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਯਹੋਵਾਹ ਸਾਨੂੰ ਸਾਰਿਆਂ ਨੂੰ ਕਿਵੇਂ ਕਾਬਲ ਬਣਾ ਸਕਦਾ ਹੈ। ਫਿਰ ਅਸੀਂ ਬਾਈਬਲ ਦੇ ਬਿਰਤਾਂਤ ਦੇਖਾਂਗੇ ਕਿ ਯਹੋਵਾਹ ਨੇ ਆਪਣੇ ਸੇਵਕਾਂ ਵਿਚ ਇੱਛਾ ਕਿਵੇਂ ਪੈਦਾ ਕੀਤੀ ਅਤੇ ਉਨ੍ਹਾਂ ਨੂੰ ਕੰਮ ਕਰਨ ਦੀ ਤਾਕਤ ਕਿਵੇਂ ਦਿੱਤੀ। ਅਖ਼ੀਰ ਵਿਚ ਗੌਰ ਕਰਾਂਗੇ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਪੇਸ਼ ਕਰ ਸਕਦੇ ਹਾਂ ਤਾਂਕਿ ਯਹੋਵਾਹ ਸਾਨੂੰ ਵਰਤ ਸਕੇ।
ਯਹੋਵਾਹ ਸਾਨੂੰ ਕਾਬਲ ਕਿਵੇਂ ਬਣਾਉਂਦਾ ਹੈ?
3. ਫ਼ਿਲਿੱਪੀਆਂ 2:13 ਮੁਤਾਬਕ ਯਹੋਵਾਹ ਸਾਡੇ ਵਿਚ ਕੰਮ ਕਰਨ ਦੀ ਇੱਛਾ ਕਿਵੇਂ ਪੈਦਾ ਕਰ ਸਕਦਾ ਹੈ?
3 ਫ਼ਿਲਿੱਪੀਆਂ 2:13 ਪੜ੍ਹੋ।b ਯਹੋਵਾਹ ਸਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰ ਸਕਦਾ ਹੈ। ਉਹ ਸ਼ਾਇਦ ਇੱਦਾਂ ਕਿਵੇਂ ਕਰੇ? ਸ਼ਾਇਦ ਸਾਨੂੰ ਪਤਾ ਲੱਗੇ ਕਿ ਕਿਸੇ ਭੈਣ ਜਾਂ ਭਰਾ ਨੂੰ ਮਦਦ ਦੀ ਲੋੜ ਹੈ ਜਾਂ ਮੰਡਲੀ ਵਿਚ ਕੋਈ ਕੰਮ ਕਰਨ ਦੀ ਲੋੜ ਹੈ। ਜਾਂ ਬਜ਼ੁਰਗ ਸ਼ਾਖ਼ਾ ਦਫ਼ਤਰ ਤੋਂ ਆਈ ਚਿੱਠੀ ਪੜ੍ਹਨ ਕਿ ਕਿਸੇ ਹੋਰ ਇਲਾਕੇ ਵਿਚ ਮਦਦ ਦੀ ਲੋੜ ਹੈ। ਇਹ ਸੁਣ ਕੇ ਸ਼ਾਇਦ ਅਸੀਂ ਆਪਣੇ ਆਪ ਤੋਂ ਪੁੱਛੀਏ, ‘ਮੈਂ ਇਸ ਲੋੜ ਨੂੰ ਪੂਰੀ ਕਰਨ ਲਈ ਕੀ ਕਰ ਸਕਦਾ ਹਾਂ?’ ਜਾਂ ਸ਼ਾਇਦ ਸਾਨੂੰ ਕੋਈ ਔਖੀ ਜ਼ਿੰਮੇਵਾਰੀ ਲੈਣ ਨੂੰ ਕਿਹਾ ਜਾਵੇ, ਪਰ ਅਸੀਂ ਸੋਚੀਏ ਕਿ ਅਸੀਂ ਇਹ ਜ਼ਿੰਮੇਵਾਰੀ ਪੂਰੀ ਕਰ ਵੀ ਸਕਾਂਗੇ ਜਾਂ ਨਹੀਂ। ਜਾਂ ਬਾਈਬਲ ਦੀਆਂ ਕੁਝ ਆਇਤਾਂ ਪੜ੍ਹ ਕੇ ਅਸੀਂ ਸ਼ਾਇਦ ਸੋਚੀਏ, ‘ਮੈਂ ਦੂਜਿਆਂ ਦੀ ਮਦਦ ਕਰਨ ਲਈ ਇਹ ਆਇਤਾਂ ਕਿਵੇਂ ਵਰਤ ਸਕਦਾ ਹਾਂ?’ ਯਹੋਵਾਹ ਸਾਨੂੰ ਕੁਝ ਵੀ ਕਰਨ ਲਈ ਮਜਬੂਰ ਨਹੀਂ ਕਰਦਾ। ਪਰ ਜਦੋਂ ਯਹੋਵਾਹ ਦੇਖਦਾ ਹੈ ਕਿ ਅਸੀਂ ਆਪਣੇ ਆਪ ਦੀ ਜਾਂਚ ਕਰਨ ਲਈ ਤਿਆਰ ਹਾਂ, ਤਾਂ ਉਹ ਸਾਡੇ ਵਿਚ ਉਹ ਕੰਮ ਕਰਨ ਦੀ ਇੱਛਾ ਪੈਦਾ ਕਰ ਸਕਦਾ ਹੈ ਜਿਸ ਬਾਰੇ ਅਸੀਂ ਸੋਚ-ਵਿਚਾਰ ਕੀਤਾ ਸੀ।
4. ਯਹੋਵਾਹ ਸ਼ਾਇਦ ਸਾਨੂੰ ਕੰਮ ਕਰਨ ਦੀ ਤਾਕਤ ਕਿਵੇਂ ਦੇਵੇ?
4 ਯਹੋਵਾਹ ਸਾਨੂੰ ਕੰਮ ਕਰਨ ਦੀ ਤਾਕਤ ਵੀ ਦੇ ਸਕਦਾ ਹੈ। (ਯਸਾ. 40:29) ਉਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਸਾਡੀਆਂ ਕਾਬਲੀਅਤਾਂ ਨੂੰ ਨਿਖਾਰ ਸਕਦਾ ਹੈ। (ਕੂਚ 35:30-35) ਆਪਣੇ ਸੰਗਠਨ ਦੇ ਜ਼ਰੀਏ ਯਹੋਵਾਹ ਸਾਨੂੰ ਸ਼ਾਇਦ ਕੁਝ ਕੰਮ ਕਰਨੇ ਸਿਖਾਵੇ। ਜੇ ਤੁਹਾਨੂੰ ਕਦੇ ਵੀ ਲੱਗਦਾ ਹੈ ਕਿ ਤੁਸੀਂ ਕੋਈ ਜ਼ਿੰਮੇਵਾਰੀ ਕਿਵੇਂ ਪੂਰੀ ਕਰੋਗੇ, ਤਾਂ ਮਦਦ ਮੰਗੋ। ਨਾਲੇ ਆਪਣੇ ਖੁੱਲ੍ਹ-ਦਿਲੇ ਸਵਰਗੀ ਪਿਤਾ ਤੋਂ ਉਹ ਤਾਕਤ ਮੰਗੋ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” (2 ਕੁਰਿੰ. 4:7; ਲੂਕਾ 11:13) ਬਾਈਬਲ ਵਿਚ ਬਹੁਤ ਸਾਰੀਆਂ ਮਿਸਾਲਾਂ ਹਨ ਕਿ ਯਹੋਵਾਹ ਨੇ ਕਿਵੇਂ ਆਦਮੀਆਂ ਤੇ ਔਰਤਾਂ ਵਿਚ ਇੱਛਾ ਪੈਦਾ ਕਰ ਕੇ ਅਤੇ ਕੰਮ ਕਰਨ ਦੀ ਤਾਕਤ ਦੇ ਕੇ ਉਨ੍ਹਾਂ ਨੂੰ ਕਾਬਲ ਬਣਾਇਆ। ਇਨ੍ਹਾਂ ਵਿੱਚੋਂ ਕੁਝ ਬਿਰਤਾਂਤਾਂ ʼਤੇ ਗੌਰ ਕਰਦਿਆਂ ਸੋਚੋ ਕਿ ਯਹੋਵਾਹ ਤੁਹਾਨੂੰ ਵੀ ਇਸ ਤਰ੍ਹਾਂ ਕਿਵੇਂ ਵਰਤ ਸਕਦਾ ਹੈ।
ਯਹੋਵਾਹ ਨੇ ਆਦਮੀਆਂ ਨੂੰ ਕੀ ਕਰਨ ਦੇ ਕਾਬਲ ਬਣਾਇਆ?
5. ਆਪਣੇ ਲੋਕਾਂ ਨੂੰ ਛੁਡਾਉਣ ਲਈ ਯਹੋਵਾਹ ਨੇ ਜਿਸ ਤਰੀਕੇ ਨਾਲ ਅਤੇ ਜਿਸ ਸਮੇਂ ਮੂਸਾ ਨੂੰ ਵਰਤਿਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
5 ਯਹੋਵਾਹ ਨੇ ਮੂਸਾ ਨੂੰ ਇਜ਼ਰਾਈਲੀਆਂ ਨੂੰ ਛੁਡਾਉਣ ਦੇ ਕਾਬਲ ਬਣਾਇਆ। ਪਰ ਯਹੋਵਾਹ ਨੇ ਉਸ ਨੂੰ ਕਦੋਂ ਵਰਤਿਆ? ਕੀ ਯਹੋਵਾਹ ਨੇ ਉਸ ਨੂੰ ਉਦੋਂ ਵਰਤਿਆ ਜਦੋਂ ਮੂਸਾ ਨੂੰ ਲੱਗਾ ਕਿ ਉਹ “ਮਿਸਰੀਆਂ ਦਾ ਹਰ ਤਰ੍ਹਾਂ ਦਾ ਗਿਆਨ” ਲੈ ਕੇ ਕਾਬਲ ਬਣ ਗਿਆ ਸੀ? (ਰਸੂ. 7:22-25) ਨਹੀਂ। ਮੂਸਾ ਦੀ ਨਿਮਰ ਤੇ ਨਰਮ ਸੁਭਾਅ ਦਾ ਬਣਨ ਵਿਚ ਮਦਦ ਕਰਨ ਤੋਂ ਬਾਅਦ ਹੀ ਯਹੋਵਾਹ ਨੇ ਉਸ ਨੂੰ ਵਰਤਿਆ। (ਰਸੂ. 7:30, 34-36) ਯਹੋਵਾਹ ਨੇ ਮੂਸਾ ਨੂੰ ਮਿਸਰ ਦੇ ਸਭ ਤੋਂ ਸ਼ਕਤੀਸ਼ਾਲੀ ਰਾਜੇ ਸਾਮ੍ਹਣੇ ਖੜ੍ਹਾ ਹੋਣ ਦੀ ਦਲੇਰੀ ਦਿੱਤੀ। (ਕੂਚ 9:13-19) ਯਹੋਵਾਹ ਨੇ ਜਿਸ ਤਰੀਕੇ ਨਾਲ ਅਤੇ ਜਿਸ ਸਮੇਂ ਮੂਸਾ ਨੂੰ ਵਰਤਿਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? ਯਹੋਵਾਹ ਉਨ੍ਹਾਂ ਨੂੰ ਵਰਤਦਾ ਹੈ ਜੋ ਪਰਮੇਸ਼ੁਰ ਵਰਗੇ ਗੁਣ ਦਿਖਾਉਂਦੇ ਹਨ ਤੇ ਉਸ ਦੀ ਤਾਕਤ ʼਤੇ ਭਰੋਸਾ ਰੱਖਦੇ ਹਨ।—ਫ਼ਿਲਿ. 4:13.
6. ਯਹੋਵਾਹ ਨੇ ਜਿਸ ਤਰੀਕੇ ਨਾਲ ਬਰਜ਼ਿੱਲਈ ਨੂੰ ਰਾਜਾ ਦਾਊਦ ਦੀ ਮਦਦ ਕਰਨ ਲਈ ਵਰਤਿਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
6 ਸਦੀਆਂ ਬਾਅਦ ਯਹੋਵਾਹ ਨੇ ਬਰਜ਼ਿੱਲਈ ਨੂੰ ਰਾਜਾ ਦਾਊਦ ਦੀ ਮਦਦ ਕਰਨ ਲਈ ਵਰਤਿਆ। ਜਦੋਂ ਦਾਊਦ ਆਪਣੇ ਮੁੰਡੇ ਅਬਸ਼ਾਲੋਮ ਤੋਂ ਭੱਜ ਰਿਹਾ ਸੀ, ਉਦੋਂ ਦਾਊਦ ਤੇ ਲੋਕ “ਭੁੱਖੇ, ਥੱਕੇ ਹੋਏ ਅਤੇ ਤਿਹਾਏ” ਸਨ। ਉਸ ਸਮੇਂ ʼਤੇ ਬੁੱਢੇ ਹੋ ਚੁੱਕੇ ਬਰਜ਼ਿੱਲਈ ਤੇ ਹੋਰ ਲੋਕਾਂ ਨੇ ਆਪਣੀਆਂ ਜਾਨਾਂ ਦਾਅ ʼਤੇ ਲਾ ਕੇ ਦਾਊਦ ਤੇ ਉਸ ਦੇ ਲੋਕਾਂ ਦੀ ਮਦਦ ਕੀਤੀ। ਬਰਜ਼ਿੱਲਈ ਨੇ ਇਹ ਨਹੀਂ ਸੋਚਿਆ ਕਿ ਬੁਢਾਪੇ ਕਰਕੇ ਉਹ ਹੁਣ ਯਹੋਵਾਹ ਦੇ ਕੰਮ ਨਹੀਂ ਆ ਸਕਦਾ ਸੀ। ਇਸ ਦੀ ਬਜਾਇ, ਉਸ ਕੋਲ ਜੋ ਸੀ, ਉਸ ਨੂੰ ਖੁੱਲ੍ਹ-ਦਿਲੀ ਨਾਲ ਵਰਤ ਕੇ ਉਸ ਨੇ ਪਰਮੇਸ਼ੁਰ ਦੇ ਸੇਵਕਾਂ ਦੀ ਮਦਦ ਕੀਤੀ। (2 ਸਮੂ. 17:27-29) ਸਾਡੇ ਲਈ ਕੀ ਸਬਕ ਹੈ? ਭਾਵੇਂ ਸਾਡੀ ਉਮਰ ਜਿੰਨੀ ਮਰਜ਼ੀ ਹੋਵੇ, ਪਰ ਯਹੋਵਾਹ ਭੈਣਾਂ-ਭਰਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਵਰਤ ਸਕਦਾ ਹੈ, ਚਾਹੇ ਆਪਣੇ ਦੇਸ਼ ਵਿਚ ਜਾਂ ਕਿਸੇ ਹੋਰ ਦੇਸ਼ ਵਿਚ ਜਿੱਥੇ ਲੋੜੀਂਦੀਆਂ ਚੀਜ਼ਾਂ ਦੀ ਘਾਟ ਹੈ। (ਕਹਾ. 3:27, 28; 19:17) ਜੇ ਅਸੀਂ ਸਿੱਧੇ ਤੌਰ ʼਤੇ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ, ਤਾਂ ਅਸੀਂ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮਾਂ ਲਈ ਦਾਨ ਦੇ ਸਕਦੇ ਹਾਂ ਤਾਂਕਿ ਜਦੋਂ ਤੇ ਜਿੱਥੇ ਲੋੜ ਪਵੇ, ਇਨ੍ਹਾਂ ਪੈਸਿਆਂ ਨੂੰ ਰਾਹਤ ਕੰਮ ਲਈ ਵਰਤਿਆ ਜਾ ਸਕੇ।—2 ਕੁਰਿੰ. 8:14, 15; 9:11.
7. ਯਹੋਵਾਹ ਨੇ ਸ਼ਿਮਓਨ ਨੂੰ ਕਿਵੇਂ ਵਰਤਿਆ ਅਤੇ ਇਹ ਜਾਣ ਕੇ ਸ਼ਾਇਦ ਸਾਨੂੰ ਕਿਵੇਂ ਹੱਲਾਸ਼ੇਰੀ ਮਿਲੇ?
7 ਯਹੋਵਾਹ ਨੇ ਯਰੂਸ਼ਲਮ ਵਿਚ ਰਹਿੰਦੇ ਸਿਆਣੀ ਉਮਰ ਦੇ ਵਫ਼ਾਦਾਰ ਸ਼ਿਮਓਨ ਨਾਲ ਵਾਅਦਾ ਕੀਤਾ ਸੀ ਕਿ ਉਹ ਮਸੀਹ ਨੂੰ ਦੇਖਣ ਤੋਂ ਪਹਿਲਾਂ ਨਹੀਂ ਮਰੇਗਾ। ਇਸ ਵਾਅਦੇ ਤੋਂ ਸ਼ਿਮਓਨ ਨੂੰ ਬਹੁਤ ਹੌਸਲਾ ਮਿਲਿਆ ਹੋਣਾ ਕਿਉਂਕਿ ਉਹ ਬਹੁਤ ਸਾਲਾਂ ਤੋਂ ਮਸੀਹ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਦੀ ਨਿਹਚਾ ਤੇ ਧੀਰਜ ਦਾ ਉਸ ਨੂੰ ਇਨਾਮ ਮਿਲਿਆ। ਇਕ ਦਿਨ “ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ” ਉਹ ਮੰਦਰ ਵਿਚ ਗਿਆ। ਉੱਥੇ ਉਸ ਨੇ ਨਿੱਕੇ ਯਿਸੂ ਨੂੰ ਦੇਖਿਆ ਅਤੇ ਯਹੋਵਾਹ ਨੇ ਸ਼ਿਮਓਨ ਨੂੰ ਇਸ ਬੱਚੇ ਬਾਰੇ ਭਵਿੱਖਬਾਣੀ ਕਰਨ ਲਈ ਵਰਤਿਆ ਜਿਸ ਨੇ ਮਸੀਹ ਬਣਨਾ ਸੀ। (ਲੂਕਾ 2:25-35) ਲੱਗਦਾ ਹੈ ਕਿ ਸ਼ਿਮਓਨ ਯਿਸੂ ਦੀ ਧਰਤੀ ʼਤੇ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਮਰ ਗਿਆ ਸੀ, ਪਰ ਉਸ ਨੂੰ ਜੋ ਸਨਮਾਨ ਮਿਲਿਆ ਸੀ, ਉਸ ਲਈ ਉਹ ਬਹੁਤ ਸ਼ੁਕਰਗੁਜ਼ਾਰ ਸੀ। ਨਾਲੇ ਭਵਿੱਖ ਵਿਚ ਅਜੇ ਉਸ ਨੂੰ ਇਸ ਤੋਂ ਵਧੀਆ ਬਰਕਤਾਂ ਮਿਲਣੀਆਂ ਹਨ! ਨਵੀਂ ਦੁਨੀਆਂ ਵਿਚ ਇਹ ਵਫ਼ਾਦਾਰ ਆਦਮੀ ਦੇਖੇਗਾ ਕਿ ਕਿਵੇਂ ਯਿਸੂ ਦਾ ਰਾਜ ਧਰਤੀ ਦੇ ਸਾਰੇ ਲੋਕਾਂ ਲਈ ਇਕ ਬਰਕਤ ਹੋਵੇਗਾ। (ਉਤ. 22:18) ਅਸੀਂ ਵੀ ਯਹੋਵਾਹ ਦੀ ਸੇਵਾ ਵਿਚ ਮਿਲੇ ਕਿਸੇ ਵੀ ਸਨਮਾਨ ਲਈ ਸ਼ੁਕਰਗੁਜ਼ਾਰ ਹੋ ਸਕਦੇ ਹਾਂ।
8. ਸ਼ਾਇਦ ਯਹੋਵਾਹ ਸਾਨੂੰ ਬਰਨਾਬਾਸ ਵਾਂਗ ਕਿਵੇਂ ਵਰਤੇ?
8 ਪਹਿਲੀ ਸਦੀ ਵਿਚ ਇਕ ਖੁੱਲ੍ਹੇ ਦਿਲ ਵਾਲੇ ਆਦਮੀ ਯੂਸੁਫ਼ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਯਹੋਵਾਹ ਉਸ ਨੂੰ ਵਰਤੇ। (ਰਸੂ. 4:36, 37) ਸ਼ਾਇਦ ਯੂਸੁਫ਼ ਦੂਜਿਆਂ ਨੂੰ ਬਹੁਤ ਦਿਲਾਸਾ ਦਿੰਦਾ ਸੀ ਜਿਸ ਕਰਕੇ ਰਸੂਲ ਉਸ ਨੂੰ ਬਰਨਾਬਾਸ ਬੁਲਾਉਂਦੇ ਸਨ ਜਿਸ ਦਾ ਮਤਲਬ ਸੀ, “ਦਿਲਾਸਾ ਦੇਣ ਵਾਲਾ।” ਮਿਸਾਲ ਲਈ, ਸੌਲੁਸ ਦੇ ਵਿਸ਼ਵਾਸੀ ਬਣਨ ਤੋਂ ਬਾਅਦ ਬਹੁਤ ਸਾਰੇ ਭਰਾ ਉਸ ਨਾਲ ਮਿਲਣ-ਗਿਲ਼ਣ ਤੋਂ ਡਰਦੇ ਸਨ ਕਿਉਂਕਿ ਉਹ ਮੰਡਲੀਆਂ ਨੂੰ ਸਤਾਉਣ ਵਾਲੇ ਵਜੋਂ ਜਾਣਿਆ ਜਾਂਦਾ ਸੀ। ਪਰ ਪਿਆਰ ਕਰਨ ਵਾਲਾ ਬਰਨਾਬਾਸ ਸੌਲੁਸ ਦੀ ਮਦਦ ਕਰਨ ਲਈ ਅੱਗੇ ਆਇਆ ਅਤੇ ਸੌਲੁਸ ਜ਼ਰੂਰ ਉਸ ਵੱਲੋਂ ਦਿਖਾਈ ਮਿਹਰ ਲਈ ਸ਼ੁਕਰਗੁਜ਼ਾਰ ਹੋਇਆ ਹੋਣਾ। (ਰਸੂ. 9:21, 26-28) ਬਾਅਦ ਵਿਚ, ਯਰੂਸ਼ਲਮ ਦੇ ਬਜ਼ੁਰਗਾਂ ਨੇ ਦੇਖਿਆ ਕਿ ਦੂਰ ਸੀਰੀਆ ਦੇ ਅੰਤਾਕੀਆ ਸ਼ਹਿਰ ਵਿਚ ਰਹਿੰਦੇ ਭਰਾਵਾਂ ਨੂੰ ਹੌਸਲੇ ਦੀ ਲੋੜ ਸੀ। ਉਨ੍ਹਾਂ ਨੇ ਕਿਸ ਨੂੰ ਭੇਜਿਆ? ਬਰਨਾਬਾਸ ਨੂੰ! ਉਨ੍ਹਾਂ ਨੇ ਵਧੀਆ ਫ਼ੈਸਲਾ ਕੀਤਾ। ਸਾਨੂੰ ਦੱਸਿਆ ਗਿਆ ਕਿ ਬਰਨਾਬਾਸ “ਹੱਲਾਸ਼ੇਰੀ ਦੇਣ ਲੱਗਾ ਕਿ ਉਹ ਮਨ ਦੇ ਪੱਕੇ ਇਰਾਦੇ ਨਾਲ ਪ੍ਰਭੂ ਦੇ ਵਫ਼ਾਦਾਰ ਰਹਿਣ।” (ਰਸੂ. 11:22-24) ਇਸੇ ਤਰ੍ਹਾਂ ਅੱਜ ਯਹੋਵਾਹ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਨੂੰ ‘ਦਿਲਾਸਾ ਦੇਣ ਵਾਲੇ’ ਬਣਾ ਸਕਦਾ ਹੈ। ਮਿਸਾਲ ਲਈ, ਉਹ ਸ਼ਾਇਦ ਸਾਨੂੰ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਵਰਤੇ ਜਿਨ੍ਹਾਂ ਦੇ ਕਿਸੇ ਪਿਆਰੇ ਦੀ ਮੌਤ ਹੋਈ ਹੈ। ਜਾਂ ਉਹ ਸ਼ਾਇਦ ਸਾਨੂੰ ਕਿਸੇ ਬੀਮਾਰ ਜਾਂ ਨਿਰਾਸ਼ ਵਿਅਕਤੀ ਨੂੰ ਹੌਸਲਾ ਦੇਣ ਲਈ ਮਿਲਣ ਜਾਣ ਜਾਂ ਫ਼ੋਨ ਕਰਨ ਲਈ ਪ੍ਰੇਰਿਤ ਕਰੇ। ਕੀ ਤੁਸੀਂ ਬਰਨਾਬਾਸ ਵਾਂਗ ਆਪਣੇ ਆਪ ਨੂੰ ਪੇਸ਼ ਕਰੋਗੇ ਕਿ ਯਹੋਵਾਹ ਤੁਹਾਨੂੰ ਵਰਤੇ?—1 ਥੱਸ. 5:14.
9. ਯਹੋਵਾਹ ਨੇ ਜਿਸ ਤਰੀਕੇ ਨਾਲ ਵਸਿਲ ਦੀ ਵਧੀਆ ਚਰਵਾਹਾ ਬਣਨ ਵਿਚ ਮਦਦ ਕੀਤੀ, ਉਸ ਤੋਂ ਤੁਸੀਂ ਕੀ ਸਿੱਖਦੇ ਹੋ?
9 ਯਹੋਵਾਹ ਨੇ ਵਸਿਲ ਨਾਂ ਦੇ ਭਰਾ ਦੀ ਵਧੀਆ ਚਰਵਾਹਾ ਬਣਨ ਵਿਚ ਮਦਦ ਕੀਤੀ। ਜਦੋਂ ਵਸਿਲ ਨੂੰ 26 ਸਾਲ ਦੀ ਉਮਰ ਵਿਚ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ, ਤਾਂ ਉਸ ਨੂੰ ਡਰ ਸੀ ਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੇ ਕਾਬਲ ਨਹੀਂ ਸੀ, ਖ਼ਾਸ ਕਰਕੇ ਜਿਹੜੇ ਔਖੀਆਂ ਘੜੀਆਂ ਵਿੱਚੋਂ ਲੰਘ ਰਹੇ ਸਨ। ਪਰ ਉਸ ਨੂੰ ਤਜਰਬੇਕਾਰ ਬਜ਼ੁਰਗਾਂ ਅਤੇ ਕਿੰਗਡਮ ਮਿਨਿਸਟ੍ਰੀ ਸਕੂਲ ਤੋਂ ਵਧੀਆ ਸਿਖਲਾਈ ਮਿਲੀ। ਵਸਿਲ ਨੇ ਸੁਧਾਰ ਕਰਨ ਵਿਚ ਸਖ਼ਤ ਮਿਹਨਤ ਕੀਤੀ। ਮਿਸਾਲ ਲਈ, ਉਸ ਨੇ ਛੋਟੇ-ਛੋਟੇ ਟੀਚਿਆਂ ਦੀ ਇਕ ਲਿਸਟ ਬਣਾਈ। ਜਿੱਦਾਂ-ਜਿੱਦਾਂ ਉਹ ਆਪਣਾ ਹਰ ਟੀਚਾ ਹਾਸਲ ਕਰਦਾ ਗਿਆ, ਉੱਦਾਂ-ਉੱਦਾਂ ਉਸ ਦਾ ਡਰ ਖ਼ਤਮ ਹੁੰਦਾ ਗਿਆ। ਹੁਣ ਉਹ ਦੱਸਦਾ ਹੈ: “ਪਹਿਲਾਂ ਜਿਹੜੀਆਂ ਗੱਲਾਂ ਤੋਂ ਮੈਨੂੰ ਡਰ ਲੱਗਦਾ ਸੀ, ਹੁਣ ਉਨ੍ਹਾਂ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਜਦੋਂ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਨੂੰ ਦਿਲਾਸਾ ਦੇਣ ਲਈ ਯਹੋਵਾਹ ਢੁਕਵੀਂ ਆਇਤ ਲੱਭਣ ਵਿਚ ਮੇਰੀ ਮਦਦ ਕਰਦਾ ਹੈ, ਤਾਂ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ।” ਭਰਾਵੋ, ਜੇ ਵਸਿਲ ਵਾਂਗ ਤੁਸੀਂ ਵੀ ਆਪਣੇ ਆਪ ਨੂੰ ਯਹੋਵਾਹ ਅੱਗੇ ਪੇਸ਼ ਕਰੋ, ਤਾਂ ਉਹ ਤੁਹਾਨੂੰ ਮੰਡਲੀ ਵਿਚ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਕਾਬਲੀਅਤ ਦੇ ਸਕਦਾ ਹੈ।
ਯਹੋਵਾਹ ਨੇ ਔਰਤਾਂ ਨੂੰ ਕੀ ਕਰਨ ਦੇ ਕਾਬਲ ਬਣਾਇਆ?
10. ਅਬੀਗੈਲ ਨੇ ਕੀ ਕੀਤਾ ਅਤੇ ਤੁਸੀਂ ਉਸ ਦੀ ਮਿਸਾਲ ਤੋਂ ਕੀ ਸਿੱਖਦੇ ਹੋ?
10 ਰਾਜਾ ਸ਼ਾਊਲ ਦਾਊਦ ਤੇ ਉਸ ਦੇ ਵਫ਼ਾਦਾਰ ਆਦਮੀਆਂ ਦਾ ਪਿੱਛਾ ਕਰ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਮਦਦ ਦੀ ਲੋੜ ਸੀ। ਦਾਊਦ ਦੇ ਆਦਮੀਆਂ ਨੇ ਨਾਬਾਲ ਨਾਂ ਦੇ ਇਕ ਅਮੀਰ ਇਜ਼ਰਾਈਲੀ ਤੋਂ ਖਾਣ-ਪੀਣ ਦੀਆਂ ਚੀਜ਼ਾਂ ਮੰਗੀਆਂ। ਉਨ੍ਹਾਂ ਨੂੰ ਲੱਗਾ ਕਿ ਉਹ ਨਾਬਾਲ ਤੋਂ ਮੰਗ ਸਕਦੇ ਸਨ ਕਿਉਂਕਿ ਉਨ੍ਹਾਂ ਨੇ ਉਜਾੜ ਵਿਚ ਉਸ ਦੀਆਂ ਭੇਡਾਂ ਦੀ ਰਾਖੀ ਕੀਤੀ ਸੀ। ਪਰ ਸੁਆਰਥੀ ਨਾਬਾਲ ਨੇ ਉਨ੍ਹਾਂ ਨੂੰ ਕੁਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ। ਦਾਊਦ ਗੁੱਸੇ ਨਾਲ ਭੜਕ ਉੱਠਿਆ ਅਤੇ ਨਾਬਾਲ ਤੇ ਉਸ ਦੇ ਘਰਾਣੇ ਦੇ ਹਰ ਆਦਮੀ ਨੂੰ ਮਾਰਨ ਦਾ ਇਰਾਦਾ ਕੀਤਾ। (1 ਸਮੂ. 25:3-13, 22) ਪਰ ਨਾਬਾਲ ਦੀ ਪਤਨੀ ਅਬੀਗੈਲ ਸੋਹਣੀ ਹੋਣ ਦੇ ਨਾਲ-ਨਾਲ ਸਮਝਦਾਰ ਵੀ ਸੀ। ਦਲੇਰੀ ਦਿਖਾਉਂਦਿਆਂ ਉਹ ਦਾਊਦ ਦੇ ਪੈਰੀਂ ਪੈ ਗਈ ਅਤੇ ਬੇਨਤੀ ਕੀਤੀ ਕਿ ਬਦਲਾ ਲੈ ਕੇ ਉਹ ਖ਼ੂਨ ਦਾ ਦੋਸ਼ੀ ਨਾ ਬਣੇ। ਉਸ ਨੇ ਸਮਝਦਾਰੀ ਨਾਲ ਸਲਾਹ ਦਿੱਤੀ ਕਿ ਉਹ ਮਾਮਲਿਆਂ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਵੇ। ਅਬੀਗੈਲ ਦੇ ਨਿਮਰਤਾ ਭਰੇ ਸ਼ਬਦਾਂ ਤੇ ਸਮਝਦਾਰੀ ਵਾਲੇ ਕੰਮਾਂ ਨੇ ਦਾਊਦ ਦਾ ਦਿਲ ਜਿੱਤ ਲਿਆ। ਉਸ ਨੇ ਸਹੀ ਸਿੱਟਾ ਕੱਢਿਆ ਕਿ ਯਹੋਵਾਹ ਨੇ ਅਬੀਗੈਲ ਨੂੰ ਭੇਜਿਆ ਸੀ। (1 ਸਮੂ. 25:23-28, 32-34) ਅਬੀਗੈਲ ਨੇ ਆਪਣੇ ਵਿਚ ਉਹ ਗੁਣ ਪੈਦਾ ਕੀਤੇ ਸਨ ਜਿਸ ਕਰਕੇ ਯਹੋਵਾਹ ਉਸ ਨੂੰ ਵਰਤ ਸਕਦਾ ਸੀ। ਇਸੇ ਤਰ੍ਹਾਂ, ਜਿਹੜੀਆਂ ਭੈਣਾਂ ਆਪਣੇ ਵਿਚ ਸੂਝ-ਬੂਝ ਤੇ ਸਮਝਦਾਰੀ ਪੈਦਾ ਕਰਦੀਆਂ ਹਨ, ਯਹੋਵਾਹ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੇ ਮੰਡਲੀਆਂ ਦੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਲਈ ਵਰਤ ਸਕਦਾ ਹੈ।—ਕਹਾ. 24:3; ਤੀਤੁ. 2:3-5.
11. ਸ਼ੱਲੂਮ ਦੀਆਂ ਧੀਆਂ ਨੇ ਕਿਹੜਾ ਕੰਮ ਕੀਤਾ ਅਤੇ ਅੱਜ ਕੌਣ ਉਨ੍ਹਾਂ ਦੀ ਰੀਸ ਕਰ ਰਹੀਆਂ ਹਨ?
11 ਬਹੁਤ ਸਦੀਆਂ ਬਾਅਦ ਸ਼ੱਲੂਮ ਦੀਆਂ ਧੀਆਂ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਕਰਨ ਲਈ ਵਰਤਿਆ ਸੀ। (ਨਹ. 2:20; 3:12) ਚਾਹੇ ਉਨ੍ਹਾਂ ਦਾ ਪਿਤਾ ਸਰਦਾਰ ਸੀ, ਪਰ ਫਿਰ ਵੀ ਸ਼ੱਲੂਮ ਦੀਆਂ ਧੀਆਂ ਇਹ ਔਖਾ ਤੇ ਖ਼ਤਰੇ ਭਰਿਆ ਕੰਮ ਕਰਨ ਲਈ ਤਿਆਰ ਸਨ। (ਨਹ. 4:15-18) ਤਕੋਆ ਦੇ ਮੰਨੇ-ਪ੍ਰਮੰਨੇ ਆਦਮੀਆਂ ਦਾ ਕਿੰਨਾ ਹੀ ਉਲਟ ਰਵੱਈਆ ਜੋ ਕੰਮ ਕਰਨ ਲਈ “ਆਪਣੀਆਂ ਧੌਣਾਂ” ਨੀਵੀਆਂ ਕਰਨ ਲਈ ਤਿਆਰ ਨਹੀਂ ਸਨ! (ਨਹ. 3:5) ਜ਼ਰਾ ਕਲਪਨਾ ਕਰੋ ਕਿ ਸ਼ੱਲੂਮ ਦੀਆਂ ਧੀਆਂ ਕਿੰਨੀਆਂ ਖ਼ੁਸ਼ ਹੋਈਆਂ ਹੋਣੀਆਂ ਜਦੋਂ ਸਿਰਫ਼ 52 ਦਿਨਾਂ ਵਿਚ ਕੰਮ ਪੂਰਾ ਹੋ ਗਿਆ ਸੀ! (ਨਹ. 6:15) ਅੱਜ ਸਾਡੇ ਦਿਨਾਂ ਵਿਚ ਸੇਵਾ ਦੇ ਇਕ ਖ਼ਾਸ ਕੰਮ ਵਿਚ ਭੈਣਾਂ ਖ਼ੁਸ਼ੀ-ਖ਼ੁਸ਼ੀ ਮਦਦ ਕਰਨ ਲਈ ਤਿਆਰ ਹਨ। ਉਹ ਹੈ, ਯਹੋਵਾਹ ਨੂੰ ਸਮਰਪਿਤ ਕੀਤੀਆਂ ਜਾਂਦੀਆਂ ਇਮਾਰਤਾਂ ਦੀ ਉਸਾਰੀ ਤੇ ਸਾਂਭ-ਸੰਭਾਲ ਦਾ ਕੰਮ। ਇਸ ਕੰਮ ਵਿਚ ਸਫ਼ਲਤਾ ਪਾਉਣ ਲਈ ਉਨ੍ਹਾਂ ਦੇ ਹੁਨਰ, ਜੋਸ਼ ਅਤੇ ਵਫ਼ਾਦਾਰੀ ਜ਼ਰੂਰੀ ਹੈ।
12. ਯਹੋਵਾਹ ਸ਼ਾਇਦ ਸਾਨੂੰ ਤਬਿਥਾ ਵਾਂਗ ਕਿਵੇਂ ਵਰਤੇ?
12 ਯਹੋਵਾਹ ਨੇ ਤਬਿਥਾ ਨੂੰ “ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ” ਲਈ ਪ੍ਰੇਰਿਤ ਕੀਤਾ, ਖ਼ਾਸ ਕਰਕੇ ਵਿਧਵਾਵਾਂ ਲਈ। (ਰਸੂ. 9:36) ਉਸ ਦੀ ਮੌਤ ʼਤੇ ਬਹੁਤ ਸਾਰੇ ਲੋਕਾਂ ਨੇ ਸੋਗ ਮਨਾਇਆ ਕਿਉਂਕਿ ਉਹ ਬਹੁਤ ਖੁੱਲ੍ਹੇ ਦਿਲ ਅਤੇ ਦਇਆ ਕਰਨ ਵਾਲੀ ਸੀ। ਪਰ ਜਦੋਂ ਪਤਰਸ ਰਸੂਲ ਨੇ ਉਸ ਨੂੰ ਜੀਉਂਦਾ ਕਰ ਦਿੱਤਾ, ਤਾਂ ਸਾਰੇ ਜਣੇ ਬਹੁਤ ਖ਼ੁਸ਼ ਹੋਏ। (ਰਸੂ. 9:39-41) ਅਸੀਂ ਤਬਿਥਾ ਤੋਂ ਕੀ ਸਿੱਖਦੇ ਹਾਂ? ਚਾਹੇ ਅਸੀਂ ਨਿਆਣੇ ਹੋਈਏ ਜਾਂ ਸਿਆਣੇ, ਆਦਮੀ ਹੋਈਏ ਜਾਂ ਔਰਤ, ਪਰ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕੁਝ ਕਰ ਸਕਦੇ ਹਾਂ।—ਇਬ. 13:16.
13. ਸ਼ਰਮੀਲੇ ਸੁਭਾਅ ਦੀ ਰੂਥ ਨੂੰ ਯਹੋਵਾਹ ਨੇ ਕਿਵੇਂ ਵਰਤਿਆ ਅਤੇ ਉਸ ਨੇ ਕੀ ਸਿੱਟਾ ਕੱਢਿਆ?
13 ਸ਼ਰਮੀਲੇ ਸੁਭਾਅ ਦੀ ਭੈਣ ਰੂਥ ਮਿਸ਼ਨਰੀ ਬਣਨਾ ਚਾਹੁੰਦੀ ਸੀ। ਛੋਟੇ ਹੁੰਦਿਆਂ ਉਹ ਫਟਾਫਟ ਇਕ ਘਰ ਤੋਂ ਦੂਜੇ ਘਰ ਜਾ ਕੇ ਪਰਚੇ ਵੰਡਦੀ ਸੀ। ਉਹ ਦੱਸਦੀ ਹੈ: “ਮੈਨੂੰ ਇਹ ਕੰਮ ਕਰ ਕੇ ਮਜ਼ਾ ਆਉਂਦਾ ਸੀ।” ਪਰ ਘਰ-ਘਰ ਜਾ ਕੇ ਦੂਜਿਆਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨੀ ਉਸ ਲਈ ਇਕ ਚੁਣੌਤੀ ਸੀ। ਸ਼ਰਮੀਲੇ ਸੁਭਾਅ ਦੀ ਹੋਣ ਦੇ ਬਾਵਜੂਦ ਵੀ ਉਹ 18 ਸਾਲਾਂ ਦੀ ਉਮਰ ਵਿਚ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਈ। ਉਹ 1946 ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਹਾਜ਼ਰ ਹੋਈ ਅਤੇ ਬਾਅਦ ਵਿਚ ਉਸ ਨੇ ਹਵਾਈ ਤੇ ਜਪਾਨ ਵਿਚ ਸੇਵਾ ਕੀਤੀ। ਇਨ੍ਹਾਂ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਸੁਣਾਉਣ ਲਈ ਯਹੋਵਾਹ ਨੇ ਉਸ ਨੂੰ ਸ਼ਾਨਦਾਰ ਤਰੀਕੇ ਨਾਲ ਵਰਤਿਆ। ਲਗਭਗ 80 ਸਾਲ ਸੇਵਕਾਈ ਕਰਨ ਤੋਂ ਬਾਅਦ ਰੂਥ ਨੇ ਸਿੱਟਾ ਕੱਢਿਆ: “ਯਹੋਵਾਹ ਮੇਰਾ ਮਦਦਗਾਰ ਰਿਹਾ ਹੈ। ਉਸ ਨੇ ਸ਼ਰਮੀਲੇ ਸੁਭਾਅ ʼਤੇ ਕਾਬੂ ਪਾਉਣ ਵਿਚ ਮੇਰੀ ਮਦਦ ਕੀਤੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਜਿਹੜਾ ਵੀ ਯਹੋਵਾਹ ʼਤੇ ਭਰੋਸਾ ਰੱਖਦਾ ਹੈ, ਉਹ ਉਸ ਨੂੰ ਆਪਣੇ ਕੰਮ ਲਈ ਵਰਤ ਸਕਦਾ ਹੈ।”
ਆਪਣੇ ਆਪ ਨੂੰ ਯਹੋਵਾਹ ਅੱਗੇ ਪੇਸ਼ ਕਰੋ
14. ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਵਰਤੇ, ਤਾਂ ਕੁਲੁੱਸੀਆਂ 1:29 ਅਨੁਸਾਰ ਸਾਨੂੰ ਕੀ ਕਰਨਾ ਚਾਹੀਦਾ ਹੈ?
14 ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਬਹੁਤ ਸਾਰੇ ਅਲੱਗ-ਅਲੱਗ ਕੰਮ ਕਰਨ ਲਈ ਆਪਣੇ ਸੇਵਕਾਂ ਨੂੰ ਕਾਬਲ ਬਣਾਇਆ ਹੈ। ਯਹੋਵਾਹ ਤੁਹਾਡੇ ਤੋਂ ਕੀ ਕਰਵਾਏਗਾ? ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਕੁ ਮਿਹਨਤ ਕਰਨ ਲਈ ਤਿਆਰ ਹੋ। (ਕੁਲੁੱਸੀਆਂ 1:29 ਪੜ੍ਹੋ।) ਜੇ ਤੁਸੀਂ ਆਪਣੇ ਆਪ ਨੂੰ ਯਹੋਵਾਹ ਅੱਗੇ ਪੇਸ਼ ਕਰਦੇ ਹੋ, ਤਾਂ ਉਹ ਤੁਹਾਨੂੰ ਜੋਸ਼ੀਲਾ ਪ੍ਰਚਾਰਕ, ਵਧੀਆ ਸਿੱਖਿਅਕ, ਹੁਨਰਮੰਦ ਕਾਮਾ, ਮਦਦਗਾਰ ਦੋਸਤ, ਦਿਲਾਸਾ ਦੇਣ ਵਾਲਾ ਜਾਂ ਕੁਝ ਹੋਰ ਵੀ ਕਰਨ ਦੇ ਕਾਬਲ ਬਣਾ ਸਕਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਨ ਲਈ ਜ਼ਰੂਰੀ ਹੈ।
15. ਪਹਿਲਾ ਤਿਮੋਥਿਉਸ 4:12, 15 ਅਨੁਸਾਰ ਅੱਜ ਨੌਜਵਾਨ ਭਰਾਵਾਂ ਨੂੰ ਯਹੋਵਾਹ ਅੱਗੇ ਕੀ ਤਰਲੇ ਕਰਨੇ ਚਾਹੀਦੇ ਹਨ?
15 ਉਨ੍ਹਾਂ ਨੌਜਵਾਨ ਭਰਾਵਾਂ ਬਾਰੇ ਕੀ ਜੋ ਬਾਲਗ ਬਣ ਰਹੇ ਹਨ? ਉਨ੍ਹਾਂ ਜੋਸ਼ੀਲੇ ਭਰਾਵਾਂ ਦੀ ਬਹੁਤ ਲੋੜ ਹੈ ਜੋ ਸਹਾਇਕ ਸੇਵਕਾਂ ਵਜੋਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹਨ। ਬਹੁਤ ਸਾਰੀਆਂ ਮੰਡਲੀਆਂ ਵਿਚ ਸਹਾਇਕ ਸੇਵਕਾਂ ਨਾਲੋਂ ਜ਼ਿਆਦਾ ਬਜ਼ੁਰਗ ਹਨ। ਨੌਜਵਾਨ ਭਰਾਵੋ, ਕੀ ਤੁਹਾਡੇ ਵਿੱਚੋਂ ਕੁਝ ਜਣੇ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਲੈਣ ਲਈ ਆਪਣੇ ਵਿਚ ਇੱਛਾ ਪੈਦਾ ਕਰ ਸਕਦੇ ਹਨ? ਕਦੀ-ਕਦਾਈਂ ਕੁਝ ਭਰਾ ਕਹਿੰਦੇ ਹਨ, “ਮੈਂ ਪ੍ਰਚਾਰਕ ਵਜੋਂ ਸੇਵਾ ਕਰ ਕੇ ਹੀ ਖ਼ੁਸ਼ ਹਾਂ।” ਜੇ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ, ਤਾਂ ਯਹੋਵਾਹ ਅੱਗੇ ਤਰਲੇ ਕਰੋ ਕਿ ਉਹ ਤੁਹਾਡੇ ਵਿਚ ਸਹਾਇਕ ਸੇਵਕ ਵਜੋਂ ਸੇਵਾ ਕਰਨ ਦੀ ਇੱਛਾ ਪੈਦਾ ਕਰੇ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਨ ਦੀ ਤਾਕਤ ਦੇਵੇ। (ਉਪ. 12:1) ਸਾਨੂੰ ਤੁਹਾਡੀ ਮਦਦ ਦੀ ਲੋੜ ਹੈ!—1 ਤਿਮੋਥਿਉਸ 4:12, 15 ਪੜ੍ਹੋ।
16. ਸਾਨੂੰ ਯਹੋਵਾਹ ਤੋਂ ਕੀ ਮੰਗਣਾ ਚਾਹੀਦਾ ਹੈ ਅਤੇ ਕਿਉਂ?
16 ਆਪਣੀ ਇੱਛਾ ਪੂਰੀ ਕਰਾਉਣ ਲਈ ਯਹੋਵਾਹ ਤੁਹਾਨੂੰ ਕੋਈ ਵੀ ਕੰਮ ਕਰਨ ਦੇ ਕਾਬਲ ਬਣਾ ਸਕਦਾ ਹੈ। ਇਸ ਲਈ ਪ੍ਰਾਰਥਨਾ ਕਰੋ ਕਿ ਉਸ ਦਾ ਕੰਮ ਕਰਨ ਲਈ ਉਹ ਤੁਹਾਡੇ ਵਿਚ ਇੱਛਾ ਪੈਦਾ ਕਰੇ ਅਤੇ ਫਿਰ ਲੋੜੀਂਦੀ ਤਾਕਤ ਮੰਗੋ। ਚਾਹੇ ਤੁਸੀਂ ਨੌਜਵਾਨ ਹੋ ਜਾਂ ਸਿਆਣੀ ਉਮਰ ਦੇ, ਹੁਣ ਆਪਣਾ ਸਮਾਂ, ਤਾਕਤ ਤੇ ਚੀਜ਼ਾਂ ਯਹੋਵਾਹ ਦੀ ਮਹਿਮਾ ਕਰਨ ਲਈ ਵਰਤੋ। (ਉਪ. 9:10) ਕਦੇ ਵੀ ਡਰ ਜਾਂ ਨਿਕੰਮੇਪਣ ਦੀਆਂ ਭਾਵਨਾਵਾਂ ਕਰਕੇ ਯਹੋਵਾਹ ਦੀ ਸੇਵਾ ਵਿਚ ਮਿਲਦੇ ਅਹਿਮ ਮੌਕਿਆਂ ਨੂੰ ਨਾ ਠੁਕਰਾਓ। ਚਾਹੇ ਅਸੀਂ ਉਸ ਦੀ ਸੇਵਾ ਵਿਚ ਜੋ ਵੀ ਕਰ ਸਕਦੇ ਹਾਂ, ਪਰ ਸਾਡੇ ਕੋਲ ਕਿੰਨਾ ਹੀ ਵੱਡਾ ਸਨਮਾਨ ਹੈ ਕਿ ਅਸੀਂ ਆਪਣੇ ਪਿਆਰੇ ਪਿਤਾ ਨੂੰ ਉਹ ਮਹਿਮਾ ਦਿੰਦੇ ਹਾਂ ਜਿਸ ਦਾ ਉਹ ਹੱਕਦਾਰ ਹੈ!
ਗੀਤ 29 ਵਫ਼ਾ ਦੇ ਰਾਹ ʼਤੇ ਚੱਲੋ
a ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕੁਝ ਨਹੀਂ ਕਰ ਰਹੇ? ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਅਜੇ ਵੀ ਉਸ ਦੇ ਕੰਮ ਆ ਸਕਦੇ ਹੋ? ਜਾਂ ਕੀ ਤੁਸੀਂ ਇਹ ਲੋੜ ਪਛਾਣਨ ਵਿਚ ਨਾਕਾਮ ਹੋਏ ਹੋ ਕਿ ਤੁਸੀਂ ਯਹੋਵਾਹ ਦੀ ਇੱਛਾ ਮੁਤਾਬਕ ਉਸ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰ ਸਕਦੇ ਹੋ? ਇਸ ਲੇਖ ਵਿਚ ਅਲੱਗ-ਅਲੱਗ ਤਰੀਕਿਆਂ ʼਤੇ ਗੌਰ ਕੀਤਾ ਜਾਵੇਗਾ ਕਿ ਯਹੋਵਾਹ ਤੁਹਾਡੇ ਵਿਚ ਉਹ ਇੱਛਾ ਪੈਦਾ ਕਰ ਸਕਦਾ ਹੈ ਅਤੇ ਤੁਹਾਨੂੰ ਉਹ ਤਾਕਤ ਦੇ ਸਕਦਾ ਹੈ ਜੋ ਉਸ ਦਾ ਮਕਸਦ ਪੂਰਾ ਕਰਨ ਲਈ ਲੋੜੀਂਦੀ ਹੈ।
b ਚਾਹੇ ਪੌਲੁਸ ਨੇ ਇਹ ਚਿੱਠੀ ਪਹਿਲੀ ਸਦੀ ਦੇ ਮਸੀਹੀਆਂ ਨੂੰ ਲਿਖੀ ਸੀ, ਪਰ ਉਸ ਦੀਆਂ ਗੱਲਾਂ ਵਿਚ ਦਿੱਤੇ ਅਸੂਲ ਯਹੋਵਾਹ ਦੇ ਸਾਰੇ ਸੇਵਕਾਂ ʼਤੇ ਲਾਗੂ ਹੁੰਦੇ ਹਨ।