ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/98 ਸਫ਼ੇ 3-6
  • ਮਾਲਕ ਦੇ ਮਾਲ ਮਤੇ ਦੀ ਦੇਖ-ਭਾਲ ਕਰਨਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਾਲਕ ਦੇ ਮਾਲ ਮਤੇ ਦੀ ਦੇਖ-ਭਾਲ ਕਰਨਾ
  • ਸਾਡੀ ਰਾਜ ਸੇਵਕਾਈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਸੀਹੀ ਮੁਖ਼ਤਿਆਰੀ
  • “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ”
  • ਛਾਪਣ-ਵਿਧੀ ਵਿਚ ਤਬਦੀਲੀ
  • ਪ੍ਰਬੰਧ ਸੰਬੰਧੀ ਵੱਖਰੀਆਂ ਲੋੜਾਂ
  • ਵਿਚਾਰ ਕਰਨ ਯੋਗ ਗੱਲਾਂ
  • ਮਾਲ ਮਤੇ ਦੀ ਦੇਖ-ਭਾਲ ਕਰਨਾ
  • ਤੁਸੀਂ ਭਰੋਸੇਯੋਗ ਸੇਵਕ ਹੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਕੀ ਤੁਸੀਂ ਜਾਣਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
ਸਾਡੀ ਰਾਜ ਸੇਵਕਾਈ—1998
km 6/98 ਸਫ਼ੇ 3-6

ਮਾਲਕ ਦੇ ਮਾਲ ਮਤੇ ਦੀ ਦੇਖ-ਭਾਲ ਕਰਨਾ

1 ਬਾਈਬਲ ਸਮਿਆਂ ਵਿਚ ਇਕ ਮੁਖ਼ਤਿਆਰ ਦੀ ਬਹੁਤ ਹੀ ਭਰੋਸੇ ਦੀ ਪਦਵੀ ਹੁੰਦੀ ਸੀ। ਅਬਰਾਹਾਮ ਨੇ ਆਪਣੇ ਪੁੱਤਰ, ਇਸਹਾਕ, ਲਈ ਪਤਨੀ ਲੱਭਣ ਦਾ ਕੰਮ ਆਪਣੇ ਮੁਖ਼ਤਿਆਰ ਨੂੰ ਸੌਂਪਿਆ ਸੀ। (ਉਤ. 24:1-4) ਇਕ ਤਰ੍ਹਾਂ ਨਾਲ, ਮੁਖ਼ਤਿਆਰ ਇਹ ਨਿਸ਼ਚਿਤ ਕਰਨ ਲਈ ਜ਼ਿੰਮੇਵਾਰ ਸੀ ਕਿ ਅਬਰਾਹਾਮ ਦਾ ਵੰਸ਼ ਚੱਲਦਾ ਰਹੇ। ਕਿੰਨੀ ਵੱਡੀ ਜ਼ਿੰਮੇਵਾਰੀ! ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੌਲੁਸ ਰਸੂਲ ਨੇ ਕਿਹਾ: “ਮੁਖਤਿਆਰਾਂ ਵਿੱਚ ਇਹ ਚਾਹੀਦਾ ਹੈ ਜੋ ਓਹ ਮਾਤਬਰ ਹੋਣ”!—1 ਕੁਰਿੰ. 4:2.

ਮਸੀਹੀ ਮੁਖ਼ਤਿਆਰੀ

2 ਮਸੀਹੀ ਸੇਵਕਾਈ ਦੇ ਕੁਝ ਪਹਿਲੂਆਂ ਨੂੰ ਬਾਈਬਲ ਵਿਚ ਮੁਖ਼ਤਿਆਰੀ ਕਿਹਾ ਗਿਆ ਹੈ। ਮਿਸਾਲ ਵਜੋਂ, ਪੌਲੁਸ ਰਸੂਲ ਨੇ ਅਫ਼ਸੀਆਂ ਨਾਲ “ਪਰਮੇਸ਼ੁਰ ਦੀ ਉਸ ਕਿਰਪਾ ਦੀ ਮੁਖ਼ਤਿਆਰੀ . . . ਜਿਹੜੀ ਮੈਨੂੰ ਤੁਹਾਡੇ ਲਈ ਦਾਨ ਹੋਈ,” ਬਾਰੇ ਗੱਲ ਕੀਤੀ। (ਅਫ਼. 3:2; ਕੁਲ 1:25) ਉਸ ਨੇ ਪਰਾਈਆਂ ਕੌਮਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਆਪਣੀ ਕਾਰਜ-ਨਿਯੁਕਤੀ ਨੂੰ ਇਕ ਮੁਖ਼ਤਿਆਰੀ ਵਜੋਂ ਵਿਚਾਰਿਆ, ਜਿਸ ਨੂੰ ਉਸ ਨੇ ਵਫ਼ਾਦਾਰੀ ਨਾਲ ਪੂਰਾ ਕਰਨਾ ਸੀ। (ਰਸੂ. 9:15; 22:21) ਪਤਰਸ ਰਸੂਲ ਨੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਨੂੰ ਲਿਖਿਆ: “ਮੱਥੇ ਵੱਟ ਪਾਇਆਂ ਬਿਨਾ ਇੱਕ ਦੂਏ ਦੀ ਪਰਾਹੁਣਚਾਰੀ ਕਰੋ। ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ।” (1 ਪਤ. 4:9, 10; ਇਬ. 13:16) ਪਹਿਲੀ ਸਦੀ ਦੇ ਇਨ੍ਹਾਂ ਮਸੀਹੀਆਂ ਕੋਲ ਮਾਲੀ ਤੌਰ ਤੇ ਜੋ ਕੁਝ ਵੀ ਸੀ, ਉਹ ਯਹੋਵਾਹ ਦੀ ਕਿਰਪਾ ਨਾਲ ਹੀ ਸੀ। ਇਸ ਲਈ, ਉਹ ਇਨ੍ਹਾਂ ਚੀਜ਼ਾਂ ਦੇ ਮੁਖ਼ਤਿਆਰ ਸਨ ਅਤੇ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਨੂੰ ਮਸੀਹੀ ਤਰੀਕੇ ਨਾਲ ਵਰਤਣ ਦੀ ਲੋੜ ਸੀ।

3 ਅੱਜ, ਯਹੋਵਾਹ ਦੇ ਗਵਾਹ ਵੀ ਮਾਮਲਿਆਂ ਨੂੰ ਇਸੇ ਨਜ਼ਰ ਤੋਂ ਦੇਖਦੇ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਹੈ ਅਤੇ ਉਨ੍ਹਾਂ ਕੋਲ ਜੋ ਕੁਝ ਵੀ ਹੈ—ਉਨ੍ਹਾਂ ਦਾ ਜੀਵਨ, ਉਨ੍ਹਾਂ ਦੀ ਸਰੀਰਕ ਸ਼ਕਤੀ, ਉਨ੍ਹਾਂ ਦੀ ਭੌਤਿਕ ਸੰਪਤੀ—ਇਨ੍ਹਾਂ ਨੂੰ ਉਹ “ਪਰਮੇਸ਼ੁਰ ਦੀ ਬਹੁਰੰਗੀ ਕਿਰਪਾ” ਦਾ ਫਲ ਵਿਚਾਰਦੇ ਹਨ। ਨੇਕ ਮੁਖ਼ਤਿਆਰ ਵਜੋਂ, ਉਹ ਇਨ੍ਹਾਂ ਚੀਜ਼ਾਂ ਨੂੰ ਜਿਸ ਤਰੀਕੇ ਨਾਲ ਵਰਤਦੇ ਹਨ, ਉਸ ਲਈ ਯਹੋਵਾਹ ਪਰਮੇਸ਼ੁਰ ਅੱਗੇ ਜਵਾਬਦੇਹ ਮਹਿਸੂਸ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਦਾ ਗਿਆਨ ਦਿੱਤਾ ਗਿਆ ਹੈ। ਇਹ ਵੀ ਇਕ ਅਮਾਨਤ ਹੈ ਜਿਸ ਨੂੰ ਉਹ ਸਭ ਤੋਂ ਚੰਗੇ ਤਰੀਕੇ ਨਾਲ ਵਰਤਣਾ ਚਾਹੁੰਦੇ ਹਨ: ਯਹੋਵਾਹ ਦੇ ਨਾਂ ਦੀ ਵਡਿਆਈ ਕਰਨ ਲਈ ਅਤੇ ਦੂਜਿਆਂ ਨੂੰ ਸੱਚਾਈ ਦੇ ਗਿਆਨ ਤਕ ਪਹੁੰਚਣ ਵਿਚ ਮਦਦ ਦੇਣ ਲਈ।—ਮੱਤੀ 28:19, 20; 1 ਤਿਮੋ. 2:3, 4; 2 ਤਿਮੋ. 1:13, 14.

4 ਯਹੋਵਾਹ ਦੇ ਗਵਾਹ ਮੁਖ਼ਤਿਆਰ ਵਜੋਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾ ਰਹੇ ਹਨ? ਸਾਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਕੇਵਲ ਪਿਛਲੇ ਸਾਲ ਵਿਚ ਹੀ, ਉਨ੍ਹਾਂ ਨੇ ਸੰਸਾਰ ਭਰ ਵਿਚ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਵਿਚ ਇਕ ਅਰਬ ਤੋਂ ਵੱਧ ਘੰਟੇ ਬਿਤਾਏ ਅਤੇ ਰੁਚੀ ਰੱਖਣ ਵਾਲੇ ਵਿਅਕਤੀਆਂ ਨਾਲ 45,00,000 ਤੋਂ ਵੱਧ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕੀਤੇ। (ਮੱਤੀ 24:14) ਯਹੋਵਾਹ ਦੇ ਮੁਖ਼ਤਿਆਰਾਂ ਵਜੋਂ ਉਨ੍ਹਾਂ ਦੀ ਵਫ਼ਾਦਾਰੀ ਇਸ ਤੋਂ ਵੀ ਦੇਖੀ ਗਈ ਕਿ ਉਨ੍ਹਾਂ ਨੇ ਵਿਸ਼ਵ-ਵਿਆਪੀ ਕਾਰਜ ਲਈ ਅਤੇ ਸਥਾਨਕ ਰਾਜ ਗ੍ਰਹਿਆਂ ਦੀ ਸੰਭਾਲ ਲਈ ਉਦਾਰ ਚੰਦੇ ਦਿੱਤੇ, ਸਫ਼ਰੀ ਨਿਗਾਹਬਾਨਾਂ ਅਤੇ ਦੂਜਿਆਂ ਦੀ ਪਰਾਹੁਣਚਾਰੀ ਕੀਤੀ, ਅਤੇ ਲੋੜਵੰਦਾਂ—ਜਿਵੇਂ ਕਿ ਹਥਿਆਰਬੰਦ ਲੜਾਈਆਂ ਦੇ ਸ਼ਿਕਾਰਾਂ—ਨੂੰ ਬੇਮਿਸਾਲ ਦਿਆਲਗੀ ਦਿਖਾਈ। ਇਕ ਸਮੂਹ ਵਜੋਂ, ਸੱਚੇ ਮਸੀਹੀ ਆਪਣੇ ਮਾਲਕ ਦੇ ਮਾਲ ਮਤੇ ਦੀ ਚੰਗੀ ਦੇਖ-ਭਾਲ ਕਰ ਰਹੇ ਹਨ।

“ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ”

5 ਮੁਖ਼ਤਿਆਰੀ ਨਾ ਕੇਵਲ ਨਿੱਜੀ ਪੱਧਰ ਤੇ ਬਲਕਿ ਸੰਸਥਾਈ ਪੱਧਰ ਤੇ ਵੀ ਦਿੱਤੀ ਗਈ ਹੈ। ਯਿਸੂ ਨੇ ਧਰਤੀ ਉੱਤੇ ਮਸਹ ਕੀਤੀ ਹੋਈ ਮਸੀਹੀ ਕਲੀਸਿਯਾ ਨੂੰ “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਸੱਦਿਆ। (ਲੂਕਾ 12:42) ਇਸ ‘ਮਾਤਬਰ ਮੁਖ਼ਤਿਆਰ’ ਦੀ ਜ਼ਿੰਮੇਵਾਰੀ, “ਰਸਤ” ਮੁਹੱਈਆ ਕਰਨਾ ਅਤੇ ਖ਼ੁਸ਼ ਖ਼ਬਰੀ ਦੇ ਕੌਮਾਂਤਰੀ ਪ੍ਰਚਾਰ-ਕੰਮ ਵਿਚ ਅਗਵਾਈ ਕਰਨਾ ਹੈ। (ਪਰ. 12:17) ਇਸ ਸੰਬੰਧ ਵਿਚ, ਮਾਤਬਰ ਮੁਖ਼ਤਿਆਰ ਵਰਗ, ਜਿਸ ਦੀ ਪ੍ਰਤਿਨਿਧਤਾ ਪ੍ਰਬੰਧਕ ਸਭਾ ਕਰਦੀ ਹੈ, ਇਸ ਗੱਲ ਲਈ ਜ਼ਿੰਮੇਵਾਰ ਹੈ ਕਿ ਵਿਸ਼ਵ-ਵਿਆਪੀ ਕਾਰਜ ਲਈ ਦਿੱਤੇ ਗਏ ਮਾਲੀ ਚੰਦਿਆਂ ਦੀ ਕਿਵੇਂ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰਾ ਚੰਦਾ ਭਰੋਸੇ ਦੇ ਆਧਾਰ ਤੇ ਦਿੱਤਾ ਜਾਂਦਾ ਹੈ, ਅਤੇ “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਇਹ ਨਿਸ਼ਚਿਤ ਕਰਨ ਲਈ ਜ਼ਿੰਮੇਵਾਰ ਹੈ ਕਿ ਇਹ ਚੰਦਾ ਉਸੇ ਉਦੇਸ਼ ਲਈ ਵਰਤਿਆ ਜਾਵੇ ਜਿਸ ਲਈ ਇਹ ਦਿੱਤਾ ਗਿਆ ਸੀ ਅਤੇ ਕਿ ਇਸ ਨੂੰ ਬੁੱਧੀਮਤਾ ਨਾਲ, ਕਿਫ਼ਾਇਤੀ ਢੰਗ ਨਾਲ, ਅਤੇ ਗੁਣਕਾਰੀ ਤਰੀਕੇ ਨਾਲ ਵਰਤਿਆ ਜਾਵੇ।

6 ਚੰਦੇ ਦੇ ਰੂਪ ਵਿਚ ਮਿਲੇ ਪੈਸਿਆਂ ਦੀ ਬੁੱਧੀਮਾਨ ਵਰਤੋਂ ਦੀ ਇਕ ਮਿਸਾਲ, ਇਸ 20ਵੀਂ ਸਦੀ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਛਪਾਈ ਦੇ ਕੰਮ ਵਿਚ ਹੋਈ ਤਰੱਕੀ ਤੋਂ ਨਜ਼ਰ ਆਉਂਦੀ ਹੈ। ਬਾਈਬਲਾਂ ਅਤੇ ਬਾਈਬਲ ਸਾਹਿੱਤ—ਰਸਾਲੇ, ਪੁਸਤਕਾਂ, ਵੱਡੀਆਂ ਪੁਸਤਿਕਾਵਾਂ, ਪੁਸਤਿਕਾਵਾਂ, ਟ੍ਰੈਕਟ, ਅਤੇ ਕਿੰਗਡਮ ਨਿਊਜ਼—ਦੀ ਵੰਡਾਈ ਨੇ ਇਨ੍ਹਾਂ “ਅੰਤ ਦਿਆਂ ਦਿਨਾਂ” ਦੌਰਾਨ “ਖੁਸ਼ ਖਬਰੀ” ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। (ਮਰ. 13:10; 2 ਤਿਮੋ. 3:1) ਅਤੇ ਪਹਿਰਾਬੁਰਜ ਰਸਾਲਾ “ਪਰਮੇਸ਼ੁਰ ਦੇ ਘਰਾਣੇ” ਨੂੰ ਅਤੇ ਉਨ੍ਹਾਂ ਦੇ ਸਾਥੀਆਂ, ਅਰਥਾਤ ‘ਹੋਰ ਭੇਡਾਂ’ ਦੀ “ਵੱਡੀ ਭੀੜ” ਨੂੰ ‘ਵੇਲੇ ਸਿਰ ਰਸਤ’ ਦੇਣ ਦਾ ਮੁੱਖ ਸਾਧਨ ਰਿਹਾ ਹੈ।—ਮੱਤੀ 24:45; ਅਫ਼. 2:19; ਪਰ. 7:9; ਯੂਹੰ. 10:16.

7 ਸ਼ੁਰੂ-ਸ਼ੁਰੂ ਵਿਚ, ਯਹੋਵਾਹ ਦੇ ਗਵਾਹਾਂ ਦਾ ਸਾਰਾ ਸਾਹਿੱਤ ਕਮਰਸ਼ਲ ਪ੍ਰਿੰਟਰਜ਼ ਦੁਆਰਾ ਛਾਪਿਆ ਜਾਂਦਾ ਸੀ। ਪਰੰਤੂ 1920 ਦੇ ਦਹਾਕੇ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਜੇ ਯਹੋਵਾਹ ਦੇ ਸੇਵਕ ਖ਼ੁਦ ਛਪਾਈ ਕਰਨ, ਤਾਂ ਇਹ ਜ਼ਿਆਦਾ ਵਧੀਆ ਅਤੇ ਕਿਫ਼ਾਇਤੀ ਹੋਵੇਗਾ। ਸਾਲ 1920 ਵਿਚ ਛੋਟੇ ਪੱਧਰ ਤੇ ਸ਼ੁਰੂ ਹੋ ਕੇ, ਬਰੁਕਲਿਨ, ਨਿਊਯਾਰਕ, ਵਿਚ ਛਪਾਈ ਦਾ ਕੰਮ ਹੌਲੀ-ਹੌਲੀ ਵਧਦੇ ਹੋਏ ਇਕ ਵਿਸ਼ਾਲ ਪੱਧਰ ਤੇ ਕੀਤਾ ਜਾਣ ਲੱਗਾ। ਸਾਲ 1967 ਤਕ, ਉਸ ਸ਼ਹਿਰ ਵਿਚ ਛਪਾਈ ਕਾਰਜ ਲਈ ਚਾਰ ਇਮਾਰਤੀ ਬਲਾਕ ਵਰਤੇ ਜਾ ਰਹੇ ਸਨ। ਦੂਜੇ ਦੇਸ਼ਾਂ ਵਿਚ ਵੀ ਛਪਾਈ ਦਾ ਕੰਮ ਕੀਤਾ ਜਾਂਦਾ ਸੀ, ਪਰੰਤੂ ਇਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ਾਂ ਵਿਚ ਵਿਸ਼ਵ ਯੁੱਧ II ਦੇ ਕਾਰਨ ਛਪਾਈ ਦਾ ਕੰਮ ਰੁਕ ਗਿਆ ਸੀ।

8 ਸੰਯੁਕਤ ਰਾਜ ਅਮਰੀਕਾ ਵਿਚ ਛਾਪਣ-ਵਿਵਸਥਾ ਭਾਵੇਂ ਜਿੰਨੀ ਵੀ ਵਧਦੀ ਗਈ, ਫਿਰ ਵੀ ਇਹ ਪੂਰੇ ਸੰਸਾਰ ਦੀ ਲੋੜ ਪੂਰੀ ਕਰਨ ਲਈ ਕਾਫ਼ੀ ਵੱਡੀ ਨਹੀਂ ਸੀ। ਇਸ ਲਈ, ਯੁੱਧ ਦੇ ਬਾਅਦ ਦੇ ਸਾਲਾਂ ਵਿਚ, ਦੂਜੇ ਬਹੁਤ ਸਾਰੇ ਦੇਸ਼ਾਂ, ਜਿਨ੍ਹਾਂ ਵਿਚ ਇੰਗਲੈਂਡ, ਸਵਿਟਜ਼ਰਲੈਂਡ, ਕੈਨੇਡਾ, ਡੈਨਮਾਰਕ, ਦੱਖਣੀ ਅਫ਼ਰੀਕਾ, ਪੱਛਮੀ ਜਰਮਨੀ, ਅਤੇ ਯੂਨਾਨ ਵੀ ਸ਼ਾਮਲ ਸਨ, ਵਿਚ ਛਾਪਣ-ਵਿਵਸਥਾ ਸ਼ੁਰੂ ਕੀਤੀ ਗਈ ਜਾਂ ਪਹਿਲਾਂ ਤੋਂ ਹੀ ਚਾਲੂ ਸੀ। 1970 ਦੇ ਦਹਾਕੇ ਦੇ ਮੁਢਲੇ ਭਾਗ ਤਕ, ਇਸ ਸੂਚੀ ਵਿਚ ਆਸਟ੍ਰੇਲੀਆ, ਘਾਨਾ, ਜਪਾਨ, ਨਾਈਜੀਰੀਆ, ਫਿਨਲੈਂਡ, ਫ਼ਿਲਪੀਨ, ਅਤੇ ਬ੍ਰਾਜ਼ੀਲ ਵੀ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਕੁਝ ਦੇਸ਼ਾਂ ਨੇ ਜਿਲਦਬੱਧ ਪੁਸਤਕਾਂ ਵੀ ਤਿਆਰ ਕੀਤੀਆਂ। ਨਾਲੇ 1970 ਦੇ ਦਹਾਕੇ ਦੇ ਮੁਢਲੇ ਭਾਗ ਵਿਚ, ਗਿਲੀਅਡ ਮਿਸ਼ਨਰੀਆਂ ਨੂੰ ਛਾਪਣ-ਕਲਾ ਵਿਚ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਕੁਝ ਦੇਸ਼ਾਂ ਵਿਚ ਘੱਲਿਆ ਗਿਆ ਤਾਂਕਿ ਉਹ ਛਪਾਈ ਦੇ ਕੰਮ ਵਿਚ ਸਥਾਨਕ ਭਰਾਵਾਂ ਦੀ ਮਦਦ ਕਰ ਸਕਣ।

9 ਉੱਨੀ ਸੌ ਅੱਸੀ ਦੇ ਦਹਾਕੇ ਦੌਰਾਨ, ਰਸਾਲੇ ਛਾਪਣ ਵਾਲੇ ਦੇਸ਼ਾਂ ਦੀ ਗਿਣਤੀ 51 ਤਕ ਪਹੁੰਚ ਗਈ ਸੀ, ਜੋ ਕਿ ਇਕ ਸਿਖਰ ਸੀ।a ਇਹ ਸਾਰਾ ਕੰਮ ਮਾਲਕ ਦੇ ਮਾਲ ਮਤੇ ਦੀ ਕਿੰਨੀ ਚੰਗੀ ਵਰਤੋਂ ਸਾਬਤ ਹੋਈ! ਰਾਜ ਦੇ ਕੰਮ ਦੀ ਤਰੱਕੀ ਦਾ ਕਿੰਨਾ ਵੱਡਾ ਸਬੂਤ! ਅਤੇ ਲੱਖਾਂ ਯਹੋਵਾਹ ਦੇ ਗਵਾਹਾਂ ਦੇ ਖੁੱਲ੍ਹ-ਦਿਲੇ ਸਮਰਥਨ ਦਾ ਕਿੰਨਾ ਜ਼ਬਰਦਸਤ ਪ੍ਰਮਾਣ, ਜਿਨ੍ਹਾਂ ਨੇ ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕੀਤੀ’! (ਕਹਾ. 3:9) ਇਸ ਤਰ੍ਹਾਂ, ਉਨ੍ਹਾਂ ਨੇ ਆਪਣੇ ਆਪ ਨੂੰ ਉਨ੍ਹਾਂ ਚੀਜ਼ਾਂ ਦੇ ਨੇਕ ਮੁਖ਼ਤਿਆਰ ਸਿੱਧ ਕੀਤਾ, ਜਿਨ੍ਹਾਂ ਚੀਜ਼ਾਂ ਦੀ ਯਹੋਵਾਹ ਨੇ ਉਨ੍ਹਾਂ ਨੂੰ ਵਿਭਿੰਨ ਤਰੀਕਿਆਂ ਨਾਲ ਬਰਕਤ ਦਿੱਤੀ ਸੀ।

ਛਾਪਣ-ਵਿਧੀ ਵਿਚ ਤਬਦੀਲੀ

10 ਉੱਨੀ ਸੌ ਸੱਤਰ ਦੇ ਦਹਾਕੇ ਦੌਰਾਨ ਅਤੇ 1980 ਦੇ ਦਹਾਕੇ ਦੇ ਮੁਢਲੇ ਭਾਗ ਵਿਚ, ਛਪਾਈ ਦੀ ਤਕਨਾਲੋਜੀ ਨੇ ਵੱਡੀ ਉੱਨਤੀ ਕੀਤੀ, ਅਤੇ ਯਹੋਵਾਹ ਦੇ ਗਵਾਹਾਂ ਨੇ ਨਵੀਆਂ ਛਾਪਣ-ਵਿਧੀਆਂ ਨੂੰ ਅਪਣਾਇਆ। ਪਹਿਲਾਂ, ਉਹ ਛਪਾਈ ਦਾ ਰਵਾਇਤੀ ਲੈਟਰਪ੍ਰੈੱਸ ਤਰੀਕਾ ਇਸਤੇਮਾਲ ਕਰਦੇ ਸਨ। ਇਹ ਸਹਿਜੇ-ਸਹਿਜੇ ਬਦਲਣ ਲੱਗਾ, ਜਿਉਂ-ਜਿਉਂ ਉਨ੍ਹਾਂ ਨੇ ਜ਼ਿਆਦਾ ਆਧੁਨਿਕ ਆਫਸੈੱਟ ਛਪਾਈ ਸ਼ੁਰੂ ਕੀਤੀ। ਸਿੱਟੇ ਵਜੋਂ, ਪੁਰਾਣੇ ਲੈਟਰਪ੍ਰੈੱਸ ਉੱਤੇ ਛਪਣ ਵਾਲੀਆਂ ਦੋ-ਰੰਗੀ ਤਸਵੀਰਾਂ (ਕਾਲੇ ਸਮੇਤ ਇਕ ਹੋਰ ਰੰਗ) ਦੀ ਬਜਾਇ, ਪੂਰਣ-ਰੰਗੀ ਤਸਵੀਰਾਂ ਵਾਲੇ ਸੁੰਦਰ ਪ੍ਰਕਾਸ਼ਨ ਛਾਪੇ ਜਾ ਰਹੇ ਹਨ। ਇਸ ਤੋਂ ਇਲਾਵਾ, ਕੰਪਿਊਟਰ ਤਕਨਾਲੋਜੀ ਨੇ ਪੂਰਵ-ਛਪਾਈ ਪ੍ਰਕ੍ਰਿਆ (ਛਪਾਈ ਤੋਂ ਪਹਿਲਾਂ ਕੀਤੀ ਗਈ ਤਿਆਰੀ) ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ਯਹੋਵਾਹ ਦੇ ਗਵਾਹਾਂ ਨੇ ਬਹੁਭਾਸ਼ੀ ਇਲੈਕਟ੍ਰਾਨਿਕ ਫ਼ੋਟੋਟਾਈਪਸੈਟਿੰਗ ਪ੍ਰਣਾਲੀ (ਮੈੱਪਸ) ਤਿਆਰ ਕੀਤੀ। ਇਹ ਇਕ ਕੰਪਿਊਟਰਕ੍ਰਿਤ ਪ੍ਰਣਾਲੀ ਹੈ ਜੋ ਹੁਣ 370 ਤੋਂ ਵੱਧ ਭਾਸ਼ਾਵਾਂ ਵਿਚ ਛਪਾਈ ਨੂੰ ਮੁਮਕਿਨ ਬਣਾਉਂਦੀ ਹੈ। ਇੰਨੀ ਸਾਰੀਆਂ ਭਾਸ਼ਾਵਾਂ ਵਿਚ ਕੰਮ ਕਰਨ ਦੀ ਯੋਗਤਾ ਦੇ ਮਾਮਲੇ ਵਿਚ ਹੋਰ ਕੋਈ ਵੀ ਦੂਸਰਾ ਕਮਰਸ਼ਲ ਪ੍ਰੋਗ੍ਰਾਮ ਮੈੱਪਸ ਦੀ ਬਰਾਬਰੀ ਨਹੀਂ ਕਰ ਸਕਦਾ ਹੈ।

11 ਮੈੱਪਸ ਕੰਪਿਊਟਰ ਤਕਨਾਲੋਜੀ ਅਤੇ ਇਲੈਕਟ੍ਰਾਨਿਕ ਮੇਲ ਵਰਗੀਆਂ ਦੂਜੀਆਂ ਨਵੀਆਂ ਕਾਢਾਂ ਦੀ ਵਰਤੋਂ ਦੇ ਸਦਕਾ, ਵੇਲੇ ਸਿਰ ਭੋਜਨ ਤਿਆਰ ਕਰਨ ਦੇ ਕੰਮ ਵਿਚ ਇਕ ਹੋਰ ਵੱਡੀ ਉੱਨਤੀ ਕੀਤੀ ਗਈ ਸੀ। ਪਹਿਲਾਂ, ਪੁਰਾਣੀ ਤਕਨਾਲੋਜੀ ਦੀ ਵਰਤੋਂ ਨਾਲ, ਗ਼ੈਰ-ਅੰਗ੍ਰੇਜ਼ੀ-ਭਾਸ਼ੀ ਰਸਾਲਿਆਂ ਵਿਚ ਉਹ ਜਾਣਕਾਰੀ ਛਪਦੀ ਸੀ ਜੋ ਅੰਗ੍ਰੇਜ਼ੀ ਰਸਾਲੇ ਵਿਚ ਕਈ ਮਹੀਨਿਆਂ ਪਹਿਲਾਂ ਜਾਂ ਇੱਥੋਂ ਤਕ ਕਿ ਇਕ ਸਾਲ ਪਹਿਲਾਂ ਛਾਪੀ ਗਈ ਸੀ। ਹੁਣ, ਪਹਿਰਾਬੁਰਜ 115 ਭਾਸ਼ਾਵਾਂ ਵਿਚ, ਅਤੇ ਜਾਗਰੂਕ ਬਣੋ! 62 ਭਾਸ਼ਾਵਾਂ ਵਿਚ ਇੱਕੋ ਸਮੇਂ ਤੇ ਛਪਦੇ ਹਨ। ਇਸ ਦਾ ਇਹ ਅਰਥ ਹੈ ਕਿ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਸਪਤਾਹਕ ਪਹਿਰਾਬੁਰਜ ਅਧਿਐਨ ਵਿਚ ਹਾਜ਼ਰ ਹੋਣ ਵਾਲੇ 95 ਪ੍ਰਤਿਸ਼ਤ ਤੋਂ ਵੱਧ ਲੋਕ ਇੱਕੋ ਸਮੇਂ ਤੇ ਇੱਕੋ ਵਿਸ਼ੇ ਦੀ ਚਰਚਾ ਕਰਦੇ ਹਨ। ਇਹ ਕਿੰਨੀ ਵੱਡੀ ਬਰਕਤ ਹੈ! ਅਜਿਹੀ ਸਾਰੀ ਨਵੀ ਤਕਨਾਲੋਜੀ ਦਾ ਲਾਭ ਉਠਾਉਣਾ, ਯਕੀਨਨ ਮਾਲਕ ਦੇ ਮਾਲ ਮਤੇ ਦੀ ਚੰਗੀ ਵਰਤੋਂ ਸੀ!

ਪ੍ਰਬੰਧ ਸੰਬੰਧੀ ਵੱਖਰੀਆਂ ਲੋੜਾਂ

12 ਇਨ੍ਹਾਂ ਨਵੀਆਂ ਪ੍ਰਣਾਲੀਆਂ ਨੇ ਯਹੋਵਾਹ ਦੇ ਗਵਾਹਾਂ ਦੀਆਂ ਵਿਸ਼ਵ-ਵਿਆਪੀ ਛਪਾਈ-ਪ੍ਰਬੰਧ ਸੰਬੰਧੀ ਲੋੜਾਂ ਨੂੰ ਬਦਲ ਦਿੱਤਾ। ਵੈੱਬ ਆਫਸੈੱਟ ਪ੍ਰੈੱਸ ਪੁਰਾਣੇ ਲੈਟਰਪ੍ਰੈੱਸਾਂ ਨਾਲੋਂ ਕਿਤੇ ਜ਼ਿਆਦਾ ਤੇਜ਼ ਹਨ, ਪਰੰਤੂ ਇਹ ਕਿਤੇ ਜ਼ਿਆਦਾ ਮਹਿੰਗੇ ਵੀ ਹਨ। ਕੰਪਿਊਟਰ ਪ੍ਰਣਾਲੀਆਂ ਜਿਨ੍ਹਾਂ ਦੁਆਰਾ ਛਪਾਈ ਨਾਲ ਸੰਬੰਧਿਤ ਕੰਮ, ਜਿਵੇਂ ਕਿ ਸਾਮੱਗਰੀ ਨੂੰ ਲਿਖਣ, ਅਨੁਵਾਦ ਕਰਨ, ਆਰਟ, ਅਤੇ ਗ੍ਰਾਫ਼ਿਕਸ ਦੇ ਕੰਮ ਕੀਤੇ ਜਾ ਸਕਦੇ ਹਨ, ਹਾਲਾਂਕਿ ਪੁਰਾਣੀਆਂ ਪ੍ਰਣਾਲੀਆਂ ਨਾਲੋਂ ਕਿਤੇ ਜ਼ਿਆਦਾ ਸੰਭਾਵਨਾਵਾਂ ਪੇਸ਼ ਕਰਦੀਆਂ ਹਨ, ਪਰ ਇਹ ਜ਼ਿਆਦਾ ਮਹਿੰਗੀਆਂ ਵੀ ਹਨ। ਛੇਤੀ ਹੀ ਇਹ ਸਪੱਸ਼ਟ ਹੋ ਗਿਆ ਕਿ 51 ਦੇਸ਼ਾਂ ਵਿਚ ਰਸਾਲੇ ਛਾਪਣਾ ਹੁਣ ਕਿਫ਼ਾਇਤੀ ਨਹੀਂ ਹੋਵੇਗਾ। ਇਸ ਲਈ, 1990 ਦੇ ਦਹਾਕੇ ਵਿਚ, ‘ਮਾਤਬਰ ਮੁਖ਼ਤਿਆਰ’ ਨੇ ਹਾਲਾਤ ਦੀ ਫਿਰ ਤੋਂ ਜਾਂਚ ਕੀਤੀ। ਸਿੱਟਾ ਕੀ ਨਿਕਲਿਆ?

13 ਅਧਿਐਨ ਨੇ ਸੰਕੇਤ ਕੀਤਾ ਕਿ ਜੇਕਰ ਛਪਾਈ ਕਾਰਜ ਨੂੰ ਇਕੱਠਾ ਕੀਤਾ ਜਾਵੇ, ਤਾਂ ਇਹ ਯਹੋਵਾਹ ਦੇ ਗਵਾਹਾਂ ਅਤੇ ਉਨ੍ਹਾਂ ਦੇ ਮਿੱਤਰਾਂ ਦੁਆਰਾ ਦਾਨ ਕੀਤੇ ਗਏ ਵਡਮੁੱਲੇ “ਮਾਲ” ਦੀ ਬਿਹਤਰ ਤਰੀਕੇ ਨਾਲ ਵਰਤੋਂ ਹੋਵੇਗੀ। ਇਸ ਲਈ ਛਪਾਈ ਕਰਨ ਵਾਲੀਆਂ ਸ਼ਾਖਾਵਾਂ ਦੀ ਗਿਣਤੀ ਸਹਿਜੇ-ਸਹਿਜੇ ਘਟਾਈ ਗਈ। ਹੁਣ ਪੂਰਬੀ ਅਤੇ ਪੱਛਮੀ ਯੂਰਪ ਦੇ ਕਈ ਦੇਸ਼ਾਂ ਲਈ ਰਸਾਲੇ ਅਤੇ ਸਾਹਿੱਤ ਛਾਪਣ ਦਾ ਕੰਮ ਜਰਮਨੀ ਸੰਭਾਲਦਾ ਹੈ, ਅਤੇ ਇਨ੍ਹਾਂ ਵਿਚ ਕੁਝ ਉਹ ਦੇਸ਼ ਵੀ ਸ਼ਾਮਲ ਹਨ ਜੋ ਪਹਿਲਾਂ ਆਪਣਾ ਸਾਹਿੱਤ ਖ਼ੁਦ ਛਾਪਦੇ ਸਨ। ਅਫ਼ਰੀਕਾ ਅਤੇ ਦੱਖਣ-ਪੂਰਬੀ ਯੂਰਪ ਦੇ ਕੁਝ ਭਾਗਾਂ ਨੂੰ, ਜਿਸ ਵਿਚ ਅਲਬਾਨੀਆ ਅਤੇ ਯੂਨਾਨ ਸ਼ਾਮਲ ਹਨ, ਇਟਲੀ ਸਾਹਿੱਤ ਮੁਹੱਈਆ ਕਰਦਾ ਹੈ। ਅਫ਼ਰੀਕਾ ਵਿਚ, ਰਸਾਲੇ ਸਿਰਫ਼ ਦੱਖਣੀ ਅਫ਼ਰੀਕਾ ਅਤੇ ਨਾਈਜੀਰੀਆ ਵਿਚ ਛਾਪੇ ਜਾਂਦੇ ਹਨ। ਇਸੇ ਤਰ੍ਹਾਂ ਸੰਸਾਰ ਭਰ ਵਿਚ ਛਪਾਈ-ਕਾਰਜ ਨੂੰ ਇਕੱਠਾ ਕੀਤਾ ਗਿਆ।

ਵਿਚਾਰ ਕਰਨ ਯੋਗ ਗੱਲਾਂ

14 ਜੁਲਾਈ 1998 ਤਕ, ਰਸਾਲਿਆਂ ਦੀ ਛਪਾਈ ਕਈ ਯੂਰਪੀ ਦੇਸ਼ਾਂ ਵਿਚ ਬੰਦ ਹੋ ਚੁੱਕੀ ਹੋਵੇਗੀ, ਜਿਨ੍ਹਾਂ ਵਿਚ ਆਸਟ੍ਰੀਆ, ਸਵਿਟਜ਼ਰਲੈਂਡ, ਡੈਨਮਾਰਕ, ਨੀਦਰਲੈਂਡਜ਼, ਫ਼ਰਾਂਸ, ਅਤੇ ਯੂਨਾਨ ਸ਼ਾਮਲ ਹਨ। ਯੂਰਪ ਵਿਚ ਛਪਾਈ-ਕਾਰਜ ਦਾ ਭਾਰ ਇਟਲੀ, ਸਪੇਨ, ਸਵੀਡਨ, ਜਰਮਨੀ, ਫਿਨਲੈਂਡ, ਅਤੇ ਬਰਤਾਨੀਆ ਉਠਾਉਣਗੇ। ਇਸ ਗੱਲ ਦਾ ਕਿਵੇਂ ਫ਼ੈਸਲਾ ਕੀਤਾ ਗਿਆ ਕਿ ਕਿਹੜੇ ਦੇਸ਼ਾਂ ਵਿਚ ਛਪਾਈ ਜਾਰੀ ਰਹੇਗੀ ਅਤੇ ਕਿਹੜੇ ਦੇਸ਼ਾਂ ਵਿਚ ਛਪਾਈ ਬੰਦ ਕੀਤੀ ਜਾਵੇਗੀ? ਮਾਲਕ ਦੇ ਮਾਲ ਮਤੇ ਦੀ ਬੁੱਧੀਮਤਾ ਨਾਲ ਦੇਖ-ਭਾਲ ਕਰਨ ਦੀ ਆਪਣੀ ਜ਼ਿੰਮੇਵਾਰੀ ਦੇ ਅਨੁਸਾਰ, ‘ਮਾਤਬਰ ਮੁਖ਼ਤਿਆਰ’ ਨੇ ਹਰੇਕ ਥਾਂ ਵਿਚ ਛਪਾਈ ਦੇ ਖ਼ਰਚੇ ਅਤੇ ਇਸ ਨਾਲ ਸੰਬੰਧਿਤ ਵੰਡਾਈ ਦੇ ਖ਼ਰਚਿਆਂ ਦਾ ਵੀ ਧਿਆਨ ਨਾਲ ਮੁੱਲਾਂਕਣ ਕੀਤਾ। ਇਹ ਦੇਖਣ ਲਈ ਕਿ ਕਿਸ ਦੇਸ਼ ਵਿਚ ਕਾਨੂੰਨੀ ਤੌਰ ਤੇ ਸਭ ਤੋਂ ਅਨੁਕੂਲ ਹਾਲਾਤ ਵਿਚ ਸਾਹਿੱਤ ਛਾਪਿਆ ਅਤੇ ਵੰਡਿਆ ਜਾ ਸਕਦਾ ਹੈ, ਉਸ ਨੇ ਹਰੇਕ ਦੇਸ਼ ਦੇ ਕਾਨੂੰਨਾਂ ਦਾ ਵੀ ਮੁੱਲਾਂਕਣ ਕੀਤਾ।

15 ਵਿਵਹਾਰਕਤਾ ਇਕ ਸਭ ਤੋਂ ਵੱਡਾ ਕਾਰਨ ਸੀ ਕਿ ਕਿਉਂ ਕੁਝ ਦੇਸ਼ਾਂ ਵਿਚ ਛਪਾਈ-ਕਾਰਜ ਨੂੰ ਬੰਦ ਕਰ ਕੇ ਦੂਜਿਆਂ ਦੇਸ਼ਾਂ ਵਿਚ ਇਕੱਠਾ ਕੀਤਾ ਗਿਆ ਸੀ। ਇਕ ਦੇਸ਼ ਦਾ ਦੂਜੇ ਕਈ ਦੇਸ਼ਾਂ ਲਈ ਸਾਹਿੱਤ ਛਾਪਣਾ ਜ਼ਿਆਦਾ ਮੁਨਾਸਬ ਹੈ ਅਤੇ ਮਹਿੰਗੇ ਸਾਮਾਨ ਦੀ ਬਿਹਤਰ ਵਰਤੋਂ ਹੈ। ਹੁਣ ਛਪਾਈ ਉੱਥੇ ਕੀਤੀ ਜਾਂਦੀ ਹੈ ਜਿੱਥੇ ਖ਼ਰਚਾ ਘੱਟ ਹੁੰਦਾ ਹੈ, ਸਾਮਾਨ ਉਪਲਬਧ ਹੈ, ਅਤੇ ਸਾਹਿੱਤ ਦੀ ਭਿਜਵਾਈ-ਵਿਵਸਥਾ ਵਧੀਆ ਹੈ। ਇਸ ਤਰ੍ਹਾਂ, ਮਾਲਕ ਦੇ ਮਾਲ ਮਤੇ ਨੂੰ ਸਹੀ ਢੰਗ ਨਾਲ ਵਰਤਿਆ ਜਾ ਰਿਹਾ ਹੈ। ਨਿਰਸੰਦੇਹ, ਕਿਸੇ ਦੇਸ਼ ਵਿਚ ਛਪਾਈ-ਕਾਰਜ ਬੰਦ ਕਰਨ ਦਾ ਇਹ ਅਰਥ ਨਹੀਂ ਕਿ ਉੱਥੇ ਪ੍ਰਚਾਰ-ਕਾਰਜ ਰੁਕ ਜਾਵੇਗਾ। ਉਨ੍ਹਾਂ ਦੇਸ਼ਾਂ ਵਿਚ ਅਜੇ ਵੀ ਛਪੀ ਸਾਮੱਗਰੀ ਦੀ ਭਰਪੂਰ ਸਪਲਾਈ ਉਪਲਬਧ ਹੋਵੇਗੀ, ਅਤੇ ਉੱਥੇ ਲੱਖਾਂ ਯਹੋਵਾਹ ਦੇ ਗਵਾਹ ਜੋਸ਼ ਨਾਲ ਆਪਣੇ ਗੁਆਂਢੀਆਂ ਨੂੰ “ਮਿਲਾਪ ਦੀ ਖੁਸ਼ ਖਬਰੀ” ਸੁਣਾਉਣਾ ਜਾਰੀ ਰੱਖਣਗੇ। (ਅਫ਼. 2:17) ਨਾਲੇ, ਇਸ ਪੁਨਰ-ਪ੍ਰਬੰਧ ਨੇ ਮਾਲੀ ਫ਼ਾਇਦਿਆਂ ਤੋਂ ਇਲਾਵਾ ਦੂਜੇ ਲਾਭ ਵੀ ਲਿਆਂਦੇ ਹਨ।

16 ਇਕ ਲਾਭ ਇਹ ਹੋਇਆ ਹੈ ਕਿ ਸਵਿਟਜ਼ਰਲੈਂਡ, ਡੈਨਮਾਰਕ, ਨੀਦਰਲੈਂਡਜ਼, ਅਤੇ ਯੂਨਾਨ ਦੀਆਂ ਜ਼ਿਆਦਾਤਰ ਆਧੁਨਿਕ ਪ੍ਰੈੱਸਾਂ ਨੂੰ ਨਾਈਜੀਰੀਆ ਅਤੇ ਫ਼ਿਲਪੀਨ ਵਿਚ ਭੇਜ ਦਿੱਤਾ ਗਿਆ। ਯੂਰਪੀ ਦੇਸ਼ਾਂ ਦੇ ਨਿਪੁੰਨ ਪ੍ਰੈੱਸ-ਚਾਲਕਾਂ ਨੇ ਪ੍ਰੈੱਸਾਂ ਨਾਲ ਜਾ ਕੇ ਸਥਾਨਕ ਭਰਾਵਾਂ ਨੂੰ ਇਨ੍ਹਾਂ ਦੀ ਵਰਤੋਂ ਦੀ ਸਿਖਲਾਈ ਦੇਣ ਦਾ ਸੱਦਾ ਸਵੀਕਾਰ ਕੀਤਾ। ਇਸ ਤਰ੍ਹਾਂ, ਇਹ ਦੇਸ਼ ਵੀ ਉਹੋ ਉੱਚ ਦਰਜੇ ਦੇ ਰਸਾਲੇ ਪ੍ਰਾਪਤ ਕਰ ਰਹੇ ਹਨ ਜੋ ਦੂਜੇ ਦੇਸ਼ ਪ੍ਰਾਪਤ ਕਰ ਰਹੇ ਸਨ।

17 ਇਕ ਹੋਰ ਲਾਭ ਉੱਤੇ ਗੌਰ ਕਰੋ: ਹੁਣ ਘੱਟ ਦੇਸ਼ਾਂ ਵਿਚ ਛਪਾਈ ਹੋਣ ਕਰਕੇ ਰਸਾਲੇ ਛਾਪਣ ਦਾ ਖ਼ਰਚਾ ਘੱਟ ਗਿਆ ਹੈ। ਸਿੱਟੇ ਵਜੋਂ, ਜਿਹੜੇ ਦੇਸ਼ਾਂ ਵਿਚ ਛਪਾਈ ਬੰਦ ਹੋ ਗਈ ਹੈ, ਉੱਥੇ ਹੁਣ ਪੈਸੇ ਦੂਜੇ ਮਕਸਦਾਂ ਲਈ, ਜਿਵੇਂ ਕਿ ਰਾਜ ਗ੍ਰਹਿ ਉਸਾਰਨ ਲਈ ਅਤੇ ਗ਼ਰੀਬ ਦੇਸ਼ਾਂ ਵਿਚ ਰਹਿ ਰਹੇ ਸਾਡੇ ਭਰਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਦੇਣ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ, ਮਾਲਕ ਦੇ ਮਾਲ ਮਤੇ ਦੀ ਧਿਆਨਪੂਰਵਕ ਵਰਤੋਂ ਦਾ ਅਰਥ ਹੈ ਕਿ ਕੁਰਿੰਥੀਆਂ ਨੂੰ ਕਹੇ ਗਏ ਪੌਲੁਸ ਦੇ ਸ਼ਬਦ ਕੌਮਾਂਤਰੀ ਪੈਮਾਨੇ ਤੇ ਜ਼ਿਆਦਾ ਪ੍ਰਭਾਵਕਾਰੀ ਤਰੀਕੇ ਨਾਲ ਲਾਗੂ ਕੀਤੇ ਜਾ ਸਕਦੇ ਹਨ: “ਮੈਂ ਇਹ ਇਸ ਲਈ ਨਹੀਂ ਆਖਦਾ ਭਈ ਹੋਰਨਾਂ ਨੂੰ ਸੌਖ ਅਤੇ ਤੁਹਾਨੂੰ ਔਖ ਹੋਵੇ। ਸਗੋਂ ਬਰਾਬਰੀ ਹੋਵੇ ਭਈ ਐਤਕੀਂ ਤੁਹਾਡਾ ਵਾਧਾ ਓਹਨਾਂ ਦੇ ਘਾਟੇ ਨੂੰ ਪੂਰਾ ਕਰੇ . . . ਤਾਂ ਜੋ ਬਰਾਬਰੀ ਰਹੇ।”—2 ਕੁਰਿੰ. 8:13, 14.

18 ਛਪਾਈ-ਕਾਰਜ ਨੂੰ ਇਕੱਠਾ ਕਰਨ ਦੇ ਸਿੱਟੇ ਵਜੋਂ, ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਜ਼ਦੀਕੀ ਤੌਰ ਤੇ ਇਕ ਦੂਜੇ ਨਾਲ ਜੁੜ ਗਏ ਹਨ। ਡੈਨਮਾਰਕ ਦੇ ਗਵਾਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿ ਉਨ੍ਹਾਂ ਦੇ ਰਸਾਲੇ ਜਰਮਨੀ ਵਿਚ ਛਪਦੇ ਹਨ, ਹਾਲਾਂਕਿ ਉਹ ਪਹਿਲਾਂ ਖ਼ੁਦ ਆਪਣੇ ਰਸਾਲੇ ਛਾਪਦੇ ਸਨ। ਉਹ ਆਪਣੇ ਜਰਮਨ ਭਰਾਵਾਂ ਦੀ ਸੇਵਾ ਲਈ ਸ਼ੁਕਰਗੁਜ਼ਾਰ ਹਨ। ਕੀ ਜਰਮਨੀ ਵਿਚ ਯਹੋਵਾਹ ਦੇ ਗਵਾਹ ਇਸ ਗੱਲ ਤੇ ਖਿਝਦੇ ਹਨ ਕਿ ਉਨ੍ਹਾਂ ਦੇ ਚੰਦੇ ਡੈਨਮਾਰਕ ਨੂੰ—ਜਾਂ ਯੂਕਰੇਨ, ਰੂਸ, ਅਤੇ ਦੂਜੇ ਦੇਸ਼ਾਂ ਨੂੰ—ਬਾਈਬਲ ਸਾਹਿੱਤ ਮੁਹੱਈਆ ਕਰਨ ਲਈ ਵਰਤੇ ਜਾ ਰਹੇ ਹਨ? ਬਿਲਕੁਲ ਨਹੀਂ! ਉਹ ਤਾਂ ਇਹ ਜਾਣ ਕੇ ਖ਼ੁਸ਼ ਹਨ ਕਿ ਇਨ੍ਹਾਂ ਦੇਸ਼ਾਂ ਦੇ ਭਰਾ ਹੁਣ ਆਪਣੇ ਚੰਦਿਆਂ ਨੂੰ ਦੂਸਰੇ ਜ਼ਰੂਰੀ ਮਕਸਦਾਂ ਲਈ ਵਰਤ ਸਕਦੇ ਹਨ।

ਮਾਲ ਮਤੇ ਦੀ ਦੇਖ-ਭਾਲ ਕਰਨਾ

19 ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਹਰੇਕ ਰਾਜ ਗ੍ਰਹਿ ਵਿਚ ਚੰਦੇ ਦਾ ਡੱਬਾ ਹੁੰਦਾ ਹੈ ਜਿਸ ਉੱਤੇ ਲਿਖਿਆ ਹੁੰਦਾ ਹੈ, “ਸੰਸਥਾ ਦੇ ਵਿਸ਼ਵ-ਵਿਆਪੀ ਕਾਰਜ ਲਈ ਚੰਦਾ—ਮੱਤੀ 24:14.” ਇਨ੍ਹਾਂ ਡੱਬਿਆਂ ਵਿਚ ਪਾਏ ਗਏ ਸਵੈ-ਇੱਛੁਕ ਚੰਦਿਆਂ ਨੂੰ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਲੋੜ ਹੁੰਦੀ ਹੈ। ਚੰਦਿਆਂ ਨੂੰ ਕਿਵੇਂ ਇਸਤੇਮਾਲ ਕਰਨਾ ਹੈ, ਇਸ ਦਾ ਫ਼ੈਸਲਾ ‘ਮਾਤਬਰ ਮੁਖ਼ਤਿਆਰ’ ਕਰਦਾ ਹੈ। ਇਸ ਲਈ, ਇਕ ਕਲੀਸਿਯਾ ਦੇ ਚੰਦੇ ਦੇ ਡੱਬੇ ਵਿਚ ਪਾਏ ਗਏ ਪੈਸੇ ਸ਼ਾਇਦ ਸੈਂਕੜੇ ਕਿਲੋਮੀਟਰ ਦੂਰ ਕਿਸੇ ਦੂਜੀ ਕਲੀਸਿਯਾ ਦੇ ਯਹੋਵਾਹ ਦੇ ਗਵਾਹਾਂ ਦੀਆਂ ਸਰਗਰਮੀਆਂ ਵਿਚ ਮਦਦ ਕਰਨ। ਉਨ੍ਹਾਂ ਸੰਗੀ ਵਿਸ਼ਵਾਸੀਆਂ ਦੀ ਸੰਕਟਕਾਲੀਨ ਮਦਦ ਕਰਨ ਲਈ ਵੀ ਚੰਦਿਆਂ ਨੂੰ ਵਰਤਿਆ ਗਿਆ ਹੈ, ਜੋ ਹਰੀਕੇਨ, ਟਾਰਨੈਡੋ, ਭੁਚਾਲ, ਅਤੇ ਘਰੇਲੂ ਯੁੱਧ ਵਰਗੀਆਂ ਘਟਨਾਵਾਂ ਤੋਂ ਪੀੜਿਤ ਹਨ। ਅਤੇ ਇਹ ਚੰਦੇ ਦੇਸ਼ ਭਰ ਦੇ ਵਿਸ਼ੇਸ਼ ਪੂਰਣ-ਕਾਲੀ ਸੇਵਕਾਂ ਦੇ ਗੁਜ਼ਾਰੇ ਲਈ ਇਸਤੇਮਾਲ ਕੀਤੇ ਜਾ ਰਹੇ ਹਨ।

20 ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ, ਆਮ ਤੌਰ ਤੇ ਮਾਲੀ-ਪ੍ਰਬੰਧ ਦਾ ਮਹੀਨੇ ਵਿਚ ਇਕ ਵਾਰ—ਅਤੇ ਕੇਵਲ ਕੁਝ ਮਿੰਟਾਂ ਲਈ—ਜ਼ਿਕਰ ਕੀਤਾ ਜਾਂਦਾ ਹੈ। ਰਾਜ ਗ੍ਰਹਿਆਂ ਵਿਚ ਜਾਂ ਸੰਮੇਲਨਾਂ ਵਿਚ ਚੰਦਾ ਇਕੱਠਾ ਕਰਨ ਲਈ ਲੋਕਾਂ ਅੱਗੇ ਥੈਲੀ ਨਹੀਂ ਕੀਤੀ ਜਾਂਦੀ ਹੈ। ਇਕੱਲੇ-ਇਕੱਲੇ ਵਿਅਕਤੀਆਂ ਨੂੰ ਚੰਦੇ ਦੇ ਦਰਖ਼ਾਸਤ-ਪੱਤਰ ਨਹੀਂ ਭੇਜੇ ਜਾਂਦੇ ਹਨ। ਚੰਦਾ ਮੰਗਣ ਲਈ ਭਾੜੇ ਤੇ ਵਿਅਕਤੀ ਨਹੀਂ ਲਏ ਜਾਂਦੇ ਹਨ। ਆਮ ਤੌਰ ਤੇ, ਪਹਿਰਾਬੁਰਜ ਰਸਾਲੇ ਵਿਚ ਸਾਲ ਵਿਚ ਸਿਰਫ਼ ਇਕ ਲੇਖ ਹੁੰਦਾ ਹੈ ਜੋ ਸਮਝਾਉਂਦਾ ਹੈ ਕਿ ਚੰਦਾ ਦੇਣ ਦੇ ਇੱਛੁਕ ਵਿਅਕਤੀ ਵਿਸ਼ਵ-ਵਿਆਪੀ ਕਾਰਜ ਦਾ ਸਮਰਥਨ ਕਰਨ ਲਈ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਨੂੰ ਕਿਵੇਂ ਚੰਦਾ ਦੇ ਸਕਦੇ ਹਨ। ਜਾਗਰੂਕ ਬਣੋ! ਰਸਾਲੇ ਵਿਚ ਸੰਸਥਾ ਦੇ ਮਾਲੀ-ਪ੍ਰਬੰਧ ਦਾ ਨਿਯਮਿਤ ਤੌਰ ਤੇ ਜ਼ਿਕਰ ਨਹੀਂ ਕੀਤਾ ਜਾਂਦਾ ਹੈ। ਤਾਂ ਫਿਰ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ, ਲੋੜੀਂਦੇ ਰਾਜ ਗ੍ਰਹਿ ਉਸਾਰਨ, ਵਿਸ਼ੇਸ਼ ਪੂਰਣ-ਕਾਲੀ ਸੇਵਕਾਂ ਦੀ ਦੇਖ-ਭਾਲ ਕਰਨ, ਅਤੇ ਲੋੜਵੰਦ ਮਸੀਹੀਆਂ ਦੀ ਮਦਦ ਕਰਨ ਦਾ ਵਿਸ਼ਾਲ ਵਿਸ਼ਵ-ਵਿਆਪੀ ਕਾਰਜ ਕਿਵੇਂ ਮੁਮਕਿਨ ਹੋਇਆ ਹੈ? ਯਹੋਵਾਹ ਨੇ ਅਦਭੁਤ ਤਰੀਕੇ ਨਾਲ ਆਪਣੇ ਲੋਕਾਂ ਨੂੰ ਖੁੱਲ੍ਹ-ਦਿਲੀ ਦੀ ਆਤਮਾ ਦੀ ਬਰਕਤ ਦਿੱਤੀ ਹੈ। (2 ਕੁਰਿੰ. 8:2) ਅਸੀਂ ਇਸ ਮੌਕੇ ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰਨ’ ਵਿਚ ਹਿੱਸਾ ਪਾਇਆ ਹੈ। ਉਹ ਯਕੀਨੀ ਹੋ ਸਕਦੇ ਹਨ ਕਿ ‘ਮਾਤਬਰ ਮੁਖ਼ਤਿਆਰ’ ਮਾਲਕ ਦੇ ਮਾਲ ਮਤੇ ਦਾ ਧਿਆਨ ਰੱਖਣਾ ਜਾਰੀ ਰੱਖੇਗਾ। ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਵਿਸ਼ਵ-ਵਿਆਪੀ ਕਾਰਜ ਦੇ ਵਿਸਤਾਰ ਲਈ ਕੀਤੇ ਗਏ ਸਾਰੇ ਪ੍ਰਬੰਧਾਂ ਉੱਤੇ ਯਹੋਵਾਹ ਬਰਕਤ ਪਾਉਂਦਾ ਰਹੇਗਾ।

[ਫੁਟਨੋਟ]

a ਇਨ੍ਹਾਂ ਵਿੱਚੋਂ ਸੱਤ ਦੇਸ਼ਾਂ ਵਿਚ, ਸਾਡੇ ਰਸਾਲੇ ਕਮਰਸ਼ਲ ਪ੍ਰਿੰਟਰਜ਼ ਦੁਆਰਾ ਛਾਪੇ ਜਾਂਦੇ ਸਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ