ਕੀ ਤੁਸੀਂ ਘਰ ਬਦਲ ਰਹੇ ਹੋ?
ਜੇ ਇਸ ਸਵਾਲ ਦਾ ਜਵਾਬ ਹਾਂ ਵਿਚ ਹੈ, ਤਾਂ ਤੁਹਾਨੂੰ ਅਤੇ ਦੂਜਿਆਂ ਨੂੰ ਬਹੁਤ ਸਾਰੇ ਕੰਮ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ। ਹੇਠਾਂ ਦਿੱਤੀਆਂ ਗੱਲਾਂ ਉੱਤੇ ਚੱਲਣ ਦੁਆਰਾ ਤੁਸੀਂ ਆਪਣੀ ਨਵੀਂ ਕਲੀਸਿਯਾ ਵਿਚ ਜਲਦੀ ਹੀ ਆਪਣੇ ਆਪ ਨੂੰ ਢਾਲ਼ ਲਓਗੇ।
(1) ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਤੁਹਾਡੀ ਮੌਜੂਦਾ ਕਲੀਸਿਯਾ ਦਾ ਸੈਕਟਰੀ ਤੁਹਾਡੀ ਨਵੀਂ ਕਲੀਸਿਯਾ ਦੇ ਰਾਜ ਗ੍ਰਹਿ ਦਾ ਪਤਾ ਹਾਸਲ ਕਰ ਸਕਦਾ ਹੈ। ਉਸ ਖੇਤਰ ਵਿਚ ਪਹੁੰਚਣ ਤੋਂ ਫ਼ੌਰਨ ਬਾਅਦ ਹਾਲ ਦਾ ਅਤੇ ਕਲੀਸਿਯਾ ਸਭਾਵਾਂ ਦਾ ਸਮਾਂ ਪਤਾ ਕਰੋ। ਜੇਕਰ ਇਕ ਤੋਂ ਜ਼ਿਆਦਾ ਕਲੀਸਿਯਾਵਾਂ ਰਾਜ ਗ੍ਰਹਿ ਇਸਤੇਮਾਲ ਕਰਦੀਆਂ ਹਨ, ਤਾਂ ਬਜ਼ੁਰਗਾਂ ਨੂੰ ਪੁੱਛੋ ਕਿ ਤੁਸੀਂ ਕਿਹੜੀ ਕਲੀਸਿਯਾ ਦੇ ਖੇਤਰ ਵਿਚ ਰਹਿ ਰਹੇ ਹੋ। ਸਭਾਵਾਂ ਵਿਚ ਹਾਜ਼ਰ ਹੋਣ ਅਤੇ ਸਥਾਨਕ ਬਜ਼ੁਰਗਾਂ ਨਾਲ ਜਾਣ-ਪਛਾਣ ਕਰਨ ਵਿਚ ਦੇਰੀ ਨਾ ਕਰੋ।
(2) ਤੁਹਾਡੀ ਮੌਜੂਦਾ ਕਲੀਸਿਯਾ ਦਾ ਸੈਕਟਰੀ ਤੁਹਾਡਾ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਕਲੀਸਿਯਾ ਪ੍ਰਕਾਸ਼ਕ ਰਿਕਾਰਡ ਕਾਰਡ ਨਵੀਂ ਕਲੀਸਿਯਾ ਦੇ ਸੈਕਟਰੀ ਨੂੰ ਘੱਲ ਦੇਵੇਗਾ। ਤੁਹਾਡੀ ਨਵੀਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਤੁਹਾਡੇ ਬਾਰੇ ਇਕ ਚਿੱਠੀ ਵੀ ਭੇਜੀ ਜਾਵੇਗੀ। (ਮਾਰਚ 1991 [ਹਿੰਦੀ] ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੀ ਗਈ ਪ੍ਰਸ਼ਨ ਡੱਬੀ ਦੇਖੋ।) ਉੱਥੇ ਦੀ ਕਲੀਸਿਯਾ ਸੇਵਾ ਸਮਿਤੀ ਤੁਹਾਡੇ ਨਵੇਂ ਪੁਸਤਕ ਅਧਿਐਨ ਸੰਚਾਲਕ ਨੂੰ ਤੁਹਾਡੇ ਪਹੁੰਚਣ ਬਾਰੇ ਦੱਸੇਗੀ, ਤਾਂਕਿ ਉਹ ਤੁਹਾਨੂੰ ਮਿਲ ਸਕੇ ਅਤੇ ਤੁਹਾਨੂੰ ਨਵੇਂ ਪੁਸਤਕ ਅਧਿਐਨ ਗਰੁੱਪ ਦਾ ਪਤਾ ਦੇ ਸਕੇ।—ਰੋਮੀ. 15:7.
(3) ਤੁਹਾਡੀ ਨਵੀਂ ਕਲੀਸਿਯਾ ਦੇ ਸਾਰੇ ਪ੍ਰਕਾਸ਼ਕ ਤੁਹਾਡੇ ਨਾਲ ਜਾਣ-ਪਛਾਣ ਕਰ ਕੇ ਅਤੇ ਤੁਹਾਡਾ ਨਿੱਘਾ ਸੁਆਗਤ ਕਰ ਕੇ ਖ਼ੁਸ਼ ਹੋਣਗੇ। (3 ਯੂਹੰਨਾ 8 ਦੀ ਤੁਲਨਾ ਕਰੋ।) ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਵੀ ਸਭਾਵਾਂ ਵਿਚ ਹਾਜ਼ਰ ਹੋਣਾ ਚਾਹੀਦਾ ਹੈ ਤਾਂਕਿ ਤੁਸੀਂ ਭੈਣ-ਭਰਾਵਾਂ ਨਾਲ ਗੱਲ-ਬਾਤ ਕਰ ਕੇ ਇਕ ਦੂਜੇ ਨੂੰ ਉਤਸ਼ਾਹ ਦੇ ਸਕੋ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਕਰ ਸਕੋ।
(4) ਤੁਹਾਨੂੰ ਆਪਣੀ ਨਵੀਂ ਕਲੀਸਿਯਾ ਨਾਲ ਖੇਤਰ ਸੇਵਕਾਈ ਵਿਚ ਜਾਣ ਲਈ ਆਪਣੇ ਨਵੇਂ ਘਰ ਦੇ ਸਾਰੇ ਕੰਮਾਂ ਦੇ ਖ਼ਤਮ ਹੋਣ ਤਕ ਉਡੀਕ ਨਹੀਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਰਾਜ ਹਿਤਾਂ ਨੂੰ ਪਹਿਲ ਦਿੰਦੇ ਹੋ, ਤਾਂ ਤੁਹਾਡੇ ਦੂਸਰੇ ਕੰਮ ਵੀ ਹੋ ਜਾਣਗੇ ਅਤੇ ਤੁਸੀਂ ਆਪਣੇ ਨਵੇਂ ਮਾਹੌਲ ਵਿਚ ਬਹੁਤ ਹੀ ਆਰਾਮ ਮਹਿਸੂਸ ਕਰੋਗੇ। (ਮੱਤੀ 6:33) ਜਦੋਂ ਤੁਸੀਂ ਆਪਣੇ ਨਵੇਂ ਘਰ ਵਿਚ ਵੱਸ ਜਾਓਗੇ, ਤਾਂ ਤੁਸੀਂ ਕਲੀਸਿਯਾ ਦੇ ਕੁਝ ਭੈਣਾਂ-ਭਰਾਵਾਂ ਨੂੰ ਘਰ ਬੁਲਾਉਣਾ ਚਾਹੋਗੇ ਅਤੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਜਾਣ-ਪਛਾਣ ਕਰਨੀ ਚਾਹੋਗੇ।—ਰੋਮੀ. 12:13ਅ.
ਘਰ ਬਦਲਣਾ ਇਕ ਬਹੁਤ ਵੱਡਾ ਕੰਮ ਹੈ। ਫਿਰ ਵੀ, ਜਦੋਂ ਸਾਰੇ ਮੈਂਬਰ ਘਰ ਬਦਲਣ ਦੇ ਕੰਮ ਵਿਚ ਹਿੱਸਾ ਪਾਉਂਦੇ ਹਨ, ਤਾਂ ਇਸ ਨਾਲ ਅਧਿਆਤਮਿਕਤਾ ਵਿਚ ਕੋਈ ਫ਼ਰਕ ਨਹੀਂ ਪਵੇਗਾ। ਸਾਰਿਆਂ ਉੱਤੇ ਸਾਡੇ ਪ੍ਰੇਮਪੂਰਣ ਮਸੀਹੀ ਭਾਈਚਾਰੇ ਦਾ ਚੰਗਾ ਪ੍ਰਭਾਵ ਪਵੇਗਾ।