ਪ੍ਰਸ਼ਨ ਡੱਬੀ
◼ ਸਭਾਵਾਂ ਵਿਚ ਬੱਚਿਆਂ ਨੂੰ ਚੁੱਪ ਕਰ ਕੇ ਬਿਠਾਉਣ ਵਿਚ ਸੇਵਾਦਾਰ ਮਾਪਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?
ਬੱਚੇ ਕੁਦਰਤੀ ਤੌਰ ਤੇ ਸ਼ਰਾਰਤੀ ਹੁੰਦੇ ਹਨ ਤੇ ਉਨ੍ਹਾਂ ਨੂੰ ਕਾਫ਼ੀ ਦੇਰ ਤਕ ਬੈਠਣ ਦੀ ਆਦਤ ਨਹੀਂ ਹੁੰਦੀ। ਸਭਾਵਾਂ ਤੋਂ ਬਾਅਦ ਬੱਚੇ ਇਕਦਮ ਖੇਡਣ-ਕੁੱਦਣ ਲੱਗਣ ਪੈਂਦੇ ਹਨ ਅਤੇ ਕਿੰਗਡਮ ਹਾਲ ਵਿਚ ਜਾਂ ਸਭਾਵਾਂ ਕਰਨ ਦੀਆਂ ਥਾਵਾਂ ਤੇ ਜਾਂ ਪਾਰਕਿੰਗ ਥਾਵਾਂ ਜਾਂ ਸੜਕਾਂ ਉੱਤੇ ਇਕ-ਦੂਜੇ ਮਗਰ ਭੱਜਣ ਲੱਗ ਪੈਂਦੇ ਹਨ। ਇਹ ਕਹਾਵਤ ਬਿਲਕੁਲ ਸੱਚ ਹੈ: ‘ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੇ ਮਾਪਿਆਂ ਲਈ ਨਮੋਸ਼ੀ ਲਿਆਉਂਦਾ ਹੈ।’—ਕਹਾ. 29:15.
ਬੜੇ ਦੁੱਖ ਦੀ ਗੱਲ ਹੈ ਕਿ ਬੱਚਿਆਂ ਦੀ ਇਸ ਦੌੜ-ਭੱਜ ਕਾਰਨ ਸਾਡੇ ਕੁਝ ਬਜ਼ੁਰਗ ਭੈਣ-ਭਰਾ ਉਨ੍ਹਾਂ ਨਾਲ ਟਕਰਾ ਕੇ ਡਿੱਗ ਪਏ ਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਸ ਕਾਰਨ ਬਜ਼ੁਰਗਾਂ ਨੂੰ ਬੇਵਜ੍ਹਾ ਦੁੱਖ ਸਹਿਣਾ ਪਿਆ ਤੇ ਨਾਲ ਹੀ ਮਾਪਿਆਂ ਨੂੰ ਅਤੇ ਕਲੀਸਿਯਾ ਨੂੰ ਵੀ ਬੇਲੋੜਾ ਖ਼ਰਚਾ ਝੱਲਣਾ ਪਿਆ। ਬੱਚਿਆਂ ਨੂੰ ਉਨ੍ਹਾਂ ਦੀ ਖ਼ੁਦ ਦੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਕਿੰਗਡਮ ਹਾਲ ਦੇ ਅੰਦਰ ਜਾਂ ਬਾਹਰ ਦੌੜਨ-ਭੱਜਣ ਅਤੇ ਖੇਡਣ ਨਹੀਂ ਦੇਣਾ ਚਾਹੀਦਾ।
ਬਾਈਬਲ ਕਹਿੰਦੀ ਹੈ ਕਿ ਇਹ ਮਾਤਾ-ਪਿਤਾ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਪਾਸਨਾ ਦੀਆਂ ਥਾਵਾਂ ਦਾ ਆਦਰ ਕਰਨਾ ਸਿਖਾਉਣ। (ਉਪ. 5:1ੳ) ਸਾਡੀਆਂ ਮਸੀਹੀ ਸਭਾਵਾਂ, ਅਸੈਂਬਲੀਆਂ ਅਤੇ ਸੰਮੇਲਨਾਂ ਵਿਚ ਸੇਵਾਦਾਰਾਂ ਨੂੰ ਇਹ ਦੇਖਣ ਲਈ ਨਿਯੁਕਤ ਕੀਤਾ ਜਾਂਦਾ ਹੈ ਕਿ “ਸਾਰੀਆਂ ਗੱਲਾਂ ਢਬ ਸਿਰ” ਤੇ “ਮਰਜਾਦਾ” ਵਿਚ ਹੋਣ। (1 ਕੁਰਿੰ. 14:40; ਕੁਲ. 2:5) ਉਨ੍ਹਾਂ ਨੂੰ ਪ੍ਰੋਗ੍ਰਾਮ ਤੋਂ ਪਹਿਲਾਂ, ਪ੍ਰੋਗ੍ਰਾਮ ਦੌਰਾਨ ਅਤੇ ਬਾਅਦ ਵਿਚ ਹਾਲ ਦੇ ਅੰਦਰ-ਬਾਹਰ ਦੋਹਾਂ ਥਾਵਾਂ ਤੇ ਨਿਗਰਾਨੀ ਰੱਖਣੀ ਚਾਹੀਦੀ ਹੈ। ਜੇ ਬੱਚਾ ਬੇਮੁਹਾਰਾ ਹੋ ਕੇ ਇੱਧਰ-ਉੱਧਰ ਦੌੜ ਰਿਹਾ ਹੈ, ਤਾਂ ਸੇਵਾਦਾਰ ਉਸ ਨੂੰ ਰੋਕ ਕੇ ਪਿਆਰ ਨਾਲ ਸਮਝਾ ਸਕਦਾ ਹੈ ਕਿ ਉਸ ਨੂੰ ਕਿਉਂ ਇੱਧਰ-ਉੱਧਰ ਨਹੀਂ ਭੱਜਣਾ ਚਾਹੀਦਾ। ਬੱਚੇ ਦੇ ਮਾਤਾ-ਪਿਤਾ ਨੂੰ ਵੀ ਪਿਆਰ ਨਾਲ ਇਸ ਸਮੱਸਿਆ ਬਾਰੇ ਦੱਸ ਦੇਣਾ ਚਾਹੀਦਾ ਹੈ ਤੇ ਇਹ ਵੀ ਕਹਿਣਾ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਤੇ ਨਿਗਰਾਨੀ ਰੱਖਣ। ਮਾਤਾ-ਪਿਤਾ ਨੂੰ ਵੀ ਉਸ ਦੀ ਗੱਲ ਸੁਣਨੀ ਚਾਹੀਦੀ ਹੈ।
ਇਹ ਗੱਲ ਤਾਂ ਠੀਕ ਹੈ ਕਿ ਸਭਾਵਾਂ ਵਿਚ ਕਈ ਵਾਰੀ ਛੋਟੇ ਬੱਚੇ ਰੋਣ ਲੱਗ ਪੈਂਦੇ ਹਨ ਜਿਸ ਨਾਲ ਦੂਜੇ ਭੈਣ-ਭਰਾ ਧਿਆਨ ਨਾਲ ਨਹੀਂ ਸੁਣ ਪਾਉਂਦੇ। ਇਸ ਲਈ, ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਘੱਟੋ-ਘੱਟ 20 ਮਿੰਟ ਪਹਿਲਾਂ ਸੇਵਾਦਾਰ ਹਾਲ ਵਿਚ ਆ ਕੇ ਉਨ੍ਹਾਂ ਮਾਪਿਆਂ ਲਈ ਪਿਛਲੀਆਂ ਦੋ-ਚਾਰ ਲਾਈਨਾਂ ਰਾਖਵੀਆਂ ਰੱਖ ਸਕਦੇ ਹਨ ਜਿਹੜੇ ਆਪਣੇ ਛੋਟੇ ਬੱਚਿਆਂ ਨਾਲ ਉੱਥੇ ਬੈਠਣਾ ਚਾਹੁੰਦੇ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਲਾਈਨਾਂ ਦੀਆਂ ਸੀਟਾਂ ਖਾਲੀ ਛੱਡ ਕੇ ਸੇਵਾਦਾਰਾਂ ਤੇ ਮਾਪਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਜੇ ਬੱਚਿਆਂ ਕਾਰਨ ਕੋਈ ਪਰੇਸ਼ਾਨੀ ਹੋ ਰਹੀ ਹੈ, ਤਾਂ ਮਾਤਾ-ਪਿਤਾ ਨੂੰ ਕੁਝ ਕਰਨਾ ਚਾਹੀਦਾ ਹੈ। ਜੇ ਮਾਤਾ-ਪਿਤਾ ਕੁਝ ਨਹੀਂ ਕਰਦੇ ਅਤੇ ਬੱਚਿਆਂ ਦੇ ਰੋਣ ਕਾਰਨ ਦੂਜਿਆਂ ਦਾ ਧਿਆਨ ਉਖੜ ਰਿਹਾ ਹੈ, ਤਾਂ ਸੇਵਾਦਾਰ ਜਾ ਕੇ ਮਾਤਾ-ਪਿਤਾ ਨੂੰ ਪਿਆਰ ਨਾਲ ਕਹਿ ਸਕਦਾ ਹੈ ਕਿ ਉਹ ਬੱਚੇ ਨੂੰ ਹਾਲ ਤੋਂ ਬਾਹਰ ਲੈ ਜਾਣ। ਜਦੋਂ ਅਸੀਂ ਨਵੇਂ ਲੋਕਾਂ ਨੂੰ ਸਭਾਵਾਂ ਵਿਚ ਬੁਲਾਉਂਦੇ ਹਾਂ, ਤਾਂ ਸਾਨੂੰ ਉਨ੍ਹਾਂ ਦੇ ਨਾਲ ਬੈਠਣਾ ਚਾਹੀਦਾ ਹੈ। ਜੇ ਸਭਾਵਾਂ ਦੌਰਾਨ ਉਨ੍ਹਾਂ ਦੇ ਬੱਚੇ ਰੋਂਦੇ ਹਨ ਜਾਂ ਕਿਸੇ ਹੋਰ ਤਰੀਕੇ ਨਾਲ ਪਰੇਸ਼ਾਨ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਕਿੰਗਡਮ ਹਾਲ ਵਿਚ ਹਰ ਉਮਰ ਦੇ ਬੱਚਿਆਂ ਨੂੰ ਅਤੇ ਪਰਮੇਸ਼ੁਰ ਦੇ ਇਸ ਘਰ ਵਿਚ ਉਨ੍ਹਾਂ ਦੇ ਚੰਗੇ ਆਚਰਣ ਨੂੰ ਦੇਖ ਕੇ ਸਾਨੂੰ ਬੜੀ ਖ਼ੁਸ਼ੀ ਹੁੰਦੀ ਹੈ। (1 ਤਿਮੋ. 3:15) ਜਦੋਂ ਉਹ ਭਗਤੀ ਲਈ ਯਹੋਵਾਹ ਦੁਆਰਾ ਕੀਤੇ ਪ੍ਰਬੰਧਾਂ ਦਾ ਆਦਰ ਕਰਦੇ ਹਨ, ਤਾਂ ਅਸਲ ਵਿਚ ਉਹ ਯਹੋਵਾਹ ਦਾ ਆਦਰ ਕਰਦੇ ਹਨ ਅਤੇ ਕਲੀਸਿਯਾ ਦੇ ਸਾਰੇ ਭੈਣ-ਭਰਾ ਉਨ੍ਹਾਂ ਦੀ ਤਾਰੀਫ਼ ਕਰਦੇ ਹਨ।