ਪ੍ਰਸ਼ਨ ਡੱਬੀ
◼ ਜਦੋਂ ਇਕ ਭਾਸ਼ਣਕਾਰ ਆਪਣੇ ਭਾਸ਼ਣ ਦੌਰਾਨ ਹਾਜ਼ਰੀਨ ਨੂੰ ਬਾਈਬਲ ਵਿੱਚੋਂ ਆਇਤਾਂ ਦੇਖਣ ਲਈ ਕਹਿੰਦਾ ਹੈ, ਤਾਂ ਹਾਜ਼ਰੀਨ ਲਈ ਇੱਦਾਂ ਕਰਨਾ ਫ਼ਾਇਦੇਮੰਦ ਕਿਉਂ ਹੈ?
ਹਾਜ਼ਰੀਨ ਨੇ ਕਿੰਨੀਆਂ ਕੁ ਆਇਤਾਂ ਦੇਖਣੀਆਂ ਹਨ, ਇਹ ਭਾਸ਼ਣ ਦੇ ਵਿਸ਼ੇ ਉੱਤੇ ਅਤੇ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਭਾਸ਼ਣ ਬਾਈਬਲ ਵਿੱਚੋਂ ਆਇਤ-ਬ-ਆਇਤ ਪੜ੍ਹ ਕੇ ਦੇਣ ਵਾਲਾ ਹੈ ਜਾਂ ਨਹੀਂ।
ਇਹ ਗੱਲ ਦਿਮਾਗ਼ ਵਿਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਆਇਤਾਂ ਪੜ੍ਹਨ ਦਾ ਮਕਸਦ ਇਹ ਸਾਬਤ ਕਰਨਾ ਹੈ ਕਿ ਜੋ ਕੁਝ ਕਿਹਾ ਜਾ ਰਿਹਾ ਹੈ ਉਹ ਬਾਈਬਲ ਵਿੱਚੋਂ ਹੈ। (ਰਸੂਲਾਂ ਦੇ ਕਰਤੱਬ 17:11) ਇਸ ਦਾ ਦੂਜਾ ਉਦੇਸ਼ ਇਹ ਹੈ ਕਿ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਸਬੂਤ ਨੂੰ ਬਾਈਬਲ ਵਿੱਚੋਂ ਜਾਂਚਣਾ ਤਾਂਕਿ ਸਾਰਿਆਂ ਦੀ ਨਿਹਚਾ ਮਜ਼ਬੂਤ ਹੋ ਸਕੇ। ਭਾਸ਼ਣ ਦੌਰਾਨ ਖ਼ੁਦ ਬਾਈਬਲ ਦੀਆਂ ਆਇਤਾਂ ਖੋਲ੍ਹ ਕੇ ਪੜ੍ਹਨ ਨਾਲ ਸਾਡੇ ਦਿਲ-ਦਿਮਾਗ਼ ਤੇ ਜ਼ਿਆਦਾ ਡੂੰਘਾ ਅਸਰ ਪੈਂਦਾ ਹੈ। ਆਇਤਾਂ ਖੋਲ੍ਹ ਕੇ ਪੜ੍ਹਨ ਤੋਂ ਇਲਾਵਾ, ਨੋਟਸ ਲੈਣੇ ਅਤੇ ਭਾਸ਼ਣ ਦੀਆਂ ਮੁੱਖ ਗੱਲਾਂ ਨੂੰ ਧਿਆਨ ਨਾਲ ਸੁਣਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਹਾਲਾਂਕਿ ਸੋਸਾਇਟੀ ਵੱਲੋਂ ਦਿੱਤੀ ਗਈ ਰੂਪ-ਰੇਖਾ ਵਿਚ ਕਾਫ਼ੀ ਸਾਰੀਆਂ ਆਇਤਾਂ ਦਿੱਤੀਆਂ ਹੋਣ, ਪਰ ਇਹ ਭਾਸ਼ਣ ਤਿਆਰ ਕਰਨ ਲਈ ਭਾਸ਼ਣਕਾਰ ਦੇ ਆਪਣੇ ਫ਼ਾਇਦੇ ਲਈ ਹਨ। ਇਹ ਆਇਤਾਂ ਭਾਸ਼ਣ ਦੀ ਤਿਆਰੀ ਕਰਨ ਸਮੇਂ ਕਿਸੇ ਗੱਲ ਦਾ ਪਿਛੋਕੜ ਸਮਝਣ ਲਈ, ਬਾਈਬਲ ਦੇ ਮੁੱਖ ਸਿਧਾਂਤ ਅਤੇ ਭਾਸ਼ਣ ਦਾ ਵਿਸ਼ਾ ਚੰਗੀ ਤਰ੍ਹਾਂ ਸਮਝਣ ਲਈ ਦਿੱਤੀਆਂ ਜਾਂਦੀਆਂ ਹਨ। ਭਾਸ਼ਣਕਾਰ ਨੇ ਇਹ ਸੋਚਣਾ ਹੈ ਕਿ ਕਿਹੜੀਆਂ ਆਇਤਾਂ ਭਾਸ਼ਣ ਲਈ ਜ਼ਰੂਰੀ ਹਨ ਅਤੇ ਉਹ ਇਨ੍ਹਾਂ ਆਇਤਾਂ ਨੂੰ ਖ਼ੁਦ ਪੜ੍ਹਨ ਤੇ ਸਮਝਾਉਣ ਲੱਗਿਆਂ ਹਾਜ਼ਰੀਨ ਨੂੰ ਵੀ ਪੜ੍ਹਨ ਲਈ ਕਹਿ ਸਕਦਾ ਹੈ। ਬਾਕੀ ਦੀਆਂ ਆਇਤਾਂ ਦਾ ਸਿਰਫ਼ ਜ਼ਿਕਰ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਦਾ ਸਿਰਫ਼ ਅਰਥ ਹੀ ਸਮਝਾਇਆ ਜਾ ਸਕਦਾ ਹੈ। ਸਾਰੀਆਂ ਨੂੰ ਖੋਲ੍ਹ ਕੇ ਪੜ੍ਹਨ ਦੀ ਲੋੜ ਨਹੀਂ ਹੁੰਦੀ।
ਜਦੋਂ ਭਾਸ਼ਣਕਾਰ ਚੋਣਵੀਆਂ ਆਇਤਾਂ ਪੜ੍ਹਦਾ ਹੈ ਉਹ ਇਨ੍ਹਾਂ ਨੂੰ ਸਿੱਧਿਆਂ ਬਾਈਬਲ ਵਿੱਚੋਂ ਪੜ੍ਹੇ ਨਾ ਕਿ ਕਾਗਜ਼ ਤੋਂ। ਜਦੋਂ ਭਾਸ਼ਣਕਾਰ ਸਰੋਤਿਆਂ ਨੂੰ ਕੋਈ ਆਇਤ ਪੜ੍ਹਨ ਲਈ ਕਹਿੰਦਾ ਹੈ ਤਾਂ ਉਹ ਕਿਤਾਬ ਦਾ ਨਾਂ, ਪਾਠ ਅਤੇ ਆਇਤ ਨੰਬਰ ਸਾਫ਼-ਸਾਫ਼ ਦੱਸੇ। ਪ੍ਰਸ਼ਨ ਪੁੱਛਣਾ ਜਾਂ ਆਇਤ ਪੜ੍ਹਨ ਤੋਂ ਪਹਿਲਾਂ ਇਹ ਦੱਸਣਾ ਕਿ ਇਹ ਆਇਤ ਕਿਉਂ ਪੜ੍ਹੀ ਜਾ ਰਹੀ ਹੈ, ਇਸ ਨਾਲ ਉਹ ਸਰੋਤਿਆਂ ਨੂੰ ਆਇਤ ਲੱਭਣ ਵਿਚ ਲੋੜੀਂਦਾ ਵਕਤ ਦਿੰਦਾ ਹੈ। ਆਇਤ ਦਾ ਦੁਬਾਰਾ ਜ਼ਿਕਰ ਕਰਨ ਤੇ ਸਰੋਤਿਆਂ ਨੂੰ ਆਇਤ ਯਾਦ ਰੱਖਣ ਵਿਚ ਮਦਦ ਮਿਲਦੀ ਹੈ। ਪਰ, ਬਾਈਬਲ ਦਾ ਸਫ਼ਾ ਨੰਬਰ ਨਹੀਂ ਬੋਲਣਾ ਚਾਹੀਦਾ ਕਿਉਂਕਿ ਸਾਰਿਆਂ ਕੋਲ ਬਾਈਬਲ ਦੇ ਵੱਖਰੇ-ਵੱਖਰੇ ਸੰਸਕਰਣ ਹੋ ਸਕਦੇ ਹਨ ਜਿਸ ਕਾਰਨ ਸਫ਼ੇ ਦਾ ਨੰਬਰ ਵੀ ਵੱਖਰਾ-ਵੱਖਰਾ ਹੋ ਸਕਦਾ ਹੈ। ਭਾਸ਼ਣ ਦਿੰਦੇ ਸਮੇਂ ਲੋੜ ਮੁਤਾਬਕ ਬਾਈਬਲ ਵਿੱਚੋਂ ਆਇਤਾਂ ਦੇਖਣ ਨਾਲ ਸਰੋਤਿਆਂ ਦੀ ਪਰਮੇਸ਼ੁਰ ਦੇ ਬਚਨ ਦੀ ਤਾਕਤ ਤੋਂ ਲਾਭ ਉਠਾਉਣ ਵਿਚ ਮਦਦ ਹੁੰਦੀ ਹੈ।—ਇਬਰਾਨੀਆਂ 4:12.