ਮਾਪਿਓ—ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਓ
1 ਚੰਗੀਆਂ ਆਦਤਾਂ ਕੁਦਰਤੀ ਤੌਰ ਤੇ ਜਾਂ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਂਦੀਆਂ। ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣ ਵਿਚ ਸਮਾਂ ਲੱਗਦਾ ਹੈ ਕਿਉਂਕਿ ਉਨ੍ਹਾਂ ਦੇ ਮਨ ਵਿਚ ਇਹ ਆਦਤਾਂ ਹੌਲੀ-ਹੌਲੀ ਮਾਨੋ ਤੁਪਕਾ ਤੁਪਕਾ ਕਰ ਕੇ ਭਰਨੀਆਂ ਪੈਂਦੀਆਂ ਹਨ। ਇਸ ਦੇ ਲਈ ਮਾਪਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ [ਆਪਣੇ ਬੱਚਿਆਂ] ਦੀ ਪਾਲਨਾ” ਕਰਨ ਲਈ ਲਗਾਤਾਰ ਮਿਹਨਤ ਕਰਨ ਦੀ ਲੋੜ ਹੈ।—ਅਫ਼. 6:4.
2 ਛੋਟੀ ਉਮਰ ਤੋਂ ਹੀ ਸ਼ੁਰੂ ਕਰੋ: ਛੋਟੇ ਬੱਚਿਆਂ ਵਿਚ ਨਵੀਆਂ ਚੀਜ਼ਾਂ ਨੂੰ ਸਿੱਖਣ ਅਤੇ ਕਰਨ ਦੀ ਬੜੀ ਕਾਬਲੀਅਤ ਹੁੰਦੀ ਹੈ। ਹਾਲਾਂਕਿ ਵੱਡਿਆਂ ਨੂੰ ਕੋਈ ਨਵੀਂ ਭਾਸ਼ਾ ਸਿੱਖਣੀ ਅਕਸਰ ਔਖੀ ਲੱਗਦੀ ਹੈ, ਪਰ ਿਨੱਕੇ-ਿਨੱਕੇ ਬੱਚੇ ਸਕੂਲ ਜਾਣ ਤੋਂ ਪਹਿਲਾਂ ਹੀ ਇੱਕੋ ਸਮੇਂ ਤੇ ਦੋ ਜਾਂ ਤਿੰਨ ਭਾਸ਼ਾਵਾਂ ਸਿੱਖ ਸਕਦੇ ਹਨ। ਇਸ ਲਈ, ਇਹ ਕਦੇ ਨਾ ਸੋਚੋ ਕਿ ਚੰਗੀਆਂ ਆਦਤਾਂ ਸਿੱਖਣ ਵਿਚ ਤੁਹਾਡੇ ਬੱਚੇ ਦੀ ਉਮਰ ਅਜੇ ਛੋਟੀ ਹੈ। ਜੇ ਬੱਚਿਆਂ ਨੂੰ ਲਗਾਤਾਰ ਛੋਟੀ ਉਮਰ ਤੋਂ ਹੀ ਬਾਈਬਲ ਸੱਚਾਈ ਸਿਖਾਈ ਜਾਵੇ, ਤਾਂ ਕੁਝ ਸਾਲਾਂ ਵਿਚ ਉਨ੍ਹਾਂ ਦਾ ਦਿਮਾਗ਼ “ਮੁਕਤੀ ਦੇ ਗਿਆਨ” ਨਾਲ ਭਰ ਜਾਵੇਗਾ।—2 ਤਿਮੋ. 3:15.
3 ਪ੍ਰਚਾਰ ਵਿਚ ਜਾਣ ਦੀ ਆਦਤ ਬਣਾਓ: ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਬਾਕਾਇਦਾ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਚੰਗੀ ਆਦਤ ਸਿਖਾਓ। ਜਦੋਂ ਬੱਚੇ ਅਜੇ ਤੁਰਨਾ ਵੀ ਨਹੀਂ ਸਿੱਖਦੇ, ਕਈ ਮਾਪੇ ਉਨ੍ਹਾਂ ਨੂੰ ਆਪਣੇ ਨਾਲ ਘਰ-ਘਰ ਦੀ ਸੇਵਕਾਈ ਵਿਚ ਲਿਜਾਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਮਾਪੇ ਪ੍ਰਚਾਰ-ਕੰਮ ਵਿਚ ਲਗਾਤਾਰ ਹਿੱਸਾ ਲੈਂਦੇ ਹਨ, ਤਾਂ ਬੱਚਿਆਂ ਦੇ ਮਨਾਂ ਵਿਚ ਪ੍ਰਚਾਰ-ਕੰਮ ਲਈ ਕਦਰਦਾਨੀ ਤੇ ਜੋਸ਼ ਪੈਦਾ ਹੁੰਦਾ ਹੈ। ਮਾਪੇ ਬੱਚਿਆਂ ਨੂੰ ਦਿਖਾ ਸਕਦੇ ਹਨ ਕਿ ਉਹ ਹਰ ਤਰ੍ਹਾਂ ਦੇ ਪ੍ਰਚਾਰ-ਕੰਮ ਵਿਚ ਕਿਵੇਂ ਹਿੱਸਾ ਲੈ ਸਕਦੇ ਹਨ।
4 ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਹਿੱਸਾ ਲੈਣ ਨਾਲ ਵੀ ਬੱਚਿਆਂ ਨੂੰ ਮਦਦ ਮਿਲਦੀ ਹੈ। ਇਹ ਸਕੂਲ ਉਨ੍ਹਾਂ ਨੂੰ ਦਿਮਾਗ਼ ਲਾ ਕੇ ਪੜ੍ਹਨ ਤੇ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਸਿਖਾਉਂਦਾ ਹੈ। ਇਸ ਤੋਂ ਉਹ ਬਾਈਬਲ ਬਾਰੇ ਗੱਲਬਾਤ ਕਰਨੀ, ਪੁਨਰ-ਮੁਲਾਕਾਤਾਂ ਕਰਨੀਆਂ ਤੇ ਬਾਈਬਲ ਸਟੱਡੀਆਂ ਕਰਾਉਣੀਆਂ ਸਿੱਖਦੇ ਹਨ। ਏਦਾਂ ਦੀ ਸਿਖਲਾਈ ਉਨ੍ਹਾਂ ਨੂੰ ਪਾਇਨੀਅਰ ਬਣਨ ਅਤੇ ਸੇਵਾ ਦੇ ਖ਼ਾਸ ਵਿਸ਼ੇਸ਼-ਸਨਮਾਨਾਂ ਦੇ ਯੋਗ ਬਣਨ ਲਈ ਪ੍ਰੇਰਿਤ ਕਰ ਸਕਦੀ ਹੈ। ਬਹੁਤ ਸਾਰੇ ਬੈਥਲ ਮੈਂਬਰ ਤੇ ਵਿਸ਼ੇਸ਼ ਪਾਇਨੀਅਰ ਅੱਜ ਵੀ ਇਸ ਸਕੂਲ ਤੋਂ ਮਿਲੀ ਸਿਖਲਾਈ ਦੇ ਮਿੱਠੇ ਪਲਾਂ ਨੂੰ ਚੇਤੇ ਕਰ ਕੇ ਖ਼ੁਸ਼ ਹੁੰਦੇ ਹਨ। ਉਹ ਕਹਿੰਦੇ ਹਨ ਕਿ ਇਸ ਸਕੂਲ ਨੇ ਉਨ੍ਹਾਂ ਦੀ ਚੰਗੀਆਂ ਆਦਤਾਂ ਸਿੱਖਣ ਵਿਚ ਮਦਦ ਕੀਤੀ ਹੈ।
5 ਅਸੀਂ ਮਹਾਨ ਘੁਮਿਆਰ ਯਹੋਵਾਹ ਦੇ ਹੱਥਾਂ ਵਿਚ ਮਿੱਟੀ ਵਾਂਗ ਹਾਂ। (ਯਸਾ. 64:8) ਮਿੱਟੀ ਜਿੰਨੀ ਨਰਮ ਹੁੰਦੀ ਹੈ, ਉਸ ਨੂੰ ਉੱਨੀ ਹੀ ਆਸਾਨੀ ਨਾਲ ਕਿਸੇ ਵੀ ਆਕਾਰ ਵਿਚ ਢਾਲ਼ਿਆ ਜਾ ਸਕਦਾ ਹੈ। ਪਰ ਕਾਫ਼ੀ ਚਿਰ ਤਕ ਪਈ ਮਿੱਟੀ ਸਖ਼ਤ ਹੋ ਜਾਂਦੀ ਹੈ। ਇਹ ਗੱਲ ਲੋਕਾਂ ਬਾਰੇ ਵੀ ਸੱਚੀ ਹੈ। ਛੋਟੀ ਉਮਰ ਵਿਚ ਬੱਚਿਆਂ ਨੂੰ ਬੜੀ ਆਸਾਨੀ ਨਾਲ ਢਾਲ਼ਿਆ ਜਾ ਸਕਦਾ ਹੈ ਕਿਉਂਕਿ ਬੱਚਾ ਜਿੰਨਾ ਛੋਟਾ ਹੋਵੇਗਾ ਉੱਨੀ ਹੀ ਜਲਦੀ ਉਹ ਚੰਗੀਆਂ ਆਦਤਾਂ ਆਸਾਨੀ ਨਾਲ ਸਿੱਖ ਜਾਵੇਗਾ। ਬੱਚਿਆਂ ਦੇ ਪਹਿਲੇ ਕੁਝ ਸਾਲ ਬੜੇ ਨਾਜ਼ੁਕ ਹੁੰਦੇ ਹਨ ਕਿਉਂਕਿ ਉਹ ਕਿਸੇ ਨਾ ਕਿਸੇ ਚੰਗੇ ਜਾਂ ਬੁਰੇ ਢਾਂਚੇ ਵਿਚ ਢਲ਼ ਜਾਂਦੇ ਹਨ। ਇਸ ਲਈ, ਮਾਪਿਓ, ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਸੀਹੀ ਕੰਮਾਂ ਦੀਆਂ ਚੰਗੀਆਂ ਆਦਤਾਂ ਸਿਖਾਓ।