ਯਹੋਵਾਹ ਬਲ ਦਿੰਦਾ ਹੈ
1 ਪੌਲੁਸ ਰਸੂਲ ਬਾਰੇ ਤੁਹਾਡਾ ਕੀ ਖ਼ਿਆਲ ਹੈ? ਰਸੂਲਾਂ ਦੇ ਕਰਤੱਬ ਕਿਤਾਬ ਪੜ੍ਹਦੇ ਵੇਲੇ ਅਸੀਂ ਦੇਖਦੇ ਹਾਂ ਕਿ ਉਸ ਨੇ ਯਹੋਵਾਹ ਦੀ ਸੇਵਾ ਕਿੰਨੀ ਮਿਹਨਤ ਨਾਲ ਕੀਤੀ। ਪੌਲੁਸ ਨੇ ਸਭ ਕੁਝ ਕਿਵੇਂ ਕੀਤਾ? ਉਸ ਨੇ ਕਿਹਾ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿ. 4:13) ਅਸੀਂ ਵੀ ਯਹੋਵਾਹ ਵੱਲੋਂ ਦਿੱਤੇ ਜਾਂਦੇ ਬਲ ਤੋਂ ਫ਼ਾਇਦਾ ਉਠਾ ਸਕਦੇ ਹਾਂ। ਪਰ ਕਿਵੇਂ? ਉਨ੍ਹਾਂ ਛੇ ਇੰਤਜ਼ਾਮਾਂ ਤੋਂ ਫ਼ਾਇਦਾ ਉਠਾ ਕੇ ਜੋ ਉਸ ਨੇ ਸਾਨੂੰ ਬਲ ਦੇਣ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਲਈ ਕੀਤੇ ਹਨ।
2 ਪਰਮੇਸ਼ੁਰ ਦਾ ਬਚਨ: ਜਿਵੇਂ ਸਾਨੂੰ ਆਪਣੀ ਸਰੀਰਕ ਤੰਦਰੁਸਤੀ ਬਣਾਈ ਰੱਖਣ ਲਈ ਭੋਜਨ ਖਾਣਾ ਚਾਹੀਦਾ ਹੈ, ਉਵੇਂ ਹੀ ਅਧਿਆਤਮਿਕ ਤੌਰ ਤੇ ਖ਼ੁਦ ਨੂੰ ਮਜ਼ਬੂਤ ਬਣਾਉਣ ਲਈ ਪਰਮੇਸ਼ੁਰ ਦਾ ਬਚਨ ਪੜ੍ਹਨਾ ਚਾਹੀਦਾ ਹੈ। (ਮੱਤੀ 4:4) ਬਾਈਬਲ ਅਧਿਆਤਮਿਕ ਤੌਰ ਤੇ ਜ਼ਿੰਦਾ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਸੱਚਾਈ ਲਈ ਆਪਣੇ ਜੋਸ਼ ਨੂੰ ਬਰਕਰਾਰ ਰੱਖਣ ਲਈ, ਜੇ ਮੁਮਕਿਨ ਹੋਵੇ, ਤਾਂ ਸਾਨੂੰ ਰੋਜ਼ਾਨਾ ਧਿਆਨ ਲਾ ਕੇ ਨਿੱਜੀ ਅਧਿਐਨ ਤੇ ਮਨਨ ਕਰਨ ਦੀ ਲੋੜ ਹੈ।—ਜ਼ਬੂ. 1:2, 3.
3 ਪ੍ਰਾਰਥਨਾ: ਸਾਡਾ ਯਹੋਵਾਹ ਦੇ ਨੇੜੇ ਜਾਣਾ ਉਦੋਂ ਬੜਾ ਜ਼ਰੂਰੀ ਹੈ ਜਦੋਂ ਸਾਨੂੰ ਮਦਦ ਦੀ ਸਖ਼ਤ ਲੋੜ ਹੁੰਦੀ ਹੈ। ਆਪਣੀ ਆਤਮਾ ਦੇ ਜ਼ਰੀਏ ਉਹ ਆਪਣਾ ਬਲ ਉਨ੍ਹਾਂ ਲੋਕਾਂ ਨੂੰ ਦਿੰਦਾ ਹੈ ਜੋ ਪ੍ਰਾਰਥਨਾ ਰਾਹੀਂ ਉਸ ਕੋਲੋਂ ਮੰਗਦੇ ਹਨ। (ਲੂਕਾ 11:13; ਅਫ਼. 3:16) ਬਾਈਬਲ ਸਾਨੂੰ “ਪ੍ਰਾਰਥਨਾ ਲਗਾਤਾਰ ਕਰਦੇ” ਰਹਿਣ ਲਈ ਉਤਸ਼ਾਹਿਤ ਕਰਦੀ ਹੈ। (ਰੋਮੀ. 12:12) ਕੀ ਤੁਸੀਂ ਇੰਜ ਕਰਦੇ ਹੋ?
4 ਕਲੀਸਿਯਾ: ਸਾਨੂੰ ਕਲੀਸਿਯਾ ਸਭਾਵਾਂ ਤੇ ਭੈਣ-ਭਰਾਵਾਂ ਦੀ ਨਿੱਘੀ ਸੰਗਤੀ ਦਾ ਆਨੰਦ ਮਾਣ ਕੇ ਤਾਕਤ ਤੇ ਉਤਸ਼ਾਹ ਵੀ ਮਿਲਦਾ ਹੈ। (ਇਬ. 10:24, 25) ਜਦੋਂ ਅਸੀਂ ਕਿਸੇ ਮੁਸੀਬਤ ਵਿਚ ਹੁੰਦੇ ਹਾਂ, ਤਾਂ ਉਹ ਸਾਨੂੰ ਹੌਸਲਾ ਦਿੰਦੇ ਤੇ ਪਿਆਰ ਨਾਲ ਸਾਡੀ ਮਦਦ ਕਰਦੇ ਹਨ।—ਕਹਾ. 17:17; ਉਪ. 4:10.
5 ਪ੍ਰਚਾਰ ਕੰਮ: ਪ੍ਰਚਾਰ ਵਿਚ ਲਗਾਤਾਰ ਹਿੱਸਾ ਲੈਣ ਨਾਲ ਸਾਡਾ ਧਿਆਨ ਰਾਜ ਤੇ ਇਸ ਤੋਂ ਮਿਲਣ ਵਾਲੀਆਂ ਬਰਕਤਾਂ ਤੇ ਟਿਕਿਆ ਰਹਿੰਦਾ ਹੈ। ਜਦੋਂ ਅਸੀਂ ਯਹੋਵਾਹ ਬਾਰੇ ਸਿਖਾਉਣ ਵਿਚ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਸਾਡਾ ਜੋਸ਼ ਵਧਦਾ ਜਾਂਦਾ ਹੈ। (ਰਸੂ. 20:35) ਹਾਲਾਂਕਿ ਅਸੀਂ ਸਾਰੇ ਜਣੇ ਉੱਥੇ ਜਾ ਕੇ ਸੇਵਾ ਨਹੀਂ ਕਰ ਸਕਦੇ ਜਿੱਥੇ ਜ਼ਿਆਦਾ ਲੋੜ ਹੈ ਜਾਂ ਸਾਰੇ ਜਣੇ ਪੂਰੇ ਸਮੇਂ ਦੀ ਸੇਵਕਾਈ ਨਹੀਂ ਕਰ ਸਕਦੇ, ਪਰ ਅਸੀਂ ਹੋਰ ਦੂਜੇ ਤਰੀਕਿਆਂ ਨਾਲ ਪ੍ਰਚਾਰ ਵਿਚ ਪੂਰੇ ਦਿਲੋਂ ਹਿੱਸਾ ਲੈ ਸਕਦੇ ਹਾਂ।—ਇਬ. 6:10-12.
6 ਮਸੀਹੀ ਨਿਗਾਹਬਾਨ: ਬਜ਼ੁਰਗ ਜੋ ਉਤਸ਼ਾਹ ਤੇ ਮਦਦ ਦਿੰਦੇ ਹਨ ਉਸ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ। ਯਹੋਵਾਹ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਝੁੰਡ ਦੀ ਚਰਵਾਹੀ ਕਰਨ ਲਈ ਥਾਪਿਆ ਹੈ। (1 ਪਤ. 5:2) ਪੌਲੁਸ ਵਾਂਗ ਹੀ ਸਫ਼ਰੀ ਨਿਗਾਹਬਾਨ ਜਿੱਥੇ ਕਿਤੇ ਸੇਵਾ ਕਰਦੇ ਹਨ ਉੱਥੇ ਦੀਆਂ ਕਲੀਸਿਯਾਵਾਂ ਨੂੰ ਮਜ਼ਬੂਤ ਕਰਦੇ ਹਨ।—ਰੋਮੀ. 1:11, 12.
7 ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ: ਅੱਜ ਦੇ ਅਤੇ ਪੁਰਾਣੇ ਸਮੇਂ ਦੇ ਵਫ਼ਾਦਾਰ ਸੰਗੀ ਸੇਵਕਾਂ ਦੀਆਂ ਮਿਸਾਲਾਂ ਤੇ ਗੌਰ ਕਰਨ ਨਾਲ ਸਾਨੂੰ ਤਾਕਤ ਮਿਲਦੀ ਹੈ। (ਇਬ. 12:1) ਜਦੋਂ ਕਦੇ ਤੁਹਾਨੂੰ ਫਿਰ ਤੋਂ ਤਾਕਤ ਦੀ ਲੋੜ ਪੈਂਦੀ ਹੈ, ਤਾਂ ਕਿਉਂ ਨਾ ਸਾਡੇ ਰਸਾਲਿਆਂ ਵਿਚ ਦਿੱਤੀਆਂ ਗਈਆਂ ਉਤਸ਼ਾਹਜਨਕ ਕਹਾਣੀਆਂ, ਯੀਅਰਬੁੱਕ ਵਿੱਚੋਂ ਮਜ਼ਬੂਤ ਕਰਨ ਵਾਲੀਆਂ ਰਿਪੋਰਟਾਂ, ਜਾਂ ਘੋਸ਼ਕ ਕਿਤਾਬ ਵਿੱਚੋਂ ਯਹੋਵਾਹ ਦੇ ਗਵਾਹਾਂ ਦੇ ਅੱਜ ਦੇ ਇਤਿਹਾਸ ਬਾਰੇ ਕੁਝ ਜੋਸ਼ੀਲੇ ਕਿੱਸਿਆਂ ਨੂੰ ਪੜ੍ਹੀਏ?
8 ਇਕ ਭਰਾ ਜਿਸ ਦੀ ਉਮਰ 90 ਸਾਲਾਂ ਤੋਂ ਜ਼ਿਆਦਾ ਹੈ, ਨੇ ਬਚਪਨ ਵਿਚ ਸੱਚਾਈ ਸਿੱਖੀ ਸੀ। ਜਦੋਂ ਉਹ ਅਜੇ ਜਵਾਨ ਸੀ, ਤਾਂ ਉਸ ਦੀ ਨਿਹਚਾ ਪਰਖੀ ਗਈ। ਪਹਿਲਾਂ ਇਹ ਕਿ ਕਲੀਸਿਯਾ ਨਾਲ ਲਗਾਤਾਰ ਸੰਗਤੀ ਕਰਨ ਵਾਲੇ ਲੋਕ ਯਹੋਵਾਹ ਦਾ ਸੰਗਠਨ ਛੱਡ ਕੇ ਚਲੇ ਗਏ। ਦੂਜਾ ਇਹ ਕਿ ਉਸ ਨੂੰ ਘਰ-ਘਰ ਜਾ ਕੇ ਪ੍ਰਚਾਰ ਕਰਨਾ ਬੜਾ ਔਖਾ ਲੱਗਦਾ ਸੀ। ਪਰ ਫਿਰ ਵੀ ਉਸ ਨੇ ਆਪਣਾ ਭਰੋਸਾ ਯਹੋਵਾਹ ਤੇ ਰੱਖਿਆ। ਛੇਤੀ ਹੀ ਉਸ ਨੂੰ ਪ੍ਰਚਾਰ ਕਰਨ ਵਿਚ ਮਜ਼ਾ ਆਉਣ ਲੱਗਾ। ਤੇ ਅੱਜ ਕੀ? ਹਾਲਾਂਕਿ ਉਸ ਦੀ ਸਿਹਤ ਚੰਗੀ ਨਹੀਂ ਰਹਿੰਦੀ, ਪਰ ਉਹ ਅਜੇ ਵੀ ਬਰੁਕਲਿਨ ਬੈਥਲ ਪਰਿਵਾਰ ਵਿਚ ਪ੍ਰਬੰਧਕ ਸਭਾ ਦੇ ਇਕ ਮੈਂਬਰ ਵਜੋਂ ਸੇਵਾ ਕਰ ਰਿਹਾ ਹੈ। ਯਹੋਵਾਹ ਦੇ ਸੰਗਠਨ ਨਾਲ ਜੁੜੇ ਰਹਿਣ ਦਾ ਉਸ ਨੂੰ ਕੋਈ ਅਫ਼ਸੋਸ ਨਹੀਂ ਹੈ।
9 ਬਰਤਾਨੀਆ ਦੇ ਬੈਥਲ ਪਰਿਵਾਰ ਦੀ ਇਕ ਭੈਣ ਦਾ ਬਪਤਿਸਮਾ 13 ਸਾਲ ਦੀ ਉਮਰ ਵਿਚ ਹੋਇਆ ਸੀ। ਠੀਕ ਅਗਲੇ ਸਾਲ ਉਸ ਨੇ ਆਪਣੇ ਵੱਡੇ ਭਰਾ ਨਾਲ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਅਗਲੇ ਸਾਲ ਦੂਜੇ ਵਿਸ਼ਵ-ਯੁੱਧ ਦੌਰਾਨ ਉਸ ਦੇ ਡੈਡੀ ਜੀ ਨੂੰ ਮਸੀਹੀ ਨਿਰਪੱਖਤਾ ਦੇ ਕਾਰਨ ਜੇਲ੍ਹ ਹੋ ਗਈ। ਉਸ ਨੇ ਯਹੋਵਾਹ ਕੋਲੋਂ ਬਲ ਲੈਣ ਲਈ ਉਸ ਤੇ ਭਰੋਸਾ ਰੱਖਿਆ ਤੇ ਸੱਚੇ ਪਰਮੇਸ਼ੁਰ ਦੀ ਸੇਵਾ ਕਰਨੀ ਜਾਰੀ ਰੱਖੀ। ਇਸ ਦੌਰਾਨ ਉਸ ਦਾ ਇਕ ਭਰਾ ਨਾਲ ਵਿਆਹ ਹੋ ਗਿਆ ਤੇ ਉਹ ਇਕੱਠੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲੱਗੇ ਹੋਏ ਸਨ। ਪਰ ਵਿਆਹ ਤੋਂ 35 ਸਾਲ ਬਾਅਦ ਅਚਾਨਕ ਹੀ ਉਸ ਦਾ ਪਤੀ ਗੁਜ਼ਰ ਗਿਆ। ਫਿਰ ਤੋਂ ਉਸ ਨੂੰ ਯਹੋਵਾਹ ਕੋਲੋਂ ਤਾਕਤ ਮਿਲੀ ਤੇ ਹੁਣ ਤਕ ਉਹ ਯਹੋਵਾਹ ਦੀ ਸੇਵਾ ਕਰ ਰਹੀ ਹੈ। ਨਾਲੇ ਹਮੇਸ਼ਾ ਲਈ ਧਰਤੀ ਉੱਤੇ ਯਹੋਵਾਹ ਦੇ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਸੇਵਾ ਕਰਨ ਦੀ ਆਸ ਰੱਖਦੀ ਹੈ।
10 ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਮਦਦ ਅਤੇ ਮੁੜ ਤਾਕਤ ਦਿੰਦਾ ਹੈ। “ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।” ਉੱਪਰ ਦਿੱਤੇ ਛੇ ਇੰਤਜ਼ਾਮਾਂ ਤੋਂ ਫ਼ਾਇਦਾ ਉਠਾ ਕੇ ਅਸੀਂ ਇਸ ਸ਼ਕਤੀ ਦੇ ਅਸੀਮ ਸੋਮੇ ਤੋਂ ਬਲ ਹਾਸਲ ਕਰ ਸਕਦੇ ਹਾਂ। ਚੇਤੇ ਰੱਖੋ: “ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ . . . ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।” (ਯਸਾ. 40:29-31) ਪੌਲੁਸ ਨੇ ਬਲ ਲਈ ਯਹੋਵਾਹ ਤੇ ਤਨੋਂ-ਮਨੋਂ ਭਰੋਸਾ ਰੱਖਿਆ ਤੇ ਸਾਨੂੰ ਵੀ ਕਰਨਾ ਚਾਹੀਦਾ ਹੈ।