“ਯਤੀਮਾਂ” ਵਿਚ ਗਹਿਰੀ ਦਿਲਚਸਪੀ ਲਓ
1 ਯਹੋਵਾਹ “ਯਤੀਮਾਂ ਦਾ ਪਿਤਾ” ਹੈ। (ਜ਼ਬੂ. 68:5) ਅਜਿਹੇ ਬੱਚਿਆਂ ਪ੍ਰਤੀ ਉਸ ਦੀ ਚਿੰਤਾ ਉਸ ਦੇ ਇਸ ਹੁਕਮ ਤੋਂ ਸਾਫ਼ ਜ਼ਾਹਰ ਹੁੰਦੀ ਹੈ ਜੋ ਉਸ ਨੇ ਪੁਰਾਣੇ ਸਮੇਂ ਦੇ ਇਸਰਾਏਲ ਕੌਮ ਨੂੰ ਦਿੱਤਾ ਸੀ: “ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ। ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਓਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ।” (ਕੂਚ 22:22, 23) ਪਰਮੇਸ਼ੁਰ ਦੀ ਬਿਵਸਥਾ ਵਿਚ ਵਿਧਵਾਵਾਂ ਤੇ ਯਤੀਮਾਂ ਦੀ ਭੌਤਿਕ ਤੌਰ ਤੇ ਮਦਦ ਕਰਨ ਦੇ ਵੀ ਪ੍ਰਬੰਧ ਸਨ। (ਬਿਵ. 24:19-21) ਮਸੀਹੀ ਕਲੀਸਿਯਾ ਵਿਚ ਸੱਚੇ ਭਗਤਾਂ ਨੂੰ “ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ” ਲੈਣ ਦੀ ਤਾਕੀਦ ਕੀਤੀ ਜਾਂਦੀ ਹੈ। (ਯਾਕੂ. 1:27) ਯਹੋਵਾਹ ਦੀ ਰੀਸ ਕਰਦੇ ਹੋਏ, ਅਸੀਂ ਉਨ੍ਹਾਂ ਬੱਚਿਆਂ ਵਿਚ ਕਿੱਦਾਂ ਗਹਿਰੀ ਦਿਲਚਸਪੀ ਲੈ ਸਕਦੇ ਹਾਂ ਜਿਨ੍ਹਾਂ ਦੀਆਂ ਮਾਵਾਂ ਜਾਂ ਪਿਤਾ ਨਹੀਂ ਹਨ ਜਾਂ ਜਿਨ੍ਹਾਂ ਦੀਆਂ ਮਾਵਾਂ ਜਾਂ ਪਿਤਾ ਯਹੋਵਾਹ ਦੇ ਗਵਾਹ ਨਹੀਂ ਹਨ?
2 ਅਧਿਆਤਮਿਕ ਸਿਖਲਾਈ: ਜੇ ਤੁਸੀਂ ਇਕੱਲੀ ਮਾਤਾ ਜਾਂ ਪਿਤਾ ਹੋ ਜਾਂ ਤੁਹਾਡਾ ਪਤੀ ਜਾਂ ਪਤਨੀ ਸੱਚਾਈ ਵਿਚ ਨਹੀਂ ਹੈ, ਤਾਂ ਆਪਣੇ ਬੱਚਿਆਂ ਨਾਲ ਬਾਕਾਇਦਾ ਬਾਈਬਲ ਅਧਿਐਨ ਕਰਨਾ ਤੁਹਾਡੇ ਲਈ ਬਹੁਤ ਔਖਾ ਹੋ ਸਕਦਾ ਹੈ। ਪਰ ਜੇ ਬੱਚਿਆਂ ਨੇ ਵੱਡੇ ਹੋ ਕੇ ਸਿਆਣੇ ਤੇ ਪਰਿਪੱਕ ਬਾਲਗ਼ ਬਣਨਾ ਹੈ, ਤਾਂ ਉਨ੍ਹਾਂ ਨਾਲ ਨਿਯਮਿਤ ਤੌਰ ਤੇ ਬਾਈਬਲ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। (ਕਹਾ. 22:6) ਉਨ੍ਹਾਂ ਨਾਲ ਹਰ ਦਿਨ ਅਧਿਆਤਮਿਕ ਗੱਲਬਾਤ ਕਰਨੀ ਵੀ ਜ਼ਰੂਰੀ ਹੈ। (ਬਿਵ. 6:6-9) ਤੁਸੀਂ ਸ਼ਾਇਦ ਕਦੇ-ਕਦੇ ਮਹਿਸੂਸ ਕਰੋ ਕਿ ਤੁਹਾਡੀ ਮਿਹਨਤ ਬੇਕਾਰ ਹੈ, ਪਰ ਹਿੰਮਤ ਨਾ ਹਾਰੋ। ਤਾਕਤ ਅਤੇ ਸੇਧ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ [ਆਪਣਿਆਂ ਬਾਲਕਾਂ] ਦੀ ਪਾਲਨਾ” ਕਰਦੇ ਰਹੋ।—ਅਫ਼. 6:4.
3 ਜੇ ਤੁਹਾਨੂੰ ਆਪਣੀਆਂ ਪਰਮੇਸ਼ੁਰ-ਦਿਤ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿਚ ਮਦਦ ਕੀ ਲੋੜ ਹੈ, ਤਾਂ ਬਜ਼ੁਰਗਾਂ ਨੂੰ ਇਸ ਬਾਰੇ ਦੱਸੋ। ਉਹ ਸ਼ਾਇਦ ਤੁਹਾਨੂੰ ਚੰਗੇ ਸੁਝਾਅ ਦੇਣਗੇ ਜਾਂ ਸ਼ਾਇਦ ਉਹ ਤੁਹਾਡੀ ਮਦਦ ਕਰਨਗੇ ਕਿ ਤੁਸੀਂ ਆਪਣੇ ਘਰਾਣੇ ਲਈ ਇਕ ਵਧੀਆ ਅਧਿਆਤਮਿਕ ਰੁਟੀਨ ਬਣਾ ਸਕੋ।
4 ਦੂਸਰੇ ਕਿੱਦਾਂ ਮਦਦ ਕਰ ਸਕਦੇ ਹਨ: ਪਹਿਲੀ ਸਦੀ ਵਿਚ, ਤਿਮੋਥਿਉਸ ਦਾ ਪਿਤਾ ਮਸੀਹੀ ਨਹੀਂ ਸੀ, ਪਰ ਫਿਰ ਵੀ ਤਿਮੋਥਿਉਸ ਵੱਡਾ ਹੋ ਕੇ ਯਹੋਵਾਹ ਦਾ ਇਕ ਜੋਸ਼ੀਲਾ ਸੇਵਕ ਬਣਿਆ। ਯਕੀਨਨ ਇਹ ਉਸ ਦੀ ਮਾਤਾ ਅਤੇ ਨਾਨੀ ਦੀ ਮਿਹਨਤ ਸਦਕਾ ਸੀ ਜਿਨ੍ਹਾਂ ਨੇ ਉਸ ਨੂੰ ਬਚਪਨ ਤੋਂ ਹੀ ਪਵਿੱਤਰ ਸ਼ਾਸਤਰ ਦੀ ਸਿੱਖਿਆ ਦਿੱਤੀ ਸੀ। (ਰਸੂ. 16:1, 2; 2 ਤਿਮੋ. 1:5; 3:15) ਪਰ ਤਿਮੋਥਿਉਸ ਨੇ ਦੂਸਰੇ ਮਸੀਹੀਆਂ ਨਾਲ ਸੰਗਤੀ ਕਰ ਕੇ ਵੀ ਲਾਭ ਹਾਸਲ ਕੀਤਾ। ਉਸ ਨੇ ਪੌਲੁਸ ਰਸੂਲ ਨਾਲ ਸੰਗਤੀ ਕੀਤੀ ਜਿਸ ਨੇ ਕਿਹਾ ਕਿ ਤਿਮੋਥਿਉਸ “ਪ੍ਰਭੁ ਵਿੱਚ ਮੇਰਾ ਪਿਆਰਾ ਅਤੇ ਨਿਹਚੇ ਜੋਗ ਪੁੱਤ੍ਰ ਹੈ।”—1 ਕੁਰਿੰ. 4:17.
5 ਇਸੇ ਤਰ੍ਹਾਂ ਅੱਜ ਵੀ ਜਦੋਂ ਅਧਿਆਤਮਿਕ ਤੌਰ ਤੇ ਪਰਿਪੱਕ ਭੈਣ-ਭਰਾ ਕਲੀਸਿਯਾ ਵਿਚ ਬਿਨਾਂ ਮਾਤਾ ਜਾਂ ਪਿਤਾ ਦੇ ਬੱਚਿਆਂ ਵਿਚ ਗਹਿਰੀ ਦਿਲਚਸਪੀ ਲੈਂਦੇ ਹਨ, ਤਾਂ ਇਹ ਬਹੁਤ ਹੀ ਫ਼ਾਇਦੇਮੰਦ ਸਾਬਤ ਹੁੰਦਾ ਹੈ! ਕੀ ਤੁਸੀਂ ਆਪਣੀ ਕਲੀਸਿਯਾ ਵਿਚ ਅਜਿਹੇ ਹਰ ਬੱਚੇ ਦਾ ਨਾਂ ਜਾਣਦੇ ਹੋ? ਕੀ ਤੁਸੀਂ ਮਸੀਹੀ ਸਭਾਵਾਂ ਵਿਚ ਅਤੇ ਹੋਰ ਮੌਕਿਆਂ ਤੇ ਉਨ੍ਹਾਂ ਨਾਲ ਗੱਲ ਕਰਦੇ ਹੋ? ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ਵਿਚ ਜਾਣ ਦਾ ਸੱਦਾ ਦਿਓ। ਤੁਸੀਂ ਕਦੇ-ਕਦਾਈਂ ਆਪਣੇ ਪਰਿਵਾਰਕ ਅਧਿਐਨ ਜਾਂ ਦਿਲ-ਪਰਚਾਵਿਆਂ ਵਿਚ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਸੀਹੀ ਮਾਤਾ ਜਾਂ ਪਿਤਾ ਨੂੰ ਸ਼ਾਮਲ ਕਰ ਸਕਦੇ ਹੋ। ਜਦੋਂ ਇਹ ਬੱਚੇ ਤੁਹਾਨੂੰ ਆਪਣਾ ਦੋਸਤ ਮੰਨਣਗੇ, ਤਾਂ ਉਹ ਤੁਹਾਡੀ ਮਿਸਾਲ ਦੀ ਰੀਸ ਕਰਨਗੇ ਅਤੇ ਤੁਸੀਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਸਕੋਗੇ।—ਫ਼ਿਲਿ. 2:4.
6 ਯਹੋਵਾਹ ਬਿਨਾਂ ਮਾਤਾ ਜਾਂ ਪਿਤਾ ਦੇ ਬੱਚਿਆਂ ਵਿਚ ਗਹਿਰੀ ਦਿਲਚਸਪੀ ਲੈਂਦਾ ਹੈ। ਜਦੋਂ ਅਸੀਂ ਇਨ੍ਹਾਂ ਬੱਚਿਆਂ ਦੀ ਸੱਚਾਈ ਵਿਚ ਦ੍ਰਿੜ੍ਹ ਹੋਣ ਵਿਚ ਮਦਦ ਕਰਦੇ ਹਾਂ, ਤਾਂ ਯਹੋਵਾਹ ਸਾਡੀ ਮਿਹਨਤ ਉੱਤੇ ਅਸੀਸ ਪਾਉਂਦਾ ਹੈ। ਇਸ ਤਰ੍ਹਾਂ ਦੇ ਕਈ ਬੱਚਿਆਂ ਨੂੰ ਹੌਸਲਾ-ਅਫ਼ਜ਼ਾਈ ਦਿੱਤੀ ਗਈ ਸੀ ਅਤੇ ਉਹ ਹੁਣ ਪਾਇਨੀਅਰਾਂ, ਸਹਾਇਕ ਸੇਵਕਾਂ, ਬਜ਼ੁਰਗਾਂ, ਸਫ਼ਰੀ ਨਿਗਾਹਬਾਨਾਂ ਜਾਂ ਬੈਥਲ ਪਰਿਵਾਰ ਦੇ ਮੈਂਬਰਾਂ ਦੇ ਤੌਰ ਤੇ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਆਓ ਆਪਾਂ ਸਾਰੇ ਆਪਣੇ ਸਵਰਗੀ ਪਿਤਾ ਦੀ ਰੀਸ ਕਰਦੇ ਹੋਏ, ਬਿਨਾਂ ਮਾਤਾ ਜਾਂ ਪਿਤਾ ਦੇ ਬੱਚਿਆਂ ਨੂੰ “ਖੁਲ੍ਹੇ ਦਿਲ” ਨਾਲ ਪਿਆਰ ਕਰਨ ਦੇ ਹੋਰ ਜ਼ਿਆਦਾ ਤਰੀਕੇ ਲੱਭੀਏ।—2 ਕੁਰਿੰ. 6:11-13.