ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰੋ
1 ਭਾਵੇਂ ਤੁਹਾਨੂੰ ਬਪਤਿਸਮਾ ਲਏ ਕਈ ਸਾਲ ਬੀਤ ਗਏ ਹਨ ਜਾਂ ਤੁਸੀਂ ਹਾਲ ਹੀ ਵਿਚ ਬਪਤਿਸਮਾ ਲਿਆ ਹੈ, ਪਰ ਤੁਹਾਨੂੰ ਆਪਣੇ ਬਪਤਿਸਮੇ ਦਾ ਦਿਨ ਜ਼ਰੂਰ ਯਾਦ ਹੋਵੇਗਾ। ਸਾਡਾ ਬਪਤਿਸਮਾ ਸਾਡੀ ਮੰਜ਼ਲ ਨਹੀਂ, ਸਗੋਂ ਪਰਮੇਸ਼ੁਰੀ ਸੇਵਾ ਵਾਲੀ ਜ਼ਿੰਦਗੀ ਦੀ ਸ਼ੁਰੂਆਤ ਹੈ ਜੋ ਸਦਾ ਤਕ ਚੱਲ ਸਕਦੀ ਹੈ। (1 ਯੂਹੰ. 2:17) ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਵਿਚ ਕੀ-ਕੀ ਸ਼ਾਮਲ ਹੈ?
2 ਮਸੀਹ ਦੀ ਮਿਸਾਲ ਉੱਤੇ ਚਲੋ: ਬਪਤਿਸਮਾ ਲੈਣ ਮਗਰੋਂ, ਯਿਸੂ “ਉਪਦੇਸ਼ ਦੇਣ ਲੱਗਾ” ਅਤੇ ਉਸ ਨੇ “ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ” ਸੁਣਾਈ। (ਲੂਕਾ 3:23; 4:43) ਇਸੇ ਤਰ੍ਹਾਂ, ਜਦੋਂ ਅਸੀਂ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲਿਆ ਸੀ, ਤਾਂ ਉਦੋਂ ਅਸੀਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣ ਗਏ ਸੀ। ਹੋ ਸਕਦਾ ਕਿ ਸਾਡਾ ਕਾਫ਼ੀ ਸਮਾਂ ਤੇ ਮਿਹਨਤ ਗੁਜ਼ਾਰਾ ਤੋਰਨ ਵਿਚ ਹੀ ਲੱਗ ਜਾਵੇ, ਪਰ ਸਾਡਾ ਮੁੱਖ ਉਦੇਸ਼ ਪ੍ਰਚਾਰ ਕਰਨਾ ਹੈ। (ਮੱਤੀ 6:33) ਪਰਮੇਸ਼ੁਰ ਦੇ ਸਮਰਪਿਤ ਲੋਕ ਧਨ-ਦੌਲਤ ਜਾਂ ਸ਼ੁਹਰਤ ਪਿੱਛੇ ਭੱਜਣ ਦੀ ਬਜਾਇ, ਪੌਲੁਸ ਰਸੂਲ ਵਾਂਗ “ਆਪਣੀ ਸੇਵਾ ਦੀ ਵਡਿਆਈ” ਕਰਨ ਦੀ ਕੋਸ਼ਿਸ਼ ਕਰਦੇ ਹਨ। (ਰੋਮੀ. 11:13) ਕੀ ਤੁਸੀਂ ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰ ਕੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰ ਰਹੇ ਹੋ?
3 ਯਿਸੂ ਵਾਂਗ ਸਾਨੂੰ ਵੀ “ਸ਼ਤਾਨ ਦਾ ਸਾਹਮਣਾ” ਕਰਨ ਦੀ ਲੋੜ ਹੈ। (ਯਾਕੂ. 4:7) ਯਿਸੂ ਦੇ ਬਪਤਿਸਮੇ ਮਗਰੋਂ ਸ਼ਤਾਨ ਨੇ ਉਸ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਉਹ ਅੱਜ ਵੀ ਯਹੋਵਾਹ ਦੇ ਸਮਰਪਿਤ ਸੇਵਕਾਂ ਨੂੰ ਆਪਣਾ ਖ਼ਾਸ ਨਿਸ਼ਾਨਾ ਬਣਾਉਂਦਾ ਹੈ। (ਲੂਕਾ 4:1-13) ਅਸੀਂ ਸ਼ਤਾਨ ਦੀ ਦੁਨੀਆਂ ਵਿਚ ਜੀ ਰਹੇ ਹਾਂ, ਇਸ ਲਈ ਸਾਨੂੰ ਆਪਣੇ ਉੱਤੇ ਪੂਰਾ ਕਾਬੂ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਜੋ ਸਾਡੇ ਦਿਲਾਂ-ਦਿਮਾਗ਼ਾਂ ਨੂੰ ਗੰਦਾ ਜਾਂ ਭ੍ਰਿਸ਼ਟ ਕਰ ਸਕਦੀਆਂ ਹਨ। (ਕਹਾ. 4:23; ਮੱਤੀ 5:29, 30) ਮਸੀਹੀਆਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਉਹ “ਪ੍ਰਭੁ ਦੀ ਮੇਜ਼, ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸੱਕਦੇ।” (1 ਕੁਰਿੰ. 10:21) ਇਸ ਦਾ ਮਤਲਬ ਹੈ ਕਿ ਸਾਨੂੰ ਹਾਨੀਕਾਰਕ ਮਨੋਰੰਜਨ, ਭੈੜੀ ਸੰਗਤ ਅਤੇ ਇੰਟਰਨੈੱਟ ਦੇ ਖ਼ਤਰਿਆਂ ਤੋਂ ਬਚਣਾ ਚਾਹੀਦਾ ਹੈ। ਸਾਨੂੰ ਧਰਮ-ਤਿਆਗੀਆਂ ਦੁਆਰਾ ਛਾਪੀਆਂ ਗਈਆਂ ਕਿਤਾਬਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਸ਼ਤਾਨ ਦੇ ਇਨ੍ਹਾਂ ਫੰਦਿਆਂ ਅਤੇ ਹੋਰ ਚਾਲਾਂ ਪ੍ਰਤੀ ਸਾਵਧਾਨ ਰਹਿ ਕੇ ਅਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰ ਸਕਾਂਗੇ।
4 ਪਰਮੇਸ਼ੁਰ ਦੇ ਪ੍ਰਬੰਧਾਂ ਤੋਂ ਲਾਭ ਹਾਸਲ ਕਰੋ: ਯਹੋਵਾਹ ਨੇ ਸਾਡੇ ਵਾਸਤੇ ਆਪਣੇ ਬਚਨ ਅਤੇ ਮਸੀਹੀ ਕਲੀਸਿਯਾ ਦਾ ਪ੍ਰਬੰਧ ਕੀਤਾ ਹੈ, ਤਾਂਕਿ ਅਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰ ਸਕੀਏ। ਹਰ ਦਿਨ ਬਾਈਬਲ ਪੜ੍ਹਨ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੀ ਆਦਤ ਪਾਓ। (ਯਹੋ. 1:8; 1 ਥੱਸ. 5:17) ਕਲੀਸਿਯਾ ਦੀਆਂ ਸਭਾਵਾਂ ਦਾ ਆਨੰਦ ਮਾਣੋ। (ਜ਼ਬੂ. 122:1) ਉਨ੍ਹਾਂ ਲੋਕਾਂ ਨਾਲ ਸੰਗਤ ਕਰੋ ਜੋ ਯਹੋਵਾਹ ਦਾ ਭੈ ਰੱਖਦੇ ਅਤੇ ਉਸ ਦੇ ਫ਼ਰਮਾਨਾਂ ਦੀ ਪਾਲਣਾ ਕਰਦੇ ਹਨ।—ਜ਼ਬੂ. 119:63.
5 ਯਹੋਵਾਹ ਦੀ ਮਦਦ ਨਾਲ ਤੁਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰ ਸਕਦੇ ਹੋ ਅਤੇ ਸਦਾ ਤਕ ਉਸ ਦੀ ਸੇਵਾ ਕਰਨ ਦਾ ਆਨੰਦ ਮਾਣ ਸਕਦੇ ਹੋ।—ਜ਼ਬੂ. 22:26, 27; ਫ਼ਿਲਿ. 4:13.