ਭਲਾਈ ਕਰਨ ਵਿਚ ਯਹੋਵਾਹ ਦੀ ਰੀਸ ਕਰੋ
1 ਡੁੱਬਦੇ ਸੂਰਜ ਦਾ ਸੋਹਣਾ ਨਜ਼ਾਰਾ ਦੇਖਣ ਜਾਂ ਸੁਆਦੀ ਭੋਜਨ ਖਾਣ ਦਾ ਆਨੰਦ ਲੈਣ ਤੋਂ ਬਾਅਦ, ਕੀ ਅਸੀਂ ਯਹੋਵਾਹ ਦਾ ਧੰਨਵਾਦ ਕਰਨ ਲਈ ਪ੍ਰੇਰਿਤ ਨਹੀਂ ਹੁੰਦੇ ਜੋ ਹਰ ਤਰ੍ਹਾਂ ਦੀ ਭਲਾਈ ਦਾ ਸੋਮਾ ਹੈ? ਉਸ ਦੀ ਭਲਾਈ ਨੂੰ ਦੇਖ ਕੇ ਅਸੀਂ ਉਸ ਦੀ ਰੀਸ ਕਰਨੀ ਚਾਹੁੰਦੇ ਹਾਂ। (ਜ਼ਬੂ. 119:66, 68; ਅਫ਼. 5:1) ਅਸੀਂ ਭਲਾਈ ਦਾ ਗੁਣ ਕਿਵੇਂ ਦਿਖਾ ਸਕਦੇ ਹਾਂ?
2 ਅਵਿਸ਼ਵਾਸੀਆਂ ਨਾਲ: ਭਲਾਈ ਕਰਨ ਵਿਚ ਯਹੋਵਾਹ ਦੀ ਰੀਸ ਕਰਨ ਦਾ ਇਕ ਤਰੀਕਾ ਹੈ, ਉਨ੍ਹਾਂ ਲੋਕਾਂ ਦੀ ਦਿਲੋਂ ਚਿੰਤਾ ਕਰਨੀ ਜੋ ਸਾਡੇ ਵਾਂਗ ਯਹੋਵਾਹ ਵਿਚ ਨਿਹਚਾ ਨਹੀਂ ਰੱਖਦੇ। (ਗਲਾ. 6:10) ਜਦੋਂ ਅਸੀਂ ਲੋਕਾਂ ਨਾਲ ਭਲਾਈ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਉਹ ਯਹੋਵਾਹ ਦੇ ਗਵਾਹਾਂ ਅਤੇ ਉਨ੍ਹਾਂ ਦੇ ਸੰਦੇਸ਼ ਪ੍ਰਤੀ ਚੰਗੀ ਰਾਇ ਕਾਇਮ ਕਰਨ।
3 ਮਿਸਾਲ ਲਈ, ਇਕ ਨੌਜਵਾਨ ਪਾਇਨੀਅਰ ਭਰਾ ਡਾਕਟਰ ਦੇ ਕਲਿਨਿਕ ਵਿਚ ਬੈਠਾ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਉਸ ਨਾਲ ਇਕ ਬਜ਼ੁਰਗ ਔਰਤ ਬੈਠੀ ਸੀ ਜੋ ਹੋਰਨਾਂ ਰੋਗੀਆਂ ਨਾਲੋਂ ਜ਼ਿਆਦਾ ਬੀਮਾਰ ਲੱਗਦੀ ਸੀ। ਜਦੋਂ ਡਾਕਟਰ ਕੋਲ ਜਾਣ ਲਈ ਇਸ ਭਰਾ ਦੀ ਵਾਰੀ ਆਈ, ਤਾਂ ਉਸ ਨੇ ਆਪਣੀ ਜਗ੍ਹਾ ਇਸ ਔਰਤ ਨੂੰ ਜਾਣ ਲਈ ਕਿਹਾ। ਬਾਅਦ ਵਿਚ ਜਦੋਂ ਇਹ ਭਰਾ ਦੁਬਾਰਾ ਉਸ ਔਰਤ ਨੂੰ ਬਾਜ਼ਾਰ ਵਿਚ ਮਿਲਿਆ, ਤਾਂ ਉਹ ਔਰਤ ਭਰਾ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ। ਇਹ ਔਰਤ ਪਹਿਲਾਂ ਖ਼ੁਸ਼ ਖ਼ਬਰੀ ਸੁਣਨ ਤੋਂ ਇਨਕਾਰ ਕਰ ਦਿੰਦੀ ਸੀ। ਪਰ ਉਸ ਨੇ ਕਿਹਾ ਕਿ ਉਹ ਹੁਣ ਜਾਣ ਗਈ ਸੀ ਕਿ ਯਹੋਵਾਹ ਦੇ ਗਵਾਹ ਸੱਚ-ਮੁੱਚ ਆਪਣੇ ਗੁਆਂਢੀਆਂ ਨੂੰ ਪਿਆਰ ਕਰਦੇ ਹਨ। ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।
4 ਆਪਣੇ ਭੈਣ-ਭਰਾਵਾਂ ਨਾਲ: ਆਪਣੇ ਭੈਣ-ਭਰਾਵਾਂ ਦੀ ਮਦਦ ਕਰ ਕੇ ਵੀ ਅਸੀਂ ਭਲਾਈ ਕਰਨ ਵਿਚ ਯਹੋਵਾਹ ਦੀ ਰੀਸ ਕਰਦੇ ਹਾਂ। ਆਫ਼ਤ ਆਉਣ ਤੇ ਅਸੀਂ ਆਪਣੇ ਭੈਣ-ਭਰਾਵਾਂ ਦੀ ਮਦਦ ਕਰਨ ਲਈ ਜਲਦੀ ਹੀ ਉਨ੍ਹਾਂ ਕੋਲ ਪਹੁੰਚ ਜਾਂਦੇ ਹਾਂ। ਇਹੀ ਭਾਵਨਾ ਅਸੀਂ ਉਦੋਂ ਵੀ ਦਿਖਾਉਂਦੇ ਹਾਂ ਜਦੋਂ ਅਸੀਂ ਕਿਸੇ ਲੋੜਵੰਦ ਭੈਣ ਜਾਂ ਭਰਾ ਨੂੰ ਆਪਣੀ ਗੱਡੀ ਵਿਚ ਸਭਾਵਾਂ ਲਈ ਲੈ ਕੇ ਆਉਂਦੇ ਹਾਂ, ਬੀਮਾਰਾਂ ਨੂੰ ਮਿਲਣ ਜਾਂਦੇ ਹਾਂ ਅਤੇ ਕਲੀਸਿਯਾ ਵਿਚ ਉਨ੍ਹਾਂ ਭੈਣ-ਭਰਾਵਾਂ ਨਾਲ ਮੇਲ-ਜੋਲ ਵਧਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ।—2 ਕੁਰਿੰ. 6:11-13; ਇਬ. 13:16.
5 ਯਹੋਵਾਹ ਸਾਡੇ ਨਾਲ ਇਕ ਹੋਰ ਤਰੀਕੇ ਨਾਲ ਭਲਾਈ ਕਰਦਾ ਹੈ। ਉਹ “ਦਯਾਲੂ” ਹੋਣ ਕਰਕੇ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (ਜ਼ਬੂ. 86:5) ਅਸੀਂ ਵੀ ਉਸ ਦੀ ਰੀਸ ਕਰ ਕੇ ਦੂਜਿਆਂ ਨੂੰ ਮਾਫ਼ ਕਰਨ ਦੁਆਰਾ ਭਲਾਈ ਕਰ ਸਕਦੇ ਹਾਂ। (ਅਫ਼. 4:32) ਇਸ ਤਰ੍ਹਾਂ ਕਰਨ ਨਾਲ ਸਾਨੂੰ ਆਪਣੇ ਭੈਣ-ਭਰਾਵਾਂ ਨਾਲ ਮਿਲ ਕੇ “ਚੰਗਾ ਤੇ ਸੋਹਣਾ” ਲੱਗੇਗਾ।—ਜ਼ਬੂ. 133:1-3.
6 ਆਓ ਆਪਾਂ ਯਹੋਵਾਹ ਦੀ ਬਹੁਤੀ ਭਲਾਈ ਕਾਰਨ ਜੋਸ਼ ਨਾਲ ਉਸ ਦੀ ਵਡਿਆਈ ਕਰੀਏ ਅਤੇ ਖ਼ੁਸ਼ੀ ਮਨਾਈਏ। ਨਾਲੇ ਹਰ ਗੱਲ ਵਿਚ ਭਲਾਈ ਕਰਨ ਵਿਚ ਉਸ ਦੀ ਰੀਸ ਕਰੀਏ।—ਜ਼ਬੂ. 145:7; ਯਿਰ. 31:12.