ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਓ
1. ਆਪਣੇ ਅਧਿਆਤਮਿਕ ਰੁਟੀਨ ਬਾਰੇ ਇਕ ਭੈਣ ਨੂੰ ਕਿਸ ਗੱਲ ਦਾ ਅਹਿਸਾਸ ਹੋਇਆ?
1 ਇਕ ਮਸੀਹੀ ਭੈਣ ਮੰਨਦੀ ਹੈ: “ਮੈਂ ਤਕਰੀਬਨ 20 ਸਾਲਾਂ ਤੋਂ ਸੱਚਾਈ ਵਿਚ ਹਾਂ ਅਤੇ ਮੈਂ ਸਭਾਵਾਂ ਵਿਚ ਜਾਂਦੀ ਤੇ ਪ੍ਰਚਾਰ ਕਰਦੀ ਰਹੀ ਹਾਂ।” ਪਰ ਉਹ ਅੱਗੇ ਕਹਿੰਦੀ ਹੈ: “ਮੈਂ ਇਸ ਨਤੀਜੇ ਤੇ ਪਹੁੰਚੀ ਹਾਂ ਕਿ ਹਾਲਾਂਕਿ ਇਹ ਚੀਜ਼ਾਂ ਜ਼ਰੂਰੀ ਹਨ, ਪਰ ਜਦੋਂ ਮੁਸ਼ਕਲਾਂ ਆਉਣਗੀਆਂ, ਤਾਂ ਸਿਰਫ਼ ਇਹ ਚੀਜ਼ਾਂ ਮੈਨੂੰ ਅਧਿਆਤਮਿਕ ਤੌਰ ਤੇ ਸੰਭਾਲ ਨਹੀਂ ਸਕਣਗੀਆਂ। . . . ਮੈਨੂੰ ਹੁਣ ਅਹਿਸਾਸ ਹੋਇਆ ਹੈ ਕਿ ਮੈਨੂੰ ਆਪਣੀ ਸੋਚ ਨੂੰ ਬਦਲਣ ਅਤੇ ਅਰਥਪੂਰਣ ਅਧਿਐਨ ਸ਼ੁਰੂ ਕਰਨ ਦੀ ਲੋੜ ਹੈ ਤਾਂਕਿ ਮੈਂ ਸੱਚ-ਮੁੱਚ ਯਹੋਵਾਹ ਨੂੰ ਜਾਣ ਸਕਾਂ ਤੇ ਉਸ ਨੂੰ ਪਿਆਰ ਕਰ ਸਕਾਂ। ਇਸ ਦੇ ਨਾਲ-ਨਾਲ ਉਸ ਦੇ ਪੁੱਤਰ ਨੇ ਸਾਨੂੰ ਜੋ ਕੁਝ ਦਿੱਤਾ ਹੈ, ਉਸ ਦੀ ਵੀ ਕਦਰ ਕਰ ਸਕਾਂ।”
2. ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਉਣਾ ਕਿਉਂ ਜ਼ਰੂਰੀ ਹੈ?
2 ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਲਈ ਜਤਨ ਕਰਨ ਦੀ ਲੋੜ ਹੈ। ਇਸ ਦੇ ਲਈ ਸਿਰਫ਼ ਮਸੀਹੀ ਕੰਮਾਂ ਵਿਚ ਬਾਕਾਇਦਾ ਹਿੱਸਾ ਲੈਣਾ ਕਾਫ਼ੀ ਨਹੀਂ ਹੈ। ਜੇ ਅਸੀਂ ਯਹੋਵਾਹ ਨਾਲ ਬਾਕਾਇਦਾ ਪ੍ਰਾਰਥਨਾ ਰਾਹੀਂ ਗੱਲਬਾਤ ਨਹੀਂ ਕਰਦੇ, ਤਾਂ ਹੌਲੀ-ਹੌਲੀ ਉਹ ਸਾਡੇ ਲਈ ਇਸ ਤਰ੍ਹਾਂ ਬਣ ਜਾਵੇਗਾ ਜਿਵੇਂ ਬਹੁਤ ਚਿਰ ਪਹਿਲਾਂ ਕਦੇ ਉਹ ਸਾਡਾ ਇਕ ਗੂੜ੍ਹਾ ਮਿੱਤਰ ਹੁੰਦਾ ਸੀ ਜਿਸ ਨਾਲੋਂ ਹੁਣ ਸਾਡਾ ਸੰਪਰਕ ਟੁੱਟ ਚੁੱਕਾ ਹੈ। (ਪਰ. 2:4) ਆਓ ਆਪਾਂ ਧਿਆਨ ਨਾਲ ਜਾਂਚ ਕਰੀਏ ਕਿ ਨਿੱਜੀ ਬਾਈਬਲ ਅਧਿਐਨ ਅਤੇ ਪ੍ਰਾਰਥਨਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਵਿਚ ਕਿਵੇਂ ਸਾਡੀ ਮਦਦ ਕਰ ਸਕਦੇ ਹਨ।—ਕਹਾ. 3:32.
3. ਪਰਮੇਸ਼ੁਰ ਦੇ ਨੇੜੇ ਜਾਣ ਲਈ ਸਾਨੂੰ ਨਿੱਜੀ ਅਧਿਐਨ ਕਿਵੇਂ ਕਰਨਾ ਚਾਹੀਦਾ ਹੈ?
3 ਪ੍ਰਾਰਥਨਾ ਅਤੇ ਮਨਨ ਕਰਨਾ ਜ਼ਰੂਰੀ: ਜੇ ਅਸੀਂ ਚਾਹੁੰਦੇ ਹਾਂ ਕਿ ਨਿੱਜੀ ਅਧਿਐਨ ਵਿਚ ਪੜ੍ਹੀਆਂ ਗੱਲਾਂ ਸਾਡੇ ਦਿਲਾਂ ਨੂੰ ਛੋਹਣ, ਤਾਂ ਕਿਤਾਬਾਂ ਵਿਚ ਖ਼ਾਸ-ਖ਼ਾਸ ਗੱਲਾਂ ਥੱਲੇ ਨਿਸ਼ਾਨ ਲਾਉਣੇ ਅਤੇ ਬਾਈਬਲ ਵਿੱਚੋਂ ਹਵਾਲਿਆਂ ਨੂੰ ਪੜ੍ਹਨਾ ਹੀ ਕਾਫ਼ੀ ਨਹੀਂ ਹੈ। ਨਿੱਜੀ ਅਧਿਐਨ ਦਾ ਮਤਲਬ ਹੈ ਕਿ ਅਸੀਂ ਜਾਣਕਾਰੀ ਉੱਤੇ ਸੋਚ-ਵਿਚਾਰ ਕਰੀਏ ਕਿ ਇਹ ਯਹੋਵਾਹ ਦੇ ਰਾਹਾਂ, ਮਿਆਰਾਂ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਕੀ ਜ਼ਾਹਰ ਕਰਦੀ ਹੈ। (ਕੂਚ 33:13) ਅਧਿਆਤਮਿਕ ਗੱਲਾਂ ਨੂੰ ਸਮਝਣ ਨਾਲ ਸਾਡੇ ਦਿਲਾਂ ਤੇ ਗਹਿਰਾ ਅਸਰ ਪੈਂਦਾ ਹੈ ਅਤੇ ਅਸੀਂ ਆਪਣੀਆਂ ਜ਼ਿੰਦਗੀਆਂ ਬਾਰੇ ਸੋਚਣ ਲਈ ਪ੍ਰੇਰਿਤ ਹੁੰਦੇ ਹਾਂ। (ਜ਼ਬੂ. 119:35, 111) ਨਿੱਜੀ ਅਧਿਐਨ ਯਹੋਵਾਹ ਦੇ ਨੇੜੇ ਜਾਣ ਦੇ ਮਕਸਦ ਨਾਲ ਕਰਨਾ ਚਾਹੀਦਾ ਹੈ। (ਯਾਕੂ. 4:8) ਲਗਨ ਨਾਲ ਅਧਿਐਨ ਕਰਨ ਲਈ ਸਾਨੂੰ ਸਮਾਂ ਲਾਉਣ ਅਤੇ ਚੰਗੇ ਮਾਹੌਲ ਦੀ ਲੋੜ ਹੈ ਅਤੇ ਸਾਨੂੰ ਬਾਕਾਇਦਾ ਅਧਿਐਨ ਕਰਨ ਦੀ ਆਦਤ ਪਾਉਣੀ ਪਵੇਗੀ। (ਦਾਨੀ. 6:10) ਭਾਵੇਂ ਤੁਸੀਂ ਬਹੁਤ ਰੁੱਝੇ ਹੋਏ ਹੋ, ਤਾਂ ਵੀ ਕੀ ਤੁਸੀਂ ਯਹੋਵਾਹ ਦੇ ਬੇਮਿਸਾਲ ਗੁਣਾਂ ਤੇ ਮਨਨ ਕਰਨ ਲਈ ਹਰ ਰੋਜ਼ ਸਮਾਂ ਕੱਢਦੇ ਹੋ?—ਜ਼ਬੂ. 119:147, 148; 143:5.
4. ਨਿੱਜੀ ਅਧਿਐਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਿਵੇਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਵਿਚ ਸਾਡੀ ਮਦਦ ਕਰਦੀ ਹੈ?
4 ਨਿੱਜੀ ਅਧਿਐਨ ਤੋਂ ਲਾਭ ਹਾਸਲ ਕਰਨ ਲਈ ਦਿਲੋਂ ਪ੍ਰਾਰਥਨਾ ਕਰਨੀ ਵੀ ਜ਼ਰੂਰੀ ਹੈ। ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਲੋੜ ਹੈ ਤਾਂਕਿ ਇਸ ਦੀ ਮਦਦ ਨਾਲ ਬਾਈਬਲ ਸੱਚਾਈਆਂ ਸਾਡੇ ਦਿਲਾਂ ਨੂੰ ਛੋਹ ਜਾਣ ਅਤੇ ਸਾਨੂੰ ‘ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨ’ ਲਈ ਪ੍ਰੇਰਿਤ ਕਰਨ। (ਇਬ. 12:28) ਇਸ ਲਈ, ਅਧਿਐਨ ਕਰਨ ਲੱਗਿਆਂ ਹਰ ਵਾਰ ਸਾਨੂੰ ਯਹੋਵਾਹ ਤੋਂ ਉਸ ਦੀ ਆਤਮਾ ਲਈ ਬੇਨਤੀ ਕਰਨੀ ਚਾਹੀਦੀ ਹੈ। (ਮੱਤੀ 5:3) ਜਦੋਂ ਅਸੀਂ ਬਾਈਬਲ ਤੇ ਮਨਨ ਕਰਦੇ ਹਾਂ ਅਤੇ ਯਹੋਵਾਹ ਦੇ ਸੰਗਠਨ ਦੁਆਰਾ ਦਿੱਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਦੇ ਹਾਂ, ਤਾਂ ਅਸੀਂ ਯਹੋਵਾਹ ਅੱਗੇ ਆਪਣੇ ਦਿਲ ਨੂੰ ਖੋਲ੍ਹਦੇ ਹਾਂ। (ਜ਼ਬੂ. 62:8) ਇਸ ਤਰੀਕੇ ਨਾਲ ਅਧਿਐਨ ਕਰਨਾ ਸਾਡੀ ਭਗਤੀ ਦਾ ਹਿੱਸਾ ਹੈ ਜਿਸ ਦੁਆਰਾ ਅਸੀਂ ਯਹੋਵਾਹ ਪ੍ਰਤੀ ਆਪਣੀ ਸ਼ਰਧਾ ਜ਼ਾਹਰ ਕਰਦੇ ਹਾਂ ਅਤੇ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਹਾਂ।—ਯਹੂ. 20, 21.
5. ਹਰ ਰੋਜ਼ ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਹੈ?
5 ਹੋਰ ਸਾਰੇ ਰਿਸ਼ਤਿਆਂ ਵਾਂਗ, ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਸੁਧਾਰਦੇ ਰਹਿਣਾ ਚਾਹੀਦਾ ਹੈ ਤਾਂਕਿ ਇਹ ਗੂੜ੍ਹਾ ਹੁੰਦਾ ਜਾਵੇ। ਇਸ ਲਈ, ਆਓ ਆਪਾਂ ਯਹੋਵਾਹ ਦੇ ਨੇੜੇ ਜਾਣ ਲਈ ਹਰ ਰੋਜ਼ ਸਮਾਂ ਕੱਢੀਏ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਵੀ ਸਾਡੇ ਨੇੜੇ ਆਵੇਗਾ।—ਜ਼ਬੂ. 1:2, 3; ਅਫ਼. 5:15, 16.