ਸੱਚੇ ਮਸੀਹੀਆਂ ਵਿਚ ਏਕਤਾ ਕਿਉਂ ਹੈ?
1 ਕਿਹੜੀ ਚੀਜ਼ ਦੁਨੀਆਂ ਦੇ 234 ਦੇਸ਼ਾਂ ਦੇ 380 ਭਾਸ਼ਾਵਾਂ ਬੋਲਣ ਵਾਲੇ 60 ਲੱਖ ਲੋਕਾਂ ਵਿਚ ਏਕਤਾ ਕਾਇਮ ਕਰ ਸਕਦੀ ਹੈ? ਸਿਰਫ਼ ਯਹੋਵਾਹ ਪਰਮੇਸ਼ੁਰ ਦੀ ਭਗਤੀ। (ਮੀਕਾ. 2:12; 4:1-3) ਯਹੋਵਾਹ ਦੇ ਗਵਾਹ ਆਪਣੇ ਨਿੱਜੀ ਤਜਰਬੇ ਤੋਂ ਜਾਣਦੇ ਹਨ ਕਿ ਅੱਜ ਸੱਚੇ ਮਸੀਹੀਆਂ ਵਿਚ ਏਕਤਾ ਇਕ ਹਕੀਕਤ ਹੈ। “ਇੱਕੋ ਇੱਜੜ” ਦੇ ਤੌਰ ਤੇ “ਇੱਕੋ ਅਯਾਲੀ” ਦੀ ਅਗਵਾਈ ਹੇਠ ਚੱਲਦੇ ਹੋਏ ਅਸੀਂ ਇਸ ਦੁਨੀਆਂ ਦੀ ਫੁੱਟ ਪਾਉਣ ਵਾਲੀ ਮਨੋਬਿਰਤੀ ਦਾ ਵਿਰੋਧ ਕਰਨ ਦਾ ਪੱਕਾ ਇਰਾਦਾ ਕੀਤਾ ਹੈ।—ਯੂਹੰ. 10:16; ਅਫ਼. 2:2.
2 ਪਰਮੇਸ਼ੁਰ ਦਾ ਇਹ ਅਟੱਲ ਮਕਸਦ ਹੈ ਕਿ ਸਾਰੇ ਸਵਰਗੀ ਦੂਤ ਅਤੇ ਇਨਸਾਨ ਮਿਲ ਕੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨ। (ਪਰ. 5:13) ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਵਿਚ ਏਕਤਾ ਹੋਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਉਸ ਨੇ ਇਸ ਬਾਰੇ ਦਿਲੋਂ ਪ੍ਰਾਰਥਨਾ ਕੀਤੀ ਸੀ। (ਯੂਹੰ. 17:20, 21) ਅਸੀਂ ਮਸੀਹੀ ਕਲੀਸਿਯਾ ਵਿਚ ਏਕਤਾ ਨੂੰ ਕਿੱਦਾਂ ਵਧਾ ਸਕਦੇ ਹਾਂ?
3 ਏਕਤਾ ਕਾਇਮ ਕਰਨ ਦੇ ਤਰੀਕੇ: ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਆਤਮਾ ਤੋਂ ਬਿਨਾਂ ਮਸੀਹੀਆਂ ਵਿਚ ਏਕਤਾ ਹੋਣੀ ਨਾਮੁਮਕਿਨ ਹੈ। ਜਦੋਂ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਾਂ, ਤਾਂ ਪਰਮੇਸ਼ੁਰ ਦੀ ਆਤਮਾ ਸਾਡੀਆਂ ਜ਼ਿੰਦਗੀਆਂ ਉੱਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਇਸ ਦੇ ਨਤੀਜੇ ਵਜੋਂ, ਅਸੀਂ ‘ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰ’ ਪਾਉਂਦੇ ਹਾਂ। (ਅਫ਼. 4:3) ਏਕਤਾ ਸਾਨੂੰ ਪਿਆਰ ਨਾਲ ਇਕ ਦੂਸਰੇ ਦੀ ਸਹਿ ਲੈਣ ਦੀ ਪ੍ਰੇਰਣਾ ਦਿੰਦੀ ਹੈ। (ਕੁਲੁ. 3:13, 14; 1 ਪਤ. 4:8) ਕੀ ਤੁਸੀਂ ਪਰਮੇਸ਼ੁਰ ਦੇ ਬਚਨ ਉੱਤੇ ਹਰ ਰੋਜ਼ ਮਨਨ ਕਰ ਕੇ ਏਕਤਾ ਵਧਾਉਂਦੇ ਹੋ?
4 ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਵੀ ਸਾਡੇ ਵਿਚ ਏਕਤਾ ਕਾਇਮ ਕਰਦਾ ਹੈ। ਜਦੋਂ ਅਸੀਂ ਦੂਸਰਿਆਂ ਨਾਲ ਮਿਲ ਕੇ ਪ੍ਰਚਾਰ ਕਰਦੇ ਹਾਂ ਅਤੇ “ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ” ਹਾਂ, ਤਾਂ ਅਸੀਂ “ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ” ਬਣਦੇ ਹਾਂ। (ਫ਼ਿਲਿ. 1:27; 3 ਯੂਹੰ. 8) ਮਿਲ ਕੇ ਪ੍ਰਚਾਰ ਕਰਨ ਨਾਲ ਕਲੀਸਿਯਾ ਵਿਚ ਪਿਆਰ ਦਾ ਬੰਧਨ ਹੋਰ ਮਜ਼ਬੂਤ ਹੁੰਦਾ ਹੈ। ਕਿਉਂ ਨਹੀਂ ਤੁਸੀਂ ਉਸ ਭੈਣ ਜਾਂ ਭਰਾ ਨੂੰ ਆਪਣੇ ਨਾਲ ਇਸ ਹਫ਼ਤੇ ਪ੍ਰਚਾਰ ਕਰਨ ਦਾ ਸੱਦਾ ਦਿੰਦੇ ਜਿਸ ਨਾਲ ਤੁਸੀਂ ਪਿਛਲੇ ਕੁਝ ਸਮੇਂ ਤੋਂ ਸੇਵਕਾਈ ਵਿਚ ਕੰਮ ਨਹੀਂ ਕੀਤਾ ਹੈ?
5 ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਅੱਜ ਧਰਤੀ ਉੱਤੇ ਸੱਚੇ ਅੰਤਰਰਾਸ਼ਟਰੀ ਭਾਈਚਾਰੇ ਦਾ ਹਿੱਸਾ ਹਾਂ! (1 ਪਤ. 5:9) ਹਾਲ ਹੀ ਵਿਚ ਹਜ਼ਾਰਾਂ ਮਸੀਹੀਆਂ ਨੇ “ਪਰਮੇਸ਼ੁਰ ਦੀ ਵਡਿਆਈ ਕਰੋ” ਨਾਮਕ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਇਸ ਏਕਤਾ ਨੂੰ ਆਪਣੀ ਅੱਖੀਂ ਦੇਖਿਆ ਹੈ। ਆਓ ਆਪਾਂ ਪਰਮੇਸ਼ੁਰ ਦਾ ਬਚਨ ਰੋਜ਼ ਪੜ੍ਹ ਕੇ, ਪਿਆਰ ਨਾਲ ਆਪਣੇ ਝਗੜੇ ਨਬੇੜ ਕੇ ਅਤੇ “ਇੱਕ ਮਨ” ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇਸ ਏਕਤਾ ਵਿਚ ਹੋਰ ਵੀ ਵਾਧਾ ਕਰੀਏ।—ਰੋਮੀ. 15:6.