ਪਰਮੇਸ਼ੁਰੀ ਬੁੱਧ ਦੀ ਅਹਿਮੀਅਤ
1 ਕੁਝ ਲੋਕ ਸੋਚਦੇ ਹਨ ਕਿ ਯਹੋਵਾਹ ਦੇ ਗਵਾਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਅਜਿਹੇ ਲੋਕ ਬਾਈਬਲ ਦੀ ਸਿੱਖਿਆ ਦੇਣ ਦੇ ਸਾਡੇ ਕੰਮ ਦੀ ਅਹਿਮੀਅਤ ਨਹੀਂ ਸਮਝ ਪਾਉਂਦੇ। ਇਨ੍ਹਾਂ ਲੋਕਾਂ ਉੱਤੇ ਪੌਲੁਸ ਰਸੂਲ ਦੇ ਇਹ ਸ਼ਬਦ ਸਹੀ ਢੁਕਦੇ ਹਨ: “ਸਲੀਬ ਦੀ ਕਥਾ ਤਾਂ ਉਨ੍ਹਾਂ ਦੇ ਭਾਣੇ ਜਿਹੜੇ ਨਾਸ ਹੋ ਰਹੇ ਹਨ ਮੂਰਖਤਾਈ ਹੈ ਪਰੰਤੂ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ੁਰ ਦੀ ਸ਼ਕਤੀ ਹੈ।” (1 ਕੁਰਿੰ. 1:18) ਅਸੀਂ ਜਾਣਦੇ ਹਾਂ ਕਿ ਅੱਜ ਧਰਤੀ ਉੱਤੇ ਕੀਤਾ ਜਾ ਰਿਹਾ ਪ੍ਰਚਾਰ ਦਾ ਕੰਮ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ।
2 ਹੁਣ ਬਿਹਤਰ ਜ਼ਿੰਦਗੀ: ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਮਨੁੱਖੀ ਜਤਨ ਬਹੁਤ ਘੱਟ ਸਫ਼ਲ ਹੋਏ ਹਨ। ਕਾਨੂੰਨ ਵਧਦੇ ਅਪਰਾਧ ਨੂੰ ਖ਼ਤਮ ਨਹੀਂ ਕਰ ਸਕਿਆ। ਸ਼ਾਂਤੀ ਸੰਧੀਆਂ ਅਤੇ ਸ਼ਾਂਤੀ ਕਾਇਮ ਕਰਨ ਵਾਲੀਆਂ ਫ਼ੌਜਾਂ ਯੁੱਧਾਂ ਨੂੰ ਨਹੀਂ ਮਿਟਾ ਸਕੀਆਂ। ਸਮਾਜ ਦੀ ਭਲਾਈ ਲਈ ਬਣਾਈਆਂ ਯੋਜਨਾਵਾਂ ਗ਼ਰੀਬੀ ਨੂੰ ਨਕੇਲ ਨਹੀਂ ਪਾ ਸਕੀਆਂ। (ਜ਼ਬੂ. 146:3, 4; ਯਿਰ. 8:9) ਇਸ ਦੇ ਉਲਟ, ਰਾਜ ਦੇ ਸੰਦੇਸ਼ ਨੇ ਪਰਮੇਸ਼ੁਰ ਨੂੰ ਭਾਉਂਦੀ ਨਵੀਂ ਸ਼ਖ਼ਸੀਅਤ ਪਹਿਨਣ ਅਤੇ ਆਪਣੀਆਂ ਜ਼ਿੰਦਗੀਆਂ ਸੁਧਾਰਨ ਵਿਚ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ। (ਰੋਮੀ. 12:2; ਕੁਲੁ. 3:9, 10) ਇਸ ਕਰਕੇ ਉਹ ਹੁਣ ਬਿਹਤਰ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ।—1 ਤਿਮੋ. 4:8.
3 ਸੁਨਹਿਰਾ ਭਵਿੱਖ: ਪਰਮੇਸ਼ੁਰੀ ਬੁੱਧ ਨਾ ਸਿਰਫ਼ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਦੀ ਹੈ, ਸਗੋਂ ਇਹ ਭਵਿੱਖ ਬਾਰੇ ਸੋਚ-ਸਮਝ ਕੇ ਫ਼ੈਸਲੇ ਕਰਨ ਵਿਚ ਵੀ ਮਦਦ ਕਰਦੀ ਹੈ। (ਜ਼ਬੂ. 119:105) ਇਹ ਸਾਨੂੰ ਦੁਨੀਆਂ ਦੇ ਸੁਧਾਰ ਲਈ ਫੋਕੇ ਜਤਨ ਕਰਨ ਤੋਂ ਰੋਕਦੀ ਹੈ। (ਉਪ. 1:15; ਰੋਮੀ. 8:20) ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਅਜਿਹੇ ਕੰਮ ਕਰਨ ਵਿਚ ਫ਼ਜ਼ੂਲ ਨਹੀਂ ਗੁਆਉਂਦੇ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ! ਇਸ ਦੀ ਬਜਾਇ, ਅਸੀਂ ਯਹੋਵਾਹ ਦੇ ਵਾਅਦਾ ਕੀਤੇ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਲਈ ਮਿਹਨਤ ਕਰਦੇ ਹਾਂ ਜਿਸ ਵਿਚ ਧਾਰਮਿਕਤਾ ਦਾ ਬੋਲਬਾਲਾ ਹੋਵੇਗਾ। ਜਦੋਂ ਯਹੋਵਾਹ ਦੇ ਨਿਆਂ ਦਾ ਦਿਨ ਆਵੇਗਾ, ਉਸ ਵੇਲੇ ਇਹ ਸਪੱਸ਼ਟ ਹੋ ਜਾਵੇਗਾ ਕਿ ਪਰਮੇਸ਼ੁਰੀ ਬੁੱਧ ਉੱਤੇ ਭਰੋਸਾ ਰੱਖਣ ਵਾਲਿਆਂ ਨੇ ਸਹੀ ਫ਼ੈਸਲਾ ਕੀਤਾ ਸੀ।—2 ਪਤ. 3:10-13; ਜ਼ਬੂ. 37:34.
4 ਜੋ ਲੋਕ ‘ਇਸ ਜੁੱਗ ਦੇ ਗਿਆਨ’ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰੀ ਬੁੱਧ ਸ਼ਾਇਦ ਮੂਰਖਤਾ ਜਾਪੇ। ਪਰ ਸੱਚ ਤਾਂ ਇਹ ਹੈ ਕਿ ਸਿਰਫ਼ ਪਰਮੇਸ਼ੁਰੀ ਬੁੱਧ ਅਨੁਸਾਰ ਚੱਲਣਾ ਹੀ ਸਮਝਦਾਰੀ ਦੀ ਗੱਲ ਹੈ। (1 ਕੁਰਿੰ. 1:21; 2:6-8) ਇਸ ਲਈ, ਅਸੀਂ ਅੱਜ ਸਾਰੀ ਧਰਤੀ ਉੱਤੇ “ਬੁੱਧੀਵਾਨ” ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਦਿੰਦੇ ਹਾਂ।—ਰੋਮੀ. 16:27.