ਰਿਸ਼ਤੇਦਾਰਾਂ ਨੂੰ ਗਵਾਹੀ ਕਿੱਦਾਂ ਦੇਈਏ?
1. ਰਿਸ਼ਤੇਦਾਰਾਂ ਨੂੰ ਗਵਾਹੀ ਦੇਣ ਵਿਚ ਸਮਝਦਾਰੀ ਵਰਤਣੀ ਕਿਉਂ ਜ਼ਰੂਰੀ ਹੈ?
1 ਇਹ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜੇ ਅਸੀਂ ਆਪਣੇ ਅਜ਼ੀਜ਼ਾਂ ਸਣੇ ਨਵੇਂ ਸੰਸਾਰ ਵਿਚ ਕਦਮ ਰੱਖੀਏ! ਸਾਡਾ ਇਹ ਸੁਪਨਾ ਸਾਕਾਰ ਹੋ ਸਕਦਾ ਹੈ ਜੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਗਵਾਹੀ ਦੇ ਕੇ ਉਨ੍ਹਾਂ ਨੂੰ ਵੀ ਯਹੋਵਾਹ ਦੇ ਸੇਵਕ ਬਣਨ ਦੀ ਪ੍ਰੇਰਣਾ ਦੇਈਏ। ਪਰ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਗਵਾਹੀ ਦੇਣ ਲਈ ਸਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ। ਇਕ ਸਰਕਟ ਨਿਗਾਹਬਾਨ ਨੇ ਇਸ ਬਾਰੇ ਕਿਹਾ: “ਆਪਣੇ ਰਿਸ਼ਤੇਦਾਰਾਂ ਦੀ ਰੁਚੀ ਜਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਸੱਚਾਈ ਬਾਰੇ ਥੋੜ੍ਹਾ-ਥੋੜ੍ਹਾ ਕਰ ਕੇ ਦੱਸਣਾ।” ਅਸੀਂ ਇਹ ਕਿਵੇਂ ਕਰ ਸਕਦੇ ਹਾਂ?
2. ਰਿਸ਼ਤੇਦਾਰਾਂ ਦੀਆਂ ਰੁਚੀਆਂ ਤੇ ਚਿੰਤਾਵਾਂ ਤੋਂ ਜਾਣੂ ਹੋਣ ਨਾਲ ਅਸੀਂ ਸੱਚਾਈ ਵਿਚ ਉਨ੍ਹਾਂ ਦੀ ਦਿਲਚਸਪੀ ਕਿਵੇਂ ਜਗਾ ਸਕਦੇ ਹਾਂ?
2 ਉਨ੍ਹਾਂ ਦੀ ਰੁਚੀ ਜਗਾਓ: ਚੰਗੀ ਤਰ੍ਹਾਂ ਸੋਚ-ਵਿਚਾਰ ਕਰੋ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਦੀ ਦਿਲਚਸਪੀ ਕਿਵੇਂ ਜਗਾ ਸਕਦੇ ਹੋ। (ਕਹਾ. 15:28) ਉਹ ਕਿਨ੍ਹਾਂ ਗੱਲਾਂ ਵਿਚ ਰੁਚੀ ਲੈਂਦੇ ਹਨ? ਉਹ ਕਿਹੜੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ? ਉਨ੍ਹਾਂ ਦੀਆਂ ਰੁਚੀਆਂ ਤੇ ਚਿੰਤਾਵਾਂ ਅਨੁਸਾਰ ਤੁਸੀਂ ਉਨ੍ਹਾਂ ਨੂੰ ਕੋਈ ਲੇਖ ਪੜ੍ਹਨ ਲਈ ਦੇ ਸਕਦੇ ਹੋ ਜਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਆਇਤ ਪੜ੍ਹ ਕੇ ਸੁਣਾ ਸਕਦੇ ਹੋ। ਜੇ ਤੁਹਾਡੇ ਰਿਸ਼ਤੇਦਾਰ ਦੂਰ ਰਹਿੰਦੇ ਹਨ, ਤਾਂ ਤੁਸੀਂ ਫ਼ੋਨ ਤੇ ਜਾਂ ਚਿੱਠੀ ਰਾਹੀਂ ਉਨ੍ਹਾਂ ਨਾਲ ਇਹ ਗੱਲਾਂ ਸਾਂਝੀਆਂ ਕਰ ਸਕਦੇ ਹੋ। ਇਸ ਤਰ੍ਹਾਂ ਉਨ੍ਹਾਂ ਨੂੰ ਕੁਝ-ਕੁਝ ਗੱਲਾਂ ਦੱਸਣ ਨਾਲ ਉਹ ਤੁਹਾਡੇ ਪ੍ਰਚਾਰ ਕਰਨ ਤੋਂ ਨਹੀਂ ਅੱਕਣਗੇ। ਆਪਣੇ ਵੱਲੋਂ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਯਹੋਵਾਹ ਤੇ ਭਰੋਸਾ ਰੱਖਾਂਗੇ ਕਿ ਉਹ ਸਾਡੇ ਅਜ਼ੀਜ਼ਾਂ ਦੇ ਦਿਲਾਂ ਵਿਚ ਬੀਜੇ ਗਏ ਸੱਚਾਈ ਦੇ ਬੀ ਨੂੰ ਫਲਦਾਰ ਬਣਾਵੇਗਾ।—1 ਕੁਰਿੰ. 3:6.
3. ਸਾਡੇ ਕੰਮ ਵਿਚ ਦਿਲਚਸਪੀ ਲੈਣ ਵਾਲੇ ਰਿਸ਼ਤੇਦਾਰਾਂ ਨੂੰ ਅਸੀਂ ਕਿਵੇਂ ਗਵਾਹੀ ਦੇ ਸਕਦੇ ਹਾਂ?
3 ਇਕ ਵਾਰ ਯਿਸੂ ਨੇ ਇਕ ਆਦਮੀ ਵਿੱਚੋਂ ਕਈ ਦੁਸ਼ਟ ਆਤਮਾਵਾਂ ਕੱਢਣ ਮਗਰੋਂ ਉਸ ਨੂੰ ਕਿਹਾ: “ਆਪਣੇ ਘਰ ਆਪਣੇ ਸਾਕਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੁ ਨੇ ਤੇਰੇ ਲਈ ਕੇਡੇ ਕੰਮ ਕੀਤੇ ਹਨ ਅਰ ਤੇਰੇ ਉੱਤੇ ਦਯਾ ਕੀਤੀ।” (ਮਰ. 5:19) ਇਸ ਆਦਮੀ ਦੇ ਇੱਦਾਂ ਦੱਸਣ ਨਾਲ ਉਸ ਦੇ ਰਿਸ਼ਤੇਦਾਰਾਂ ਉੱਤੇ ਕਿੰਨਾ ਡੂੰਘਾ ਅਸਰ ਪਿਆ ਹੋਣਾ! ਤੁਹਾਡੇ ਨਾਲ ਸ਼ਾਇਦ ਇੱਦਾਂ ਦਾ ਕੋਈ ਚਮਤਕਾਰ ਨਾ ਹੋਇਆ ਹੋਵੇ, ਪਰ ਫਿਰ ਵੀ ਤੁਹਾਡੇ ਰਿਸ਼ਤੇਦਾਰ ਇਹ ਜ਼ਰੂਰ ਜਾਣਨਾ ਚਾਹੁਣਗੇ ਕਿ ਤੁਸੀਂ ਕੀ ਕਰਦੇ ਹੋ ਜਾਂ ਤੁਹਾਡੇ ਬੱਚੇ ਕੀ ਕਰ ਰਹੇ ਹਨ। ਇਸ ਲਈ ਤੁਸੀਂ ਉਨ੍ਹਾਂ ਨੂੰ ਆਪਣੇ ਬਾਰੇ ਕਈ ਗੱਲਾਂ ਦੱਸ ਸਕਦੇ ਹੋ ਜਿਵੇਂ ਕਿ ਤੁਸੀਂ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਕਿਹੜਾ ਭਾਸ਼ਣ ਦਿੱਤਾ, ਸੰਮੇਲਨ ਵਿਚ ਤੁਸੀਂ ਕੀ ਸਿੱਖਿਆ, ਬੈਥਲ ਦੀ ਤੁਹਾਡੀ ਸੈਰ ਕਿੱਦਾਂ ਦੀ ਰਹੀ ਜਾਂ ਕੋਈ ਹੋਰ ਮਹੱਤਵਪੂਰਣ ਘਟਨਾ। ਹੋ ਸਕਦਾ ਹੈ ਕਿ ਇਨ੍ਹਾਂ ਗੱਲਾਂ ਨਾਲ ਉਨ੍ਹਾਂ ਵਿਚ ਯਹੋਵਾਹ ਤੇ ਉਸ ਦੇ ਸੰਗਠਨ ਬਾਰੇ ਹੋਰ ਜਾਣਨ ਦੀ ਇੱਛਾ ਪੈਦਾ ਹੋ ਜਾਵੇ।
4. ਰਿਸ਼ਤੇਦਾਰਾਂ ਨੂੰ ਗਵਾਹੀ ਦਿੰਦੇ ਸਮੇਂ ਸਾਨੂੰ ਕਿਹੜੀਆਂ ਗ਼ਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ?
4 ਸਮਝਦਾਰੀ ਵਰਤੋ: ਰਿਸ਼ਤੇਦਾਰਾਂ ਨੂੰ ਗਵਾਹੀ ਦਿੰਦੇ ਸਮੇਂ ਉਨ੍ਹਾਂ ਨੂੰ ਇੱਕੋ ਵਾਰੀ ਸਭ ਕੁਝ ਦੱਸ ਦੇਣ ਦੇ ਝੁਕਾਅ ਤੋਂ ਬਚੋ। ਇਕ ਭਰਾ ਉਸ ਸਮੇਂ ਨੂੰ ਯਾਦ ਕਰਦਾ ਹੈ ਜਦੋਂ ਉਸ ਨੇ ਸਟੱਡੀ ਕਰਨੀ ਸ਼ੁਰੂ ਹੀ ਕੀਤੀ ਸੀ: “ਮੈਂ ਘੰਟਿਆਂ ਬੱਧੀ ਬੈਠ ਕੇ ਮਾਤਾ ਜੀ ਨੂੰ ਉਹ ਸਾਰੀਆਂ ਗੱਲਾਂ ਦੱਸਦਾ ਸੀ ਜੋ ਮੈਂ ਬਾਈਬਲ ਵਿੱਚੋਂ ਸਿੱਖਦਾ ਸੀ। ਇਸ ਕਰਕੇ ਘਰਦਿਆਂ ਨਾਲ ਅਕਸਰ ਮੇਰਾ ਝਗੜਾ ਹੋ ਜਾਂਦਾ ਸੀ, ਖ਼ਾਸਕਰ ਪਿਤਾ ਜੀ ਨਾਲ।” ਜਦੋਂ ਕੋਈ ਰਿਸ਼ਤੇਦਾਰ ਆਪ ਕੋਈ ਸਵਾਲ ਪੁੱਛਦਾ ਹੈ, ਤਦ ਵੀ ਉਸ ਨੂੰ ਬਹੁਤ ਸਾਰੀਆਂ ਗੱਲਾਂ ਨਾ ਦੱਸੋ ਤਾਂਕਿ ਉਸ ਦੀ ਹੋਰ ਜਾਣਨ ਦੀ ਉਤਸੁਕਤਾ ਬਣੀ ਰਹੇ। (ਕਹਾ. 25:7) ਆਪਣੇ ਰਿਸ਼ਤੇਦਾਰਾਂ ਨਾਲ ਹਮੇਸ਼ਾ ਆਦਰ, ਪਿਆਰ ਤੇ ਧੀਰਜ ਨਾਲ ਪੇਸ਼ ਆਓ, ਠੀਕ ਜਿਵੇਂ ਤੁਸੀਂ ਘਰ-ਘਰ ਪ੍ਰਚਾਰ ਕਰਦੇ ਵੇਲੇ ਲੋਕਾਂ ਨਾਲ ਪੇਸ਼ ਆਉਂਦੇ ਹੋ।—ਕੁਲੁ. 4:6.
5. ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਆਪਣੇ ਰਿਸ਼ਤੇਦਾਰਾਂ ਨੂੰ ਗਵਾਹੀ ਦੇਣ ਦੀਆਂ ਸਾਡੀਆਂ ਕੋਸ਼ਿਸ਼ਾਂ ਨਾਕਾਮ ਰਹਿੰਦੀਆਂ ਹਨ?
5 ਇਕ ਵਾਰ ਯਿਸੂ ਦੇ ਰਿਸ਼ਤੇਦਾਰਾਂ ਨੇ ਸੋਚਿਆ ਕਿ ਉਹ ਪਾਗਲ ਹੋ ਗਿਆ ਸੀ। (ਮਰ. 3:21) ਪਰ ਬਾਅਦ ਵਿਚ ਇਨ੍ਹਾਂ ਵਿੱਚੋਂ ਕੁਝ ਯਿਸੂ ਦੇ ਚੇਲੇ ਬਣ ਗਏ। (ਰਸੂ. 1:14) ਜੇ ਸ਼ੁਰੂ-ਸ਼ੁਰੂ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਗਵਾਹੀ ਦੇਣ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਨਾਕਾਮ ਰਹਿੰਦੀਆਂ ਹਨ, ਤਾਂ ਹਿੰਮਤ ਨਾ ਹਾਰੋ। ਲੋਕਾਂ ਦੇ ਹਾਲਾਤ ਤੇ ਰਵੱਈਏ ਬਦਲ ਸਕਦੇ ਹਨ। ਉਨ੍ਹਾਂ ਨਾਲ ਕੋਈ ਦਿਲਚਸਪ ਗੱਲ ਸਾਂਝੀ ਕਰਨ ਦੇ ਮੌਕੇ ਦੀ ਭਾਲ ਵਿਚ ਰਹੋ। ਕੀ ਪਤਾ ਤੁਹਾਡੀ ਮਿਹਨਤ ਸਦਕਾ ਤੁਹਾਡੇ ਕੁਝ ਰਿਸ਼ਤੇਦਾਰ ਸਦੀਪਕ ਜੀਵਨ ਦੇ ਰਾਹ ਤੇ ਤੁਰ ਪੈਣ!—ਮੱਤੀ 7:13, 14.