ਪਰਿਵਾਰ ਲਈ ਕਲੀਸਿਯਾ ਸਭਾਵਾਂ ਦੀ ਸਮਾਂ-ਸਾਰਣੀ
1 ਜੇ ਤੁਸੀਂ ਮਸੀਹੀ ਮਾਪੇ ਹੋ, ਤਾਂ ਤੁਸੀਂ ਚਾਹੋਗੇ ਕਿ ਤੁਹਾਡੇ ਬੱਚੇ ਯਹੋਵਾਹ ਨੂੰ ਪਿਆਰ ਕਰਨ, ਉਸ ਦੀ ਸੇਵਾ ਕਰਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਦਾ ਦੀ ਜ਼ਿੰਦਗੀ ਹਾਸਲ ਕਰਨ। ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣ ਵਿਚ ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ? ਇਸ ਮਾਮਲੇ ਵਿਚ ਖ਼ੁਦ ਇਕ ਮਿਸਾਲ ਬਣ ਕੇ ਦਿਖਾਉਣਾ ਉਨ੍ਹਾਂ ਦੀ ਮਦਦ ਕਰਨ ਦਾ ਇਕ ਵਧੀਆ ਤਰੀਕਾ ਹੈ। (ਕਹਾ. 20:7) ਇਕ ਭੈਣ ਨੇ ਆਪਣੀ ਮਾਂ ਦੀ ਮਿਸਾਲ ਬਾਰੇ ਕਿਹਾ: “ਇਸ ਗੱਲ ਤੇ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਅਸੀਂ ਮੀਟਿੰਗ ਤੇ ਜਾਈਏ ਕਿ ਨਾ ਜਾਈਏ।” ਇਸ ਗੱਲ ਦਾ ਭੈਣ ਤੇ ਡੂੰਘਾ ਅਸਰ ਪਿਆ।
2 ਕੀ ਤੁਹਾਡਾ ਪਰਿਵਾਰ ਕਲੀਸਿਯਾ ਸਭਾਵਾਂ ਦੇ ਮਕਸਦ ਨੂੰ ਸਮਝਦਾ ਹੈ? ਇਨ੍ਹਾਂ ਸਭਾਵਾਂ ਵਿਚ ਮਿਲਦੀ ਸਿੱਖਿਆ ਤੋਂ ਸਾਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਰਹਿਣ ਦੀ ਤਾਕਤ ਮਿਲਦੀ ਹੈ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰ ਕੇ ਸਾਨੂੰ ਹੌਸਲਾ ਮਿਲਦਾ ਹੈ। (ਯਸਾ. 54:13; ਰੋਮੀ. 1:11, 12) ਪਰ ਸਭਾਵਾਂ ਦਾ ਮੁੱਖ ਮਕਸਦ “ਸੰਗਤਾਂ ਵਿੱਚ” ਯਹੋਵਾਹ ਦੀ ਉਸਤਤ ਕਰਨੀ ਹੈ। (ਜ਼ਬੂ. 26:12) ਸਾਨੂੰ ਸਭਾਵਾਂ ਵਿਚ ਯਹੋਵਾਹ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਅਤੇ ਉਸ ਦੀ ਭਗਤੀ ਕਰਨ ਦੇ ਮੌਕੇ ਮਿਲਦੇ ਹਨ।
3 “ਚੌਕਸੀ ਨਾਲ ਵੇਖੋ”: ਆਪਣੀਆਂ ਸਭਾਵਾਂ ਦੇ ਪਵਿੱਤਰ ਮਕਸਦ ਨੂੰ ਸਮਝਣ ਨਾਲ ਅਸੀਂ ‘ਚੌਕਸੀ ਨਾਲ ਵੇਖਾਂਗੇ’ ਕਿ ਅਸੀਂ ਘੱਟ ਅਹਿਮੀਅਤ ਰੱਖਣ ਵਾਲੀਆਂ ਗੱਲਾਂ ਕਰਕੇ ਹੌਲੀ-ਹੌਲੀ ਕਿਤੇ ਸਭਾਵਾਂ ਛੱਡਣ ਦਾ ਦਸਤੂਰ ਨਾ ਬਣਾ ਲਈਏ। (ਅਫ਼. 5:15, 16; ਇਬ. 10:24, 25) ਪਰਿਵਾਰ ਦੀ ਸਮਾਂ-ਸਾਰਣੀ ਬਣਾਉਣ ਲੱਗਿਆਂ ਤੁਸੀਂ ਸ਼ਾਇਦ ਪਹਿਲਾਂ ਕਲੀਸਿਯਾ ਸਭਾਵਾਂ ਦਾ ਸਮਾਂ ਲਿਖ ਸਕਦੇ ਹੋ। ਫਿਰ ਪੱਕਾ ਕਰੋ ਕਿ ਤੁਸੀਂ ਹੋਰਨਾਂ ਕੰਮਾਂ ਨੂੰ ਇਨ੍ਹਾਂ ਸਭਾਵਾਂ ਵਿਚ ਰੁਕਾਵਟ ਨਹੀਂ ਬਣਨ ਦਿਓਗੇ, ਸਗੋਂ ਪੂਰਾ ਪਰਿਵਾਰ ਇਨ੍ਹਾਂ ਨੂੰ ਪਹਿਲ ਦੇਵੇਗਾ।
4 ਜਦੋਂ ਅਸੀਂ ਆਪਣੇ ਭੈਣ-ਭਰਾਵਾਂ ਬਾਰੇ ਪੜ੍ਹਦੇ ਹਾਂ ਕਿ ਉਹ ਕਿੰਨੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਸਭਾਵਾਂ ਅਤੇ ਸੰਮੇਲਨਾਂ ਵਿਚ ਹਾਜ਼ਰ ਹੁੰਦੇ ਹਨ, ਤਾਂ ਕੀ ਇਸ ਤੋਂ ਸਾਨੂੰ ਹੱਲਾਸ਼ੇਰੀ ਨਹੀਂ ਮਿਲਦੀ? ਤੁਸੀਂ ਵੀ ਸ਼ਾਇਦ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹੋਵੋਗੇ। ਸ਼ਤਾਨ ਜ਼ਿਆਦਾ ਤੋਂ ਜ਼ਿਆਦਾ ਮੁਸ਼ਕਲਾਂ ਖੜ੍ਹੀਆਂ ਕਰ ਕੇ ਪਰਮੇਸ਼ੁਰ ਦੇ ਲੋਕਾਂ ਲਈ ਯਹੋਵਾਹ ਦੀ ਭਗਤੀ ਕਰਨੀ ਔਖੀ ਬਣਾ ਰਿਹਾ ਹੈ। ਪਰ ਭਰੋਸਾ ਰੱਖੋ ਕਿ ਸਭਾਵਾਂ ਵਿਚ ਜਾਣ ਦੇ ਤੁਹਾਡੇ ਜਤਨ ਤੁਹਾਡੇ ਬੱਚਿਆਂ ਦੀਆਂ ਨਜ਼ਰਾਂ ਤੋਂ ਲੁਕੇ ਨਹੀਂ ਰਹਿਣਗੇ। ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਬੱਚਿਆਂ ਨੂੰ ਅਜਿਹਾ ਅਧਿਆਤਮਿਕ ਤੋਹਫ਼ਾ ਦੇ ਸਕਦੇ ਹੋ ਜਿਸ ਨੂੰ ਉਹ ਕਦੀ ਨਹੀਂ ਭੁੱਲਣਗੇ।