ਜ਼ਿੰਦਗੀ ਦੇਣ ਵਾਲੀ ਸਿੱਖਿਆ
1 ਸਾਨੂੰ ਉਦੋਂ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਸਮਝ ਆ ਜਾਣ ਕਰਕੇ ਲੋਕਾਂ ਦੀਆਂ ਅੱਖਾਂ ਚਮਕ ਉੱਠਦੀਆਂ ਹਨ! ਹੋਰਨਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਅਤੇ ਮਨੁੱਖਜਾਤੀ ਲਈ ਉਸ ਦੇ ਮਕਸਦ ਬਾਰੇ ਦੱਸਣ ਨਾਲ ਸੱਚੀ ਸੰਤੁਸ਼ਟੀ ਮਿਲਦੀ ਹੈ। ਇਹ ਸਿੱਖਿਆ ਲੈਣ ਨਾਲ ਇਕ ਵਿਅਕਤੀ ਨੂੰ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ।—ਯੂਹੰ. 17:3.
2 ਉੱਤਮ ਸਿੱਖਿਆ: ਅੱਜ ਹਰ ਸੰਭਵ ਜ਼ਰੀਏ ਦੁਆਰਾ ਹਰ ਵਿਸ਼ੇ ਉੱਤੇ ਸਿੱਖਿਆ ਦਿੱਤੀ ਜਾਂਦੀ ਹੈ। (ਉਪ. 12:12) ਪਰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਦੀ ਸਿੱਖਿਆ ਦੀ ਤੁਲਨਾ ਵਿਚ ਦੁਨਿਆਵੀ ਸਿੱਖਿਆ ਇੰਨੀ ਅਹਿਮੀਅਤ ਨਹੀਂ ਰੱਖਦੀ। (ਰਸੂ. 2:11) ਕੀ ਦੁਨਿਆਵੀ ਸਿੱਖਿਆ ਨੇ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਨੇੜੇ ਲਿਆਂਦਾ ਹੈ ਤੇ ਉਸ ਦੇ ਮਕਸਦਾਂ ਤੋਂ ਜਾਣੂ ਕਰਾਇਆ ਹੈ? ਕੀ ਇਸ ਨੇ ਲੋਕਾਂ ਦੀ ਇਹ ਜਾਣਨ ਵਿਚ ਮਦਦ ਕੀਤੀ ਹੈ ਕਿ ਮਰਨ ਤੋਂ ਬਾਅਦ ਇਨਸਾਨ ਨੂੰ ਕੀ ਹੁੰਦਾ ਹੈ ਜਾਂ ਇੰਨੇ ਦੁੱਖ ਕਿਉਂ ਹਨ? ਕੀ ਇਸ ਤੋਂ ਲੋਕਾਂ ਨੂੰ ਕੋਈ ਉਮੀਦ ਮਿਲੀ ਹੈ? ਕੀ ਇਸ ਨੇ ਲੋਕਾਂ ਦੀ ਪਰਿਵਾਰਕ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿਚ ਮਦਦ ਕੀਤੀ ਹੈ? ਨਹੀਂ। ਸਾਨੂੰ ਆਪਣੀ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਸਹੀ ਜਵਾਬ ਸਿਰਫ਼ ਪਰਮੇਸ਼ੁਰੀ ਸਿੱਖਿਆ ਲੈਣ ਨਾਲ ਹੀ ਮਿਲ ਸਕਦੇ ਹਨ।
3 ਅੱਜ ਦੁਨੀਆਂ ਵਿਚ ਇਕ ਚੀਜ਼ ਦੀ ਬਹੁਤ ਘਾਟ ਹੈ ਜਿਸ ਨੂੰ ਪਰਮੇਸ਼ੁਰੀ ਸਿੱਖਿਆ ਪੂਰਾ ਕਰਦੀ ਹੈ। ਇਹ ਲੋਕਾਂ ਵਿਚ ਨੈਤਿਕ ਗੁਣ ਪੈਦਾ ਕਰਦੀ ਹੈ। ਜਿਹੜੇ ਲੋਕ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਨੂੰ ਮੰਨ ਕੇ ਉਨ੍ਹਾਂ ਉੱਤੇ ਚੱਲਦੇ ਹਨ, ਉਨ੍ਹਾਂ ਦੇ ਦਿਲਾਂ ਵਿੱਚੋਂ ਇਹ ਬਚਨ ਜਾਤ-ਪਾਤ, ਨਸਲੀ ਭੇਦ-ਭਾਵ ਤੇ ਕੌਮ-ਪਰਸਤੀ ਨੂੰ ਜੜ੍ਹੋਂ ਉਖਾੜ ਦਿੰਦਾ ਹੈ। (ਇਬ. 4:12) ਇਸ ਨੇ ਲੋਕਾਂ ਨੂੰ ਹਰ ਤਰ੍ਹਾਂ ਦੀ ਹਿੰਸਾ ਨੂੰ ਛੱਡਣ ਅਤੇ ‘ਨਵੀਂ ਇਨਸਾਨੀਅਤ ਨੂੰ ਪਹਿਨਣ’ ਲਈ ਪ੍ਰੇਰਿਆ ਹੈ। (ਕੁਲੁ. 3:9-11; ਮੀਕਾ. 4:1-3) ਇਸ ਤੋਂ ਇਲਾਵਾ, ਪਰਮੇਸ਼ੁਰੀ ਸਿੱਖਿਆ ਨੇ ਪਰਮੇਸ਼ੁਰ ਨੂੰ ਨਾਰਾਜ਼ ਕਰਨ ਵਾਲੇ ਕੰਮਾਂ ਅਤੇ ਔਗੁਣਾਂ ਨੂੰ ਤਿਆਗਣ ਵਿਚ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ।—1 ਕੁਰਿੰ. 6:9-11.
4 ਅੱਜ ਇਹ ਸਿੱਖਿਆ ਲੈਣੀ ਜ਼ਰੂਰੀ ਕਿਉਂ ਹੈ: ਸਾਡਾ ਮਹਾਨ ਸਿੱਖਿਅਕ ਸਾਨੂੰ ਇਨ੍ਹਾਂ ਮੌਜੂਦਾ ਸਮਿਆਂ ਬਾਰੇ ਸੁਚੇਤ ਕਰਦਾ ਹੈ। ਅੱਜ ਸਾਨੂੰ ਪਰਮੇਸ਼ੁਰ ਦੇ ਨਿਆਂ ਦੀਆਂ ਭਵਿੱਖਬਾਣੀਆਂ ਬਾਰੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਇਹ ਭਵਿੱਖਬਾਣੀਆਂ ਮੌਜੂਦਾ ਸਮਿਆਂ ਤੇ ਲਾਗੂ ਹੁੰਦੀਆਂ ਹਨ। (ਪਰ. 14:6, 7) ਮਸੀਹ ਸਵਰਗ ਵਿਚ ਰਾਜ ਕਰ ਰਿਹਾ ਹੈ, ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਨੂੰ ਜਲਦੀ ਹੀ ਖ਼ਤਮ ਕੀਤਾ ਜਾਵੇਗਾ ਅਤੇ ਪਰਮੇਸ਼ੁਰ ਦਾ ਰਾਜ ਸਾਰੀਆਂ ਸਰਕਾਰਾਂ ਨੂੰ ਨਾਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। (ਦਾਨੀ. 2:44; ਪਰ. 11:15; 17:16) ਇਸ ਲਈ, ਹੁਣ ਪਰਮੇਸ਼ੁਰ ਦੇ ਰਾਜ ਕਰ ਰਹੇ ਰਾਜੇ ਨੂੰ ਕਬੂਲ ਕਰਨਾ, ਵੱਡੀ ਬਾਬੁਲ ਵਿੱਚੋਂ ਬਾਹਰ ਨਿਕਲਣਾ ਅਤੇ ਯਹੋਵਾਹ ਉੱਤੇ ਨਿਹਚਾ ਕਰ ਕੇ ਉਸ ਦਾ ਨਾਂ ਲੈਣਾ ਜ਼ਰੂਰੀ ਹੈ। (ਜ਼ਬੂ. 2:11, 12; ਰੋਮੀ. 10:13; ਪਰ. 18:4) ਆਓ ਆਪਾਂ ਪੂਰੀ ਵਾਹ ਲਾ ਕੇ ਹੋਰਨਾਂ ਨੂੰ ਪਰਮੇਸ਼ੁਰੀ ਸਿੱਖਿਆ ਦੇਈਏ ਜਿਸ ਤੋਂ ਉਨ੍ਹਾਂ ਨੂੰ ਜ਼ਿੰਦਗੀ ਮਿਲ ਸਕਦੀ ਹੈ।