ਸਾਡੀ ਸੇਵਕਾਈ—ਦਇਆ ਕਰਨ ਦਾ ਜ਼ਰੀਆ
1 ਯਿਸੂ ਨੇ ਦੇਖਿਆ ਕਿ ਉਸ ਦਾ ਸੰਦੇਸ਼ ਸੁਣਨ ਵਾਲੇ ਲੋਕ ‘ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।’ (ਮੱਤੀ 9:36) ਉਸ ਨੇ ਕੋਮਲਤਾ ਤੇ ਪਿਆਰ ਨਾਲ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਸਿਖਾ ਕੇ ਅਤੇ ਉਨ੍ਹਾਂ ਨੂੰ ਦਿਲਾਸਾ ਦੇ ਕੇ ਉਨ੍ਹਾਂ ਤੇ ਦਇਆ ਕੀਤੀ। ਯਿਸੂ ਦੀ ਮਿਸਾਲ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਵੀ ਉਸ ਵਾਂਗ ਸੋਚਣਾ ਤੇ ਲੋਕਾਂ ਦੇ ਹਾਲਾਤਾਂ ਨੂੰ ਸਮਝਣਾ ਸਿੱਖ ਸਕਦੇ ਹਾਂ। ਤਦ ਅਸੀਂ ਸੇਵਕਾਈ ਵਿਚ ਲੋਕਾਂ ਤੇ ਦਇਆ ਕਰ ਸਕਾਂਗੇ।
2 ਧਿਆਨ ਦਿਓ ਕਿ ਯਿਸੂ ਉਨ੍ਹਾਂ ਲੋਕਾਂ ਨਾਲ ਕਿਵੇਂ ਪੇਸ਼ ਆਇਆ ਜਿਨ੍ਹਾਂ ਨੂੰ ਉਸ ਦੀ ਮਦਦ ਦੀ ਸਖ਼ਤ ਲੋੜ ਸੀ। (ਲੂਕਾ 5:12, 13; 8:43-48) ਉਹ ਉਨ੍ਹਾਂ ਦੀਆਂ ਖ਼ਾਸ ਲੋੜਾਂ ਨੂੰ ਧਿਆਨ ਵਿਚ ਰੱਖਦਾ ਸੀ। (ਮਰ. 7:31-35) ਉਹ ਹੋਰਨਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ ਤੇ ਉਨ੍ਹਾਂ ਵਿਚ ਰੁਚੀ ਲੈਂਦਾ ਸੀ। ਉਹ ਲੋਕਾਂ ਦਾ ਬਾਹਰੀ ਰੂਪ ਦੇਖ ਕੇ ਉਨ੍ਹਾਂ ਬਾਰੇ ਰਾਇ ਕਾਇਮ ਨਹੀਂ ਕਰਦਾ ਸੀ। (ਲੂਕਾ 7:36-40) ਯਿਸੂ ਆਪਣੇ ਪਿਤਾ ਯਹੋਵਾਹ ਵਾਂਗ ਦਇਆਵਾਨ ਸੀ।
3 ਲੋਕਾਂ ਤੇ “ਤਰਸ” ਕਰੋ: ਯਿਸੂ ਨੇ ਸਿਰਫ਼ ਫ਼ਰਜ਼ ਸਮਝ ਕੇ ਸੇਵਕਾਈ ਨਹੀਂ ਕੀਤੀ ਸੀ। ਉਸ ਨੂੰ ਲੋਕਾਂ ਉੱਤੇ “ਤਰਸ” ਆਉਂਦਾ ਸੀ। (ਮਰ. 6:34) ਇਸੇ ਤਰ੍ਹਾਂ ਅੱਜ ਅਸੀਂ ਵੀ ਲੋਕਾਂ ਨੂੰ ਸਿਰਫ਼ ਸੰਦੇਸ਼ ਹੀ ਨਹੀਂ ਸੁਣਾਉਂਦੇ, ਸਗੋਂ ਉਨ੍ਹਾਂ ਦੀਆਂ ਅਨਮੋਲ ਜ਼ਿੰਦਗੀਆਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਲੋਕ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਹਨ, ਤਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਉਹ ਇੱਦਾਂ ਕਿਉਂ ਕਰਦੇ ਹਨ। ਕੀ ਉਨ੍ਹਾਂ ਨੂੰ ਕਿਸੇ ਗੱਲ ਦੀ ਚਿੰਤਾ ਹੈ? ਕੀ ਝੂਠੇ ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ਹਨੇਰੇ ਵਿਚ ਰੱਖਿਆ ਹੋਇਆ ਹੈ? ਜੇ ਅਸੀਂ ਸੱਚੇ ਦਿਲੋਂ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਾਂ, ਤਾਂ ਉਹ ਸਾਡੀ ਗੱਲ ਸੁਣਨ ਲਈ ਪ੍ਰੇਰਿਤ ਹੋਣਗੇ।—2 ਕੁਰਿੰ. 6:4, 6.
4 ਦਇਆ ਦਿਲਾਂ ਨੂੰ ਛੋਹ ਜਾਂਦੀ ਹੈ। ਮਿਸਾਲ ਲਈ: ਇਕ ਤੀਵੀਂ ਨੂੰ ਆਪਣੀ ਤਿੰਨ ਮਹੀਨਿਆਂ ਦੀ ਬੱਚੀ ਦੀ ਮੌਤ ਹੋਣ ਤੇ ਗਹਿਰਾ ਸਦਮਾ ਪਹੁੰਚਿਆ। ਜਦ ਦੋ ਗਵਾਹਾਂ ਨੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ, ਤਾਂ ਉਸ ਤੀਵੀਂ ਨੇ ਉਨ੍ਹਾਂ ਨੂੰ ਅੰਦਰ ਬੁਲਾ ਲਿਆ। ਉਹ ਗਵਾਹਾਂ ਦੇ ਜਵਾਬ ਨੂੰ ਝੂਠਾ ਸਾਬਤ ਕਰਨਾ ਚਾਹੁੰਦੀ ਸੀ ਕਿ ਪਰਮੇਸ਼ੁਰ ਦੁੱਖਾਂ ਨੂੰ ਕਿਉਂ ਰਹਿਣ ਦਿੰਦਾ ਹੈ। ਪਰ ਬਾਅਦ ਵਿਚ ਤੀਵੀਂ ਨੇ ਕਿਹਾ: “ਉਨ੍ਹਾਂ ਨੇ ਹਮਦਰਦੀ ਜਤਾਉਂਦਿਆਂ ਬੜੇ ਧਿਆਨ ਨਾਲ ਮੇਰਾ ਦੁਖੜਾ ਸੁਣਿਆ। ਉਨ੍ਹਾਂ ਨਾਲ ਗੱਲ ਕਰ ਕੇ ਮੈਂ ਕਾਫ਼ੀ ਹਲਕਾ ਮਹਿਸੂਸ ਕੀਤਾ, ਇਸ ਲਈ ਜਦ ਉਨ੍ਹਾਂ ਨੇ ਮੈਨੂੰ ਦੁਬਾਰਾ ਮਿਲਣ ਲਈ ਪੁੱਛਿਆ, ਤਾਂ ਮੈਂ ਰਾਜ਼ੀ ਹੋ ਗਈ।” ਕੀ ਤੁਸੀਂ ਵੀ ਸੇਵਕਾਈ ਵਿਚ ਹਰ ਕਿਸੇ ਨਾਲ ਹਮਦਰਦੀ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹੋ?
5 ਦਇਆ ਜਾਂ ਹਮਦਰਦੀ ਦਾ ਗੁਣ ਪੈਦਾ ਕਰਨ ਨਾਲ ਅਸੀਂ ਹੋਰਨਾਂ ਨੂੰ ਦਿਲਾਸਾ ਦੇ ਸਕਾਂਗੇ। ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ‘ਦਿਆਲਗੀਆਂ ਦੇ ਪਿਤਾ’ ਯਹੋਵਾਹ ਦੀ ਮਹਿਮਾ ਕਰਦੇ ਹਾਂ।—2 ਕੁਰਿੰ. 1:3.