ਯਹੋਵਾਹ ਦੇ ਬੇਮਿਸਾਲ ਗੁਣਾਂ ਲਈ ਕਦਰ ਪੈਦਾ ਕਰੋ
1 ਅਸੀਂ ਲੋਕਾਂ ਨੂੰ ਬਾਈਬਲ ਦੀਆਂ ਸਿਰਫ਼ ਬੁਨਿਆਦੀ ਸੱਚਾਈਆਂ ਹੀ ਨਹੀਂ ਸਿਖਾਉਂਦੇ। ਅਸੀਂ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਜਾਣਨ ਅਤੇ ਉਸ ਦੇ ਬੇਮਿਸਾਲ ਗੁਣਾਂ ਲਈ ਕਦਰ ਪੈਦਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਜਦ ਨੇਕਦਿਲ ਲੋਕ ਪਰਮੇਸ਼ੁਰ ਬਾਰੇ ਸੱਚਾਈ ਸਿੱਖਦੇ ਹਨ, ਤਾਂ ਇਸ ਦਾ ਉਨ੍ਹਾਂ ਤੇ ਗਹਿਰਾ ਅਸਰ ਹੁੰਦਾ ਹੈ। ਉਹ ਆਪਣੀਆਂ ਜ਼ਿੰਦਗੀਆਂ ਨੂੰ ਸੁਧਾਰਦੇ ਹਨ, ‘ਤਾਂ ਜੋ ਉਹ ਅਜਿਹੀ ਜੋਗ ਚਾਲ ਚੱਲਣ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ।’—ਕੁਲੁ. 1:9, 10; 3:9, 10.
2 ਸਟੱਡੀਆਂ ਕਰਾਉਣ ਲਈ ਨਵੀਂ ਕਿਤਾਬ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਸ਼ੁਰੂ ਤੋਂ ਹੀ ਯਹੋਵਾਹ ਦੇ ਗੁਣਾਂ ਵੱਲ ਧਿਆਨ ਦਿਵਾਉਂਦੀ ਹੈ। ਪਹਿਲੇ ਅਧਿਆਇ ਵਿਚ ਹੀ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਦੇ ਹਨ: ਕੀ ਪਰਮੇਸ਼ੁਰ ਨੂੰ ਤੁਹਾਡੀ ਪਰਵਾਹ ਹੈ?, ਪਰਮੇਸ਼ੁਰ ਕਿਹੋ ਜਿਹਾ ਹੈ? ਅਸੀਂ ਉਸ ਦੇ ਨੇੜੇ ਕਿਵੇਂ ਜਾ ਸਕਦੇ ਹਾਂ? ਇਸ ਅਧਿਆਇ ਵਿਚ ਯਹੋਵਾਹ ਦੇ ਇਨ੍ਹਾਂ ਗੁਣਾਂ ਤੇ ਵੀ ਜ਼ੋਰ ਦਿੱਤਾ ਗਿਆ ਹੈ: ਪਵਿੱਤਰਤਾ (ਪੈਰਾ 10), ਨਿਆਂ ਅਤੇ ਹਮਦਰਦੀ (ਪੈਰਾ 11), ਪਿਆਰ (ਪੈਰਾ 13), ਤਾਕਤ (ਪੈਰਾ 16), ਦਇਆ, ਕਿਰਪਾਲਤਾ, ਮਾਫ਼ ਕਰਨ ਲਈ ਤਿਆਰ, ਧੀਰਜ ਤੇ ਵਫ਼ਾਦਾਰੀ (ਪੈਰਾ 19)। ਪੈਰਾ 20 ਵਿਚ ਲਿਖਿਆ ਹੈ: “ਅਸੀਂ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਉਸ ਨਾਲ ਸਾਡਾ ਰਿਸ਼ਤਾ ਉੱਨਾ ਹੀ ਜ਼ਿਆਦਾ ਗੂੜ੍ਹਾ ਹੁੰਦਾ ਜਾਵੇਗਾ।”
3 ਯਹੋਵਾਹ ਦੇ ਨੇੜੇ ਆਉਣ ਵਿਚ ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨ ਲਈ ਅਸੀਂ ਨਵੀਂ ਕਿਤਾਬ ਨੂੰ ਕਿਵੇਂ ਵਰਤ ਸਕਦੇ ਹਾਂ? ਕਿਸੇ ਪੈਰੇ ਵਿਚ ਪਰਮੇਸ਼ੁਰ ਦੇ ਗੁਣਾਂ ਬਾਰੇ ਚਰਚਾ ਕਰਨ ਤੋਂ ਬਾਅਦ ਅਸੀਂ ਆਪਣੇ ਵਿਦਿਆਰਥੀ ਤੋਂ ਪੁੱਛ ਸਕਦੇ ਹਾਂ, “ਇਸ ਤੋਂ ਤੁਹਾਨੂੰ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਕੀ ਪਤਾ ਲੱਗਦਾ ਹੈ?” ਜਾਂ “ਇਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਤੁਹਾਡੇ ਵਿਚ ਦਿਲਚਸਪੀ ਹੈ?” ਸਟੱਡੀ ਦੌਰਾਨ ਅਜਿਹੇ ਸਵਾਲ ਪੁੱਛ ਕੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿੱਖੀਆਂ ਗੱਲਾਂ ਉੱਤੇ ਮਨਨ ਕਰਨਾ ਸਿਖਾਉਂਦੇ ਹਾਂ ਅਤੇ ਯਹੋਵਾਹ ਦੇ ਬੇਮਿਸਾਲ ਗੁਣਾਂ ਲਈ ਕਦਰ ਪੈਦਾ ਕਰਨ ਵਿਚ ਮਦਦ ਕਰਦੇ ਹਾਂ।
4 ਪੁਨਰ-ਵਿਚਾਰ ਲਈ ਦਿੱਤੀ ਡੱਬੀ ਵਰਤੋ: ਪੂਰਾ ਅਧਿਆਇ ਪੜ੍ਹਨ ਤੋਂ ਬਾਅਦ ਵਿਦਿਆਰਥੀ ਨੂੰ ਡੱਬੀ “ਬਾਈਬਲ ਸਿਖਾਉਂਦੀ ਹੈ ਕਿ” ਵਿਚ ਦੱਸੇ ਹਰ ਨੁਕਤੇ ਉੱਤੇ ਆਪਣੇ ਸ਼ਬਦਾਂ ਵਿਚ ਟਿੱਪਣੀ ਦੇਣ ਲਈ ਕਹੋ। ਦਿੱਤੇ ਗਏ ਹਵਾਲਿਆਂ ਵੱਲ ਉਨ੍ਹਾਂ ਦਾ ਧਿਆਨ ਦਿਵਾਓ। ਉਨ੍ਹਾਂ ਦੇ ਦਿਲ ਦੀ ਗੱਲ ਜਾਣਨ ਲਈ ਤੁਸੀਂ ਪੁੱਛ ਸਕਦੇ ਹੋ, “ਬਾਈਬਲ ਇਸ ਨੁਕਤੇ ਬਾਰੇ ਜੋ ਸਿਖਾਉਂਦੀ ਹੈ, ਉਸ ਬਾਰੇ ਤੁਹਾਡਾ ਕੀ ਖ਼ਿਆਲ ਹੈ?” ਇਸ ਤਰ੍ਹਾਂ ਕਰ ਕੇ ਤੁਸੀਂ ਨਾ ਸਿਰਫ਼ ਅਧਿਆਇ ਦੇ ਮੁੱਖ ਨੁਕਤਿਆਂ ਉੱਤੇ ਜ਼ੋਰ ਦਿੰਦੇ ਹੋ, ਸਗੋਂ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਵਿਦਿਆਰਥੀ ਅਸਲ ਵਿਚ ਕੀ ਵਿਸ਼ਵਾਸ ਕਰਦਾ ਹੈ। ਪੁਨਰ-ਵਿਚਾਰ ਕਰਨ ਨਾਲ ਤੁਸੀਂ ਵਿਦਿਆਰਥੀ ਦੀ ਯਹੋਵਾਹ ਨਾਲ ਰਿਸ਼ਤਾ ਕਾਇਮ ਕਰਨ ਵਿਚ ਮਦਦ ਕਰ ਸਕੋਗੇ।