ਸਾਂਭ ਕੇ ਰੱਖੋ
ਮੈਂ ਇਲਾਜ ਵਿਚ ਲਹੂ ਦੇ ਅੰਸ਼ਾਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਨੂੰ ਕਿਵੇਂ ਵਿਚਾਰਦਾ ਹਾਂ?
ਬਾਈਬਲ ਮਸੀਹੀਆਂ ਨੂੰ “ਲਹੂ ਤੋਂ ਬਚੇ ਰਹਿਣ” ਦਾ ਹੁਕਮ ਦਿੰਦੀ ਹੈ। (ਰਸੂ. 15:20) ਸੋ ਯਹੋਵਾਹ ਦੇ ਗਵਾਹ ਖ਼ੂਨ ਲੈਣ ਜਾਂ ਲਹੂ ਦੇ ਚਾਰ ਮੁੱਖ ਤੱਤਾਂ ਤੋਂ ਬਣੀਆਂ ਦਵਾਈਆਂ ਲੈਣ ਤੋਂ ਸਾਫ਼ ਇਨਕਾਰ ਕਰਦੇ ਹਨ। ਲਹੂ ਦੇ ਮੁੱਖ ਤੱਤ ਹਨ ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਅਤੇ ਪਲਾਜ਼ਮਾ। ਗਵਾਹ ਨਾ ਤਾਂ ਦੂਸਰਿਆਂ ਨੂੰ ਖ਼ੂਨ ਦਿੰਦੇ ਹਨ ਤੇ ਨਾ ਹੀ ਆਪਣਾ ਖ਼ੂਨ ਕੱਢਵਾ ਕੇ ਸਟੋਰ ਕਰਦੇ ਹਨ ਤਾਂਕਿ ਬਾਅਦ ਵਿਚ ਲੋੜ ਪੈਣ ਤੇ ਇਸ ਨੂੰ ਆਪਣੇ ਇਲਾਜ ਵਿਚ ਵਰਤਿਆ ਜਾ ਸਕੇ।—ਲੇਵੀ. 17:13, 14; ਰਸੂ. 15:28, 29.
ਲਹੂ ਦੇ ਅੰਸ਼ ਕੀ ਹਨ? ਇਨ੍ਹਾਂ ਦੀ ਵਰਤੋਂ ਬਾਰੇ ਹਰ ਮਸੀਹੀ ਨੂੰ ਕਿਉਂ ਆਪ ਫ਼ੈਸਲਾ ਕਰਨਾ ਪਵੇਗਾ?
ਲਹੂ ਦੇ ਚਾਰ ਮੁੱਖ ਤੱਤਾਂ ਨੂੰ ਅੱਗੋਂ ਕਈ ਅੰਸ਼ਾਂ ਵਿਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੂੰ ਬਲੱਡ ਫਰੈਕਸ਼ਨ ਕਹਿੰਦੇ ਹਨ। ਮਿਸਾਲ ਲਈ, ਪਲਾਜ਼ਮਾ ਨੂੰ ਇਨ੍ਹਾਂ ਅੰਸ਼ਾਂ ਜਾਂ ਫਰੈਕਸ਼ਨਾਂ ਵਿਚ ਵੰਡਿਆ ਜਾ ਸਕਦਾ ਹੈ: ਪਾਣੀ ਲਗਭਗ 91 ਪ੍ਰਤਿਸ਼ਤ; ਪ੍ਰੋਟੀਨ (ਐਲਬਿਊਮਿਨ, ਗਲੋਬੂਲਿਨ ਅਤੇ ਫਾਇਬ੍ਰੀਨੋਜਨ ਆਦਿ) ਲਗਭਗ 7 ਪ੍ਰਤਿਸ਼ਤ; ਅਤੇ ਹੋਰ ਪਦਾਰਥ (ਪੌਸ਼ਟਿਕ ਤੱਤ, ਹਾਰਮੋਨ, ਗੈਸਾਂ, ਵਿਟਾਮਿਨ, ਗੰਦ-ਮੰਦ ਅਤੇ ਇਲੈਕਟ੍ਰੋਲਾਈਟ ਆਦਿ) ਲਗਭਗ 1.5 ਪ੍ਰਤਿਸ਼ਤ।
ਕੀ ਲਹੂ ਤੋਂ ਬਚੇ ਰਹਿਣ ਦੇ ਹੁਕਮ ਵਿਚ ਲਹੂ ਦੇ ਫਰੈਕਸ਼ਨਾਂ ਤੋਂ ਬਚਣਾ ਵੀ ਸ਼ਾਮਲ ਹੈ? ਇਸ ਬਾਰੇ ਅਸੀਂ ਪੱਕਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਬਾਈਬਲ ਲਹੂ ਦੇ ਫਰੈਕਸ਼ਨਾਂ ਬਾਰੇ ਕੁਝ ਨਹੀਂ ਕਹਿੰਦੀ। ਹਾਂ, ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕਈ ਫਰੈਕਸ਼ਨ ਉਸ ਖ਼ੂਨ ਵਿੱਚੋਂ ਲਏ ਜਾਂਦੇ ਹਨ ਜੋ ਲੋਕ ਦਾਨ ਕਰਦੇ ਹਨ। ਸੋ ਹਰ ਮਸੀਹੀ ਨੇ ਸੋਚ-ਸਮਝ ਕੇ ਆਪ ਫ਼ੈਸਲਾ ਕਰਨਾ ਹੈ ਕਿ ਉਹ ਲਹੂ ਦੇ ਫਰੈਕਸ਼ਨਾਂ ਤੋਂ ਬਣੀਆਂ ਦਵਾਈਆਂ ਵਰਤੇਗਾ ਜਾਂ ਨਹੀਂ।
ਇਸ ਸੰਬੰਧੀ ਫ਼ੈਸਲਾ ਕਰਦੇ ਸਮੇਂ ਇਨ੍ਹਾਂ ਸਵਾਲਾਂ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰੋ: ਕੀ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਰੇ ਫਰੈਕਸ਼ਨਾਂ ਤੋਂ ਇਨਕਾਰ ਕਰਨ ਦਾ ਮਤਲਬ ਹੋਵੇਗਾ ਕਿ ਮੈਂ ਇਨ੍ਹਾਂ ਤੋਂ ਬਣੀ ਕੋਈ ਵੀ ਦਵਾਈ ਨਹੀਂ ਲਵਾਂਗਾ? ਮਿਸਾਲ ਲਈ, ਵਾਇਰਲ ਇਨਫੈਕਸ਼ਨਾਂ ਅਤੇ ਬੀਮਾਰੀਆਂ ਨਾਲ ਲੜਨ ਜਾਂ ਜ਼ਖ਼ਮਾਂ ਵਿੱਚੋਂ ਲਹੂ ਨੂੰ ਵਗਣ ਤੋਂ ਰੋਕਣ ਵਾਲੀਆਂ ਕਈ ਦਵਾਈਆਂ ਬਲੱਡ ਫਰੈਕਸ਼ਨਾਂ ਤੋਂ ਬਣਾਈਆਂ ਜਾਂਦੀਆਂ ਹਨ। ਅਜਿਹੀਆਂ ਦਵਾਈਆਂ ਦੀ ਵਰਤੋਂ ਸੰਬੰਧੀ ਮੈਂ ਜੋ ਵੀ ਫ਼ੈਸਲਾ ਕਰਦਾ ਹਾਂ, ਕੀ ਮੈਂ ਇਸ ਬਾਰੇ ਡਾਕਟਰ ਨੂੰ ਸਾਫ਼-ਸਾਫ਼ ਸਮਝਾ ਸਕਾਂਗਾ?
ਇਲਾਜ ਦੌਰਾਨ ਆਪਣੇ ਲਹੂ ਦੀ ਵਰਤੋਂ ਬਾਰੇ ਮੈਨੂੰ ਕਿਉਂ ਆਪ ਫ਼ੈਸਲਾ ਕਰਨਾ ਪਵੇਗਾ?
ਇਹ ਗੱਲ ਸਾਫ਼ ਹੈ ਕਿ ਸੱਚੇ ਮਸੀਹੀ ਨਾ ਤਾਂ ਖ਼ੂਨ ਦਿੰਦੇ ਹਨ ਤੇ ਨਾ ਹੀ ਖ਼ੂਨ ਲੈਂਦੇ ਹਨ। ਪਰ ਲਹੂ ਸੰਬੰਧੀ ਕੁਝ ਇਲਾਜਾਂ ਜਾਂ ਟੈੱਸਟਾਂ ਬਾਰੇ ਸਪੱਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਬਾਈਬਲ ਦੇ ਸਿਧਾਂਤਾਂ ਦੀ ਉਲੰਘਣਾ ਕਰਦੇ ਹਨ। ਇਸ ਲਈ ਹਰ ਵਿਅਕਤੀ ਨੂੰ ਸੋਚ-ਸਮਝ ਕੇ ਆਪ ਫ਼ੈਸਲਾ ਕਰਨਾ ਪਵੇਗਾ ਕਿ ਉਹ ਕਿਸ ਤਰ੍ਹਾਂ ਦੇ ਇਲਾਜ ਨੂੰ ਸਵੀਕਾਰ ਕਰੇਗਾ ਅਤੇ ਕਿਸ ਨੂੰ ਨਹੀਂ।
ਡਾਕਟਰੀ ਇਲਾਜ ਬਾਰੇ ਫ਼ੈਸਲਾ ਕਰਦੇ ਸਮੇਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਜੇ ਮੇਰਾ ਥੋੜ੍ਹਾ-ਬਹੁਤ ਲਹੂ ਸਰੀਰ ਤੋਂ ਬਾਹਰ ਮਸ਼ੀਨ ਵਿਚ ਦੀ ਲੰਘਾਇਆ ਜਾਂਦਾ ਹੈ ਅਤੇ ਕੁਝ ਸਮੇਂ ਲਈ ਬਾਹਰ ਹੀ ਰਹਿੰਦਾ ਹੈ, ਤਾਂ ਕੀ ਮੈਂ ਇਸ ਨੂੰ ਆਪਣੇ ਸਰੀਰ ਦਾ ਹੀ ਹਿੱਸਾ ਸਮਝਾਂਗਾ ਜਿਸ ਕਰਕੇ ਬਾਈਬਲ ਦੇ ਹੁਕਮ ਮੁਤਾਬਕ ਇਸ ਨੂੰ ‘ਧਰਤੀ ਉੱਤੇ ਡੋਹਲਣ’ ਦੀ ਲੋੜ ਨਹੀਂ? (ਬਿਵ. 12:23, 24) ਕੀ ਮੇਰੀ ਜ਼ਮੀਰ ਮੈਨੂੰ ਤੰਗ ਕਰੇਗੀ ਜੇ ਇਲਾਜ ਦੌਰਾਨ ਮੇਰਾ ਹੀ ਲਹੂ ਕੱਢ ਕੇ ਤੇ ਸਾਫ਼ ਕਰ ਕੇ ਜਾਂ ਉਸ ਵਿਚ ਦਵਾਈ ਮਿਲਾ ਕੇ ਮੁੜ ਮੇਰੇ ਸਰੀਰ ਵਿਚ ਪਾਇਆ ਜਾਵੇ? ਜੇ ਮੈਂ ਆਪਣੇ ਲਹੂ ਨਾਲ ਜੁੜੇ ਹਰ ਇਲਾਜ ਨੂੰ ਠੁਕਰਾਵਾਂਗਾ, ਤਾਂ ਕੀ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਡਾਇਆਲਿਸਸ ਜਾਂ ਦਿਲ/ਫੇਫੜਾ ਮਸ਼ੀਨ ਦੀ ਵਰਤੋਂ ਕਰਨ ਤੋਂ ਵੀ ਇਨਕਾਰ ਕਰ ਰਿਹਾ ਹੋਵਾਂਗਾ? ਅਜਿਹੇ ਅਹਿਮ ਫ਼ੈਸਲੇ ਕਰਨ ਤੋਂ ਪਹਿਲਾਂ, ਕੀ ਮੈਂ ਬੁੱਧੀ ਤੇ ਸਮਝ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਹੈ?
ਮੇਰਾ ਫ਼ੈਸਲਾ
ਅਗਲੇ ਸਫ਼ਿਆਂ ਤੇ ਦਿੱਤੀਆਂ ਦੋ ਵਰਕ-ਸ਼ੀਟਾਂ ਦੇਖੋ। ਵਰਕ-ਸ਼ੀਟ 1 ਵਿਚ ਲਹੂ ਵਿੱਚੋਂ ਕੱਢੇ ਗਏ ਕੁਝ ਫਰੈਕਸ਼ਨਾਂ ਬਾਰੇ ਦੱਸਿਆ ਹੈ ਕਿ ਉਹ ਆਮ ਤੌਰ ਤੇ ਕਿਹੜੇ ਇਲਾਜ ਲਈ ਵਰਤੇ ਜਾਂਦੇ ਹਨ। ਆਪਣਾ ਫ਼ੈਸਲਾ ਲਿਖੋ ਕਿ ਤੁਸੀਂ ਹਰ ਇਕ ਫਰੈਕਸ਼ਨ ਨੂੰ ਸਵੀਕਾਰ ਕਰੋਗੇ ਜਾਂ ਨਹੀਂ। ਵਰਕ-ਸ਼ੀਟ 2 ਵਿਚ ਦੱਸਿਆ ਹੈ ਕਿ ਕਿਹੜੇ ਕੁਝ ਡਾਕਟਰੀ ਇਲਾਜਾਂ ਵਿਚ ਤੁਹਾਡਾ ਆਪਣਾ ਲਹੂ ਵਰਤਿਆ ਜਾਂਦਾ ਹੈ। ਆਪਣਾ ਫ਼ੈਸਲਾ ਲਿਖੋ ਕਿ ਤੁਸੀਂ ਇਲਾਜ ਕਰਾਉਣ ਦਾ ਕਿਹੜਾ ਤਰੀਕਾ ਅਪਣਾਓਗੇ ਤੇ ਕਿਹੜਾ ਨਹੀਂ। ਇਹ ਵਰਕ-ਸ਼ੀਟਾਂ ਕਾਨੂੰਨੀ ਦਸਤਾਵੇਜ਼ ਨਹੀਂ ਹਨ, ਸਗੋਂ ਡੀ. ਪੀ. ਏ. (ਡਿਉਰਬਲ ਪਾਵਰ ਆਫ਼ ਅਟਾਰਨੀ) ਕਾਰਡ ਭਰਨ ਵਿਚ ਤੁਹਾਡੀ ਮਦਦ ਕਰਨ ਲਈ ਦਿੱਤੀਆਂ ਗਈਆਂ ਹਨ।
ਹਰੇਕ ਨੂੰ ਆਪਣੀ ਜ਼ਮੀਰ ਮੁਤਾਬਕ ਫ਼ੈਸਲੇ ਕਰਨੇ ਚਾਹੀਦੇ ਹਨ, ਨਾ ਕਿ ਦੂਸਰਿਆਂ ਦੀ ਸੋਚ ਮੁਤਾਬਕ। ਕਿਸੇ ਨੂੰ ਵੀ ਦੂਸਰੇ ਦੇ ਫ਼ੈਸਲਿਆਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਇਲਾਜ ਵਿਚ ਲਹੂ ਦੀ ਵਰਤੋਂ ਦੇ ਮਾਮਲੇ ਵਿਚ “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।”—ਗਲਾ. 6:4, 5.
[ਫੁਟਨੋਟ]