ਲੋਕਾਂ ਨੂੰ ਯਹੋਵਾਹ ਨੂੰ ਪਿਆਰ ਕਰਨਾ ਸਿਖਾਓ
1. ਕੁਝ ਲੋਕ ਯਹੋਵਾਹ ਵੱਲ ਕਿਉਂ ਖਿੱਚੇ ਗਏ ਹਨ?
1 ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦੋਂ ਤੁਸੀਂ ਯਹੋਵਾਹ ਬਾਰੇ ਪਹਿਲੀ ਵਾਰ ਸੁਣਿਆ ਸੀ? ਤੁਸੀਂ ਕਿਹੜੀ ਗੱਲ ਕਰਕੇ ਯਹੋਵਾਹ ਵੱਲ ਖਿੱਚੇ ਗਏ ਸੀ? ਨੇਕਦਿਲ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਸ੍ਰਿਸ਼ਟੀਕਰਤਾ ਦੇ ਬੇਮਿਸਾਲ ਗੁਣਾਂ, ਖ਼ਾਸ ਕਰਕੇ ਉਸ ਦੀ ਦਇਆ ਤੇ ਪਿਆਰ ਬਾਰੇ ਸਿੱਖ ਕੇ ਉਸ ਨਾਲ ਗੂੜ੍ਹਾ ਰਿਸ਼ਤਾ ਜੋੜਿਆ।—1 ਯੂਹੰ. 4:8.
2, 3. ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਵਿਦਿਆਰਥੀਆਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਯਹੋਵਾਹ ਨਾਲ ਗੂੜ੍ਹਾ ਪਿਆਰ ਕਰਨ?
2 “ਏਹ ਸਾਡਾ ਪਰਮੇਸ਼ੁਰ ਹੈ”: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਯਹੋਵਾਹ ਦੇ ਪਿਆਰ ਉੱਤੇ ਜ਼ੋਰ ਦਿੰਦੀ ਹੈ। ਉਹ ਸਿਖਾਉਂਦੀ ਹੈ ਕਿ ਉਸ ਨਾਲ ਨਿੱਜੀ ਰਿਸ਼ਤਾ ਜੋੜਨਾ ਬਹੁਤ ਜ਼ਰੂਰੀ ਹੈ। ਅਸੀਂ ਇਹ ਕਿਤਾਬ ਵਰਤ ਕੇ ਲੋਕਾਂ ਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਕਿੱਦਾਂ ਸਿਖਾ ਸਕਦੇ ਹਾਂ? ਕੋਈ ਨਵੀਂ ਗੱਲ ਸਿਖਾਉਂਦਿਆਂ, ਅਸੀਂ ਉਨ੍ਹਾਂ ਨੂੰ ਅਜਿਹੇ ਸਵਾਲ ਪੁੱਛ ਸਕਦੇ ਹਾਂ ਜਿਵੇਂ ਕਿ “ਸਾਨੂੰ ਇਸ ਗੱਲ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?” ਜਾਂ “ਇਸ ਗੱਲ ਤੋਂ ਸਾਨੂੰ ਕੀ ਸਬੂਤ ਮਿਲਦਾ ਹੈ ਕਿ ਯਹੋਵਾਹ ਤੋਂ ਸਿਵਾਇ ਹੋਰ ਕੋਈ ਬਿਹਤਰ ਪਿਤਾ ਹੋ ਹੀ ਨਹੀਂ ਸਕਦਾ?” ਇਸ ਤਰ੍ਹਾਂ ਸਿਖਾਉਣ ਨਾਲ ਅਸੀਂ ਵਿਦਿਆਰਥੀ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਯਹੋਵਾਹ ਨਾਲ ਅਟੁੱਟ ਰਿਸ਼ਤਾ ਜੋੜ ਸਕੇ।
3 ਜਦੋਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਹ ਅਹਿਸਾਸ ਦਿਲਾਉਣ ਵਿਚ ਮਦਦ ਕਰਦੇ ਹਾਂ ਕਿ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਗਿਆਨ ਲੈਣਾ ਕਿੰਨੀ ਮਾਣ ਦੀ ਗੱਲ ਹੈ, ਤਾਂ ਉਹ ਵੀ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਕਬੂਲ ਕਰਨਗੇ ਕਿ “ਏਹ ਸਾਡਾ ਪਰਮੇਸ਼ੁਰ ਹੈ।” (ਯਸਾ. 25:9) ਪਰਮੇਸ਼ੁਰ ਦਾ ਬਚਨ ਸਮਝਾਉਂਦਿਆਂ ਸਾਨੂੰ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਮਸੀਹ ਦੀ ਸ਼ਾਹੀ ਸਰਕਾਰ ਅਧੀਨ ਯਹੋਵਾਹ ਦੇ ਮਕਸਦ ਪੂਰੇ ਹੋਣ ਨਾਲ ਮਨੁੱਖਜਾਤੀ ਨੂੰ ਬਰਕਤਾਂ ਮਿਲਣਗੀਆਂ।—ਯਸਾ. 9:6, 7.
4, 5. ਯਹੋਵਾਹ ਨੂੰ ਪਿਆਰ ਕਰਨ ਵਿਚ ਕੀ ਕੁਝ ਸ਼ਾਮਲ ਹੈ?
4 ਯਹੋਵਾਹ ਲਈ ਪਿਆਰ ਦਾ ਸਬੂਤ: ਅਸੀਂ ਜਾਣਦੇ ਹਾਂ ਕਿ ਸਾਡੇ ਲਈ ਯਹੋਵਾਹ ਨੂੰ ਆਪਣੇ ਸਾਰੇ ਦਿਲ, ਸਾਰੀ ਜਾਨ ਅਤੇ ਸਾਰੀ ਬੁੱਧ ਨਾਲ ਪਿਆਰ ਕਰਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਉਸ ਦੀ ਸੋਚਣੀ ਅਨੁਸਾਰ ਚੱਲਣ ਦੀ ਵੀ ਲੋੜ ਹੈ। (ਜ਼ਬੂ. 97:10) ਅਜਮਾਇਸ਼ਾਂ ਜਾਂ ਵਿਰੋਧਤਾ ਦੇ ਬਾਵਜੂਦ ਅਸੀਂ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰ ਕੇ ਅਤੇ “ਪਵਿੱਤਰ ਚਲਣ ਅਤੇ ਭਗਤੀ” ਵਿਚ ਰੁੱਝੇ ਰਹਿ ਕੇ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ।—2 ਪਤ. 3:11; 2 ਯੂਹੰ. 6.
5 ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਜਿਸ ਕਰਕੇ ਉਸ ਦੀ ਇੱਛਾ ਪੂਰੀ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। (ਜ਼ਬੂ. 40:8) ਜਿਨ੍ਹਾਂ ਦੇ ਨਾਲ ਅਸੀਂ ਸਟੱਡੀ ਕਰਦੇ ਹਾਂ, ਉਨ੍ਹਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪਰਮੇਸ਼ੁਰ ਦੇ ਸਾਰੇ ਹੁਕਮ ਸਾਡੀ ਭਲਾਈ ਲਈ ਹਨ। (ਬਿਵ. 10:12, 13) ਅਸੀਂ ਯਹੋਵਾਹ ਦੀ ਅਗਵਾਈ ਦੇ ਮੁਤਾਬਕ ਚੱਲ ਕੇ ਉਸ ਦੇ ਸਾਰੇ ਕੰਮਾਂ ਲਈ ਗਹਿਰੀ ਕਦਰ ਦਿਖਾਉਂਦੇ ਹਾਂ। ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਦੇ ਧਰਮੀ ਮਾਰਗਾਂ ਤੇ ਚੱਲ ਕੇ ਉਹ ਬਹੁਤ ਸਾਰੀਆਂ ਮੁਸੀਬਤਾਂ ਤੋਂ ਬਚ ਸਕਦਾ ਹੈ।
6. ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
6 ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਨੂੰ ਬਰਕਤਾਂ ਮਿਲਦੀਆਂ ਹਨ: ਯਹੋਵਾਹ ਨਿਮਰ ਲੋਕਾਂ ਦੀ ਬਹੁਤ ਕਦਰ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਉਹ ਉਨ੍ਹਾਂ ਨੂੰ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਦਾ ਗਿਆਨ ਦਿੰਦਾ ਹੈ। (1 ਕੁਰਿੰ. 2:9, 10) ਯਹੋਵਾਹ ਦੇ ਮਕਸਦਾਂ ਬਾਰੇ ਜਾਣ ਕੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਭਵਿੱਖ ਕਿਹੋ ਜਿਹਾ ਹੋਵੇਗਾ ਜਿਸ ਕਾਰਨ ਉਨ੍ਹਾਂ ਨੂੰ ਪੱਕੀ ਆਸ ਮਿਲਦੀ ਹੈ। (ਯਿਰ. 29:11) ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕ ਉਸ ਦੀ ਦਇਆ ਪਾਉਂਦੇ ਹਨ। (ਕੂਚ 20:6) ਉਹ ਦਿਲੋਂ ਸ਼ੁਕਰਗੁਜ਼ਾਰ ਹਨ ਕਿ ਪਰਮੇਸ਼ੁਰ ਨੇ ਆਪਣੇ ਪਿਆਰ ਦੀ ਖ਼ਾਤਰ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਦੀ ਉਮੀਦ ਦਿੱਤੀ ਹੈ।—ਯੂਹੰ. 3:16.
7. ਤੁਸੀਂ ਲੋਕਾਂ ਨੂੰ ਯਹੋਵਾਹ ਨੂੰ ਪਿਆਰ ਕਰਨ ਦੀ ਸਿੱਖਿਆ ਦੇਣ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
7 ਅਸੀਂ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਸਿੱਖਦੇ ਹਾਂ, ਉਨ੍ਹਾਂ ਜ਼ਿਆਦਾ ਅਸੀਂ ਦੂਸਰਿਆਂ ਨੂੰ ਦੱਸਣਾ ਚਾਹਾਂਗੇ। (ਮੱਤੀ 13:52) ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਦੂਸਰਿਆਂ ਨੂੰ ਯਹੋਵਾਹ ਬਾਰੇ ਸਿਖਾ ਸਕਦੇ ਹਾਂ, ਖ਼ਾਸ ਕਰ ਕੇ ਆਪਣੇ ਬੱਚਿਆਂ ਨੂੰ! (ਬਿਵ. 6:5-7) ਆਓ ਆਪਾਂ ਆਪਣੇ ਵਿਦਿਆਰਥੀਆਂ ਨਾਲ ਮਿਲ ਕੇ ਯਹੋਵਾਹ ਦੀ “ਬਹੁਤੀ ਭਲਿਆਈ” ਕਰਕੇ ਉਸ ਦੀ ਮਹਿਮਾ ਕਰੀਏ!—ਜ਼ਬੂ. 145:7.